ਉਂਗਲੀ ਕੋਈ ਰੰਗੀਨ
ਗਿੜੇ ਸਮੇਂ ਦੇ ਕਿਤਨੇ ਚੱਕਰ,
ਬੀਤੇ ਜੁਗ ਹਜ਼ਾਰ,
ਲੱਖਾਂ ਘੋਲ ਤਤਾਂ ਦੇ ਹੋਏ,
ਜੁੜੇ ਟੁਟੇ ਕਈ ਵਾਰ,
ਏਦਾਂ ਹੋਂਦ ਮੇਰੀ ਦਾ ਹੋਇਆ,
ਖ਼ਾਕਾ ਜਿਹਾ ਤਿਆਰ ।
ਵਧਦਾ ਗਿਆ ਅਕਾਰ ਦਿਨੋ ਦਿਨ
ਹੁੰਦਾ ਗਿਆ ਜਵਾਨ,
ਇਲਮ, ਹਵਸ, ਸ਼ੁਹਰਤ ਤੇ ਪਲ ਪਲ,
ਫੈਲਿਆ ਧਰਤ ਸਮਾਨ,
ਬਣ ਗਿਆ ਓੜਕ ਵਧਦਾ ਵਧਦਾ,
ਅਪਣਾ ਆਪ ਜਹਾਨ ।