ਲਿਖਾਰੀ ਨੂੰ
ਸੁਣ ਤੂੰ ਲਿੱਖਣ ਹਾਰਿਆ ! ਐਸਾ ਕੁਝ ਨਾ ਲਿੱਖ,
ਜਿਸ ਨੂੰ ਪੜ੍ਹਨੇ ਤੇ ਜਗਤਿ ਵਧੇ ਪਾਪ ਅਰ ਦੁੱਖ।
ਲਿੱਖਣ ਚਾਉ ਜਿ ਉਮਗਿਆ ਅਪਣੇ ਅੰਦਰ ਵੇਖ;
ਹੈ ਉਥੇ ਸੰਦੇਸ਼ ਜੋ ਮੇਟੇ ਮਨ ਬੀ ਧੁੱਖ?
ਜਿਸਨੂੰ ਪੜ੍ਹਕੇ ਪੜ੍ਹਨਹਾਰ ਪੜ੍ਹਨ ਪਹਿਲਿਓ ਹਾਲ
ਨਾਲੋਂ ਉੱਚਾ ਹੋ ਜਏ ਸੁਖ ਵਿਚ, ਭਾਵੇਂ ਚੁੱਖ।
ਦ੍ਰਵ ਜਾਵੇ, ਚਹਿ ਅਕਲ ਵਿਚ ਕੁੱਛਕੁ ਸੁਖੀਆ ਹੋਇ
ਸੁਹਣੇ ਸ੍ਵਾਦੀ ਰੰਗ ਵਿਚ, ਪਲਟ ਜਾਸੁ ਕੁਛ ਰੁੱਖ।
ਨੀਵੀਆਂ ਰੁਚੀਆਂ ਜਗਤ ਵਿਚ ਨੀਵੇਂ ਕਰਮ ਸੁਭਾਉ
ਅੱਗੇ ਫੈਲੇ ਹਨ ਬੜੇ, ਕਾਹਿ ਵਧਾਵੇਂ ਲਿੱਖ?
ਇਕ ਦਿਨ ਅੰਮ੍ਰਿਤ ਡੋਹਲਦੀ ਬੋਲ ਪਈ ਮੈਂ ਕਲਮ:
"ਮੈ ਜਾਣੂ ਨਹੀਂ ਪਾਪ ਤੋਂ, ਅਸਮਤ ਮੇਰੀ ਰੱਖ।
"ਵਰਤਣ ਮੇਰੀ ਉਹ ਕਰੀ ਜਿਸ ਵਿਚ ਪਾਪ ਨ ਲੇਸ਼,
"ਜਗਤ ਜਲੰਦੇ ਦੀ ਮਲ੍ਹਮ ਲਿਖਤ ਬਣੇਂ, ਸੋ ਲਿੱਖ।
"ਦਿਲ ਦੁਨੀਆਂ ਦੇ ਭੁਜ ਰਹੇ ਹੋ ਰਹੇ ਹੈਨ ਕਬਾਬ,
"ਅੰਮ੍ਰਿਤ ਛੱਟੇ ਲੇਖ ਲਿਖ, ਕੁਛ ਦੁਖ ਘਟੇ ਮਨੁੱਖ।
"ਨਹੀਂ ਤੇ ਮੈਨੂੰ ਛੱਡਿ ਆ ਮੇਰੇ ਜੰਗਲ ਦੇਸ਼,
"ਜਿੰਦੜੀ ਮੇਰੀ ਮੋੜ ਦੇਹ, ਉਗਲਾਂ ਨਾਂ ਪਈ ਬਿੱਖ।
"ਵਿਚ ਸਰਕੰਡਿਆਂ ਸੁਖੀ ਸਾਂ, ਦੁਖਾਂ ਨ ਕਿਸੇ ਦੁਖਾਉਂ,
"ਝੋਲੇ ਠੰਢੇ ਵਾਉ ਦੇ ਮਾਣ ਰਹੀਂ ਸਾਂ ਸੁੱਖ।
"ਜੇ ਮੈਨੂੰ ਹਈ ਵਰਤਣਾ ਧਾਰ ਅੱਜ ਲੈ ਨੇਮ:
"ਸੁਖ ਦੀ ਧਾਰਾ ਵਹਿ ਚਲੇ, ਅਸਮਤ ਵਾਲੇ ਸੁੱਖ। "੨੬