ਵਿਚੋਂ ਜੰਗਲੀ ਫੁਲ ਕੱਠੇ ਕਰ ਰਿਹਾ ਹੁੰਦਾ ਹੈ, ਉਨ੍ਹਾਂ ਲੰਮੀਆਂ ਕਣਕ ਰੰਗੀਆਂ ਕੁੜੀਆਂ ਦੇ ਵਾਲਾਂ ਦੀਆਂ ਸਪ-ਰੰਗੀਆਂ ਮੀਢੀਆਂ ਨੂੰ ਸ਼ਿੰਗਾਰਨ ਲਈ ਜਿਨ੍ਹਾਂ ਦੀਆਂ ਨਾੜਾਂ ਵਿਚ ਅਜ ਤੀਕ ਗੰਧਾਰਵਾਦੀ ਦੇ ਰਸਿਕ ਬਜ਼ੁਰਗਾਂ ਦਾ ਖ਼ੂਨ ਵਹਿ ਰਿਹਾ ਹੈ, ਉਹ ਫੁਲ ਜਿਨ੍ਹਾਂ ਵਿਚੋਂ ਅਜੇ ਤੀਕ ਬਾਣ ਦੀ ਕਾਦੰਬਰੀ, ਕਾਲੀ ਦਾਸ ਦੇ ਮੇਘ ਦੂਤ, ਭਰਤਰੀ ਹਰੀ ਦੇ ਸ਼ਿੰਗਾਰ ਸ਼ਤਕ, ਜੈਦੇਵ ਦੇ ਗੀਤ ਗੋਬਿੰਦ, ਵਾਰਸ ਸ਼ਾਹ ਦੀ ਹੀਰ, ਬੁਲ੍ਹੇ ਦੀਆਂ ਕਾਫ਼ੀਆਂ ਅਤੇ ਗੁਰੂ ਅਰਜਨ ਦੇ ਪਿਆਰ ਤੇ ਬ੍ਰਿਹੋਂ ਦੇ ਸ਼ਬਦਾਂ ਦੀ ਸੁਗੰਧੀ ਪਈ ਆਉਂਦੀ ਹੈ। ਇਸੇ ਵੰਨਗੀ ਦੀ ਯਾਦ ਤਾਜ਼ਾ ਕਰਨ ਵਾਲੇ, ਕਦੀ ਬਿਲਕੁਲ ਸਾਫ਼ ਤੌਰ ਤੇ, ਤੇ ਕਦੀ ਧੁੰਧਲੇ ਤੌਰ ਤੇ, ਹਨ ਮੋਹਨ ਸਿੰਘ ਦੇ ਖ਼ੂਬਸੂਰਤ ਗੀਤ, ਕਹੇ ਤਕ ਬੈਠਾ ਮੈਂ ਨੈਨ, ਗਲ ਸੁਣੀ ਜਾ, ਕੋਈ ਆਇਆ ਸਾਡੇ ਵੇਹੜੇ ।
੫
ਮੋਹਨ ਸਿੰਘ ਵਿਚ ਉਹ ਸਭ ਗੁਣ ਮੌਜੂਦ ਹਨ ਜੋ ਕਿਸੇ ਮਹਾਂ ਕਵੀ ਲਈ ਜ਼ਰੂਰੀ ਹਨ । ਉਸ ਕੋਲ ਕਲਪਨਾ ਵੀ ਹੈ ਤੇ ਤਜਰਬਾ ਵੀ। ਉਸ ਨੂੰ ਭਾਵਾਂ ਨੂੰ ਪ੍ਰਗਟ ਕਰਨ ਦਾ ਹੁਨਰ ਵੀ ਆਉਂਦਾ ਹੈ ਅਤੇ ਸਭ ਤੋਂ ਸੋਹਣੀ ਗਲ ਇਹ ਹੈ ਕਿ ਉਸ ਨੇ ਇਸ ਕੰਮ ਲਈ ਆਪਣੀ ਭਾਸ਼ਾ ਪੰਜਾਬੀ ਨੂੰ ਹੀ ਚੁਣਿਆ ਹੈ। ਉਸ ਨੂੰ ਕਵਿਤਾ ਦੇ ਵਿਸ਼ੇ ਦੀ ਬਹੁਤ ਸੂਝ ਹੈ ਅਤੇ ਉਸ ਵਿਚੋਂ ਲੋੜ ਅਨੁਸਾਰ ਤਿਆਗ ਤੇ ਗ੍ਰਹਿਣ ਕਰਨ ਦੀ ਬਹੁਤ ਬਰੀਕ ਤਮੀਜ਼ । ਜੀਵਨ ਦਾ ਤਜਰਬਾ, ਹੋਰ ਤਜਰਤਾ, ਆਪਣੇ ਬੀਤੇ ਤੇ ਉਸ ਦੀਆਂ ਜੜਾਂ ਨਾਲ, ਜਿਥੋਂ ਕਿ ਉਸ ਦੇ ਕਾਵ ਜਜ਼ਬੇ ਫੁਟਦੇ ਹਨ, ਨਿਤ ਵਧਦੀ ਵਾਕਫੀ ਤੇ ਸਭ ਤੋਂ ਵਧ ਕੇ ਕਲਾਬਧਤਾ ਤੇ ਨੇਕਨੀਯਤੀ ਆਦ ਗੁਣ ਮੋਹਨ ਸਿੰਘ ਨੂੰ ਇਕ ਐਸਾ ਕਵੀ ਬਣਾਉਣ ਦੀ ਸੰਭਾਵਨਾ ਰਖਦੇ ਹਨ, ਜਿਸ ਦੀ ਰਚਨਾ ਸ਼ਾਇਦ ਉਸ ਦੇ ਨਾ ਰਹਿਣ ਦੇ ਬਾਦ ਵੀ ਰਹਿ ਸਕੇ ।
ਕਪੂਰ ਸਿੰਘ
ਕਰਨਾਲ
੨੩ ਅਕਤੂਬਰ, ੪੨