ਅਧਵਾਟੇ
ਪ੍ਰੋ. ਮੋਹਨ ਸਿੰਘ
ਤਤਕਰਾ
ਅਧਵਾਟੇ
ਉਂਗਲੀ ਕੋਈ ਰੰਗੀਨ
ਮੇਰੀ ਬੱਚੀ ! ਮੇਰਾ ਦੇਸ਼ !
ਸੁਫ਼ਨੇ ਵਿਚ ਕੋਈ ਆਵੇ
ਕੇਹਾ ਰਹਿੰਨਾ ਏ' ਨਿਤ ਵਾਂਢੇ
ਅੱਜ ਮਿਲੇ ਤਾਂ ਮੈਂ ਜੀਵਾਂ
ਨਿੱਕਾ ਰੱਬ
ਕਹੇ ਤਕ ਬੈਠਾ ਮੈਂ ਨੈਣ
ਕਦੇ ਢੋਕ ਸਾੜ੍ਹੀ ਦਰ ਅਛ ਢੋਲਾ
ਨਿੱਕਾ ਨਿੱਕਾ ਦਿਲ ਕਰਨਾ
ਮੈਂ ਖ਼ਿਆਲ ਤੇਰੇ ਨਾਲ ਹਿਲੀਆਂ
ਤੇਰੀ ਮੇਰੀ ਪ੍ਰੀਤੀ ਚਿਰੋਕੀ
ਲਹਿਰਾਂ
ਮੰਗਤੀ
ਪਸ਼ੂ
ਕੋਈ ਆਇਆ ਸਾਡੇ ਵੇਹੜੇ
ਗੱਲ ਸੁਣੀ ਜਾ
ਅਗਿਉ ਅਗੇ ਚਲਣਾ
ਹੱਥ
ਸਾਡੇ ਵੇਹੜੇ ਅੰਮ੍ਰਿਤ ਵਰ੍ਹਿਆ ਨੀ
ਸਤਿਸੰਗ
ਸੁੰਗੜੀ ਵਿਚ ਕਲਾਵੇ
ਇਸ਼ਕ ਨੇ ਕਿਤਨਾ ਕਮੀਨਾ ਕਰ ਦਿਤਾ
ਤਵੀ
ਤਾਹਨਾ
ਮੈਂ ਜਾਤਾ
ਕੁਝ ਚਿਰ ਪਿੱਛੋਂ
ਇਹ ਦਿਲ ਹੈ
ਇਕ ਦੋਹੜਾ
ਕਨਸੋ
ਯਾਦ
ਮਾਹੀਆ
ਮੋਹ
ਨਿੱਕੀ ਜਿੰਦ ਮੇਰੀ
ਨਿੱਕੀ ਜਿਹੀ ਮੈਂ ਕਲੀ
ਸਾਰ ਲਈਂ ਅੱਜ ਨੀ
ਕੋਇਲ ਨੂੰ
ਦੇ ਜੀਵਨ ਮੈਂ ਜੀਵਾਂ
ਅਧਾ ਹਨੇਰੇ ਅਧਾ ਸਵੇਰੇ
ਕਵਲ ਤੇ ਖੁਸ਼ਵੰਤ ਨੂੰ
INTRODUCTION
By S. Kapur Singh, M.A. (Cantab); M.A. (Pb.); I.C.S.
Sardar Mohan Singh, of Panj Darya, presents another bouquet of his poems to the Punjabi public. To those who are acquainted with his previous works, and their number is large, the present collection of his poems will reveal all the variety of colour and the richness of fragrance that has characterised his past lyrics, and in addition a newness and ruggedness indicating not only the maturer character of the personality of the poet, but also the variety and depth of his acquaintance with the modern European poetry. As a lyrcist Mohan Singh has already shown potentialities, but in these poems he also reveals the sadness of experience, the disillusionment of Maya, the corners and unevenness of the hard realities of life, as contrasted with the dream-land composed of idealism and the fancies of the poet. This latter aspect, to my mind, demarcates the modern poetry as it is understood in Northern European
countries, and the traditional poetry of fixed forms and standardized sentiments.
2
From the sixteenth century onwards, Indian literature which had hitherto been written almost entirely in Sanskrit, increasingly finds its natural expression in the vernaculars of the people of India. With the advent of the European peoples, the Indian literature received a new stimulus, and Punjabi has been no exception to it. Conversely, there have been numerous European writers who have felt drawn towards India and Indian literature and have sought to express their feelings for Indian life and culture in English. Sir Edwin Arnold, whose celebrated poem, the Light of Asia, was inspired by India and better known still, Henri Derozio, the author of the Fakir of Jungheera, and others, palpably derive from Indian source and are influenced by Indian models Our present day literature, however, cannot claim this privilege of having inspired any European work of distinction, though it owes most of its own colour and pattern to its prototypes conceived and evolved by European writers. This one sided movement is also markedly in evidence in the present poems of Mohan Singh.
3
Many people have attempted to say in what way modern poetry is distinguished from the old poetry. But as I see it, a poet is to be judged not so much by the historical period in which he lived. But by evaluating as to how far he has successfully attempted to express sensibilities of
the time to which he belonged, in verse. This is the ultimate criterion, and not whether a given piece of poetry conforms to this form or that, treats this subject matter or that, or adopts this set of values or that. I also agree with G. K. Chesterton that,
All that is nobly beautiful or true,
Is very simple, simple as a song.
Like silver lettering on a sky blue,
The disordered complex thing is often wrong.
May it be said to the credit of Mohan Singh that he has considerably succeeded in being modern without being "disordered and complex" in his present poems.
4
In his previous poems Mohan Singh has been mainly occupied with self-expression, but the present poems are maturer and more in keeping with the tempos of the times, in so far as they are increasingly more pre-occupied with the social consciousness, and although the result may sometimes appear to lack in poetic grace, it has decidedly gained in vitality. His poems, Nikka Rab, Sat Sang, Ishq ne kitna kamina kar ditta, are good illustrations of Mohan Singh's modernity and reflexive depth and class conscious poetry. L, for one, however, still believe that Mohan Singh is at his best when he is gathering wild flowers from the undulating plains of Pothohar to grace the snake- black tresses of the tall brown maidens in whose veins still pulsates the blood of their artistic ancestors of the Gandhara Valley, the flowers
which still waft with the fragrance of the Kadambri of Bana, the Meghduta of Kalidas, the Shringara Shatak of Bharatarihari, the Gitagovinda of Jayadeva, the Hir of Warris Shah, the Kafis of Bullah and the songs of love and separation of Guru Arjuna. Reminiscent of this category, though clearly at times, and faintly at other times, are his beautiful lyrics Kaihe tak baitha main nain, Gal Suni ja, koi aya sade wehre.
5
Mohan Singh has many qualities which go to make a great poet. He has imagination and experience. He has expression and has happily chosen Punjabi as the medium of expression. He has the correct perception of the subject matter of poetry, and, as a rule, he displays the correct discrimination. Experience of life, more experience, more and more intimate acquaintance with the past and the roots from which his poetic impulse springs, and above all discipline and sincerity, are likely to make him a poet whose work may endure even after he is gone.
KAPUR SINGH
KARNAL
Oct. 23, 1942
ਮੁਖ ਸ਼ਬਦ
ਵਲੋਂ-ਸ: ਕਪੂਰ ਸਿੰਘ ਐਮ. ਏ. (ਕੈਂਟਬ), ਐਮ. ਏ. (ਪੰਜਾਬੀ), ਆਈ. ਸੀ. ਐਸ.
ਪੰਜ ਦਰਿਆ ਦਾ ਮੋਹਨ ਸਿੰਘ ਆਪਣੀਆਂ ਕਵਿਤਾਵਾਂ ਦਾ ਇਕ ਹੋਰ ਸੰਗ੍ਰਹਿ ਪੰਜਾਬੀ ਜਨਤਾ ਦੇ ਸਾਹਮਣੇ ਰਖਦਾ ਹੈ । ਉਸਦੀਆਂ ਪਹਿਲੀਆਂ ਰਚਨਾਵਾਂ ਦੇ ਰਸੀਏ, ਜਿਨ੍ਹਾਂ ਦੀ ਗਿਣਤੀ ਬਹੁਤ ਹੈ, ਇਸ ਸੰਗ੍ਰਹਿ ਵਿਚ ਵੀ ਰੰਗਾਂ ਦੀ ਉਹੀ ਭਿੰਨਤਾ ਤੇ ਸੁਗੰਧੀ ਦੀ ਉਹੀ ਬਹੁਲਤਾ ਦੇਖਣਗੇ । ਸਗੋਂ ਇਕ ਵਾਧਾ ਵੀ। ਉਹ ਹੈ ਇਕ ਖ਼ਾਸ ਤਰ੍ਹਾਂ ਦੀ ਨਵੀਨਤਾ ਤੇ ਤਾਕਤ ਜੋ ਨਾ ਸਿਰਫ ਕਵੀ ਦੀ ਵਧੇਰੇ ਪਕੀ ਤੇ ਰਸੀ ਹੋਈ ਸ਼ਖਸੀ ਅਤ ਦੀ ਸੂਚਕ ਹੈ, ਸਗੋਂ ਉਸ ਦੀ ਅਜੋਕੀ ਯੋਰਪੀਨ ਕਵਿਤਾ ਨਾਲ ਡੂੰਘੀ ਤੇ ਅਨੇਕ-ਪੱਖੀ ਜਾਣਕਾਰੀ ਦਾ ਸਬੂਤ ਵੀ ਦਿੰਦੀ ਹੈ। ਇਕ ਗੀਤਕਾਰ ਦੇ ਤੌਰ ਤੇ ਤਾਂ ਉਹ ਅਗੇ ਹੀ ਆਪਣੀ ਤਾਕਤ ਪ੍ਰਗਟ ਕਰ ਚੁਕਾ ਹੈ, ਪਰ ਇਨ੍ਹਾਂ ਕਵਿਤਾਵਾਂ ਵਿਚ ਉਹ ਆਦਰਸ਼ਵਾਦ ਦੇ ਧੁੰਧਲੇ ਸੁਪਨ-ਦੇਸ਼ਾਂ ਤੇ ਕਵੀ ਦੀ ਸੁਨਹਿਨੀ ਕਲਪਨਾ ਦੇ ਮੁਕਾਬਲੇ ਵਿਚ ਗ਼ਮ ਭਰੇ ਤਜਰਬੇ, ਮਾਯਾ ਦੀ ਅਸਥਿਰਤਾ ਅਤੇ ਜੀਵਨ ਦੀਆਂ ਸਖ਼ਤ ਹਕੀਕਤਾਂ ਦੀਆਂ ਤਿਖੀਆਂ ਤੇ ਅਪਧਰੀਆਂ ਨੋਕਾਂ ਦਾ ਵੀ ਜ਼ਿਕਰ ਕਰਦਾ ਹੈ। ਇਹ ਆਖ਼ਰੀ ਪਹਿਲੂ ਮੇਰੇ ਖ਼ਿਆਲ ਵਿਚ, ਅਜ ਕਲ ਦੀ ਕਵਿਤਾ ਨੂੰ, ਜਿਵੇਂ ਕਿ ਉਹ ਉਤਰੀ ਯੂਰਪ ਦੇ ਦੇਸਾਂ ਵਿਚ ਸਮਝੀ ਜਾਂਦੀ ਹੈ, ਅਤੇ ਨੀਯਤ ਰੂਪਾਂ ਤੇ ਗਿਣੇ ਮਿਥੇ ਅਨੁਭਵਾਂ ਵਾਲੀ ਰਵਾਇਤੀ ਕਵਿਤਾ ਨੂੰ ਨਿਖੇੜਦਾ ਹੈ।
२.
ਸੋਲ੍ਹਵੀਂ ਸਦੀ ਤਕ ਤਕਰੀਬਨ ਸਾਰੇ ਦਾ ਸਾਰਾ ਹਿੰਦੁਸਤਾਨੀ ਸਾਹਿਤ ਸੰਸਕ੍ਰਿਤ ਵਿਚ ਲਿਖਿਆ ਜਾਂਦਾ ਰਿਹਾ ਸੀ, ਪਰ ਇਸ ਦੇ ਬਾਦ ਕੁਦਰਤੀ ਤੌਰ ਤੇ ਭਾਰਤ ਦੀ ਪ੍ਰਤਿਭਾ ਹਿੰਦੁਸਤਾਨੀ ਜਨਤਾ ਦੀਆਂ ਬੋਲੀਆਂ ਵਿਚ ਉਜਾਗਰ ਹੋਣ ਲਗ ਪਈ । ਯੂਰਪੀਨ ਲੋਕਾਂ ਦੇ ਹਿੰਦੁਸਤਾਨ ਵਿਚ ਆਉਣ ਨਾਲ ਹਿੰਦੁਸਤਾਨੀ ਸਾਹਿਤ ਨੂੰ ਇਕ ਨਵੀਂ ਪਰੇਰਨਾ ਮਿਲੀ । ਪੰਜਾਬੀ ਵੀ ਇਸ ਅਸਰ ਤੋਂ ਬਚ ਨਾ ਸਕੀ । ਇਸ ਦੇ ਉਲਟ, ਕਈ ਯੂਰਪੀਨ ਲੇਖਕ ਵੀ ਅਜੇਹੇ ਹੋਏ ਹਨ ਜਿਨ੍ਹਾਂ ਨੂੰ ਹਿੰਦੁਸਤਾਨ ਤੇ ਹਿੰਦੁਸਤਾਨੀ ਸਾਹਿਤ ਨੇ ਖਿਚ ਪਾਈ ਹੈ ਅਤੇ ਜਿਨ੍ਹਾਂ ਨੇ ਹਿੰਦੁਸਤਾਨੀ ਜੀਵਨ ਤੇ ਸਭਿਆਚਾਰ ਬਾਰੇ ਆਪਣੇ ਅਨੁਭਵ ਅੰਗਰੇਜ਼ੀ ਬੋਲੀ ਵਿਚ ਪ੍ਰਗਟ ਕਰਨ ਦਾ ਯਤਨ ਕੀਤਾ ਹੈ । ਸਰ ਐਡਵਿਨ ਆਰਨਲਡ ਜਿਸਨੇ ਆਪਣੀ ਪ੍ਰਸਿਧ ਕਵਿਤਾ 'ਲਾਈਟ ਆਫ ਏਸ਼ੀਆ' ਹਿੰਦੁਸਤਾਨ ਤੋਂ ਪ੍ਰੇਰਿਤ ਹੋ ਕੇ ਲਿਖੀ ਹੈ, ਉਸ ਤੋਂ ਵੀ ਵਧੇਰੇ ਪ੍ਰਸਿਧ ਹੈਨਰੀ ਦਰੋਜ਼ੀਉ, ‘ਫਕੀਰ ਆਫ ਝੁੰਗੀਰਾ' ਦਾ ਕਰਤਾ, ਤੇ ਇਸੇ ਤਰਾਂ ਕਈ ਹੋਰ ਹਨ ਜਿਨ੍ਹਾਂ ਨੇ ਹਿੰਦੁਸਤਾਨੀ ਸੋਮਿਆਂ ਤੋਂ ਮਸਾਲਾ ਲੈਕੇ ਉਸ ਨੂੰ ਹਿੰਦੁਸਤਾਨੀ ਨਮੂਨੇ ਮੁਤਾਬਕ ਢਾਲਿਆ । ਪਰ ਅਜ ਕਲ ਦੇ ਹਿੰਦੁਸਤਾਨੀ ਸਾਹਿਤ ਨੂੰ ਇਹ ਦਾਵਾ ਨਹੀਂ ਕਿ ਉਸ ਨੇ ਯੂਰਪ ਵੀ ਕਿਸੇ ਮਹਾਨ ਰਚਨਾਂ ਦੀ ਕਿਰਤ ਵਿਚ ਪ੍ਰੇਰਨਾ ਦਿਤੀ ਹੋਵੇ, ਭਾਵੇਂ ਇਹ ਆਪ ਬਹੁਤ ਹਦ ਤੀਕ ਕੀ ਰੰਗ ਤੇ ਕੀ ਬਣਤਰ ਦੋਹਾਂ ਪਹਿਲੂਆਂ ਤੋਂ ਅਜ ਕਲ ਦੇ ਯੂਰਪੀਨ ਲਖਕਾਂ ਦੀ ਰਚਨਾ ਦੀਆਂ ਨੀਹਾਂ ਤੇ ਉਸਰਿਆ ਹੋਇਆ ਹੈ।
३.
ਕਈ ਲੋਕਾਂ ਨੇ ਇਹ ਦੱਸਣ ਦਾ ਯਤਨ ਕੀਤਾ ਹੈ ਕਿ ਅਜ ਕਲ ਦੀ ਕਵਿਤਾ ਤੇ ਪੁਰਾਣੀ ਕਵਿਤਾ ਵਿਚ ਕੀ ਫਰਕ ਹੈ। ਪਰ ਜਿਵੇਂ ਮੈਂ ਇਸ ਗਲ ਨੂੰ ਦੇਖਦਾ ਹਾਂ, ਕਿਸੇ ਕਵੀ ਨੂੰ ਨਿਪਟ ਉਸ ਦੇ ਇਤਿਹਾਸਕ ਸਮੇਂ ਤੋਂ ਨਹੀਂ ਜਾਚਣਾ ਚਾਹੀਦਾ ਜਿਸ ਵਿਚ ਕਿ ਉਹ ਹੋਇਆ ਹੋਵੇ, ਸਗੋਂ ਦੇਖਣ ਤੇ
ਜੋਖਣ ਵਾਲੀ ਗਲ ਇਹ ਹੈ ਕਿ ਉਹ ਆਪਣੇ ਸਮੇਂ ਦਿਆਂ ਅਨੁਭਵਾਂ ਨੂੰ ਕਿਤਨੀ ਕੁ ਸਫਲਤਾ ਨਾਲ ਕਵਿਤਾ ਵਿਚ ਪ੍ਰਗਟ ਕਰ ਸਕਿਆ ਹੈ। ਇਹੋ ਆਖ਼ਰੀ ਕਸੌਟੀ ਹੈ; ਇਹ ਨਹੀਂ ਕਿ ਕੋਈ ਕਵਿਤਾ ਇਸ ਰੂਪ ਵਿਚ ਹੈ ਕਿ ਉਸ ਵਿਚ, ਇਸ ਵਿਸ਼ੇ ਨੂੰ ਸੰਭਾਲਦੀ ਹੈ ਕਿ ਉਸ ਨੂੰ, ਇਹ ਕੀਮਤਾਂ ਧਾਰਨ ਕਰਦੀ ਹੈ ਯਾ ਉਹ। ਮੈਂ ਜੀ. ਕੇ. ਚੈਸਟਰਟਨ ਨਾਲ ਸਹਿਮਤ ਹਾਂ ਕਿ,
ਜੋ ਕੁਝ ਵੀ ਮਹਾਨ ਤਰੀਕੇ ਨਾਲ ਸੁੰਦਰ ਤੇ ਸਤਯ ਹੈ,
ਬਹੁਤ ਸਾਦਾ ਹੁੰਦਾ ਹੈ, ਗੀਤ ਵਾਂਗ ਸਾਦਾ,
ਯਾ ਜਿਵੇਂ ਨੀਲੇ ਅਸਮਾਨ ਉਤੇ ਚਾਂਦੀ ਦੀ ਲਿਖਤ ਹੁੰਦੀ ਹੈ,
ਔਖੀ ਤੇ ਗੁੰਝਲਦਾਰ ਚੀਜ਼ ਆਮ ਤੌਰ ਤੇ ਗਲਤ ਹੁੰਦੀ ਹੈ।
ਮੋਹਨ ਸਿੰਘ ਦੇ ਹੱਕ ਵਿਚ ਵੀ ਇਹ ਗੱਲ ਆਖੀ ਜਾ ਸਕਦੀ ਹੈ, ਕਿਉਂਕਿ ਉਹ ਆਪਣੀਆਂ ਇਨ੍ਹਾਂ ਕਵਿਤਾਵਾਂ ਵਿਚ 'ਔਖਾ ਤੇ ਗੁਝਲਦਾਰ’ ਹੋਏ ਬਿਨਾਂ ਨਵਾਂਪਨ ਲਿਆ ਸਕਣ ਵਿਚ ਬਹੁਤ ਸਫਲ ਰਿਹਾ ਹੈ।
४.
ਆਪਣੀਆਂ ਪਹਿਲੀਆਂ ਕਵਿਤਾਵਾਂ ਵਿਚ, ਮੋਹਨ ਸਿੰਘ ਬਹੁਤ ਕਰਕੇ ਸ੍ਵੈ-ਪ੍ਰਕਾਸ਼ ਵਿਚ ਹੀ ਰੁਝਾ ਰਿਹਾ ਹੈ।ਪਰ ਇਹ ਕਵਿਤਾਵਾਂ ਪਕੇਰੀਆਂ ਤੇ ਅਜੋਕੇ ਸਮਿਆਂ ਦੇ ਤਿੱਖੇ ਤੇ ਤੀਬਰ ਵੇਗ ਦੇ ਮੁਤਾਬਕ ਹਨ, ਕਿਉਂਕਿ ਇਨ੍ਹਾਂ ਵਿਚ ਨਿਰੋਲ ਨਿਜੀ ਜਜ਼ਬੇ ਦੀ ਥਾਂ ਸਮਾਜਕ ਚੇਤੰਨਤਾ ਕੰਮ ਕਰ ਰਹੀ ਹੈ ਅਤੇ ਇਸ ਤਰ੍ਹਾਂ ਨਾਲ ਕਵਿਤਾ ਦੀ ਕੋਮਲਤਾ ਵਿਚ ਭਾਵੇਂ ਫਰਕ ਪੈ ਗਿਆ ਹੋਵੇ, ਪਰ ਨਿਰੋਏਪਨ ਦਾ ਨਿਸਚਿਤ ਤੌਰ ਤੇ ਵਾਧਾ ਹੋ ਗਿਆ ਹੈ । ਉਸ ਦੀਆਂ ਕਵਿਤਾਵਾਂ, ਨਿੱਕਾ ਰੱਬ, ਸਤਿਸੰਗ, ਇਸ਼ਕ ਨੇ ਕਿਤਨਾ ਕਮੀਨਾ ਕਰ ਦਿੱਤਾ, ਮੋਹਨ ਸਿੰਘ ਦੇ ਨਵੇਂਪਨ, ਵਿਚਾਰ ਦੀ ਗਹਿਰਾਈ ਤੇ ਜਾਤੀ ਦੀ ਚੇਤੰਨਤਾ ਵਾਲੀ ਕਵਿਤਾ ਦੀਆਂ ਚੰਗੀਆਂ ਮਸਾਲਾਂ ਹਨ । ਪਰ ਘਟੋ ਘਟ ਮੈਂ, ਅਜੇ ਵੀ ਮੰਨਦਾ ਹਾਂ ਕਿ ਮੋਹਨ ਸਿੰਘ ਦੀ ਕਵਿਤਾ ਸਭ ਤੋਂ ਉੱਚੀ ਸਿਖਰ ਤੇ ਉਦੋਂ ਹੁੰਦੀ ਹੈ ਜਦ ਉਹ ਪੋਠੋਹਾਰ ਦੇ ਉੱਚੇ ਨੀਵੇਂ ਮੈਦਾਨਾਂ
ਵਿਚੋਂ ਜੰਗਲੀ ਫੁਲ ਕੱਠੇ ਕਰ ਰਿਹਾ ਹੁੰਦਾ ਹੈ, ਉਨ੍ਹਾਂ ਲੰਮੀਆਂ ਕਣਕ ਰੰਗੀਆਂ ਕੁੜੀਆਂ ਦੇ ਵਾਲਾਂ ਦੀਆਂ ਸਪ-ਰੰਗੀਆਂ ਮੀਢੀਆਂ ਨੂੰ ਸ਼ਿੰਗਾਰਨ ਲਈ ਜਿਨ੍ਹਾਂ ਦੀਆਂ ਨਾੜਾਂ ਵਿਚ ਅਜ ਤੀਕ ਗੰਧਾਰਵਾਦੀ ਦੇ ਰਸਿਕ ਬਜ਼ੁਰਗਾਂ ਦਾ ਖ਼ੂਨ ਵਹਿ ਰਿਹਾ ਹੈ, ਉਹ ਫੁਲ ਜਿਨ੍ਹਾਂ ਵਿਚੋਂ ਅਜੇ ਤੀਕ ਬਾਣ ਦੀ ਕਾਦੰਬਰੀ, ਕਾਲੀ ਦਾਸ ਦੇ ਮੇਘ ਦੂਤ, ਭਰਤਰੀ ਹਰੀ ਦੇ ਸ਼ਿੰਗਾਰ ਸ਼ਤਕ, ਜੈਦੇਵ ਦੇ ਗੀਤ ਗੋਬਿੰਦ, ਵਾਰਸ ਸ਼ਾਹ ਦੀ ਹੀਰ, ਬੁਲ੍ਹੇ ਦੀਆਂ ਕਾਫ਼ੀਆਂ ਅਤੇ ਗੁਰੂ ਅਰਜਨ ਦੇ ਪਿਆਰ ਤੇ ਬ੍ਰਿਹੋਂ ਦੇ ਸ਼ਬਦਾਂ ਦੀ ਸੁਗੰਧੀ ਪਈ ਆਉਂਦੀ ਹੈ। ਇਸੇ ਵੰਨਗੀ ਦੀ ਯਾਦ ਤਾਜ਼ਾ ਕਰਨ ਵਾਲੇ, ਕਦੀ ਬਿਲਕੁਲ ਸਾਫ਼ ਤੌਰ ਤੇ, ਤੇ ਕਦੀ ਧੁੰਧਲੇ ਤੌਰ ਤੇ, ਹਨ ਮੋਹਨ ਸਿੰਘ ਦੇ ਖ਼ੂਬਸੂਰਤ ਗੀਤ, ਕਹੇ ਤਕ ਬੈਠਾ ਮੈਂ ਨੈਨ, ਗਲ ਸੁਣੀ ਜਾ, ਕੋਈ ਆਇਆ ਸਾਡੇ ਵੇਹੜੇ ।
੫
ਮੋਹਨ ਸਿੰਘ ਵਿਚ ਉਹ ਸਭ ਗੁਣ ਮੌਜੂਦ ਹਨ ਜੋ ਕਿਸੇ ਮਹਾਂ ਕਵੀ ਲਈ ਜ਼ਰੂਰੀ ਹਨ । ਉਸ ਕੋਲ ਕਲਪਨਾ ਵੀ ਹੈ ਤੇ ਤਜਰਬਾ ਵੀ। ਉਸ ਨੂੰ ਭਾਵਾਂ ਨੂੰ ਪ੍ਰਗਟ ਕਰਨ ਦਾ ਹੁਨਰ ਵੀ ਆਉਂਦਾ ਹੈ ਅਤੇ ਸਭ ਤੋਂ ਸੋਹਣੀ ਗਲ ਇਹ ਹੈ ਕਿ ਉਸ ਨੇ ਇਸ ਕੰਮ ਲਈ ਆਪਣੀ ਭਾਸ਼ਾ ਪੰਜਾਬੀ ਨੂੰ ਹੀ ਚੁਣਿਆ ਹੈ। ਉਸ ਨੂੰ ਕਵਿਤਾ ਦੇ ਵਿਸ਼ੇ ਦੀ ਬਹੁਤ ਸੂਝ ਹੈ ਅਤੇ ਉਸ ਵਿਚੋਂ ਲੋੜ ਅਨੁਸਾਰ ਤਿਆਗ ਤੇ ਗ੍ਰਹਿਣ ਕਰਨ ਦੀ ਬਹੁਤ ਬਰੀਕ ਤਮੀਜ਼ । ਜੀਵਨ ਦਾ ਤਜਰਬਾ, ਹੋਰ ਤਜਰਤਾ, ਆਪਣੇ ਬੀਤੇ ਤੇ ਉਸ ਦੀਆਂ ਜੜਾਂ ਨਾਲ, ਜਿਥੋਂ ਕਿ ਉਸ ਦੇ ਕਾਵ ਜਜ਼ਬੇ ਫੁਟਦੇ ਹਨ, ਨਿਤ ਵਧਦੀ ਵਾਕਫੀ ਤੇ ਸਭ ਤੋਂ ਵਧ ਕੇ ਕਲਾਬਧਤਾ ਤੇ ਨੇਕਨੀਯਤੀ ਆਦ ਗੁਣ ਮੋਹਨ ਸਿੰਘ ਨੂੰ ਇਕ ਐਸਾ ਕਵੀ ਬਣਾਉਣ ਦੀ ਸੰਭਾਵਨਾ ਰਖਦੇ ਹਨ, ਜਿਸ ਦੀ ਰਚਨਾ ਸ਼ਾਇਦ ਉਸ ਦੇ ਨਾ ਰਹਿਣ ਦੇ ਬਾਦ ਵੀ ਰਹਿ ਸਕੇ ।
ਕਪੂਰ ਸਿੰਘ
ਕਰਨਾਲ
੨੩ ਅਕਤੂਬਰ, ੪੨
ਅਧਵਾਟੇ
ਕੀ ਹੋਇਆ ਜੇ ਪਿਆਰ ਮੇਰਾ ਅਧਵਾਟੇ ।
ਤੁਰ ਤੁਰ ਗਿਟੀਆਂ ਲੰਙੀਆਂ ਹੋਈਆਂ,
ਪੈਰ ਯੁਗਾਂ ਦੇ ਪਾਟੇ ;
ਘੁਮ ਘੁਮਾ ਕੇ ਅੰਬਰ ਥੱਕੇ,
ਰਾਤ ਦਿਹੋਂ ਨੇ ਅੱਕੇ ;
ਤੁਰ ਤੁਰ, ਖਲ੍ਹ ਖਲ੍ਹ, ਲੱਖਾਂ ਤਾਰੇ,
ਟੁਟ ਗਏ ਅੰਤ ਵਿਚਾਰੇ ;
ਅੰਬ ਗਏ ਪਰਬਤ ਦੇ ਪਾਸੇ,
ਜੰਗਲ ਖੜੇ ਉਦਾਸੇ,
ਗੂੜ੍ਹ ਸਮਾਧੀ ਦੇ ਵਿਚ ਬਹਿ ਬਹਿ,
ਇਕ-ਟੰਗ ਖੜਿਆਂ ਰਹਿ ਰਹਿ ;
ਸਾਗਰ ਨੇ ਕਈ ਟਾਪੂ ਤ੍ਰੂਏ,
ਧਰਤੀ ਨੇ ਕਈ ਝੀਲਾਂ ;
ਕੀੜੀਉਂ ਬ੍ਰਹਿਮੰਡ ਤੀਕਰ ਗ੍ਰਸਿਆ,
ਜੰਮਣ ਮਰਣ ਦੀਆਂ ਪੀੜਾਂ ;
ਸੌਂ ਸੌਂ ਆਦਮ ਦਾ ਪੁਤ ਹਾਰਿਆ,
ਸੂ ਸੂ ਧੀ ਆਦਮ ਦੀ,
ਸੋਚ ਸੋਚ ਕੇ ਦੋਵੇਂ ਹਾਰੇ,
ਬਿਨ ਸੋਚੋਂ ਵੀ ਮਾਰੇ;
ਵਗ ਵਗ ਮਾਂਦੀ ਪਈ ਅਹਿੰਸਾ,
ਵੀਟ ਵੀਟ ਕੇ ਹਿੰਸਾ ;
ਬੇਸਮਝੀ ਦਾ ਉਵੇਂ ਹਨੇਰਾ,
ਨਜ਼ਰ ਨਾ ਆਏ ਸਵੇਰਾ ;
ਸੋਚ ਖੜੀ ਅਧਵਾਟੇ,
ਦਿਲ ਖੜਾ ਅਧਵਾਟੇ,
ਧਰਮ ਖੜਾ ਅਧਵਾਟੇ,
ਅਧਰਮ ਖੜਾ ਅਧਵਾਟੇ,
ਕੀ ਹੋਇਆ ਜੇ ਪਿਆਰ ਮੇਰਾ ਅਧਵਾਟੇ ।
ਉਂਗਲੀ ਕੋਈ ਰੰਗੀਨ
ਗਿੜੇ ਸਮੇਂ ਦੇ ਕਿਤਨੇ ਚੱਕਰ,
ਬੀਤੇ ਜੁਗ ਹਜ਼ਾਰ,
ਲੱਖਾਂ ਘੋਲ ਤਤਾਂ ਦੇ ਹੋਏ,
ਜੁੜੇ ਟੁਟੇ ਕਈ ਵਾਰ,
ਏਦਾਂ ਹੋਂਦ ਮੇਰੀ ਦਾ ਹੋਇਆ,
ਖ਼ਾਕਾ ਜਿਹਾ ਤਿਆਰ ।
ਵਧਦਾ ਗਿਆ ਅਕਾਰ ਦਿਨੋ ਦਿਨ
ਹੁੰਦਾ ਗਿਆ ਜਵਾਨ,
ਇਲਮ, ਹਵਸ, ਸ਼ੁਹਰਤ ਤੇ ਪਲ ਪਲ,
ਫੈਲਿਆ ਧਰਤ ਸਮਾਨ,
ਬਣ ਗਿਆ ਓੜਕ ਵਧਦਾ ਵਧਦਾ,
ਅਪਣਾ ਆਪ ਜਹਾਨ ।
ਪਰ ਇਹ ਵਾਧਾ ਨਿਰਾ ਅਕਾਰੀ,
ਰੁੱਖਾ ਜਿਵੇਂ ਪਹਾੜ;
ਛਿਆਂ ਦਿਸ਼ਾਂ ਵਲ ਵੱਧੀ ਜਾਣਾ,
ਸੁੰਝ ਮੁਸੁੰਝ ਉਜਾੜ;
ਦੈਂਤ ਮਿੱਟੀ ਦਾ, ਅੰਬਰ ਚੋਟੀ,
ਨਿਸਫ਼ਲ ਧਰਤ-ਲਿਤਾੜ ।
ਕੀ ਹੋਇਆ ਜੇ ਫੈਲ ਫੈਲ ਕੇ,
ਮੱਲੀ ਕੁਲ ਜ਼ਮੀਨ;
ਸੁੰਞ-ਮੁਸੁੰਞਾ ਖ਼ਾਕਾ ਮੇਰਾ
ਪਿਆ ਏ ਰਸ-ਰੰਗ-ਹੀਨ;
ਕੀ ਨਹੀਂ ਮੇਰੇ ਭਾਗਾਂ ਅੰਦਰ
ਉਂਗਲੀ ਕੋਈ ਰੰਗੀਨ ?
ਮੇਰੀ ਬੱਚੀ! ਮੇਰਾ ਦੇਸ਼!
ਫਿਕਰਾਂ ਵਿਚ ਮੈਂ ਲੀਨ ।
ਕੋਲ ਪਈ ਹੈ ਬੱਚੀ ਮੇਰੀ,
ਜਿਸ ਦੀ ਰਤ ਬੀਮਾਰੀ ਚੂਸੀ,
ਤਪ ਲੂਹਰੀ ਵਿਚ ਕਲੀ ਝਲੂਸੀ,
ਭਖ ਭਖ ਕੇ ਜਿੰਦ ਜਿਸ ਦੀ ਹੋਈ
ਚਾਨਣ ਦੀ ਇਕ ਤਾਰ ਮਹੀਨ ।
ਗਲ ਬੱਚੀ ਦੇ ਪਾਈ ਬਾਂਹ,
ਉੱਤੇ ਉਲਰੀ ਉਸ ਦੀ ਮਾਂ,
ਚੂਚਿਆਂ ਉੱਤੇ ਖੰਭ ਖਿਲਾਰੀ ਕੁਕੜੀ ਹਾਰ
ਫੜ ਫੜ ਕਰਦੇ ਜਿਸ ਦੇ ਸੀਨੇ,
ਕਿਸੇ ਅਦਿਸਦੇ ਘਾਤਕ ਤੋਂ ਡਰ,
ਕਰਦੇ ਜਾਪਣ ਮੂਕ ਪੁਕਾਰ ।
ਪੜ੍ਹ ਬੱਚੀ ਦੀ ਮਾਂ ਦੇ ਨੈਣ,
ਜਿਨ੍ਹਾਂ ਵਿਚ ਦੁਖ ਦੇ ਝਲਕਾਰੇ,
ਪਿਉ ਦੇ ਨੈਣਾਂ ਤੋਂ ਲਖ ਵਾਰੇ
ਪਹਿਲਾਂ ਆ ਕੇ ਪੈਣ,
ਕੂਕ ਕਿਹਾ ਮੈਂ-ਮੇਰੀ ਬੱਚੀ !
ਹੇਠਾਂ ਵਿਚ ਬਜ਼ਾਰ,
ਕੌਮੀ ਕੋਈ ਜਵਾਨ,
ਮੂੰਹ ਦੇ ਵਿਚੋਂ ਝੱਗ ਵਗਾਈ,
ਲੱਖ ਜਣਿਆਂ ਦੇ ਪਿੱਛੇ ਲਾਈ,
ਪਾਈ ਸ਼ਹੀਦੀ ਵੇਸ਼,
ਪਿਆ ਪੁਕਾਰੇ-ਮੇਰਾ ਦੇਸ਼ !
ਮੇਰੀ ਬੱਚੀ !
ਮੇਰਾ ਦੇਸ਼ !
ਸੁਫ਼ਨੇ ਵਿਚ ਕੋਈ ਆਵੇ
ਸੁਫ਼ਨੇ ਵਿਚ ਕੋਈ ਆਵੇ,
ਗ਼ਮ ਦਾ ਪਿਆਲਾ ਮੂੰਹ ਮੂੰਹ ਭਰਿਆ,
ਬੁਲ੍ਹੀਆਂ ਨਾਲ ਛੁਹਾਵੇ ।
ਨ੍ਹੇਰੇ ਦੀ ਚਾਦਰ ਵਿਚ ਲੁਕਿਆ,
ਬੁੱਤ ਓਸ ਦਾ ਸਾਰਾ;
ਪਰ ਪਿਆਲੇ ਗਲ ਲਗੀਆਂ ਉਂਗਲਾਂ,
ਦੇਵਣ ਪਈਆਂ ਨਜ਼ਾਰਾ ।
ਸੇਕ ਉਗਲਦੀਆਂ ਅੱਖਾਂ ਮੇਰੀਆਂ,
ਪਿਆਲੇ ਵਲ ਤਕਾਵਣ;
ਭਖੀਆਂ ਦਰਦ-ਰੰਜਾਣੀਆਂ ਬੁਲ੍ਹੀਆਂ,
ਪਿਆਲਿਓਂ ਮੂੰਹ ਨਾ ਚਾਵਣ ।
ਪੀ ਪੀ ਕੇ ਬੁਲ੍ਹੀਆਂ ਹੰਭ ਗਈਆਂ,
ਪਰ ਨਾ ਮੁਕਿਆ ਪਿਆਲਾ;
ਫਿਰ ਵੀ ਲੂੰ ਲੂੰ ਦਏ ਅਸੀਸਾਂ,
ਜੀਏ ਪਿਆਵਣ ਵਾਲਾ ।
ਕੇਹਾ ਰਹਿਨਾ ਏਂ ਨਿਤ ਵਾਂਢੇ
ਕੇਹਾ ਰਹਿਨਾ ਏਂ ਨਿਤ ਵਾਂਢੇ !
ਤੈਂ ਬਾਝੋਂ ਕੁਲ ਦੇਸ ਬਿਗਾਨਾ,
ਸੋਨੇ ਜੇਹਾ ਜੋਬਨਾ ਢਲੀ ਢਲੀ ਜਾਨਾ,
ਨੈਣ ਪਏ ਦਰਮਾਂਦੇ ।
ਮੀਹਾਂ ਨਾਲ ਕਸੀਆਂ ਭਰੀ ਭਰੀ ਜਾਨੀਆਂ,
ਕੰਢੇ ਖਲੋਤੀ ਮੈਂ ਮਰੀ ਮਰੀ ਜਾਨੀਆਂ,
ਪਲੜੂ ਨਜ਼ਰ ਨਾ ਆਂਦੇ ।
ਢੱਕੀ ਪਿਛੇ ਢਲੀ ਢਲੀ ਜਾਂਦੀਆ ਲੋ ਵੇ,
ਅਜੇ ਨਾ ਪਈ ਕੋਈ ਤੈਂਢੀ ਕੰਨਸੋ ਵੇ,
ਤਿਲਕ੍ਹ ਤਿਲਕ੍ਹ ਦਿਹੁੰ ਜਾਂਦੇ ।
ਕੇਹਾ ਰਹਿਨਾ ਏਂ ਨਿਤ ਵਾਂਢੇ !
ਅੱਜ ਮਿਲੇਂ ਤਾਂ ਮੈਂ ਜੀਵਾਂ
ਅੱਜ ਮਿਲੇਂ ਤਾਂ ਮੈਂ ਜੀਵਾਂ,
ਹੁਣੀਏਂ ਮਿਲੇਂ ਤਾਂ ਮੈਂ ਜੀਵਾਂ ।
ਤੈਂ ਬਾਝੋਂ ਨਿਰਾ ਬੁੱਤਾਂ ਦਾ ਜੀਵਣਾ,
ਮਿੱਟੀ ਦਾ ਵਧਣਾ, ਮਿੱਟੀ ਦਾ ਥੀਵਣਾ,
ਜਿੰਦ ਆਖੇ ਮੈਂ ਨਾ ਜੀਵਾਂ ।
ਜੁਗਾਂ ਜੁਗਾਂ ਤੋਂ ਜੀ ਜੀ ਕੇ ਹਾਰੀ,
ਜੀ ਜੀ ਕੇ ਹਾਰੀ, ਥੀ ਥੀ ਕੇ ਹਾਰੀ,
ਹੋਰ ਨਾ ਤੈਂ ਬਿਨ ਜੀਵਾਂ ।
ਉਂਜ ਤਾਂ ਮੈਂ ਹੱਸਦੀ, ਖੇਡਦੀ, ਜੀਵੰਦੀ,
ਵਸਦੀ ਰਸਦੀ, ਖਾਵੰਦੀ ਪੀਵੰਦੀ,
ਵਿਚੋਂ ਮੈਂ ਮੂਲ ਨਾ ਜੀਵਾਂ ।
ਅਜ ਮਿਲੇਂ ਤਾਂ ਮੈਂ ਜੀਵਾਂ,
ਹੁਣੀਏਂ ਮਿਲੇਂ ਤਾਂ ਮੈਂ ਜੀਵਾਂ ।
ਨਿੱਕਾ ਰੱਬ
ਵਡੇ ਰੱਬ ਦੀਆਂ ਵੱਡੀਆਂ ਗੱਲਾਂ,
ਅਗਮ ਅਗੋਚਰ ਅਲਖ ਅਪਾਰ ।
ਚਕ੍ਰ ਚਹਿਨ ਅਰ ਬਰਨ ਜਾਤ ਨਾ,
ਰੂਪ ਰੰਗ ਅਰ ਰੇਖ ਨੁਹਾਰ ।
ਲੱਖ ਉਗਮਣ ਯਾ ਗ਼ੁਰਕਣ ਟਾਪੂ,
ਲੱਖ ਜੰਮਣ ਯਾ ਟੁੱਟਣ ਤਾਰੇ;
ਨੇਕੀ ਬਦੀ, ਸ਼ਤਾਨ ਫ਼ਰਿਸ਼ਤੇ,
ਕੋਈ ਜਿੱਤੇ ਕੋਈ ਹਾਰੇ;
ਵੱਗਣ ਹੜ੍ਹ ਹੰਝੂਆਂ ਦੇ ਭਾਰੇ,
ਹੋਵਣ ਲਹੂਆਂ ਦੇ ਘਲੂਘਾਰੇ;
ਵੱਡਾ ਰੱਬ ਕੋਈ ਦਖ਼ਲ ਨਾ ਦੇਵੇ,
ਬੈਠਾ ਰਹੇ ਕਿਨਾਰੇ ।
ਬਾਬੇ ਨਾਨਕ ਸਚ ਫਰਮਾਇਆ:
"ਏਤੀ ਮਾਰ ਪਈ ਕੁਰਲਾਣੇ
ਤੈਂ ਕੀ ਦਰਦੁ ਨਾ ਆਇਆ ?"
ਨਿੱਕੀ ਜਿਹੀ ਜਿੰਦ ਮੇਰੀ ਤਾਹੀਉਂ
ਨਿੱਕੇ ਰੱਬ ਨਾਲ ਪਾਇਆ ਪਿਆਰ ।
ਨਿੱਕੇ ਰੱਬ ਦੀਆਂ ਨਿੱਕੀਆਂ ਗੱਲਾਂ,
ਨਿੱਕੇ ਰੋਸੇ, ਨਿੱਕੇ ਹਾਸੇ,
ਨਿੱਕੇ ਉਹਲੇ, ਨਿੱਕੇ ਦਲਾਸੇ,
ਬਣਦੇ ਜੀਵਨ ਦਾ ਆਧਾਰ ।
ਲੱਗੇਗਾ ਇਹ ਕੁਫ਼ਰ ਜ਼ਰੂਰ,
ਐਪਰ ਕੁਫ਼ਰ ਮੇਰਾ ਮਜ਼ਬੂਰ ।
ਕਦਮ ਕਦਮ ਦੀਆਂ ਬੇਇਨਸਾਫ਼ੀਆਂ,
ਨਿੱਕੇ ਵਡੇ ਵਿਰੋਧ ਹਜ਼ਾਰਾਂ,
ਜਿੰਦ ਕਰਨ ਜਦ ਤਾਰਾਂ ਤਾਰਾਂ,
ਤੇ ਵੱਡਾ ਰੱਬ ਲਏ ਨਾ ਸਾਰਾਂ,
ਨਿੱਕਾ ਰੱਬ ਕੋਈ ਚੁਣਨਾ ਪੈਂਦਾ,
ਨਿੱਕਾ ਦੇਵ ਕੋਈ ਘੜ੍ਹਨਾ ਪੈਂਦਾ ।
ਕਹੇ ਤਕ ਬੈਠਾ ਮੈਂ ਨੈਣ
ਕਹੇ ਤਕ ਬੈਠਾ ਮੈਂ ਨੈਣ,
ਜੇ ਜਾਗਾਂ ਮੇਰੇ ਨਾਲ ਹੀ ਜਾਗਣ,
ਸਵਾਂ ਤੇ ਨਾਲ ਹੀ ਸੈਣ ।
ਜਦ ਦਾ ਹੋਇਆ ਸੰਗ ਨੈਣਾਂ ਦਾ,
ਲੂੰ ਲੂੰ ਚੜ੍ਹਿਆ ਰੰਗ ਨੈਣਾਂ ਦਾ,
ਇਨ੍ਹਾਂ ਨੈਣਾਂ ਦੇ ਰੰਗ ਕਦੇ ਨਾ ਲਹਿਣ ।
ਨੈਣ ਤਕਾਣੇ ਕਿਸਮਤ ਵਸ ਦੇ,
ਨੈਣ ਭੁਲਾਣੇ ਕਿਸੇ ਨਾ ਵਸ ਦੇ,
ਮੇਰੇ ਹਰ ਦਮ ਸਾਹਵੇਂ ਰਹਿਣ ।
ਇਸ ਦੁਨੀਆਂ ਵਲ ਵਾਗ ਜੇ ਮੋੜਾਂ,
ਉਸ ਦੁਨੀਆਂ ਵਲ ਧਿਆਨ ਜੇ ਜੋੜਾਂ,
ਇਹ ਨੈਣ ਵਿਚਾਲੇ ਪੈਣ ।
ਨਾ ਡਿਠਾ ਜ਼ਾਹਿਦਾਂ ਨਾਹੀਂ ਸਿਆਣਿਆਂ,
ਰਤਾ ਮਾਸਾ ਕੁਝ ਕਵੀਆਂ ਸਿਞਾਣਿਆਂ,
ਜੋ ਨੈਣ ਨੈਣਾਂ ਨੂੰ ਕਹਿਣ ।
ਨੈਣ ਆਲ੍ਹਣੇ ਨੈਣ ਪੰਖੇਰੂ,
ਨੈਣ ਨੈਣਾਂ ਵਿਚ ਰਹਿਣ,
ਕਹੇ ਤੱਕ ਬੈਠਾ ਮੈਂ ਨੈਣ !
ਕਦੇ ਢੋਕ ਸਾੜ੍ਹੀ ਦਰ ਅਛ ਢੋਲਾ
ਕਦੇ ਢੋਕ ਸਾੜ੍ਹੀ ਦਰ ਅਛ ਢੋਲਾ ।
ਓਦਰੇ ਕੱਸ ਜਿੱਥੇ ਗੱਲਾਂ ਨੀ ਕੀਤੀਆਂ,
ਓਦਰੀ ਰੱਖ ਜਿੱਥੇ ਪਾਈਆਂ ਨੀ ਪ੍ਰੀਤੀਆਂ,
ਨਾਲੇ ਓਦਰ ਗਈ ਮੈਂ ਵਖ ਢੋਲਾ । ਕਦੇ ਢੋਕ ਸਾੜ੍ਹੀ....
ਸਾਵੀ ਧਰੇਕਾਂ ਨਾਲ ਪੈਣ ਧਰਕੇਨੂ ਵੇ,
ਪੈਣ ਧਰਕੇਨੂ ਆਪੇ, ਢਹਿਣ ਧਰਕੇਨੂ ਵੇ,
ਢਹਿ ਢਹਿ ਜਾਣ, ਕੇ ਅਸਾਂ ਨੇ ਵਸ ਢੋਲਾ । ਕਦੇ ਢੋਕ ਸਾੜ੍ਹੀ....
ਉੱਚੀ ਖ਼ਨਗਾਹੀਂ ਦੀਵਾ ਬਾਲ ਬਾਲ ਰੱਖਾਂ ਵੇ,
ਨਿਤ ਨਿਤ ਚਸ਼ਮਾਂ ਤੈਂਢਿਆਂ ਰਾਹਾਂ ਤੇ ਰੱਖਾਂ ਵੇ,
ਮੈਂਢੀ ਪਲਕ ਨਾ ਸੈਨੀ ਆਂ ਅੱਖ ਢੋਲਾ । ਕਦੇ ਢੋਕ ਸਾੜ੍ਹੀ....
ਨਿਕਾ ਨਿਕਾ ਦਿਲ ਕਰਨਾ
ਨਿਕਾ ਨਿਕਾ ਦਿਲ ਕਰਨਾ,
ਮਿੰਘੀ ਘਿਨ ਜੁਲੋ ਢੋਲੇ ਕੋਲ ।
ਨਿਕੇ ਨਿਕੇ ਫੁਲ ਚੁਣ ਕੇ,
ਮੈਂਢੀ ਭਰੋ ਸਹੇਲੀਓ ਝੋਲ ।
ਨਿਕਾ ਨਿਕਾ ਮੀਂਹ ਵਸਨਾ,
ਨੀ ਮੈਂ ਬਹਿ ਗਈ ਢੋਲੇ ਕੋਲ ।
ਨਿਕੀ ਨਿਕੀ ਆਏ ਵਾਸ਼ਨਾ,
ਮੈਂਢੀ ਭਰੀ ਫੁਲਾਂ ਨਾਲ ਝੋਲ ।
ਨਿਕਾ ਨਿਕਾ ਜਗ ਲਗਨਾ,
ਮਿੰਘੀ ਵੱਡਾ ਵੱਡਾ ਲਗਨਾ ਢੋਲ ।
ਨਿਕੀ ਨਿਕੀ ਉਮਰ ਦਿਸਨੀ,
ਨੀ ਮੈਂ ਕੇ ਕੇ ਦਸਸਾਂ ਫੋਲ ।
ਨਿਕੇ ਨਿਕੇ ਹਸ ਹਾਸੇ,
ਮੈਂਢੇ ਢੋਲੇ ਕੀਤੇ ਕੌਲ ।
ਨਿਕੇ ਨਿਕੇ ਡੋਲ੍ਹ ਅਥਰੂ,
ਮੈਂ ਵੀ ਬੋਲੇ ਇਕ ਦੋ ਬੋਲ ।
ਨਿਕੀ ਨਿਕੀ ਅਖ ਖੁਲ੍ਹ ਗਈ,
ਮੈਂਢਾ ਢੋਲ ਨਾ ਮੈਂਢੇ ਕੋਲ ।
ਨਿਕਾ ਨਿਕਾ ਦਿਲ ਦੁਖਨਾ,
ਮੈਂਢੀ ਸਖਣੀ ਫੁਲਾਂ ਤੋਂ ਝੋਲ ।
ਮੈਂ ਖ਼ਿਆਲ ਤੇਰੇ ਨਾਲ ਹਿਲੀਆਂ
ਮੈਂ ਖ਼ਿਆਲ ਤੇਰੇ ਨਾਲ ਹਿਲੀਆਂ ।
ਨਾ ਹੁਣ ਤਾਂਘਾਂ, ਨਾ ਹੁਣ ਸਧਰਾਂ,
ਨਾ ਹੁਣ ਉਹ ਦੋ-ਦਿਲੀਆਂ,
ਮੈਂ ਖ਼ਿਆਲ ਤੇਰੇ ਨਾਲ ਹਿਲੀਆਂ ।
ਨਾ ਹੁਣ ਹੋ ਹੋ ਬਹਿਣਾ ਰਾਹੀਂ,
ਨਾ ਹੁਣ ਦੀਵੇ ਨਾ ਖ਼ਨਗਾਹੀਂ,
ਨਾ ਡਸਕੋਰੇ ਤੇ ਨਾ ਹੁਣ ਆਹੀਂ,
ਨਾ ਹੁਣ ਅੱਖੀਂ ਗਿਲੀਆਂ,
ਮੈਂ ਖ਼ਿਆਲ ਤੇਰੇ ਨਾਲ ਹਿਲੀਆਂ ।
ਬੁਤ ਤੇਰਾ ਸੁਹਣਿਆ ਮਦ ਦੀ ਪਿਆਲੀ,
ਨਸ਼ਾ ਇਹਦਾ ਜੀਵੇਂ ਹਾਲੀ ਦੀ ਹਾਲੀ,
ਖ਼ਿਆਲ ਤੇਰੇ ਦੀ ਪਰ ਬਾਤ ਨਿਰਾਲੀ,
ਪੈਣ ਨਾ ਤਾਰਾਂ ਢਿਲੀਆਂ,
ਮੈਂ ਖ਼ਿਆਲ ਤੇਰੇ ਨਾਲ ਹਿਲੀਆਂ ।
ਇਸ਼ਕਾਂ ਦਾ ਸ਼ੌਹ ਡਾਢਾ ਵਗਦਾ ਸਤਾਣਾ,
ਕੱਚੇ ਘੜੇ ਨੇ ਇਥੇ ਪਾਰ ਕੀ ਲਗਾਣਾ,
ਤਾਹੀਓਂ ਤਾਂ ਫੜਕੇ ਖ਼ਿਆਲ ਦਾ ਮੁਹਾਣਾ,
ਸ਼ੌਹ ਦਰਿਆ ਵਿਚ ਠਿਲ੍ਹੀਆਂ,
ਮੈਂ ਖ਼ਿਆਲ ਤੇਰੇ ਨਾਲ ਹਿਲੀਆਂ ।
ਬੁੱਤ ਤੇਰਾ ਭਾਵੇਂ ਮਨ-ਮੋਹਣਾ,
ਖ਼ਿਆਲ ਤੇਰਾ ਉਸ ਤੋਂ ਵੀ ਸੋਹਣਾ,
ਇਹ ਵੀ ਖਿਡੌਣਾ, ਉਹ ਵੀ ਖਿਡੌਣਾ,
ਇਹ ਰਮਜ਼ਾਂ ਹੁਣ ਮਿਲੀਆਂ,
ਮੈਂ ਖ਼ਿਆਲ ਤੇਰੇ ਨਾਲ ਹਿਲੀਆਂ ।
ਤੇਰੀ ਮੇਰੀ ਪ੍ਰੀਤੀ ਚਿਰੋਕੀ
ਤੇਰੀ ਮੇਰੀ ਪ੍ਰੀਤੀ ਚਿਰੋਕੀ
ਨੀ ਸਜਨੀ,
ਤੇਰੀ ਮੇਰੀ ਪ੍ਰੀਤੀ ਚਿਰੋਕੀ ।
ਅੱਜ ਦੀ ਨਾ ਜਾਣੀ, ਹੁਣ ਦੀ ਨਾ ਜਾਣੀ,
ਲੱਖ ਸੈ ਵਰ੍ਹਿਆਂ ਤੋਂ ਵਧ ਇਹ ਪੁਰਾਣੀ,
ਅਜੇ ਨਾ ਉਪਜੇ ਨਭ, ਖੰਡ, ਖਾਣੀ,
ਚੰਨ, ਸੂਰ, ਤਾਰੇ, ਅਗ, ਪੌਣ, ਪਾਣੀ
ਇਸ ਦੀ ਕਹਾਣੀ ਤਾਂ ਜਗ ਦੀ ਕਹਾਣੀ ।
ਤੇਰੀ ਮੇਰੀ ਪ੍ਰੀਤੀ ਅਜੋਕੀ
ਨੀ ਸਜਨੀ,
ਤੇਰੀ ਮੇਰੀ ਪ੍ਰੀਤੀ ਚਿਰੋਕੀ ।
ਭਰ ਨਾ ਤੂੰ ਹੰਝੂ ਤੇ ਮਰ ਨਾ ਤੂੰ ਹਾਵੇ,
ਹੋਇਆ ਕੀ ਸਜਨੀ ਜੇ ਉਮਰਾ ਵਿਹਾਵੇ,
ਜਿਉਂ ਜਿਉਂ ਖੁਲ੍ਹਦੇ ਸਮੇਂ ਦੇ ਕਲਾਵੇ,
ਤਿਉਂ ਤਿਉਂ ਵਿਛੋੜਾ ਪ੍ਰੀਤ ਨੂੰ ਪਕਾਵੇ।
ਲੱਖ ਸਾਲ, ਲੱਖ ਜੁਗ ਤੇ ਲੱਖ ਜਗ ਸੁਹਾਵੇ,
ਪ੍ਰੀਤ ਉਮਰ ਦੀ ਇਕ ਛਿਨੋਕੀ,
ਨੀ ਸਜਨੀ,
ਤੇਰੀ ਮੇਰੀ ਪ੍ਰੀਤੀ ਚਿਰੋਕੀ ।
ਹੋਇਆ ਕੀ, ਅਨਕੂਲ ਨਾ ਭਾਈਚਾਰੇ,
ਹੋਇਆ ਕੀ, ਮਿਲ ਨਾ ਸਕੇ ਇਸ ਸਿਤਾਰੇ,
ਕਦੀ ਨਾ ਕਦੀ ਤਾਂ ਸਮੇਂ ਦੇ ਹੁਲਾਰੇ,
ਮਿਲਾਵਣਗੇ ਸਾਨੂੰ ਕਿਸੇ ਜਗ ਨਿਆਰੇ,
ਤੇ ਗਾਵਣਗੇ ਰਲ ਮਿਲ ਕੇ ਬ੍ਰਹਿਮੰਡ ਸਾਰੇ,
ਤੇਰੀ ਮੇਰੀ ਪ੍ਰੀਤ ਸਦੋਕੀ
ਨੀ ਸਜਨੀ,
ਤੇਰੀ ਮੇਰੀ ਪ੍ਰੀਤੀ ਚਿਰੋਕੀ ।
ਲਹਿਰਾਂ
ਰੰਗ ਰੰਗਾਂ ਦੀਆਂ ਲਹਿਰਾਂ ਸੁਤੀਆਂ,
ਡੂੰਘੇ ਸਾਗਰ ਦੇ ਵਿਚਕਾਰ;
ਕਈ ਨੀਲੀਆਂ, ਕਈ ਊਦੀਆਂ,
ਫਿੱਕੇ ਗੂਹੜੇ ਰੰਗ ਹਜ਼ਾਰ;
ਕਈ ਕਾਲੀਆਂ ਪਾਪਾਂ ਵਾਂਗਰ,
ਕਈ ਉਜਲੀਆਂ ਨੇਕੀ ਹਾਰ;
ਕੰਢਿਆਂ ਨਾਲ ਚਮੁਟੀਆਂ ਲੱਖਾਂ,
ਡਰੂਆਂ ਵਾਂਗ ਕਲਾਵੇ ਮਾਰ;
ਪਈਆਂ ਕਈ ਸਤਹ ਦੇ ਉੱਤੇ,
ਜੋਬਨ ਮਤੀਆਂ ਹਿਕ ਉਭਾਰ;
ਨਾਲ ਮੋਤੀਆਂ ਝੋਲਾਂ ਭਰ, ਕਈ
ਸੁਤੀਆਂ ਡੂੰਘਾਣਾਂ ਵਿਚਕਾਰ;
ਹਿਲਣ ਡੁਲਣ ਕਈ ਸਹਿਜੇ ਸਹਿਜੇ,
ਜਿਉਂ ਹਿਲਦਾ ਅਲਸਾਇਆ ਪਿਆਰ;
ਸਭ ਸੁਹਾਵਣ, ਦਿਲ ਲਲਚਾਵਣ,
ਰੰਗ ਰੰਗਾਂ ਦੇ ਜਾਲ ਖਿਲਾਰ;
ਪਰ ਜੋ ਉਠ ਕੇ ਨਾਲ ਚਟਾਨਾਂ,
ਪਾਸ਼ ਪਾਸ਼ ਹੋਏ ਟੱਕਰ ਮਾਰ,
ਫੇਰ ਜੁੜੇ, ਜੁੜੀ ਦੂਣੀ ਬਿਫਰੇ,
ਡਿਗ ਡਿਗ, ਉਠ ਉਠ, ਆਖ਼ਰਕਾਰ,
ਮਾਣ-ਮਤਾ ਪਰਬਤ ਦਾ ਮੱਥਾ,
ਭੰਨ ਡੇਗੇ ਪੈਰਾਂ ਵਿਚਕਾਰ;
ਐਸੀ ਹੋਂਦ-ਨਸ਼ੇ ਵਿਚ ਡੁੱਬੀ,
ਲਹਿਰ ਉਤੋਂ ਜਿੰਦੜੀ ਬਲਿਹਾਰ ।
ਮੰਗਤੀ
ਤਰਸ-ਭਰੇ ਲਹਿਜੇ ਵਿਚ ਜੀਵੇਂ ਬੋਲ ਨਾ,
ਤਕ ਤਕ ਮੇਰੀ ਬੇਹਾਲੀ ਹੰਝੂ ਡੋਲ੍ਹ ਨਾ,
ਮੇਰੇ ਤ੍ਰੀਮਤ-ਪਨ ਨੂੰ ਘੱਟੇ ਰੋਲ ਨਾ ।
ਕੀ ਹੋਇਆ ਜੇ ਝੱਖੜ ਭੁਖ ਦਾ ਝੁੱਲਿਆ,
ਕੀ ਹੋਇਆ ਜੇ ਬੁਤ ਮੇਰਾ ਅਜ ਰੁੱਲਿਆ,
ਕੀ ਹੋਇਆ ਜੇ ਹੁਸਨ ਮੇਰਾ ਹੈ ਉੱਲਿਆ ।
ਕੀ ਹੋਇਆ ਜੇ ਰਾਤ ਦਿਨੇ ਮੈਂ ਮੰਗਦੀ,
ਕੀ ਹੋਇਆ ਜੇ ਥਾਂ ਪਰ ਥਾਂ ਤੋਂ ਲੰਘਦੀ,
ਕੀ ਹੋਇਆ ਜੇ ਅੱਖ ਮੇਰੀ ਨਾ ਸੰਙਦੀ ।
ਰੋਣਾ ਧੋਣਾ, ਝੁਕ ਝਕ ਹੋਣਾ ਦੂਹਰੀਆਂ,
ਹਸ ਹਸ ਕੂਣਾ, ਹਵਸਾਂ ਕਰਨੀਆਂ ਪੂਰੀਆਂ,
ਤਨ ਦੇਣਾ, ਟੁਕ ਲੈਣਾ, ਇਹ ਮਜ਼ਬੂਰੀਆਂ ।
ਤਕ ਨਾ ਮੈਂ ਤਕ ਕਿੱਦਾਂ ਆਇਆ ਅੱਨ ਮੇਰਾ,
ਤਕ ਨਾ ਉਤੋਂ ਉਤੋਂ ਜੀਵੇਂ ਤਨ ਮੇਰਾ,
ਤਕ ਸੱਕੇਂ ਤਾਂ ਤੱਕੀਂ ਤ੍ਰੀਮਤ-ਪਨ ਮੇਰਾ ।
ਮੈਂ ਤ੍ਰੀਮਤ ਕੋਈ ਸਾਗਰ ਅਲਖ ਅਪਾਰ ਵੇ,
ਇਹ ਗੱਲਾਂ ਸਭ ਉਤਲੀ ਝਗ ਦੇ ਹਾਰ ਵੇ,
ਤ੍ਰੀਮਤ-ਪਨ ਤਾਂ ਸੁੱਤਾ ਡੂੰਘ ਡੂੰਘਾਰ ਵੇ ।
ਸੁੱਚੇ ਮੋਤੀ ਵਾਂਗਰ ਸਿਪ-ਵਲ੍ਹੇਟਿਆ,
ਕੁੱਖ ਮੇਰੀ ਦੀਆਂ ਘੋਰ ਗੁਫਾਂ ਵਿਚ ਲੇਟਿਆ,
ਆਬ ਜਿਦੀ ਨੂੰ ਅਜੇ ਨਾ ਲਹਿਰਾਂ ਮੇਟਿਆ ।
ਸਚ ਝੂਠ ਤੋਂ ਪਰੇ, ਪਰੇ ਪੁੰਨ ਪਾਪ ਤੋਂ,
ਜਿਤ ਹਾਰ ਤੋਂ ਪਰੇ, ਪਰੇ ਵਰ ਸਰਾਪ ਤੋਂ,
ਧਰਮ ਕਰਮ ਤੋਂ ਪਰੇ, ਪਰੇ ਜਪ ਜਾਪ ਤੋਂ ।
ਐਵੇਂ ਮੇਰੇ ਦੁਖ ਤੇ ਹੋਰ ਨਾ ਝੁੱਖ ਵੇ,
ਅਜੇ ਵੀ ਇਤਨੀ ਜਿੰਦਾ ਮੇਰੀ ਕੁੱਖ ਵੇ,
ਅੰਮ੍ਰਿਤ ਵਿਚ ਪਲਟਾ ਸਕਦੀ ਜੋ ਬਿੱਖ ਵੇ ।
ਅਜੇ ਵੀ ਇਹ ਇਕ ਐਸਾ ਬੱਚਾ ਜਣ ਸਕੇ,
ਸਭਨਾਂ ਦਾ ਜੋ ਸਾਂਝਾ ਬਾਪੂ ਬਣ ਸਕੇ,
ਮੁੜ ਕੇ ਜਗ ਦੀ ਕਿਸਮਤ ਨੂੰ ਘੜ-ਭੰਨ ਸਕੇ ।
ਪਸ਼ੂ
ਨਾਲ 'ਸਮਾਨਾਂ ਗੱਲਾਂ ਕਰਦਾ
ਬਾਂਦਰ ਬੈਠਾ ਰੁਖ ਦੀ ਚੋਟੀ,
ਦੋਹਾਂ ਮੁੱਠੀਆਂ ਦੇ ਵਿਚ ਘੁੱਟੀ,
ਤਿੰਨ-ਚੁਥਾਈ ਜਗ ਦੀ ਰੋਟੀ ।
ਚਾਰ ਚੁਫੇਰੇ ਟਹਿਣਾਂ ਦੇ ਵਿਚ,
ਘੱਤ ਆਲ੍ਹਣੇ ਨਿੱਕੇ ਨਿੱਕੇ,
ਬਾਂਦਰ ਦੇ ਅੱਤ ਗੋਹਲੇ ਕੀਤੇ,
ਰਹਿਣ ਪੰਖਨੂੰ ਕਈ ਲਡਿੱਕੇ ।
ਹੋਰ ਹੇਠਲੇ ਟਾਹਣਾਂ ਦੇ ਵਿਚ,
ਪਾਲ ਪਾਲ ਹਨ ਉਸਨੇ ਰੱਖੇ,
ਕਈ ਖ਼ੂਨੀ ਲਹੂ ਪੀਣੇ ਚਿਤਰੇ,
ਨੈਣ ਜਿਨ੍ਹਾਂ ਦੇ ਅੱਗ ਜਿਉਂ ਭੱਖੇ ।
ਧੁਰ ਹੇਠਾਂ ਰੁਖ ਦੇ ਪੈਰਾਂ ਵਿਚ
ਪਰ ਕੁਝ ਸ਼ੇਰ ਚੁਫਾਲ ਪਏ ਨੇ,
ਪਹੁੰਚਿਆਂ ਉਤੇ ਸੁੰਨੀਆਂ ਸੁੱਟੀ,
ਭੁਖ ਦੇ ਨਾਲ ਨਢਾਲ ਪਏ ਨੇ ।
ਕੋਲ ਉਨ੍ਹਾਂ ਦੇ ਵੱਡੇ ਹਾਥੀ
ਵਾਂਗ ਪਰਬਤਾਂ ਢੇਰੀ ਹੋਏ,
ਨਾਲ ਭੋਖੜੇ ਅੱਖਾਂ ਲਥੀਆਂ,
ਵਖੀਆਂ ਦੇ ਵਿਚ ਪੈ ਗਏ ਟੋਏ ।
ਪਰ ਕੁਝ ਊਠ ਤੇ ਮੂਰਖ ਖੋਤੇ,
ਹਸ ਬਾਂਦਰ ਦੀਆਂ ਕਰਨ ਵਗਾਰਾਂ,
ਢੋ ਢੋ ਲਿਆਵਣ ਸੁਹਜ ਜਗਤ ਦਾ,
ਚਾੜ੍ਹਨ ਬਾਂਦਰ ਦੇ ਦਰਬਾਰਾਂ ।
ਇਸ ਸਾਰੀ ਮੇਹਨਤ ਦੇ ਬਦਲੇ
ਦਏ ਉਨ੍ਹਾਂ ਨੂੰ ਬਾਂਦਰ ਸਿਆਣਾ,
ਮੀਲਾਂ ਤੀਕ ਤਬੇਲੇ ਲੰਮੇ
ਖੁਲ੍ਹ ਖੁਰਲੀਆਂ ਚੋਖਾ ਦਾਣਾ ।
ਬਹੁਤ ਰੀਝੇ ਤਾਂ ਝੁਲ ਸਨਹਿਰੀ,
ਉਹਨਾਂ ਦੀ ਪਿੱਠ ਉਤੇ ਪਾਏ,
ਯਾ ਕੌਡਾਂ ਘੋਗਿਆਂ ਦੀ ਗਾਨੀ
ਨਾਲ ਉਨ੍ਹਾਂ ਦੇ ਗੱਲ ਸਜਾਏ ।
ਹੀਂਗਣ ਖੋਤੇ, ਊਠ ਕੁਲੱਤਣ,
ਬਾਂਦਰ ਦੇ ਅੱਤ ਭੂਏ ਕੀਤੇ,
ਬਿਟ ਬਿਟ ਤੱਕਣ ਬੋਲ ਨਾ ਸੱਕਣ
ਬੈਠੇ ਸ਼ੇਰ ਭਰੇ ਤੇ ਪੀਤੇ ।
ਬਾਂਦਰ ਸਮਝੇ ਸਦਾ ਬਿਰਛ ਨੇ
ਨਾਲ 'ਸਮਾਨਾਂ ਖਹਿੰਦੇ ਰਹਿਣਾ,
ਨਾ ਸ਼ੇਰਾਂ ਨੇ ਉੱਤੇ ਚੜ੍ਹਨਾ
ਨਾ ਓਸ ਨੇ ਥੱਲੇ ਲਹਿਣਾ ।
ਨਾ ਜਾਣੇ ਕੋਈ ਬਾਜ਼ ਅਕਾਸ਼ੋਂ
ਉਸ ਦੀ ਗਿੱਚੀ ਨੂੰ ਫੜ ਸਕਦਾ,
ਯਾ ਕੋਈ ਚਿੱਟਾ ਰਿੱਛ ਬਰਫ਼ਾਨੀ
ਬਿਰਛ ਦੇ ਉਤੇ ਵੀ ਚੜ੍ਹ ਸਕਦਾ ।
ਕੋਈ ਆਇਆ ਸਾਡੇ ਵੇਹੜੇ
ਨੀ ਅਜ ਕੋਈ ਆਇਆ ਸਾਡੇ ਵੇਹੜੇ,
ਤਕਣ ਚੰਨ ਸੂਰਜ ਢੁਕ ਢੁਕ ਨੇੜੇ ।
ਲਸੇ ਨੀ ਉਹਦਾ ਮੱਥਾ ਤਾਰਿਆਂ ਵਾਂਗੂੰ,
ਆਇਆ ਨੀ ਖ਼ੌਰੇ ਅੰਬਰ ਘੁਮ ਘੁਮ ਕਿਹੜੇ ।
ਆਇਆ ਨੀ ਲੱਖ ਨਾਲ ਬਹਾਰਾਂ ਲੈ ਕੇ,
ਭਰੇ ਸੂ ਸਾਡੇ ਅੰਗ ਅੰਗ ਦੇ ਵਿਚ ਖੇੜੇ ।
ਚੁੰਮੋ ਨੀ ਏਹਦੇ ਹੱਥ ਚੰਬੇ ਦੀਆਂ ਕਲੀਆਂ,
ਧੋਵੋ ਨੀ ਏਹਦੇ ਪੈਰ ਮਖਣ ਦੇ ਪੇੜੇ ।
ਰਖੋ ਨੀ ਏਹਨੂੰ ਚੁਕ ਚੁਕ ਚਸ਼ਮਾਂ ਉੱਤੇ,
ਕਰੋ ਨੀ ਏਹਨੂੰ ਘੁਟ ਘੁਟ ਜਿੰਦ ਦੇ ਨੇੜੇ ।
ਬੰਨ੍ਹੋ ਨੀ ਕੋਈ ਪਹਾੜ ਸਮੇਂ ਦੇ ਪੈਰੀਂ,
ਡਕੋ ਨੀ ਕੋਈ ਰਾਤ ਦਿਵਸ ਦੇ ਗੇੜੇ ।
ਪੁਛੋ ਨਾ ਇਹ ਕੌਣ ਤੇ ਕਿਥੋਂ ਆਇਆ,
ਤਕੋ ਨੀ ਇਹਦਾ ਰੂਪ ਭੁਲਾ ਸਭ ਝੇੜੇ ।
ਨੀ ਅਜ ਕੋਈ ਆਇਆ ਸਾਡੇ ਵੇਹੜੇ,
ਤਕਣ ਚੰਨ ਸੂਰਜ ਢੁਕ ਢੁਕ ਨੇੜੇ ।
ਗਲ ਸੁਣੀ ਜਾ
ਗੱਲ ਸੁਣੀ ਜਾ ਵੇ
ਮ੍ਹਾੜੀ ਗੱਲ ਸੁਣੀ ਜਾ ਵੇ
ਮ੍ਹਾੜੀ ਗੱਲ ਸੁਣੀ ਜਾ ।
ਉਂਜ ਤੇ ਮੈਂ ਕਈ ਗੱਲਾਂ ਦਿਹੁ ਰਾਤੀਂ ਬਾਣੀਆਂ
ਹਿੱਕ ਗਲ ਪਈ ਜੀਵੇਂ ਚਿਰਾਂ ਤੋਂ ਛਪਾਣੀਆਂ
ਗੱਲ ਸੁਣੀ ਜਾ ਵੇ
ਉਹੀਓ ਗੱਲ ਸੁਣੀ ਜਾ ਵੇ
ਮ੍ਹਾੜੀ ਗੱਲ ਸੁਣੀ ਜਾ ।
ਗੱਲ ਮ੍ਹਾੜੀ ਬੁੱਝਣ ਨਾ ਢੋਕਾਂ ਨੇ ਪਿਆਰੇ ਵੋ
ਕਸੀਆਂ ਪਹਾੜ ਨਾਹੀਂ ਫ਼ਜਰੀ ਨੇ ਤਾਰੇ ਵੋ
ਗੱਲ ਸੁਣੀ ਜਾ ਵੇ
ਉਹੀਓ ਗੱਲ ਸੁਣੀ ਜਾ ਵੇ
ਮ੍ਹਾੜੀ ਗੱਲ ਸੁਣੀ ਜਾ ।
ਨਿਕਲ ਨਿਕਲ ਵੰਜੇ ਮੈਂਢੇ ਮੂੰਹ-ਜ਼ੋਰ ਵੋ
ਸਾਂਭੀ ਨਾ ਜਾਵੇ ਹੁਣ ਮ੍ਹਾੜੇ ਕੋਲੂੰ ਹੋਰ ਵੋ
ਗੱਲ ਸੁਣੀ ਜਾ ਵੇ
ਉਹੀਓ ਗੱਲ ਸੁਣੀ ਜਾ ਵੇ
ਮ੍ਹਾੜੀ ਗੱਲ ਸੁਣੀ ਜਾ ।
ਨਿਕੀ ਜਿਹੀ ਗੱਲ ਮ੍ਹਾੜੀ ਬਹੂੰ ਅਟਕਾਣੀ ਨਾ
ਹਿਕਾ ਵੇਰੀ ਕਰੀ ਛੋੜਸਾਂ ਬਹੂੰ ਸਮਝਾਣੀ ਨਾ
ਗੱਲ ਸੁਣੀ ਜਾ ਵੇ
ਉਹੀਓ ਗੱਲ ਸੁਣੀ ਜਾ ਵੇ
ਮ੍ਹਾੜੀ ਗੱਲ ਸੁਣੀ ਜਾ ।
ਅਗਿਉ ਅਗੇ ਚਲਣਾ
ਅਸਾਂ ਤੇ ਹੁਣ ਅਗਿਉ ਅਗੇ ਚਲਣਾ,
ਅਸਾਂ ਨਾ ਹੁਣ ਕਿਸੇ ਪੜਾ ਢਲਣਾ ।
ਰਿਹਾ ਨਾ ਜਦ ਲਾਂਭ-ਚਾਂਭ ਤਕਣਾ,
ਸਾਨੂੰ ਕੀ ਫਿਰ ਸੋਨ-ਮ੍ਰਿਗਾਂ ਛਲਣਾ ।
ਅਸਾਂ ਤੇ ਸੱਤੇ ਸਾਗਰ ਟਪ ਜਾਣੇ,
ਅਸਾਂ ਤੇ ਪੈਰੀਂ ਤਾਰਿਆਂ ਨੂੰ ਮਲਣਾ ।
ਅਸਾਂ ਤੇ ਅਜੇ ਹੋਰ ਉਤਾਂਹ ਚੜ੍ਹਨਾ,
ਅਸਾਂ ਤੇ ਸੀਨਾ ਗਗਨਾਂ ਦਾ ਸਲਣਾ ।
ਅਸਾਂ ਤੇ ਲਾ ਪਿਆਰ-ਖੰਭ ਉਡਣਾ,
ਸਾਨੂੰ ਕੀ ਇਸ ਧਰਤ ਅੰਬਰ ਵਲਣਾ ।
ਅਸਾਂ ਨਹੀਂ ਹੁਣ ਹੋਣੀਆਂ ਤੋਂ ਰੁਕਣਾ,
ਸਾਨੂੰ ਕੀ ਇਸ ਲੋਕ-ਲਾਜ ਠਲ੍ਹਣਾ ।
ਅਜੇ ਤਾਂ ਇਕੋ ਚਿਣਗ ਲਗੀ ਸਾਨੂੰ,
ਅਜੇ ਤਾਂ ਅਸਾਂ ਭਾਂਬੜ ਬਣ ਬਲਣਾ।
ਅਜੇ ਤਾਂ ਇਕੋ ਬੂੰਦ ਮਿਲੀ ਸਾਨੂੰ
ਅਜੇ ਤਾਂ ਅਸੀਂ ਪਿਆਲਿਆਂ ਤੇ ਪਲਣਾ ।
ਅਸਾਂ ਤੇ ਹੁਣ ਅਗਿਉ ਅਗੇ ਚਲਣਾ,
ਅਸਾਂ ਨਾ ਹੁਣ ਕਿਸੇ ਪੜਾ ਢਲਣਾ ।
ਹੱਥ
ਕਿਸਦਾ ਸੀ ਤਕਿਆ
ਕਦ, ਕਿਥੇ, ਤਕਿਆ
ਕਿਉਂ ਕਿੱਦਾਂ, ਤਕਿਆ
ਸੱਜਾ ਕਿ ਖੱਬਾ
ਕੁਝ ਓਦੂੰ ਅਗਾਂਹ ਸੀ
ਕੁਝ ਓਦੂੰ ਪਰਾਂਹ ਸੀ
-ਨਾ ਲੋੜ ਹੀ ਕੋਈ
ਨਾ ਖ਼ਿਆਲ ਹੀ ਮੈਨੂੰ ।
ਹਾਂ ਇਤਨਾ ਚੇਤੇ-
ਜਿਉਂ ਹੀ ਮੈਂ ਤਕਿਆ
ਉਹ ਸੀ ਕੁਝ ਕੰਬਿਆ, ਸੰਙਿਆ ਤੇ ਝਕਿਆ,
ਫਿਰ ਚਿਟਿਉਂ ਗੋਰਾ
ਤੇ ਗੋਰਿਉਂ ਭੋਰਾ
ਦਿਹੁੰ-ਰੰਗਾ ਹੋ ਕੇ
ਊਸ਼ਾ ਦੀ ਲਾਲੀ ਵਾਂਗਰ ਸੀ ਭਖਿਆ;
ਤੇ ਜਦ ਸੀ ਛੂਹਿਆ
ਗੁਹਲੇ ਕਲਬੂਤਰ
ਜਿਉਂ ਗੁਟਕੂੰ ਗੁਟਕੂੰ
ਕਰਦਾ ਉਹ ਕੂਇਆ;
ਕੁਝ ਹੋਰ ਜਾਂ ਘੁਟਿਆ
ਤਾਂ ਸ਼ਾਂਤ ਨਸ਼ੇ ਵਿਚ
ਕੁਝ ਗੁਮਿਆ ਗੁਮਿਆ
ਕੁਝ ਟੁਟਿਆ ਟੁਟਿਆ
ਅਤੇ ਨਿੱਸਲ ਹੋ ਕੇ
ਸਿਰ ਉਸ ਸੀ ਸੁਟਿਆ ।
ਬਸ ਇਸ ਤੋਂ ਵਧ ਕੇ
ਕੁਝ ਖ਼ਿਆਲ ਨਾ ਮੈਨੂੰ-
ਕੁਝ ਏਦੂੰ ਅਗਾਂਹ ਸੀ
ਕੁਝ ਏਦੂੰ ਪਰਾਂਹ ਸੀ
ਸੱਜਾ ਕਿ ਖੱਬਾ
ਕਿਉਂ ਕਿੱਦਾਂ, ਤਕਿਆ
ਕਦ, ਕਿੱਥੇ, ਤਕਿਆ
ਕਿਸਦਾ ਸੀ ਤਕਿਆ ।
ਸਾਡੇ ਵੇਹੜੇ ਅੰਮ੍ਰਿਤ ਵਰ੍ਹਿਆ ਨੀ
ਸਾਡੇ ਵੇਹੜੇ ਅੰਮ੍ਰਿਤ ਵਰ੍ਹਿਆ ਨੀ,
ਮੇਰਾ ਪਤ ਪਤ ਹੋਇਆ ਹਰਿਆ ਨੀ ।
ਨੀ ਮੈਂ ਸਿਰ ਤੋਂ ਪੈਰਾਂ ਤੀਕ ਭਿਜੀ,
ਨੀ ਮੈਂ ਧਰਤੋਂ ਅੰਬਰ ਤੀਕ ਡੁਬੀ,
ਐਸਾ ਹੜ੍ਹ ਅੰਮ੍ਰਿਤ ਦਾ ਚੜ੍ਹਿਆ ਨੀ ।
ਸਭ ਆਸ-ਅੰਦੇਸ਼ਾ ਦੂਰ ਹੋਇਆ,
ਮੇਰਾ ਸਖਣਾ-ਪਨ ਭਰਪੂਰ ਹੋਇਆ,
ਮੇਰੇ ਮੂੰਹ ਮੂੰਹ ਅੰਮ੍ਰਿਤ ਭਰਿਆ ਨੀ ।
ਚਿੱਕੜ ਵਿਚ ਸੁੱਤਾ ਕੰਵਲ ਮੇਰਾ,
ਕਰ ਧੌਣ ਉਚੇਰੀ ਵਿਗਸ ਪਿਆ,
ਛੱਡ ਨ੍ਹੇਰੇ ਚਾਨਣ ਤਰਿਆ ਨੀ ।
ਮੇਰੇ ਤਪਦੇ ਮਨ ਦੀ ਤਪਤ ਬੁਝੀ,
ਮੇਰੇ ਭਖਦੇ ਸਿਰ ਨੂੰ ਸ਼ਾਂਤ ਮਿਲੀ,
ਮੇਰਾ ਅੰਗ ਅੰਗ ਲੂੰ ਲੂੰ ਠਰਿਆ ਨੀ ।
ਸਾਡੇ ਵੇਹੜੇ ਅੰਮ੍ਰਿਤ ਵਰ੍ਹਿਆ ਨੀ,
ਮੇਰਾ ਪਤ ਪਤ ਹੋਇਆ ਹਰਿਆ ਨੀ ।
ਸਤਿਸੰਗ
ਸ਼ਹਿਰ ਪਿਸ਼ੌਰ,
ਤਿਕਾਲਾਂ ਵੇਲਾ,
ਦਿਨ ਹਾੜ ਦੇ,
ਬੀਬਾ ਸਿੰਘ ਦੇ ਗੁਰੂਦਵਾਰੇ
ਵਲ ਜਾਵੰਦੀ ਗਲੀ-
ਉੱਚੀ ਨੀਵੀਂ, ਭੀੜੀ ਪਤਲੀ
ਵਿੰਗ-ਵਲਾਵੇਂ ਵਲੀ ।
ਅਧ-ਵਿਚਾਲੇ, ਖੱਬੇ ਪਾਸੇ,
ਵੱਖੀ ਜਹੀ ਇਕ ਬਣੀ,
ਜਿੱਥੋਂ ਕੁੱਝ ਪੌੜੀਆਂ ਚੜ੍ਹ ਕੇ
ਥੜ੍ਹੇ ਜਹੇ ਤੇ ਖੁੱਲ੍ਹਣ,
ਜਿਸ ਦੇ ਉਤੇ-
ਨਾਲ 'ਸਮਾਨਾਂ ਗੱਲਾਂ ਕਰਦੀ,
ਕਿਸੇ ਪੁਰਾਣੇ ਸਾਊ ਘਰ ਦੀ
ਇਕ ਹਵੇਲੀ ਖਲੀ ।
ਪੌੜੀਆਂ ਉੱਤੇ ਸਤਿਸੰਗ ਲੱਗਾ;
ਇਕ ਹੱਥ ਗੁਟਕੇ, ਇਕ ਹੱਥ ਪੱਖੀਆਂ,
ਸੋਨ-ਸੁਨਹਿਰੀ ਜਿਲਦਾਂ,
ਲਾਲ ਨੀਲੀਆਂ ਡੰਨੀਆਂ,
ਸੁਤੀਆਂ ਸੁਤੀਆਂ ਅੱਖੀਆਂ,
ਕੁਝ ਪਿਸ਼ੌਰਨਾਂ ਜੁੜੀਆਂ-
ਉਮਰੋਂ ਅਧਖੜ, ਹੰਢੀਆਂ ਹੋਈਆਂ,
ਗੋਲ ਗੁਦਲੀਆਂ, ਮਧਰੀਆਂ ਬਾਹੀਂ,
ਭਰੇ ਪਲੇ ਅੱਧ-ਢਿਲਕੇ ਸੀਨੇ,
ਲਸ਼ ਲਸ਼ ਕਰਦੇ ਭਾਰੇ ਕੁੱਲ੍ਹੇ,
ਢੇਰ ਮਾਸ ਦੇ ।
ਗਹਿਰ-ਗੰਭੀਰ ਜਹੀਆਂ ਉਹ ਜੁੜੀਆਂ,
ਮਾਸ-ਬਹੁਲਤਾ-ਨਿਘ ਅਲਸਾਈਆਂ,
ਮਾਸ-ਸੁਗੰਧੀ ਮਤੀਆਂ,
ਹੌਲੀ ਹੌਲੀ ਮੁੰਡੀਆਂ ਮੋੜਨ
ਸਤਸੰਗ ਦੇ ਪਰਭਾਵ ਜਿਹੇ ਵਿਚ
ਰੰਗ ਅਨੋਖੇ ਰੱਤੀਆਂ;
ਸਹਿਜੇ ਸਹਿਜੇ, ਧੀਰੇ ਧੀਰੇ,
ਕਰਨ ਘਰੋਗੀ ਗੱਲਾਂ-
ਧੀਆਂ, ਨੋਹਾਂ, ਪੁੱਤਾਂ, ਖਸਮਾਂ,
ਕੁੜਮਾਂ, ਅਤੇ ਸ਼ਰੀਕਾਂ ਦੀਆਂ,
ਯਾ ਫਿਰ ਹੋਣ ਵਾਲਿਆਂ ਜੀਆਂ
ਯਾ ਗੰਵਾਢਣ ਦੀ ਚੋਰੀ ਯਾਰੀ
ਬਾਰੇ ਘੁਰ ਘੁਰ ਕਰ ਮੁਸਕਾਣ,
ਰਖ ਮੂੰਹਾਂ ਤੇ ਪੱਖੀਆਂ;
ਮਸਤ ਬਣਾ ਕੇ ਅੱਖੀਆਂ ।
ਲਿਸ਼ਕਣ ਸੋਨ-ਸੁਨਹਿਰੀ ਜਿਲਦਾਂ,
ਹਿੱਲਣ ਲਾਲ ਨੀਲੀਆਂ ਡੰਨੀਆਂ,
ਪੌੜੀਆਂ ਉੱਤੇ ਸਤਿਸੰਗ ਲੱਗਾ,
ਇਕ ਹੱਥ ਗੁਟਕੇ, ਇਕ ਹੱਥ ਪੱਖੀਆਂ,
ਸੁਤੀਆਂ ਸੁਤੀਆਂ ਅੱਖੀਆਂ,
ਕੁਝ ਪਿਸ਼ੌਰਨਾਂ ਜੁੜੀਆਂ ।
ਸੁੰਗੜੀ ਵਿਚ ਕਲਾਵੇ
ਥਾਂ ਦੀ ਫੈਲ, ਸਮੇਂ ਦੀ ਦੂਰੀ
ਛਾਲੀਂ ਵਧ ਰਹੇ ਬੁਧ-ਬਲ ਅਗੇ
ਪਲ ਪਲ ਘਟਦੀ ਜਾਵੇ ।
ਪੇਰੂ ਤੋਂ ਲੈ ਕੇ ਪੇਸ਼ਾਵਰ
ਰਾਸ ਉਮੀਦੋਂ ਬੇਰੰਗ ਤੀਕਰ,
ਦੇਸ਼-ਦੀਪ ਸੁੰਗੜੀਂਦੇ ।
ਹਿਟਲਰ, ਐੱਟੀਲਾ, ਚੰਗੇਜ਼ ਖਾਂ,
ਰੱਤੇ ਗ਼ਟ ਗ਼ਟ ਭਰੇ ਪਿਆਲੇ
ਮੱਤੇ ਗੁਡ-ਲੱਕ ਪੀਂਦੇ ।
ਜ਼ਰ-ਖ਼ਰੀਦ ਗੋਰੀ ਵਿਚ ਨ੍ਹੇਰੇ,
ਕੋਝੇ ਤੇ ਬਲਵਾਨ ਵਿਸ਼ੇ ਦੇ
ਸੁੰਗੜੀ ਵਿਚ ਕਲਾਵੇ ।
ਇਸ਼ਕ ਨੇ ਕਿਤਨਾ ਕਮੀਨਾ ਕਰ ਦਿੱਤਾ
ਜਾਣਦਾ ਹਾਂ ਕੀ ਹੈ ਸਾਂਝੀਵਾਲਤਾ
ਧਰਮ ਦੇ ਆਦਰਸ਼ ਦਾ ਜਬਰੀ ਰਵਾਜ
ਭਾਵੇਂ ਇਹ ਨਾ ਧਰਮ ਦੀ ਉੱਕੀ ਮੁਥਾਜ
ਭਾਵੇਂ ਇਸ ਵਿਚ ਥਾਂ ਨਾ ਕੋਈ ਰੱਬ ਦਾ ।
ਜਾਣਦਾ ਹਾਂ ਇਹ ਵੀ ਇਸ ਦੇ ਆਉਣ ਨਾਲ
ਹੋਵਣਾ ਹੈ ਦੁੱਖਾਂ ਤੇ ਭੁੱਖਾਂ ਦਾ ਅੰਤ
ਮੌਲਣੇ ਨੇ ਮੁੜਕੇ ਸਾਰੇ ਜੀਆ ਜੰਤ
ਮਿਟਣਾ ਸਰਮਾਏਦਾਰੀ ਦਾ ਸਵਾਲ ।
ਘੁਲਣੇ ਮੁਲਕਾਂ ਅਤੇ ਵਤਨਾਂ ਦੇ ਬੰਨ
ਹੋਵਣਾ ਅਸਲਾਂ ਤੇ ਨਸਲਾਂ ਦਾ ਅਖ਼ੀਰ
ਟੁਟਣੇ ਜੇਹਲਾਂ ਦੇ ਵਾੜੇ ਤੇ ਜ਼ੰਜੀਰ
ਮੁਕਣੇ ਇਹ ਮਹਿਲ, ਇਹ ਮਾੜੀ, ਇਹ ਛੰਨ ।
ਪਰ ਮੈਂ ਇਸ ਕਰ ਕੇ ਨਾ ਸਾਂਝੀਵਾਲਤਾ
ਦੇ ਲਈ ਲਿਖਦਾ ਤੇ ਲੜਦਾ ਸੋਹਣੀਏਂ
ਕਿਉਂਕਿ ਇਸ ਦੇ ਨਾਲ ਸਭ ਦੀ ਹੋਣੀਏਂ
ਏਕਤਾ, ਭਰਾਤ੍ਰੀਅਤਾ, ਸਵੈਤੰਤ੍ਰਤਾ ।
ਮੈਂ ਸਗੋਂ ਚਾਹੁੰਦਾ ਹਾਂ ਸਾਂਝੀਵਾਲਤਾ
ਕਿਉਂਕਿ ਹੋ ਆਜ਼ਾਦ ਮਿਲ ਜਾਵੇਂਗੀ ਤੂੰ
ਨਹੀਂ ਤੇ ਕੀ ਵਖਰਾ ਤੇ ਕੀ ਸਾਂਝਾ ਜਨੂੰ
ਇਸ਼ਕ ਨੇ ਕਿਤਨਾ ਕਮੀਨਾ ਕਰ ਦਿੱਤਾ !
ਤਵੀ
ਤਵੀ ਵਗਦੀ,
ਤਵੀ ਵਗਦੀ,
ਇਸ ਜੰਮੂਏਂ ਦੇ ਪੈਰਾਂ ਨਾਲ ਵੇ,
ਤਵੀ ਵਗਦੀ ।
ਮਿੱਠੀ ਲਗਦੀ,
ਸੋਹਣੀ ਲਗਦੀ,
ਇਹਦੀ ਸੁਤ-ਉਨੀਂਦੀ ਜਹੀ ਚਾਲ ਵੇ,
ਮਿੱਠੀ ਲਗਦੀ ।
ਚੰਨ ਡੁਬਦਾ,
ਚੰਨ ਡੁਬਦਾ,
ਚਾਂਦੀ ਸੋਨੇ ਦਾ ਢਲਿਆ ਥਾਲ ਵੇ,
ਚੰਨ ਡੁਬਦਾ ।
ਸੂਰਜ ਚੜ੍ਹਦਾ,
ਨੂਰ ਹੜਦਾ,
ਤਵੀ, ਥਲ, ਪਰਬਤ ਲਾਲੋ ਲਾਲ ਵੇ,
ਸੂਰਜ ਚੜ੍ਹਦਾ ।
ਮੰਦਰ ਚਮਕਦੇ,
ਮੰਦਰ ਲਿਸ਼ਕਦੇ,
ਲਗੇ ਨੀਲਿਆਂ ਗਗਨਾਂ ਨਾਲ ਵੇ,
ਮੰਦਰ ਚਮਕਦੇ ।
ਦਿਲ ਤੁਰੇ ਨਾ,
ਦਿਲ ਤੁਰੇ ਨਾ,
ਗਡੀ ਨਸ ਪਈ ਤਿਖੜੀ ਚਾਲ ਵੇ,
ਦਿਲ ਤੁਰੇ ਨਾ ।
ਤਵੀ ਲੁਕ ਗਈ,
ਮੰਦਰ ਲੁਕ ਗਏ,
ਮੁੜ ਸ਼ਹਿਰਾਂ ਦੇ ਜਾਲ ਜੰਜਾਲ ਵੇ,
ਤਵੀ ਲੁਕ ਗਈ ।
ਇਕ ਯਾਦ ਜਹੀ,
ਸੋਹਣੀ ਯਾਦ ਜਹੀ,
ਲਗੀ ਰਹਿ ਗਈ ਕਲੇਜੇ ਦੇ ਨਾਲ ਵੇ,
ਇਕ ਯਾਦ ਜਹੀ ।
ਤਾਹਨਾ
ਮੈਨੂੰ ਆਖਣ ਸੌਂ ਜਾ, ਸੌਂ ਜਾ
ਮੈਨੂੰ ਆਖਣ ਗੁਮ ਜਾ, ਗੁਮ ਜਾ
ਮੈਨੂੰ ਆਖਣ ਵਿੱਚੇ ਪੀ ਜਾ
ਤੇ ਵਾਂਗ ਸਮੁੰਦਰਾਂ ਥੀ ਜਾ
ਬੇਛੋਰ ਅਥਾਹ ਤੇ ਡੂੰਘਾ
ਜਿਸ ਦੀ ਹਿਕ ਲੁਕੀਆਂ ਪੀੜਾਂ
ਚੀਕਾਂ ਕੂਕਾਂ ਫ਼ਰਿਆਦਾਂ
ਤੇ ਹਿਕ ਵਲ੍ਹੇਟੇ ਸੁਫ਼ਨੇ
ਕੋਈ ਦੂਜਾ ਸੁਣੇ ਨਾ ਜਾਣੇ;
ਯਾ ਵਾਂਗ ਪਰਬਤਾਂ ਹੋ ਜਾ
ਠੰਢਾ, ਉਜਲਾ, ਹਿਮ-ਕਜਿਆ
ਤੇ ਇਤਨਾ ਦੁਰਗਮ ਉੱਚਾ
ਜਿਸ ਦਾ ਤੱਤਾਂ ਨਾਲ ਘੁਲਣਾ
ਕਦੀ ਢਹਿਣਾ ਕਦੀ ਉਭਰਨਾ
ਕੋਈ ਦੂਜਾ ਤਕ ਨਾ ਸਕੇ;
ਰੋ ਰੋ ਕੇ ਐਵੇਂ ਢਲ ਨਾ
ਤੂੰ ਨਾਲ ਸਾਡੇ ਕੀ ਚਲਣਾ
ਨਸ਼ਿਆਂ ਦੇ ਦੇਸ਼ ਨਸ਼ੀਲੇ
ਤੇ ਦੁਰਗਮ ਰਾਹ ਕਟੀਲੇ
ਇਕ ਚਿਣਗ ਲੁਕਾ ਨ ਸੱਕੇਂ
ਇਕ ਕਣੀ ਪਚਾ ਨਾ ਸੱਕੇਂ ।
ਮੈਂ ਜਾਤਾ
ਮੈਂ ਜਾਤਾ
ਉਹ ਮੇਰੇ ਵਾਂਗ ਹੀ
ਵਿਚ ਵਿਛੋੜੇ ਘੁਲਦੀ
ਹੰਝੂ ਹੰਝੂ ਡੁਲ੍ਹਦੀ,
ਨਾ ਖਾਂਦੀ, ਨਾ ਲਾਂਦੀ,
ਥੱਲੇ ਲਹਿੰਦੀ ਜਾਂਦੀ ।
ਪਰ ਸਿਨਮੇ ਤੋਂ ਬਾਹਰ ਨਿਕਲਦੀ
ਜਦ ਮੈਂ ਤੱਕੀ,
ਜੋਬਨ-ਮੱਤੀ,
ਚੰਚਲ-ਅੱਖੀ,
ਲੂੰ ਲੂੰ ਭੱਖੀ,
ਹਾਸਾ ਦੂਣ ਸਵਾਇਆ,
ਖ਼ੁਸ਼ੀਆਂ ਦਾ ਹੜ੍ਹ ਆਇਆ,
ਨਾਲ ਉਦਾਸੀ ਤੇ ਮੂਝਣ ਦੇ
ਰੂਹ ਮੇਰਾ ਕੁਰਲਾਇਆ:
ਸੰਭਵ, ਸੰਭਵ,
ਸਭ ਕੁਝ ਸੰਭਵ,
ਪਿਆਰੇ ਦਾ ਸੀ ਜੁੜਨ ਅਸੰਭਵ,
ਉਹ ਵੀ ਹੋਇਆ ਸੰਭਵ,
ਮੈਂ ਜਾਤਾ ਹੁਣ ਟੁਟਣ ਅਸੰਭਵ,
ਉਹ ਵੀ ਹੋਇਆ ਸੰਭਵ;
ਫਿਰ ਜਾਤਾ ਸੀ ਭੁਲਣ ਅਸੰਭਵ,
ਉਹ ਵੀ ਹੋਇਆ ਸੰਭਵ;
ਸੰਭਵ, ਸੰਭਵ,
ਸਭ ਕੁਝ ਸੰਭਵ,
ਜੀਣਾ ਮਰਨਾ
ਜਿਤਣਾ ਹਰਨਾ
ਜਪਣਾ ਭੁਲਣਾ
ਚਾਹਣਾ ਘ੍ਰਿਣਨਾ
ਤੇ ਟੁਟ ਸਕਣਾ
ਤੇ ਟੁਟ ਜਾਣਾ
ਨਫ਼ਰਤ ਦਾ ਵੀ ਨਾਤਾ
ਮੈਂ ਜਾਤਾ ।
ਕੁਝ ਚਿਰ ਪਿਛੋਂ
ਕੀ ਹੋਇਆ ਜੇ
ਜੋਬਨ-ਮੱਤੀ,
ਚੰਚਲ-ਅੱਖੀ,
ਲੂੰ ਲੂੰ ਭੱਖੀ,
ਹਾਸਾ ਦੂਣ ਸਵਾਇਆ,
ਕੀ ਹੋਇਆ ਜੇ ਗ਼ਮ ਦੁਖ ਅਪਣਾ
ਉਸ ਨੇ ਇਉਂ ਭੁਲਾਇਆ,
ਨਹੀਂ, ਨਹੀਂ, ਇਉਂ ਲੁਕਾਇਆ ।
ਬਾਹਰੋਂ ਸਾਵੇ ਠੰਢੇ ਪਰਬਤ
ਅੰਦਰ ਭੁਚਾਲੀ ਪੀੜਾਂ,
ਦੂਰੋਂ ਲਿਸ਼ ਲਿਸ਼ ਕਰਦੇ ਤਾਰੇ,
ਨੇੜਿਉਂ ਨ੍ਹੇਰੇ, ਸੁੰਝਾਂ ।
ਉਹ ਕੀ ਪਿਆਰ ਜੋ ਕਰੇ ਕਿਸੇ ਦੀ
ਦੁਨੀਆਂ ਇਤਨੀ ਸੌੜੀ,
ਦੋ ਬਾਹਾਂ ਦੀ ਤੰਗ ਵਲਗਣੋਂ
ਜੋ ਨਾ ਹੋਵੇ ਚੌੜੀ ।
ਉਹ ਕੀ ਪਿਆਰ ਜੋ ਪਿਆਰੇ ਪਾਸੋਂ
ਖੋਹ ਹਾਸੇ ਤੇ ਰਸ ਲਏ,
ਉਹ ਕੀ ਪਿਆਰ ਜੋ ਹਕ ਜੀਣ ਦਾ
ਵੀ ਪਿਆਰੇ ਤੋਂ ਖੱਸ ਲਏ ।
ਮੰਦਾ ਜੀਵਣ ਦਾ ਹਕ ਖੋਹਣਾ
ਖੁਹਾਉਣਾ ਹੋਰ ਮੰਦੇਰਾ,
ਬੇਸ਼ਕ ਪਿਆਰ ਹੈ ਉੱਚੀ ਵਸਤੂ
ਪਰ ਜੀਉਣਾ ਹੋਰ ਉਚੇਰਾ ।
ਇਹ ਦਿਲ ਹੈ
ਇਹ ਦਿਲ ਹੈ ਕੋਈ ਖਿਡਾਲ ਨਹੀਂ,
ਇਤਨਾ ਵੀ ਨਿਤਾਣਾ ਕਿਉਂ ਹੋਵੇ ?
ਇਕ ਛੋਹਰੀ ਦੇ ਜੀ-ਪਰਚਾਵੇ ਲਈ,
ਸਭ ਜਗ ਤੋਂ ਬਗਾਨਾ ਕਿਉਂ ਹੋਵੇ ?
ਜੇ ਜੀਵਨ ਨਾਂ ਕੁਰਬਾਨੀ ਦਾ
ਤੇ ਸੁਟਣਾ ਵਾਰ ਜਵਾਨੀ ਦਾ,
ਦੀਵੇ ਵੀ ਕਈ ਲਾਟਾਂ ਵੀ ਕਈ,
ਤੇਰਾ ਪਰਵਾਨਾ ਕਿਉਂ ਹੋਵੇ ?
ਜੇ ਬੰਦਾ ਬਣਿਆ ਪੀਣ ਲਈ
ਤੇ ਲੋਰ ਕਿਸੇ ਵਿਚ ਜੀਣ ਲਈ,
ਕਈ ਦਾਰੂ ਤੇ ਕਈ ਮਸਤੀਆਂ ਫਿਰ
ਤੇਰਾ ਮਸਤਾਨਾ ਕਿਉਂ ਹੋਵੇ ?
ਮੰਨਿਆ ਇਸ ਦਿਲ ਦੀ ਧਰਤੀ ਤੇ
ਜੰਗਲ ਨਾ ਉਗਾਈਏ ਹਵਸਾਂ ਦੇ,
ਤੇਰੇ ਇਸ਼ਕ ਬਿਨਾ ਕੁਝ ਉਗ ਨਾ ਸਕੇ
ਇਤਨਾ ਵੀਰਾਨਾ ਕਿਉਂ ਹੋਵੇ ?
ਜੇ ਦੁਨੀਆਂ ਦੀ ਹਰ ਇਕ ਸ਼ੈ ਨੇ
ਆਖ਼ਰ ਨੂੰ ਫ਼ਸਾਨਾ ਬਣਨਾ ਹੈ,
ਤਾਂ ਬਣੇ ਫ਼ਸਾਨਾ ਜਿੱਤਣ ਦਾ
ਹਾਰਨ ਦਾ ਫ਼ਸਾਨਾ ਕਿਉਂ ਹੋਵੇ ?
"ਇਹ ਹੁਸਨ ਕਿਹਾ ਤੇ ਇਸ਼ਕ ਕਿਹਾ ?
ਜਦ ਸਿਰ ਅਪਣਾ ਭੰਨਣਾ ਹੋਇਆ,
ਤਾਂ ਤੂੰਹੇਂ ਦਸ ਅਨੀ ਪੱਥਰ ਜਹੀਏ
ਤੇਰਾ ਅਸਥਾਨਾ ਕਿਉਂ ਹੋਵੇ ?"
ਇਕ ਦੋਹੜਾ
ਛੱਡ ਇਕ ਵਾਰੀ ਹੱਥੋਂ ਦਿਲ ਨੂੰ
ਫਿਰ ਵਲਣਾ ਤੇ ਡਕਣਾ ਕੀ ।
ਪੈ ਕੇ ਲੰਬੜੀ ਵਾਟ ਇਸ਼ਕ ਦੀ
ਫਿਰ ਅਕਣਾ ਤੇ ਥਕਣਾ ਕੀ ।
ਇਸ਼ਕ ਵਿਚ ਅਣ-ਮੰਜ਼ਲ, ਮੰਜ਼ਲ
ਮਰ ਜਾਣਾ, ਜੀਉਂਦੇ ਰਹਿਣਾ,
ਖੋਹਲ ਪਤਣ ਤੋਂ ਕੇਰਾਂ ਬੇੜੀ
ਫੇਰ ਕੰਢੇ ਵਲ ਤਕਣਾ ਕੀ ।
ਕਨਸੋ
ਕੁਝ ਪਤਾ ਨਾ ਲਗਦਾ
ਕਿੱਥੋਂ ਆਵੇ ਕਨਸੋ ।
ਬੱਤੀ ਹਯਾਤੀ ਦੀ ਬੁਝ ਜਾਏ ਸਾਰੀ,
ਨ੍ਹੇਰੇ ਦੀ ਕਰ ਲਵਾਂ ਤਿਆਰੀ,
ਭੱਖ ਉੱਠੇ ਕੋਈ ਫਿਰ ਚੰਗਿਆਰੀ,
ਨਿਕੀ ਨਿਕੀ ਨਿਘੀ ਨਿਘੀ ਲੋ ।
ਲੱਖ ਮੂੰਹ ਦਿਸਣ ਇਕ ਮੂੰਹ ਨਹੀਂ ਦਿਸਦਾ,
ਲਖ ਰੌਲੇ ਇਕ ਬੋਲ ਨਾ ਉਸ ਦਾ,
ਪੀਣ ਲਗਾਂ ਜਦ ਪਿਆਲਾ ਵਿਸ ਦਾ,
ਕੋਈ ਖ਼ਿਆਲ ਰਹੇ ਕੋਲ ਖਲੋ ।
ਬੁੱਤ ਮੇਰਾ ਜਦ ਥਕੀ ਥਕੀ ਵੈਂਦਾ,
ਰੂਹ ਮੇਰਾ ਜਦ ਅਕੀ ਅਕੀ ਸੈਂਦਾ,
ਆਸਾ ਪਾਸਾ ਤ੍ਰਕੀ ਤ੍ਰਕੀ ਢਹਿੰਦਾ,
ਮੇਰੇ ਅੰਦਰੋਂ ਉਠੇ ਖ਼ੁਸ਼ਬੋ ।
ਕੁਝ ਪਤਾ ਨਾ ਲਗਦਾ
ਕਿੱਥੋਂ ਆਵੇ ਕਨਸੋ ।
ਯਾਦ
ਮੈਂ ਸੀ ਜਾਣਿਆ ਸਗਵੀਂ ਬੁੱਝ ਗਈ ਏ,
ਰਿਹਾ ਨਾਮ ਨਿਸ਼ਾਨ ਨਾ ਅੱਗ ਦਾ ਈ ।
ਰੱਬ ਖ਼ੈਰ ਕਰੇ, ਇਹ ਕੀ ਸੇਕ ਜਿਹਾ
ਫੇਰ ਵਿਚ ਕਲੇਜੇ ਦੇ ਮੱਘਦਾ ਈ ।
ਹੌਲੀ ਹੌਲੀ ਦਿਲ-ਭੋਈਂ ਤੇ ਉਗੇ ਜੰਗਲ,
ਬਣੇ ਤੁਰਤ ਭਬੂਕੜਾ ਅੱਗ ਦਾ ਈ ।
ਇਸ਼ਕ ਤਾਈਂ ਸੁਆਲਣ ਵਿਚ ਵਰ੍ਹੇ ਲੱਗਣ,
ਐਪਰ ਜਾਗਿਆ ਪਲਕ ਨਾ ਲੱਗਦਾ ਈ ।
ਭੜਕ ਉਠਿਆ ਇਸ਼ਕ ਦਾ ਤੇਜ਼ ਲੂੰਬਾ,
ਅੰਦਰ ਵਾਂਗ ਅਕਾਸ਼ਾਂ ਦੇ ਜੱਗਦਾ ਈ ।
ਲਾਣ ਵਾਲੇ ਦਾ ਵਿਸਰਿਆ ਮੂੰਹ-ਸੋਇਨਾ
ਫਿਰ ਪਿਆ ਸਾਹਮਣੇ ਭੱਖਦਾ ਦੱਗਦਾ ਈ ।
ਆ ਕੇ ਫੇਰ ਜਨੂੰਨ ਨੇ ਜ਼ੋਰ ਪਾਇਆ
ਦਿਲ ਧੰਧਿਆਂ ਵਿਚ ਨਾ ਲੱਗਦਾ ਈ ।
ਹੋਇਆ ਦਿਲ ਦਾ ਫੇਰ ਮੂੰਹ-ਜ਼ੋਰ ਘੋੜਾ
ਪੱਕੇ ਪੰਧ ਛਡ ਓਝੜੀਂ ਵੱਗਦਾ ਈ ।
ਦੁਨੀਆਂ ਦੀਨ ਪਏ ਜਾਪਦੇ ਫੇਰ ਸੌੜੇ,
ਇਲਮ ਭਾਰ ਵਾਧੂ ਜਿਹਾ ਲੱਗਦਾ ਈ ।
"ਅੱਜ ਯਾਦ ਆਇਆ ਸਾਨੂੰ ਫੇਰ ਸੱਜਨ,
ਜੀਂਦੇ ਮਗਰ ਉਲਾਂਭੜਾ ਜੱਗ ਦਾ ਈ ।"
ਮਾਹੀਆ
ਦੋ ਅੱਖੀਆਂ ਨਾ ਲਾਈਂ ਮੇਰੇ ਮਾਹੀਆ,
ਦੋ ਅੱਖੀਆਂ ਨਾ ਲਾਈਂ ਵੇ ।
ਮੇਰੀਆਂ ਅੱਖੀਆਂ ਤੈਂ ਵਲ ਮਾਹੀਆ,
ਤੇਰੀਆਂ ਕਿਹੜੀ ਜਾਈਂ ਵੇ ?
ਬਿਖ ਨਾਲ ਭਰਿਆ ਸਾਡਾ ਪਿਆਲਾ,
ਅੰਮ੍ਰਿਤ ਤੇਰੀ ਸੁਰਾਹੀਂ ਵੇ ।
ਅਸੀਂ ਜੀਵ ਧਰਤੀ ਦੇ ਮਾਹੀਆ
ਤੇਰਾ ਉਡਣ ਹਵਾਈਂ ਵੇ ।
ਅਸੀਂ ਕਲਾਵੇ ਭਰ ਭਰ ਦੌੜੇ
ਫੜਨ ਤੇਰੀ ਅਸ਼ਨਾਈ ਵੇ ।
ਤੂੰ ਖ਼ੁਸ਼ਬੂ ਜਿਹਾ ਸੂਖਸ਼ਮ ਮਾਹੀਆ
ਸਖਣੀਆਂ ਸਾਡੀਆਂ ਬਾਹੀਂ ਵੇ ।
ਭਜ ਭਜ ਥੱਕੇ, ਥੱਕ ਥੱਕ ਭੱਜੇ
ਪਿਆਰ ਤੇਰੇ ਦੇ ਰਾਹੀਂ ਵੇ ।
ਜਿਥੋਂ ਤੁਰੇ ਅਜ ਉਥੇ ਹੀ ਮਾਹੀਆ
ਤੇਰੀਆਂ ਬੇਪਰਵਾਹੀਂ ਵੇ ।
ਨਾ ਹੁਣ ਬੇੜੀ, ਨਾ ਹੁਣ ਚੱਪੂ,
ਨਾ ਹੁਣ ਆਸ ਮਲਾਹੀਂ ਵੇ ।
ਮਿਹਰ ਤੇਰੀ ਦੇ ਬਾਝੋਂ ਮਾਹੀਆ,
ਮੁਸ਼ਕਲ ਤਰਨ ਝਨਾਈਂ ਵੇ ।
ਦੋ ਅੱਖੀਆਂ ਨਾ ਲਾਈਂ ਮੇਰੇ ਮਾਹੀਆ,
ਦੋ ਅੱਖੀਆਂ ਨਾ ਲਾਈਂ ਵੇ ।
ਮੇਰੀਆਂ ਅੱਖੀਆਂ ਤੈਂ ਵਲ ਮਾਹੀਆ,
ਤੇਰੀਆਂ ਕਿਹੜੀ ਜਾਈਂ ਵੇ ?
ਮੋਹ
ਸਭ ਧਰਤੀ ਹੋ ਗਈ ਲਾਲ ਨੀ,
ਬੰਦੇ ਦੇ ਲਹੂ ਦੇ ਨਾਲ ਨੀ,
ਖੜਦੈਂਤ ਵਡੇ ਸਰਮਾਏ ਦੇ
ਪਏ ਨੱਚਣ ਤਾਲ ਬੇ ਤਾਲ ਨੀ,
ਉਨ੍ਹਾਂ ਧੁਰ ਤਕ ਅੰਬਰ ਨੌਂਹਦਰੇ
ਅਤੇ ਸਾਗਰ ਸੁਟੇ ਹੰਗਾਲ ਨੀ,
ਉਨ੍ਹਾਂ ਕੁਦ ਕੁਦ ਮਿਧਿਆ ਧਰਤ ਨੂੰ
ਅੱਤ ਕੋਝੇ ਵਿਸ਼ਿਆਂ ਨਾਲ ਨੀ,
ਸਦੀਆਂ ਵਿਚ ਉਸਰੀ ਸਭਿਤਾ
ਸੁਟ ਦਿੱਤੀ ਧੌਣ ਨਢਾਲ ਨੀ,
ਲਿਆ ਪੀੜ ਉਨ੍ਹਾਂ ਵਿਗਿਆਨ ਨੂੰ
ਤੇ ਇਲਮ ਕੀਤਾ ਜ਼ਿਲਹਾਲ ਨੀ,
ਪਿਆ ਹੁਨਰ ਹਨੇਰੇ ਭਾਲਦਾ
ਰਿਹਾ ਧਰਮ ਨਿਰਾ ਇਕ ਸਵਾਲ ਨੀ,
ਤਕ ਰੱਬ ਨੇਕੀ ਦੀ ਬੇ-ਬਸੀ
ਲੋਕਾਂ ਸੁੱਟੀ ਇਹ ਵੀ ਢਾਲ ਨੀ,
ਲੱਖ ਪਿਆਰ ਟੁਟੇ ਅਧਵਾਟਿਉਂ
ਲੱਖ ਵੈਰ ਵੀ ਵਿਸਰੇ ਨਾਲ ਨੀ,
ਪਰ ਮੈਨੂੰ ਅਜੇ ਨਾ ਭੁਲਦਾ
ਤੇਰੇ ਦੋ ਨੈਣਾਂ ਦਾ ਖ਼ਿਆਲ ਨੀ ।
ਨਿੱਕੀ ਜਿੰਦ ਮੇਰੀ
ਨਿੱਕੀ ਜਿੰਦ ਮੇਰੀ
ਤੇ ਬੰਧਨ ਹਜ਼ਾਰਾਂ ।
ਆਖਣ ਸਿਆਣੇ ਕਿਉਂ ਉਡਦਾ ਨਹੀਂ ਤੂੰ ?
ਭੋਂ ਨਾਲ ਬੱਝਾ ਏ ਜਿੰਦੜੀ ਦਾ ਲੂੰ ਲੂੰ,
ਭੋਂ-ਪਿਆਰ ਭਰਿਆ ਏ ਜਿੰਦੜੀ ਦੇ ਮੂੰਹ ਮੂੰਹ,
ਕਿੱਦਾਂ ਦੇ ਕਿੱਧਰ ਮੈਂ ਮਾਰਾਂ ਉਡਾਰਾਂ ?
ਇਤਨਾ ਕੀ ਥੋਹੜਾ ਅਕਾਸ਼ਾਂ ਨੂੰ ਤਕ ਲਾਂ,
ਕਿਸਮਤ, ਖ਼ੁਦਾ, ਹੋਣੀ ਦੇ ਉਲਟ ਬਕ ਲਾਂ,
ਤੇ ਕਿਧਰੇ ਰਤਾ ਜਾਲ ਭੋਂ ਤੋਂ ਵੀ ਚਕ ਲਾਂ,
ਲਵਾਂ ਇਨਕਲਾਬਾਂ ਦੀਆਂ ਮਾਰ ਟਾਹਰਾਂ ।
ਕੀ ਥੋਹੜਾ ਹੈ ਸ਼ਿਕਵੇ ਕਰਾਂ ਨਾ ਸੁਣਾਂ ਹੁਣ,
ਤੇ ਪੁਨ ਪਾਪ ਸੱਚ ਝੂਠ ਨੂੰ ਨਾ ਪੁਣਾ ਹੁਣ,
ਨਾ ਸ਼ਤਰੂ ਤਿਆਗਾਂ ਨਾ ਮਿੱਤਰ ਚੁਣਾ ਹੁਣ,
ਤੇ ਇਕ-ਸਾਰ ਤੱਕਾਂ ਖਿਜ਼ਾਂ ਤੇ ਬਹਾਰਾਂ ।
ਨਿੱਕੀ ਜਿੰਦ ਮੇਰੀ
ਤੇ ਬੰਧਨ ਹਜ਼ਾਰਾਂ ।
ਨਿੱਕੀ ਜਹੀ ਮੈਂ ਕਲੀ
ਨਿੱਕੀ ਜਹੀ ਮੈਂ ਕਲੀ ।
ਅਰਸ਼ਾਂ ਵੰਨੀ ਮੂੰਹ ਭਵਾਈ
ਚਿਰਾਂ ਚਿਰਾਂ ਤੋਂ ਖਲੀ ।
ਤਾਰਿਆਂ-ਜੜੀ ਸਵੇਰ ਬੀਤ ਗਈ,
ਬੀਤ ਦੁਪਹਿਰ ਚਲੀ ।
ਸ਼ਾਮਾਂ ਦੇ ਪੈ ਗਏ ਝਾਂਵਲੇ,
ਦੁਖ ਗਈ ਧੌਣ ਅਲੀ ।
ਸੁਕ ਗਏ ਅਥਰੂ, ਮੁਕ ਗਏ ਹਾਸੇ
ਗਈ ਸੁਗੰਧ ਛਲੀ ।
ਕੀ ਸਖੀਉ ਉਹ ਮੂਲ ਨਾ ਮਿਲਸੀ,
ਮੈਂ ਜਿਸ ਦੀ ਆਸ ਖਲੀ ?
ਨਿੱਕੀ ਜਹੀ ਮੈਂ ਕਲੀ ।
ਸਾਰ ਲਈਂ ਅੱਜ ਨੀ
ਲੈਣੀ ਆਂ ਜੇ ਸਾਰ ਕਦੀ
ਸਾਰ ਲਈਂ ਅੱਜ ਨੀ ।
ਯਾਦਾਂ ਉੱਤੇ ਕਰੇ ਕੋਈ
ਕਿਥੋਂ ਤੀਕ ਰੱਜ ਨੀ ।
ਕਾਲੀਆਂ ਵਿਛੋੜੇ ਦੀਆਂ
ਚੜ੍ਹੀਆਂ ਹਨੇਰੀਆਂ ।
ਦੀਵਾ ਮੇਰੀ ਜਿੰਦੜੀ ਦਾ
ਪੱਲੇ ਥੱਲੇ ਕੱਜ ਨੀ ।
ਤੇਲ ਜਿਦਾ ਤਿਲੀਂ
ਓਸ ਦੀਵੇ ਨੇ ਕੀ ਜਗਣਾ,
ਜਿੰਦ ਜਿਦੀ ਦੂਰ
ਓਹਦੇ ਜੀਣ ਦਾ ਕੀ ਹੱਜ ਨੀ ।
ਯਾਰ ਜਿਦਾ ਡੋਲਣਾ,
ਕੀ ਓਸ ਮੂੰਹੋਂ ਬੋਲਣਾ,
ਘੜਾ ਜਿਦਾ ਕੱਚਾ,
ਓਸ ਆਪੇ ਰਹਿਣਾ ਮੱਝ ਨੀ ।
ਦਿਲ ਜਿਦਾ ਵੈਰੀ
ਓਸ ਦੂਜੇ ਨੂੰ ਕੀ ਆਖਣਾ,
ਇਸ਼ਕ ਜਿਦੇ ਖਹਿੜੇ
ਓਸ ਜਾਣਾ ਕਿੱਥੇ ਭੱਜ ਨੀ ।
ਹੁਸਨ ਤੇਰਾ ਰੱਜਵਾਂ
ਤੇ ਇਸ਼ਕ ਮੇਰਾ ਪੁਜਵਾਂ,
ਕਾਹਦੇ ਹੁਸਨ ਇਸ਼ਕ
ਜੇ ਨਾ ਕੋਲੋ ਕੋਲ ਅੱਜ ਨੀ ।
ਕੋਇਲ ਨੂੰ
ਅੰਬਾਂ ਤੇ ਪੈ ਗਿਆ ਬੂਰ
ਕੋਇਲੇ, ਅੰਬਾਂ ਤੇ ਪੈ ਗਿਆ ਬੂਰ ।
ਝੁੱਝੂ ਝੂੰ ਟਾਹਣੀਆਂ, ਝੁੱਝੂ ਝੂੰ ਪੱਤੇ,
ਰਾਤ ਦਿਵਸ ਹੋਏ ਬੂਰ-ਗੰਧ-ਮੱਤੇ,
ਹੂਕ ਤੇਰੀ ਗੂੰਜੇ ਅੰਬਰ ਸੱਤੇ,
ਦੁਨੀਆਂ ਨਸ਼ੇ ਵਿਚ ਚੂਰ,
ਕੋਇਲੇ, ਅੰਬਾਂ ਤੇ ਪੈ ਗਿਆ ਬੂਰ ।
ਉਡ ਗਈ ਏਂ ਕਿਉਂ ਦੂਰ,
ਕੋਇਲੇ, ਉਡ ਗਈ ਏਂ ਕਿਉਂ ਦੂਰ ?
ਸੋਨੇ ਦੀ ਚੁੰਝ ਤੂੰ ਜਦ ਦੀ ਮੜ੍ਹਾਈ ਨੀ,
ਅੰਬਰ-ਗੁੰਜਾਣੀ ਤੇਰੀ ਜੀਭ ਪਥਰਾਈ ਨੀ,
ਸੁੱਕ ਸੁੱਕ ਪੀਲੀ ਹੋਈ ਸਭ ਹਰਿਆਈ ਨੀ,
ਅੰਬਾਂ ਦਾ ਝੜ ਗਿਆ ਬੂਰ
ਕੋਇਲੇ, ਅੰਬਾਂ ਦਾ ਝੜ ਗਿਆ ਬੂਰ ।
ਦੋ ਜੀਵਨ ਮੈਂ ਜੀਵਾਂ
ਦੋ ਜੀਵਨ ਮੈਂ ਜੀਵਾਂ,
ਇਕ ਆਸ਼ਾ ਤੇ ਅਭਲਾਸ਼ਾ ਦਾ
ਸਿਖਰ ਦੁਪਹਿਰਾਂ ਵਾਂਗ
ਚੁਹਲੀ, ਚੰਚਲ ਅਤੇ ਚਾਨਣਾ-
ਲੜਦਾ ਘੁਲਦਾ ਅੱਗੇ ਜਾਂਦਾ,
ਨਾਲ ਹੋਣੀਆਂ ਆਢੇ ਲਾਂਦਾ,
ਕਿਸਮਤ ਨੂੰ ਪੈਰੀਂ ਠੁਕਰਾਂਦਾ,
ਭਰਿਆ ਨਾਲ ਵੰਗਾਰ
ਕਦੀ ਨਾ ਮੰਨੇ ਹਾਰ ।
ਦੋ ਜੀਵਨ ਮੈਂ ਜੀਵਾਂ,
ਦੂਜਾ ਹਾਰ ਤੇ ਬੇਬਸੀਆਂ ਦਾ,
ਅੱਧੀ ਰਾਤ ਦੇ ਵਾਂਗ
ਕਾਲਾ, ਕੱਲਾ, ਗ਼ਮ-ਖਾਵਣਾ-
ਵਿਛੜੀ ਕੂੰਜ ਵਾਂਗ ਕੁਰਲਾਂਦਾ,
ਬੇਬਸ, ਆਜਜ਼ ਤੇ ਦਰਮਾਂਦਾ,
ਵਿੱਚ ਹਨੇਰੇ ਗੁੰਮਦਾ ਜਾਂਦਾ,
ਕੰਮ ਏਸ ਦਾ ਰੋਣ,
ਕਦੀ ਨਾ ਚੁੱਕੇ ਧੌਣ ।
ਅਧਾ ਹਨੇਰੇ ਅਧਾ ਸਵੇਰੇ
ਰਹਿਣ ਦਿਉ ਮੈਨੂੰ ਭੋਂ ਦੀ ਹਿਕ ਤੇ,
ਚੁੰਘਣ ਦਿਉ ਮੈਨੂੰ ਇਸ ਦੇ ਸੀਨੇ ।
ਭਾਵੇਂ ਇਹ ਕਹਿਰਾਂ ਦੇ ਕਰੜੇ,
ਦੋ ਬੂੰਦਾਂ ਕੱਢ ਦੇਣ ਪਸੀਨੇ ।
ਮੰਨਿਆ ਇਕ ਥਣ ਅੰਮ੍ਰਿਤ ਇਸ ਦੇ,
ਦੂਜੇ ਥਣ ਵਿਚ ਬਿਖ ਲਹਿਰਾਵੇ ।
ਇਸ ਜੀਵਣ ਦੇ ਨਸ਼ੇ ਅਜਬ ਪਰ,
ਦੋਜ਼ਖ਼ ਜਨੱਤ ਇਕੋ ਕਲਾਵੇ ।
ਜੀਣ ਦਿਉ ਮੈਨੂੰ ਬਿਰਛ ਵਾਂਗਰਾਂ,
ਅਧਾ ਹਨੇਰੇ ਅਧਾ ਸਵੇਰੇ ।
ਨਿਰਾ ਚਾਨਣ ਵੀ ਨਿਰਜਿੰਦ ਕਰਦਾ,
ਘੋਪ ਸੁਟਣ ਜੇ ਨਿਰੇ ਹਨੇਰੇ ।
ਅਗੇ ਸ਼ੂਨ ਜੋ ਏਦੂੰ ਬੱਤਰ,
ਪਿੱਛੇ ਹਨੇਰੇ ਕਾਲ ਕਲਾਟੇ,
ਇਥੇ ਜੀਵਨ, ਭਾਵੇਂ ਬਿਖ-ਭਰਿਆ,
ਮੈਂ ਚੰਗਾ ਅਧਵਾਟੇ ।