ਲਾਮਕਾਂ ਦੇ ਅੰਬਰ
ਤੈਨੂੰ ਮਕਾਂ ਨ ਮਿਲਦਾ ਬਣ ਤੂੰ ਮਕੀ ਨ ਜਾਵੇ,
'ਪੰਛੀ ਨਿਵਾਸ ਤੇਰਾ ਹਰ ਸ਼ਬ ਨਵੀਂ ਹੋ ਥਾਂਵੇਂ।
ਖਿਲਰੇ ਤੂੰ ਖੰਭ ਰੱਖੇ ਪੰਛੀ ਉਡਾਰ ਵਾਂਙੂ,
ਅੰਬਰ ਉਹ ਲਾਮਕਾਂ ਦੇ ਉਡ ਤਾਰੀਆਂ ਲਗਾਵੇ।
ਸੁਹਣੇ ਦਰਾਂ ਤੋਂ ਜੇਕਰ ਸੈਨਤ ਮਿਲੇ ਟਿਕਣ ਦੀ;-
ਰੰਗ ਮਹਲ ਜ਼ਾਤ ਵਾਲੇ ਕਾਯਮ ਮਕਾਨ ਪਾਵੇਂ।
ਜਿਥੋਂ ਤੂੰ ਲੰਘ ਰਿਹਾ ਹੈ ਵਾਦੀ ਹੈ ਏ ਫਨਾ ਦੀ
ਐਪਰ ਫਨਾ ਦੇ ਵਿਚੋਂ ਰਸਤਾ ਬਕਾ ਨੂੰ ਜਾਵੇ।
ਮੁਯਦਾ ਨਸੀਮ ਲ੍ਯਾਈ, ਨਗਮਾ ਸਬਾ ਸੁਨਾਵੇ:-
ਹਰ ਰੰਗ ਭਰੀ ਖੁਸ਼ੀ ਹੈ, ਹਰ ਛਿਨ ਜਿ ਗੀਤ ਗਾਵੇਂ।
ਹਰ ਥਾਂ ਭਰੀ ਸੁਰਾਹੀ, ਹਰ ਹਾਲ ਹੈ ਪਿਆਲਾ,
ਜਾਗੇ ਲਬਾਂ ਨੂੰ ਸਾਕੀ ਭਰ ਜਾਮ ਹੈ ਪਿਲਾਵੇ।
ਹਸ ਹਸ ਕੇ ਗੁਲ ਤੇ ਰਸਤੇ ਪ੍ਯਾ ਪੰਖੜੀ ਵਿਛਾਵੇ,
ਕੰਡੇ ਸੰਭਾਲ ਰਖੇ ਤੈਨੂੰ ਨ ਚੋਭ ਆਵੇ।
ਪੈਵੰਦ ਨਾਲ ਭਰੀਆਂ ਡਾਲਾਂ ਨੁਛਾਹ ਹੋਵਣ,
ਬੁਲਬੁਲ ਹਜ਼ਾਰ ਬੈਠੀ ਤੈਨੂੰ ਹੀ ਗਾ ਸੁਣਾਵੇ।