ਪ੍ਰਿਥਮ ਭਗੌਤੀ ਸਿਮਰਿ ਕੈ ਗੁਰ ਨਾਨਕ ਲਈ ਧਿਆਇ ॥
ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ॥
ਅਰਜਨ ਹਰਿਗੋਬਿੰਦ ਨੇ ਸਿਮਰੈ ਸ੍ਰੀ ਹਰਿ ਰਾਇ ॥
ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭਿ ਦੁਖਿ ਜਾਇ ॥
ਤੇਗ਼ ਬਹਾਦਰ ਸਿਮਰਿਐ ਘਰ ਨਉਨਿਧਿ ਆਵੈ ਧਾਇ ॥
ਸਭ ਥਾਈਂ ਹੋਇ ਸਹਾਇ.............. --ਗੁਰੂ ਗੋਬਿੰਦ ਸਿੰਘ
ਅੱਧੀ ਘੜੀ
ਗੁਰੂ ਹਰਿ ਕ੍ਰਿਸ਼ਨ ਜੀ ਦੇ ਜੀਵਨ ਤੇ ਆਧਾਰਤ ਨਾਵਲ
......ਮੈਂ ਇਕੱਲਾ ਆਇਆ ਇਕੱਲਾ ਹੀ ਜਾ ਰਿਹਾ ਹਾਂ । ਮੈਨੂੰ ਇਤਨਾ ਵੀ ਗਿਆਨ ਨਹੀਂ ਕਿ ਮੈਂ ਕੌਣ ਹਾਂ—ਕੀ ਕਰਦਾ ਰਿਹਾ ਹਾਂ ਤੇ ਕਿਥੇ ਜਾਣਾ ਹੈ। ਜੋ ਸਮਾਂ ਬੰਦਗੀ ਤੋਂ ਬਿਨਾਂ ਗੁਜ਼ਾਰਿਆ ਉਸ ਦਾ ਮੈਨੂੰ ਪਛਤਾਵਾ ਹੋ ਰਿਹਾ ਹੈ। ਚੰਗੀ ਹਕੂਮਤ ਕਰ ਨਹੀਂ ਸਕਿਆ, ਲੋਕਾਂ ਦਾ ਪਿਆਰ ਜਿੱਤ ਨਹੀਂ ਸਕਿਆ। ਦੁਨੀਆਂ ਵਿਚ ਆਇਆ ਖਾਲੀ ਹੱਥ ਸਾਂ ਪਰ ਜਾ ਰਿਹਾ ਹਾਂ ਪਾਪਾਂ ਦੀ ਪੰਡ ਚੁੱਕ ਕੇ, ਪਤਾ ਨਹੀਂ ਕਿ ਕੀਤੇ ਗੁਨਾਹਾਂ ਦੀ ਸਜ਼ਾ ਮੈਨੂੰ ਕੀ ਮਿਲੇਗੀ । ਰਹਿਮ ਕਰੋ ਅੱਲਾਹ.... ਰਹਿਮ..............
-ਔਰੰਗਜ਼ੇਬ ਦੇ ਮਰਨ-ਸੇਜ਼ਾ ਦੇ ਆਖ਼ਰੀ ਸ਼ਬਦ
੧.
ਪਾਲਕੀ
ਇਕ ਪਾਲਕੀ ਰੁਕੀ, ਕੌਣ ਜਾਣੇ ਕਿ ਇਹ ਪਾਲਕੀ ਕਿਸ ਮਹਾਂਪੁਰਖ ਦੀ ਏ ? ਕੌਣ ਏ ਭਾਗਵਾਨ ਜਿਹੜਾ ਪਾਲਕੀ ਵਿਚ ਬੈਠਾ ਹੋਇਆ ਏ? ਇਹ ਪਾਲਕੀ ਕਿਸੇ ਮਾਮੂਲੀ ਆਦਮੀ ਦੀ ਨਹੀਂ ਹੋ ਸਕਦੀ । ਖੂਬਸੂਰਤ ਪਾਲਕੀ ਆਪਣੀ ਕਿਸਮ ਦੀ ਇਕੋ । ਇਹੋ ਜਿਹੀ ਪਾਲਕੀ ਦਿੱਲੀ ਦੇ ਬਾਜ਼ਾਰ ਵਿਚ ਕੋਈ ਅਚੰਭਾ ਨਹੀਂ ਤਾਂ ਹੋਰ ਕੀ ਏ ?
—ਕਿਸੇ ਨਵਾਬ ਦੀ ਤਾਂ ਨਹੀਂ? ਨਵਾਂ ਆਇਆ ਹੋਣੈ ਨਵਾਬ ਦਿੱਲੀ ਵਿਚ ! ਪਰ ਨਵਾਬ ਦਾ ਇੱਥੇ ਕੀ ਕੰਮ ? ਫਿਰ ਕਿਸੇ ਸੂਬੇਦਾਰ ਦੀ ਹੋਣੀ ਏ । ਸੂਬੇਦਾਰ ਦਾ ਬਾਜ਼ਾਰ ਨਾਲ ਕੀ ਵਾਸਤਾ ? ਕਿਸੇ ਰਾਜਪੂਤ ਰਾਜੇ ਦੀ ਤੇ ਨਹੀਂ? ਇਹ ਪਾਲਕੀ ਕਿਸੇ ਰਾਜਪੂਤ ਦੀ ਵੀ ਨਹੀਂ ਹੋ ਸਕਦੀ । ਫਿਰ ਕੌਣ ਏ ਪਾਲਕੀ ਵਾਲਾ ? ਉੱਪਰ ਵਾਲਾ ਈ `ਜਾਣੇ । ਪਾਲਕੀ ਝਾਲਰਾਂ ਵਾਲੀ, ਮੋਤੀਆਂ ਜੜੀ, ਫੁੰਮਣਾਂ ਵਾਲੀ । ਪਾਲਕੀ ਦਾ ਰੰਗ ਰੂਪ ਆਮ ਪਾਲਕੀ ਨਾਲੋਂ ਵੱਖਰਾ ਸੀ । ਪਾਲਕੀ ਵੇਖਣ ਵਾਲੀ ਸੀ, ਮਨ ਭਰ ਜਾਂਦਾ ਪਾਲਕੀ ਵੇਖਿਆ। ਦਿੱਲੀ 'ਚ ਕੋਈ ਨਵਾਂ ਰਾਜਾ ਤਾਂ ਨਹੀਂ ਆਇਆ ਇਨ੍ਹੀਂ ਦਿਨੀਂ ? ਕਿਤੇ ਭੁਲੇਖੇ ਵਿਚ ਤੇ ਨਹੀਂ ਮਾਰਿਆ ਜਾ ਰਿਹਾ। ਮੁਗ਼ਲ ਹਕੂਮਤ 'ਚ ਕਿਸੇ ਰਾਜੇ ਦੀ ਐਨੀ ਵੱਡੀ ਜੁੱਰਅਤ ਤੌਬਾ ! ਤੌਬਾ!!
ਪਾਲਕੀ ਇਕ ਸਵਾਲ ਬਣ ਗਈ। ਪਾਲਕੀ, ਅਨੋਖੀ ਪਾਲਕੀ !! ਨਾ ਕਿਸੇ ਕਦੇ ਵੇਖੀ, ਤੇ ਨਾ ਕਿਸੇ ਸੁਣੀ। ਫਿਰ ਪਾਲਕੀ ਦਾ ਮਾਲਕ ਕੌਣ ਹੋ ਸਕਦੈ ? ਪਾਲਕੀ ਦਾ ਰੰਗ, ਪਾਲਕੀ ਦੀ ਸ਼ਕਲ ਸੂਰਤ, ਪਾਲਕੀ ਦੀ ਡੀਲ ਡੋਲ, ਪਾਲਕੀ ਦਾ ਸੁਹੱਪਣ: ਪਾਲਕੀ ਦਾ ਮੂੰਹ ਮੱਥਾ, ਪਾਲਕੀ ਦਾ ਸ਼ਿੰਗਾਰ, ਖ਼ਾਹ ਮਖ਼ਾਹ ਭੁਲੇਖੇ 'ਚ ਪਾਉਣ ਵਾਲਾ ਸੀ । ਪਾਲਕੀ ਵੇਖਣ ਵਾਲੇ ਹੈਰਾਨ ਸਨ। ਪਾਲਕੀ 'ਚ ਬੈਠਾ ਬੰਦਾ ਚੁੱਪ ਚਾਪ ਸੀ । ਚਹੁੰ ਕੁਹਾਰਾਂ ਨੇ ਪਾਲਕੀ ਆਪਣੇ ਠੁੰਮਣਿਆਂ ਤੇ ਖੜੀ ਕਰ ਦਿੱਤੀ । ਠੁਮ੍ਹਣੇ ਬਾਂਸ ਦੇ ਸਨ, ਸੁਨਹਿਰੀ ਸੋਨੇ ਨਾਲ ਗਲੇਫੇ ਹੋਏ ਮੋਤੀਆਂ ਨਾਲ ਜੜੇ । ਹੀਰਿਆਂ ਦੀ ਤਸਬੀ ਉਸ ਬੰਦੇ ਦੇ ਹੱਥ ਵਿਚ ਸੀ ਜਿਹੜਾ ਪਾਲਕੀ ਵਿਚ ਬੈਠਾ ਹੋਇਆ ਸੀ । ਸਿਰ ਤੇ ਤਾਜ ਤੇ ਉੱਤੇ ਕਲਗੀ । ਦੋ ਅੰਗ ਰੱਖਿਅਕ ਅੱਗੇ ਸਨ ਤੇ ਦੋ ਪਿੱਛੇ । ਪਾਲਕੀ ਕੀ ਰੁਕੀ, ਝੱਟ ਈ ਉਹਦੇ ਆਲੇ ਦੁਆਲੇ ਘੇਰਾ ਜਿਹਾ ਘੱਤ ਲਿਆ ਕੁੱਝ ਬੰਦਿਆਂ ਨੇ । ਉਨ੍ਹਾਂ ਦੀ ਤਾਦਾਦ ੮ ਦੇ ਕਰੀਬ ਸੀ ਤੇ ਸਾਰੇ ਦੇ ਸਾਰੇ ਸ਼ਸਤਰਧਾਰੀ ਸਨ। ਵੇਖਣ ਨੂੰ ਬਾਂਕੇ, ਅਣਖੀਲੇ ਰਾਜਪੂਤ ਜਾਪਦੇ ਸਨ।
—ਕੋਈ ਹਿੰਦੂ ਰਾਜਪੂਤ ਰਾਜਾ ਮਥਰਾ ਨੂੰ ਤੇ ਨਹੀਂ ਜਾ ਰਿਹਾ । ਪਰ ਉਹ ਤੇ ਪਾਲਕੀ ਇਕੋ ਸੀ ਕੋਈ ਰਾਣੀ ਨਹੀਂ ਸੀ, ਕੋਈ ਗੋਲੀ ਨਹੀਂ ਸੀ ਨਾ ਬਾਂਦੀ ਸੀ ਸੰਗ । ਫਿਰ ਛੜ-ਮਛੜੀ ਪਾਲਕੀ
ਨਾ ਗੜ੍ਹ ਮੁਕਤੇਸ਼ਵਰ ਜਾਣ ਵਾਲੀ ਜਾਪਦੀ ਸੀ ਤੇ ਨਾ ਮਥਰਾ । ਗੋਕਲ ਜਾਣ ਵਾਲੇ ਇਸ ਤਰ੍ਹਾਂ ਨਹੀਂ ਜਾਂਦੇ ।
ਜਿੱਦਾਂ ਚੰਨ ਦੇ ਦੁਆਲੇ ਆਕਾਰ ਘੇਰਾ ਪਾ ਲੈਂਦੇ ਹਨ ਇਸੇ ਤਰ੍ਹਾਂ ਇਸ ਪਾਲਕੀ ਦੇ ਦੁਆਲੇ ਇਕ ਹੋਰ ਘੇਰਾ ਘੱਤਿਆ ਗਿਆ । ਉਹ ਘੇਰੇ ਵਾਲੇ ਕੌਣ ਸਨ ? ਵੇਖਣ ਨੂੰ ਅੱਧ ਕੱਚੇ ਫੌਜੀ ਸਨ। ਕਿਸੇ ਬਾਗ਼ੀ ਨੂੰ ਕਾਬੂ ਤੇ ਨਹੀਂ ਸੀ ਕਰ ਰਹੀ ਫੌਜ ? ਕੋਈ ਆਕੀ ਘੇਰੇ ਵਿਚ ਤੇ ਨਹੀਂ ਸੀ ਫਸ ਗਿਆ । ਪਾਲਕੀ ਵਾਲਾ ਕੁੱਝ ਨਹੀਂ ਸੀ ਜਾਣਦਾ । ਉਹ ਤੇ ਘਰੋਂ ਕਿਸੇ ਨੂੰ ਦੱਸੇ ਬਿਨਾਂ ਹੀ ਆਇਆ ਸੀ । ਘਰੋਂ ਚੋਰੀ ਚੁੱਪ ਚੁਪੀਤਾ ਦੱਬੇ-ਦੱਬੇ ਪੈਰ । ਪਰ ਮਾਲਕ ਦੀ ਰਾਖੀ ਦੀ ਜ਼ਿੰਮੇਵਾਰੀ ਉਹਦੇ ਅੰਗ-ਰੱਖਿਅਕ ਹੀ ਕਰਦੇ ਆਏ। ਉਹ ਆਪਣੀ ਡਿਊਟੀ ਤੇ ਹਾਜ਼ਰ ਸਨ। ਕਿਤੇ ਕੋਈ ਚਿੜੀ ਪਰ ਨਹੀਂ ਸੀ ਮਾਰ ਸਕਦੀ । ਮਾਮਲਾ ਗੰਭੀਰ ਹੁੰਦਾ ਜਾ ਰਿਹਾ ਸੀ ।
ਅੱਜ ਦਾ ਬੰਗਲਾ ਸਾਹਿਬ ਤੇ ਕਲ੍ਹ ਦਾ ਮਿਰਜ਼ਾ ਰਾਜਾ ਜੈ ਸਿੰਘ ਵਾਲੀਏ ਜੈਪੁਰ ਦਾ ਮਹਿਲ । ਇਹਦੇ ਵਰਗਾ ਮਹਿਲ, ਇਹੋ ਜਿਹਾ ਮਹਿਲ ਸਾਰੀ ਦਿੱਲੀ ਵਿਚ ਕੋਈ ਨਹੀਂ ਸੀ । ਬੜਾ ਵੱਡਾ ਫਾਟਕ ਜਿਵੇਂ ਕਿਸੇ ਮਜ਼ਬੂਤ ਕਿਲ੍ਹੇ ਦਾ ਮੁੱਖ ਦੁਆਰ ਹੋਵੇ ।
ਪਾਲਕੀ ਵਾਲੇ ਨੇ ਇਸ਼ਾਰਾ ਕੀਤਾ ਇਕ ਖ਼ਿਦਮਤਗਾਰ ਨੂੰ ।
-ਅੰਨਦਾਤਾ ਹੁਕਮ?
—ਇਸ ਮਹਿਲ ਦੇ ਅੰਦਰ ਜਾਓ ਤੇ ਜਾ ਕੇ ਆਖੋ ਬਾਹਰ ਕੋਈ ਮਿਲਣ ਵਾਲਾ ਆਇਆ ਏ, ਜੇ ਕੋਈ ਕੁੱਝ ਹੋਰ ਪੁੱਛੇ ਤਾਂ ਦੱਸਣ ਦੀ ਲੋੜ ਨਹੀਂ ।
ਖ਼ਿਦਮਤਗਾਰ ਦੀ ਕੀ ਮਜਾਲ ਸੀ ਅੱਗੋਂ ਜ਼ਬਾਨ ਹਿਲਾ ਕੇ ਈ ਵੇਖਦਾ। ਸਲਾਮਾਂ ਕਰਦਾ ਪੁੱਠੀ ਪੈਰੀਂ ਪਿੱਛੇ ਹਟ ਗਿਆ । ਮਹਿਲ ਦੇ ਦਰਵਾਜੇ ਤੇ ਰੁਕਿਆ ਪਹਿਲਾਂ ਝੁਕ ਕੇ ਸਲਾਮ ਗੁਜ਼ਾਰੀ ।
—ਬਾਹਰ ਪਾਲਕੀ ਖੜੀ ਏ ਕੋਈ ਮਿਲਣ ਵਾਲਾ ਆਇਆ ਏ ।
—ਇਹ ਤੇ ਮੈਂ ਵੀ ਵੇਖ ਰਿਹਾਂ—ਮਿਲਣ ਵਾਲਾ ਕੌਣ ਏ ? ਮੈਂ ਅੰਦਰ ਜਾ ਕੇ ਕੀ ਆਖਾਂ ? ਸੇਵਾਦਾਰ ਬੋਲਿਆ ।
--ਮੈਨੂੰ ਜਿੰਨਾ ਹੁਕਮ ਸੀ ਮੈਂ ਅਰਜ਼ ਕਰ ਦਿੱਤੀ ਏ ।
--ਪਰ ਮੈਂ ਅੰਦਰ ਜਾ ਕੇ ਆਖਾਂ ਕੀ ? ਆਪਣਾ ਸਿਰ ।
-ਬੱਸ ਸਿਰਫ ਐਨੀ ਗੱਲ, ਬਾਹਰ ਇਕ ਪਾਲਕੀ ਖੜੀ ਏ, ਕੋਈ ਮਿਲਣ ਵਾਲਾ ਆਇਆ ਏ, ਤੂੰ ਸਿਰਫ ਐਨਾ ਈ ਆਖਣਾ ਏ ਇਸ ਤੋਂ ਅੱਗੇ ਕੁੱਝ ਨਹੀਂ। ਬੋਲ ਖ਼ਿਦਮਤਗਾਰ ਦੇ ਸਨ ।
-ਅਜੀਬ ਗੱਲ ਏ ! ਮਿਲਣ ਆਉਣਾ ਤੇ ਨਾਂ ਈ ਨਾ ਦੱਸਣਾ ! ਨਾਂ ਦੱਸਣ ਵਿਚ ਕਾਹਦੀ ਸ਼ਰਮ ਏ । ਭਲਾ ਕੋਈ ਕੀ ਜਾ ਕੇ ਦੱਸੇ ?
—ਮੈਨੂੰ ਜਿੰਨਾ ਹੁਕਮ ਏ ਓਨਾਂ ਦੱਸ ਦਿੱਤਾ ਏ, ਬਹਿਸ ਕਰਨ ਦੀ ਲੋੜ ਨਹੀਂ । ਤੁਸੀਂ ਵੀ ਉਸੇ ਤਰ੍ਹਾਂ ਕਰੋ ਜਿਵੇਂ ਮੈਂ ਕਰ ਰਿਹਾਂ । ਮੇਰੇ ਖ਼ਿਆਲ ਮੁਤਾਬਕ ਮਿਲਣ ਵਾਲਾ ਮਿਲਣ ਵਾਲੇ ਨੂੰ ਜਾਣਦਾ ਈ ਹੋਣੇ । ਆਖਣ ਲੱਗਾ ਖ਼ਿਦਮਤਗਾਰ ।
-ਸੱਤ ਬਚਨ, ਤੇਰੀ ਗੱਲ ਠੀਕ ਈ ਹੋ ਸਕਦੀ ਏ। ਅੱਛਾ ਤੁਸੀਂ ਬੈਠੇ ਤੇ ਮੈਂ ਹੁਣੇ ਅੰਦਰੋਂ
ਹੋ ਕੇ ਆਇਆ । ਮਹਾਰਾਜ ਦਾ ਕੀ ਹੁਕਮ ਏ, ਆਣ ਕੇ ਦੱਸਦਾਂ। ਆਵਾਜ਼ ਉਭਰੀ ਸੇਵਾਦਾਰ ਦੀ ਤੇ ਉਹ ਅੰਦਰ ਚਲਾ ਗਿਆ ।
—ਮੈਂ ਖੜਾ ਹਾਂ, ਵੇਖੀ ਸੱਜਣਾਂ ! ਮੈਂ ਜਵਾਬ ਲੈ ਕੇ ਵਾਪਿਸ ਜਾਣਾ ਹੈ, ਛੇਤੀ ਆਈਂ । ਸੇਵਾਦਾਰ ਫਾਟਕ ਲੰਘ ਗਿਆ । ਜਾ ਅਰਜ਼ ਕੀਤੀ ਸ੍ਰੀ ਗੁਰੂ ਹਰਿਕ੍ਰਿਸ਼ਨ ਦੇ ਹਜ਼ੂਰ ।
ਮਹਾਰਾਜ ਨੇ ਫੁਰਮਾਇਆ-ਅਸੀਂ ਜਾਣਦੇ ਹਾਂ ਕਿ ਮਿਲਣ ਵਾਲਾ ਕੌਣ ਹੈ, ਪਰ ਸਾਡਾ ਮਿਲਣ ਦਾ ਵਿਚਾਰ ਨਹੀਂ । ਸ਼ਹਿਨਸ਼ਾਹ ਹਿੰਦੁਸਤਾਨ ਔਰੰਗਜ਼ੇਬ ਖੜ੍ਹਾ ਏ ਬਾਹਰ, ਇਹ ਸੋਨੇ ਰੰਗੀ ਅਨੋਖੀ ਪਾਲਕੀ ਉਸੇ ਦੀ ਹੋ ਸਕਦੀ ਏ । ਆਮ ਲੋਕਾਂ ਇਹ ਪਾਲਕੀ ਨਹੀਂ ਵੇਖੀ । ਇਸ ਪਾਲਕੀ ਵਿਚ ਬਾਦਸ਼ਾਹ ਬੈਠਕੇ ਸਿਰਫ ਕਿਸੇ ਦੂਸਰੇ ਬਾਦਸ਼ਾਹ ਨੂੰ ਮਿਲਣ ਜਾਇਆ ਕਰਦਾ ਹੈ। ਇਹ ਪਾਲਕੀ ਆਮ ਵਰਤੋਂ ਦੀ ਨਹੀਂ ।
ਸੇਵਾਦਾਰ ਮਿੱਟੀ ਦੀ ਬਾਜ਼ੀ ਵਾਂਗ ਚੁੱਪ ਖੜ੍ਹਾ ਸੀ ।
ਇਕ ਦਮ ਮਹਿਲ ਦੇ ਫਾਟਕ ਇਕ ਦੂਜੇ ਨਾਲ ਆਣ ਭਿੜੇ, ਖੜਾਕ ਹੋਇਆ ਠਾਹ ! ਦਰਵਾਜ਼ਾ ਬੰਦ ਹੋ ਗਿਆ।
ਖ਼ਿਦਮਤਗਾਰ ਜਵਾਬ ਦੀ ਇੰਤਜ਼ਾਰ ਵਿਚ ਸੀ । ਜਵਾਬ ਤਾਂ ਮਿਲ ਗਿਆ ਸੀ ਭਲਾ ਫਿਰ ਕਿਉਂ ਖੜ੍ਹਾ ਸੀ ? ਤ੍ਰਬਕ ਪਿਆ । ਪਾਲਕੀ ਵਾਲੇ ਕਹਾਰ ਕੰਬ ਗਏ । ਪਾਲਕੀ ਇਕ ਵਾਰ ਡੋਲੀ, ਧਰਤੀ ਨੂੰ ਕਾਂਬਾ ਛਿੜਿਆ । ਕੰਬੀ ਜ਼ਮੀਨ ਦਿੱਲੀ ਦੀ । ਧਰਤੀ ਦਾ ਭਾਰ ਜਿੱਦਾਂ ਬਲਦ ਨੇ ਦੂਜੇ ਸਿੰਙ ਤੇ ਰੱਖਿਆ ਹੋਵੇ । ਭੂਚਾਲ ਜਿਹਾ ਆ ਗਿਆ ।
ਬਿਨਾਂ ਕੁਝ ਬੋਲਿਆਂ ਬਿਨਾਂ ਜਵਾਬ ਲਿਆ ਮੁੜਿਆ ਖ਼ਿਦਤਮਤਗਾਰ। ਫਰਸ਼ੀ ਸੱਤ ਸਲਾਮਾਂ ਕੀਤੀਆਂ । ਖ਼ਿਦਮਤਗਾਰ ਖਾਮੋਸ਼ ਸੀ, ਦੰਦਣ ਪਈ ਹੋਈ ਸੀ, ਮੂੰਹ ਵਿਚ ਜ਼ਬਾਨ ਬੱਤੀਆਂ ਦੰਦਾਂ ਵਿਚ ਡੱਕੀ ਹੋਈ ਸੀ । ਡਰ ਨਾਲ ਨਾ ਮੂੰਹ ਖੁੱਲ੍ਹੇ ਤੇ ਨਾ ਜ਼ਬਾਨ ਈ ਬੋਲੇ ।
-ਮੈਂ ਸਮਝ ਗਿਆ। ਆਵਾਜ਼ ਪਾਲਕੀ ਵਿਚ ਗੂੰਜੀ ਸ਼ਹਿਨਸ਼ਾਹ ਦੀ । ਪਾਲਕੀ ਅਜੇ ਵੀ ਖੜ੍ਹੀ ਸੀ।
—ਹੱਤਕ, ਬੇ-ਇੱਜ਼ਤੀ, ਅਪਮਾਨ, ਨਿਰਾਦਰ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਦਾ। ਖਿਦਮਤਗਾਰ ਸੋਚ ਰਹੇ ਸੀ ।
-ਐਨੀ ਜੁਰਅਤ! ਸ਼ਹਿਨਸ਼ਾਹ ਦੀ ਹੀਰਿਆਂ ਵਾਲੀ ਤਸਬੀ ਇਕ ਵਾਰ ਹੱਥਾਂ ਵਿਚ ਡੋਲੀ, ਤਸਬੀ ਨੂੰ ਕਾਂਬਾ ਛਿੜਿਆ । ਤਸਬੀ ਪੋਟਿਆਂ ਵਿਚੋਂ ਨਿਕਲ ਜਾਣਾ ਚਾਹੁੰਦੀ ਸੀ । ਫਾਟਕ ਬੰਦ ਸੀ ਮੋਟਿਆਂ ਮੋਟਿਆਂ ਕਿੱਲਾਂ ਵਾਲਾ । ਪਾਲਕੀ ਖੜ੍ਹੀ ਸੀ, ਕੁਦਰਤ ਰੰਗ ਪਲਟ ਰਹੀ ਸੀ । ਸੁਹਾਣੇ ਮੌਸਮ ਵਿਚ ਬਦਬੂ ਫੈਲ ਗਈ । ਸੁਗੰਧੀਆਂ ਵੰਡਦੀ ਪੌਣ ਵਿਚ ਗੰਦ ਦੀ ਅਲਾਇਸ਼ ਆ ਗਈ ।
२.
ਔਰੰਗਜ਼ੇਬ ਬੋਲਿਆ
ਰੋਹ ਭਰੀਆਂ ਅੱਖੀਆਂ ਸ਼ਹਿਨਸ਼ਾਹ ਦੀਆਂ, ਪਾਲਕੀ ਰੁਕੀ ਹੋਈ ਸੀ । ਅੱਖਾਂ ਲਾਲ ਸੂਹੀਆਂ