ਪ੍ਰਿਥਮ ਭਗੌਤੀ ਸਿਮਰਿ ਕੈ ਗੁਰ ਨਾਨਕ ਲਈ ਧਿਆਇ ॥
ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ॥
ਅਰਜਨ ਹਰਿਗੋਬਿੰਦ ਨੇ ਸਿਮਰੈ ਸ੍ਰੀ ਹਰਿ ਰਾਇ ॥
ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭਿ ਦੁਖਿ ਜਾਇ ॥
ਤੇਗ਼ ਬਹਾਦਰ ਸਿਮਰਿਐ ਘਰ ਨਉਨਿਧਿ ਆਵੈ ਧਾਇ ॥
ਸਭ ਥਾਈਂ ਹੋਇ ਸਹਾਇ.............. --ਗੁਰੂ ਗੋਬਿੰਦ ਸਿੰਘ
ਅੱਧੀ ਘੜੀ
ਗੁਰੂ ਹਰਿ ਕ੍ਰਿਸ਼ਨ ਜੀ ਦੇ ਜੀਵਨ ਤੇ ਆਧਾਰਤ ਨਾਵਲ
......ਮੈਂ ਇਕੱਲਾ ਆਇਆ ਇਕੱਲਾ ਹੀ ਜਾ ਰਿਹਾ ਹਾਂ । ਮੈਨੂੰ ਇਤਨਾ ਵੀ ਗਿਆਨ ਨਹੀਂ ਕਿ ਮੈਂ ਕੌਣ ਹਾਂ—ਕੀ ਕਰਦਾ ਰਿਹਾ ਹਾਂ ਤੇ ਕਿਥੇ ਜਾਣਾ ਹੈ। ਜੋ ਸਮਾਂ ਬੰਦਗੀ ਤੋਂ ਬਿਨਾਂ ਗੁਜ਼ਾਰਿਆ ਉਸ ਦਾ ਮੈਨੂੰ ਪਛਤਾਵਾ ਹੋ ਰਿਹਾ ਹੈ। ਚੰਗੀ ਹਕੂਮਤ ਕਰ ਨਹੀਂ ਸਕਿਆ, ਲੋਕਾਂ ਦਾ ਪਿਆਰ ਜਿੱਤ ਨਹੀਂ ਸਕਿਆ। ਦੁਨੀਆਂ ਵਿਚ ਆਇਆ ਖਾਲੀ ਹੱਥ ਸਾਂ ਪਰ ਜਾ ਰਿਹਾ ਹਾਂ ਪਾਪਾਂ ਦੀ ਪੰਡ ਚੁੱਕ ਕੇ, ਪਤਾ ਨਹੀਂ ਕਿ ਕੀਤੇ ਗੁਨਾਹਾਂ ਦੀ ਸਜ਼ਾ ਮੈਨੂੰ ਕੀ ਮਿਲੇਗੀ । ਰਹਿਮ ਕਰੋ ਅੱਲਾਹ.... ਰਹਿਮ..............
-ਔਰੰਗਜ਼ੇਬ ਦੇ ਮਰਨ-ਸੇਜ਼ਾ ਦੇ ਆਖ਼ਰੀ ਸ਼ਬਦ
੧.
ਪਾਲਕੀ
ਇਕ ਪਾਲਕੀ ਰੁਕੀ, ਕੌਣ ਜਾਣੇ ਕਿ ਇਹ ਪਾਲਕੀ ਕਿਸ ਮਹਾਂਪੁਰਖ ਦੀ ਏ ? ਕੌਣ ਏ ਭਾਗਵਾਨ ਜਿਹੜਾ ਪਾਲਕੀ ਵਿਚ ਬੈਠਾ ਹੋਇਆ ਏ? ਇਹ ਪਾਲਕੀ ਕਿਸੇ ਮਾਮੂਲੀ ਆਦਮੀ ਦੀ ਨਹੀਂ ਹੋ ਸਕਦੀ । ਖੂਬਸੂਰਤ ਪਾਲਕੀ ਆਪਣੀ ਕਿਸਮ ਦੀ ਇਕੋ । ਇਹੋ ਜਿਹੀ ਪਾਲਕੀ ਦਿੱਲੀ ਦੇ ਬਾਜ਼ਾਰ ਵਿਚ ਕੋਈ ਅਚੰਭਾ ਨਹੀਂ ਤਾਂ ਹੋਰ ਕੀ ਏ ?
—ਕਿਸੇ ਨਵਾਬ ਦੀ ਤਾਂ ਨਹੀਂ? ਨਵਾਂ ਆਇਆ ਹੋਣੈ ਨਵਾਬ ਦਿੱਲੀ ਵਿਚ ! ਪਰ ਨਵਾਬ ਦਾ ਇੱਥੇ ਕੀ ਕੰਮ ? ਫਿਰ ਕਿਸੇ ਸੂਬੇਦਾਰ ਦੀ ਹੋਣੀ ਏ । ਸੂਬੇਦਾਰ ਦਾ ਬਾਜ਼ਾਰ ਨਾਲ ਕੀ ਵਾਸਤਾ ? ਕਿਸੇ ਰਾਜਪੂਤ ਰਾਜੇ ਦੀ ਤੇ ਨਹੀਂ? ਇਹ ਪਾਲਕੀ ਕਿਸੇ ਰਾਜਪੂਤ ਦੀ ਵੀ ਨਹੀਂ ਹੋ ਸਕਦੀ । ਫਿਰ ਕੌਣ ਏ ਪਾਲਕੀ ਵਾਲਾ ? ਉੱਪਰ ਵਾਲਾ ਈ `ਜਾਣੇ । ਪਾਲਕੀ ਝਾਲਰਾਂ ਵਾਲੀ, ਮੋਤੀਆਂ ਜੜੀ, ਫੁੰਮਣਾਂ ਵਾਲੀ । ਪਾਲਕੀ ਦਾ ਰੰਗ ਰੂਪ ਆਮ ਪਾਲਕੀ ਨਾਲੋਂ ਵੱਖਰਾ ਸੀ । ਪਾਲਕੀ ਵੇਖਣ ਵਾਲੀ ਸੀ, ਮਨ ਭਰ ਜਾਂਦਾ ਪਾਲਕੀ ਵੇਖਿਆ। ਦਿੱਲੀ 'ਚ ਕੋਈ ਨਵਾਂ ਰਾਜਾ ਤਾਂ ਨਹੀਂ ਆਇਆ ਇਨ੍ਹੀਂ ਦਿਨੀਂ ? ਕਿਤੇ ਭੁਲੇਖੇ ਵਿਚ ਤੇ ਨਹੀਂ ਮਾਰਿਆ ਜਾ ਰਿਹਾ। ਮੁਗ਼ਲ ਹਕੂਮਤ 'ਚ ਕਿਸੇ ਰਾਜੇ ਦੀ ਐਨੀ ਵੱਡੀ ਜੁੱਰਅਤ ਤੌਬਾ ! ਤੌਬਾ!!
ਪਾਲਕੀ ਇਕ ਸਵਾਲ ਬਣ ਗਈ। ਪਾਲਕੀ, ਅਨੋਖੀ ਪਾਲਕੀ !! ਨਾ ਕਿਸੇ ਕਦੇ ਵੇਖੀ, ਤੇ ਨਾ ਕਿਸੇ ਸੁਣੀ। ਫਿਰ ਪਾਲਕੀ ਦਾ ਮਾਲਕ ਕੌਣ ਹੋ ਸਕਦੈ ? ਪਾਲਕੀ ਦਾ ਰੰਗ, ਪਾਲਕੀ ਦੀ ਸ਼ਕਲ ਸੂਰਤ, ਪਾਲਕੀ ਦੀ ਡੀਲ ਡੋਲ, ਪਾਲਕੀ ਦਾ ਸੁਹੱਪਣ: ਪਾਲਕੀ ਦਾ ਮੂੰਹ ਮੱਥਾ, ਪਾਲਕੀ ਦਾ ਸ਼ਿੰਗਾਰ, ਖ਼ਾਹ ਮਖ਼ਾਹ ਭੁਲੇਖੇ 'ਚ ਪਾਉਣ ਵਾਲਾ ਸੀ । ਪਾਲਕੀ ਵੇਖਣ ਵਾਲੇ ਹੈਰਾਨ ਸਨ। ਪਾਲਕੀ 'ਚ ਬੈਠਾ ਬੰਦਾ ਚੁੱਪ ਚਾਪ ਸੀ । ਚਹੁੰ ਕੁਹਾਰਾਂ ਨੇ ਪਾਲਕੀ ਆਪਣੇ ਠੁੰਮਣਿਆਂ ਤੇ ਖੜੀ ਕਰ ਦਿੱਤੀ । ਠੁਮ੍ਹਣੇ ਬਾਂਸ ਦੇ ਸਨ, ਸੁਨਹਿਰੀ ਸੋਨੇ ਨਾਲ ਗਲੇਫੇ ਹੋਏ ਮੋਤੀਆਂ ਨਾਲ ਜੜੇ । ਹੀਰਿਆਂ ਦੀ ਤਸਬੀ ਉਸ ਬੰਦੇ ਦੇ ਹੱਥ ਵਿਚ ਸੀ ਜਿਹੜਾ ਪਾਲਕੀ ਵਿਚ ਬੈਠਾ ਹੋਇਆ ਸੀ । ਸਿਰ ਤੇ ਤਾਜ ਤੇ ਉੱਤੇ ਕਲਗੀ । ਦੋ ਅੰਗ ਰੱਖਿਅਕ ਅੱਗੇ ਸਨ ਤੇ ਦੋ ਪਿੱਛੇ । ਪਾਲਕੀ ਕੀ ਰੁਕੀ, ਝੱਟ ਈ ਉਹਦੇ ਆਲੇ ਦੁਆਲੇ ਘੇਰਾ ਜਿਹਾ ਘੱਤ ਲਿਆ ਕੁੱਝ ਬੰਦਿਆਂ ਨੇ । ਉਨ੍ਹਾਂ ਦੀ ਤਾਦਾਦ ੮ ਦੇ ਕਰੀਬ ਸੀ ਤੇ ਸਾਰੇ ਦੇ ਸਾਰੇ ਸ਼ਸਤਰਧਾਰੀ ਸਨ। ਵੇਖਣ ਨੂੰ ਬਾਂਕੇ, ਅਣਖੀਲੇ ਰਾਜਪੂਤ ਜਾਪਦੇ ਸਨ।
—ਕੋਈ ਹਿੰਦੂ ਰਾਜਪੂਤ ਰਾਜਾ ਮਥਰਾ ਨੂੰ ਤੇ ਨਹੀਂ ਜਾ ਰਿਹਾ । ਪਰ ਉਹ ਤੇ ਪਾਲਕੀ ਇਕੋ ਸੀ ਕੋਈ ਰਾਣੀ ਨਹੀਂ ਸੀ, ਕੋਈ ਗੋਲੀ ਨਹੀਂ ਸੀ ਨਾ ਬਾਂਦੀ ਸੀ ਸੰਗ । ਫਿਰ ਛੜ-ਮਛੜੀ ਪਾਲਕੀ