X X X X
ਪਿੱਪਲਾ ਵੇ ਮੇਰੇ ਪੇਕੇ ਪਿੰਡ ਦਿਆ,
ਤੇਰੀਆਂ ਠੰਡੀਆਂ ਛਾਵਾਂ।
ਢਾਬ ਤੇਰੀ ਦਾ ਗੰਧਲਾ ਪਾਣੀ,
ਉੱਤੋਂ ਬੂਰ ਹਟਾਵਾਂ।
ਸਭੇ ਸਹੇਲੀਆਂ ਸਹੁਰੇ ਗਈਆਂ,
ਕੀਹਨੂੰ ਹਾਲ ਸੁਣਾਵਾਂ।
ਚਿੱਠੀਆਂ ਬੇਰੰਗ ਭੇਜਦਾ,
ਕਿਹੜੀ ਛਉਣੀ 'ਚੋਂ ਲੁਆ ਲਿਆ ਨਾਵਾਂ।
ਪਿੱਪਲ ਦਾ ਰੁੱਖ ਬਹੁਤ ਭਾਰਾ ਹੁੰਦਾ ਹੈ। ਕਈ ਵੇਰ ਇਸ ਨੂੰ ਡਿੱਗਣ ਤੋਂ ਬਚਾਉਣ ਲਈ ਏਸ ਦੁਆਲੇ ਕੱਚੀ ਜਾਂ ਪੱਕੀ ਚੌਕੜੀ ਬਣਾ ਦਿੱਤੀ ਜਾਂਦੀ ਸੀ। ਕਿਉਂ ਜੋ ਪਿੱਪਲ ਦਾ ਰੁੱਖ ਜ਼ਿਆਦਾ ਪਿੰਡ ਵਿਚ, ਪਿੰਡ ਦੇ ਨੇੜੇ ਤੇ ਸਾਂਝੀਆਂ ਥਾਵਾਂ ਤੇ ਲਾਇਆ ਹੁੰਦਾ ਸੀ, ਏਸ ਲਈ ਇਹ ਚੌਕੜੀਆਂ ਬੈਠਣ ਦੇ ਕੰਮ ਵੀ ਆਉਂਦੀਆਂ ਸਨ। ਪਿੱਪਲ ਦਾ ਰੁੱਖ ਕਈ ਵੇਰ ਸੱਥ ਦਾ ਕੰਮ ਵੀ ਦਿੰਦਾ ਸੀ। ਪਿੱਪਲ ਦੁਆਲੇ ਬਣੀਆਂ ਚੌਕੜੀਆਂ ਲੱਗਦੀਆਂ ਵੀ ਸੋਹਣੀਆਂ ਸਨ। ਕਈ ਇਲਾਕਿਆਂ ਵਿਚ ਚੌਕੜੀਆਂ ਨੂੰ ਥੜੇ ਵੀ ਕਹਿੰਦੇ ਸਨ –
ਥੜਿਆਂ ਬਾਂਝ ਨਾ ਸੋਂਹਦੇ ਪਿੱਪਲ,
ਫੁੱਲਾਂ ਬਾਂਝ ਫੁਲਾਹੀਆਂ।