ਹੋ ਕੇ ਆਇਆ । ਮਹਾਰਾਜ ਦਾ ਕੀ ਹੁਕਮ ਏ, ਆਣ ਕੇ ਦੱਸਦਾਂ। ਆਵਾਜ਼ ਉਭਰੀ ਸੇਵਾਦਾਰ ਦੀ ਤੇ ਉਹ ਅੰਦਰ ਚਲਾ ਗਿਆ ।
—ਮੈਂ ਖੜਾ ਹਾਂ, ਵੇਖੀ ਸੱਜਣਾਂ ! ਮੈਂ ਜਵਾਬ ਲੈ ਕੇ ਵਾਪਿਸ ਜਾਣਾ ਹੈ, ਛੇਤੀ ਆਈਂ । ਸੇਵਾਦਾਰ ਫਾਟਕ ਲੰਘ ਗਿਆ । ਜਾ ਅਰਜ਼ ਕੀਤੀ ਸ੍ਰੀ ਗੁਰੂ ਹਰਿਕ੍ਰਿਸ਼ਨ ਦੇ ਹਜ਼ੂਰ ।
ਮਹਾਰਾਜ ਨੇ ਫੁਰਮਾਇਆ-ਅਸੀਂ ਜਾਣਦੇ ਹਾਂ ਕਿ ਮਿਲਣ ਵਾਲਾ ਕੌਣ ਹੈ, ਪਰ ਸਾਡਾ ਮਿਲਣ ਦਾ ਵਿਚਾਰ ਨਹੀਂ । ਸ਼ਹਿਨਸ਼ਾਹ ਹਿੰਦੁਸਤਾਨ ਔਰੰਗਜ਼ੇਬ ਖੜ੍ਹਾ ਏ ਬਾਹਰ, ਇਹ ਸੋਨੇ ਰੰਗੀ ਅਨੋਖੀ ਪਾਲਕੀ ਉਸੇ ਦੀ ਹੋ ਸਕਦੀ ਏ । ਆਮ ਲੋਕਾਂ ਇਹ ਪਾਲਕੀ ਨਹੀਂ ਵੇਖੀ । ਇਸ ਪਾਲਕੀ ਵਿਚ ਬਾਦਸ਼ਾਹ ਬੈਠਕੇ ਸਿਰਫ ਕਿਸੇ ਦੂਸਰੇ ਬਾਦਸ਼ਾਹ ਨੂੰ ਮਿਲਣ ਜਾਇਆ ਕਰਦਾ ਹੈ। ਇਹ ਪਾਲਕੀ ਆਮ ਵਰਤੋਂ ਦੀ ਨਹੀਂ ।
ਸੇਵਾਦਾਰ ਮਿੱਟੀ ਦੀ ਬਾਜ਼ੀ ਵਾਂਗ ਚੁੱਪ ਖੜ੍ਹਾ ਸੀ ।
ਇਕ ਦਮ ਮਹਿਲ ਦੇ ਫਾਟਕ ਇਕ ਦੂਜੇ ਨਾਲ ਆਣ ਭਿੜੇ, ਖੜਾਕ ਹੋਇਆ ਠਾਹ ! ਦਰਵਾਜ਼ਾ ਬੰਦ ਹੋ ਗਿਆ।
ਖ਼ਿਦਮਤਗਾਰ ਜਵਾਬ ਦੀ ਇੰਤਜ਼ਾਰ ਵਿਚ ਸੀ । ਜਵਾਬ ਤਾਂ ਮਿਲ ਗਿਆ ਸੀ ਭਲਾ ਫਿਰ ਕਿਉਂ ਖੜ੍ਹਾ ਸੀ ? ਤ੍ਰਬਕ ਪਿਆ । ਪਾਲਕੀ ਵਾਲੇ ਕਹਾਰ ਕੰਬ ਗਏ । ਪਾਲਕੀ ਇਕ ਵਾਰ ਡੋਲੀ, ਧਰਤੀ ਨੂੰ ਕਾਂਬਾ ਛਿੜਿਆ । ਕੰਬੀ ਜ਼ਮੀਨ ਦਿੱਲੀ ਦੀ । ਧਰਤੀ ਦਾ ਭਾਰ ਜਿੱਦਾਂ ਬਲਦ ਨੇ ਦੂਜੇ ਸਿੰਙ ਤੇ ਰੱਖਿਆ ਹੋਵੇ । ਭੂਚਾਲ ਜਿਹਾ ਆ ਗਿਆ ।
ਬਿਨਾਂ ਕੁਝ ਬੋਲਿਆਂ ਬਿਨਾਂ ਜਵਾਬ ਲਿਆ ਮੁੜਿਆ ਖ਼ਿਦਤਮਤਗਾਰ। ਫਰਸ਼ੀ ਸੱਤ ਸਲਾਮਾਂ ਕੀਤੀਆਂ । ਖ਼ਿਦਮਤਗਾਰ ਖਾਮੋਸ਼ ਸੀ, ਦੰਦਣ ਪਈ ਹੋਈ ਸੀ, ਮੂੰਹ ਵਿਚ ਜ਼ਬਾਨ ਬੱਤੀਆਂ ਦੰਦਾਂ ਵਿਚ ਡੱਕੀ ਹੋਈ ਸੀ । ਡਰ ਨਾਲ ਨਾ ਮੂੰਹ ਖੁੱਲ੍ਹੇ ਤੇ ਨਾ ਜ਼ਬਾਨ ਈ ਬੋਲੇ ।
-ਮੈਂ ਸਮਝ ਗਿਆ। ਆਵਾਜ਼ ਪਾਲਕੀ ਵਿਚ ਗੂੰਜੀ ਸ਼ਹਿਨਸ਼ਾਹ ਦੀ । ਪਾਲਕੀ ਅਜੇ ਵੀ ਖੜ੍ਹੀ ਸੀ।
—ਹੱਤਕ, ਬੇ-ਇੱਜ਼ਤੀ, ਅਪਮਾਨ, ਨਿਰਾਦਰ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਦਾ। ਖਿਦਮਤਗਾਰ ਸੋਚ ਰਹੇ ਸੀ ।
-ਐਨੀ ਜੁਰਅਤ! ਸ਼ਹਿਨਸ਼ਾਹ ਦੀ ਹੀਰਿਆਂ ਵਾਲੀ ਤਸਬੀ ਇਕ ਵਾਰ ਹੱਥਾਂ ਵਿਚ ਡੋਲੀ, ਤਸਬੀ ਨੂੰ ਕਾਂਬਾ ਛਿੜਿਆ । ਤਸਬੀ ਪੋਟਿਆਂ ਵਿਚੋਂ ਨਿਕਲ ਜਾਣਾ ਚਾਹੁੰਦੀ ਸੀ । ਫਾਟਕ ਬੰਦ ਸੀ ਮੋਟਿਆਂ ਮੋਟਿਆਂ ਕਿੱਲਾਂ ਵਾਲਾ । ਪਾਲਕੀ ਖੜ੍ਹੀ ਸੀ, ਕੁਦਰਤ ਰੰਗ ਪਲਟ ਰਹੀ ਸੀ । ਸੁਹਾਣੇ ਮੌਸਮ ਵਿਚ ਬਦਬੂ ਫੈਲ ਗਈ । ਸੁਗੰਧੀਆਂ ਵੰਡਦੀ ਪੌਣ ਵਿਚ ਗੰਦ ਦੀ ਅਲਾਇਸ਼ ਆ ਗਈ ।
२.
ਔਰੰਗਜ਼ੇਬ ਬੋਲਿਆ
ਰੋਹ ਭਰੀਆਂ ਅੱਖੀਆਂ ਸ਼ਹਿਨਸ਼ਾਹ ਦੀਆਂ, ਪਾਲਕੀ ਰੁਕੀ ਹੋਈ ਸੀ । ਅੱਖਾਂ ਲਾਲ ਸੂਹੀਆਂ
ਹੋ ਗਈਆਂ । ਚਿਹਰਾ ਸ਼ਿੰਗਰਫ ਵਾਂਗੂੰ ਸੁਰਖ਼ ਹੋ ਗਿਆ । ਅੱਖਾਂ ਵਿਚੋਂ ਅੰਗਿਆਰੇ ਨਿਕਲ ਰਹੇ ਸਨ ।
-ਐਨੀ ਵੱਡੀ ਜੁਰਅਤ, ਐਨੀ ਵੱਡੀ ਗੁਸਤਾਖੀ, ਐਨਾ ਵੱਡਾ ਗ਼ਰੂਰ । ਔਰੰਗਜ਼ੇਬ ਨੇ ਤਾਂ ਕਦੇ ਕਿਸੇ ਦੀ ਮਗਰੂਰੀ ਬਰਦਾਸ਼ਤ ਨਹੀਂ ਕੀਤੀ । ਇਹ ਕੌਣ ਏ? ਇਹ ਕੀ ਏ? ਕੱਲ੍ਹ ਦਾ ਜੰਮਿਆ ਛੋਕਰਾ, ਜੁੰਮਾ-ਜੁੰਮਾ ਅੱਠ ਦਿਨ । ਅਜੇ ਤਾਂ ਦੁੱਧ ਦੀਆਂ ਦੰਦੀਆਂ ਵੀ ਨਹੀਂ ਟੁੱਟੀਆਂ । ਅਜੇ ਤਾਂ ਮੱਸ ਵੀ ਨਹੀਂ ਫੁੱਟੀ । ਅਜੇ ਤਾਂ ਜਵਾਨੀ ਵੀ ਨਹੀਂ ਚੜ੍ਹਿਆ । ਕੱਚੀ ਧਰੇਕ ਵਾਂਗੂ ਕੱਚੀਆਂ ਹੱਡੀਆਂ । ਭੋਲਾ ਜਿਹਾ ਲਾਡਲਾ ਸ਼ਹਿਜ਼ਾਦਾ ਇਕ ਰਿਆਸਤ ਦਾ ਐਨਾ ਜ਼ਹਿਰੀਲਾ ਏ । ਸੱਪ ਦਾ ਪੁੱਤ ਸਪੋਲੀਆ । ਇਨ੍ਹਾਂ ਦੇ ਦੰਦ ਜੰਮਦਿਆਂ ਈ ਤਿੱਖੇ ਹੁੰਦੇ ਹਨ । ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ । ਕੁੰਡਲੀਆ ਸੱਪ । ਬੜੀ ਆਕੜਖਾਨੀ ਏ । ਕਿਹੜੀ ਗੱਲ ਦੀ ਮਗਰੂਰੀ ਏ ? ਹੰਕਾਰ ਕਿਸ ਗੱਲ ਦਾ ਏ । ਨਿੱਕੀ ਜਿਹੀ ਰਿਆਸਤ । ਆਟੇ 'ਚ ਲੂਣ ਜਿੰਨੀ ਕੌਮ ਤੇ ਤਕੱਬਰ ਐਨਾ ਵੱਡਾ ਜਿੱਦਾਂ ਖ਼ੁਦਾ ਦਾ ਬੇਟਾ ਹੋਵੇ । ਯਾ ਅੱਲ੍ਹਾ ! ਬੰਦਾ ਵੀ ਕਿਸੇ ਵੇਲੇ ਬਿਨਾਂ ਸੋਚਿਆਂ ਸਮਝਿਆਂ ਕਿੰਨੀ ਵੱਡੀ ਹਿਮਾਕਤ ਕਰ ਬੈਠਦਾ ਏ । ਸੱਚਦਾ ਈ ਨਹੀਂ ਕਿ ਇਹਦਾ ਅੰਜਾਮ ਕੀ ਹੋਵੇਗਾ। ਯਾਰੋ ਔਰੰਗਜ਼ੇਬ ਸਾਹਮਣੇ ਅੱਜ ਤੀਕ ਕਿਸੇ ਧੌਣ ਅਕੜਾ ਕੇ ਵੇਖਣ ਦੀ ਜੁਰਅਤ ਨਹੀਂ ਕੀਤੀ । ਨਾਂ ਸੁਣਦਿਆਂ ਹਵਾ ਸਰਕ ਜਾਂਦੀ ਏ । ਮੈਂ ਧੌਣ ਦਾ ਮਣਕਾ ਤੋੜਨਾ ਜਾਣਦਾ ਹਾਂ ! ਮੈਂ ਉਸਨੂੰ ਸਫ਼ਾ-ਏ-ਹਸਤੀ ਤੋਂ ਮਿਟਾ ਦਿਆਂਗਾ ਜਿਸ ਮੇਰੇ ਸਾਹਵੇਂ ਜ਼ਰਾ ਕੁ ਵੀ ਅੱਖਾਂ ਉੱਚੀਆਂ ਕਰ ਕੇ ਵੇਖਿਆ। ਖ਼ੁਦਾ ਦੀ ਪਨਾਹ, ਮੈਂ ਸ਼ਹਿਨਸ਼ਾਹ ਤੇ ਉਹ ਫ਼ਕੀਰਾਂ ਦੇ ਟੋਲੇ ਦਾ ਇਕ ਨਬਾਲਗ ਬੱਚਾ। ਮੈਂ ਮੁਲਖ ਮਿਲਖ ਦਾ ਮਾਲਕ। ਮੇਰਾ ਪਾਣੀ ਭਰੇ ਸਾਰਾ ਹਿੰਦੁਸਤਾਨ ਤੇ ਉਹ ਇਕ ਧੂੰਣੇ ਦਾ ਰਖਵਾਲਾ ।
ਜ਼ਮਾਨੇ 'ਕ ਬਾਲ ਹੱਠ ਤੇ ਰਾਜ ਹੱਠ ਇਹ ਦੋਵੇਂ ਮਸ਼ਹੂਰ ਸਨ । ਟੱਕਰ ਹੁਣ ਇਕ ਬਾਲ ਤੇ ਇਕ ਰਾਜੇ ਦੀ ਏ । ਵੇਖੋ ਕੌਣ ਜਿੱਤਦਾ ਏ ? ਜੇ ਮੈਂ ਜਿੱਤ ਵੀ ਗਿਆ ਤੇ ਫਿਰ ਦੁਨੀਆਂ ਨੇ ਮੈਨੂੰ ਬਾਦਸ਼ਾਹ ਆਖ ਕੇ ਗੱਲ ਹਵਾ ਵਿਚ ਉਡਾ ਦੇਣੀ ਤੇ ਉਹਨੂੰ ਬਾਲ ਅੰਞਾਣਾ ਆਖ ਕੇ ਮਿਟੀ ਪਾ ਦੇਣੀ ਏ । ਤੇ ਕਿਸੇ ਨੇ ਆਖਣਾ ਏ ਬੱਚਾ ਏ, ਖਿਡੌਣਿਆਂ ਨਾਲ ਖੇਡਣ ਵਾਲਾ ਸੀ। ਬੱਚਾ ਸੀ ਡਰਾ ਲਿਆ ਸੂ ਕਿਹੜਾ ਚਿਤੌੜ ਦਾ ਕਿਲਾ ਜਿੱਤ ਲਿਆ ਸੀ । ਬਾਦਸ਼ਾਹ ਦਾ ਈਮਾਨ ਏ ਬੱਚੇ ਦਾ ਦਿਲ ਬਹਿਲਾਵੇ, ਬੱਚੇ ਨੂੰ ਆਹਰੇ ਲਾਵੇ, ਖੇਡਣ ਦੀ ਜਾਚ ਦੱਸੇ। ਖੇਡੇ ਲਾਇਆ ਜਾਵੇ ਤੇ ਆਪਣੇ ਰਾਹ ਪਵੇ । ਮੈਨੂੰ ਸਿਰ ਅੜਾਉਣਾ ਸ਼ੋਭਾ ਨਹੀਂ ਦਿੰਦਾ ਤਲਵਾਰ ਦਾ ਭੈਅ ਦਿਖਾਉਣਾ ਕਿੱਥੋਂ ਦੀ ਦਾਨਸ਼ਮੰਦੀ ਏ । ਬੱਚਾ ਏ ਉਹ ਕੀ ਜਾਣੇ ਤਲਵਾਰ ਨੂੰ । ਉਹ ਦੇ ਸਾਹਮਣੇ ਫਨੀਅਰ ਸੱਪ ਸੁੱਟ ਦਿਉ ਤੇ ਉਹਦੇ ਨਾਲ ਵੀ ਖੇਡਣ ਲੱਗ ਪਵੇਗਾ। ਜੇ ਮੈਂ ਇਕ ਬੱਚੇ ਨਾਲ ਉਲਝ ਖਲੋਤਾ ਤਾਂ ਲੋਕ ਮੇਰਾ ਮਜ਼ਾਕ ਉਡਾਉਣਗੇ । ਲੋਕ ਮੇਰੀ ਅਕਲ ਦੀ ਖਿੱਲੀ ਉਡਾਉਣਗੇ । ਮੇਰੀ ਬਜ਼ੁਰਗੀ ਕਾਹਦੀ ਹੋਈ । ਮੈਂ ਸਿਆਣਾ ਕਿਥੋਂ ਦਾ ਹੋਇਆ । ਬੱਚਾ ਵੀ ਬਾਦਸ਼ਾਹ ਹੁੰਦਾ ਏ । ਬਾਦਸ਼ਾਹਾਂ ਨੂੰ ਛੱਤੀ ਰੋਗ ਤੇ ਪੰਡਾਂ ਬੱਝੀਆਂ ਸੋਚਾਂ । ਬੱਚੇ ਨੂੰ ਕਾਹਦਾ ਫ਼ਿਕਰ ਏ । ਬਾਦਸ਼ਾਹ ਤੇ ਬੱਚੇ ਵਿਚ ਫਿਰ ਫ਼ਰਕ ਕੀ ਏ । ਦੋਵੇਂ ਆਪੋ ਆਪਣੀ ਥਾਂ ਬਾਦਸ਼ਾਹ ਹਨ ।
—ਹਜ਼ੂਰ, ਆਲਮ ਪਨਾਹ ! ਇਸ ਮਹਿਲ ਵਿਚ ਅੱਜ ਕੱਲ੍ਹ ਕੌਣ ਨਵਾਰਦ ਹੋਇਆ ਏ ।
-ਅਨੰਦਪੁਰ ਦਾ ਸਾਹਿਬਜ਼ਾਦਾ, ਸਿੱਖਾਂ ਦਾ ਗੁਰੂ । ਬਾਲ ਅਵਸਥਾ ਵਿਚ । ਕੱਲ੍ਹ ਦਿੱਲੀ ਵਿਚ ਆਇਆ ਤੇ ਸਾਰੀ ਦਿੱਲੀ ਮਗਰ ਲਾ ਲਈ ਸੂ । ਦਿੱਲੀ ਵਾਲੇ ਡਰਦੇ ਮੇਰਾ ਨਾਂ ਲੈਂਦੇ ਹਨ।
ਪਰ ਉਹਦਾ ਪਾਣੀ ਭਰਦੀ ਏ ਦਿੱਲੀ । ਦਿੱਲੀ ਵਾਲੇ ਉਹਦੇ ਨਾਂ ਦੀ ਮਾਲਾ ਜਪਦੇ ਹਨ । ਮੁਸਲਮਾਨ ਵੀ ਇਸ ਕਾਫ਼ਰ ਨੂੰ ਸਿਜਦਾ ਕਰਦੇ ਹਨ । ਅਜੇ ਬਾਲ ਏ ਤੇ ਉਹਦੀ ਇਹ ਅਵਸਥਾ ਏ ਤੇ ਜਦੋਂ ਜੁਆਨ ਹੋਵੇਗਾ ਤਾਂ ਫਿਰ ਕੀ ਆਲਮ ਹੋਵੇਗਾ ? ਔਰੰਗਜ਼ੇਬ ਦੇ ਬੋਲ ਉਭਰੇ ।
—ਬੜੀ ਗੁਤਸਾਖੀ ਏ ਅੰਨ ਦਾਤਾ, ਐਨੀ ਵੱਡੀ ਭੁੱਲ ।
—ਹਾਂ ਉਹ ਫਕੀਰਾਂ ਦਾ ਪੁੱਤ ਏ ਤੇ ਮੈਂ ਬਾਦਸ਼ਾਹ ਦਾ ਲਾਡਲਾ ! ਫ਼ਰਕ ਕੁਝ ਜ਼ਰੂਰ ਏ । ਫ਼ਕੀਰ ਆਪਣੇ ਮਨ ਦਾ ਬਾਦਸ਼ਾਹ ਏ ਤੇ ਬਾਦਸ਼ਾਹ ਆਪਣੀ ਹਕੂਮਤ ਦਾ ਬਾਦਸ਼ਾਹ । ਦੋਹਾਂ 'ਚ ਜ਼ਮੀਨ ਅਸਮਾਨ ਜਿੰਨੀ ਵਿੱਥ ਏਂ ।
-ਆਲਮ ਪਨਾਹ ! ਇਹਦੇ ਘਰ ਵਾਲਿਆਂ ਇਹਦੇ ਵੱਡ ਵਡੇਰਿਆਂ ਨੇ ਇਖ਼ਲਾਕ ਦਾ ਰੱਤੀ ਭਰ ਵੀ ਸਬਕ ਇਹਨੂੰ ਨਹੀਂ ਦਿੱਤਾ । ਬਜ਼ੁਰਗਾਂ ਦੀ ਖ਼ਿਦਮਤ ਕਰਨਾ, ਸਤਿਕਾਰ ਕਰਨਾ, ਇੱਜ਼ਤ ਕਰਨਾ ਹਰ ਬੱਚੇ ਦਾ ਫਰਜ਼ ਏ । ਸ਼ਹਿਨਸ਼ਾਹ ਦੀ ਪਾਲਕੀ ਖੜ੍ਹੀ ਹੋਵੇ ਦਰਵਾਜ਼ੇ ਤੇ ਜਵਾਬ ਦਿੱਤਿਆਂ ਬਗ਼ੈਰ ਦਰਵਾਜ਼ੇ ਬੰਦ ਹੋ ਜਾਣ । ਹਕੂਮਤ ਦੀ ਪੱਗ ਲਾਹੁਣ ਵਾਲੀ ਗੱਲ ਏ, ਡੁੱਬ ਮਰਨ ਦਾ ਮੁਕਾਮ ਏ, ਸ਼ਹਿਨਸ਼ਾਹ ਦਾ ਅਪਮਾਨ ਏ । ਇਹੋ ਜਿਹੇ ਗੁਸਤਾਖ਼ ਬੱਚੇ ਨੂੰ ਸਰੇ ਰਾਹ ਕਤਲ ਕਰ ਦੇਣਾ ਚਾਹੀਦਾ ਹੈ । ਇਹ ਆਵਾਜ਼ ਇਕ ਅਹਿਲਕਾਰ ਦੀ ਸੀ ।
—ਤੂੰ ਇਸ ਦੁਨੀਆਂ ਤੋਂ ਕੋਰਾ ਏਂ । ਜਿਸ ਦੁਨੀਆਂ 'ਚ ਇਹ ਵੱਸਦੇ ਹਨ ਉਹ ਦੁਨੀਆਂ ਸਾਡੀ ਦੁਨੀਆਂ ਨਾਲੋਂ ਵੱਖਰੀ ਏ । ਇਨ੍ਹਾਂ ਦੇ ਰਾਹ ਵੱਖਰੇ, ਇਨ੍ਹਾਂ ਦੀਆਂ ਸੋਚਾਂ ਵੱਖਰੀਆਂ, ਇਨ੍ਹਾਂ ਦੇ ਸੁਭਾਅ ਵੱਖਰੇ, ਇਨ੍ਹਾਂ ਦੀ ਕਿਰਿਆ ਵੱਖਰੀ । ਇਨ੍ਹਾਂ ਦੇ ਮਨ ਗੰਗਾ ਜਲ ਵਾਂਗ ਪਵਿੱਤਰ ਹਨ। ਇਨ੍ਹਾਂ ਦੀ ਜ਼ਬਾਨ ਇਲਾਹੀ ਅਲਹਾਮ । ਅਸੀਂ ਇਸ ਦੁਨੀਆਂ ਦੇ ਮਾਲਕ ਹਾਂ ਤੇ ਇਹ ਸੱਤਾਂ ਅਸਮਾਨਾਂ ਦੇ ਮਾਲਕ ਹਨ । ਹੁਣ ਕੌਣ ਆਖੇ ਕੌਣ ਵੱਡਾ ਤੇ ਕੌਣ ਛੋਟਾ ਏ ? ਮੈਂ ਬਾਦਸ਼ਾਹ ਹਾਂ ਇਹ ਪਾਤਸ਼ਾਹ ਏ । ਇਕ ਰਮਜ਼ ਏ ਇਹਨੂੰ ਜੋ ਹਰ ਦੁਨੀਆਦਾਰ ਨਹੀਂ ਜਾਣਦਾ । ਇਨ੍ਹਾਂ ਦੀ ਤਸਬੀ ਦੇ ਮਣਕੇ ਆਮ ਦੁਨੀਆਂ ਦੀ ਤਸਬੀ ਨਾਲੋਂ ਵੱਖਰੇ ਹਨ । ਵੇਖਣ ਨੂੰ ਇਕੋ ਜਿਹੇ ਜਾਪਦੇ ਹਨ । ਵੇਖਣ-ਚਾਖਣ ਨੂੰ ਤਸਬੀਆਂ ਇਕੋ ਜਿਹੀਆਂ ਹਨ । ਪਰ ਅੱਖਾਂ ਵਾਲੇ ਇਨ੍ਹਾਂ ਤਸਬੀਆਂ 'ਚੋਂ ਫਰਕ ਲੱਭ ਲੈਂਦੇ ਹਨ । ਮੈਂ ਹੁਣ ਇਕ ਐਸੀ ਥਾਂ ਤੇ ਖੜ੍ਹਾ ਹੋ ਗਿਆ ਹਾਂ, ਮੇਰੀ ਜਾਨ ਕੁੜਿਕੀ 'ਚ ਫਸ ਗਈ ਹੈ । ਸੱਪ ਦੇ ਮੂੰਹ ਕੋਹੜ ਕਿਰਲੀ ਜੇ ਖਾਵੇ ਤਾਂ ਕੋਹੜੀ ਜੇ ਛੱਡੇ ਤਾਂ ਲੱਗੇ ਲਾਜ । ਮੈਂ ਫੈਸਲਾ ਨਹੀਂ ਕਰ ਸਕਦਾ ਕਿ ਕਿਸ ਰਸਤੇ ਜਾਵਾਂ । ਚਾਰੇ ਰਸਤੇ ਇਕੋ ਜਿਹੇ ਜਾਪਦੇ ਹਨ। ਖ਼ਤਰਨਾਕ ਵੀ ਹਨ ਤੇ ਆਰਾਮ ਦੇਹ ਵੀ । ਪਰ ਇਨ੍ਹਾਂ ਲਈ ਸਾਰੇ ਰਾਹ ਇਕੋ ਜਿਹੇ ਹਨ । ਮੈਂ ਔਰੰਗਜ਼ੇਬ ਆਪਣੀ ਉਮਰ ਹੰਢਾ ਕੇ ਵੀ ਫੈਸਲਾ ਨਹੀਂ ਕਰ ਸਕਿਆ । ਯਾਰੋ ਖ਼ੁਦਾ ਦਾ ਖੌਫ਼ ਨਹੀਂ ਇਕ ਬੱਚਾ ਮੇਰੇ ਨਾਂ ਤੋਂ ਵੀ ਨਹੀਂ ਡਰਦਾ । ਮੈਂ ਬਾਦਸ਼ਾਹ ਕਾਹਦਾ ਹੋਇਆ । ਔਰੰਗਜ਼ੇਬ ਇਸ ਤਰ੍ਹਾਂ ਸੋਚ ਰਿਹਾ ਸੀ।
ਦਰਵਾਜ਼ੇ ਬੰਦ ਸਨ । ਪਾਲਕੀ ਖੜ੍ਹੀ ਸੀ । ਔਰੰਗਜ਼ੇਬ ਆਪਣੇ ਆਲੇ-ਦੁਆਲੇ ਝਾਤੀ ਮਾਰ ਰਿਹਾ ਸੀ ਜਿਵੇਂ ਇਸ ਖਲਾਅ 'ਚੋਂ ਕੁਝ ਲੱਭ ਰਿਹਾ ਹੋਵੇ ।
३.
ਔਰੰਗਜ਼ੇਬ ਨੇ ਇਕ ਵਾਰ ਫੇਰ ਤਸਬੀ ਤੇ ਹੱਥ ਫੇਰਿਆ, ਤਸਬੀ ਹਰਕਤ ਵਿਚ ਆਈ।
ਸ਼ਹਿਨਸ਼ਾਹ ਆਖਣ ਲੱਗਾ-ਮੇਰੇ ਤੇ ਇਹਦੇ ਅਮਲਾਂ ਵਿਚ ਫਰਕ ਹੋਣੈਂ, ਇਹਦੀ ਗਠੜੀ ਭਾਰੀ ਹੋਣੀ ਏ ਤੋਂ ਮੇਰੀ ਹੌਲੀ । ਕੋਈ ਗੱਲ ਜ਼ਰੂਰ ਏ, ਨਹੀਂ ਤੇ ਐਡਾ ਵੱਡਾ ਹਾਦਸਾ ਨਹੀਂ ਸੀ ਹੋ ਸਕਦਾ। ਇਸ ਨੂੰ ਕਿਸੇ ਗੱਲ ਤੇ ਮਾਣ ਜ਼ਰੂਰ ਹੋਣਾ ਹੈ। ਮੇਰੀ ਉਸ ਕਮਜ਼ੋਰੀ ਤਾੜ ਲਈ ਏ । ਮੈਂ ਕਿਸੇ ਗੱਲੋਂ ਜ਼ਰੂਰ ਊਣਾ ਹੋਵਾਂਗਾ । ਫ਼ਕੀਰਾਂ ਦਾ ਪੁੱਤ ਏ ਗੱਦੀ ਦਾ ਮਾਲਕ ਏ ਫ਼ਕੀਰੀ ਟੋਟਕਾ ਜ਼ਰੂਰ ਉਹਦੇ ਪੱਲੇ ਹੋਣਾ ਹੈ। ਇਹ ਫ਼ਕੀਰ ਬੜੀ ਬੁਰੀ ਬਲਾ ਹਨ । ਇਹ ਘਸੁੰਨ ਤੋਂ ਨਾ ਡਰਨ, ਇਹ ਤਲਵਾਰ ਤੋਂ ਭੈਅ ਨਾ ਖਾਣ । ਇਹ ਹਕੂਮਤ ਅੱਗੇ ਸਿਰ ਨਹੀਂ ਝੁਕਾਉਂਦੇ । ਇਨ੍ਹਾਂ ਦੀ ਮਾਰਿਆ ਜੁੱਤੀ ਤੋਂ ਕੌਣ ਦਿੱਲੀ ਦਾ ਬਾਦਸ਼ਾਹ ! ਬਾਦਸ਼ਾਹ ਦਾ ਡਰ ਹੋਵੇਗਾ ਦਿੱਲੀ ਵਾਲਿਆਂ ਨੂੰ ! ਇਨ੍ਹਾਂ ਨੂੰ ਕੀ ? ਇਨ੍ਹਾਂ ਲਈ ਸਭ ਲੋਕ ਇਕੋ ਜਿਹੇ ਹਨ । ਸਾਰੀ ਲੋਕਾਈ ਬਰਾਬਰ ਏ । ਬੰਦੇ ਬੰਦੇ ਵਿਚ ਕੋਈ ਫ਼ਰਕ ਨਹੀਂ । ਇਨ੍ਹਾਂ ਦਾ ਮਸਤਕ ਸਿਰਫ਼ ਦਰਗਾਹੇ ਇਲਾਹੀ ਅੱਗੇ ਝੁਕਦਾ ਏ । ਇਨ੍ਹਾਂ ਦਾ ਰੁਤਬਾ ਬੁਲੰਦ ਏ । ਇਨ੍ਹਾਂ ਦਾ ਮੁਕਾਮ ਮੁਤਬੱਰਕ ਏ । ਇਨ੍ਹਾਂ ਦੀ ਹਸਤੀ ਖੁਦਾਈ ਹਸਤੀ ਏ, ਇਹ ਬੱਚਾ ਏ । ਇਹਦੀ ਚਾਦਰ ਪਾਕ ਏ ਦੁੱਧ ਚਿੱਟੀ, ਦੁੱਧ ਫਟਕੜੀ ਵਰਗੀ । ਕਿਤੇ ਤਿਲ ਭਰ ਵੀ ਦਾਗ ਨਹੀਂ। ਮੇਰੀ ਚਾਦਰ ਜ਼ਰੂਰ ਦਾਗਦਾਰ ਹੋਣੀ ਏ । ਮੈਂ ਉਮਰ ਰਸੀਦਾ ਹਾਂ । ਮੈਂ ਆਪਣੀ ਉਮਰ ਹੰਢਾ ਕੇ ਵੇਖ ਲਈ ਹੈ । ਦੁਨੀਆਂ ਦੇ ਖੱਟੇ ਮਿੱਠੇ ਸਵਾਦ ਚੱਖ ਲਏ ਹਨ ਤੇ ਇਸ ਅਜੇ ਦੁਨੀਆਂ ਦਾ ਵੇਖਿਆ ਈ ਕੁਝ ਨਹੀਂ । ਇਸ ਤੇ ਅਜੇ ਚਰਖੇ ਤੇ ਤੰਦ ਪਾ ਕੇ ਵੀ ਨਹੀਂ ਵੇਖੀ ਤੇ ਮੈਂ ਕਈ ਚਰਖੇ ਹੰਢਾ ਲਏ ਹਨ । ਕਈ ਚਰਖੇ ਤਿੜਕੇ, ਟੁੱਟੇ ਤੇ ਕਈ ਨਵੇਂ ਆਏ । ਫ਼ਰਕ ਤੇ ਜ਼ਰੂਰ ਏ ਨਾ ਸਾਡੇ ਦੋਂਹ ਵਿਚ । ਮੇਰੀ ਚਾਦਰ ਕਈ ਵਾਰ ਖੁੰਭੇ ਚੜ੍ਹੀ । ਧੋਬੀ ਨੀਲ ਲਾ ਕੇ ਚਿੱਟੀ ਕਰ ਦਿੰਦਾ ਏ। ਦਾਗ਼ ਛੁਪ ਜਾਂਦੇ ਹਨ ਦਾਗ਼ ਲੱਥਦੇ ਨਹੀਂ । ਕੁਝ ਫ਼ਰਕ ਤੇ ਹੋਇਆ ਨਾ ਮੇਰੇ ਤੇ ਇਹਦੇ ਵਿਚ ! ਜੇ ਫ਼ਰਕ ਨਾ ਹੋਵੇ ਤਾਂ ਐਨੀ ਆਕੜ ਨਹੀਂ ਆ ਸਕਦੀ। ਬਾਦਸ਼ਾਹ ਤੋਂ ਕੌਣ ਡਰਦਾ ਏ । ਬਾਦਸ਼ਾਹ ਅੱਜ ਰਿਹਾ ਕਲ੍ਹ ਨਾ ਰਿਹਾ। ਜੇ ਬਾਦਸ਼ਾਹ ਚਾਹੇ ਕਿ ਆਪਣੇ ਤਾਜ ਨੂੰ ਆਪਣੀ ਮਰਜੀ ਨਾਲ ਇਨ੍ਹਾਂ ਦੀ ਗੋਦੜੀ ਤੋਂ ਵਾਰ ਕੇ ਵੇਖ ਲਏ । ਜੇ ਇਹ ਮੌਜ ਵਿਚ ਨਾ ਹੋਣ ਤਾਂ ਤਾਜ ਨੂੰ ਠੁੱਡ ਮਾਰ ਕੇ ਪਰੇ ਸੁੱਟ ਦਿੰਦੇ ਹਨ । ਬਾਦਸ਼ਾਹ ਫ਼ਕੀਰਾਂ ਦੀ ਸਰਦਲ ਤੇ ਸਿਜਦਾ ਨਹੀਂ ਕਰ ਸਕਦਾ । ਫਿਰ ਮੈਂ ਬਾਦਸ਼ਾਹ ਕਾਹਦਾ ਹੋਇਆ ? ਅਸਲ ਵਿਚ ਬਾਦਸ਼ਾਹ ਇਹ ਹਨ । ਮੈਂ ਦਿਖਾਵੇ ਦਾ ਬਾਦਸ਼ਾਹ ਤੇ ਇਹ ਹਕੀਕੀ ਬਾਦਸ਼ਾਹ ਨੇ ।
—ਹੁਣ ਫਰਕ ਵੇਖਣਾ ਪਏਗਾ ਮੈਨੂੰ ਆਪਣੇ ਅੰਦਰ ਝਾਤੀ ਮਾਰਨੀ ਪਵੇਗੀ। ਮੈਨੂੰ ਤੇ ਇਹਨੂੰ ਇਕ ਤਕੜੀ 'ਚ ਜ਼ਰੂਰ ਤੁਲਣਾ ਪਵੇਗਾ ਤਾਂ ਪਤਾ ਲੱਗੇਗਾ ਕਿ ਕਿਸਦਾ ਛਾਬਾ ਭਾਰੀ ਹੈ । ਜਦੋਂ ਤੱਕੜੀ ਚੜ੍ਹ ਗਏ ਫਿਰ ਕਾਹਦਾ ਲਿਹਾਜ਼ । ਤੱਕੜੀ ਨੇ ਕਿਸੇ ਦੀ ਰਿਆਇਤ ਨਹੀਂ ਕਰਨੀ । ਬਾਦਸ਼ਾਹ ਤੋਂ ਤੱਕੜੀ ਨਹੀਂ ਡਰਨ ਲੱਗੀ। ਲੋਕ ਇਹ ਗੱਲ ਕਹਿ ਦੇਣ ਕਿ ਵੱਟਿਆਂ ਰਿਆਇਤ ਕਰ ਦਿੱਤੀ ਏ । ਵੱਟੇ ਤਾਂ ਪੱਥਰ ਦੇ ਹਨ ਜਿਨ੍ਹਾਂ ਬੋਲਣਾ ਨਹੀਂ ਜਿਨ੍ਹਾਂ ਨੂੰ ਕਿਸੇ ਗੱਲ ਦਾ ਡਰ ਨਹੀਂ ਉਹ ਕਿਉਂ ਚੜ੍ਹਨ ਦੋਜ਼ਖ ਦੀ ਪੌੜੀ । ਵੇਖਿਆ ਕਿੰਨਾ ਫ਼ਰਕ ਏ ? ਵਜ਼ਨ ਦੀ ਕੀਮਤ ਏ । ਪਰ ਜਿਨਸ ਆਪਣਾ ਮੁੱਲ ਆਪ ਪੁਆ ਲੈਂਦੀ ਹੈ । ਬੋਲ ਬਾਦਸ਼ਾਹ ਦੇ ਸਨ ।
—ਇਨ੍ਹਾਂ ਸੇਵਾਦਾਰਾਂ ਮਹਿਲ ਦੇ ਫਾਟਕ ਬੰਦ ਕਰ ਕੇ ਆਪਣੀ ਮੌਤ ਆਪ ਮੁੱਲ ਲੈ ਲਈ ਹੈ ।
—ਨਹੀਂ ! ਇਹਦੇ ਵਿਚ ਇਨ੍ਹਾਂ ਦਾ ਕੀ ਕਸੂਰ ! ਮਾਲਕ ਦਾ ਹੁਕਮ । ਨੌਕਰ ਦਾ ਕੰਮ ਏ
ਹੁਕਮ ਦੀ ਪਾਲਣਾ ਕਰਨੀ । ਜੇ ਕਲ੍ਹ ਨੂੰ ਮੇਰਾ ਈ ਨੌਕਰ ਹੁਕਮ ਅਦੂਲੀ ਕਰੋ ਤਾਂ ਕੀ ਮੈਂ ਸਜ਼ਾ ਨਾ ਦੇਵਾਂਗਾ। ਮੇਰਾ ਮਨ ਦੁਖੀ ਨਾ ਹੋਵੇਗਾ। ਮੈਨੂੰ ਗੁੱਸਾ ਨਾ ਆਵੇਗਾ । ਨੌਕਰੀ ਇਸੇ ਗੱਲ ਦਾ ਨਾਂ ਏ । ਨੌਕਰ ਨੇ ਆਪਣਾ ਫਰਜ਼ ਪੂਰਾ ਕੀਤਾ ਏ, ਮੈਂ ਖ਼ੁਸ਼ ਹਾਂ । ਯਾ ਖ਼ੁਦਾ ਸਾਨੂੰ ਵੀ ਇਹੋ ਜਿਹੇ ਖ਼ਿਦਮਤਗਾਰ ਬਖ਼ਸ਼ । ਅਸੀਂ ਕਿਸੇ ਵੀ ਬੰਦੇ ਤੇ ਵਿਸ਼ਵਾਸ ਨਹੀਂ ਕਰਦੇ ।
—ਇਹ ਕਿੰਨੇ ਬੇਨਿਆਜ਼ ਲੋਕ ਹਨ। ਇਨ੍ਹਾਂ ਨੂੰ ਕਿਸੇ ਤੋਂ ਸ਼ੱਕ ਹੀ ਨਹੀਂ । ਯਾਰੋ ! ਲੋਕ ਇਨ੍ਹਾਂ ਨਾਲ ਦੁਸ਼ਮਣੀ ਵੀ ਨਹੀਂ ਕਰਦੇ । ਅਸੀਂ ਨੌਕਰ ਨੂੰ ਮੋਹਰਾਂ ਨਾਲ ਤੋਲ ਕੇ ਖਰੀਦ ਵੀ ਲਈਏ ਤੇ ਬੇ-ਵਿਸ਼ਵਾਸੇ । ਇਨ੍ਹਾਂ ਦੇ ਖ਼ਿਦਮਤਗਾਰ ਇਨ੍ਹਾਂ ਦੇ ਸੇਵਕ ਬਿਨਾਂ ਦਾਮਾਂ ਦੇ ਗੁਲਾਮ । ਕਸੂਰ ਕਿਸੇ ਦਾ ਤੇ ਕਿਸੇ ਦੇ ਸਿਰ ਮੜ੍ਹਿਆ ਜਾਏ । ਇਹ ਇਨਸਾਫ਼ ਨਹੀਂ ਕਹਿੰਦਾ । ਇਹ ਤਾਂ ਸੀਨਾ ਜ਼ੋਰੀ ਹੋਈ ਹਿੱਕ ਦਾ ਧੱਕਾ । ਇਨਸਾਫ਼ ਦੀਆਂ ਰਗਾਂ ਵਿਚ ਅੰਗੂਠਾ ਦੇਣ ਵਾਲੀ ਗੱਲ ਏ । ਬਾਦਸ਼ਾਹ ਨੂੰ ਇਨਸਾਫ ਪਸੰਦ ਹੋਣਾ ਚਾਹੀਦਾ ਹੈ । ਮੰਨਿਆਂ ਬਾਦਬਾਹ ਅੱਖੋਂ ਅੰਨ੍ਹਾਂ ਤੇ ਕੰਨੋਂ ਬੋਲਾ ਹੁੰਦਾ ਹੈ, ਪਰ ਫਿਰ ਵੀ ਕਿਸੇ ਦੇ ਚੁੱਕੇ ਚੁਕਾਏ ਵਿਚ ਨਹੀਂ ਆਉਣਾ ਚਾਹੀਦਾ । ਉੱਤੇ ਖੁਦਾ ਤੇ ਥੱਲੇ ਬਾਦਸ਼ਾਹ । ਵਿਚਾਰੀ ਰਿਆਇਆ ਦਾ ਕੀ ਏ ਉਹ ਤੇ ਭੇਡਾਂ ਦਾ ਇਕ ਇੱਜੜ ਏ । ਆਜੜੀ ਜਦੋਂ ਚਾਹੇ ਕਿਸੇ ਬਘਿਆੜ ਕੋਲੋਂ ਸਾਰਾ ਇੱਜੜ ਪੜਵਾ ਸੁੱਟੇ । ਬਘਿਆੜ ਦੀਆਂ ਲੱਤਾਂ ਤੋੜਨੀਆਂ ਤਾਂ ਆਜੜੀ ਦਾ ਕੰਮ ਏ । ਵਿਚਾਰੀਆਂ ਭੇਡਾਂ ਤਾਂ ਨਹੀਂ ਨਾ ਇਹਦਾ ਮੁਕਾਬਲਾ ਕਰ ਸਕਦੀਆਂ। ਆਜੜੀ ਤੇ ਬਾਦਸ਼ਾਹ ਦੀ ਇਕੋ ਜਿਹੀ ਪਦਵੀ ਏ ।
-ਮੈਂ ਸਾਰੇ ਹਿੰਦੁਸਤਾਨ ਦਾ ਬਾਪ ਹਾਂ। ਇਹ ਰਿਆਇਆ ਸਾਰੀ ਮੇਰੀ ਔਲਾਦ ਏ । ਮੇਰਾ ਫ਼ਰਜ਼ ਬਣਦਾ ਏ ਕਿ ਮੈਂ ਆਪਣੇ ਕੁਨਬੇ ਦੀ ਦੇਖ ਭਾਲ ਕਰਾਂ । ਮੈਂ ਘਰ ਦਾ ਮਾਲਕ ਹਾਂ। ਮੇਰਾ ਈਮਾਨ ਏ ਘਰ ਦੀ ਰਾਖੀ ਕਰਨੀ । ਖੁਦਾ ਨੇ ਮੈਨੂੰ ਇਸੇ ਲਈ ਬਾਦਸ਼ਾਹੀ ਦਿੱਤੀ ਏ । ਨਹੀਂ ਤੇ ਮੈਂ ਅਤੇ ਬਾਦਸ਼ਾਹ ? ਬਾਦਸ਼ਾਹ ਹੋਰ ਵੀ ਹੋ ਸਕਦਾ ਸੀ । ਮੇਰੇ ਅਮਲਾਂ ਦੀ ਗਠੜੀ ਭਾਰੀ ਹੋਣੀ ਏਂ । ਇਸੇ ਲਈ ਅੱਲਾ ਤਾਲਾ ਨੇ ਮੈਨੂੰ ਹਕੂਮਤ ਬਖ਼ਸ਼ ਦਿੱਤੀ । ਵਰਨਾ ਦਾਰਾ ਸ਼ਿਕੋਹ ਤੇ ਵਲੀ ਅਹਿਦ ਸੀ । ਬਾਦਸ਼ਾਹ ਉਸੇ ਨੇ ਬਣਨਾ ਸੀ । ਮਨਜੂਰੇ ਨਜ਼ਰ ਸੀ, ਹਰ ਦਿਲ ਅਜ਼ੀਜ ਸੀ । ਲੋਕਾਂ ਦੇ ਦਿਲ ਵਿਚ ਵਸਿਆ ਹੋਇਆ ਸੀ । ਇਕ ਤਾਂ ਮੈਂ ਸਭ ਤੋਂ ਛੋਟਾ ਤੇ ਦੂਜਾ ਸੂਬੇਦਾਰ ਦੱਖਣ ਦਿੱਲੀ ਤੋਂ ਹਜਾਰਾਂ ਮੀਲ ਦੂਰ । ਦਾਰਾ ਪਿਉ ਤੇ ਗੋਡੇ ਮੁੱਢ ਬੈਠਾ ਹੋਇਆ। ਸਿਆਹੀ ਕਰੋ ਸਫੈਦੀ, ਕਿਸੇ ਨੇ ਹੱਥ ਨਹੀਂ ਫੜਨਾ ਕਿਸੇ ਦੀ ਜੁਰਅਤ ਨਹੀਂ ਜੁਬਾਨ ਖੋਹਲੇ । ਦਾਰਾ ਸ਼ਿਕੋਹ ਦਾ ਜਲਾਲ ਬਾਦਸ਼ਾਹ ਦੇ ਜਲਾਲ ਤੋਂ ਕਿਸੇ ਵੀ ਹਾਲਤ ਵਿਚ ਘੱਟ ਨਹੀਂ ਸੀ । ਮੈਂ ਕੁਜਾ ਦਾਰਾ ਕੁਜਾ । ਕਿੱਥੇ ਰਾਜਾ ਭੋਜ ਤੇ ਕਿੱਥੇ ਕੰਗਲਾ ਤੇਲੀ ।
-ਸੁਲਤਾਨਪੁਰ ਲੋਧੀ ਦੇ ਮਦਰੱਸੇ ਵਿਚ ਮੈਂ ਵੀ ਪੜ੍ਹਿਆ ਤੇ ਦਾਰਾ ਸ਼ਿਕੋਹ ਵੀ, ਮੇਰੇ ਭਰਾ ਵੀ ਮੇਰੇ ਜਮਾਤੀ ਸਨ । ਉਹ ਵਲੀ ਅਹਿਦ ਹੋ ਗਿਆ । ਅਸੀਂ ਇਕੋ ਪਿਓ ਦੇ ਪੁੱਤ ਸਾਂ । ਮੈਨੂੰ ਲੋਕ ਸਿਰਫ ਇਕ ਬਾਦਸ਼ਾਹ ਦਾ ਪੁੱਤ ਹੀ ਮੰਨਦੇ ਸਨ । ਪਿਓ ਨੇ ਦਾਰਾ ਨੂੰ ਸੱਦ ਲਿਆ ਤੇ ਮੈਂ ਉਥੇ ਰਹਿ ਪਿਆ। ਮੈਂ ਉਥੇ ਰਹਿ ਕੇ ਉਹ ਕੁਝ ਪੜ੍ਹਿਆ ਜੋ ਦਾਰਾ ਨਾ ਪੜ੍ਹ ਸਕਿਆ, ਮੈਂ ਹਕੂਮਤ ਕਰਨੀ ਸਿੱਖੀ । ਹਕੂਮਤ ਖੋਹਣੀ ਸਿੱਖੀ, ਝੂਠ ਬੋਲਣਾ ਸਿਖਿਆ। ਫਰੇਬ ਦੇਣਾ ਸਿਖਿਆ । ਮੈਂ ਉਂਗਲਾਂ ਤੇ ਲੋਕ ਨਚਾਉਣੇ ਸਿੱਖੇ । ਮੈਂ ਲਹੂ ਭਰਿਆ ਦਰਿਆ ਤਰਨਾ ਸਿੱਖਿਆ। ਮੈਂ ਤਲਵਾਰ ਦੀ ਧਾਰ