ਸੰਗਰੂਰ 'ਚ ਸ਼੍ਰੀ ਦੀਨਾ ਨਾਥ ਉੱਪਲ ਜੀ ਦੇ ਘਰ ਮਾਤਾ ਸ਼੍ਰੀਮਤੀ ਦਯਾਵੰਤੀ ਜੀ ਦੀ ਕੁੱਖੋਂ 15 ਅਗਸਤ 1948 ਨੂੰ ਪੈਦਾ ਹੋਏ ਡਾ. ਸ਼ਸ਼ੀਕਾਂਤ ਉੱਪਲ ਨੂੰ ਪੰਜਾਬੀ ਤੇ ਹਿੰਦੀ ਕਵਿਤਾ ਵਿੱਚ ਇੱਕੋ ਜਿਹਾ ਸਨਮਾਨ ਹਾਸਲ ਹੈ। ਆਪਣੇ ਵੱਡੇ ਵੀਰ ਤੇ ਸਮਰੱਥ ਵਿਦਵਾਨ ਤੇ ਗ਼ਜ਼ਲਗੋ ਡਾ: ਨਰੇਸ਼ ਤੋਂ ਪ੍ਰੇਰਨਾ ਹਾਸਲ ਕਰਕੇ ਸ਼ਾਇਰੀ ਵੱਲ ਕਦਮ ਪੁੱਟੇ। ਗੌਰਮਿੰਟ ਕਾਲਿਜ ਮਲੇਰਕੋਟਲਾ ਤੋਂ ਗਰੈਜੂ ਏਸ਼ਨ ਕਰਕੇ ਆਪ ਐੱਮ ਏ ਲਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚ ਪੜ੍ਹਨ ਚਲੇ ਗਏ। ਇਸੇ ਯੂਨੀਵਰਸਿਟੀ ਤੋਂ 1970 ਚ ਐੱਮ ਏ ਅੰਗਰੇਜ਼ੀ ਕਰਕੇ ਗੌਰਮਿੰਟ ਕਾਲਿਜ ਮਲੇਰਕੋਟਲਾ, ਗੌਰਮਿੰਟ ਕਾਲਿਜ ਗੁਰਦਾਸਪੁਰ ਤੇ ਗੌਰਮਿੰਟ ਰਣਬੀਰ ਕਾਲਿਜ ਸੰਗਰੂਰ ਚ ਪੜ੍ਹਾਉਂਦੇ ਰਹੇ। ਆਪ ਜੀ ਜੀ ਜੀਵਨ ਸਾਥਣ ਮਨਜੀਤ ਉੱਪਲ ਤੇ ਦੋ ਬੇਟੀਆਂ ਆਧਾਰਿਤ ਪਰਿਵਾਰ ਦੇ ਸੰਗ ਸਾਥ ਉਹ ਸੰਤੁਲਿਤ ਜੀਵਨ ਮਾਰਗ ਤੇ ਤੁਰਦਿਆਂ ਨਿਰੰਤਰ ਸਾਹਿੱਤ ਸਿਰਜਣਾ ਕਰ ਰਹੇ ਹਨ। ਡਾ:ਸ਼ਸ਼ੀਕਾਂਤ ਉੱਪਲ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਹੀ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ। ਸਾਲ 2000 ਵਿੱਚ ਉਹ ਡੀ ਐੱਮ ਕਾਲਿਜ ਮੋਗਾ ਦੇ ਪ੍ਰਿੰਸੀਪਲ ਨਿਯੁਕਤ ਹੋ ਗਏ ਤੇ ਏਥੋਂ ਹੀ ਆਪ 2008 ਚ ਸੇਵਾ ਮੁਕਤ ਹੋਏ। ਸੇਵਾ ਮੁਕਤੀ ਉਪਰੰਤ ਆਪ ਨੂੰ ਸ਼ਾਂਤੀ ਤਾਰਾ ਕਾਲਿਜ ਅਹਿਮਦਗੜ੍ਹ ਮੰਡੀ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ। ਉਪਰੰਤ ਆਪ ਆਪਣੇ ਪਰਿਵਾਰ ਕੋਲ ਨਿਊਯਾਰਕ ਆ ਗਏ।...