ਬਰੋਟੇ, ਪਿੱਪਲਾਂ ਤੇ ਹੋਰ ਰੁੱਖਾਂ ਤੋਂ ਬਿਨਾਂ ਤਾਂ ਪਿੰਡ ਵੀ ਸੋਹਣੇ ਨਹੀਂ ਲੱਗਦੇ ਸਨ-
ਰੁੱਖਾਂ ਬਾਂਝ ਨਾ ਸੋਂਹਦੀ ਨਗਰੀ,
ਭਾਵੇਂ ਲੱਖ ਹਵੇਲੀਆਂ ਖੜ੍ਹੀਆਂ।
ਬਰੋਟੇ ਦੇ ਰੁੱਖਾਂ ਤੇ ਕੁੜੀਆ ਤੀਆਂ ਸਮੇਂ ਪੀਘਾਂ ਪਾਉਂਦੀਆਂ ਸਨ। ਬਰੋਟੇ ਦੇ ਰੁੱਖਾਂ ਦੇ ਟਾਹਣਿਆਂ ਦਾ ਫੈਲਾਉ ਏਸ ਤਰ੍ਹਾਂ ਦਾ ਹੁੰਦਾ ਸੀ ਕਿ ਏਸ ਤੇ ਪੀਘਾਂ ਪਾਉਣੀਆਂ ਵੀ ਸੌਖੀਆਂ ਹੁੰਦੀਆਂ ਸਨ। ਪੀਘਾਂ ਦੀਆਂ ਹੀਂਘਾਂ ਚੜਾਉਣੀਆਂ ਵੀ ਸੌਖੀਆਂ ਹੁੰਦੀਆਂ ਸਨ-
ਮੇਰੇ ਯਾਰ ਨੇ ਬਰੋਟਾ ਲਾਇਆ,
ਪੀਂਘ ਪਾਵਾਂ ਉਸ ਦੇ ਉੱਤੇ।
ਅਸੀਂ ਆਮ ਜ਼ਿੰਦਗੀ ਵਿਚ ਸੱਚ ਝੂਠ ਦਾ ਫ਼ੈਸਲਾ ਕਰਨ ਲਈ ਕਿਸੇ ਦੇਵੀ, ਦੇਵਤੇ, ਗੁਰੂ ਦੀ ਸਹੁੰ ਪਵਾ ਕੇ ਫ਼ੈਸਲਾ ਕਰਦੇ ਹਾਂ। ਏਸੇ ਤਰ੍ਹਾਂ ਪਹਿਲੇ ਸਮਿਆਂ ਵਿਚ ਬਰੋਟੇ ਦੀ ਸਹੁ ਪਵਾ ਕੇ ਸੱਚ ਝੂਠ ਦੇ ਫ਼ੈਸਲੇ ਕੀਤੇ ਜਾਂਦੇ ਸਨ-
ਬੋਹੜ ਦਿਲਾਂ ਦੀਆਂ ਜਾਣੇ,
ਇਹਦੇ ਕੋਲ ਝੂਠ ਨਾ ਬਕੀਂ।
ਬਰੋਟੇ ਦੀਆਂ ਲਾਲ ਲਾਲ ਗੋਲ੍ਹਾਂ ਵੀ ਖਾਣ ਦੇ ਕੰਮ ਆਉਂਦੀਆਂ ਸਨ। ਹੁਣ ਬਰੋਟਾ ਬਹੁਤ ਘੱਟ ਪਿੰਡਾਂ ਵਿਚ ਮਿਲੇਗਾ।
ਨਿੰਮ: ਨਿੰਮ ਦਾ ਰੁੱਖ ਵੀ ਪੁਰਾਣੇ ਸਮਿਆਂ ਵਿਚ ਆਮ ਲਾਇਆ ਜਾਂਦਾ ਸੀ। ਨਿੰਮ ਦੇ ਰੁੱਖ ਦੇ ਫਲ, ਪੱਤੇ ਤੇ ਲੱਕੜ ਕਈ ਬੀਮਾਰੀਆਂ ਦੇ ਇਲਾਜ ਲਈ ਵਰਤੀ ਜਾਂਦੀ ਸੀ। ਫੋੜੇ ਵਾਲੇ ਜ਼ਖ਼ਮ ਨੂੰ ਨਿੰਮ ਦੇ ਉਬਾਲੇ ਪੱਤਿਆਂ ਨਾਲ ਧੋ ਕੇ ਦਵਾਈ ਲਾਣ ਨਾਲ ਫੋੜਿਆਂ ਨੂੰ ਛੇਤੀ ਆਰਾਮ ਆ ਜਾਂਦਾ ਸੀ। ਪੱਤਿਆਂ ਨੂੰ ਸੁਕਾ ਕੇ ਗਰਮ ਕੱਪੜਿਆਂ ਵਿਚ ਤੇ ਰੇਸ਼ਮੀ ਕੱਪੜਿਆਂ ਵਿਚ ਪਾਣ ਨਾਲ ਕੱਪੜਿਆਂ ਨੂੰ ਕੀੜਾ ਨਹੀਂ ਲੱਗਦਾ ਸੀ। ਨਿੰਮ ਦੀਆਂ ਨਮੋਲੀਆਂ ਦੀ ਕਈ ਦਵਾਈਆਂ ਵਿਚ ਵਰਤੋਂ ਹੁੰਦੀ ਸੀ। ਨਿੰਮ ਦੀ ਲੱਕੜ ਦਾ ਹੀ ਲੂਣ, ਮਿਰਚ, ਮਸਾਲਾ ਆਦਿ ਰਗੜਣ ਲਈ ਘੋਟਣਾ ਬਣਾਇਆ ਜਾਂਦਾ ਸੀ। ਲੂਣ, ਮਿਰਚ, ਮਸਾਲਾ ਆਦਿ ਨਿੱਤ ਰਗੜਣ ਕਰਕੇ ਘਟਣੇ ਦੀ ਲੱਕੜ ਦਾ ਕੁਝ ਅੰਸ਼ ਪਰਿਵਾਰ ਦੇ ਜੀਆਂ ਅੰਦਰ ਜਾਂਦਾ ਰਹਿੰਦਾ ਸੀ। ਜਿਹੜਾ ਕਈ ਬਿਮਾਰੀਆਂ ਤੋਂ ਬਚਾਉਂਦਾ ਸੀ। ਹੋਰ ਤਾਂ ਹੋਰ, ਜੇਕਰ ਕੋਈ ਅੜਬ ਸੱਸ ਆਪਣੀ ਨੂੰਹ ਨੂੰ ਤੰਗ ਕਰਨ ਨਹੀਂ ਹਟਦੀ ਸੀ, ਤਾਂ ਸੱਸ ਨੂੰ ਕੁੱਟਣ ਲਈ ਧੀਆਂ ਆਪਣੇ ਬਾਬਲ ਤੋਂ ਨਿੰਮ ਦੇ ਘੋਟਣੇ ਦੀ ਹੀ ਮੰਗ ਕਰਦੀਆਂ ਹੁੰਦੀਆਂ ਸਨ-
ਸੱਸ ਕੁੱਟਣੀ ਪੈਣੀ ਬਾਪੂ,
ਨਿੰਮ ਦਾ ਘੜਾ ਦੇ ਘੋਟਣਾ।