ਹਜਾਰਾਂ ਤੁਰਕ ਸਾਨ ਖਿੰਡੇ ਪਏ।
ਪਏ ਸਿੱਖ ਨਜ਼ਰੇ ਕਿਤੇ ਕਿਤੇ।
ਗੁਰੂ ਪਿਆਰ ਕਰ ਸਿੱਖ ਲੱਭਣ ਲੱਗੇ।
ਮਿਲੇ ਜਦ ਕੋਈ ਪਾਸ ਬਹਿ ਜਾਂਵਦੇ।
ਬੜਾ ਪਯਾਰ ਕਰ ਕਰਨ ਸਿਧਾ ਜਰਾ।
ਤੇ ਫੜ ਚਾਦਰਾ ਮੁਖ ਪੂੰਝਣ ਉਹਦਾ।
ਏਹ ਮੇਰਾ ਹਜ਼ਾਰੀ ਸੀ ਦੂਲਾ ਦਲੇਰ।
ਏ ਸੀ ਮੇਰਾ ਦੋ ਦੋ ਹਜ਼ਾਰਾਂ ਦਾ ਸ਼ੇਰ।
ਇਸੇ ਤੌਰ ਜਿਸ ਜਿਸ ਜਗ੍ਹਾ ਸਿੱਖ ਮਿਲੇ।
ਵਰਾਂ ਨਾਲ ਭਰਪੂਰ ਕਰਦੇ ਗਏ।
ਏ ਪੰਜ ਦਸ ਵੀਹ ਤੀਹ ਚਾਲੀ ਪੰਜਾਹ।
ਹਜ਼ਾਰਾਂ ਤੋਂ ਲੱਖਾਂ ਤੇ ਦਿੱਤੇ ਪੁਚਾ।
ਕਰਨ ਪਿਆਰ ਪਿਉ ਵਾਂਗ ਹੀ ਬੈਠ ਕੇ।
ਹੇ ਪੁਤ੍ਰ ! ਤੁਸੀਂ ਮੇਰੇ ਹਿਤ ਲੜ ਮਰੇ।
ਤੁਸਾਂ ਪੰਥ ਦਾ ਪਿਆਰ ਹੈ ਪਾਲਿਆ।
ਤੁਸਾਂ ਘਾਲ ਸੱਚੀ ਨੂੰ ਹੈ ਘਾਲਿਆ।
ਤੁਸਾਂ ਸਤਿਗੁਰੂ ਨੂੰ ਹੈ ਸਤਕਾਰਿਆ।
ਤੁਸਾਂ ਧਰਮ ਪਰ ਜਾਨ ਨੂੰ ਵਾਰਿਆ।
ਤੁਸਾਂ ਪੈਜ ਰੱਖੀ ਹੈ ਇਸ ਦੇਸ਼ ਦੀ।
ਤੁਸਾਂ ਬਾਂਹ ਬਧੀ ਹੈ ਦਸਮੇਸ਼ ਦੀ।
ਇਸੇ ਤੌਰ ਕਰੁਣਾ ਭਰੇ ਪਿਆਰ ਨਾਲ।
ਗੁਰੂ ਕਰ ਰਹੇ ਹੈਨ ਸਿੱਖਾਂ ਦੀ ਭਾਲ।
ਭਾਈ ਮਹਾਂ ਸਿੰਘ ਜੀ ਦੀ ਕੁਰਬਾਨੀ ਤੇ ਬੇਨਤੀ ਨੇ ਸ੍ਰੀ ਗੁਰੂ ਜੀ ਤੋਂ ਸਿੱਖਾਂ ਦਾ ਬੇਦਾਵਾ-ਪਤ੍ਰ ਪੜਵਾ ਦਿੱਤਾ
ਇਸੇ ਢੇਰ ਲੋਥਾਂ ਦੇ ਵਿਚ ਪਿਆਰਿਓ।
ਜਰਾ ਆ ਕੇ ਐਧਰ ਨਜ਼ਰ ਮਾਰਿਓ।
ਹੈ ਇਕ ਜਿੰਦ ਘਾਇਲ ਤੜਫਦੀ ਪਈ।
ਹੈ ਤਯਾਰੇ ਦੇ ਵਿਚ ਦੇਹ ਤਯਾਗਨ ਲਈ।
ਹੈ ਸੋਚਾਂ ਦੇ ਵਿਚ ਸੁਰਤ ਹੋਈ ਮਗਨ।
ਹੈ ਦਿਲ ਵਿਚ ਕੋਈ ਪਰੇਮ ਵਾਲੀ ਲਗਨ।