ਚੋਬਰ ਨੇ ਵੀ ਰੱਸਾ ਦੂਹਰਾ ਕਰਕੇ ਜ਼ੋਰ ਨਾਲ ਸਿਰ ਉੱਤੋਂ ਦੀ ਘੁੰਮਾ ਕੇ ਬਲਦ ਦੇ ਪੁੜਿਆਂ ਤੇ ਵਰ੍ਹਾ ਦਿੱਤਾ। ਤੇ ਉਹਨੂੰ ਅੱਗੇ ਲੰਘਣ ਲਈ ਟਾਲ ਵੀ ਨਾ ਦਿੱਤੀ।
ਦੋਵਾਂ ਧਿਰਾਂ ਵਿੱਚ ਦੌੜ ਲੱਗ ਗਈ।
ਦੌੜ ਜ਼ਿਦ ਬਣ ਗਈ..!
ਦੀਸਾਂ ਨੇ ਆਸੇ-ਪਾਸੇ ਵੇਖ ਕੇ ਵਹਿੜਕੇ ਦੇ ਚੱਡਿਆਂ ਵਿੱਚ ਹੱਥ ਪਾ ਕੇ ਨੜਾਂ ਨੂੰ ਦਬਾ ਦਿੱਤਾ ਤਾਂ ਵਹਿੜਕਾ ਛਾਲਾਂ ਮਾਰਦਾ ਹੋਇਆਂ ਛੂਟਾਂ ਵੱਟ ਗਿਆ। ਅਕਾਸ਼ ਨੂੰ ਏਨੀ ਧੂੜ ਉੱਡੀ ਕਿ ਰੱਬ ਦਾ ਸਾਹ ਵੀ ਜਿਵੇਂ ਘੁੱਟਿਆ ਗਿਆ।
ਅੱਧੇ ਕਿੱਲੇ ਦੀ ਲਾਮ ਤੱਕ ਦੋਵੇਂ ਬਰੋਬਰ ਭੱਜੀ ਗਏ, ਪੱਕੀ ਸੜਕ ਤੇ ਚੜਣ ਤੋਂ ਪਹਿਲਾਂ ਹੀ ਚੋਬਰ ਦੀ ਗੱਡੀ ਪਿੱਛੇ ਰਹਿ ਗਈ। ਉਹਦਾ ਬਲਦ ਘਰਕ ਗਿਆ ਸੀ। ਦੀਸਾਂ ਨੇ ਜਿੱਤ ਦੇ ਐਲਾਨ ਵਿੱਚ ਲੱਕ ਨਾਲ ਬੰਨੀ ਚੁੰਨੀ ਖੋਲ੍ਹ ਕੇ ਸਿਰ ਉੱਤੋਂ ਦੀ ਬਾਂਹ ਖੜੀ ਕਰਕੇ ਲਹਿਰਾ ਦਿੱਤੀ। ਅੰਗੂਠਾ ਵਿਖਾ ਕੇ ਬੋਲੀ, 'ਹੈ ਨਈਂ ਵੇ ਕਾਸੇ ਜੋਗਾ।'
ਚੋਬਰ ਨੇ ਰੱਸਾ ਖਿੱਚ ਕੇ 'ਮੂੰਅ' ਦੀ ਬੁਸਕਰ ਮਾਰ ਕੇ ਬਲਦ ਨੂੰ ਰੋਕ ਲਿਆ। ਤੇ ਫੇਰ ਹੇਠਾਂ ਉੱਤਰ, ਸੋਟੀ ਨਾਲ ਉਹ ਦੀਆਂ ਨਾਸਾਂ ਕੁੱਟ-ਕੁੱਟ ਕੇ ਲਹੂ ਕੱਢ ਦਿੱਤਾ।
*** *** ***