ੴ ਸ੍ਰੀ ਵਾਹਿਗੁਰੂ ਜੀ ਕੀ ਫਤਹ
ਬਿਨ੍ਯ
ਪਰਮ ਸਤਿਕਾਰ ਯੋਗ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀਆਂ, ਓਹ ਕਵਿਤਾਵਾਂ ਜੋ ਕਿਸੇ ਪੁਸਤਕ ਵਿਚ ਸੰਗ੍ਰਹਿ ਨਹੀਂ ਸਨ ਹੋਈਆ, ਪਰ ਖਾਲਸਾ ਸਮਾਚਾਰ ਵਿਚ 'ਅਣਛਪੀਆਂ ਕਵਿਤਾ ਦੇ ਸਿਰਲੇਖ ਹੇਠ ਛਪਦੀਆਂ ਰਹੀਆਂ ਸਨ, ਉਨ੍ਹਾਂ ਵਿਚੋਂ ਭਵ ਅਨੁਸਾਰ ਚੋਣਵੀਆਂ ਕੁਝ ਕਵਿਤਾਵਾਂ ਦੇ ਪੁਸਤਕਾਂ ਦੇ ਰੂਪ ਵਿਚ 'ਸਿੱਕਾਂ ਸੱਧਰਾਂ, ਬਿਰਹੇ ਤੇ ਜੋਦੜੀਆਂ ਅਤੇ ਸਾਹਿਤਕ ਕਲੀਆਂ ਦੇ ਨਾਮ ਹੇਠ ਛਪ ਚੁਕੀਆਂ ਹਨ, ਬਾਕੀ ਕਵਿਤਾਵਾਂ ਇਸ ਸੈਂਚੀ ਵਿਚ ਪ੍ਰਕਾਸ਼ਤ ਹੋ ਰਹੀਆਂ ਹਨ, ਜੋ ਅਨੇਕ ਭਾਵਕ ਰੰਗਾਂ ਨਾਲ ਭੂਸਤ ਕਰਦੀਆਂ ਹਨ, ਪਰ ਬਹੁਤ ਕਰਕੇ ਛੰਦਕ ਚਾਲ ਵਿਚ ਗ਼ਜ਼ਲਾਂ ਹੀ ਹਨ। ਇਨ੍ਹਾਂ ਨੂੰ ਇਸਦੇ ਮੁੱਖ ਵਿਚ ਦਿੱਤੀ ਕਵਿਤਾ ਦੀ ਅਗਵਾਈ ਹੇਠਾਂ ਉਸੇ ਦੇ ਨਾਮ ਨਾਲ ਸੰਬੰਧਤ ਕਰਕੇ 'ਆਵਾਜ਼ ਆਈਂ ਨਾਮ ਦਿਤਾ ਗਿਆ ਹੈ। ਆਸ ਹੈ ਰਸੀਏ ਪਸੰਦ ਕਰਨਗੇ ਤੇ ਲਾਭ ਉਠਾਉਣਗੇ।
ਅਪ੍ਰੈਲ 1998 - ਬਿਨੈਕਾਰ
ਬੜੇ ਤੜਕੇ
ਬੜੇ ਤੜਕੇ ਅਵਾਜ਼ ਆਈ:
"ਪਿਆਲਾ ਯਾਦ ਦਾ ਫੜ ਲੈ,
"ਸੁਰਾਹੀ ਨਾਲ ਲਾਕੇ ਹੁਣ
ਪਿਆਲੇ ਪਿਰਮ-ਰਸ ਭਰ ਲੈ।
"ਤੇ ਲਾ ਬੁੱਲ੍ਹਾਂ ਨੂੰ ਪ੍ਯਾਲਾ ਹੁਣ,
ਸੁਆਦਾਂ ਨਾਲ ਘੁਟ ਭਰ ਭਰ,
"ਸਰੂਰ ਆ ਜਾਏ ਆਪੇ ਨੂੰ.
ਤੂੰ ਆਪੇ ਨੂੰ ਨਵਾਂ ਕਰ ਲੈ।
"ਕਿ ਛਡਦਾ ਤੀਰ ਕਿਰਨਾਂ ਦੇ,
ਖਿੰਡਾਂਦਾ ਸੁਰਤ ਦੁਨੀਆਂ ਦੀ,
"ਪੂਰੇ ਤੋਂ ਆ ਰਿਹਾ ਰਾਜਾ,
ਤੂੰ ਹੁਣ ਜੁੜ ਲੈ, ਤੂੰ ਹੁਣ ਠਰ ਲੈ।
"ਜ਼ਮਾਨਾ ਪਲਟਦਾ ਹਰ ਛਿਨ,
ਕਿ ਦੁਨੀਆਂ ਮਕਰ ਵਿਚ ਜੀਂਦੀ,
"ਨਾ ਸੰਗੀਂ ਹੁਣ ਤੂੰ ਘੁਟ ਭਰਨੋ,
ਇਹ ਘਟ ਅੰਦਰ ਗਿਆ ਜਰ ਲੈ।
''ਜਰੇਂਗਾ ਜੇ, ਖਿੜੇਗਾ ਤੂੰ,
ਤੇ ਖਿੜਿਆ ਫੇਰ ਖੇੜੇਗਾ,
"ਤੇ ਹੁਣ ਖੇੜੇ ਨੂੰ ਤੂੰ ਵਰ ਲੈ,
ਹੁਣੇ ਖੇੜੇ ਨੂੰ ਤੂੰ ਵਰ ਲੈ।
"ਹੈ ਅਨਖੇੜੇ ਦੀ ਝੀਲ ਏ ਜੋ
ਜ਼ਮਾਨਾ ਦਿਨ ਨੂੰ ਲਹਿਰੇਗਾ,
"ਸੁ ਹੁਣ ਓ ਤਾਣ ਭਰ ਲੈ ਤੂੰ,
ਤਰੇਂਗਾ ਤਾਂ, ਜਿ ਹੁਣ ਤਰ ਲੈ।"
ਏ ਕਹਿੰਦੀ ਬੰਦ ਹੋ ਗਈ ਓ
ਅਵਾਜ਼ ਅਰਸ਼ਾਂ ਤੋਂ ਜੋ ਆਈ,
ਰਹੀ ਪਰ ਗੂੰਜਦੀ ਕੰਨੀਂ :
"ਤਰੇਂਗਾ ਤਾਂ, ਜੇ ਹੁਣ ਤਰ ਲੈ।”੧
ਫਕੀਰਾ !
ਫਕੀਰਾ ! ਚਲ ਸੰਭਲਕੇ ਤੂੰ
ਜੇ ਖ਼ੁਸ਼ਬੋਈ ਨਿਕਲ ਤੁਰੀ-ਆ
ਕਿ ਭੌਰੇ ਔਣਗੇ ਦ੍ਵਾਲੇ
ਇਹ ਗਲ ਭਲੀ-ਆ ਤੇ ਭੀ ਬੁਰੀ-ਆ।
ਜੋ ਪਾਰਖੁ ਹਨ ਸੁਗੰਧੀ ਦੇ,
ਜੋ ਗੁੰਜਾਰਾਂ ਦੇ ਗਾਯਕ ਹਨ,
ਇਨ੍ਹਾਂ ਮਸਤਾਂ ਦੀ ਸੁਹਬਤ ਜੋ.
ਫਕੀਰਾ ! ਸੋ ਖਰੀਆ, ਸੋ ਖਰੀ ਆ
ਏ ਪ੍ਯਾਰਨਗੇ ਤੁਧੇ ਤਾਂਈਂ,
ਭੀ ਤੇਰਾ ਪ੍ਯਾਰ ਲੇਵਣਗੇ,
ਲਗੇਗਾ ਰੰਗ ਦੂਹਰਾ ਹੋ,
ਝਰੀ ਮਾਨੋ ਮਧੂ ਝਰੀ ਆ।
ਗੁਣਾਂ ਪ੍ਰੀਤਮ ਦਾ ਗਾਯਨ ਜੋ,
ਖੁਲ੍ਹੇਗਾ ਸਾਦ ਸਿਫ਼ਤਾਂ ਦਾ,
ਹੁਸਨ ਸੁਹਣੇ ਦਾ ਚਮਕੇਗਾ
ਕਿ ਕੁਈ ਸੰਗੀਤ ਦੀ ਪਰੀ ਆ।
ਕੋਈ ਇਕ ਹੋਰ ਆਵਨਗੇ,
ਉਹ ਕਬਜ਼ਾ ਨਿਜ ਜਮਾਵਨਗੇ,
ਨਿਰਾ ਅਪਣਾ ਹੀ ਜਾਣਨਗੇ,
ਇਹ ਸੁਹਬਤ ਮੂਲ ਨਾ ਕਰੀ-ਆ!
ਹਰ ਇਕ ਚਾਹੂ ਤੂੰ ਮੇਰਾ ਹੋ,
ਮੇਰਾ ਹੀ ਇੱਕ ਮੇਰਾ ਹੋ,
ਨ ਹੋਰਸ ਦਾ ਤੂੰ ਹੋ ਰੱਤੀ,
ਇਹ ਚਾਹਨਾਂ ਜਾਣ ਲੈ ਬੁਰੀ-ਆ।
ਬਣਨਗੇ ਦਾਸ ਏ ਤੇਰੇ,
ਪੈ ਹੋਵਨਗੇ ਤਿਰੇ ਮਾਲਕ,
ਨਕੇਲ ਅਣਦਿੱਸਵੀਂ ਪਾਕੇ,
ਇਹ ਖਿੱਚਣਗੇ : ਮਗਰ ਤੁਰੀ ਆ।
ਤੂੰ ਬੰਦਾ ਇਸ਼ਕ ਦਾ ਹੋਵੇਂ !
ਫਕੀਰਾ ! ਹੈਂ ਸੁਤੰਤਰ ਤੂੰ,
ਨਿਰਾਂਕੁਸ ਹੋ ਵਿਚਰਦਾ ਰਹੁ,
ਇਸੇ ਹੀ ਰਵਸ਼ ਤੇ ਤੁਰੀ-ਆ। ੨
ਲਾਜਵੰਤੀ
ਧੁਰ ਤੇ ਸਾਦ ਮੁਰਾਦੇ ਆਏ,
ਹਾਂ ਰੂਪ ਨ ਰੰਗਣਾਂ ਵਾਲੇ,
ਹਾਂ, ਕਿਤੇ ਨ ਆਈਏ ਜਾਈਏ
ਨਿਤ ਵਿਛ ਰਹੇ ਧਰਤੀ ਨਾਲੋਂ,
ਅੱਸੀ ਸੱਦ ਨ ਕਿਸੇ ਬੁਲਾਈਏ,
ਝੁੰਮ ਝੁੰਮੀਏ ਵੱਸ ਨਿਰਾਲੇ,
ਕੋਈ ਗੁਣ ਨਹੀ ਸਾਡੇ ਪੱਲੇ
ਲੈ ਗੋਦ ਸ਼ਰਮ ਨੇ ਪਾਲੇ।
ਅਸਾਂ ਛੇੜ ਤੁਸੀਂ ਖੁਸ਼ ਹੋਵੋ.
ਜਿੰਦ ਸਾਡੀ ਪੈਂਦੇ ਲਾਲੇ,
ਕਿਸੇ ਅਸੀ ਨ ਛੇੜ ਦੁਖਾਈਏ,
ਕਿਉਂ ਸਾਨੂੰ ਕੁਈ ਦੁਖਾਲੇ ?
ਜੁਸਾ ਸਾਡਾ ਛੁਹ ਨ ਸਹਾਰੇ,
ਸਹੁੰ, ਅਸੀਂ ਨ ਨਖ਼ਰਿਆਂ ਵਾਲੇ,
ਕੁਈ ਅਸਾਂ ਨ ਆਕੇ ਛੇੜੋ,
ਅਸੀਂ ਕੱਲੇ ਬੜੇ ਸੁਖਾਲੇ। ੩
ਅਰਦਾਸ
ਹਾਰ ਕੋਸ਼ਿਸ਼ ਗਈ, ਬੈਠੀ ਹਾਰ ਆਸ
ਬਾਂਹ ਛਾਤੀ ਨਾਲ ਲਾਕੇ ਲਾਂ ਸੁਆਸ।
ਸੰਘ ਸੁਕ, ਬੁਲ੍ਹ ਸੁਕ ਗਏ, ਸੁਕ ਗਈ ਜੀਭ
ਤੜਪ ਮੇਰੀ ਤੇ ਕਰੀ, ਸਾਕੀ ! ਕਿਆਸ*।
ਅਬਰੇ ਰਹਮਤ** ਤੇ ਹੈ ਤੱਕਣ ਲਗ ਰਹੀ,
ਮਤ ਕਿਤੇ ਵਸ ਪਏ ਸ਼ਾਂਤੀ ਬੂੰਦ ਖਾਸ।
ਪਾਣੀਆਂ ਵਿਚ ਹਾਂ ਖੜੀ ਪਰ ਪ੍ਯਾਸ ਹੈ,
ਕਿੰਝ ਬੁਝੇ ਪਾਣੀ ਤੋਂ ਸਰਦੀ ਦੀ ਪਿਆਸ?
ਲਬ ਮਿਰੇ ਅਰਦਾਸ ਵਿਚ ਹਨ ਲਗ ਰਹੇ,
ਅਰਸ਼ ਤੋਂ ਮਤ ਵਸ ਪਵੇ ਓ ਬੂੰਦ ਖ਼ਾਸ।
ਜੁੜ ਰਹੇ ਹਨ ਹੱਥ ਕਰਦੇ ਅੰਜੁਲੀ:
ਚਾਟ ਲਾਕੇ, ਸਾਕੀਆ ! ਹੁਣ ਕਿਉਂ ਲੁਕਾਸ?
ਰਹਿਮਤ ਸੁਰਾਹੀ ਖੋਲ੍ਹ ਕੇ ਹੁਣ ਤ੍ਰੱਠਣਾ,
ਲੈ ਲਈ ਨੀਵੇ ਦੀ ਉੱਚੇ ਜੀ ! ਸ਼ਾਬਾਸ਼।
ਆਸ ਅਪਣੇ ਆਪ ਤੇ ਅਜ ਰਹਿ ਚੁਕੀ,
ਆਪ ਹੀ ਘੱਲੇ ਦਰੇ ਹੁਣ ਵਾਉ ਰਾਸ। ੪
--------------
* ਖਿਆਲ, ਫਿਕਰ। ** ਮਿਹਰ ਦੇ ਬੱਦਲ।
ਦਰਦ ਦਾ ਦਾਰੂ
ਦਰਦ ਹੋਵੇ ਲਗਾ ਕੋਈ
ਤਾਂ ਪੀੜਾ ਨਾ ਕਿਸੇ ਕਹੀਏ,
ਦਰਦ ਕੋਈ ਵੰਡਾਂਦ ਨਾ,
ਜੁ ਕਹੀਏ ਸੇ ਬ੍ਰਿਥਾ ਕਹੀਏ;
ਭਰਮ ਭਾ ਆਪਣਾ ਬਣਿਆ
ਗਵਾ ਲਈਏ ਸੁਣਾਕੇ ਦੁਖ
ਸੰਵਰਦਾ ਹੈ ਨਹੀਂ ਕੁਛ ਬੀ,
ਕਿਉਂ ਐਵੇਂ ਹੌਲਿਆਂ ਪਈਏ।
ਫ਼ਕੀਰਾ ! ਦਰਦ ਅਪਣੇ ਦਾ
ਇਕੋ ਦਾਰੂ ਹੈ ਸੁਣ ਕੰਨ ਧਰ !
ਦਰਦ ਜਰ ਲੈਣ ਦੀ ਜਾਚਾ,
ਇ ਸਿਖ ਲਈਏ, ਇ ਸਿਖਲਈਏ :
ਕਿ ਦੁਖ ਸੁਖ ਦਰਦ ਜਰ ਲਈਏ,
ਇਕੋ 'ਸਾਂਈਂ ਦੇ ਹੋ ਰਹੀਏ।
ਓ ਦਰਦੀ ਹੈ ਦੁਖਾਂ ਸਭ ਦਾ,
ਬਿਨਾ ਆਖੇ ਓ ਜਾਣੇ ਹੈ,
ਦਿਲਾ ! ਓਸੇ ਦੇ ਹੋ ਰਹੀਏ,
ਦਿਲਾ ! ਓਸੇ ਦੇ ਹੋ ਰਹੀਏ ! ੫
ਨ ਖ਼ਾਰਜ ਤੂੰ ਕਰੇਂ ਅਰਜ਼ੀ
ਜਦੋਂ ਕੁਈ ਲੋੜ ਆ ਪੈਂਦੀ
ਤਦੋਂ ਲਿਖ ਭੇਜੀਏ ਅਰਜ਼ੀ,
ਕਬੂਲੇ ਯਾ ਕਬੂਲੇ ਨਾਂ
ਤਿਰੀ ਮਰਜ਼ੀ, ਤਿਰੀ ਮਰਜ਼ੀ।
ਗ਼ਰਜ਼ ਲਈ ਅਰਜ਼ ਕਰਨੀ ਜੋ
ਬਣਾ ਦੇਵੇ ਇਸ਼ਕ ਫਰਜ਼ੀ,
ਜੁ ਕੁਛ ਹੋਵੇ ਸੋ ਹੈ ਤੇਰਾ
ਤੇ ਮੇਰੀ ਫਿਰ ਕੀ ਖ਼ੁਦਗਰਜ਼ੀ?
ਭਰਾ ਦੇਹ ਤਾਣ ਅਪਣਾ ਹੁਣ
ਜੋ ਲੱਗੀ ਹੈ ਪੁਗਾ ਦੇ ਤੂੰ
ਨ ਅਲਗਰਜ਼ੀ ਕਰਾਂ ਪ੍ਰੀਤਮ
ਇਸ਼ਕ ਤੇਰੇ ਮੈਂ ਅਲਗਰਜ਼ੀ।
ਕਿਸੇ ਬੀ ਗ਼ੈਰ ਦਾ ਕੋਈ
ਕਿ ਦਿਲ ਮੇਰੇ ਨ ਹੈ ਤਕੀਆ,
ਤਿਰੇ ਹਾਂ ਰੂਪ ਦਾ ਮੁੱਠਾ,
ਤਿਰੇ ਅਹਿਸਾਨ ਦਾ ਕਰਜ਼ੀ।
ਤੂੰਹੀ ਪ੍ਰੀਤਮ ਹੈਂ ਇਕ ਐਸਾ
ਲਗਨ ਨਿੱਕੀ ਬੀ ਸਯਾਣੇ ਤੂੰ
ਲਗਾਵੇਂ ਦੇਰ ਚਹਿ ਭਾਵੇਂ
ਨਾ ਖ਼ਾਰਜ ਤੂੰ ਕਰੇਂ ਅਰਜ਼ੀ। ੬
ਨਾਥ ਕਿ ਅਨਾਥ?
ਜਿਸਨੇ ਨੇਹੁੰ ਨ ਲਾਯਾ ਪ੍ਰੀਤਮ
'ਨਾਥ' ਹੋਇਕੇ ਰਿਹਾ 'ਅਨਾਥ.
ਕਰਮ ਧਰਮ ਸੁਚ ਸੰਜਮ ਪੂਜਾ
ਸਭ ਕੁਛ ਉਸਦਾ ਗਿਆ ਅਕਾਥ।
ਘੋਟੇ ਕਈ ਪੁਸਤਕਾਂ ਲਾਏ.
ਖਿਚਦਾ ਰਿਹਾ ਵਾਲ ਦੀ ਖਾਲ,
'ਸੁੰਦਰ ਦੀ ਖਿਚ ਪਈ ਨ ਸੀਨੇ
ਵਾਹ ਨ ਪਿਆ ਅੰਝੂਆਂ ਸਾਥ।
ਪਿਰਮ ਰਸੋਂ ਇਕ ਬੂੰਦ ਨ ਚੱਖੀ,
ਯਾਦ ਸਿਫਤ ਦੀ ਲਗੀ ਨ ਤਾਰ,
ਉਮਗ ਉਮਗ ਹਿਯਤਾ ਨ ਉਛਲਿਆ
ਬੈਠ ਉਡੀਕ ਨ ਤਕਿਆ ਪਾਥ।
ਰਾਗ ਰੰਗ ਦਿਲ-ਕੁਸਿਆਂ ਵਾਲੀ
ਕਦੇ ਵਿਲਕਣੀ ਪਈ ਨ ਕੰਨ
ਸੁਆਦ ਬਿਰਹੁਂ ਦਾ ਪਿਆ ਨ ਪੱਲੇ,
ਰਿਹਾ ਝਾੜਦਾ ਖਾਲੀ ਹਾਥ।
ਖ਼ੁਸ਼ਕ ਰਹੇ ਲਬ, ਖ਼ੁਸ਼ਕ ਰਿਹਾ ਮਨ,
ਕਦੇ ਨ ਜੁੰਬਸ਼ ਖਾਧੀ ਰੂਹ,
ਕਿਸ ਗਲ ਦਾ ਉਹ ਸ੍ਵਾਮੀਂ ਹੋਯਾ.
ਕਿਸ ਗਲ ਦਾ ਉਹ ਹੋਯਾ ਨਾਥ? ੭
ਅਨਖੇੜੇ ਤੋਂ ਬੇਪ੍ਰਵਾਹ
ਨ ਬੇਸੁਰਿਆਂ ਨੂੰ ਛੇੜ ਐ ਦਿਲ !
ਏ ਸੁਰ ਹੁੰਦੇ ਸਰੋਦੇ ਨਾ,
ਜਿ ਹੋ ਜਾਵਣ ਤਾਂ ਸੁਰ ਉੱਤੇ
ਕੋਈ ਪਲ ਛਿਨ ਖੜੋਂਦੇ ਨਾ।
ਵਜਾਵੇਂ ਬੇਸੁਰੇ ਜੇਕਰ
ਸੁਰੋਂ ਤੈਨੂੰ ਉਖੇੜਨਗੇ,
ਤੂੰ ਲੁੱਡੀ ਪਾ ਤਿ ਨਚ ਐ ਦਿਲ !
ਕਿ ਨਚਦੇ ਹਾਰ ਪ੍ਰੋਂਦੇ ਨਾ।
ਅਜ ਅੱਧੀ ਰਾਤ ਸਾਕੀ ਨੇ
ਜਗਾ ਕੇ ਆਖਿਆ ਮੈਨੂੰ:
'ਗਗਨ ਚੜ੍ਹਦੇ ਜੁ ਚੰਨ ਵਾਂਝੂ
ਕਦੇ ਚੱਕੀ ਉ ਝੋਦੇ ਨਾ।
'ਤੂੰ ਹੋ ਰੌਸ਼ਨ, ਤੇ ਰਹੁ ਰੌਸ਼ਨ,
ਤੇ ਸਿਟਦਾ ਰੌਸ਼ਨੀ ਜਾ ਤੂੰ,
'ਕਿ ਸੂਰਜ ਚੰਨ ਹਨ੍ਹੇਰੇ ਨੂੰ
ਕਦੇ ਬੀ ਬੈਠ ਧੋਂਦੇ ਨਾ।
'ਲੁਟਾ ਖੁਸ਼ਬੂ ਗੁਲਾਬਾਂ ਜਿਉਂ
ਤੇ ਮੇਘਾਂ ਵਾਂਙ ਛਹਿਬਰ ਲਾ,
'ਖਿੜੇ ਖੇੜਾ ਲੁਟਾਂਦੇ ਹਨ
ਓ ਅਨਖੇੜੇ ਨੂੰ ਰੋਂਦੇ ਨਾ। ੮
ਦੁੱਖ ਸੁੱਖ
ਆਸਮਾਨ ਨੂੰ ਅਸਾਂ ਪੁੱਛਿਆ:
'ਦੁੱਖ ਸਹਿਣ ਦੀ ਦੱਸੀ ਗੱਲ !"
ਗਰਜ ਕਿਹਾ ਉਸ ਨੀਲੇ ਬੁੱਢੇ:
'ਝੱਲ, ਝੱਲ, ਬਈ ਝਲਦਾ ਚੱਲ !"
ਅਸਾਂ ਕਿਹਾ: 'ਹੈ ਝੇਲਣ ਅਉਖਾ.
ਹੋਰ ਦੱਸ ਕੁਈ ਸੌਖੀ ਗੱਲ?
ਖਿਰਨ ਛਿੜੀ ਫਿਰ ਬਦਲਾਂ ਵਿਚੋਂ :
ਝੱਲ, ਝੱਲ, ਬਈ ਝਲ ਝਲ ਝੱਲ।
ਚੀਰ ਗਗਨ ਨੂੰ ਅਰਜ਼ ਅਸਾਡੀ
ਨਿਕਲ ਗਈ ਫਿਰ ਦੂਜੀ ਵੱਲ,
ਵਾਜ ਆਈ: 'ਰਖ ਨਜ਼ਰ ਅਸਾਂ ਵਲ
ਦੁਖ ਜਾਏਗਾ ਐਦਾਂ ਟੱਲ।
'ਬੁਰਾ ਨਹੀਂ ਹੈ, ਭਲਾ ਹੈ ਸਭ ਕੁਝ,
ਦੁਖ ਨਾਹੀ, ਹੈ ਸਭ ਹੀ ਸੁੱਖ,
'ਸਾਥੋਂ ਵਿੱਛੁੜ ਦੁਖ ਦੁਖ ਲਗਦੇ,
ਮਿਲਿਆ ਰਹੇ ਤਾਂ ਰਹਿਸੇ ਵੱਲ।'੯
ਦਿਲ ਗਿਆ ਦਿਲਦਾਰ ਵੱਲ
৭.
ਮੈਂ ਨਹੀਂ ਦਿਲਦਾਰ ਦਿਲਦਾ,
ਦਿਲ ਗਿਆ, ਦਿਲਦਾਰ ਵੱਲ।
ਫਿਰ ਕਿਹਾ ਰੋਣਾਂ ਅਸਾਂ
ਜੇ ਦਿਲ ਗਿਆ ਦਿਲਦਾਰ ਵੱਲ।
ਦਿਲ ਰੱਖੇ ਦਿਲਦਾਰ ਜੇ ਕਰ
ਦਿਲ ਸਮਾਇਆ ਆਪਣੇ,
ਕੌਣ ਫਿਰ ਵਾਪਸ ਮੰਗਾਏ
ਦਿਲ ਗਿਆ ਜੋ ਯਾਰ ਵੱਲ।
ਤੂੰ ਨਾ ਕਹੁ: 'ਦਿਲਦਾਰ ਦਿਲ ਲੈ
ਐਂ ਕਰੇ, ਐ ਨਾਂ ਕਰੇਂ;
ਸੂਲੀ ਚੜ੍ਹੇ 'ਸੀਂ ਨਾ ਕਰੇ
ਜਦ ਝੁਕ ਗਿਆ ਦਿਲ ਪ੍ਯਾਰ ਵਲ।
ਦਿਲ ਗਿਆ ਦਿਲਦਾਰ ਵਲ
ਬਾਕੀ ਰਿਹਾ ਇਹ ਕੌਣ ਹੈ ?
ਸ਼ੋਰ ਸ਼ਿਕਵੇ ਕਰ ਰਿਹਾ ਹੈ
ਮਹਿਰਮੇ ਇਸਰਾਰ* ਵੱਲ ?
------------------
* ਭੇਤਾਂ ਦਾ ਜਾਣੂ, ਭਾਵ ਅੰਤਰਯਾਮੀ ਵਾਹਿਗੁਰੂ
२.
ਕੋਇਲ ! ਕੁਕੇਂਦੀ ਨਾ ਫਬੇਂ :
"ਦਿਲ ਲੈ ਗਿਆ, ਦਿਲ ਲੈ ਗਿਆ"।
ਦਿਲ ਜਾਣ ਦੇਹ, ਸਿਰ ਜਾਣ ਦੇਹ,
ਜੇ ਹੈ ਗਿਆ ਸਿਰਦਾਰ ਵੱਲ।
ਜੇ ਨਹੀਂ ਦਿਲਦਾਰ ਨੇ ਦਿਲ,
ਬੁਲਬੁਲੇ ! ਮਕਬੂਲਿਆ,*
ਤੂੰ ਝੁਕੀ ਰਹੁ ਮਸਤ ਹੋਕੇ
ਯਾਰ ਦੇ ਦੀਦਾਰ ਵੱਲ।
'ਪੀ ਪੀ ਪਪੀਹਾ ਕਿਉਂ ਕਰੇ,
ਪੀਆ ਨਾ ਯਾਰਾਂ ਜਦ ਕਹੇ ?
ਦਿਲ ਧਰ ਤਲੀ ਤੇ ਭੇਟ ਲੈ,
ਟਕ ਬੰਨ੍ਹ ਪੀਅ ਦਰਬਾਰ ਵੱਲ।
ਦਿਲ ਦੇਵਣਾ, ਫਿਰ ਬੋਲਣਾ,
ਦਿਲ ਰੱਖਣਾ ਹੈ ਸੁਹਣਿਓ !
ਦਿਲ ਦੇ ਦਿਓ, ਦਿਲ ਵਾਲਿਓ !
ਸਿਰ ਟੇਕਕੇ ਸਰਦਾਰ ਵੱਲ।
ਦਿਲ ਦੇਣ ਦੀ ਆਸੰਙ ਨਹੀਂ,
ਦਿਲਬਰ ਬਣੋ, ਦਿਲ ਲੈ ਲਓ
ਆਜਿਜ਼ ਇਜਜ਼ ਦੇ ਨਾਲ ਹੈ
ਪਿਆ ਤੱਕਦਾ ਸਰਕਾਰ ਵੱਲ ! ੧੦
ਗਾਇਕਾਂ ਨੂੰ
ਦੱਫ ਚੰਗ ਵਾਲੇ ਗਾਇਕੋ !
ਮਜਲਸ ਨੂੰ ਦੇਂਦੇ ਖੁਸੀ ਲਾ.
ਰਸ ਰੰਗ ਭਰਦੇ ਪ੍ਯੱਕੜਾਂ,
ਦੇਂਦੇ ਹੋ ਝੂੰਮਾਂ ਵਿੱਚ ਪਾ।
ਦੇਂਦੇ ਹੋ ਝੂੰਮਾਂ ਵਿੱਚ ਪਾ.
ਮਜਲਸ ਨੂੰ ਦੇਂਦੇ ਖੁਸ਼ੀ ਲਾ,
ਦੋਲਤ ਸਰੂਰਾਂ ਵਾਲੜੀ
ਦੇਂਦੇ ਹੋ ਸਾਰੀ ਲੁਟ ਲੁਟਾ।
ਪੀਂਦੇ ਨ ਹੋ ਇਕ ਘੁੱਟ ਭਰ
ਇਸ ਪਿਰਮ ਰਸ ਤੋਂ ਆਪ ਜੀ !
ਸੁੱਕੇ ਲਬੀ ਹੀ ਉੱਠ ਟੁਰੋ,
ਧਾੜਾ ਕੀ ਪੈਂਦੇ ਤੁਸਾਂ ਆ?
ਸਾਕੀ ਬੀ ਹੁੰਦੇ ਮਜਲਸੇ,
ਪ੍ਯਾਲਾ ਸੁਰਾਹੀ ਹੋਵਦੇ,
ਵਾਹ ਵਾਹ ਬਹਾਦਰ ਗਾਇਕੋ !
ਪੈਂਦੀ ਪਰਾ ਤੇ ਬੂੰਦ ਨਾ !
ਤਾਂਹੀਓ ਕਵੀ ਗੁਰਦਾਸ ਨੇ
ਰੰਗ-ਰੱਤੜੇ ਪਿਰ ਆਪਣੇ,
ਪਉੜੀ ਉਚਾਰੀ ਇੱਕ ਸੀ
ਦਿੱਤੀ ਸੀ ਸਾਰੇ ਜਗ ਸੁਣਾ:
ਪ੍ਯੱਕੜ ਤਾਂ ਪੀ ਪੀ ਹੋ ਗਏ
ਰੰਗ ਰੱਤੜੇ ਰਸ ਰੰਗ ਵਿਚ,
ਗਾਇਕ ਪਿਆਊਂ ਰਹਿ ਗਏ
ਵਿਚ ਅੱਕਰਾਂ ਵਿਚ ਟੱਕਰਾਂ* ੧੧
-------------------
*ਦੇਖੋ ਭਾਈ ਗੁਰਦਾਸ ਵਾਰ ੩੯-੮
ਰਾਗੀਆਂ ਨੂੰ
(ਸਿੱਖ੍ਯਾ ਤੇ ਅਸੀਸ)
ਜੋੜੀ ਸਿਰੰਦੇ ਵਾਲਿਓ!
ਖੁਸ਼ ਗਲੇ ਵਾਲੇ ਸੁਹਣਿਓ !
ਅਰਸ਼ੀਆਂ ਦੇ ਗੀਤ ਗਾ ਗਾ
ਦਿਲ ਅਸਾਡੇ ਮੋਹਣਿਓ !
ਲੱਗੇ ਸੁਹਾਵੇ ਖੰਭ ਹਨ
ਤੁਹਾਡੀ ਸੁਰੀਲੀ ਵਾਜ ਨੂੰ
ਲੈ ਉੱਡਦੇ ਆਕਾਸ਼ ਨੂੰ,
ਅਰਸ਼ੀ ਅਲਾਪਾਂ ਛੁਹਣਿਓ!
ਪੈਦਾ ਜੁ ਕਰਦਾ ਹਾਲਤਾਂ-
ਗਾਇਨ ਤੁਸਾਡਾ ਮਰਮੀਆਂ,
ਭਿਜ ਜਾਓ ਮਰਮਾਂ ਵਿੱਚ ਖ਼ੁਦ
ਸਾਡੇ ਦਿਲਾਂ ਨੂੰ ਕੁਹਣਿਓ !
ਪੋਹ ਪੋਹ ਅਸਾਨੂੰ ਸੁਰ ਤੁਸਾਡੀ
ਦ੍ਰਵਣਤਾ ਲਾ ਦੇ ਵਦੀ,
ਦ੍ਰਵ ਜਾਓ ਆਪੂੰ ਸੁਹਣਿਓ !
ਸਾਡੇ ਦਿਲਾਂ ਨੂੰ ਪੁਹਣਿਓ !
ਰੰਗ ਚੜ੍ਹੇ ਦੂਣਾ ਚੌਣ ਹੋ,
ਮਜਲਸ ਸਰੂਰੀਂ ਝੂੰਮ ਪੈ,
ਲਗ ਜਯੇ ਸਮਾਧੀ ਫਿਰ ਸਰੂਰੋਂ
ਸੁਰਤਾਂ ਦੀ ਸੁਰਹੀ ਦੁਹਣਿਓ !੧੨
ਜੀਵਨ ਸੁਗਾਤ
ਇਕ ਜਯੋਤਸ਼ੀ ਨੇ ਪੁੱਛਯਾ, ਅਜ ਹੁੰਦਿਆਂ ਪ੍ਰਭਾਤ
"ਕਿਸ ਗ੍ਰਹਿ ਦੀ ਖੋਜ ਕੀਤੀ ਤੂੰ ਹੈਵੇ ਅੱਜ ਰਾਤ?"
ਇਕ ਨੈਣ ਨੀਰ ਭਰਕੇ, ਇਕ ਅੱਖ਼ ਹਸ ਮਟੱਕੇ
ਇਕ ਤਰਸ ਦੀ ਨਜ਼ਰ ਪਾ ਆਖੀ ਅਸਾਂ ਏ ਬਾਤ-
"ਤਾਰੇ, ਹੇ ਜ੍ਯੋਤਸ਼ੀ ਤੈਂ ਗਿਣ ਗਿਣ ਲੰਘਾਈ ਰਾਤ,
"ਤਾਰੇ ਗਿਣੇਂਦਿਆਂ ਹੈ ਮੈਂ ਬੀ ਬਿਤਾਈ ਰਾਤ,
"ਦੜ ਵੱਟ ਬੈਠਿਆਂ ਤੂੰ, ਇਕ ਟੱਕ ਨੀਝ ਲਾਕੇ,
"ਗਿਣ ਗਿਣਕੇ ਉਂਗਲਾਂ ਤੇ ਲਿਖ ਲਿਖ ਸੁਕਾਈ ਦ੍ਵਾਤ।
"ਇਕ ਆਹ ਸਰਦ ਤੇਰੀ ਨਿਕਲੀਨ ਸੁਹਣਿਆਂ ਵੇ !
"ਅੱਥਰ ਨ ਇੱਕ ਤੇਰੇ ਨੈਣਾਂ ਤੋਂ ਹੋਈ ਪਾਤ।
"ਤੂੰ ਤੱਕਿਆ ਤ੍ਰਬਕ ਦੇ ਇਕ ਵੇਰ ਬੀ ਨਹੀਂ ਹੈ,
"ਤਾਰਿਆਂ ਨੇ ਦਰਦ ਖਾ ਕੇ ਤੈਂ ਤੇ ਨ ਪਾਈ ਝਾਤ।
"ਸਾਡੇ ਗ਼ਮਾਂ ਨੂੰ ਦੇਖੀ ਰੋ ਰੋ ਬਿਤੀ ਹੈ ਰੈਣ ਏ,
"ਘਾਵਾਂ ਅੰਦਰਲਿਆਂ ਨੇ ਰਿਸ ਰਿਸ ਬਿਤਾਈ ਰਾਤ।
"ਆਹਾਂ ਸਰਦ ਨੇ ਉਠ ਉਠ ਵੈਰਾਗਿਆ ਹਵਾ ਨੂੰ,
"ਠੰਢੇ ਇਹ ਸਾਹ ਭਰਦੀ ਹੋਈ ਅਜੇ ਨ ਸ਼ਾਂਤਿ।
"ਸ਼ਬਨਮ ਮੈਂ ਰੋਣ ਤਕ ਤਕ ਰੋਈ ਹੈ ਨਾਲ ਮੇਰੇ,
"ਭਿੱਜੀ ਪਈ ਸੁ ਸਾੜ੍ਹੀ ਸਾਵਣ ਵਸੇ ਦੀ ਭਾਂਤਿ।
"ਸਨ ਤਾਰਿਆਂ ਦੇ ਨੈਣਾਂ ਰਹੇ ਡਲਕ ਡਲਕ ਭਰਦੇ
"ਤਕ ਤਕ ਕੇ ਬਿਰਹਾ ਸਾਡਾ ਚਾਨਣ ਦੀ ਪਾਂਦੇ ਝਾਤ।
"ਮਤ ਆ ਜਏ ਓ ਸਾਡਾ ਜਾਨੀ ਕਿਸੇ ਪਲੇ ਛਿਨ
"ਰਸਤੇ ਕਰੇਂਦੇ ਰੌਸ਼ਨ ਤਾਰੇ ਰਹੇ ਨੇ ਰਾਤ।
"ਸਜਣਾ ! ਅਸੀਂ ਰਹੇ ਹਾਂ, ਇਕ ਇੰਤਜ਼ਾਰ ਕਰਦੇ
"ਵਿਚ ਕਦੇ ਆਹੋ ਜ਼ਾਰੀ ਹੋ ਸ਼ਾਂਤਿ ਤੇ ਅਸ਼ਾਂਤਿ।
"ਕਦੀ ਤ੍ਰਬਕ-ਆਸ ਪੁੰਨੀ, ਕਦੇ ਕਰਕ ਕਾਲਜੇ ਦੀ,
"ਇਉਂ ਇਸ਼ਕ ਦੇ ਫਰਿਸ਼ਤੇ ਤਕ ਤਕ ਕੇ ਲਾਏ ਘਾਤ।
"ਕਦੇ ਰੋਂਦਿਆਂ ਹਸਾਵੇ, ਕਦੇ ਚੁੱਪ ਮਗਨ ਕਰਦਾ,
"ਕਦੇ ਹਸਦਿਆਂ ਰੁਆਵੇ, ਕਦੇ ਪੁੱਛਦਾ ਨ ਬਾਤ।
"ਹੈ ਖੁਰਾਕ ਦਿਲ ਦੀ ਮੇਰੇ ਬਨ ਦਰਦ ਇਹ ਗਈ ਹੈ
"ਤੇ ਦਰਦ ਨੂੰ ਇਹ ਦਿਲ ਹੈ ਭਾਇਆ ਜਿਵੇਂ ਸੁਗਾਤ।"
ਲੋਕੋ ! ਜੇ ਚਾਹ ਹੈ ਜੇ, ਕੁਛ ਦਰਦ ਖ੍ਰੀਦਣੇ ਦੀ
ਝੋਲੀ ਭਰੀ ਪਈ ਜੇ ਲੁਟ ਲੈ ਲਓ ਏ ਦਾਤ !
ਨਹੀਂ, ਵਾਂਙ ਜ੍ਯੋਤਸ਼ੀ ਦੇ ਖਪ ਖਪ ਕੇ ਵਿਚ ਹਿਸਾਬਾਂ
ਇਸ ਦਰਦ ਦੀ ਕਣੀ ਤੋਂ ਖਾਲੀ ਚੜ ਪ੍ਰਭਾਤ।
ਉਠ ਟੁਰ ਪਓਗੇ ਗਿਣਦੇ ਲੋਕਾਂ ਦੇ, ਅਪਨੇ, ਭਾਗ,
ਬੇਦਾਗ਼ ਇਸ਼ਕ ਛਾਪੇ, ਪਯਾਰਾਂ ਦੀ ਛੂਹ ਨ ਛਾਤ;
ਬਿਨ ਚੱਮੇ ਓਸ ਰਸ ਦੇ ਜੋ ਗ਼ਮ ਮਹਬੂਬ ਅੰਦਰ
ਦਾਤੇ ਲੁਕਾਕੇ ਧਰਿਆ, ਜੀਵਨ ਦੀ ਜੋ ਸੁਗਾਤ। ੧੩
ਕਹੇ ਇਹਨਾਂ ਦੇ ਨਾ ਪੀਵੀਂ !
ਜ ਪੀਂਦੇ ਨਾ, ਪਿਲਾਵਣ ਜੇ
ਕਹੇ ਇਹਨਾਂ ਦੇ ਨਾ ਪੀਵੀਂ !
ਮਿਲੇ ਸਰਵਰ ਜਿ ਮਸਤਾਂ ਦਾ,
ਕਹੇ ਉਸ ਦੇ ਤੂੰ ਗੁਟ ਥੀਵੀਂ।
'ਸਿਆਣਪ-ਪੈਰ' ਜੋ ਟੁਰਦੇ,
ਓ 'ਮਨ-ਮਸਤੀਂ ਦੇ ਖੰਭਾਂ ਨੂੰ
ਨ ਜਾਣਨ ਏ ਵਿਛੋੜਾ ਹਨ
ਇ ਲੈ ਉੱਡਣਗੇ ਦਿਨ ਦੀਵੀਂ।
'ਫਰਸ਼ ਆਪੇ' ਤੋਂ ਲੈ ਉੱਡਣ
'ਅਰਸ਼-ਪਰਦੇਂ ਨੂੰ ਜਾ ਪਾੜਨ
ਦਿਖਾਵਣ ਹੁਸਨ ਦੀ ਝਾਕੀ
ਲੁਕੀ ਬੈਠੀ ਜੁ ਹੋ ਖੀਵੀ।
ਕਦਮ ਹੋਸ਼ਾਂ ਦੇ ਸੜ ਜਾਂਦੇ
ਜਦੋਂ ਛੁਹਦੇ ਨੀ ਪੜਦੇ ਨੂੰ
ਫਟੇ ਲੀਰਾਂ ਹੋ ਨੀਲਾ ਏ
ਜਦੋਂ ਮਸਤਾਂ ਦੀ ਛੁਹ ਛੀਵੀ।
ਜਦੋਂ ਦੀਦਾਰ ਹੁਸਨਾ ਦੇ
ਤਦੋਂ ਨਜ਼ਰਾਂ ਲਿਪਟ ਜਾਣਾ,
ਲਿਪਟ ਖਾਂਦੇ ਕਿਵੇਂ ਪਰਤਣ
ਵਤਨ ਹੋਸ਼ਾਂ ਦੇ-ਥਾਂ ਨੀਵੀਂ।
ਮੈਂ ਡਿੱਠੇ ਗਗਨ ਤੇ, ਸਹੀਓ !
ਪਤੰਗੇ ਬਨ ਰਹੇ ਤਾਰੇ
'ਨਜ਼ਾਰੇ-ਨੂਰ' ਦੇ ਦੁਆਲੇ
ਸਦਕੜੇ, ਵਾਰਨੇ ਥੀਵੀ।
'ਨਜ਼ਰ ਨਾਜ਼ਰ ਨਜ਼ਾਰੇ ਦਾ
ਮੁਨੱਜ਼ਰ ਹੈ ਅਜਬ ਸਹੀਓ !
ਮੈਂ ਮੋਈ ਏਸ ਝਲਕੇ ਸਾਂ.
ਝਲਕ ਏਸੇ ਤੋਂ ਮੁੜ ਜੀਵੀ।
ਚੜ੍ਹਾ ਭੱਠੀ ਤੂੰ 'ਯਾਦਾਂ ਦੀ
ਇਸ਼ਕ ਦਾ ਰਸ ਚੁਆ ਇਸ ਤੋਂ
ਲਬਾ ਲਬ ਜਾਮ ਭਰ ਭਰ ਪੀ
ਜੁ ਏ ਮਸਤੀ ਨਜ਼ਰ ਢੀਵੀ।
ਮੈਂ ਸੁਣਿਆ ਰਾਤ ਨੂੰ ਸਹੀਓ !
ਮੈਂ ਡਿੱਠਾ ਅੱਜ ਤੜਕੇ ਹੀ
ਜੋ ਇਸ ਮਸਤੀ ਤੋਂ ਖਾਲੀ ਹੈ,
ਉਨ੍ਹੇ ਨਹੀਂ ਹੋਸ਼-ਮਦ ਪੀਵੀ। ੧੪
ਸੰਸਾਰ ਦਾ ਕੱਬਾਪਣ
ਬਣਾਇਆ ਤੀਰ ਸੀ ਸਿੱਧਾ
ਧਨੁਸ਼ ਜਿਉਂ ਹੋ ਗਿਆ ਕੱਬਾ,
ਮਨੁੱਖ ਦੇ ਭਾਇ ਕੀ ਵਰਤੀ?
ਤੂੰ ਦੱਸ ਮੈਂ ਸੁਹਣਿਆ ਰੱਬਾ !
ਕੁਈ ਸ਼ੈਤਾਨ ਸਚਮੁਚ ਹੈ,
ਤੇ ਉਸ ਦਾ ਲਗ ਗਿਆ ਦਾਓ?
ਫਫੇ ਕੁੱਟਣ ਕੁਈ ਮਾਯਾ.
ਇਹ ਉਸ ਦਾ ਦਾਉ ਹੈ ਫੱਬਾ?
ਕਿ ਵਿੰਗਾ ਹੋ ਗਿਆ ਆਪੇ
ਬਿਨਾ ਕਾਰਣ ਬਿਨਾ ਕੀਤੇ
ਕਿਵੇਂ ਇਸ ਚੰਦ ਮੁਖੜੇ ਤੇ
ਸਿਆਹੀ ਪੈ ਗਿਆ ਧੱਬਾ?
ਕਿਸੇ ਦੇ ਨਾਲ ਵਰਤੇ ਸਾਫ਼,
ਸਿੱਧੇ ਤੀਰ ਹੋ ਵਰਤੇ,
ਉ ਟੇਢਾ ਹੋ ਕੇ ਵਰਤੇਗਾ,
ਤੇ ਹਰ ਗੱਲੇ ਰਹੂ ਕੱਬਾ।
ਜਿਦ੍ਹਾ ਦਿਲ ਫੋਲਕੇ ਦੇਖੋ,
ਉਹ ਲੀਰਾਂ ਦੀ ਸਜਾਵਟ ਹੈ,
ਉ ਲੀਰਾਂ ਨੂੰ ਫਬਾ ਸੀਤਾ
ਜਿਵੇਂ ਕਸ਼ਮੀਰ ਦਾ ਗੱਬਾ।
ਜੇ ਸਿੱਧਾ ਮਿਲ ਪਵੇ ਕੋਈ
ਤਾਂ ਅਕਲੋਂ ਸੁੰਨ ਹੁੰਦਾ ਹੈ,
ਜੇ ਆਕਿਲ ਮਿਲ ਪਵੇ ਕੋਈ.
ਉ ਵਿੰਗਾ ਹੈ ਤੇ ਹੈ ਕੱਬਾ।
ਦਿਲਾ ! ਤਕ ਤਕ ਰਹੀਂ ਸਿੱਧਾ,
ਫਿਕਰ ਕਰ ਆਪਣਾ ਸੁਹਣੇ !
'ਹਲਬ-ਸ਼ੀਸ਼ਾ ਸਦਾ ਹਥ ਰਖ,
ਮਤਾਂ ਹੋ ਜਾਇ ਤੂੰ ਚਿੱਬਾ।
ਨ ਖਾ ਡੋਬਾ, ਨ ਦਿਲਗੀਰੀ,
ਰਹੇ ਸਿੱਧਾ ਤੇ ਚਲ ਸੋਧੇ,
ਚਬਾ ਦਾਣੇ ਲੋਹੇ ਵਰਗੇ,
ਰਹੇ ਕਹਿੰਦਾ 'ਸ਼ੁਕਰ ਰੱਬਾ !' ੧੫
ਇਸ ਜਿੰਦ ਹੋਈ ਜਿੰਦਹੀਨ ਨੂੰ
ਹੁਣ ਛੁਹ ਲਾ 'ਜਿੰਦੜੀ ਪਾਣ
ਕੁਈ ਬਿਜਲੀ ਹੋਕੇ ਆ ਛੁਹੀ
ਕੁਈ ਛੇੜੀ ਥਰਰ ਥਰਾਣ।
ਕੁਈ ਤਾਰਾ ਬਲਦਾ ਉੱਡਦਾ
ਹੋ ਉਤਰੀ ਛੇਤੀ ਹੇਠ,
ਲਸ ਨੀਲੀ ਨੀਲੀ ਥਰਕਵੀ
ਛੁਹ ਦੇਕੇ ਭਰ ਦੇ ਤ੍ਰਾਣ !
ਕੁਈ ਤੇਜ ਅਲਾਂਬਾ ਆਪਣਾ
ਲੈ ਸੂਰਜ ਵਾਂਙੂ ਆਉ।
ਤੇ ਕਿਰਨ-ਤੀਰ ਘੱਲ ਪੋੜਵੇਂ
ਖਿਚ ਅਪਣਾ ਤੀਰ ਕਮਾਣ।
ਯਾ ਮਿਕਨਾਤੀਸੀ ਛੁਹ ਕੁਈ
ਅਵੇ ਤੂੰ ਚੁੰਬਕ ਦੇ ਮੇਰੁ !
ਹੁਣ ਥਰਰ ਕਰੇਂਦੀ ਲਾਇਕੇ,
ਇਹ ਜੀਉਂਦੇ ਕਰਦੇਹ ਪ੍ਰਾਣ।
ਹਾਂ ਪਾਰਸ-ਨੁਹਕਰ ਨਾਲ ਹੁਣ, ਕੁਈ ਪੱਕਾ ਕਰੀ ਵਟਾਉ,
ਜਿੰਦ ਨ ਹੁਇ ਜਿੰਦਹੀਨ ਮੁੜ,
ਪਵੇ ਨ ਕੋਈ ਕਾਣ। ੧੬
ਇਕ ਸ੍ਵਰਤਾ
ਜੁ ਤਾਰ ਕਲਗ਼ੀ ਦੀ ਹਿਲ ਰਹੀ ਹੈ,
ਉ ਤਰਬ ਦਿਲ ਦੀ ਕੰਬਾ ਰਹੀ ਹੈ,
ਜੁ ਤਾਰ ਓ ਧੁਨਿ ਵਜਾ ਰਹੀ ਹੈ
ਸੁ ਤਰਬ ਮੇਰੀ ਛਿੜਾ ਰਹੀ ਹੈ।
ਨ ਕਾਰ ਕੋਈ ਨ ਜ਼ੋਰ ਕੋਈ,
ਹਿਸਾਬ ਕੋਈ ਨ ਗਿਣਨ ਗਿਣਤੀ,
ਸੁਰ ਹੋ ਰਿਹਾ ਏ ਤਰਬ ਆਪੇ
ਜੁ ਆ ਰਿਹਾ ਹੈ ਸੁਣਾ ਰਹੀ ਹੈ।
ਜਿ ਨੂਰ ਅਰਸ਼ੀ ਨੇ ਗਿਣੇਂ 'ਤੇਰਾਂ'
ਤੇ 'ਤੇਰਾਂ' 'ਤੇਰਾਂ' ਦੀ ਧੁਨਿ ਲਗੀ ਹੈ,
'ਮੇਰਾ' 'ਮੇਰਾ' ਦੀ ਧੁਨਿ ਅਰਸ਼ ਤੋਂ
ਧਾਈ ਮਿਲਨੇ ਨੂੰ ਆ ਰਹੀ ਹੈ।
ਦਿਹ ਛੱਡ ਸਾਕੀ ਨ ਭਰ ਪਿਆਲੇ,
ਮੂੰਹ ਨੂੰ ਲਾ ਦੇ ਸੁਰਾਹੀ ਸਾਰੀ,
ਕਿ ਤਾਰ ਬੱਝੀ ਨ ਹੋਇ ਢਿੱਲੀ
ਜੁ ਐਸ ਵੇਲੇ ਕਸਾ ਰਹੀ ਹੈ।
ਪੁਚਾ ਦੇ ਬੁਲਬੁਲ-ਦੁਆ ਏ ਸਾਡੀ
ਤੂੰ ਬਾਗ਼ ਦੁਨੀਆਂ ਦੇ ਬਾਗ਼ਬਾਂ ਨੂੰ
ਮਰਜ਼ੀ ਸਾਡੀ ਉਹ ਸੁਰ ਵਜਾਵੇ
ਰਜ਼ਾ ਤੁਸਾਡੀ ਜੁ ਗਾ ਰਹੀ ਹੈ। ੧੭
ਹਾਜ਼ਰ ਤੇ ਹਜ਼ੂਰੀ
ਸ਼ਾਮਾਂ ਤੇ ਹਨੇਰਾ ਅਤੇ ਤਾਰਿਆਂ ਦੀ ਲੋ,
ਕਿਨਾਰਿਆਂ ਤੇ ਦੀਵਿਆਂ ਦੀ ਟਿਮਟਿਮ ਪਈ ਹੋ :
ਕੂਲੇ ਕੂਲੇ ਪਾਣੀਆਂ ਤੇ ਤਿਲਕੇ ਮੇਰੀ ਨਾਉ,
ਕੁਲੇ ਨਾਉ ਗੁਦੇਲਿਆਂ ਤੇ ਲੱਗਾ ਮੇਰਾ ਢੋ।
ਕੁਲੀ ਇਕ ਪੁਕਾਰ ਮੇਰੀ ਜਿੰਦ ਤੋਂ ਉਠੀ:
"ਹਜ਼ੂਰੀ ਦਾਨ ਹੋ, ਮੈਂ ਹਜ਼ੂਰੀ ਦਾਨ ਹੋ" !
ਕੂਲੀ ਇਕ ਅਵਾਜ਼ ਮੇਰੇ ਕੰਨ ਆ ਪਈ:-
"ਹਾਜ਼ਰ ਰਹੋ, ਹਰਦਮ ਹਾਜ਼ਰ ਰਹੋ।
ਮਿਠੀ ਓਸ 'ਵਾਜ ਦਾ ਮੈ ਪੱਲਾ ਫੜ ਲਿਆ,
ਪੁੱਛਾਂ:- "ਗੁਣ ਹੀਨ ਕਿੰਝ ਹਾਜ਼ਰ ਰਹੋ ?
"ਮੈਂ ਤਾਂ ਅੱਜ ਤਾਂਈ ਸੰਗਾ ਏਹੋ ਦੇਖਿਆ:
"ਹਜ਼ੂਰੀ ਜਦੋਂ ਆਵੇ ਜਿੰਦ ਹਾਜ਼ਰ ਤਦੋਂ।
"ਹਾਜ਼ਰ ਰਹਾਵੇ ਓ ਹਜ਼ੂਰੀ ਜਦੋਂ ਆਵੇ,
"ਹੋਵਾਂ ਸੁੱਤਾ ਜਾਗਦਾ ਚਹਿ ਬੈਠਾ ਯਾ ਖਲੋ,
"ਕੁੱਛੜ ਹੋਵਾਂ ਗਾਫ਼ਲੀ ਦੀ ਗੋਦੀ ਭੁੱਲ ਵਿਚ
"ਹਜ਼ੂਰੀ ਕਰੇ ਹਾਜ਼ਰ ਫੜ ਮਾਨੋਂ ਗਰਦਨੋਂ।
"ਪਹਿਲੇ ਆ ਹਜ਼ੂਰੀ ਨੇ ਦਿਵਾਈ ਹਾਜ਼ਰੀ
"ਮੇਰੇ ਪਾਸ ਹਾਜ਼ਰੀ ਨ ਸੀ ਹੈ, ਨਾ ਹੈ।
"ਨਿਤਾਣਿਆਂ ਨੂੰ ਤਾਣ ਏ ਹਜੂਰੀ ਪਾਂਵਦੀ
"ਹਜ਼ੂਰੀ ਅਸਾਂ ਦਾਨ ਹੋ, ਹਜ਼ੂਰੀ ਦਾਨ ਹੋ।"
ਵਾਜ ਲੜ ਛੁਡਾਵੇ ਆਖੇ: "ਹਾਜ਼ਰ ਰਹੇ;
ਮੇਰੀ ਏਹੋ ਕੂਕ ਕਿ "ਹਜ਼ੂਰੀ ਦਾਨ ਹੋ।
'ਵਾਜ ਕਹੇ: "ਤੂੰ ਛੱਡ ਮੈਨੂੰ, ਹਾਜ਼ਰ ਰਹੋ।"
ਮੈਥੋਂ ਲੜ ਨ ਛੁੱਟੇ ਕਿ ਹਜ਼ੂਰੀ ਦਾਨ ਹੋ।
ਆਖਾਂ: "ਫੜੀ ਰੱਖੀ ਤੇ ਹਜੂਰੀ ਦਾਨ ਦੇ
"ਹਜ਼ੂਰੀ ਦਿਓ ਦਾਤ, ਤੇ ਹਜ਼ੂਰੀ ਦਾਨ ਹੋ।
ਆਵਾਜ਼ ਕੰਨੀ ਗੂੰਜਦੀ ਹੈ: "ਹਾਜ਼ਰ ਰਹੋ।
ਜਿੰਦ ਹੈ ਕੁਕੇਂਦੀ ਕਿ "ਹਜ਼ੂਰੀ ਦਾਨ ਹੋ" !੧੮
ਲਾਮਕਾਂ ਦੇ ਅੰਬਰ
ਤੈਨੂੰ ਮਕਾਂ ਨ ਮਿਲਦਾ ਬਣ ਤੂੰ ਮਕੀ ਨ ਜਾਵੇ,
'ਪੰਛੀ ਨਿਵਾਸ ਤੇਰਾ ਹਰ ਸ਼ਬ ਨਵੀਂ ਹੋ ਥਾਂਵੇਂ।
ਖਿਲਰੇ ਤੂੰ ਖੰਭ ਰੱਖੇ ਪੰਛੀ ਉਡਾਰ ਵਾਂਙੂ,
ਅੰਬਰ ਉਹ ਲਾਮਕਾਂ ਦੇ ਉਡ ਤਾਰੀਆਂ ਲਗਾਵੇ।
ਸੁਹਣੇ ਦਰਾਂ ਤੋਂ ਜੇਕਰ ਸੈਨਤ ਮਿਲੇ ਟਿਕਣ ਦੀ;-
ਰੰਗ ਮਹਲ ਜ਼ਾਤ ਵਾਲੇ ਕਾਯਮ ਮਕਾਨ ਪਾਵੇਂ।
ਜਿਥੋਂ ਤੂੰ ਲੰਘ ਰਿਹਾ ਹੈ ਵਾਦੀ ਹੈ ਏ ਫਨਾ ਦੀ
ਐਪਰ ਫਨਾ ਦੇ ਵਿਚੋਂ ਰਸਤਾ ਬਕਾ ਨੂੰ ਜਾਵੇ।
ਮੁਯਦਾ ਨਸੀਮ ਲ੍ਯਾਈ, ਨਗਮਾ ਸਬਾ ਸੁਨਾਵੇ:-
ਹਰ ਰੰਗ ਭਰੀ ਖੁਸ਼ੀ ਹੈ, ਹਰ ਛਿਨ ਜਿ ਗੀਤ ਗਾਵੇਂ।
ਹਰ ਥਾਂ ਭਰੀ ਸੁਰਾਹੀ, ਹਰ ਹਾਲ ਹੈ ਪਿਆਲਾ,
ਜਾਗੇ ਲਬਾਂ ਨੂੰ ਸਾਕੀ ਭਰ ਜਾਮ ਹੈ ਪਿਲਾਵੇ।
ਹਸ ਹਸ ਕੇ ਗੁਲ ਤੇ ਰਸਤੇ ਪ੍ਯਾ ਪੰਖੜੀ ਵਿਛਾਵੇ,
ਕੰਡੇ ਸੰਭਾਲ ਰਖੇ ਤੈਨੂੰ ਨ ਚੋਭ ਆਵੇ।
ਪੈਵੰਦ ਨਾਲ ਭਰੀਆਂ ਡਾਲਾਂ ਨੁਛਾਹ ਹੋਵਣ,
ਬੁਲਬੁਲ ਹਜ਼ਾਰ ਬੈਠੀ ਤੈਨੂੰ ਹੀ ਗਾ ਸੁਣਾਵੇ।
ਰਸ ਦੀ ਫੁਹਾਰ ਪੈਂਦੀ, ਪੀਂਘਾਂ ਦੇ ਰੰਗ ਲਹਿਰਨ,
ਮ੍ਰਿਗ ਆ ਖੁਤਨ ਤੋਂ ਦ੍ਵਰੇ ਤੇਰੇ ਮੁਸ਼ਕ ਮਚਾਵੇ।
ਵਾਹਵਾ ਫਨਾ ਬਕਾ ਹੈ, ਵਾਹਵਾ ਬਕਾ ਫਨਾ ਹੈ
ਖਿੜਿਆ ਚਮਨ ਇਲਾਹੀ, ਖੇੜਾ ਪਿਆ ਲੁਟਾਵੇ। ੧੯
-------------------
ਇਸ ਕਵਿਤਾ ਵਿਚ ਅਰਬੀ ਫਾਰਸੀ ਦੇ ਲਫਜ਼ ਬਹੁਤ ਹਨ, ਉਨ੍ਹਾਂ ਦੇ ਅਰਥ ਇਸ ਪ੍ਰਕਾਰ ਹਨ:-
ਲਾ-ਮਕਾਂ = ਜਿਸਦਾ ਕੋਈ ਇਕ ਟਿਕਾਣਾ ਨਹੀਂ, ਭਾਵ ਸਰਵ ਵ੍ਯਾਪੀ ਅਕਾਲ ਪੁਰਖ। ਮਕਾਂ ਮਕਾਨ, ਟਿਕਾਣਾ, ਵਸੇਬਾ।
ਮਕੀ = ਵਾਸੀ, ਮਕਾਨ ਵਾਲਾ। ਸਬ = ਰਾਤ। ਅੰਬਰ = ਅਕਾਸ। ਜ਼ਾਤ = ਸਾਹਿਬ, ਮਾਲਕ ਭਾਵ ਥਿਰ ਘਰ। ਵਾਦੀ = ਵਸੋਂ।
ਛਨਾ ਨਾਸ਼ਮਾਨ। ਬਕਾ = ਬਾਕੀ ਰਹਿਣ ਵਾਲਾ, ਅਵਿਨਾਸ਼ੀ। ਮੁਯਦਾ = ਖੁਸ਼ਖ਼ਬਰੀ। ਨਸੀਮ = ਸਮੀਰ, ਠੰਢੀ ਤੇ ਸੁਗੰਧਤ ਪਉਣ। ਨਗ਼ਮਾ = ਖੁਸ਼ੀ ਦਾ ਗੀਤ। ਸਬਾ = ਅੰਮ੍ਰਿਤ ਵੇਲੇ ਪੁਰੇ ਦੀ ਸੀਤਲ ਪੌਣ। ਲਬਾਂ = ਬੁੱਲ੍ਹਾ। ਸਾਕੀ = ਸ਼ਰਾਬ ਪਿਆਉਣ ਵਾਲਾ। ਭਾਵ ਆਤਮ ਰਸਾਂ ਵਿਚ ਸਰਸ਼ਾਰ ਕਰਨ ਵਾਲਾ, ਗੁਰੂ, ਗੁਰਮੁਖ। ਜਾਮ = ਪਿਆਲਾ। ਗੁਲ = ਫੁੱਲ। ਪੇਵੰਦ = ਜੋੜ, ਪਿਉਂਦ। ਭਾਵ ਪੇਉਂਦੀ ਫਲਾਂ ਨਾਲ। ਨੁਛਾਰ = ਕੁਰਬਾਨ, ਸਦਕੇ। ਹਜ਼ਾਰ ਦਾਸਤਾਂ = ਬੁਲਬੁਲ। ਖ਼ੁਤਨ = ਚੀਨ
ਦੀ ਹੱਦ ਦਾ ਇਕ ਸ਼ਹਿਰ, ਜਿਥੋਂ ਕਸਤੂਰੀ ਆਉਂਦੀ ਹੈ। ਮੁਸ਼ਕ = ਕਸਤੂਰੀ। ਫਨਾ ਬਕਾ ਹੈ = ਭਾਵ ਨਾਸ਼ਮਾਨ ਸੰਸਾਰ ਵਿਚ ਹੀ ਅਟੱਲ ਪਦਵੀ ਪ੍ਰਾਪਤ ਹੋ ਸਕਦੀ ਹੈ ਜੇ ਨਾਮ ਦਾ ਜਾਮ ਪੀਵੇ। ਬਕਾ ਫਨਾ ਹੈ = ਭਾਵ ਸੰਸਾਰ ਨੂੰ ਜੋ ਅਸੀਂ ਸੱਚਾ ਮੰਨਕੇ ਅਟੱਲ ਸਮਝ ਲੈਂਦੇ ਹਾਂ, ਇਹ ਅਟੱਲ ਨਹੀਂ, ਇਹ ਨਾਸ਼ਮਾਨ ਹੈ। ਚਮਨ = ਬਾਗ਼। ਇਲਾਹੀ = ਦੈਵਾਂ, ਅਰਸੀ।
ਦਿਲਦਾਰ ਰੁਖ਼
ਧੂਹ ਕਲੇਜਾ ਲੈ ਗਿਆ
ਪਹਿਲੇ ਹੀ ਝਲਕੇ ਯਾਰ-ਰੁਖ,
ਬੇਤਿਆਰੀ ਵਿੱਚ ਸਹੀਓ !
ਕਰ ਗਿਆ ਉਹ ਵਾਰ ਰੁਖ਼।
ਦਿਲ ਨ ਅਪਣੇ ਪਾਸ ਹੈ
ਜਿਸ ਮੱਤ ਸੁਣਕੇ ਮੰਨਣੀ,
ਹੁਣ ਨਸੀਹਤ ਵਲ ਤੁਸਾਂ ਦੇ
ਕਿੰਝ ਕਰਾਂ ਮੈਂ ਪ੍ਯਾਰ-ਰੁਖ਼?
ਦਿਲ ਜੁ ਸੀ ਜ਼ਖ਼ਮੀ ਹੁਯਾ
ਉਹ ਤਾਂ ਹੁਣ ਹੈਵੇ ਪਾਸ ਯਾਰ,
ਕੀ ਕਰੇਗਾ ਵੈਦ ਦਾ ਹੁਣ
ਆਣ ਕੇ ਹੁਸ਼ਿਆਰ ਰੁਖ਼।
ਵਾਪਸ ਲਿਆਵਣ ਦਿਲ ਮੇਰਾ
ਗਈਓ ਤੁਸੀਂ ਜੇ ਪਾਸ ਯਾਰ,
ਖੱਸ ਲਏਗਾ ਦਿਲ ਤੁਸਾਂ ਦਾ
ਓਸ ਦਾ ਠਗਹਾਰ ਰੁਖ਼।
'ਚੁੰਬਕ-ਗ੍ਰਸੀ ਨੂੰ, ਸੁਣ ਸਖੀ !
ਜੋ ਜੋ ਛੁਡਾਵਣ ਲੱਗਸੀ,
ਆਪ ਗ੍ਰਸਿਆ ਜਾਵਸੀ,
ਐਸਾ ਹੈ ਉਹ ਖਿਚਦਾਰ ਰੁਖ਼।
ਵੱਸ ਜਿਹਦੇ ਮਨ ਜਾ ਪਿਆ
ਤਨ ਪਾਸ ਉਸ ਦੇ ਲੈ ਚਲੋ,
ਕਰ ਦਿਓ ਹੁਣ ਨਜ਼ਰ ਸਾਰੀ,
ਨਜ਼ਰ ਉਸ ਦੀਦਾਰ-ਰੁਖ਼।
ਚੀਰਦੀ ਪਰਬਤ ਤੁਰੀ,
ਰੁਕਦੀ ਨਦੀ ਨਹੀਂ ਰੋਕਿਆਂ,
ਧੀਰਸਾਂ ਓਦੋਂ ਹੀ ਜਦ
ਜਾ ਦੇਖਸਾਂ ਦਿਲਦਾਰ-ਰੁਖ਼। ੨੦
ਦਿਲ-ਤੁਲਨਾ ਦੀ ਰੀਣਕ ਅੰਸ਼
ਨ ਸ਼ੋਭਾ ਰੂਪ ਦੀ ਤੇਰੇ
ਨ ਆਭਾ ਰੰਗ ਦੀ ਪਾਈ,
ਨ ਗੁਣ ਗਾਇਨ ਦਾ ਪਾਇਆ ਤੇ
ਸ਼ਿਲਪ ਦੀ ਕਾਰ ਨਾ ਆਈ,
ਨ ਵਿਦ੍ਯਾ ਉਚ ਮਿਲੀ ਤੈਨੂੰ,
ਨ ਵਿਗ੍ਯਾਨਾਂ ਸਿਖੇ ਹਨ ਤੂੰ,
ਘੜਨ ਮੂਰਤਿ ਨ ਤੂੰ ਜਾਣੋ.
ਕਥਨ ਵਿਖ੍ਯਾਨ ਨਾ ਕਾਈ।
ਇਕੋ ਇਕ ਲੱਲ ਪ੍ਰੀਤਮ ਨੂੰ
ਕਿ ਵਾਜਾਂ ਮਾਰਨੇ ਦੀ ਜੋ,
ਨਿਆਣੇ ਬਾਲ ਦੇ ਵਾਂਙੂ
ਤੇਰੇ ਹਿੱਸੇ ਕਿਤੋਂ ਆਈ।
ਇਕੋ ਹੈ ਦਾਤ ਹੇਰੇ ਇਕ
ਕਿ ਦਿਲ ਕੁਲਾ ਤੂੰ ਪਾਇਆ ਹੈ
ਇਹ ਕਮਜ਼ੋਰੀ ਜਗਤ ਅੰਦਰ
ਲਗੇ ਪੈ ਤੈਨੂੰ ਸੁਖਦਾਈ।
'ਦਿਲੀ-ਤੁਲਨਾ' ਦੀ ਰੀਣਕ-ਅੰਸ਼
ਆਈ ਹੈ ਹਿਸੇ ਤੇਰੇ,
ਤੂੰ ਕਰ ਸ਼ੁਕਰਾਨਾ ਦਾਤੇ ਦਾ
ਜਿਨ੍ਹੇ ਇਹ ਦਾਤ ਹੈ ਲਾਈ।
ਜੋ ਤੈਨੂੰ ਹੈ ਲਗੇ ਪ੍ਯਾਰੀ,
ਜੋ ਸੀਂਦੀ ਮਿਲ ਰਹੀ ਤੈਨੂੰ,
ਜਗਤ ਵਿਚ ਜਿਸ ਦੀ ਕੀਮਤ ਨਾਂ,
ਕਦੇ ਚੋਰੀ ਜੋ ਨਾ ਜਾਈ।
ਨ ਤਕ ਤੂੰ ਗੁਣੀ ਅਮੀਰਾਂ ਨੂੰ,
ਨ ਤਕ ਵਿਦਯਾ ਭੰਡਾਰਾਂ ਨੂੰ,
ਤੂੰ ਤਕ ਦਾਤੇ ਦੇ ਵਲ ਜਿਸ ਨੇ
ਏ ਦਾਤ ਆਪੇ ਹੀ ਹੈ ਪਾਈ। ੨੧
ਹੱਜ*
ਤੈ ਬਾਝੋਂ ਮੈਂ ਪ੍ਯਾਰਿਆ ! ਜੀਵਣ ਦਾ ਨਹੀਂ ਹੱਜ।
ਨਾ ਹਜ ਪਹਿਨਣ ਖਾਣ ਦਾ, ਪੀਵਣ ਦਾ ਨਹੀਂ ਹੱਜ।
ਘਰ ਘਰ ਦੁਬਿਧਾ ਪੈ ਰਹੀ, ਦੇਸ਼ ਦੇਸ਼ ਵਿਚ ਜੰਗ,
ਕੰਮ ਕੰਮ ਵਿਚ ਬੇ-ਸੁਰੀ 'ਥੀਵਣ ਦਾ ਕੀਹ ਹੱਜ?
ਫਰਦ ਫਰਦ ਹਨ ਲੜ ਰਹੇ, ਜੀ ਜੀ ਵਿੱਚ ਦਗਾ,
ਵੱਸਣ ਇਹਨਾਂ ਵਿਚ ਹੈ ਬਿਨ ਹਜ, ਹਾਂ, ਬੇ ਹੱਜ।
ਜੇ ਤੂੰ ਪ੍ਰੀਤਮ ਆਪਣੇ ! ਸਦਾ ਵੱਸੇਂ ਮੈਂ ਨਾਲ,
ਬੇ-ਹੱਜੀ ਵਿਚ ਪ੍ਯਾਰਿਆ ! ਅਪਣਾ ਲਾ ਦੇ ਹੱਜ।
ਤੇਰੇ ਹੱਜ ਵਿਚ ਰੱਤਿਆਂ ਵੰਡਦਿਆਂ ਤੇਰਾ ਹੱਜ,
ਬੇ-ਲੁਤਫ਼ੀ ਇਸ ਜਗਤ ਦੀ ਬਹੂੰ ਨ ਕਰੇ ਬਿਹੱਜ !
ਰੰਗ ਰਤੜੇ ਤੈਂ ਪ੍ਯਾਰ ਦੇ ਸੂਰਜ ਬੱਦਲ ਵਾਂਙ
ਦੇਣ ਦੇਣ ਵਿਚ ਸਮਝੀਏ: ਇਹ ਹੈ ਅਸਲੀ ਹੱਜ।
ਭਲਾ ਜਿ ਇਸ ਇਨਸਾਨ ਨੂੰ ਇਨਸਾਨਿਯਤ ਜਏ ਆਇ.
ਜੀਵਨ ਇਸ ਰਸ ਭਰੇ ਹੈ ਖ਼ੁਦ ਨਾ ਕਰੇ ਬਿਹੱਜ। ੨੨
-------------
ਹਜ (ਹੇ ਜਏ) ਪਦ ਅਰਬੀ ਦਾ ਹੈ। ਅਰਥ ਹਨ ਨਸੀਬ, ਲਾਭ ਆਦਿ, ਪਰ ਫਾਰਸੀ ਵਿਚ ਅਕਸਰ ਖੁਸ਼ੀ ਮਜ਼ਾ, ਸੁਆਦ ਆਦਿ ਅਰਥਾਂ ਵਿਚ ਵਰਤੀਦਾ ਹੈ। ਪੰਜਾਬੀ ਵਿਚ ਇਹੋ ਪਦ ਹੱਜ ਕਰਕੇ ਵਰਤੀਦਾ ਹੈ, ਜਿਵੇਂ ਕਹੀਦਾ ਹੈ, ਹੁਣ ਮੇਲੇ ਮੁਸਾਹਬੇ ਜਾਣ ਦਾ ਕੋਈ ਹੱਜ ਨਹੀਂ ਰਹਿ ਗਿਆ। ਇਸ ਕਵਿਤਾ ਵਿਚ ਬੀ ਏਹੋ ਅਰਥ ਵਰਤੇ ਗਏ ਹਨ।
ਹਿਜਰ ਵਿਚ ਰੋਣਾ
ਬੋਲ੍ਯਾ ਹੀ ਸੁਖਾਵੇ ਨ ਤਾਂ ਬੋਲਿਆਂ ਕੀ ਆਇ ਹਜ਼*?
ਬੋਲਣਾ ਪਰ ਫਰਜ਼ ਹੈ, ਆਏ ਚਹੇ ਨ ਆਇ ਹਜ਼।
ਹੁਕਮ ਜੇਕਰ ਕਰੇ ਸੁਹਣਾ 'ਓਲ੍ਹੇ ਹਜੂਰੀ ਤੋਂ ਰਹੋ
ਬਿਨ ਹੋਣ ਦੇ ਕਿਸੇ ਗੱਲ ਦਾ ਦੱਸੀਓ ਕੀ ਆਇ ਹਜ।
ਲੋਕ ਕਮਲੇ 'ਰੋਂਦਿਆਂ ਤਕ; ਹੁੱਜਤਾਂ ਕੋਈ ਪੜ੍ਹਨ
ਸੂਲ ਪੁੜੀਏ ਨਾ ਜਿਨ੍ਹਾਂ ਨੂੰ ਰੋਣ ਦਾ ਕੀ ਪਾਇ ਹਜ਼।
ਤਖਤ ਦਾ ਜੋ 'ਸ੍ਵਾਦ ਮਾਣੇਂ, ਓ ਸ੍ਵਾਦ ਸੂਲੀ ਕਿੰਝ ਲਹੇ?
ਮਨਸੂਰ ਨੂੰ ਚਲ ਪੁੱਛੀਏ, ਸੂਲੀ ਚੜ੍ਹਿਆਂ ਕੀ ਆਇ ਹਜ਼।
ਯਾ ਪੁੱਛੀਏ ਜਾ ਮਨੀ ਸਿੰਘ, ਬੰਦਾਂ ਟੁਕਾਣੇ ਦਾ ਮਜ਼ਾ,
ਸਿੰਘ ਤਾਰੂ ਪੁੱਛੀਏ, ਖੋਪਰ ਛਿਲੇ ਕੀ ਆਇ ਹਜ਼?
ਨਾਂ ਸੁਣੇ ਯਾ ਸੁਣ ਲਏ ਓ, 'ਅਰਜ਼ਾਂ ਗੁਜ਼ਾਰੀਂ ਫਰਜ਼ ਹੈ
ਹਿਜਰ ਵਿਚ ਦੁਖ ਰੋਵਣਾ ਉਹ ਰੋਵਣਾ ਹੈ ਲਾਇ ਹਜ਼। ੨੩
-------------------
* ਅਰਬੀ ਦੇ ਪਦ ਹਜ ਦੇ ਇਥੇ ਬਹੁਤ ਕਰਕੇ ਸੁਆਦ ਕਦਰ, ਨਸੀਬ, ਲਾਭ, ਖੁਸ਼ੀ, ਆਦਿ ਅਰਥ ਵਰਤੇ ਗਏ ਹਨ।
'ਸੁਹਜ' ਤੇ 'ਰੂਹ'
'ਸੁਹਜ ਸਾਗਰ' ਦੀ ਬੂੰਦ 'ਰੂਹ ਹੈ
'ਸੁਹਜ' ਆਪ ਹੈ 'ਸੁਹਜ ਪਿਆਰੀ,
'ਪਾਲ ਕੋਝ' ਦੀ ਏਸ ਉਦਾਲੇ
'ਕੋਝੇ ਖ੍ਯਾਲਾਂ ਆਣ ਉਸਾਰੀ।
'ਕੋਝ-ਕੈਦ' ਵਿਚ ਪੈ ਚਹੋ ਜਾਵੇ
'ਸੁਹਜ ਸੁਣੇ ਤੇ ਫਟਕ ਉਠੇ ਆ,
ਰੂਹ ਕੋਝੀ ਕੋਈ ਨਹੀਂ ਸਖੀਏ !
ਪੈ ਜਾਂਦੀ ਏ 'ਕੋਝ ਪਿਟਾਰੀ'।
ਕੰਨੀ ਪਵੇ 'ਸੁਹਜ ਦੀ ਬੋਲੀਂ
'ਸੁਹਜ ਖ੍ਯਾਲਂ ਦੀ ਮਿਲੇ ਉਡਾਰੀ,
ਬੋਲ ਪਵੇ ਫਿਰ ਸੁਹਜ ਦੀ ਬੋਲੀ,
ਸੁਹਜ-ਗਗਨ ਦੀ ਤਰ ਪਏ ਤਾਰੀ।
ਸੁਹਜ-ਮੀਂਹ ਉਤਰੇ ਫਿਰ ਇਸ ਤੋਂ
ਚਮਨ ਸੁਹਜ ਦੇ ਖਿੜ ਖਿੜ ਪੈਣ,
ਮੁਸ਼ਕ ਉਠੇ ਤੇ ਝੂੰਮ ਉਠੇ ਸਭ
ਜੋ ਫਸ ਰਹੀ ਏ ਕੁੱਝ ਪਿਟਾਰੀ। ੨੪
ਹੁਕਮ ਦੀ ਕਾਰ
ਪ੍ਰਸ਼ਨ-
ਸਾਗਰ, ਬਈ ਤੂੰ ਸੁਹਣਾ ਸਾਗਰ !
ਤੈਂ ਰੂਪ ਤੇ ਰੰਗ ਸੁਹਾਵੇ,
ਪਉਣ ਚਲੇ ਗਲ ਲੱਗ ਜੋ ਤੇਰੇ
ਆ ਸਭ ਨੂੰ ਜੱਫੀਆਂ ਪਾਵੇ,
ਡੂੰਘ ਤੁਸਾਡਾ ਅਕਲ ਦੇਂਵਦਾ,
ਹਾਂ, ਹੋਣ ਗੰਭੀਰ ਸਿਖਾਵੇ
ਤਾਰੂ ਸ਼ਕਤੀ ਦਾ ਤੂੰ ਮਾਲਕ
ਤੂੰ ਬੇੜੇ ਪਾਰ ਲੰਘਾਵੇਂ।
ਸਾਗਰ ਦਾ ਉਤਰ-
ਮੈਂ ਵਿਚ ਅਪਣਾ ਗੁਣ ਨਹੀਂ ਕੋਈ
ਮੈਂ ਕਰਾਂ ਜੁ ਹੁਕਮ ਕਰਾਵੇ,
ਹੁਕਮ ਕਰੇ ਬੱਦਲ ਬਣ ਜਾਵਾਂ
ਇਹ ਦੁਨੀਆਂ ਤਾਂ ਵਰੁਸਾਵੇ;
ਹੁਕਮ ਕਰੇ ਨਦੀਆਂ ਬਣ ਵਹਿ ਵਹਿ
ਹਾਂ, ਮੁੜ ਸਾਗਰ ਬਣ ਜਾਵੇ।
ਭਾਰੇ ਡੋਬਾਂ, ਹੌਲੇ ਤਾਰਾਂ,
ਗੁਣ ਜੋ ਮੈਂ ਵਿਚ ਪਾਵੇ।
ਹੁਕਮ ਨਾਲ ਕਰ ਜੋੜ ਲਏ ਜੋ
ਚੜ੍ਹਨ ਉਸ ਰੰਗ ਸੁਹਾਵੇ। ੨੫
ਲਿਖਾਰੀ ਨੂੰ
ਸੁਣ ਤੂੰ ਲਿੱਖਣ ਹਾਰਿਆ ! ਐਸਾ ਕੁਝ ਨਾ ਲਿੱਖ,
ਜਿਸ ਨੂੰ ਪੜ੍ਹਨੇ ਤੇ ਜਗਤਿ ਵਧੇ ਪਾਪ ਅਰ ਦੁੱਖ।
ਲਿੱਖਣ ਚਾਉ ਜਿ ਉਮਗਿਆ ਅਪਣੇ ਅੰਦਰ ਵੇਖ;
ਹੈ ਉਥੇ ਸੰਦੇਸ਼ ਜੋ ਮੇਟੇ ਮਨ ਬੀ ਧੁੱਖ?
ਜਿਸਨੂੰ ਪੜ੍ਹਕੇ ਪੜ੍ਹਨਹਾਰ ਪੜ੍ਹਨ ਪਹਿਲਿਓ ਹਾਲ
ਨਾਲੋਂ ਉੱਚਾ ਹੋ ਜਏ ਸੁਖ ਵਿਚ, ਭਾਵੇਂ ਚੁੱਖ।
ਦ੍ਰਵ ਜਾਵੇ, ਚਹਿ ਅਕਲ ਵਿਚ ਕੁੱਛਕੁ ਸੁਖੀਆ ਹੋਇ
ਸੁਹਣੇ ਸ੍ਵਾਦੀ ਰੰਗ ਵਿਚ, ਪਲਟ ਜਾਸੁ ਕੁਛ ਰੁੱਖ।
ਨੀਵੀਆਂ ਰੁਚੀਆਂ ਜਗਤ ਵਿਚ ਨੀਵੇਂ ਕਰਮ ਸੁਭਾਉ
ਅੱਗੇ ਫੈਲੇ ਹਨ ਬੜੇ, ਕਾਹਿ ਵਧਾਵੇਂ ਲਿੱਖ?
ਇਕ ਦਿਨ ਅੰਮ੍ਰਿਤ ਡੋਹਲਦੀ ਬੋਲ ਪਈ ਮੈਂ ਕਲਮ:
"ਮੈ ਜਾਣੂ ਨਹੀਂ ਪਾਪ ਤੋਂ, ਅਸਮਤ ਮੇਰੀ ਰੱਖ।
"ਵਰਤਣ ਮੇਰੀ ਉਹ ਕਰੀ ਜਿਸ ਵਿਚ ਪਾਪ ਨ ਲੇਸ਼,
"ਜਗਤ ਜਲੰਦੇ ਦੀ ਮਲ੍ਹਮ ਲਿਖਤ ਬਣੇਂ, ਸੋ ਲਿੱਖ।
"ਦਿਲ ਦੁਨੀਆਂ ਦੇ ਭੁਜ ਰਹੇ ਹੋ ਰਹੇ ਹੈਨ ਕਬਾਬ,
"ਅੰਮ੍ਰਿਤ ਛੱਟੇ ਲੇਖ ਲਿਖ, ਕੁਛ ਦੁਖ ਘਟੇ ਮਨੁੱਖ।
"ਨਹੀਂ ਤੇ ਮੈਨੂੰ ਛੱਡਿ ਆ ਮੇਰੇ ਜੰਗਲ ਦੇਸ਼,
"ਜਿੰਦੜੀ ਮੇਰੀ ਮੋੜ ਦੇਹ, ਉਗਲਾਂ ਨਾਂ ਪਈ ਬਿੱਖ।
"ਵਿਚ ਸਰਕੰਡਿਆਂ ਸੁਖੀ ਸਾਂ, ਦੁਖਾਂ ਨ ਕਿਸੇ ਦੁਖਾਉਂ,
"ਝੋਲੇ ਠੰਢੇ ਵਾਉ ਦੇ ਮਾਣ ਰਹੀਂ ਸਾਂ ਸੁੱਖ।
"ਜੇ ਮੈਨੂੰ ਹਈ ਵਰਤਣਾ ਧਾਰ ਅੱਜ ਲੈ ਨੇਮ:
"ਸੁਖ ਦੀ ਧਾਰਾ ਵਹਿ ਚਲੇ, ਅਸਮਤ ਵਾਲੇ ਸੁੱਖ। "੨੬
ਵਿਖਮਤਾ ਹੇਠ ਸ੍ਵਰਤਾ
ਵਜਾ ਰਹੀ ਹੈ ਜੁ ਸਾਜ ਦੁਨੀਆਂ
ਹੈ ਬੇਸੁਰਾ ਤੇ ਬਿਤਾਰ ਸਾਰਾ,
ਉਲੱਟ ਪਾਸ ਦਿਖਾ ਕੇ ਸਾਨੂੰ,
ਇ ਸਿੱਧਾ ਪਾਸਾ ਜਣਾ ਰਹੀ ਹੈ।
ਲੜਾਈ ਝਗੜੇ, ਫਸਾਦ ਰੌਲੇ,
ਹਰਫ 'ਸੁਲਹ ਦੀ ਦਲੀਲ ਸਾਰੇ
ਝੜ ਤੇ ਝੱਖੜ, ਹਨੇਰੀ ਝੱਲਦੀ,
ਲੁਕਾ ਕੇ ਸੂਰਜ ਦਿਖਾ ਰਹੀ ਹੈ।
ਅਡੋਲ ਸਾਗਰ ਗੰਭੀਰ ਹੇਠਾਂ,
ਲਹਿਰਾਂ ਕੱਪਰ ਤੁਫਾਨ ਉੱਪਰ
ਤੁਫਾਨ ਤਕਿਆ ਗੰਭੀਰਤਾਈ
ਦੀ ਰਮਜ਼ ਆਪਾ ਬੁਝਾ ਰਹੀ ਹੈ।
ਉਹ ਪੀ ਕੇ ਥੋੜੀ, ਜੁ ਸ਼ੋਰ ਰੌਲਾ
ਨਵੇਂ ਹੀ ਲੱਗੇ ਮਚਾ ਰਹੇ ਹਨ,
ਅਪਨੇ ਔਣੇ ਦੀ ਸੋਇ ਮਸਤੀ
ਆਪ ਆਪੇ ਘਲਾ ਰਹੀ ਹੈ।
ਜੁ ਮਾਰ ਕਮਚੀ ਦੀ ਪਈ ਰਾਂਝੇ
ਉ ਫੂਲ-ਛਟੀਆਂ ਵਸਾਲ ਲਾਈਆਂ
ਤਿ ਨੈਣ ਮਿਲਦਯਾਂ ਹੀ ਰਾਗ ਛਿੜ ਪਏ
ਥਰਰ ਸਾਂਝੀ ਥਰਾ ਰਹੀ ਹੈ।
ਸਬਾ ਤੂੰ ਜਾਕੇ ਸਨਮ* ਨੂੰ ਕਹਿ ਦੇ
ਕਿ ਬੇ-ਰੁਖ਼ਾਈ ਜੁਦਾਈ ਤੇਰੀ
ਮਿਲਾਪ ਦੀ ਹੈ ਸਦਾਅ* ਸੁਹਾਵੀ
ਜੁ ਜਰਸ*** ਤੇਰੇ ਤੋਂ ਆ ਰਹੀ ਹੈ।
ਹੈ ਤਰਬ ਤੇਰੀ ਨੇ,ਬਾਜ਼ ਮੇਰੇ !
ਇ ਰਮਜ਼ ਪਾਈ ਹੈ ਗੂਝ ਤੇਰੀ,
ਕਸਾ ਕੇ ਸਾਨੂੰ ਛਿੜਾ ਲੈ ਨਾਲੇ
ਇ ਆਸ ਤੇਰੀ ਤਕਾ ਰਹੀ ਹੈ। ੨੭
----------------
* ਪ੍ਰੀਤਮ
** ਅਵਾਜ਼, ਗੂੰਜ
*** ਘੰਟੀ, ਟੱਲੀ। ਪ੍ਰੀਤਮ ਦੀ ਡਾਰੀ ਦੇ ਗਲ ਬੱਧੀ ਟੱਲੀ।
ਨਵਾਂ ਪ੍ਰੇਮ ਰਾਜ
ਅਨੀ 'ਪ੍ਰੱਗਯਾ !**' ਅਨੀ ਆ ਜਾ !
ਨਵੀਂ ਦੁਨੀਆਂ ਬਣਾਈਏ ਚਾ,
ਵੰਡ ਮੁਲਕਾਂ ਦੀ
ਇਹ ਹੁਣ ਵਾਲੀ ਮਿਟਾਈਏ ਚਾ।
ਇਹ ਬਣਤਰ ਚਾਹੇ ਕੋਈ ਹੈ
ਬਣਾਈ ਤੌਖਲੇ ਨੇ ਹੈ,
ਇਦ ਵਿਚ ਵੈਰ ਅੰਸ਼ੂ ਜੋ
ਉਡਾ ਦੇਈਏ, ਉਠਾਈਏ ਚਾ।
ਲਿਆਕੇ 'ਪ੍ਰੇਮ ਵੀਣਾ ਹੁਣ
ਕਿ ਹਮਦਰਦੀ ਦੀ ਦਫ਼ ਲੇ ਆ
ਦਰੋ ਦਰ ਫ਼ਿਰ ਜਗਤ ਅੰਦਰ
ਇ ਰਾਗ ਅਪਣਾ ਸੁਨਾਈਏ ਚਾ:-
ਪਿਗੰਬਰ ਪ੍ਰੇਮ ਦੇ ਸਾਨੂੰ
'ਭਲਾ-ਸਰਬਤ ਸਿਖਾਇਆ ਸੀ
'ਭਲਾ ਸਰਬਤ ਕਰੋ ਲੋਕੋ !
ਇਹਦਾ ਰੋਲਾ ਮਚਾਈਏ ਚਾ।
'ਭਲੇ ਸਰਬੱਤ ਵਿਚ ਤੂੰ ਬੀ
ਭਲਾ ਅਪਣਾ ਸਮਝ, ਬੰਦੇ !
ਭਲਾ ਤੇਰਾ, ਪਿਆ ਹੋਸੀ
ਫ਼ਿਕਰ ਇਸਦਾ ਮਿਟਾਈਏ ਚਾ।
ਆ ਜੋਗੀ ਬਣਕੇ ਫਿਰ ਪਈਏ
ਵਜਾਈਏ ਪ੍ਰੇਮ ਦੀ ਵੀਣਾਂ
ਕਿ ਜਗ ਦਾ ਦੁਖ ਗੁਆ ਦੇਈਏ
ਨਵੀਂ ਦੁਨੀਆਂ ਬਨਾਈਏ ਚਾ।
ਤੂੰ ਪ੍ਰੱਗਯਾ ! ਪ੍ਰੇਮ ਵੀਣਾ ਲੈ
ਪ੍ਰਗਟ ਹੋ ਜਾ ਤੁਰੰਤੇ ਹੁਣ,
ਜਗਤ ਵਿਚ ਰਾਗ ਏ ਗਾਈਏ
'ਸਭਾ-ਵੈਰਾ' ਉਠਾਈਏ ਚਾ। ੨੮
--------------
* ਪ੍ਰਗ੍ਯਾ ਦੇ ਅਰਥ ਹੈਨ:-
੧. ਬੁੱਧੀ, ਗਿਆਨ,
੨. ਏਕਾਗ੍ਰਤਾ.
੩. ਸਰਸ੍ਵਤੀ।
ਨੇਕ ਸਲਾਹ
ਨੇਕ ਸਲਾਹ ਪਿਆ ਪੁੱਛਨੈਂ ?
ਸੁਣ ਲੈ ਨੇਕ ਸਲਾਹ:
'ਸਿਫ਼ਤ ਸਲਾਹ ਹਈ ਸੁਹਣਿਆਂ !
ਸਭ ਤੋਂ ਨੇਕ ਸਲਾਹ।
ਦੁਨੀਆਂ ਦੇ ਵਰਤਾਰਿਆਂ,
ਅੰਦਰ ਕੀਤੇ ਘਾਉ
ਸਹਸ ਸਿਆਣਪ ਦੇ ਜ਼ਖਮ
ਸਭ ਦਾ ਏਹ ਜਰਾਹ।
ਫ਼ਿਕਰਾਂ ਚਿੰਤਾ ਆਪਣੇ
ਘੁੰਮਣ ਘੇਰੀਆਂ ਦੇਣ,
ਗੋਤੇ ਦੇਂਦੇ 'ਡਰ ਕਈ,
ਕੱਢੇ ਏਹ ਮਲਾਹ।
ਸੁੰਦਰ ਬਣਨਾ ਜੇ ਚਹੇ
ਲਾਇਕ ਉਸ ਮਹਿਬੂਬ
ਆਸ਼ਿਕ ਹੋਕੇ ਤੁੱਧ ਨੂੰ
ਲੈ ਲਏ ਵਿੱਚ ਨਿਗਾਹ
ਲਗ ਪਉ ਸਿਫ਼ਤ ਸਲਾਹ ਨੂੰ
ਦਿਲ ਕਰ ਪ੍ਰੀਤਮ ਭੇਟ,
ਸੁਹਣੀ ਸੌਖੀ ਡੋਲ ਇਹ,
ਹੋਰ ਨ ਕੋਈ ਤਰਾਹ। ੨੯
ਪ੍ਰੇਮ ਪਿਆਲੀ
ਗਿਆਨੀ ! ਗਿਆਨ ਲੇਖੇ
ਸਾਨੂੰ ਨ ਤੂੰ ਸੁਣਾ,
ਕਰਮੀ ! ਹਿਸਾਬ ਅਪਣੇ
ਸਾਡੇ ਨ ਕੰਨ ਪਾ।
ਜੋਗੀ ! ਜਮਾ ਕੇ ਆਸਨ
ਕਾਹਨੂੰ ਪਿਆ ਲੁਭਾਵੇਂ,
ਤਪੀਏ ! ਤਪਾਂ ਦੇ ਫਲ ਤੂੰ
ਸਾਨੂੰ ਨ ਪ੍ਯਾ ਸੁਣਾ।
ਬ੍ਰਤ ਧਾਰ ਕੇ, ਹੇ ਬ੍ਰਤੀਆਂ !
ਸੁਰਗਾਂ ਦੇ ਲਾਲਚਾਂ ਵਿਚ
ਸਾਨੂੰ ਨ ਤੂੰ ਲੁਭਾ ਤੇ
ਨਕਸ਼ੇ ਨ ਖਿਚ ਦਿਖਾ। 1
ਇਕ ਪ੍ਯਾਰ-ਰਸ ਕਟੋਰੀ,
ਇਕ ਪ੍ਰੇਮ ਦੀ ਪਿਆਲੀ
ਹੈ ਜੇ ਕਿਸੇ ਦੇ ਪੱਲੇ,
ਦੇਵੇ ਘੁਟ ਇਕ ਪਿਲਾ।
ਵਾੜੀ ਗੁਲਾਬ ਲਾਈਏ,
ਲਪਟਾਂ ਦੇ ਵਿੱਚ ਬਹਿਕੇ
ਬੁਲਬੁਲ ਦਾ ਰਾਹ ਤਕਾਈਏ
ਲਿਵ ਇਕ ਰਸੀ ਲਗਾ।
ਲਪਟਾਂ ਦੀ ਭਾਲ ਕਰਦੀ,
ਸੁਹਣੇ ਦੇ ਰੰਗ ਖਿੱਚੀ,
ਬੁਲਬੁਲ ਓ ਗੀਤ ਗਾਂਦੀ
ਸ਼ਾਯਦ ਕਦੇ ਜਏ ਆ। ੩੦
ਯਾਦ ਦੇ ਨੁਕਤੇ ਉਹਲੇ
ਰਾਤ ਅਰਸ਼ਾਂ ਤੋਂ ਪਲਮਦੀ ਇਕ ਵੇਲ ਜੁ ਆਈ,
ਹੋ ਚੰਦ ਗ੍ਯਾ ਪੰਨੇ ਦਾ ਤਕ ਏਸ ਦੀ ਹਰਿਆਈ।
ਭਰ ਨਾਲ ਅੰਗੂਰਾਂ ਦੇ ਰੰਗ ਲਾਲ ਅੰਗਾਰਾ
ਲਾਲੀ ਲਈ ਲਬਿ ਖੂਬਾਂ ਨੇ ਉਸ ਰੰਗੁ ਚੁਰਾਈ।
ਜਿਉਂ ਤ੍ਰੇਲ ਪਏ ਭਿੰਨੀ ਤਿਉਂ ਅੰਗੂਰ ਓ ਚੋਂਦੇ,
ਰਸ ਤੁਪਕਿਆਂ ਤੋਂ ਲੈ ਲੈ ਲਾਅਲਾਂ ਨੇ ਲਾਲੀ ਲਾਈ।
ਰਸ ਤੁਪਕੇ ਬਣੇ ਆਪੇ ਹੀ ਸਾਕੀ ਅਤੇ ਪਿਆਲਾ
ਲਬਾਂ ਨਾਲ ਲਗੇ ਉ ਆਪੇ ਹੀ ਰਸ ਦੇਣ ਚੁਆਈ।
ਰਸ ਦੇ ਕੇ ਉ ਅੰਗੂਰ, ਨ ਟੁੱਟਣ ਤਿ ਨਾ ਸੁੱਕਣ,
ਲਹਿ ਲਹਿ ਕਰਨ ਉ ਗੁੱਛੇ ਤਿ ਓ ਵੇਲ ਸਵਾਈ।
ਰਸ ਲੰਘ ਗਿਆ ਨਾਲੇ ਲਬਾਂ ਦੇ ਛੁਹਦਾ ਆਪੇ,
ਆਪੇ ਦੇ ਜਾ ਦੇਸ਼ ਇਨ੍ਹੇ ਇਕ ਝਰਨ ਛਿੜਾਈ।
ਨ ਨਸ਼ਾ, ਨੀਂਦ, ਨ ਮਸਤੀ ਨ ਸਰੂਰ ਹੀ ਭਾਸੇ,
ਕੁਈ ਦੇਖੀ ਨਾ ਸੁਣੀ ਰੰਗਤ ਜੁ ਅੰਦਰ ਆ ਛਾਈ।
ਸੀ ਉਹ ਹੋਸ਼ ਦੀ ਹੋਸ਼ ਕਿ ਮਦਹੋਸ਼ਿ ਮਦਹੋਸ਼ੀ,
ਆਪਾ ਗਿਆ ਆਪੇ ਤੋਂ ਉਡ ਖੰਭ ਲਗਾਈ।
ਰਸ ਤ੍ਰੇਲ ਦੀ ਮਾਨੋ ਸੀ ਛਹਿਬਰ ਸਾਰੇ ਹੀ ਬਰਸੇ,
ਇਕ ਸੁਆਦ ਦੀ ਕੁਈ ਝੂਮ ਕਿ ਲਟਕਨ ਸੀ ਛਾਈ।
ਓ ਹੁਸਨ ਕਿ ਜੁ ਲੁਕਦਾ ਸੀ ਹੁਸਨਾਂ ਦੇ ਉਹਲੇ,
ਲਾਹ ਘੁੰਡ ਉ ਪਿਆ ਕਰੇ ਹੈ ਦੀਦਾਰ-ਨੁਮਾਈ
ਉਹ ਪ੍ਯਾਰ ਜੁ ਕਦੇ ਨੈਣਾਂ ਤੋਂ ਸੀ ਝਾਤੀਆਂ ਪਾਂਦਾ
ਡੁਲ੍ਹ ਡੁਲ੍ਹ ਕੇ ਪਏ ਜਿਵੇਂ ਚਸ਼ਮੇਂ ਨੇ ਛਹਿਬਰ ਲਾਈ।
ਮਸਤੀ ਹੋਸ਼ ਤੇ ਖੇੜੇ ਨੇ ਇਕ ਰੰਗ ਜਮਾਯਾ,
ਜਿਵੇਂ ਨੂਰ ਨੇ ਸਤ ਰੰਗ ਤੋਂ ਇਕ ਰੰਗਤ ਪਾਈ।
ਮਿਰੇ ਮਰਦਾਂ ਦੇ ਮਰਦ, ਵਾਹ, ਓ ਜੁੱਲਫ਼ਾਂ ਵਾਲੇ !
'ਨੁਕਤਹਏ ਯਾਦ ਦੇ ਉਹਲੇ ਕਿਹੀ ਰਮਜ਼ ਛਪਾਈ। ੩੧
ਲਾਵਾਰਿਸ ਤੋਂ ਵਾਰਿਸ
ਤੂੰ ਡਾਂਵਾਂ ਡੋਲ ਫਿਰਦਾ ਹੈ।
ਜਿਵੇਂ ਹੁੰਦਾ ਹੈ ਲਾ-ਵਾਰਿਸ,
ਸਹਿਨ ਸ਼ਾਹੀ ਦਾ ਵਾਰਸ ਸੈਂ
ਤੂੰ ਹੋ ਰਹਿਆ ਹੈ 'ਨਾ ਵਾਰਿਸ?
ਪਿਤਾ ਵਲ ਪਿੱਠ ਤੇਰੀ ਹੈ,
ਤੂੰ ਛਾਯਾ ਆਪਣੀ ਵੇਖੇਂ,
ਤੂੰ ਛਾਯਾ ਮੱਤਿ ਛਾ ਦਿੱਤੀ,
ਬਣਾ ਦਿੱਤਾ ਹੈ ਲਾਵਾਰਿਸ।
ਏ ਛਾਯਾ ਭੂਤ ਬਣ ਬਣਕੇ
ਹੈ ਭੈ ਦੇਂਦੀ, ਡੁਲਾਂਦੀ ਹੈ,
ਰੁਲਾ ਦਿੱਤੇ ਨੇ ਸ਼ਾਹਜ਼ਾਦੇ
ਇਨ੍ਹੇ ਕਰਕੇ ਹਾਂ ਲਾਵਾਰਿਸ।
ਤੇਰੇ ਵਰਗਯਾਂ ਨੇ ਪਿਠ ਦੇ ਦੇ
ਬਣਾ ਦਿੱਤਾ ਹੈ ਬਾਪੂ ਨੂੰ
ਪੁੱਤਾਂ ਦੇ ਹੁੰਦਿਆਂ: ਕੋਈ,
ਜਿਵੇਂ ਹੁੰਦੈ ਬਿਨਾ ਵਾਰਿਸ।
ਅਹੋ ਸੌਭਾਗ ਉਹਨਾਂ ਦੇ
ਜਿਨ੍ਹਾਂ ਛਾਯਾ ਨੂੰ ਪਿੱਠ ਦਿੱਤੀ,
ਤੇ ਮੂੰਹ ਬਾਪੂ ਦੀ ਵੱਲ ਰਖਿਆ,
ਬਣੇ ਉਸਦੇ ਓ ਆ ਵਾਰਿਸ।
ਪਿਤਾ ਸਦ ਜੀਉਂਦਾ ਸੁਹਣਾ,
ਜਿਉਣ ਜੋਗੇ ਓ ਨਾਲ ਹੋ ਗਏ,
ਹਾਂ ਸਾਂਝੀਵਾਲ ਹੋ ਗਏ ਹਨ
ਤੇ ਨਾਲੇ ਓਸਦੇ ਵਾਰਿਸ।
ਪਿਤਾ ਨੂੰ ਸੰਤ ਕਰ ਦਿੱਤਾ
ਇਨ੍ਹਾਂ ਬਰਖੂਰਦਾਰਾਂ ਨੇ
ਕਰੇਂ ਤੂੰ ਬੀ ਜੇ ਮੂੰਹ ਸਨਮੁਖ,
ਤੂੰ ਬੀ ਹੋ ਜਾਇਗਾ ਵਾਰਿਸ । ੩੨
ਲਵੇਂ ਉਸ ਦਾ ਜੇ ਛਿਨ ਛਿਨ ਨਾਮ
ਹੱਯੇ, ਉੱਠੀ ਮਨ ਮੇਰੇ !
ਕਿ ਬੀਤੇ ਰਾਤ ਨਾ ਬਿਨ ਨਾਮ।
ਤੂੰ ਰਖ ਉਸ ਯਾਦ ਸੁਹਣੇ ਨੂੰ
ਪਕੜ ਪੱਲਾ ਤੇ ਗਿਨ ਗਿਨ ਨਾਮ।
ਨ ਆਵੇ ਆਪ ਜੇ 'ਸੁੰਦਰ'
ਨਿਰਾਸਾ ਹਥ ਨ ਚੜ੍ਹ ਜਾਵੀਂ,
ਇ 'ਯਾਦ' ਉਸਦੀ ਹੈ ਖਿਚ ਉਸਦੀ
ਉ ਆਪੇ ਹੀ ਹੈ ਇਨ-ਬਿਨ ਨਾਮ।
ਉ ਲਾਂਦਾ ਤੇ ਪੁਗਾਂਦਾ ਏ,
ਇ ਉਸ ਦੇ ਖੇਲ ਹਨ, ਸਹੀਓ !
ਖਿਲਾੜੀ ਜਾਂ ਖਿਲਾਵੇ ਜਿਉਂ,
ਖਿਲੇਂਦੀ ਰਹੁ ਤੂੰ ਘਿਨ ਘਿਨ ਨਾਮ*
ਉ ਨਾਮ ਅਪਣੇ ਤੋਂ ਵੱਖ੍ਰਾ ਨਾ
ਵਸੇਂਦਾ ਵਿੱਚ ਹੈ ਇਸ ਦੇ,
--------------------
ਉ ਛਿਨ ਛਿਨ ਨਾਲ ਹੈ ਤੇਰੇ
ਲਵੇਂ ਉਸ ਦਾ ਜੇ ਛਿਨ ਛਿਨ ਨਾਮ।
ਉ ਹੈ ਰਸ ਰੂਪ ਸੁੰਦਰ ਖੁਦ,
ਉ ਰਸ ਭਰਦਾ ਹੈ ਨਾਂ ਅਪਨੇ*
ਉ ਰਸ ਮਾਣਨ ਪਰੀਤਮ ਦਾ,
ਲਵਣ ਹਿਤ ਵਿਚ ਜੋ ਭਿਨ ਭਿਨ ਨਾਮ** ੩੩
-----------------
*ਆਪਣੇ ਨਾਮ ਵਿਚ ਰਸ ਭਰ ਦੇਂਦਾ ਹੈ।
** ਪ੍ਰੇਮ ਵਿਚ ਭਿੱਜ ਭਿੱਜਕੇ ਜੋ ਨਾਮ ਲੈਂਦੇ ਹਨ।
ਤੇਰੀ ਕਮਾਲ ਸੈਨਤ, ਮਸਤਾਂ ਦੇ ਸਰਵਰਾ !
ਸੂਰਜ ਚੜ੍ਹੇ ਚਕੇਰਾ ਚੋਗਾ ਹੈ ਭਾਲਦਾ,
ਉਸ ਦੇ ਨ ਰੂਪ ਰੰਗ ਵਲ ਨੈਣਾਂ ਉਛਾਲਦਾ।
ਘੁੰਮੇ ਵਿਚ ਕੰਕਰਾਂ ਦੇ ਦਾਣੇ ਨੂੰ ਠੂੰਗਦਾ,
ਛਹਿਬਰ ਪ੍ਰਕਾਸ਼ ਸੂਰਤ ਰੱਤੀ ਨ ਖ੍ਯਾਲਦਾ।
ਸ਼ਾਮਾਂ ਨੂੰ ਝੁੰਡ ਤਾਰੇ ਨਿਕਲਨ ਅਕਾਸ਼ ਤੇ
ਗ਼ਮਜ਼ੇ ਉਨ੍ਹਾਂ ਦੇ ਦੇਖਣ ਅਖ ਨਾ ਦਿਖਾਲਦਾ।
ਐਪਰ ਜਦੋਂ ਅਕਾਸ਼ੀਂ ਦਿਸ ਚੰਦ ਆਂਵਦਾ
ਨਜ਼ਰਾਂ ਅਕਾਸ਼ ਗਡਦਾ ਖਿਚ ਖਾ ਕਮਾਲ ਦਾ।
ਕੁਹਕੇ ਹੋ ਬੇਖ਼ੁਦਾ ਤੇ ਉੱਛਾਲੇ ਖਾਂਵਦਾ,
ਨੈਣਾਂ ਨੂੰ ਨੂਰ ਚੰਦ ਦੇ ਚੋਗੇ ਤੇ ਪਾਲਦਾ।
ਚੜ੍ਹ ਪੀਂਘ ਬੇਖ਼ੁਦੀ ਦੀ ਖ਼ੁਦੀਆਂ ਤੇ ਝੂਟਦਾ
ਆਪੇ ਹੀ ਅਪਨ ਆਪਾ ਦਿਲਬਰ ਤੇ ਘਾਲਦਾ।
ਕੀ ਖਿੱਚ ਓਸ ਨੂਰ ਦੀ ਉਸ ਅੱਖ ਵਸ ਰਹੀ,
ਸਾਰਾ ਹੀ ਖਿੱਚ ਹੋ ਗਿਆ ਖਿਚਿਆ ਜਮਾਲ ਦਾ।
ਝਲਕੇ ਚਕੋਰ ਨੈਣੀਂ ਕੀ ਰੰਗ ਚਾੜ੍ਹਿਆ
ਕਦਮਾਂ 'ਚ ਯਮਨ ਭਰਿਆ ਮੋਰਾਂ ਦੀ ਚਾਲ ਦਾ।
ਕਲ ਕਹਿ ਰਿਹਾ ਸੀ ਸਾਕੀ ਦਾਖਾਂ ਨਿਚੋੜਦਾ:
ਗੈਬੋਂ ਕੁਈ ਹੈ ਖਿੱਚ ਦੇ ਡੋਰੇ ਸਮ੍ਹਾਲਦਾ।
ਦਾਤਾ ਓ ਮਸਤ ਮੇਰਾ ਉੱਛਲਕੇ ਉਲਰਿਆ
ਦਰਸ਼ਨ ਕਰਾਇਓ ਸੂ 'ਅੱਖ-ਡੋਰੇ ਲਾਲ ਦਾ।
ਖਿਚ ਖਾ ਗਿਆ ਕਲੇਜਾ, ਧੂ ਪੈ ਗਈ ਅਗੰਮੀ;
ਲਾਲੀ ਨੇ ਰੰਗ ਲਾਯਾ ਅਪਣੇ ਗੁਲਾਲ ਦਾ।
ਤੇਰੀ ਕਮਾਲ ਸੈਨਤ, ਮਸਤਾਂ ਦੇ ਸਰਵਰਾ !
ਬੇਹੋਸ਼ੀਆਂ ਉਛਾਲੇਂ, ਜਿੰਦੀਆਂ ਜਿਵਾਲਦਾ। ੩੪
ਸਾਂਈਂ ਦੀ ਸੰਮ੍ਹਾਲ
ਇਕ ਰੋਂਦੀਆਂ ਹਨ, ਨਿਤ ਰੋਂਦੀਆਂ ਹਨ.
ਸੋ ਰੋ ਰੋ ਹੋ ਬੇਹਾਲ ਰਹੀਆਂ।
ਇਕ ਹਸਦੀਆਂ ਹਨ ਐਵੇਂ ਹਸਦੀਆਂ ਹਨ,
ਸੋ ਹਸ ਹਸ ਥੱਕ ਨਿਢਾਲ ਰਹੀਆਂ।
ਇਕ ਰੋਂਦੀਆਂ ਧੋਂਦੀਆਂ ਹਸਦੀਆਂ ਹਨ.
ਪਰ ਸਾਂਈਂ ਸਦਾ ਸੰਭਾਲ ਰਹੀਆਂ।
ਜਦ ਮਰ ਕੇ ਸੱਭੇ ਪਾਰ ਗਈਆਂ,
ਤਦ ਦੇਖੋ ਕਿਹੜੇ ਹਾਲ ਗਈਆਂ?
ਜੋ ਰੋਂਦੀਆਂ ਆਪਾ ਖਾਂਦੀਆਂ ਸਨ,
ਸੋ ਮੂਲੋਂ ਨੰਗ ਦੁਆਲ ਹੁਈਆਂ।
ਜੋ ਹਸਦੀਆਂ ਹੁੰਦਾ ਖਾਂਦੀਆਂ ਸਨ.
ਸੋ ਦੇਖੋ ਹੁਣ ਕੰਗਾਲ ਹੁਈਆਂ।
ਜੋ ਰੋਣੇ ਧੋਣੇ ਹਾਸਿਆਂ ਵਿਚ
ਨਿੱਤ ਸਾਂਈ ਤਈਂ ਸੰਭਾਲ ਗਈਆਂ.
ਓਹ ਪੱਲੇ ਵਾਲੀਆਂ ਦਿਸਦੀਆਂ ਹਨ
ਤੇ ਓਹ ਹੁਣ ਹੋ ਖੁਸ਼ਹਾਲ ਰਹੀਆਂ। ੩੫
ਇਸ ਦੁਨੀਆਂ ਮੇਂ ਕੌਨ ਹਮਾਰਾ?
(ਹਿੰਦੀ ਵਿਚ)
ਇਸ ਦੁਨੀਆਂ ਮੇਂ ਕੌਨ ਹਮਾਰਾ
ਹੋ ਜੋ ਸਦਾ ਸਹਾਈ?
ਦੁਨੀਆਂ ਮੇਂ ਭਗਵਾਨ ਹਮਾਰਾ,
ਜਾਂ ਸਿਉਂ ਲਿਵ ਨ ਲਗਾਈ,
ਅੰਗ ਸੰਗ ਹਮਰੇ ਹੈ ਬਸਤਾ,
ਲੋਚੇ ਹੋਨ ਸਹਾਈ,
ਪੀਠ ਫਿਰਾਇ ਦਈ, ਦਈ ਓਰੇ,*
ਯਾ ਬਿਧਿ ਮਤਿ ਬਿਰਮਾਈ**
ਸਾਧ ਸੰਗ ਪਾਵੈਂ ਜਉ, ਭਈਆ!
ਬਿਗੜੀ ਤਬ ਬਨਿ ਆਈ,
ਅੰਤਰ ਫ਼ਿਰ ਭਗਵਾਨ ਲਖੈ ਤੂੰ
ਬਾਹਰ ਭੀ ਦਰਸਾਈ।
ਫਿਰ ਭਗਵਾਨ ਨਿਕਟ ਹੁਇ ਦੀਸੈ
ਸਖਾ ਕਿ ਬੰਧਪ ਭਾਈ,
ਦੁਨੀਆਂ ਮੇਂ ਭਗਵਾਨ ਹਮਾਰਾ,
ਇਤ ਉਤ ਸਦਾ ਸਹਾਈ। ੩੬
-----------------
*ਦਯ = ਵਾਹਿਗੁਰੂ ਵੱਲ ਪਿੱਠ ਅਸਾਂ ਕਰ ਲਈ ਹੈ।
** ਇਉਂ ਬੁੱਧੀ ਭਰਮ ਗਈ ਹੈ।
ਅੰਗ ਅੰਗ ਗਏ ਹੰਘ
ਨੈਣ ਸੁਕੇ ਹੋ ਰੋ ਸਖੀ !
ਵਿਲਕ ਵਿਲਕ ਕੇ ਸੰਘ,
ਰਾਤੀਂ ਜਾਗੇ ਕਟਦਿਆਂ
ਅੰਗ ਅੰਗ ਗਏ ਹੰਘ।
ਸਾਜਨ ਗਏ ਬਿਦੇਸ਼ ਨੂੰ
ਸੁੰਞਾ ਕਰ ਗਏ ਦੇਸ,
ਸੁੰਞੀ ਸਿਹਜਾ ਰਹਿ ਗਈ
ਸੁੰਞੇ ਰਹੇ ਪਲੰਘ।
ਪੰਛੀ ਉਡ ਉਡ ਜਾ ਮਿਲਨ
ਕਦੇ ਜਿ ਵਿੱਛੜ ਜਾਣ,
ਸਾਂਈਂ ਦਰ ਤੋਂ ਉਨ੍ਹਾਂ ਨੂੰ
ਸੁਹਣੇ ਮਿਲ ਪਏ ਫੰਘ।
ਰਸਤਾ ਮਾਹੀ ਜੇ ਭੁਲੇ,
ਭੁਲ੍ਯਾ ਆ ਜਏ ਦੇਸ,
ਭੁਲ੍ਯਾ ਵਿਹੜੇ ਆ ਵੜੇ,
ਅੰਦਰ ਆਵੇ ਲੰਘ;
ਤਾਣ ਭਰੇ ਫਿਰ ਦੇਹ ਵਿਚ
ਮਨ ਤਨ ਹਰਿਆ ਹੋਇ,
ਤਰੋ ਤਾਜ਼ ਹੋ ਜਾਣ ਜੋ
ਅੰਗ ਅੰਗ ਰਹੇ ਹੰਘ। ੩੭
ਝਾਂਵਲਾ
ਦੂਰੀ ਹੈ, ਹਨ੍ਹੇਰਾ, ਕੁਛ ਹੋਵਦਾ ਨ ਸਹੀ,
ਪੈਦਾ ਪਿਆ ਝਾਵਲਾ, ਸੋ ਝਾਂਵਲਾ ਹੀ ਸਹੀ।
ਝਾਂਵਲੇ ਨੇ ਅਪਣੇ ਵਲ ਧ੍ਯਾਨ ਖਿੱਚ ਲਿਆ.
ਝਾਂਵਲੇ ਦੇ ਆਸਰੇ ਹੈ ਸੇਧ ਬੱਝ ਰਹੀ !
ਵਾਜਾਂ ਪਈ ਮਾਰਦੀ ਹਾਂ ਸੇਧ ਆਸਰੇ,
ਕੰਠੀ ਤੁਸਾਂ ਪਹੁੰਚਦੀ ਏ, ਸੱਦ ਨਿੱਕੀ ਜਿਹੀ?
ਕੂੰਦੇ ਸਹਿੰਦੇ ਹੋ ਨਹੀਂ, ਨ ਬੋਲਦੇ ਦਿਸੋਅ,
ਐਪਰ ਕੰਨ ਆਖਦੇ: "ਅਬੋਲਦੇ ਬੀ ਨਹੀਂ"।
ਅਬੋਲ ਬੋਲ ਬੋਲਦੇ ਜਿਉਂ ਤਾਰਿਆਂ ਦੀ ਲੋਅ,
ਤਾਰਿਆਂ ਦੀ ਲੋਅ ਕਾਫ਼ੀ ਲੋਅ ਹੈ ਬੜੀ।
ਕਚੀ ਤਣੀ ਪ੍ਯਾਰ ਵਾਲੀ ਖਿਚੇ 'ਮਨ ਲਗੀਂ,
ਮੈਥੋਂ ਕਦ ਪੁਗੀਵੇਗੀ ਏ ਨਿੱਕੀ ਮਨ ਲਗੀਂ।
ਗੀਤ ਮੇਰਾ ਗੂੰਜ ਹੋਵੇ ਤੈਂ ਸੰਗੀਤ ਦੀ,
ਤੇਰੀ 'ਪ੍ਯਾਰ ਖਿੱਚ ਮੈਨੂੰ ਖਿੱਚ ਹੈ ਰਹੀ।
ਕੱਚੀ ਤੰਦ ਆਸ ਤੂੰ ਪੁਗਾ ਦੇ ਸਾਂਈਆਂ।
ਤੇਰੀ ਲਾਈ, ਤੇਰੀ ਖਿੱਚੀ, ਪੁੱਗੇ ਤੇ ਰਹੀ। ੩੮
ਸੁਹਣੇ ਦਰਸ਼ਨ
ਸੁਹਣੇ ਦੇਨਾ ਏਂ ਦਰਸ਼ਨ
ਬਣਕੇ ਅਜਬ ਨਜ਼ਾਰੇ
ਤਕ ਤਕ ਹੁੰਦਾ ਏ ਹਰਸਨ,
ਦਰਸ਼ਨ ਲਗਦੇ ਪਿਆਰੇ !
ਸੁਹਣੇ ਕਰਦੇ ਆਕਰਖਨ
ਫਟਕਣ ਨੈਣ ਵਿਚਾਰੇ,
ਅੰਦਰ ਮਾਰੇ ਜੇ ਝਾਤੀ,
ਮੁੰਦੋ ਨੈਣਾਂ ਦੇ ਦ੍ਵਾਰੇ:
ਸੀਤਲ ਹੁੰਦੀ ਐ ਛਾਤੀ,
ਦੇਵੋ ਸੋਚਾਂ ਜੇ ਟਾਰੇ,
ਆਪਾ ਹੋ ਕੇ ਇਕਾਂਤੀ
ਸੈਨਤ ਆਪੇ ਦੀ ਮਾਰੇ,
ਮੋਹਨ ਹਾਰੀ ਏ ਸ਼ਾਂਤੀ
ਜਿੱਥੇ ਸੁੰਨ ਦਿਦਾਰੇ।
ਸੁਹਣੇ ਦੇਨਾ ਏਂ ਦਰਸ਼ਨ
ਬਣ ਕੇ ਅਜਬ ਨਜ਼ਾਰੇ। ੩੯
ਸ਼ਮਅ
ਹਸ ਰਹੀ ਮਹਿਫਲ ਹੈ ਸਾਰੀ,
ਰੋ ਰਹੀ ਦੇਖੋ ਸ਼ਮਅ,
ਰੋ ਰਹੀ ਹੈ ਗ਼ਮ ਦਿਲੇ ਦਾ
ਘੁਲ ਰਹੀ ਵੇਖੋ ਸ਼ਮਅ ।
ਗਮ ਕੁਈ ਹੈ ਰੋ ਰਹੀ ਕਿ
ਗ਼ਮ ਦੇ ਸੁਖ ਵਿਚ ਹਸ ਰਹੀ,
ਸੁਖ ਲੈਣ ਦੀ ਕੋਲੋਂ ਕਿਸੇ ਹੈ
ਮਿਟ ਚੁਕੀ ਇਸਦੀ ਤਮਅ ।
'ਤਮਅ ਵਾਲੀ ਸ਼ਮਅ ਹੈ,
ਸਭ ਸੀਨਿਆਂ ਵਿਚ ਧੁਖ ਰਹੀ,
ਦੁਖ ਦੇ ਰਹੀ, ਦੁਖ ਲੈ ਰਹੀ,
ਰਜਦੀ ਨ ਕਰ ਕਰ ਕੇ ਜਮਅ ।
ਗ਼ਮ ਇਸ਼ਕ ਦਾ ਸੀਨੇ ਨਹੀਂ
ਪਾਵੇ ਜਿ ਕੋਈ ਰੌਸ਼ਨੀ,
ਧੂਏਂ ਹਨੇਰੇ ਵਿੱਚ ਧੁਖਦੀ
ਤਮਅ ਦੀ ਹੈਵੇ ਸ਼ਮਅ ।
ਮੂਲੋਂ ਤਮਅ ਨਹੀਂ ਓਸ ਵਿਚ
ਜਿਸਨੇ ਬਨਾਈ ਸੀ ਤਮਅ.
ਪਰ ਲੈਣਹਾਰੇ ਕਰ ਲਈ
ਨਿਜ ਜਾਨ ਤੋਂ ਪ੍ਯਾਰੀ ਤਮਅ ।
ਲਗ ਜਾਇ ਜੇਕਰ ਸ਼ਮਅ ਵਾਂਙੂ
ਇਸ ਤਮਅ ਨੂੰ ਇਕ ਚਿਣਂਗ,
ਹੋ ਜਾਇ ਰੌਸ਼ਨ ਆਪ ਫਿਰਤੇ
ਕਰੇ ਰੋਸ਼ਨ ਜਿਉਂ ਸ਼ਮਅ। ੪੦
ਤੇਰੀ ਪਿਆਰ ਚਿਣਂਗ
ਚਿਣਗ ਉਹ ਪ੍ਯਾਰ ਦੀ ਸਾਂਈਆਂ!
ਜੁ ਦਿਲ ਮੇਰੇ ਨੂੰ ਲਾਈ ਸਾਓ.
ਤੁਸਾਂ ਦੇ ਮਿਲਣ ਨੂੰ ਸੁਲਗੇ
ਨ ਬੁਝਦੀ ਹੈ ਕਿਸੇ ਦਾਓ।
ਦੁਖਾਂ ਦਾ ਨੀਰ ਪੈ ਪੈ ਕੇ
ਬੁਝਾ ਸਕਿਆ ਨਹੀਂ ਉਸ ਨੂੰ,
ਬੁਝਾ ਸੱਕੀ ਨ ਝੁਲ ਝੁਲ ਕੇ
ਸੁਖਾਂ ਦੀ ਓਸ ਨੂੰ ਵਾਓ।
ਰੁਝੇਵੇਂ ਜਗਤ ਦੇ ਆਏ,
ਲਿਆ ਖਿਚ ਮੁਸ਼ਕਲਾਂ ਨੇ ਦਿਲ
ਚਿਣਂਗ ਪਰ ਪ੍ਯਾਰ ਤੇਰੇ ਦੀ,
ਰਹੀ ਮਘਦੀ ਭਰੀ ਤਾਓ।
ਉਹ ਬਣਕੇ 'ਯਾਦ ਪ੍ਯਾਰੇ ਜੀ !
ਤੁਸਾਨੂੰ ਮਾਰਦੀ ਵਾਜਾਂ,
ਕਦੇ ਉਹ ਗੀਤ ਬਣ ਕੇ ਤੇ
ਤੁਸਾਂ ਦੇ ਸੋਹਿਲੇ ਗਾਓ।
ਕਦੇ ਬੇਚੈਨ ਕਰਦੀ ਹੈ,
ਬਿਰਹੋਂ ਦੇ ਤੀਰ ਚੋਭੇ ਹੈ,
ਕਦੇ ਅਰਦਾਸ ਬਣਕੇ ਤੇ
ਅਰਜ਼ ਕਰਦੀ: ਹੁਣੇ ਆਓ।'
ਕਦੇ ਬੇਆਸ ਕਰਦੀ ਹੈ-
'ਕਿਨ੍ਹੇ ਆਣਾ, ਨਾ ਰੋ ਐ ਦਿਲ !
'ਗ਼ਮ ਉਸ ਦੇ ਨਾ ਮਿਲਣ ਦਾ ਜੋ,
ਐ ਜਿੰਦੇ ! ਬੈਠ ਕੇ ਖਾਓ।'
ਕਦੇ ਸ਼ੁਕਰਾਂ ਦਾ ਚਾ ਭਰਦਾ
'ਇਹ ਗ਼ਮ ਬੀ ਦਾਤ ਹੈ ਉਸਦੀ,
'ਰਹਣ ਤਾਜ਼ੇ ਜੁ ਗਮ ਦੇ ਹਨ
ਕਿ ਵਿਚ ਸੀਨੇ ਲਗੇ ਘਾਓ।'
ਕਦੇ ਦੇਂਦਾ ਉਲਾਭੇ ਹੈ
ਇਹ ਦਿਲ ਮੇਰਾ, 'ਸੁਣੀਂ ਸੁਹਣੇ!
'ਲਗਾ ਕੇ ਦੀਦ ਪ੍ਯਾਰਾਂ ਦੀ
ਨਜ਼ਰ ਸਾਨੂੰ ਨ ਕਿਉਂ ਆਓ?
'ਜਿ ਮਿਲਣਾ ਸੀ ਨਹੀਂ ਸਾਂਈਆਂ,
ਤਾਂ ਵਿੱਥਾਂ ਘੜਨੀਆਂ ਕਿਉਂ ਸਨ?
'ਨਾ ਨਜ਼ਰ ਉਹਲੇ ਫਬੇ ਰਹਿਣਾ
ਜੇ ਵਿੱਥਾਂ ਦਾ ਤੁਸਾਂ ਚਾਓ।'
ਚਿਣਗ ਬੇਚੈਨ ਰਖਦੀ ਹੈ
ਬੁਝਾਵਣ ਤੇ ਨਹੀਂ ਫਿਰ ਦਿਲ,
ਰਹੇ ਮਘਦੀ ਚਿਣਗ ਏਹੋ
ਤੇ ਲਾਂਦੀ ਆਪਣੇ ਘਾਓ।
ਇਹੋ ਜੇ ਹੈ ਖੁਸ਼ੀ ਤੇਰੀ,
ਹਾਂ, ਏਹੋ ਦਾਤ ਹੈ, ਤੇਰੀ,
ਮੈਂ ਸੀਨੇ ਵਿੱਚ ਹੀ ਇਸ ਦਾ,
ਸਦਾ ਹੀ, ਹਾਂ, ਰਹੇ ਥਾਂਓ। ੪੧
ਤੁਹਾਡੇ ਪ੍ਯਾਰ ਦਾ ਚਸਕਾ
ਪਰੋਂ ਆਏ ਸੋ ਢੋਲਨ ਮੈਂ !
ਕਿ ਰਾਗਨਿ ਮੇਘ ਦੀ ਬਣਕੇ,
ਮਲ੍ਹਾਰਾਂ ਗਾਉਂਦੇ, ਵਸਦੇ
ਤੇ ਪੀਘਾਂ ਝੂਟਦੇ ਤਣਕੇ।
ਕਲ ਆਏ ਸੋ ਮੇਰੇ ਲਾਲਨ !
ਬਿਲਾਵਲ ਰੂਪ ਬਣ ਠਣਕੇ,
ਖੁਸ਼ੀ ਦੇ ਗੀਤ ਗਾਂਦੇ ਸੋ
ਤੇ ਮੰਗਲ ਸਾਜ਼ ਤਣ ਤਣਕੇ।
ਤੁਸਾਂ ਹੀ ਲਾਲ ! ਅਜ ਲੀਤਾ
ਹੈ ਮਾਰੂ ਰਾਗ ਦਾ ਬਾਣਾ,
ਉਦਾਸੀ ਆ ਰਹੀ ਪ੍ਰੀਤਮ !
ਕਦਮ ਸੁਟਦੀ ਹੈ ਮਿਣ ਮਿਣਕੇ।
ਹੈ ਗ਼ਮ ਦੀ ਸੁਰ ਛਿੜੀ ਸਾਰੇ,
ਅਲਮ ਦੇ ਛਿੜ ਰਹੇ ਨਗਮੇ,
ਕਿ ਪ੍ਰੇਮੀ ਰੂਪ ਏ ਤਕ ਤਕ
ਬਣੇ ਹਨ ਸੋਚ ਦੇ ਮਣਕੇ।
ਕੀ ਇਹ ਓਹੋ ਪਿਆਰਾ ਹੈ,
ਜੋ ਆਯਾਸੀ ਉਮਾਹ ਬਣਕੇ?
ਮਲਾਰਾਂ ਬਣ ਜੁ ਆਇਆ ਸੀ,
ਜੋ ਵੱਸਦਾ ਸੀਗ ਕਿਣ ਮਿਣਕੇ।
ਹੋਯਾ ਕੀਰਤਨ ਸੁਅਰਗਾਂ ਦਾ
ਕਿ ਰਸ ਵਸਦਾ ਸੀ ਛਣ ਛਣਕੇ,
ਹੈ ਅਜ ਇਸ ਵੇਸ ਵਿਚ ਆਇਆ,
ਛਿਪਾ ਕਰ, ਹੋਰ ਬਣ ਬਣਕੇ।
ਸਿਆਣੇ ਸਯਾਣ ਲੈਂਦੇ ਹਨ,
ਚਹੋ ਜਿਸ ਰੰਗ ਖੇਡੇ ਹੋ,
ਮੇਰੀ ਹੈ ਪ੍ਰੀਤ ਨੋ-ਬਾਲਾ
ਲਗੀ ਹੈ ਰੂਪ ਸੁਣ ਸੁਣਕੇ।
ਇਕ ਅਰਜ਼ੋਈ ਹੈ ਬਾਲਮ ਮੈਂ,
ਨਜ਼ਰ ਮੇਰੀ ਹੈ ਘਟ ਰੌਸ਼ਨ,
ਜੁ ਸੱਕੇ ਸਯਾਣ ਹਰ ਰੰਗੇ,
ਜੁ ਧਾਰੇ ਆਪ ਬਣ ਬਣਕੇ।
ਖ਼ਜ਼ਾਨੇ ਹੁਸਨ ਅਪਣੇ ਚੋਂ
ਦਿਓ ਇਹ ਦਾਨ ਮੈਨੂੰ ਬੀ
ਮਜ਼ਾ ਫਿਰ ਪ੍ਯਾਰ ਤੁਹਾਡੇ ਦਾ
ਮਿਲੇ ਮੈਨੂੰ ਅਗਿਣ ਗਿਣਕੇ,
ਰਹੇ ਰੌਸ਼ਨ ਨਜ਼ਰ ਮੇਰੀ,
ਕਿ ਬੀਨਾਈ ਹੋ ਦਿਵ ਮੇਰੀ,
ਸਿਆਣਾਂ ਹਰ ਰੰਗੇ ਬਾਲਮ !
ਹਾਂ ਸਭ ਵੇਸਾਂ ਤੋਂ ਪੁਣ ਪੁਣਕੇ।
ਤੁਹਾਡੇ ਨਾਜ਼ ਨਖ਼ਰੇ, ਵਾਹ !
ਕਿ ਮੌਜਾਂ ਚੋਜ ਜੋ ਸੁਹਣੇ
ਓ ਇੰਨੇ ਰੰਗ-ਬਦਲਵੇਂ ਹਨ,
ਸਮਝ ਆਜਿਜ਼ ਹੈ ਮਿਣ ਮਿਣਕੇ।
ਹਾਂ ਇਕ ਰਸ ਜ਼ਾਤ ਤੇਰੀ ਹੈ,
ਸਿਫਾਤਾਂ ਹਨ ਅਨਿਕ ਲਾਲਨ !
ਅਦਾਵਾਂ, ਲਾਲ ! ਹਨ ਕੋਈ
ਕਿ ਹਾਰੀ ਦਾ ਉਨ੍ਹਾਂ ਗਿਣਕੇ।
ਸੋ ਤੁਹਾਡੇ ਹੀ ਹੁਸਨ ਵਿਚੋਂ
ਜੇ ਮਿਲ ਜਾਏ ਰਮਜ਼ ਐਸੀ
ਕਿ ਸ੍ਯਾਣੇ ਜੋ ਸਭਨ ਰੰਗੇ
ਤੁਸੀ ਬਦਲੋ ਜੋ ਪਲ ਛਿਨਕੇ।
ਹੇ ਪ੍ਰੀਤਮ! ਪ੍ਯਾਰ ਤੁਹਾਡੇ ਦਾ
ਪਿਆ ਚਸਕਾ ਨ ਛੁਟਦਾ ਹੈ
ਨਾ ਛੁੱਟੇ ਏ ਕਿਸੇ ਗੱਲੇ
ਕਟੇ ਚਹਿ ਕੋਈ ਲੁਣ ਲੁਣ ਕੇ । ੪੨
ਟੱਲੀਆਂ ਦੀ ਆਵਾਜ਼
ਵਿਛੋੜੇ ਵਿਚ ਨ ਰਖ ਸਾਨੂੰ
ਨ ਹੁਣ ਸਾਨੂੰ ਪਿਆ ਤੜਫਾ,
ਮਿਲੀ ਸੀ ਝਲਕ ਜਾਨੀ ਵਿਚ,
ਰਿਹਾ ਹੁਣ ਤਕ ਲਗਾ ਤੜਫਾ।
ਕੀ ਫਿਰ ਹੋਵੇਗੀ ਬਖਸ਼ਿਸ਼ ਮੈਂ
ਉਸੇ ਹੀ ਰੂਪ ਦਰਸਨ ਦੀ
ਅਵਾਜ਼ ਆਂਦੀ ਹੈ ਟਲੀਆਂ ਦੀ,
ਏ ਦੇਂਦੀ ਹੈ ਵਧਾ ਤੜਫਾ।
ਲਿਆ ਡਾਚੀ ਨੂੰ ਦਰ ਮੇਰੇ
ਪੁਆ ਦੇ ਰੂਪ ਦਾ ਝਲਕਾ,
ਕਿ ਨੈਣਾਂ ਤਰਸ ਰਹਿਆਂ ਦਾ
ਤਰਜ ਕਰਕੇ ਘਟਾ ਤੜਫਾ।
ਇਹ ਮਿਟ ਜਾਵਣਗੇ ਸੁਣ ਸੁਹਣੇ,
ਪਰੋਂ ਕਿ ਅੱਜ, ਕਿਹ ਕੱਲ ਹੀ,
ਕਿ ਮਿਲ ਪਉ ਆ ਮਿਟਣ ਪਹਿਲੋਂ,
ਗਲੇ ਲਗਕੇ ਉਡਾ ਤੜਫਾ। ੪੩
ਗ਼ਾਫ਼ਲੀ ਵਿਚ ਬੀਤੀ ਦਾ ਹਵਾ
ਗਿਆ ਟੁਰ ਸੁੱਤਿਆਂ ਮਾਹੀ,
ਮੈਂ ਡਿੱਠਾ ਭੋਰ ਜਦ ਜਾਗੀ,
ਹਾਏ ਗ਼ਫ਼ਲਤ ਦੀਏ ਨੀਂਦੇ !
ਮਿਰੀ ਅੱਖ ਘੋਰ ਕਿਉਂ ਲਾਗੀ ?
ਉਕਾਈ ਹੋ ਗਈ ਕੋਈ,
ਕੁਈ ਗਲ ਨਾ-ਸੁਖਾਵੀਂ ਯਾ
ਨਿਕਲ ਮੂੰਹੋਂ ਗਈ ਮੇਰੇ,
ਜੋ ਚੰਗੀ ਓਸ ਨਾ ਲਾਗੀ।
ਘਰੀਂ ਆਇਆ ਪਰੀਤਮ ਦੇ
ਏ ਸਉ ਜਾਣਾ ਅਵੱਲਾ ਏ,
ਰਹੀ ਹਾਜ਼ਰ ਨ ਕਿਉਂ, ਹਾਏ !
ਕਿਉਂ ਜਾਗੇ ਰਾਤ ਨਾ ਝਾਗੀ !
ਜੇ ਹੁੰਦੀ ਜਾਗਦੀ, ਮਾਹੀ !
ਤੁਰਨ ਦੇਂਦੀ ਨ ਤੈਨੂੰ ਮੈ
ਕਦਮ ਤੇਰੇ 'ਚ ਲਿਟ ਜਾਂਦੀ,
ਲਿਪਟ ਜਾਂਦੀ ਤੇਰੇ ਪਾਗੀ।
ਹਾਏ ਜ਼ਾਲਮ ਬਿਰਹੈ ! ਤੈਨੂੰ,
ਤੂੰ ਸੁਤਿਆ ਦੇਖ ਕੇ ਮੈਨੂੰ
ਨਿਤਾਣੀ ਤੇ ਹੈ ਤਕ ਗੋਲੀ
ਚੁਪਾਤੇ ਆਣ ਕਿਉਂ ਦਾਗੀ?
ਕਲੇਜੇ ! ਫੁੱਟ ਜਾ ਮੇਰੇ
ਕਿ ਦਿਲ ਮੇਰੇ ! ਤੂੰ ਖੂੰ ਹੋ ਜਾ,
ਬਣੇ ਅੱਧੂ ਵਗੇ ਛਮ ਛਮ
ਫੁਹਾਰੇ ਜਿਉਂ ਚਲਨ ਬਾਗੀਂ।
ਇਉ ਰੋਂਦੀ ਟੁਰ ਪਵਾਂ ਲੱਭਣ,
ਮਿਲੇ ਪ੍ਯਾਰਾ, ਮਨਾਵਾਂ ਮੈਂ
ਲਿਆਵਾਂ ਮੋੜ ਕੇ ਮਹਿਲੀਂ
ਰਹਾਂ ਚਰਨਾਂ ਦੇ ਸੰਗ ਲਾਗੀ। ੪੪
ਸ਼ੰਕ੍ਰਾਚਾਰਯ
ਉਚੇਰੇ ਤੋਂ ਉਚੇਰੇ ਆ ਤੁਸੀਂ ਬੈਠੇ ਗੁਸਾਈਂ ਜੀ !
ਸਿਰੀ ਨਗਰੇ ਬੀ ਚੜ੍ਹ ਉੱਚੇ ਸਮਾਧੀ ਹੈ ਲਗਾਈ ਜੀ !
ਕਰੋ ਖੇਚਲ ਚਲੇ ਹੇਠਾਂ ਤੇ ਤੱਕੋ ਕੌਮ ਅਪਣੀ ਨੂੰ
ਉਹ ਮਰਦੀ ਹੈ, ਕਦੇ ਜਿਹੜੀ ਅਚਾਰਜ ਜੀ! ਜਗਾਈ ਸੀ।
ਸੁਆਰਥ ਹਥ ਵਿਕੇ ਐਸੇ ਨ ਕੁਰਬਾਨੀ ਹੈ ਸਾਂਝੇ ਕੰਮ
ਪਏ ਪਿੰਜਰੇ ਬਟੇਰੇ ਜਿਉਂ ਲੜਨ ਆਪੋ 'ਚ ਭਾਈ ਜੀ !
ਅਕਲ ਗਿਣਤੀ ਤੇ ਦੌਲਤ ਹੈ ਅਜੇ ਪੱਲੇ ਬਤੇਰੀ ਪਰ
ਵਿਕੋਲਿੱਤ੍ਰੇ, ਜਿਵੇਂ ਮਣਕੇ ਟੁਟੀ ਮਾਲਾ ਦੇ, ਸਾਂਈ ਜੀ !
ਨਿਸ਼ਾਨੇ ਓਤਨੇ ਜਿਤਨੇ ਕਿ ਦੇਖਣਹਾਰ ਨੈਣਾਂ ਹਨ,
ਵਖੋ ਵਖ ਸੇਧ ਨੈਣਾਂ ਦੀ ਵਖੇਵੇਂ ਨਜ਼ਰ ਆਈ ਜੀ !
ਕਈ ਵਾਰੀ ਅਣਖ ਸਾਰੀ ਹੈ ਰੁਲ ਚੁੱਕੀ ਜ਼ਮੀਨਾਂ ਵਿਚ,
ਹੈ ਗ਼ੈਰਤ ਮਿਟ ਚੁਕੀ ਸ਼ੰਕਰ !ਨ ਬਾਕੀ ਆਨ ਰਾਈ ਜੀ ।
ਬਣਾਂਦੇ ਹਨ ਗਿਰਾਂਦੇ ਹਨ, ਉਸਾਰਨ ਫੇਰ ਢਾਹ ਸਿੱਟਣ
ਇਹੋ ਹੀ ਖੇਲ ਸਦੀਆਂ ਤੋਂ ਗਿਰੀ ਇਸ ਕੌਮ ਚਾਈ ਜੀ !
ਸਿਸਕਦੀ ਹੈ, ਸਥਰ ਲੱਥੀ, ਕੁਰਾੜੀ ਜਿੰਦ ਹੈ ਇਸ ਦੀ,
ਚਲੋ ਹੇਠਾਂ ਹੇ ਆਚਾਰਯ ! ਦਿਓ ਕੋਈ ਦਵਾਈ ਜੀ !
ਸੁਆਰਥ ਫੌਂਟ ਚਲ ਸੀਵੇਂ ਤਿ ਖ਼ੁਦਗਰਜ਼ੀ ਮਲ੍ਹਮ ਲਾਓ,
ਉ ਬੂਟੀ ਘੋਲ ਪ੍ਯਾਰਾਂ ਦੀ ਦਿਓ ਇਸ ਨੂੰ ਪਿਲਾਈ ਜੀ!
ਹਾਂ, ਜੀਦੀ ਹੈ ਅਜੇ ਸ਼ੰਕਰ ! ਜਬਾੜੇ ਮੌਤ ਵਿਚ ਬੈਠੀ
ਜਿ ਕੁਛ ਕਰਨਾ ਤਾਂ ਹੁਣ ਵੇਲਾ ਹੈ ਬਹੁੜਨ ਦਾ, ਗੁਸਾਈ ਜੀ!੪੫
ਗ਼ਰੀਬ
ਵਤਨ ਤੋਂ ਬੇਵਤਨ ਜੋ,
ਪਰਦੇਸ ਵਿਚ, ਓ ਹੈ ਗ਼ਰੀਬ।
ਧਨ ਨ ਪੱਲੇ ਹੋ ਜਿਦੇ
ਵਿਚ ਵਤਨ ਦੇ ਬੀ ਹੈ ਗ਼ਰੀਬ।
ਦਿਲ ਹੈ ਸ਼ਾਖੋ ਸ਼ਾਖ ਤ੍ਰਪਦਾ
ਪਕੜਦਾ ਇਕ ਸੇਧ ਨਾ
ਪੁੜਦਾ ਨਾ ਹੈ ਪ੍ਯਾਰ-ਪ੍ਰੀਤਮ
ਆਪਿਓਂ ਗੁੰਮ ਹੈ ਗ਼ਰੀਬ।
ਪੁੜ ਗਈ ਦਿਲ ਨੋਕ ਇਕ,
ਨੁਕਤਾ ਗਿਆ ਹੈ ਲੱਗ ਹੁਣ
ਭਾਲ ਹੈ ਹੁਣ ਮਹਲ ਦੀ,
'ਬਿਨ ਮਹਲ ਲੱਤੇ ਮੈਂ ਗ਼ਰੀਬ।
ਹੈ ਹਨੇਰੀ ਰਾਤ ਤੇ
ਹਨ ਛਾ ਰਹੇ ਬੱਦਲ ਘਣੇ
ਭਾਲ ਵਿਚ ਪੈਂਦੇ ਭੁਲੇਵੇ
ਭਰ ਰਿਹਾ ਦਿਲ ਭੈ ਗ਼ਰੀਬ।
ਜ਼ੁਲਫ ਨੇ ਹੈ ਖਿਲਰਕੇ
ਮਾਨੋ ਲੁਕਾਯਾ ਚੰਦ ਮੁਖ
ਨਾਚ, ਕੁਹਕਣ ਭੁਲ ਗਿਆ ਹੈ
ਦਿਲ-ਚਕੋਰ ਹੁਣ ਢੈ ਗ਼ਰੀਬ।
ਲਿਸ਼ਕ ਪਉ ਜਿਉਂ ਬਿੱਜਲੀ,
ਕਿੰਗਰਾ ਦਿਖਾ ਦੇ ਮਹਲ ਦਾ,
ਬੇਨਕਾਬੀ ਕਰ ਜ਼ਰਾ,
ਪਾ ਨੂਰ ਤੇ ਖਿਚ ਲੈ ਗ਼ਰੀਬ। ੪੬
ਇਕ ਸਾਂਈਂ ਲੋਕ ਦੇ ਮਨ ਹੁਲਾਸ
ਜੇ ਖੁਸ਼ ਜੀਵਨ ਲੋੜਿਆ ਚਾਹੇਂ
ਸੰਗ ਨ ਕਰੀਂ ਅਮੀਰਾਂ ਦਾ।
ਦੁਆਰਾ ਦੌਲਤ-ਪੂਜ ਨ ਸੇਵੀਂ
ਰੰਗ ਨ ਲਈ ਵਜ਼ੀਰਾਂ ਦਾ।
ਰਾਜੇ ਤੇ ਸ਼ਾਹਜ਼ਾਦੇ ਛੱਡੀਂ
ਅੰਗ ਲੀਕਰ ਛਕੀਰਾਂ ਦਾ।
ਦਿਲ ਜੋ ਹੈਂਕੜ ਕਾਬੂ ਕੀਤਾ
ਚੰਗ ਪਿਆ ਜਾਗੀਰਾਂ ਦਾ।
ਦੂਰ ਰਹੀ ਉਸ ਆਰੇ ਦਿਲ ਤੋਂ
ਢੰਗ ਬੁਰਾ ਦਿਲ ਚੀਰਾਂ ਦਾ।
ਮਾਯਾ ਸ੍ਰਪਨੀ ਜਿਸ ਦੇ ਵਸਦੀ,
ਡੰਗ ਰਚੋ ਵਿਹੁ ਤੀਰਾਂ ਦਾ।
ਲੋੜ ਜਿ ਬਣਨ ਨਿਸ਼ਾਨੇ ਦੀ ਹੋ
ਮੰਗ ਸੁ ਸੰਗ ਡੰਗੀਰਾਂ ਦਾ*
ਦਿਲ ਦੀ ਪਤ ਦਿਲ ਰੱਖ ਨ ਜਾਣੇ
ਸੰਗ ਜਾਣ ਬੇ ਪੀਰਾਂ ਦਾ**
----------------
** ਉਸ ਤੋਂ ਸੰਗ ਦੂਰ ਰਹੁ ਤੇ ਉਸ ਦਿਲ ਨੂੰ ਬੇਪੀਰਾ ਜਾਣ।
ਦਿਲ ਮੰਦਰ ਵਿਚ ਸਾਂਈਂ ਵੱਸੇ
ਤੰਗ ਕਰੇ ਜੋ ਕੀਰਾਂ ਦਾ*
ਸਾਂਈਂ ਮੰਦਰ ਢਾਹੁਣ ਵਾਲਾ
ਅੰਗ ਨ ਛੁਹ ਦਿਲਗੀਰਾਂ ਦਾ**
ਸੁੱਕੀ ਰੋਟੀ, ਠੰਢਾ ਪਾਣੀ,
ਝੰਗ ਛਾਯ ਛਾਵੀਰਾਂ ਦਾ ***
ਗੁਰਮੁਖ ਸੰਦੀ ਸੰਗਤ ਹੋਵੇ,
ਪੰਗ**** ਧਰਮ ਦੇ ਬੀਰਾਂ ਦਾ।
ਸਾਂਈਂ ਨਾਲ ਨੇਹੁਂ ਜੀ ਲੱਗਾ
ਤੰਗ ਨ ਕਿਸੇ ਤੰਗੀਰਾਂ***** ਦਾ।
ਵੱਸ ਖੁਸ਼ੀ, ਹਰਦਮ ਹਸ ਪ੍ਯਾਰੇ
ਸੰਗ ਨ ਕਰੀ ਅਮੀਰਾਂ ਦਾ। ੪੭
------------
* ਭਾਵ ਦਿਲ ਦੁਖਾਉਣ ਵਾਲਾ ਕਮੀਨਾ ਹੈ ।
** ਭਾਵ ਉਨ੍ਹਾਂ ਦੇ ਨੇੜੇ ਨਾ ਲਗ।
*** ਸਾਏਦਾਰ ਬ੍ਰਿਛਾਂ ਦੀ ਝੰਗੀ ਹੋਵੇ।
**** ਆਸਰਾ
***** ਕਿਸੇ ਤੰਗੀ ਦੇਣ ਵਾਲੇ ਦਾ
ਧੰਨ ਕਾਗ਼ਜ਼ !
ਅਵੇ ਕਾਗਜ਼ ! ਅਵੇ ਕਾਗਜ਼ !
ਕਿ ਤੂੰ ਅਸਚਰਜ ਹੈ ਕਾਗ਼ਜ।
ਤੂੰ ਸਾਹਾਂ ਦੇ ਕਰਾਂ ਵਿਚ ਜਾ
ਵਡ੍ਯਾਯਾ ਜਾਵਨੈਂ ਕਾਗ਼ਜ਼।
ਤੂੰ ਬੱਚਿਆਂ ਦੀ ਬੀ ਬਣਕੇ ਖੇਲ
ਅਕਾਸ਼ੀਂ ਉੱਡਨੈਂ ਕਾਗਜ਼ !
ਤੂੰ ਫ਼ਾਨੂਸਾਂ ਦੇ ਦੁਆਲੇ ਹੋ
ਅਗਨ ਸਿਉਂ ਖੇਡਨੈਂ ਕਾਗਜ਼ !
ਉਡਾਰੂ ਖ੍ਯਾਲ ਕਵੀਆਂ ਦੇ
ਜੋ ਉਡਦੇ ਜਾਣ ਜੰਮਦੇ ਹੀ
ਤੂੰ ਫੜ ਗੋਦੀ ਬਹਾਨਾ ਹੈ,
ਤੇ ਰਖ ਲੈਨਾਂ ਧਰੇ, ਕਾਗਜ਼ !
ਤੂ ਭਗਤੀ ਭਾਵ ਭਗਤਾਂ ਦੇ
ਹਾਂ ਲਿਖ ਲੈਨਾ ਹੈ ਸੀਨੇ ਤੇ
ਪੜ੍ਹਾ ਦੇਨੈ ਤੂੰ ਪ੍ਰੇਮੀਆਂ ਨੂੰ
ਦਿਲਾਂ ਵਿਚ ਠੰਢ ਦੇ ਕਾਗ਼ਜ਼ !
ਤੂੰ ਬ੍ਰਹਮ ਨੂੰ ਬੀ ਹੈਂ ਲਿਖ ਲੈਨੈਂ
ਮਨ ਅਪਨੇ ਵਿਚ ਸਮਾ ਲੈਨੈਂ
ਫਿਰ ਉਸਦਾ ਗ੍ਯਾਨ ਦਸ ਲੋਕਾਂ
ਕਰੇਂ ਚਾਨਣ ਅਵੇ ਕਾਗਜ਼ !
ਪੈ ਡਿੱਠਾ ਨਾ ਕਦੇ ਤੈਨੂੰ
ਕਿ ਰੁਲਦਾ ਰੋ ਰਿਹਾ ਹੈਂ ਤੂੰ,
ਕਿ ਢੱਠਾ ਆਸਮਨੇਂ ਜਦ
ਨਾ ਅੱਥਰੂ ਸਨ ਵਗੇ ਕਾਗਜ਼ !
ਗਿਓਂ ਹਥ ਪ੍ਰੀਤਮਾਂ ਦੇ ਤੂੰ,
ਗਿਓਂ ਚੁੰਮਿਓਂ ਤੇ ਸਿਰ ਧਰਿਓ
ਲਖਾਇਆ ਪਰ ਨ ਆਪਾ ਤੂੰ
ਜਰੇਂ ਆਦਰ ਘਨੇ ਕਾਗ਼ਜ਼
ਨ ਭਗਤਾਂ ਦਾ ਪ੍ਰਿਯਾ ਬਣਕੇ
ਬਫ਼ਾਇਓ ਤੂੰ ਕਦੇ ਕਾਗ਼ਜ਼ !
ਨ ਕੁਸਕ੍ਯਾ 'ਅਹੇ ਬ੍ਰਹਮੰ ਚਹਿ
ਤੂੰ ਗਯਾਨਾਂ ਦੇ ਲਦੇ ਕਾਗ਼ਜ਼।
'ਜਣਾਂਦਯਾਂ ਆਪਾ ਹੈ ਤੈਨੂੰ
ਕਿਸੇ ਨੇ ਨਾ ਕਦੇ ਡਿੱਠਾ
ਤੂੰ ਵਾਹ ਕਾਗ਼ਜ਼, ਤੂੰ ਧੰਨ ਕਾਗਜ਼ !
ਤੂੰ ਧੰਨ ਕਾਗ਼ਜ਼, ਧੀਨੇ ਕਾਗਜ਼ !੪੮
ਨਾ ਸੁਰ ਹੋਇਆ ਸਰੋਦਾ
ਦੁਏ ਹਥ ਖੋਲ੍ਹ ਕੇ ਦਾਤਾ !
ਦਿਵਾਂਦਾ ਜਾ, ਦਿਵਾਂਦਾ ਜਾ !
ਨ ਝੋਲੀ ਵੱਲ ਤੱਕ ਸਾਡੀ,
ਤੂੰ ਪਾਂਦਾ, ਖੈਰ ਪਾਂਦਾ ਜਾ !
ਉਲਟ ਆਕਾਸ਼! ਬਨ ਕਾਸਾ,
ਸਮੁੰਦਰ ! ਉਲਟ ਪੈ ਜਾ ਵਿਚ,
ਜ਼ਮਾਨਾ ਉਲਟ, ਬਨ ਸਾਕੀ,
ਖਿੜੇ ਮੱਥੇ ਪਿਲਾਂਦਾ ਜਾ !
ਕਿ ਹੈ ਸਿਰ ਪੀੜ ਸਭ ਕੁਛ ਹੀ;
ਦਵਾ ਤੇ ਦਰਦ ਸਿਰ ਦਰਦੀ,
ਇਕੋ ਦਾਰੂ ਹੈ 'ਹਮਦਰਦੀ’,
ਮਿਲੇ, ਲੈ, ਹਈ, ਲੁਟਾਂਦਾ ਜਾ !
ਚਿਣਗ ਪ੍ਯਾਰਾਂ ਦੀ ਆ ਡਿੱਗੀ,
ਜੇ ਦਾਮਨ ਛੁਹ ਗਈ ਤੇਰੇ,
ਸ਼ਮਅ ਵਾਂਙੂ ਤੂੰ ਹੋ ਰੌਸਨ
ਜਗਾਂਦਾ ਨੂਰ ਲਾਂਦਾ ਜਾ !
ਜੁ ਲਾਲੀ ਆ ਚੜ੍ਹੇ ਬੱਦਲ,
ਹੋ ਕਾਲੀ ਸ਼ਾਮ ਨੂੰ ਆਖ਼ਰ,
ਉਦਾਸੀ ਆ ਫੜੇ ਛੇਕੜ
ਜੁ "ਮੈਂ ਮੈਂ" ਤੂੰ ਬਫਾਂਦਾ ਜਾ !
ਨ "ਮੈਂ" ਏ ਵੇਚ ਸਸਤੇ ਭਾ
ਇਹੋ ਨੁਕਤਾ ਖੜੋਣੇ ਦਾ,
ਜਮਾਕੇ ਪੈਰ ਇਸ ਉੱਤੇ
ਤੂੰ ਘੁੰਮ ਅਸਮਾਂ ਘੁਮਾਂਦਾ ਜਾ !
ਵਿਛਾਏ ਜਾਲ ਨੀਵੇਂ ਥਾਂ,
ਓ ਆਪੂੰ ਹੋ ਗਏ ਨੀਵੇਂ
ਉਡਾਰੀ ਲਾ ਅਰਸ਼ ਦੀ ਤੂੰ;
ਹੁਮਾ ਉਨਕਾ ਫੁੰਡਾਂਦਾ ਜਾ !
ਓ ਕਾਮਲ ਅਰਸ਼ ਦਾ ਨੂਰੀ,
ਇਹ ਕੰਨੀ ਪਾ ਰਿਹਾ ਮੇਰੇ:-
ਕਿ ਦਾਮਨ ਅਕਲ ਪਾੜੀ ਜਾ.
ਸੂਈ ਯਾਦਾਂ ਦੀ ਲਾਂਦਾ ਜਾ।
ਰਹੇ ਹਾਜ਼ਰ ਦੁਪੱਟਾ ਬੰਨ੍ਹ
ਕਿ ਇਕ ਬਿੰਦ ਚੁੱਪ ਦੀ ਗ਼ਫ਼ਲਤ
ਦੇ ਨਜ਼ਰਾਂ ਤੋਂ ਵਿਛੋੜੇ ਪਾ,
ਤੇ ਮੁੜ ਦਰਦਾਂ ਛਿੜਾਂਦਾ ਜਾ !
ਨ ਸੁਰ ਹੋਇਆ ਸਰੋਦਾ ਮੈਂ,
ਮੈਂ ਕੀਤਾ ਸੁਰ ਬਤੇਰਾ ਸੀ,
ਸੁ ਐਦਾਂ ਹੀ ਵਜਾ, ਐ ਦਿਲ !
ਸਮਾਂ ਵਾਗਾਂ ਤੁੜਾਂਦਾ ਜਾ !੪੯
ਮੇਰੀ ਝੋਲੀ, ਤੇਰੀ ਤੌਫੀਕ।
ਤੇਰੀ ਤੌਫੀਕ ਬਹੂੰ ਵਡੀ,
ਮੇਰੀ ਝੋਲੀ ਹੈ ਨਿੱਕ, ਸਾਹਿਬ !
ਨ ਲਗਸੀ ਦੇਰ ਭਰਦੀ ਨੂੰ
ਜੇ ਤੁਠੇਗਾ ਖਿਨ ਇੱਕ ਸਾਹਿਬ !
ਨ ਤੱਕੀਂ ਸੁਕਮ ਮੇਰੇ ਤੂੰ,
ਏ ਸ਼ੁਹਦੇ ਹੈਨ ਹੀ ਕੀ ਸ਼ੈ?
ਗੁਨਹਗਾਰੀ ਮੈਂ ਗਿਣਤੀ ਵਿਚ
ਤੇਰੀ ਰਹਿਮਤ ਅਮੁੱਕ ਸਾਹਿਬ !
ਮੈਂ ਦਿਲ ਕੋਰੇ ਨੂੰ ਧੋਤਾ ਹੈ,
ਕਈ ਸਾਬਣ ਲਗਾ ਧੋਤਾ,
ਧੁਲੇ ਨਾ ਧੋਤਿਆਂ ਮੇਰੇ,
ਹੋਯਾਂ ਧੋ ਧੋ ਕੇ ਦਿੱਕ ਸਾਹਿਬ !
ਕਈ ਖੂਹੇ ਵਗਾਏ ਸਨ,
ਕਈ ਨਹਿਰਾਂ ਚਲਾਈਆਂ ਸਨ.
ਪੈ ਸਭ ਨੂੰ ਲੋੜ ਬੱਦਲ ਦੀ,
ਕਿ ਇਹ ਸਭਨਾਂ ਦਾ ਇੱਕ ਸਾਹਿਬ!
ਹੋ ਭੁਲ ਇਨਸਾਨ ਦੀ ਕਿਤਨੀ
ਭਰੇ ਬੋਹਿਥ ਕਈ ਚਾਹੋ
ਅਮਿੱਤਾ ਮਿਹਰ ਸਾਗਰ ਤੂੰ
ਲਏ ਕਰ ਸਭ ਗਰਿੱਕ ਸਾਹਿਬ !
ਲਗਾ ਦੇ ਇਸ਼ਕ ਦਾ ਚੁੰਬਕ
ਤੇ ਪਾ ਦੇ ਖਿੱਚ ਇਕ ਅਪਣੀ,
ਰਹੇ ਖਿਚ ਪਾਉਂਦੀ ਤੇਰੀ
ਇਹੋ ਇੱਕੋ ਹੀ ਸਿੱਕ ਸਾਹਿਬ !
ਸ਼ਮਅ ਦੀਵੇ ਜਗਾਏ ਹਨ
ਕਰਨ ਰਸਤੇ ਨੂੰ ਮੈਂ ਰੋਸ਼ਨ
ਨਹੀਂ ਤੌਫੀਕ ਇਹਨਾਂ ਦੀ
ਇਹਨਾਂ ਦਾ ਨੂਰ ਫਿਕ, ਸਾਹਿਬ !
ਹੋ ਚੰਦਾ ਅਰਸ਼ ਤੇ ਆ ਜਾ !
ਹੋ ਬੁੱਕਾ ਨੂਰ ਦ ਦਿਸ ਪਉ !
ਚਕੋਰ ਅਖਾਂ ਨੂੰ ਖਿੱਚੀ ਲਾ,
ਕਿ ਰਹਿ ਜਾਵਣ ਬਝੱਕ, ਸਾਹਿਬ !੫੦
ਇਸ਼ਕ ਤੇ ਖੇੜਾ
ਦਿਨ ਦੁਪਹਿਰੀਂ ਟੋਰਿਆ,
ਢਲਦੀ ਦੁਪਹਿਰੀਂ ਆ ਗਿਆ,
ਇਸ ਮੇਰੇ ਮਹਿਬੂਬ ਤੇ
ਹੁਣ ਇਸ਼ਕ ਗਾਲਬ ਆ ਗਿਆ।
ਝੱਲ ਸਕਦੀ ਸਾਂ ਨਹੀਂ
ਇਕ ਦਮ ਜੁਦਾਈ ਮੈਂ ਜਿਵੇਂ
ਇਸ਼ਕ ਹੁਣ ਮਹਬੂਬ ਅੰਦਰ
ਉਸ ਤਰ੍ਹਾਂ ਹੈ ਧਾ ਗਿਆ।
ਚੁੰਬਕ ਖਿਚੇ ਅਸਪਾਤ ਨੂੰ,
ਦੇਖੋ ਕਰਾਮਤ ਖਿੱਚ ਦੀ:
ਰਗ ਰਗ ਵਿਖੇ ਅਸਪਾਤ ਦੀ
ਚੁੰਬਕ ਹੈ ਸਾਰਾ ਛਾ ਗਿਆ,
ਦਿਲਦਾਰੀਆਂ ਦਿਲਦਾਰੀਆਂ
ਕਰਦੀ ਸਾਂ ਮੈਂ ਦਿਲਦਾਰੀਆਂ
ਇਸ਼ਕ ਹੁਣ ਦਿਲਦਾਰ ਨੂੰ
ਦਿਲਦਾਰੀਆਂ ਸਿਖਲਾ ਗਿਆ।
ਇਸ਼ਕ ਸੁਅਲਾ ਸੱਖ਼ ਹੈ
ਜਿਸ ਜਿਸ ਸ਼ਮਅ ਨੂੰ ਲਗ ਗਿਆ.
ਹੈ ਸੋਜ਼* ਉਸ ਵਿਚ ਆ ਗਿਆ
ਗੁੱਦਾਜ਼** ਉਸਨੂੰ ਲਾ ਗਿਆ।
ਇਸ਼ਕ ਜਦ ਮਾਸ਼ੂਕ ਦੇ
ਦਿਲ ਧਾ ਗਿਆ ਤਾਂ ਇਸ਼ਕ ਉਹ
ਗੋਦ ਅਪਣੀ ਵਿਚ ਦੁਹਾਂ ਨੂੰ
ਰੂਪ ਹੈ ਇਕ ਲਾ ਗਿਆ।
ਸਤ ਰੰਗ ਹੋ ਇਕ ਰੰਗ ਜਦ
ਬੇ ਰੰ ਗ ਹੋ ਕੇ ਖੇਲਦੇ
ਬਣ ਨਜ਼ਾਰਾ ਨੂਰ ਦਾ
ਛਹਿਬਰ ਹੈ ਨੂਰੀ ਲਾ ਗਿਆ।
ਇਸ਼ਕ ਤੇ ਮਾਸ਼ੂਕ ਆਸ਼ਕ
ਰੰਗ ਜਦ ਇਕ ਹੋ ਗਏ
ਇਕ ਨੂਰ ਬੇਰੰਗ ਛਾ ਗਿਆ.
ਖੇੜਾ ਤਦੋਂ ਹੈ ਆ ਗਿਆ। ੫੧
----------------------
* ਦਿਲ ਪੀੜਾ, ਸੜਨਾ।
** ਪੰਘਰਨਾ, ਦ੍ਰਵਣਤਾ।
ਦਰਦੇ ਦਿਲ
ਕਈ ਹੈ ਦਰਦ ਅੰਦਰ ਦਿਲ
ਕਿ ਜਿਸ ਨੂੰ ਰੋ ਰਹੀ ਬੁਲਬੁਲ,
ਕੋਈ ਹੈ ਗਮ ਅਸਹਿ ਲੁਕਿਆ
ਫੁਗਾਂ ਬਣ ਕੇ ਰਿਹਾ ਡੁਲ੍ਹ ਡੁਲ੍ਹ।
ਕਲੇਜਾ ਹਾਜ਼ ਭਰਿਆ ਹੈ ਕਿ
ਟੀਕਾ ਹੋ ਨਹੀਂ ਸਕਦੀ,
ਪੰਘਰ ਕੇ ਸੋਜ਼ ਦਿਲ ਤੇ ਓ
ਨਿਕਲਦਾ ਹੈ ਪਿਆ ਘੁਲ ਘੁਲ।
ਕਈ ਖ਼ਾਰਾਂ ਨੇ ਚੁਭ ਚੁਭ ਕੇ
ਸੌ ਕਤਰੇ ਖੂਨ ਦੇ ਡੇਗੇ,
ਇਹੋ ਕਤਰੇ ਜ਼ਿਮੀ ਤੋਂ ਉਠ
ਚੜ੍ਹੇ ਸਾਖ਼ਾ, ਬਨੇ ਗੁਲ ਗੁਲ।
ਹੈਂ ਖੂੰ ਬੁਲਬੁਲ ਤੋਂ ਗੁਲ ਬਣਿਆ.
ਹੈ ਦਿਲ ਬੁਲਬੁਲ ਦਾ ਖੂੰ ਹੋਇਆ
ਸਦਾ ਬੁਲਬੁਲ ਤੋਂ ਟਪਕੇ ਖੂੰ
ਸੁਰਾਹੀ ਖੂੰ ਦੀ ਏ ਕੁਲਕੁਲ।
ਨ ਜਾਲੀ ਬਾਗ਼ਬਾਨਾ ! ਲਾ,
ਸਦਾ ਬੁਲਬੁਲ ਨਹੀਂ ਗਾਣਾ,
ਨ ਇਸ ਤੇ ਰੀਝ ਤੂੰ, ਭੋਲੇ !
ਨ ਖ਼ੁਸ਼ ਹੋ ਏਸ ਤੇ ਭੁਲ ਭੁਲ।
ਫਿਰਨ ਦੇ ਕੂਕਦੀ ਬਨ ਬਨ
ਸਦਾ ਮੁਹਮਨ ਲਗਾਵਣ ਦੇ,
ਤ੍ਰੈ-ਸੁਰ ਵਿਚ ਰੋਣ ਦੇ ਬੁਲਬੁਲ
ਵਹਿਣ ਦੇ ਜਿਗਰ ਨੂੰ ਧੁਲ ਧੁਲ।
ਨ ਭਿੱਤੀ ਲਾ, ਨ ਪੇਟੀ ਪਾ,
ਨ ਸੋਨੇ ਦੀ ਘੜਾ ਝਾਂਜਰ,
ਨ ਦੀਵਾਨੀ ਬਨਾਂ ਦੀ ਨੂੰ
ਤੂੰ ਉਂਗਲ ਤੇ ਬਹਾ ਫੁਲ-ਫੁਲ।
ਜਿ ਗਮ ਦੀ ਕਸਕ ਸਾਈਂ ਨੇ
ਤੇਰੇ ਸੀਨੇ 'ਚ ਪਾਈ ਹੈ,
ਸਦਾ ਬੁਲਬੁਲ ਫੁਗਾਂ ਸਮਝੀ,
ਛੁਗਾਂ ਮੁਹਮਲ ਛੁਗਾਂ ਗੁਲ ਗੁਲ*।
ਹਜ਼ਾਰਾਂ ਬਾਗ਼ ਵਿਚ ਭੋਲੇ,
ਕਲੋਲਾਂ ਕਰ ਰਹੇ ਪੰਛੀ,
ਰਹਿਂਣ ਦੇ ਇੱਕ ਬੇ-ਗੌਲੀ
ਗ਼ਮ ਅਪਣੇ ਰੋਵਦੀ ਬੁਲਬੁਲ। ੫੨
---------------
ਇਸ ਕਵਿਤਾ ਵਿਚ ਕਈ ਲਫਜ਼ ਹਨ ਅਰਬੀ ਫ਼ਾਰਸੀ ਦੇ ਹਨ, ਉਹਨਾਂ ਦੇ ਅਰਥ ਪਾਠਕਾਂ ਦੇ ਸੌਖ ਲਈ ਹੇਠ ਦਿੰਦੇ ਹਾਂ:- ਫ਼ਗਾਂ-ਫਰਿਆਦੀ ਰੋਣਾ। ਰਾਜ-ਭੇਤ, ਮਰਮ। ਸੋਜ਼-ਸੜਕਨ। ਖ਼ਾਰ=ਕੰਡੇ। ਗੁਲਗੁਲ-ਫੁੱਲ ਹੀ ਫੁੱਲ। ਖੂੰ ਹੋਇਆ-ਕਤਲ ਹੋਇਆ। ਸਦਾ-ਆਵਾਜ਼। ਕੁਲਕੁਲ-ਸੁਰਾਹੀ ਵਿਚੋਂ ਸ਼ਰਾਬ ਉਲਟਣ ਦੀ ਆਵਾਜ਼। ਸਦ ਮੁਹਮਲ-ਨਿਰਾਰਥਕ ਆਵਾਜ਼, ਬੇ ਅਰਥ ਲਿੱਲਾ। ਭਿੱਤੀ-ਉਹ ਮਨ ਭਾਉਂਦਾ ਚੋਗਾ ਜਿਸ ਦੇ ਲਾਲਚ ਵਿਚ ਖਿੱਚੇ ਪੰਛੀ ਚਲੇ ਆਉਣ।
* ਬੁਲਬੁਲ ਦੀ ਆਵਾਜ਼ ਨੂੰ ਉਸਦਾ ਫਰਿਆਦੀ ਰੋਣਾ ਸਮਝੀ, ਬੇ ਅਰਥ ਰੋਣਾ ਤੇ ਇਕ ਪੰਛੀ ਦਾ ਅਪਣੀ ਮਸਤੀ ਵਿਚ ਪਾਇਆ ਸ਼ੋਰ ਸਰਾਬਾ।
ਉਡਨ ਜਹਾਜ਼ਾਂ ਦਾ ਸੰਦੇਸ਼
'ਉਡਨ ਖਟੋਲੇ ਸੁਣੇ ਸਨ,
ਹੁਣ ਆ ਗਏ 'ਉਡਨ ਜਹਾਜ਼
ਰੌਲਾ ਪਾਂਦੇ ਜਾਵਦੇ
ਓ ਦੇਂਦੇ ਜਾਣ ਅਵਾਜ਼:
'ਸਫਰ ਸੁਖੱਲੇ ਹੋ ਗਏ
ਪਰ ਉਮਰਾ ਘਟ ਗਈ ਨਾਲ
'ਗ਼ਾਫ਼ਲ ਪਿਐ ਬਿਹੋਸ਼ ਤੂੰ !
ਦੱਸ ਕਿਸ ਨਖ਼ਰੇ ਕਿਸ ਨਾਜ਼?M
'ਮੌਤ-ਤਣਾਵਾਂ ਹੇਠ ਹੈਂ,
ਹੇ ਗ਼ਾਫ਼ਲ ! ਸਮਝੇਂ ਦੂਰ,
'ਰਹੁ ਤ੍ਯਾਰੀ ਵਿਚ ਹਰ ਛਿਨੇ
ਹੁਣ ਚੱਲਣ ਦਾ ਕਰ ਸਾਜ਼।
'ਕਾਲ ਜਾਇ ਛਿਨ ਛਿਨ ਕਰੇ,
ਤੂੰ ਛਿਨ ਛਿਨ ਕਰੀ ਸੰਮ੍ਹਾਲ,
'ਅਨੰਤ' ਬਣੇ 'ਛਿਨ ਛਿਨ ਜੁੜੀ
ਸੁਣ ! ਗੁੱਝਾ ਹਈ ਏ ਰਾਜ਼। ੫੩
ਨਿਆਂ ਤੇ ਤਰਸ
ਚਪੜਾਸੀ ਨੇ ਭੁੱਲ ਜੁ ਕੀਤੀ
ਮੁਨਸ਼ੀ ਨੇ ਦੋ ਲਾਈਆਂ
ਕਰ ਜੁਰਮਾਨਾ ਆਕੇ ਗੱਲਾਂ
ਮਾਲਕ ਤਾਈ ਸੁਣਾਈਆਂ।
ਸੁਣ ਮਾਲਕ ਨੇ ਆਖਯਾ: 'ਮੁਨਸ਼ੀ !
ਕੀਤੇ ਦਾ ਫਲ ਦਿੱਤਾ,
'ਜਿਸ ਨੇ ਕੀਤਾ ਉਸ ਨੇ ਪਾਇਆ,
ਤੁਰੀਆਂ ਧੁਰ ਤੇ ਆਈਆਂ
'ਐਪਰ ਉਸ ਦੀ ਵਹੁਟੀ ਬੱਚਿਆਂ
ਭੁੱਲਾਂ ਨਹੀਂ ਕਮਾਈਆਂ.
'ਭੁੱਖੇ ਮਰਨ ਅਦੋਸ਼ ਵਿਚਾਰੇ
ਤੂੰ ਤਲਬਾਂ ਅਟਕਾਈਆਂ !
ਦੋਸ਼ੀ ਨੂੰ ਦੰਡ ਦੇਂਦਿਆਂ ਤਾਂਈ
ਕਿਉਂ ਨਿਰਦੋਸ਼ ਸਤਾਏ?
'ਕਰ ਬਹਾਲ, ਮਾਫ ਜੁਰਮਾਨਾ
ਰਿਜ਼ਕ ਰੋਟੀਆਂ ਲਾਈਆਂ। ੫੪
ਪਿਆਰ ਗੋਦੀ ਵਿਚ ਪੀੜ
ਇਕ ਇਕ 'ਗੁਲਾਬ' ਖਿੜਿਆ
ਸ਼ਾਖਾਂ ਤੇ ਜੋ ਤੂੰ ਦੇਖੇਂ,
ਬੁਲਬੁਲ ਇਕ ਇਕ ਦੇ ਖੂੰ ਤੋਂ
ਦਰਦਾਂ ਦੇ ਨਾਲ ਘੜਿਆ।
ਕੁਮਰੀ ਹਜ਼ਾਰ ਰੋਈ
ਰੱਤੂ ਦੇ ਹੰਝੂ ਕਿਰ ਕਿਰ,
'ਸ਼ਮਸ਼ਾਦ' ਬਾਗ਼ ਅੰਦਰ
ਪੈਰਾਂ ਤੇ ਆਨ ਖੜਿਆ।
ਦਿਲ ਖੂਨ ਹੋ ਪਾਟੇ
ਬਿਰਹੋਂ ਦੇ ਹੱਥੋਂ ਰੋਏ
ਦੁਲਹਨ ਦੇ ਵਾਂਙ ਬਾਂਕਾ
'ਰੋਜ਼ਾ ਏ ਤਾਂ ਸੀ ਪੜ੍ਹਿਆ।
'ਸੋਸਨ ਮਜ਼ਾਰ ਉੱਤੇ
ਨਾਜ਼ਾਂ ਦੇ ਨਾਲ ਝੂੰਮੇ,
ਪਯਾਰਾਂ ਦੀ ਪੀੜ ਕੁਸ ਕੁਸ
ਇਸ ਨੂੰ ਸੀ ਏਥੇ ਜੜਿਆ।
'ਨਾਜ਼ਕ ਰਸੀਲੇ ਨੈਣਾਂ*
ਮਿੱਟੀ ਤੋਂ ਨਾ ਬਣੇ ਸਨ,
ਆਸ਼ਕ ਦੀ 'ਸਿੱਕ-ਦਰਸ਼ਨ
ਰੋ ਰੋ ਇਨ੍ਹਾਂ ਨੂੰ ਘੜਿਆ।
ਪਯਾਰਾਂ ਦੀ ਗੋਦ 'ਪੀੜਾ'
ਜਦ ਕਦ ਹੈ ਆਣ ਖੇਡੀ,
ਤਦ ਤਦ ਚਿਮਨ ਹੁਸਨ ਦਾ
ਜੋਬਨ ਤੇ ਆਨ ਖਿੜਿਆ। ੫੫
------------------
*ਭਾਵ ਨਰਰਾਸ।
ਦਰ ਢੱਠਣੀ
ਦਰ ਪਿਆਂ ਸ਼ਾਇਦ ਕਦੇ
ਮਿਲ ਜਾਇ, ਹਾਂ, ਇਕ ਵਾਰ ਝਾਤ,
ਫਿਰ ਦਲੀਜ਼ਾਂ ਵਾਂਙ ਦਰ ਤੇ
ਢੱਠਿਆਂ ਰਹੁ ਦਿਨ ਤੇ ਰਾਤ।
ਲੰਘਦਿਆਂ ਬੋਸਾ ਕਦੇ
ਚਰਨਾਂ ਦਾ ਹਾਂ ਮਿਲ ਜਾਇਗਾ,
ਧੂੜ ਚਰਨਾਂ ਦੀ ਕਦੇ
ਮਿਲ ਜਾਇਗੀ ਸੁਹਣੀ ਸੁਗਾਤ।
ਲਗਦਿਆਂ ਦੀ ਸਿੱਕ ਜਿਹੜੀ
ਉਮਗਦੀ ਸਿਰ ਵਿਚ ਰੋਜ਼,
ਯੂਮਨ ਵਾਲੇ ਕਦਮ ਠੁਰਕਰ
ਦੇ ਕਦੇ ਕਰ ਦੇਣ ਸ਼ਾਂਤਿ !
ਸਿਰ ਨਿਆਜ਼ਾਂ ਦੇ ਭਰੇ
ਸਜਦੇ ਦਲੀਜਾਂ ਤੇ ਕਰਨ,
ਛੁਹ ਉਨ੍ਹਾਂ ਦੀ ਬੀ ਕਦੇ
ਮਿਲ ਜਾਇਗੀ ਇਕ ਹੋਰ ਦਾਤ।
ਰੰਗ ਰਤ੍ਯਾਂ ਦੀ ਓਸ ਥਾਂਵੇਂ
ਹੁੰਦੀਆਂ ਓਡਾਰੀਆਂ
ਛੁਹ ਉਨ੍ਹਾਂ ਦੇ ਛਾਉਂ ਦੀ ਹੈ,
ਹੱਲ ਸਾਰੀ ਮੁਸ਼ਕਿਲਾਤ।
ਰਸ ਮਤ੍ਯਾਂ ਦੇ ਪੈਣ ਝੁਰਮਟ
ਪਿਰਮ ਰਸ ਡੁਲ੍ਹਦੇ ਰਹਣ,
ਇਕ ਬੂੰਦ ਜੇ ਮਿਲ ਜਾਇਗੀ
ਦਿਨ ਰਾਤ ਹੈ ਫਿਰ ਸ਼ਬ-ਬ੍ਰਾਤ
ਹਾਂ ਦਿਲਾ 'ਦਰ ਢੱਠਣੀ
ਮਿਲ ਜਾਇ ਜੇ ਇਕ ਵਾਰ ਆਣ,
ਫਿਰ ਨ ਇਸ ਨੂੰ ਛਡਣਾ।
ਅਬਦੀ ਇਹੋ ਹੀ ਹੈ ਹਯਾਤ। ੫੬
ਲਖਨੌਰ ਯਾਤ੍ਰਾ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਲ ਵਰੇਸ ਵਿਚ ਜਦ ਪਟਨੇ ਸਾਹਿਬ ਤੋਂ ਸ੍ਰੀ ਆਨੰਦਪੁਰ ਸਾਹਿਬ ਵੱਲ ਟੁਰੇ ਤਾਂ ਰਸਤੇ ਵਿਚ ਇਸ ਨਗਰ ਵਿਖੇ ਬੀ ਆਪ ਨੇ ਚਰਨ ਪਾਏ ਤੇ ਕੁਝ ਸਮਾਂ ਇਥੇ ਜੇਠੇ ਮਸੰਦ ਦੇ ਘਰ ਰਹਿਕੇ ਅਨੇਕ ਬਾਲ ਚੋਜ ਕੀਤੇ, ਮਿੱਠਾ ਖੂਹ ਲਵਾਇਆ। ਭਾਈ ਸਾਹਿਬ ਜੀ ਨੇ ਇਸ ਪਾਵਨ ਅਸਥਾਨ ਦੀ ਕਿਸੇ ਸਮੇਂ ਯਾਤ੍ਰਾ ਕੀਤੀ ਤਾਂ ਇਹ ਗੁਰੂ ਪ੍ਯਾਰ ਪ੍ਰਵੇਧੇ ਭਾਵ ਅੰਕਤ ਹੋ ਗਏ।
(ਸੰਪਾਦਕ)
ਕੀਕਰ-ਬਨ ਵਿਚ ਕੀ ਕਰਾਂ ਕਦਮ ਕਦਮ ਤੇ ਸੂਲ,
ਸੂਲ ਸੂਲ ਤਿਰਸੂਲ ਹੈ ਚੁਭੇ ਤਾਂ ਪੈਂਦੀ ਹੂਲ।
ਸੂਲ ਚੁਭੇ ਚਹਿ ਹੂਲ ਪੈ, ਚਹਿ ਉਡ ਚੰਬੜੇ ਧੂਲ,
ਪੁਰਖੇਤਮ ਦੇ ਗ੍ਰਹਿ ਚਲਨ, ਦਰਸ਼ਨ ਜਿਸ ਸੁਖ ਮੂਲ।
ਪਹੁੰਚ ਪਏ ਆਖਰ, ਸਖੀ ! ਝਾਗ ਰਹੀ ਪ੍ਰਤਿਕੂਲ
ਮਿਲੀ ਸੁਗੰਧਿ ਪ੍ਰਿਯ ਛੋਹ ਦੀ ਕੰਟਕ ਹੋ ਗਏ ਫੂਲ।
ਬਾਲਾ ਪ੍ਰੀਤਮ ਏਸ ਥਾਂ ਕਰ ਕਈ ਕੇਲ ਕਲੂਲ,
ਪਾਵਨ ਕਰ ਗਏ ਪਵਨਏ, ਮਹਿਕਾ ਗਏ ਏ ਧੂਲ।
ਮਸਤਕ ਲਗੇ ਜਿ ਧੂਲ ਏ ਕਰਦੈ ਪ੍ਰਿਯ ਅਨੁਕੂਲ,
ਗਲੇ ਮਿਲੇ ਜਦ ਪਵਨ ਏ ਮੇਟੇ ਬਿਰਹੋਂ ਸੂਲ।
ਚਹਿ ਛੁਹ ਤੇਰੀ ਰੰਗਲੀ ਰਹੀ ਚੁਫੇਰੇ ਝੂਲ,
ਰਸੀਏ ਬਿਨ ਨਹਿ ਭਾਸਦੀ ਨਾਪੇ ਲੁਕੀ ਗੰਧੂਲ।
ਪਰ ਤੈਂ ਬਿਰਹੋਂ, ਪ੍ਰੀਤਮਾਂ ! ਵਿੱਚ ਉਦਾਸੀ ਘੂਲ,
ਪਵਨ ਵਿਛੋੜੇ ਵਾਲੜੀ ਰਹੀ ਪੰਘੂੜੇ ਝੂਲ।
ਰੋ ਰੋ ਸੁੱਕੀ ਬਾਉਲੀ ਤੇਰੇ ਬਿਰਹੁ ਮਲੂਲ,
ਖੂਹ ਸੁੱਕਾ ਦੁਖ ਰੋਵਦਾ ਹੋਇਆ ਊਲ ਜਲੂਲ;
ਬੁਰਜ ਖੜਾ ਰਾਹ ਦੇਖਦਾ, ਕਿਰੇ ਸਫੀਲ ਮਲੂਲ
ਆ ਜਾ ਹੇਠਾਂ ਸੁਹਣਿਆ ! ਅਰਸ਼ ਆਪਣੇ ਭੂਲ
ਲੀਲਾ ਅਪਣੀ ਫੇਰ ਲਾ, ਰਚ ਰੰਗ ਖੇਲ ਚਲੂਲ,
ਓਹੋ ਖਿੱਦੋ ਪੱਟੀਆਂ ਓਹੋ ਖੇਲ ਖਲੂਲ,
ਓਹੋ ਹਾਸੇ ਬਖਸ਼ਿਸ਼ਾਂ ਮੇਹਰਾਂ ਸੁਖ ਦਾ ਮੂਲ।
ਅੰਮੀ ਦਾ ਹਥ ਘੁੱਟਕੇ ਕਰਦਾ ਸੈਲ ਸਲੂਲ।
ਫਿਰ ਦਿਸ ਇੱਥੇ ਸੁਹਣਿਆ! ਖਿੜ ਜਾਵਣ ਦਿਲ ਫੂਲ। ੫੭
ਬਾਬਾ ਕਾਹਨ ਸਿੰਘ ਜੀ ਤੇ ਉਹਨਾਂ ਦੀ ਮਾਤਾ
ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਪੂਜਨੀਕ ਪਿਤਾਮਾ ਬਾਬਾ ਕਾਹਨ ਸਿੰਘ ਜੀ, ਮਹਾਰਾਜਾ ਕੌੜਾ ਮਲ, ਖਾਲਸੇ ਦੇ ਮਿੱਠਾ ਮੱਲ ਦੇ ਵੰਸ਼ਜ ਹੋਣ ਕਰਕੇ ਬੜੇ ਐਸ਼ਰਜ ਵਾਲੇ ਤੇ ਭੁਈ ਨਈਂ ਦੇ ਮਾਲਕ ਸਨ। ਨਿਵਾਸ 'ਗੜ ਮਹਾਰਾਜੇ' ਦਾ ਸੀ। ਆਪ ਦੇ ਦੋ ਛੋਟੇ ਭਾਈ ਛੋਟੀ ਉਮਰੇ ਹੀ ਗੁਜ਼ਰ ਗਏ ਸਨ, ਪਿਤਾ ਜੀ ਚੜ੍ਹ ਚੁਕੇ ਸਨ ਤੇ ਮਾਂ ਦੀਆਂ ਆਸਾਂ ਉਮੈਦਾਂ ਦਾ ਸਹਾਰਾ ਕੇਵਲ ਆਪ ਹੀ ਸਨ, ਪਰ ਆਪ ਨੂੰ ਛੋਟੀ ਉਮਰੇ ਹੀ ਵੈਰਾਗ ਦੀ ਲਟਕ ਲੱਗੀ ਤਾਂ ਸਭ ਕੁਛ ਛੱਡ ਛਡਾਕੇ ਕੁਮਾਰ ਅਵਸਥਾ ਵਿਚ ਹੀ, ਚੁੱਪ ਚੁਪਾਤੇ ਘਰੋਂ ਨਿਕਲ ਗਏ। ਸ੍ਰੀ ਅੰਮ੍ਰਿਤਸਰ ਆਏ ਇਥੇ ਇਕ ਨਾਮ ਰੰਗ ਰੰਗੇ ਤ੍ਯਾਗੀ ਮਹਾਂ ਪੁਰਖ ਨਾਲ ਭੇਟ ਹੋਈ, ਫਕੀਰੀ ਦੀ ਰਾਸ ਲੈਕੇ ਨਾਮ ਬਾਣੀ ਦੇ ਰੰਗ ਰੰਗੀਜੇ ਬਨਾਂ ਨੂੰ ਟੁਰ ਗਏ, ਤੀਹ ਬਰਸ ਜੰਗਲਾਂ ਵਿਚ ਹੀ ਵਿਚਰਦਿਆਂ ਤੇ ਤਪ ਸਾਧਦਿਆਂ ਬਿਤਾ ਦਿਤੇ। ਫਿਰ ਅੰਮ੍ਰਿਤਸਰ ਆ ਟਿਕੇ। ਇਥੇ ਗੁਰੂ ਦਰਬਾਰ ਦੇ ਕਿਸੇ ਯਾਤ੍ਰੀ ਨੇ ਆਪ ਨੂੰ ਪਛਾਣਕੇ ਗੜ੍ਹ ਮਹਾਰਾਜੇ ਲੋਹਦੀ ਮਾਂ ਨੂੰ ਜਾ ਦੱਸਿਆ ਕਿ ਤੇਰਾ ਪੁਤ੍ਰ ਅੰਮ੍ਰਿਤਸਰ ਹੈ। ਮਾਈ ਇਹ ਸੋ ਪਾ ਕੇ ਘਰ ਬਾਰ ਭਰੇ ਭਰਾਤੇ ਛੋੜ ਅੰਮ੍ਰਿਤਸਰ ਆ ਗਈ ਤੇ ਆ - ਪੁੱਤ੍ਰ ਨੂੰ ਕਲੇਜੇ ਨਾਲ ਲਾਇਆ। ਪ੍ਰੇਰਨਾ ਕੀਤੀ ਕਿ ਪੁਤ੍ਰ ਘਰ ਬਣਾਕੇ ਘਰਬਾਰੀ ਹੋਕੇ ਰਹੇ ਤੇ ਫਿਰ ਮਾਂ ਦੀ ਇਹ ਬੀ ਲਾਲਸਾ ਹੋਈ ਕਿ ਗ੍ਰਹਿਸਤ ਧਰਮ ਧਾਰਨ ਕਰੇ ਤਾਕਿ ਮਹਾਰਾਜਾ ਕੌੜਾ ਮਲ ਦੀ ਵੰਸ਼ ਕਾਇਮ ਰਹੇ। ਤਿਆਗੀ ਮਹਾਂ ਪੁਰਖ ਲਈ ਇਹ ਔਘਟ ਘਾਟੀ ਸੀ, ਪਰ ਮਾਤਾ ਅਪਣੇ ਆਸੇ ਵਿਚ ਸਫਲ ਹੋਈ। ਉਸ ਮਹਾਨ ਤਿਆਗੀ ਅੰਮੀ ਦਾ ਅਪਣੇ ਤਿਆਗੀ ਪੁਤ੍ਰ ਨੂੰ ਤਿਆਗ ਦੇ ਤਿਆਗ ਦਾ ਉਪਦੇਸ਼, ਤਿਆਗੀ ਬਾਬੇ ਦੇ ਤਿਆਗ ਬ੍ਰਿਤੀ ਦੇ ਸ਼ਾਹ ਸੁਪੋਤਰੇ ਦੀ ਲੇਖਣੀ ਦੁਆਰਾ ਦਰਸ਼ਨ ਇਸ ਰਸਾਲ ਕਵਿਤਾ ਦਾ ਵਿਸ਼ਾ ਹੈ:-
ਤੈਨੂੰ ਬੀ ਉਹ ਛੱਡ ਸਿਧਾਇਆ,
ਅੰਮੀਏਂ ! ਤੇਰਾ ਲਾਲ;
ਘਰ ਬਹੁਤ ਤੇ ਭੁਈਂ ਨਈਂ ਦਾ
ਮਾਲਕ ਮਿਲਖ ਅਤੇ ਧਨ ਮਾਲ।
ਸਭ ਕੁਛ ਸਟ ਦਿੱਤਾ ਉਸ ਐਦਾਂ
ਜਿਉਂ ਸੱਟ ਦੇਈਏ ਤ੍ਰਟਾ ਵਾਲ।
ਸਭ ਕੁਛ ਸੱਟਕੇ ਤੁਰਿਆ ਸੁਹਣਾ,
ਜਿਉਂ ਇਹ ਕੁਛ ਸੀ ਸਭ ਜੰਜਾਲ।
ਪਰਮ ਪਾਵਨੇ ਅੰਮੀ ਪ੍ਯਾਰੀ!
ਤੈਨੂੰ ਬੀ ਤਜ ਦਿੱਤੋਸੁ ਨਾਲ,
ਜਿਉਂ ਤਜਿ ਖਾਣ ਟੁਰੇਂਦੇ, ਅੰਮੀਂ !
ਹੀਰੇ, ਨੀਲਮ, ਪੰਨੇ, ਲਾਲ।
ਜਾ ਜਹਰੀ ਗੁਰ ਹੱਟ ਪਹੁੰਚਿਆ
ਬਿਨ ਅੱਟੀ ਗਯਾ ਵਿਕ ਤੈਂ ਲਾਲ
ਏਸ ਦੁਆਰੇ ਤਿਆਗੀ ਸੁਹਣੇ
ਘਾਲ-ਸਾਣ ਚੜ ਘਾਲੀ ਘਾਲ।
ਤੜਪ ਅੰਦਰਲੀ ਟਿਕਣ ਨ ਦੇਂਦੀ,
ਭਖ ਉੱਠੀ ਹੁਣ ਹੋ ਭਖ ਨਾਲ।
ਤਜ ਤੁਰਿਆ ਹੁਣ ਹੱਟ ਜੌਹਰੀ,
ਅੰਮੀਏ ! ਤੇਰਾ ਸੁੰਦਰ ਲਾਲ।
ਗੁਰੂ ਲਖੇ ਸ਼ਾਹਾਂ ਘਰ ਪਹੁੰਚੂ,
ਇਸ ਦੀ ਹੈ ਸ਼ਾਹੀ ਢਲ ਚਾਲ।
ਤ੍ਯਾਗ ਏਸ ਦਾ ਉਰੇ ਨ ਟਿਕਸੀ,
ਲੈ ਜਾਸੀ ਇਸ ਦੇਸ਼ ਕਮਾਲ।
ਗਹਿਬਰ ਬਨੀ ਏਸ ਤੋਂ ਦੂਰੇ,
ਜਿੱਥੇ ਮਿਲੇ ਨ ਅੰਨ ਨ ਦਾਲ
ਜਾ ਪਹੁੰਚਾ ਇਹ ਤ੍ਯਾਗ ਮੂਰਤੀ
ਤ੍ਯਾਗ ਸਭੋ ਕੁਛ, ਪਕੜ ਅਕਾਲ,
ਏਸ ਪਕੜ ਦਿਨ ਬੀਤਣ ਲੱਗੇ,
ਦਸ ਹਜ਼ਾਰ, ਬੀਤੇ ਦਸ ਸਾਲ।
ਗਏ ਕਬੂਲੇ ਪਾਤਸ਼ਾਹ ਦਰ,
ਗੜ੍ਹ-ਅੰਮੀ ਦੇ ਤ੍ਯਾਗੀ ਲਾਲ।
ਹਰਿਮੰਦਰ ਹੁਣ ਵਾਸ ਮਿਲ ਗਿਆ
ਤ੍ਯਾਗ ਅਜੇ ਬੀ ਰਹਿੰਦਾ ਨਾਲ।
'ਜੋਤਿ ਚਮਕ' ਅਪਣੀ ਦੇ ਹੋਰਾਂ,
ਕਰ ਕਰ ਦੇਂਦੇ ਲਾਲੋ ਲਾਲ।
ਅੰਮੀ ਬੀ ਨੂੰ ਚਮਕ ਲਾਲ ਦੀ,
ਪਹੁੰਚ ਪਈ ਚਮਕੇਂਦੇ ਹਾਲ।
ਪੁਤ ਪੁੱਛੇ: 'ਤੂੰ ਕਿਥੋਂ ਪਾਈ?'
ਮੈਂ ਪਾਈ ਕਰ ਤ੍ਯਾਗ ਕਮਾਲਂ।
ਮਾਂ ਆਖੇ: 'ਤੂੰ ਤ੍ਯਾਗੋ ਪਾਈ,
ਮੈਂ ਪਾਈ ਪੁਤ ਪ੍ਯਾਰਾਂ ਨਾਲਂ।
'ਤੈਨੂੰ ਕਰ ਕਰ ਪ੍ਯਾਰ ਸਿਮਰਿਆ,
ਸਿਮਰ ਸਿਮਰ ਬੀਤੇ ਤੀਹ ਸਾਲ,
'ਮੈਂ ਮਰ ਗਈ ਸੀ ਰੋਂਦਿਆਂ ਤੈਨੂੰ,
ਤਰਸ ਪਿਆ ਰਬ ਸਚੇ ਯਾਲ।
'ਬਾਹ ਪਕੜ ਲੈ ਆਇਆ ਏਥੇ,
ਤੈਂ ਵਿਚ ਦਿੱਤਾ ਦਰਸ ਦਿਖਾਲ।
'ਕਰ ਦੇਹ ਤ੍ਯਾਗ ਤ੍ਯਾਗ ਦਾ ਪੁੱਤਰ !
ਸਹਿਜ ਵਿੱਚ ਹੁਣ ਵੱਸ ਮੈਂ ਬਾਲ
'ਘਾਲ ਪਈ ਥਾਂ ਤੇਰੀ ਬੇਟਾ।
ਕਰ ਲੈ ਹੁਣ ਤੂੰ ਏਹ ਕਮਾਲ। ੫੮
ਵੀਰ ਆਗਮ
ਪਰਦੇਸਾਂ ਤੋਂ ਹੋ ਆਏ ਵੀਰ ਨੂੰ ਭੈਣ
ਦੁਨੀਆਂ ਦੇਖ ਪਰਤਿਆ ਵੀਰਾ
ਆ ਪਹੁਤੈ ਨਿਜ ਹਿੰਦ,
ਆ ਪਹੁਤੈਂ ਹੁਣ ਹਿੰਦ ਆਪਣੇ,
ਅਪਣੇ ਅਪਣੇ ਹਿੰਦ,
ਆ ਪਹੁਤੇ ਹੁਣ ਦੇਸ਼ ਸੁਹਣਿਆ।
ਹੁਣ ਚਲ ਅਪਣੇ ਪਿੰਡ,
ਹੁਣ ਚਲ ਅਪਣੇ ਪਿੰਡ ਵੀਰਨਾਂ,
ਹੁਣ ਚਲ ਅਪਣੇ ਪਿੰਡ।
ਓਥੇ ਆਪਣੇ ਪਿੰਡ ਵਿਚ ਕੀਹ ਹੈ?-
ਮੱਲ ਗੁਜ਼ਾਰਾਂ ਦੇਖ ਸੁਹਣੀਆਂ,
ਹਰੇ ਹਰੇ ਤਕ ਘਾਹ,
ਤੂਤ ਪਲਮਦੇ ਸਾਵੇ ਕਾਲੇ,
ਚਖਿਆਂ ਪੈਂਦੀ ਜਿੰਦ,
ਵਗਦੇ ਖੂਹ ਦੇ ਰਾਗ ਸੁਣੀ ਆ,
ਚੁਹਕੇ ਚਿੜੀ ਅਚਿੰਦ।
ਚਲ ਹੁਣ ਅਪਣੇ ਪਿੰਡ ਵੀਰਨਾਂ,
ਹੁਣ ਚਲ ਅਪਣੇ ਪਿੰਡ।
ਪਿਪਲ ਬੈਠੀ ਡਾਰ ਤੋਤਿਆਂ
ਵੇਖ ਕਬੂਤਰ ਉਡਦੇ,
ਗਗਨ ਤਾਰੀਆਂ ਲੈਣ ਸਿਲਾਰੇ
ਫ਼ਿਕਰ ਜਿਨ੍ਹਾਂ ਨਾ ਬਿੰਦ।
ਧਰਮਸਾਲ ਦੀ ਵਾਜ ਕੀਰਤਨ
ਰੁਮਕੇ ਜਿੰਦਾਂ ਲਾਵੇ,
ਚਲ ਸੁਣ ਵੀਰਾ ! ਪਿੰਡ ਕੀਰਤਨ
ਰਹੇ ਥਕਾਨ ਨ ਬਿੰਦ,
ਚਲ ਹੁਣ ਅਪਣੇ ਪਿੰਡ ਵੀਰਨਾਂ !
ਹੁਣ ਚਲ ਅਪਣੇ ਪਿੰਡ।
ਖਿੜੇ ਕਰੀਰ, ਲੁੰਗ ਪਏ ਕਿਕਰੀ,
ਕੇਸੂ ਅੱਗ ਅਲਾਂਬੇ,
ਜੂਹਾਂ ਪਿੰਡ ਸਰਵੀਆਂ ਹੋਈਆਂ
ਰੌਲਾ ਪਾਣ ਨ ਡੰਡ।
ਸੇਊ ਬੇਰ ਲੱਦੀਆਂ ਬੇਰਾਂ
ਝੁਕ ਸਿਰ ਧਰਤ ਵਿਛਾਵਨ,
ਕਾਠੇ ਬੇਰ ਲਾਲ ਤੇ ਸੂਹ
ਪਕ ਪਕ ਡਿਗ ਡਿਡ ਖਿੰਡ।
ਹੁਣ ਚਲ ਅਪਣੇ ਪਿੰਡ ਵੀਰਨਾਂ,
ਹੁਣ ਚਲ ਅਪਣੇ ਪਿੰਡ।
ਗਿੱਧੇ ਮਾਰ ਹਿੱਲੜੀ ਪਾਕੇ,
ਵੀਰਾ ! ਖੇਡ ਦਿਖਾਈਏ,
ਉਛਲੇ ਉਮਗੇ ਚਾਉ ਦਿਲਾਂ ਦੇ
ਤਕ ਤਕ ਮਿਟ ਜਈ ਚਿੰਦ।
ਅਧਰਿੜਕਿਆ ਅੰਮੀ ਦਾ ਤੜਕੇ
ਆ ਪੀ ਮੇਰੇ ਵੀਰ !
ਮੱਖਣ ਨਾਲ ਟੁਕ ਇਕ ਬੇਹਾ
ਲਾਕੇ ਲੂਣ ਕਿ ਖੰਡ,
ਹੁਣ ਚਲ ਅਪਣੇ ਪਿੰਡ ਵੀਰਨਾਂ !
ਹੁਣ ਚਲ ਅਪਣੇ ਪਿੰਡ।
ਲੱਸੀ ਲੂਣ ਛੁਹੀ ਛਾਹ ਵੇਲੇ,
ਚੂਰੀ ਭੈਣ ਬਣਾਈ
ਪਕੀਆਂ ਨਾਲ ਤੰਦੂਰੇ ਚੱਖੀ।
ਚਾਵਲ ਪਏ ਘਿਉ ਖੰਡ !
ਹੁਣ ਚਲ ਅਪਣੇ ਪਿੰਡ ਵੀਰਨਾਂ,
ਹੁਣ ਚਲ ਅਪਣੇ ਪਿੰਡ।
ਸੁਹਜ ਜਗਤ ਦਾ ਤਕ ਕੇ ਆਯੋਂ
ਦੇਸ ਦੇਸ ਫਿਰਿ ਹੰਢ,
ਹੁਣ ਤਕ ਕਾਦਰ ਸਾਜੀ ਕੁਦਰਤ
ਚੱਲ ਤਕੇ ਅਪਣੇ ਪਿੰਡ,
ਚਾਚੇ ਤਾਏ ਬਾਪੂ ਅੰਮੀ
ਭੈਣਾਂ ਵੀਰ ਬੁਲਾਵਨ-
ਭੋਲੇ ਭਾ ਦੇ ਪਯਾਰ ਵੀਰਨਾ !
ਮਿਠੇ ਨਾਲ ਥਿੰਧ !
ਆ ਤਕ ਅਪਣੇ ਪਿੰਡ ਸੋਹਣਿਆ,
ਦਿਲ ਦੀ ਉਡ ਜਏ ਖਿੰਡ।
ਮੱਥਾ ਚਮਕ ਪਵੇ ਕਸ ਖਾਕੇ,
ਖਿੜ ਪਏ ਤਨ ਮਨ ਜਿੰਦ।
ਆ ਚਲ ਅਪਣੇ ਪਿੰਡ ਵੀਰਨਾ।
ਚਲ ਹੁਣ ਅਪਣੇ ਪਿੰਡ। ੫੯
ਉਡੀਕ
ਦਿਲਾ ! ਨਿਹਾਲ ਰਹੋ ਕਰਾਰ ਯਾਰ ਪਯਾਰੇ ਤੇ
ਸਦਾ ਵਿਸ਼੍ਵਾਸ ਰਹੇ ਮਰਕਿਜ਼ੀ ਸਿਤਾਰੇ ਤੇ।
ਲਗੇ ਜਿ ਦੇਰ, ਦਿਲਾ ! ਉਹ ਭਲਾ ਹੀ ਤੇਰਾ ਹੈ;
ਪਵੇ ਮਿਠਾਸ ਤਦੇ ਪਕੇ ਜਿ ਸਹਜ ਹਾਰੇ ਤੇ।
ਕਈ ਕੁ ਸਾਲ ਵਸੇ ਗੋਦ ਤਯਾਰ ਮੋਤੀ ਹੋ,
ਵਰ੍ਹੇ ਲਗੇ ਨੇ ਬੜੇ ਸ਼ਿਵਨਾਭ ਨੂੰ ਦਿਦਾਰੇ ਤੇ ।
ਹਈ ਬਿਲੰਬ ਨਿਸ਼ਾਂ 'ਨਾ-ਤਿਆਰੀਂ ਤੇਰੀ ਦਾ,
ਦਿਲਾ ! ਨ ਸ਼ੱਕ ਲਿਆ 'ਕੌਲ ਹੋਣ 'ਲਾਰੇਂ ਤੇ।
ਬ੍ਰਿਛੀ ਲਗੇ ਫ਼ਲ ਜੋ ਤਪ ਕਰੇਨ ਲਮਕੇ ਓ
ਹਈ 'ਉਡੀਕ' 'ਤਪਾ ਜੋ ਪਕਾ ਸਵਾਰੇ ਤੇ।
ਰਿਦੇ ਨੂੰ ਤਾਂਘ ਫੜੇ ਰੁਖ਼ ਲਗੇਗ ਉੱਪਰ ਵੱਲ
ਭਰੇ ਗੁ ਤਾਣ ਪਰਾਂ ਹੋ ਰਹੇ ਉਡਾਰੇ ਤੇ।
ਦੀਦਾਰ ਲੋਚ ਲਗੇ ਹਜ਼ ਪਏ ਹਜ਼ੂਰੀ ਦਾ
ਰਹੋਗੇ ਹਾਜ਼ਰ ਤਾਂ ਝਸ ਪਏ ਜਿ ਇੰਤਜ਼ਾਰੇ ਤੇ।
ਹਈ ਇੰਤਜ਼ਾਰ ਮਜ਼ਾ ਪੁੱਛ ਸੁਆਦ ਮਜਨੂੰ ਨੂੰ
ਨਰਗਸ ਨੈਣ ਖਿੜੇ ਲਗ ਸਜਨ ਦਿਦਾਰੇ ਤੇ।
ਰਹੇ ਉਡੀਕ ਬਿਨਾ ਸੁਹਾਗਵੰਤੀ ਨਾ
ਉਡੀਕ ਵੰਤ ਸੁਹਾਗਨ ਪਤੀ ਸਹਾਰੇ ਤੇ।
ਉਡੀਕ ਜੀਵਨ ਹੈ ਮਸ਼ਕ-ਪ੍ਰੇਮ ਤਖਤਾ ਏ,
ਬਿਰਹੁ ਸੁਆਦ ਰਸੇ ਦਿਲ ਖਿਚੇ ਦਿਦਾਰੇ ਤੇ।
ਉਡੀਕਵੰਤੀ ਰਹਾਂ ਰਖ ਯਕੀਨ ਮਿਹਰਾਂ ਤੇ।
ਵਿਛਾਕੇ ਨੈਣ ਰਸਤੇ ਨਦਰਪਾਣਹਾਰੇ ਤੇ। ੬੦
-----------------------
ਇਸ ਗਜ਼ਲ ਦਾ ਸਾਧਾਰਨ ਪਾਠ ਕਰਦਿਆਂ ਖਿਆਲ ਕੁਝ ਡੂੰਘੇ ਤੇ ਮੁਸ਼ਕਲ ਪ੍ਰਤੀਤ ਹੁੰਦੇ ਹਨ. ਭਾਵ ਇਸ ਦਾ ਕੁਝ ਐਉਂ ਦਾ ਮਲੂਮ ਹੁੰਦਾ ਹੈ ਕਿ ਸਤਿਕਾਰ ਯੋਗ ਮਹਾਂ ਕਵੀ ਜੀ ਇਸ ਵਿਚ ਦਿਲ ਦੀ ਬਿਹਬਲਤਾ ਨੂੰ, ਜੋ ਪ੍ਰੀਤਮ ਮਿਲਾਪ ਵਿਚ ਦੇਰੀ ਪੈਣ ਨਾਲ ਵਧ ਰਹੀ ਹੈ, ਧਿਰਵਾਸ ਦੇ ਰਹੇ ਹਨ ਤੇ ਸਮਝਾ ਰਹੇ ਹਨ ਕਿ ਉਦਾਸ ਨਾ ਹੋ ਉਸ ਨੇ ਤੇਰੇ ਨਾਲ ਮਿਲਾਪ ਦਾ ਵਚਨ ਦਿੱਤਾ ਹੋਇਆ ਹੈ, ਤੇ ਇਸ ਇਕਰਾਰ ਦੇ ਫਖਰ ਵਿਚ ਖਿੜਿਆ ਰਹੁ, ਲਗਾ ਰਹੁ ਓਸੇ ਧੂ ਤਾਰੇ ਵੱਲ, ਬੰਨ੍ਹੀ ਰਖ ਤਾਂਘ ਭਰੀ ਸੇਧ ਓਸੇ ਵੱਲ, ਸਹਜ ਪਕੇ ਸੋ ਮੀਠਾ। ਉਡੀਕ ਬੀ ਤਪ ਹੈ, ਸਹਜ ਤਪ, ਜੋ ਇਕ ਰਸ ਭਰਿਆ ਸੁਆਦ ਬੀ ਹੈ। ਇਸ ਵਿਚ ਇਸ ਕਰਕੇ ਹੈ ਕਿ ਇਹ ਹਜੂਰੀ ਵਿਚ ਰਖਦੀ ਹੈ, ਰੋ ਉੱਪਰ ਉੱਡਣ ਵਾਲੇ ਪਰਾਂ ਵਿਚ ਤਾਣ ਭਰਦਾ ਹੈ ਤੇ ਕਿਸੇ ਵੇਲੇ ਐਸੀ ਉਡਾਰੀ ਮਰਵਾ ਦੇਵੇਗਾ ਕਿ ਸਾਈ ਵਿਚ ਅਵਿਛੜ ਸਮਾਈ ਪ੍ਰਾਪਤ ਹੋ ਜਾਏ।
ਸੌਦਾਗਰੀ ਬੀਸਾ
ਮਾਨੁਖ ਨੇ ਜਗਤ ਤੇ ਆਕੇ ਕਿਵੇਂ ਅੱਡ ਅੱਡ ਰੂਪਾਂ ਵਿਚ: ਮਾਇਆ ਵਿਚ ਗ੍ਰਸੇ, ਤਿਆਗ ਵਿਚ ਫਸੇ. ਯਾ ਵਾਹਿਗੁਰੂ ਪ੍ਰੇਮ ਵਿਚ ਰਸੇ ਰਹਿਕੇ ਆਪਣੇ ਮਾਨਵ ਜੀਵਨ ਦੀ ਚੰਗੀ ਮੰਦੀ ਸੁਦਾਗਰੀ ਕੀਤੀ ਇਸ ਕਵਿਤਾ ਦੇ ਵੀਹ ਥਾਈ ਛੰਦਾਂ ਵਿਚ ਹਰ ਇਕ ਵਿਚ ਇਕ ਇਕ ਤਸਵੀਰ ਅੰਕਤ ਕੀਤੀ ਹੋਈ ਹੈ ਜਿਨ੍ਹਾਂ ਵਿਚ ਇਤਿਹਾਸ ਵਿਚ ਹੋ ਬੀਤੀਆਂ ਅਨੇਕ ਹਸਤੀਆਂ ਦੇ ਜੀਵਨ ਵਾਕਯਾਤ ਵਲ ਇਸਾਰੇ ਹਨ; ਜੋ ਜਨਮ ਸਫਲਾਉਣ ਹਿਤ ਆਪਣੇ ਅੰਦਰ ਝਾਤੀ ਪਾਉਣ ਦੀ ਸੁਹਣੀ ਸਿਖ੍ਯਾ ਦਿੰਦੇ ਹਨ।
(ਸੰਪਾਦਕ)
1.
'ਮਾਇਆ' ਖ੍ਰੀਦੀ 'ਦਿਲ' ਦੇ ਬਦਲੇ
ਦਿਲ ਦੇ ਦੇ ਜਿਨ੍ਹੇ ਲੀਤੀ,
ਵਤਨ ਵੰਞਣ ਦੇ ਵੇਲੇ ਆਇਆਂ
ਮਾਇਆ ਠੱਗੀ ਕੀਤੀ;
ਪਸਰ ਪਈ ਇਹ ਵਤਨ ਆਪਣੇ
ਨਾਲ ਨਹੀਂ ਹੁਣ ਟੁਰਦੀ,
'ਬੇ-ਦਿਲ ਜਾਣਾ ਪਿਆ ਵਤਨ ਨੂੰ
ਭਠ ਸੁਦਾਗਰੀ ਕੀਤੀ।
२.
ਦਿਲ ਦੇ ਕੱਠੀ ਕਰੀ ਅਮਿੱਤੀ
ਸੁਰਤ ਇਸੇ ਵਿਚ ਸੀਤੀ,
ਵੰਞਣ ਵੇਲੇ ਟੁਰੀ ਨ ਨਾਲੇ
ਤਦੇ ਵਸੀਅਤ ਕੀਤੀ
'ਖੱਫਣ ਵਿਚੋਂ ਹਥ ਮੇਰੇ ਨੂੰ
ਬਾਹਰ ਕੱਢ ਰਖਾਈਓ।'
ਇਸ ਤੋਂ ਜ਼ਾਹਰ ਹੁੰਦਾ ਸੀ: ਇਸ
ਭਨ ਸੁਦਾਗਰੀ ਕੀਤੀ।
३.
ਵਤਨ ਵੰਞਣ ਦਾ ਵੇਲਾ ਆ ਗਿਆ
ਦਿਲ ਦੇ ਦੇ ਜੋ ਲੀਤੀ,
ਮੀਨਾ ਇੱਕ ਬਜ਼ਾਰ ਲਾਇਕੇ
ਮਇਆ ਨੰਗੀ ਕੀਤੀ।
ਪੀਨਸ ਵਿਚ ਚੜ੍ਹ ਫਿਰਦਾ ਵੇਖੋ:
ਸਿਰ ਧੁਨਦਾ ਇਉਂ ਆਖੇ:
'ਦਿਲ ਦੇ ਖ੍ਰੀਦੀ ਨਾਲ ਨ ਟੁਰਦੀ
ਭਠ ਸੁਦਾਗਰੀ ਕੀਤੀ।'
४.
ਗੋਲ ਕੰਡੇ ਤੋਂ ਧੁਰ ਹਿਰਾਤ ਤਕ
ਵਸ ਅਪਣੇ ਧਰ ਕੀਤੀ,
ਦਿਲ ਵੇਚਿਆ ਦੌਲਤ ਲਈ ਬਦਲੇ,
ਕਰਕੇ ਬੜੀ ਅਨੀਤੀ।
ਵਕਤ ਵੰਞਣ ਦੇ ਲਿਖੇ ਪੁਤ੍ਰ ਨੂੰ:
'ਹੁਣ ਇਹ ਨਾਲ ਨ ਜਾਂਦੀ
ਥਰ ਥਰ ਕੰਬਾਂ ਵਤਨ ਜਾਂਦਿਆਂ
ਭਠ ਸੁਦਾਗਰੀ ਕੀਤੀ ।
Ч.
ਮਥੁਰਾ ਦਿੱਲੀ ਕਰ ਕਤਲਾਮਾ
ਗਊ ਰੱਯਤ ਲੁਟ ਲੀਤੀ,
ਛੱਬੀ ਕ੍ਰੋੜ, ਤਖਤ ਬੀ ਲੈ ਗਯਾ
ਬੈ-ਪਰ ਸੁਰਤੀ-ਕੀਤੀ।
ਇਸ ਦੇ ਸਿਰ ਬੀ ਕਾਤਲ ਪਹੁੰਚਾ
'ਚਾਣਕ ਤੇਗ ਚਲਾਈ,
ਦਮਾਂ ਤੁੜੰਦਿਆਂ ਸੋਚੇ: 'ਮੈ ਹੈ
ਭਠ ਸੁਦਾਗਰੀ ਕੀਤੀ ।
੬
ਦਿਲ ਦੇ ਦੇ ਵਿਚ ਫਸੇ ਵਿਹਾਰਾਂ
ਜਿੰਦੜੀ ਗਈ ਨਪੀਤੀ।
ਮਨ ਵੇਚਿਆ ਮਾਯਾ ਬਹੂੰ ਸਾਰੀ
ਪਰ ਕੱਠੀ ਕਰ ਲੀਤੀ।
ਵਤਨ ਵੰਞਣ ਦਾ ਵੇਲਾ ਆਯਾ
ਤਦ ਅਖ ਖੁੱਲ੍ਹੀ ਆਕੇ:
ਨਾਲ ਨਹੀਂ ਇਹ ਜਾਂਦੀ, ਹਾ ਹਾ !
ਭਠ ਸੁਦਾਗਰੀ ਕੀਤੀ।
੭
ਸੱਜਣ ਦ੍ਰੋਹੇ, ਮਿੱਤਰ ਠੱਗੇ,
ਘਾਤ ਵਿਸਾਹੋਂ ਕੀਤੀ,
ਐਉਂ ਦਿਲ ਵੇਚ ਵੇਚ ਕੇ ਮਾਯਾ
ਸਭ ਪਾਸਿਓ ਲੈ ਲੀਤੀ।
ਸਮਝ ਪਈ ਇਹ ਵਕਤ ਵਿਹਾਯਾਂ:
'ਮਾਇਆ ਨਾਲ ਨ ਟੁਰਸੀ
'ਦਿਲ ਵਿਕਿਆ ਹੁਣ ਹੱਥ ਨ ਆਵੇ
ਭੱਠ ਸੁਦਾਗਰੀ ਕੀਤੀ ।
੮
'ਨਾਮਵਰੀਂ ਇਕ ਰੂਪ ਮਾਇਆ ਦਾ
ਇਹ ਬੀ ਦਿਲ ਦੇ ਲੀਤੀ,
ਕਈ ਚਲਾਕੀਆਂ ਕਰਕੇ ਵਿਹਾਝੀ
ਹਰ ਪਿੜ ਛਲ ਕੇ ਜੀਤੀ।
ਵੇਲੇ ਵਤਨ ਵੰਞਣ ਦੇ ਇਹ ਬੀ
ਨਾਲ ਨ ਟੁਰੀ ਸਿਆਣੀ,
ਦਿਲ ਵਿਕਿਆ ਹੁਣ ਮੁੜਦਾ ਨਾਂਹੀਂ,
ਭੱਠ ਸੁਦਾਗਰੀ ਕੀਤੀ।
੯
ਪੋਥੀ ਵਾਚੀ, ਗ੍ਯਾਨ ਵੇਚਿਆ
ਦਿਲ ਦੀ ਵਿਕਰੀ ਕੀਤੀ,
ਮਾਇਆ ਖ੍ਰੀਦੀ, ਵੇਚ ਧਰਮ ਨੂੰ
ਜਿਉਂ ਜਿਉਂ ਮਿਲੀ ਸੁ ਲੀਤੀ,
ਵੰਞਣ ਵੇਲੇ ਮਾਇਆ ਆਖੇ:
'ਮੈ ਨਿਜ ਵਤਨ ਨ ਛੇੜਾਂ
'ਦਿਲ ਵਿਕਿਆ ਹੁਣ ਮੁੜਦਾ ਨਾਂਹੀ
ਭੱਠ ਸੁਦਾਗਰੀ ਕੀਤੀ ।
৭০.
ਹਥ-ਠੋਕਾ ਬਣ ਗ਼ੈਰ ਕੰਮ ਦਾ,
'ਵੀਰ ਵੈਰਾਇਣ* ਕੀਤੀ;
ਦੇਸ਼ ਪਾੜ, ਘਰ ਬਾਰ ਉਜਾੜੇ,
ਰਤ ਮਅਸੂਮਾ ਪੀਤੀ।
ਸਤ ਤੁੱਟੇ, ਸਤੀਆਂ ਕੁਰਲਾਵਣ,
ਇੱਜਤ ਫੀਤੀ ਫੀਤੀ,
ਤਕ ਸ਼ੈਤਾਨ ਸ਼ਰਮ ਖਾ ਖਾ ਕੇ
ਅਖ ਨੀਵੀਂ ਕਰ ਲੀਤੀ।
ਮਿਲੀ ਹਕੂਮਤ ਦੌਲਤ ਅੰਨ੍ਹੀ
ਪਰਮਨ ਸਿਰ ਕੀਹ ਬੀਤੀ?
ਸੱਦਾ ਵਤਨ ਜਾਣ ਦਾ ਆਯਾ
ਜਾਂ ਮਨ ਚਿਤ ਨ ਚੀਤੀ,
ਟੁਰ ਪਿਆ ਖਾਲੀ ਹੱਥ ਝਾੜਦਾ
ਪਲ ਛਿਨ ਮਸਾਂ ਬਿਤੀਤ;
ਲੁਕ ਲੁਕ ਟੁਰਦਾ ਰੋਂਦਾ ਜਾਵੇ:
'ਭੱਠ ਸੁਦਾਗਰੀ ਕੀਤੀ।
---------------------
*ਵੀਰਾਂ ਦੇ ਵੀਰ ਵੇਰੀ ਬਣਾ ਦਿਤੇ।
ਵੀਰਾ ਵਿਚ ਵੈਰ ਪੁਆ ਦਿੱਤਾ।
੧੧
ਸਾਧੂ ਹੋ ਜਿਸ ਆਪ ਨ ਸਾਧ੍ਯਾ
ਸੋਧ ਮਜ਼ਾਜ਼ ਨ ਕੀਤੀ,
ਗ਼ੈਰ ਨ ਜਿੱਤ੍ਯਾ, ਸ਼ੁੱਧ ਨ ਹੋਏ,
ਗ੍ਰਹਣ ਬ੍ਰਿਤੀ ਰਖ ਲੀਤੀ,
ਸੇਧ ਨ ਫੜੀ ਤ੍ਯਾਗ ਦੀ ਜਿਸਨੇ
ਅਰੰ- ਬ੍ਰਹਮ ਕੂਕ ਸੁਣਾਵੇ.
ਵਣਜ ਗ੍ਰਹਣ ਦਾ ਕਰਦਾ ਰਹਿ ਗਯਾ
'ਭੱਠ ਸੁਦਾਗਰੀ ਕੀਤੀ ।
૧૨.
'ਅਣਹੁੰਦੀ ਨੂੰ ਨਿਰਧਨ ਹੋਵੇ
ਧਨੀ 'ਹੋਰ' ਵਿਚ ਪ੍ਰੀਤੀ,
ਦੋਵੇਂ ਦਿਲ ਨੂੰ ਵੇਚ ਜਾਂਵਦੇ
ਅਚਰਜ ਹੈ ਏ ਰੀਤੀ।
ਮਨ ਨੂੰ 'ਧਨੀਂ ਨ ਕੋਈ ਬਣਾਵੇ
ਸਾਬਤ ਨਾਲ ਜੁ ਜਾਵੇ,
'ਸਾਹਿਬ-ਦਿਲ' ਬਣ ਟੁਰੇ ਜੁ. ਉਸਨੇ
ਸੁਭ ਸੁਦਾਗਰੀ ਕੀਤੀ।
१३.
ਤਪਤ ਤਵੀ ਤੇ ਬੈਠੇ ਸੁਹਣੇ
ਅੰਤਮ ਆਗ੍ਯਾ ਕੀਤੀ:-
'ਮਨ ਦੇ ਰਾਮ ਨਾਮ ਮੁਲ ਲੈ ਲਓ
ਤਜਿ ਅਭਿਮਾਨ ਕੁਰੀਤੀਂ।
ਕਰ ਸੌਦਾ ਜਦ ਤੋਲਿਆ ਜਿਸਨੇ
ਸਸਤਾ ਉਸ ਨੂੰ ਜਚਿਆ,
ਸਾਬਤ ਰਾਸ ਵਤਨ ਨੂੰ ਲੈ ਗਿਆ
ਸਚ ਸੁਦਾਗਰੀ ਕੀਤੀ।
੧੪
ਮਨ ਦੇ 'ਰਾਮੁ' 'ਮੋਲ ਲੈ ਲੀਆ'
ਸਹੀ ਸਿਆਣਪ ਕੀਤੀ,
'ਕੰਚਨ ਸਿਉਂ ਉਹ 'ਤੇਲਿ ਨ ਪਾਈਐਂ
ਕੀਮਤ ਇਹ ਲਖ ਲੀਤੀ।
ਵਤਨ ਵੰਞਣ ਦੇ ਵੇਲੇ ਸੁਹਣਾ,
ਕਈਆਂ ਨੂੰ ਲੈ ਤਰਿਆ,
ਅਰਸ਼ੀ ਅਕਲ, ਭਗਤ ਜੀ ! ਤੂੰ ਹੈ
ਸਚ ਸੁਦਾਗਰੀ ਕੀਤੀ।
੧੫
ਮਨ ਮੇਰਾ ਵਿਕ ਗਿਆ ਅਮੁੱਲੋਂ
ਇਹ ਕੀਮਤ ਅਗਣੀਤੀ,
ਖ਼ਰੀਦਾਰ ਮਿਲ ਗਿਆ, ਓਸ ਨੇ
'ਮੈਂ ਮੇਰੀ ਲੈ ਲੀਤੀ।
ਜਿਉਂ 'ਯੂਸਫ' ਵਿਕ ਗਿਆ ਮਿਸਰ ਵਿਚ
ਰਾਜ ਮਿਸਰ ਦਾ ਪਾਯਾ,
ਤਿਉਂ ਸੁਹਣੇ ਹਥ ਵਿਕਕੇ ਮੈਂ ਹੈ
ਪ੍ਰੇਮ ਰਿਆਸਤ ਲੀਤੀ।
੧੬
ਦੇਖੋ, ਇਕ ਪਈ ਕੁੜੀ ਆਖਦੀ:
'ਸ੍ਯਾਣਪ' ਮੈਂ ਹੈ ਕੀਤੀ,
'ਮਨ ਦੇ, ਰਾਮ ਮੁੱਲ ਲੈ ਲੀਤਾ
ਮਾਇਆ ਮੁੱਲ ਨ ਲੀਤੀ।
'ਖ੍ਰੀਦ ਮੇਰੀ ਨੂੰ ਸਸਤੀ ਆਖਣ
ਮਹਿੰਗੀ ਕੋਈ ਆਪੇ,
'ਮੈਂ ਤਾਂ ਤਰਾਜੂ ਤੋਲ ਲਿਆ ਹੈ
ਸਚ ਸੁਦਾਗਰੀ ਕੀਤੀ ।
੧੭
ਚਿਖਾ ਚੜ੍ਹੀ ਪਈ ਕੂਕੇ ਆਖੇ:
ਮੈਂ ਕਿਉਂ ਏ ਲੈ ਲੀਤੀ ?
"ਜਿੰਦ ਬਦਲੇ 'ਮਨ ਖ੍ਰੀਦਣ ਚਾਹੇ ਪਾਪੀ ਫੜੀ ਅਨੀਤੀ,
'ਧਰਮ ਲਵਾਂਗੀ ਜਿੰਦ ਦੇ ਬਦਲੇ,
'ਮਨ ਸਾਬਤ ਲੈ ਨਾਲੇ
ਵਤਨ ਚਲੀ ਚੜ੍ਹ ਅਗਨਿ ਕੰਧਾੜੇ
ਸ਼ੁਭ ਸੁਦਾਗਰੀ ਕੀਤੀ।
੧੮.
ਧਨ ਬਦਲੇ ਮਨ ਜਿਨ੍ਹੇ ਨ ਵੇਚਯਾ
ਰਾਮ ਪ੍ਰੀਤ ਮੁਲ ਲੀਤੀ।
ਰਾਮ ਚਲੇਗਾ ਨਾਲ ਓਸ ਦੇ
ਰਾਮ ਪ੍ਰੀਤਿ ਦੀ ਰੀਤੀ।
ਧਨ ਲੀਤਾ ਜੋ ਸਾਥ ਨ ਟੁਰਦਾ
ਜਾਸੀ ਕੱਲਮਕੱਲਾ,
ਰਾਮ-ਪਰੇਮੀ ਨਾਲ ਰਾਮ, ਉਸ
ਸਚ ਸੁਦਾਗਰੀ ਕੀਤੀ।
੧੯
'ਮੈਂ ਹਾਂ ਸਿੱਖ ਆਖ ਕੇ ਬੱਚੇ
ਧੌਣ ਅਗਾਹਾਂ ਕੀਤੀ।
ਕਾਤਲ ਕਹੇ : 'ਮਾਫ ਬੀ ਹੋ ਕੇ
ਫਿਰ ਕਿਉਂ ਮੌਤ ਆ ਲੀਤੀ ?'
ਬੱਚਾ ਕਹੇ : 'ਸੱਚ ਮੈਂ ਖ੍ਰੀਦਾਂ
ਜਿੰਦ ਦੇ ਕੇ ਬੀ ਲੈਸਾਂ
'ਸਾਬਤ ਰਾਸ ਨਾਮ ਲੈ ਜਾਵਾਂ,
(ਇਸ) ਸਚ ਸੁਦਾਗਰੀ ਕੀਤੀ।
੨੦
ਚੜ੍ਹਿਆ ਸੀ ਸਾਰਾ ਜਗ ਜਿੱਤਣ
ਸਤਲੁਜ ਤਕ ਜਿਤ ਲੀਤੀ,
'ਦਾਰਾ' ਮਾਰ 'ਪੋਰਸ-ਸੁਤ ਮਾਰੇ
ਫਿਰ ਰਾਹ ਘਰ ਦੀ ਲੀਤੀ
ਸਾਹਿਬ-ਦਿਲ ਦੇ ਦਾਰੇ ਜਾਕੇ
ਹਥ ਬੰਨ੍ਹ ਪੁੱਛੇ: 'ਸੇਵਾ ?’
ਓਸ ਕਿਹਾ: 'ਧੁਪ ਛਡ ਦੇ ਮੈਨੂੰ
'ਰੋਕ ਜੁ ਤੈਂ ਤਨ ਲੀਤੀ।'
'ਜਗਤ ਜਿਤਈਏ ਨੇ ਤਦ ਮਨ ਵਿਦ
ਕੰਘੀ ਮਾਰਨ ਕੀਤੀ,
ਸੋਚੇ: ਵੱਡਾ ਮੈਂ ਕਿ ਇਹ ਜਿਸ
ਮੈਂ ਪਰਵਾਹ ਨ ਕੀਤੀ ?'
ਵਾਜ ਆਈ ਫਿਰ ਅੰਦ੍ਰੇ ਉਸ ਨੂੰ:
ਤੂੰ ਦਿਲ ਦੀ ਦੁਨੀਆ ਲੀਤੀ,
'ਇਸ 'ਸਾਹਿਬ' ਬਣ ਦਿਲ ਅਪਣੇ ਦਾ
ਉਚ ਸੁਦਾਗਰੀ ਕੀਤੀ ।
૨૧
ਪੁਛਿਆ ਕਿਸੇ "ਖ਼ੁਦਾਅ ਸਿੰਘ ਤੂੰ
ਕਿਉਂ ਰਬ ਬਰੱਬਰੀ ਕੀਤੀ ?"
ਓਸ ਕਿਹਾ: "ਖ਼ੁਦ ਆ ਖ਼ੁਦਾਇ ਨੇ
ਮੈਂ ਮੇਰੀ ਲੈ ਲੀਤੀ,
"ਨਾਮ ਆਪਣਾ ਵਿੱਚ ਵਟਾਂਦਰੇ
ਉਸ ਮੈਨੂੰ ਚਾ ਦਿੱਤਾ,
"ਬੰਦੇ ਨਾਲ ਖ਼ੁਦਾ ਨੇ, ਸਜਣਾ !
'ਵਾਹ' ਸੁਦਾਗਰੀ ਕੀਤੀ।"
२२.
ਛੁਰੇ ਬੰਦੂਕਾਂ ਲਏ ਜ਼ਾਲਮਾਂ
ਘੇਰ ਨਗਰੀਆ ਲੀਤੀ।
ਮਾਰੇ ਮਰਦ ਗਏ ਜਦ ਸਾਰੇ
ਬੀਬੀਆਂ ਨੇ ਕੀਹ ਕੀਤੀ ?
ਮਨ ਸਬਲਾ ਸੀ, ਆਕੇ ਖੂਹ ਤੇ
ਛਾਲ ਅੱਸੀਆਂ ਮਾਰੀ,
ਬੱਚੇ ਡੋਬੇ, ਜਿਵੇਂ ਗੰਗ ਨੂੰ
ਭੇਟ ਨਾਰੀਅਲ ਕੀਤੀ।
ਜਿੰਦਾਂ ਦਿੱਤੀਆਂ ਜਿਵੇਂ ਸੱਪ ਨੇ
ਕੂੰਜ ਸੁਖਾਲੀ ਦਿੱਤੀ।
ਜ਼ਾਲਮ ਪਾਸ ਵੇਚ ਮਨ ਦੇਹੀ
ਦੁਨੀਆਂ ਖ੍ਰੀਦ ਨ ਲੀਤੀ।
ਸਾਬਤ ਦਿਲ ਲੈ ਵਤਨੇ ਗਈਆਂ
ਜਗ ਵਿਚ ਵਾਹਵਾ ਹੋਈ,
ਖੂਹ ਭਰ ਗਿਆ, ਆਖਦਾ: "ਕੁੜੀਓ !
ਧੰਨ ਸੁਦਾਗਰੀ ਕੀਤੀ । ੬੧
ਸੁੱਚਾ ਦਿਲ
ਨ ਦਿਲ ਊਣਾ ਕਰੀਂ ਨੀਵਾਂ, ਨ ਨਿੰਮੋਝਾਣ ਕਰ ਇੱਝਾ,
ਇ ਦਿਲ ਸੁੱਚਾ ਰਖੀ ਉੱਚਾ ਇ ਕਰ ਕਰ ਯਾਦ ਹੈ ਸਿੱਝਾ*।
ਹਈ ਸੱਜਨ ਇ ਦਿਲ ਅਪਣਾ, ਇ ਆਪੇ ਆਪ ਦਾ ਵੈਰੀ,
ਤੁਲਹ ਇਸ ਨੂੰ ਦਈ ਰੱਖੀਂ, ਕਰੀ ਸੁ ਯਾਦ ਦਾ ਗਿੱਝਾ।
ਕਦੇ ਪ੍ਰੀਤਮ ਨ ਭੁੱਲ ਬੈਠੀ ਕਿ ਥੰਮ੍ਹੀ ਹੈ ਦਿਲੇ ਦੀ ਓ
ਤੁਲਹ ਹੈ 'ਯਾਦ' ਓਸੇ ਦੀ, ਉਚਾ ਦਿਲ ਨੂੰ ਰਖੇ ਰੁੱਝਾ।
ਪਏ ਦਿਲ ਭੀੜ ਖਾਯਾਲਾ ਦੀ ਤਿ ਸੋਚਾਂ ਆਕੇ ਪਿੜ ਲਾਵਣ
ਗੁਆਚੇ ਦਿਲ ਜੇ ਇਹਨਾਂ ਵਿਚ ਕਠਨਤਾ ਨਾਲ ਫਿਰ ਲੱਝਾ।
ਜਿ ਉਂਗਲ 'ਯਾਦ ਪ੍ਰੀਤਮ ਦੀ ਫੜਈ ਏਸ ਨੂੰ ਰੱਖੇਂ
ਕਦੇ ਗਾਚੇ ਨਾ, ਏਦਾਂ ਏ ਸਦਾ ਲੱਝਾ, ਸਦਾ ਲੱਝਾ।
ਜੇ ਪ੍ਰੀਤਮ ਯਾਦ ਤੂ ਰੱਖੇ, ਪਵੇਗੀ ਖਿੱਚ ਪ੍ਰੀਤਮ ਨੂੰ.
ਉਦ੍ਹੀ ਫਿਰ ਯਾਦ ਤੂ ਰੱਖੇ ਪਵੇਗੀ ਖਿੱਚ ਪ੍ਰੀਤਮ ਨੂੰ
ਉਦ੍ਹੀ ਫਿਰ ਯਾਦ ਅੰਦਰ ਤੂੰ ਰਹੇਂਗਾ, ਸੁਹਣਿਆ ! ਸੁੱਝਾ*।
ਦੁ 'ਯਾਦਾਂ ਮਿਲਕੇ ਇਕ ਹੋਵਣ ਨ ਦਿਲ ਫਿਰ ਹੋਇ ਕੱਲਾ ਏ,
ਓ ਵਸਦਾ ਫਿਰ ਰਹੇ ਨਾਲ, ਲਖੇਂ, ਪਰ ਓ ਰਹੇ ਗੁੱਝਾ। ੬੨
----------------------
* ਸੋਝੀ ਵਾਲਾ ਹੋਇਆ।