ਕੇਹਾ ਰਹਿਨਾ ਏਂ ਨਿਤ ਵਾਂਢੇ
ਕੇਹਾ ਰਹਿਨਾ ਏਂ ਨਿਤ ਵਾਂਢੇ !
ਤੈਂ ਬਾਝੋਂ ਕੁਲ ਦੇਸ ਬਿਗਾਨਾ,
ਸੋਨੇ ਜੇਹਾ ਜੋਬਨਾ ਢਲੀ ਢਲੀ ਜਾਨਾ,
ਨੈਣ ਪਏ ਦਰਮਾਂਦੇ ।
ਮੀਹਾਂ ਨਾਲ ਕਸੀਆਂ ਭਰੀ ਭਰੀ ਜਾਨੀਆਂ,
ਕੰਢੇ ਖਲੋਤੀ ਮੈਂ ਮਰੀ ਮਰੀ ਜਾਨੀਆਂ,
ਪਲੜੂ ਨਜ਼ਰ ਨਾ ਆਂਦੇ ।
ਢੱਕੀ ਪਿਛੇ ਢਲੀ ਢਲੀ ਜਾਂਦੀਆ ਲੋ ਵੇ,
ਅਜੇ ਨਾ ਪਈ ਕੋਈ ਤੈਂਢੀ ਕੰਨਸੋ ਵੇ,
ਤਿਲਕ੍ਹ ਤਿਲਕ੍ਹ ਦਿਹੁੰ ਜਾਂਦੇ ।
ਕੇਹਾ ਰਹਿਨਾ ਏਂ ਨਿਤ ਵਾਂਢੇ !