ਕਈ ਖੇਤੀ ਕਰਨ ਵਿਚ ਢਿੱਲੇ ਹੁੰਦੇ ਸਨ। ਵੇਲੇ ਸਿਰ ਵਾਹੀ ਨਹੀਂ ਕਰਦੇ ਸਨ, ਜਿਸ ਕਰ ਕੇ ਕਈ ਵੇਰ ਪਤੀ ਪਤਨੀ ਦਾ ਤਕਰਾਰ ਵੀ ਹੋ ਜਾਂਦਾ ਸੀ-
ਜੇ ਮੁੰਡਿਆ ਵੇ ਤੈਂ ਹਲ ਨੀ ਜੋੜਨਾ,
ਮੈਂ ਵੀ ਨੀ ਧਰਨੀ ਦਾਲ ਮੁੰਡਿਆ।
ਰੋਟੀ ਆਊ ਮਿਰਚਾਂ ਦੇ ਨਾਲ ਮੁੰਡਿਆ।
ਚਾਹੇ ਸਾਡੇ ਗੁਰੂਆਂ ਨੇ ਇਸਤਰੀਆਂ ਨੂੰ ਮੰਦਾ ਕਹਿਣ ਤੋਂ ਵਰਜਿਆ ਹੈ, ਫੇਰ ਵੀ ਪੁਰਾਣੇ ਸਮਿਆਂ ਵਿਚ ਇਸਤਰੀਆਂ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ। ਉਸ ਨੂੰ ਨਿਗੂਣੀ ਜਿਹੀ ਗਲਤੀ ਤੇ ਡੰਗਰਾਂ ਦੀ ਤਰ੍ਹਾਂ ਪੰਜਾਲੀ ਦੇ ਹੱਥ ਨਾਲ ਹੀ ਕੁੱਟ ਦਿੱਤਾ ਜਾਂਦਾ ਸੀ-
ਮੁੱਕੀ ਨਾ ਮਾਰਦਾ, ਧੱਫਾ ਨਾ ਮਾਰਦਾ,
ਮਾਰਦਾ ਪੰਜਾਲੀ ਵਾਲਾ ਹੱਥਾ।
ਪੰਜਾਲੀ ਟੁੱਟ ਜਾਊਗੀ,
ਮੂਰਖਾ ਵੇ ਜੱਟਾ।
ਪੁਰਾਣੇ ਸਮਿਆਂ ਵਿਚ ਹਰ ਘਰ ਵਿਚ ਛੜੇ ਰਹਿਣ ਕਰ ਕੇ ਤੇ ਛੜਿਆਂ ਦੇ ਨਿੱਤ ਦੇ ਕਲੇਸ਼ ਨੂੰ ਨਬੇੜਨ ਲਈ ਅੱਡ ਕਰਨਾ ਪੈਂਦਾ ਸੀ। ਜਿਸ ਕਰ ਕੇ ਕਈ ਵੇਰ ਛੜੇ ਦੇ ਹਿੱਸੇ ਪੂਰਾ ਹਲ ਆਉਣ ਦੀ ਥਾਂ ਚਊ ਹੀ ਆਉਂਦਾ ਹੁੰਦਾ ਸੀ-
ਰੰਨਾਂ ਵਾਲਿਆਂ ਨੇ ਲੈ ਲਏ
ਹਲ ਤੇ ਪੰਜਾਲੀ
ਛੜੇ ਦੇ ਹਿੱਸੇ ਚਊ।
ਛੜੇ ਦਾ ਚੀਕ ਚਿੰਘਾੜਾ ਪਊ।
ਉਨ੍ਹਾਂ ਸਮਿਆਂ ਵਿਚ ਆਮ ਪਰਿਵਾਰ ਇਕ ਹਲ ਨਾਲ ਹੀ ਖੇਤੀ ਕਰਦੇ ਸਨ। ਇਸ ਲਈ ਅੱਡ ਹੋਣ ਸਮੇਂ ਜਿਸ ਭਾਈ ਨੂੰ ਹਲ ਪੰਜਾਲੀ ਹਿੱਸੇ ਵਿਚ ਨਹੀਂ ਆਉਂਦੀ ਸੀ ਤਾਂ ਉਸ ਦੇ ਘਰ ਵਾਲੀ ਆਪਣੇ ਬਾਬਲ ਤੋਂ ਹਲ ਪੰਜਾਲੀ ਦੀ ਮੰਗ ਕਰਦੀ ਹੁੰਦੀ ਸੀ-
ਇਕ ਹਲ ਲੈ ਦੇ,
ਪੰਜਾਲੀ ਲੈ ਦੇ ਘੁੰਗਰੂਆਂ ਵਾਲੀ,
ਬਾਪੂ ਵੇ! ਮੈਂ ਅੱਡ ਹੁੰਨੀਆਂ।
ਹੁਣ ਮੈਂ ਤੁਹਾਨੂੰ ਹਲ ਦੀ ਬਣਤਰ ਬਾਰੇ ਦੱਸਣ ਲੱਗਿਆਂ ਹਾਂ। ਉਸ ਸਮੇਂ ਦੇਸੀ ਹਲ ਹੁੰਦੇ ਸਨ। ਹਲ ਦੇ ਪਿਛਲੇ ਹਿੱਸੇ ਨੂੰ ਮੁੰਨਾ ਕਹਿੰਦੇ ਸਨ। ਮੁੰਨਾ ਉਪਰ ਤੋਂ ਪਤਲਾ ਤੇ ਹੇਠਾਂ ਨੂੰ ਮੋਟਾ ਹੁੰਦਾ ਜਾਂਦਾ ਸੀ। ਮੁੰਨੇ ਦੇ ਉਪਰਲੇ ਹਿੱਸੇ ਵਿਚ ਹੱਥੀ ਲੱਗੀ ਹੁੰਦੀ ਸੀ। ਏਸ ਹੱਥੀ ਨੂੰ ਫੜ ਕੇ ਹੀ ਹਲ ਚਲਾਇਆ ਜਾਂਦਾ ਸੀ। ਮੁੰਨੇ ਦੇ ਹੇਠਲੇ ਹਿੱਸੇ ਵਿਚ ਇਕ ਬੜਾ ਸੁਰਾਖ਼ ਹੁੰਦਾ ਸੀ, ਜਿਸ ਵਿਚ ਹੱਲ ਪਾਈ ਹੁੰਦੀ ਸੀ। ਹਲ ਦੇ
ਅਗਲੇ ਹਿੱਸੇ ਦੇ ਸਹਾਰੇ ਬਲਦ ਹਲ ਨੂੰ ਖਿੱਚਦੇ ਸਨ, ਉਸ ਨੂੰ ਹੱਲ ਕਹਿੰਦੇ ਸਨ। ਜਿੱਥੇ ਮੁੰਨੇ ਵਿਚ ਹੱਲ ਪਾਈ ਹੁੰਦੀ ਸੀ, ਉਥੇ ਇਕ ਲੱਕੜ ਦਾ ਫਾਨਾ ਦਿੱਤਾ ਹੁੰਦਾ ਸੀ, ਜਿਸ ਨੂੰ ਓਗ ਕਹਿੰਦੇ ਸਨ। ਇਹ ਓਗ ਹਲ ਨੂੰ ਡੂੰਘਾ ਵਾਹੁਣ ਜਾਂ ਘੱਟ ਡੂੰਘਾ ਵਾਹੁਣ ਲਈ ਕਰਨ ਲਈ ਵਰਤੀ ਜਾਂਦੀ ਸੀ। ਹਲ ਦੇ ਅਗਲੇ ਹਿੱਸੇ ਵਿਚ ਤਿੰਨ ਚਾਰ ਗਲੀਆਂ ਕੱਢੀਆਂ ਹੁੰਦੀਆਂ ਸਨ। ਇਹ ਗਲੀਆਂ ਬਲਦਾਂ ਦੇ ਗਲ ਪਾਈ ਪੰਜਾਲੀ ਵਿਚ ਪਾਏ ਰੱਸੇ ਨੂੰ ਹਲ ਨਾਲ ਪਾ ਕੇ ਐਡਜਸਟ ਕਰਨ ਲਈ ਵਰਤੋਂ ਵਿਚ ਆਉਂਦੀਆਂ ਸਨ। ਬਲਦਾਂ ਉਪਰ ਪੰਜਾਲੀ ਪਾਈ ਹੁੰਦੀ ਸੀ। ਪੰਜਾਲੀ ਵਿਚ ਦੀ ਰੱਸਾ ਪਾ ਕੇ ਹਲ ਵਿਚ ਪਾਈ ਕੀਲੀ ਵਿਚ ਪਾਇਆ ਹੁੰਦਾ ਸੀ। ਏਸ ਰੱਸੇ ਨੂੰ ਹਲਨਾੜੀ ਕਹਿੰਦੇ ਸਨ। ਏਸ ਤਰ੍ਹਾਂ ਬਲਦ ਹੱਲ ਨੂੰ ਖਿੱਚ ਕੇ ਜ਼ਮੀਨ ਦੀ ਵਾਹੀ ਕਰਦੇ ਹੁੰਦੇ ਸਨ।
ਮੁੰਨੇ ਦੇ ਸਭ ਤੋਂ ਹੇਠਲੇ ਹਿੱਸੇ ਵਿਚ ਇਕ ਹੋਰ ਸੁਰਾਖ਼ ਹੁੰਦਾ ਸੀ। ਇਸ ਵਿਚ ਲੱਕੜ ਦਾ ਤਿੱਖਾ ਚਊ ਪਾਇਆ ਹੁੰਦਾ ਸੀ। ਏਸ ਚਊ ਵਿਚ ਲੋਹੇ ਦਾ ਫਾਲਾ ਪਾਇਆ ਹੁੰਦਾ ਸੀ। ਲੋਹੇ ਦੇ ਫਾਲੇ ਨੂੰ ਪਾਉਣ ਲਈ ਲੱਕੜ ਦੇ ਚਊ ਵਿਚ ਇਕ ਲੋਹੇ ਦੀ ਗੋਲ ਪੱਤਰੀ ਲੱਗੀ ਹੁੰਦੀ ਸੀ, ਜਿਸ ਪੱਤਰੀ ਨੂੰ ਕੁੰਡੀ ਕਹਿੰਦੇ ਸਨ। ਇਹ ਲੋਹੇ ਦਾ ਫਾਲਾ ਹੀ ਧਰਤੀ ਵਾਹੁੰਦਾ ਸੀ।
ਇਹ ਸੀ ਉਸ ਸਮੇਂ ਦੇ ਹਲ ਦੀ ਬਣਤਰ। ਉਸ ਤੋਂ ਪਿੱਛੋਂ ਤਾਂ ਹਲਾਂ ਦੀਆਂ ਹੋਰ ਕਈ ਕਿਸਮਾਂ ਬਣ ਗਈਆਂ ਸਨ। ਹੁਣ ਮੈਂ ਤੁਹਾਨੂੰ ਪੰਜਾਲੀ ਦੀ ਬਣਤਰ ਬਾਰੇ ਦੱਸਦਾ ਹਾਂ।
ਪੰਜਾਲੀ ਦੋ ਲੱਕੜਾਂ ਨੂੰ ਜੋੜ ਕੇ ਬਣਾਈ ਹੁੰਦੀ ਸੀ। ਉਪਰਲੀ ਲੱਕੜ ਮੋਟੀ ਹੁੰਦੀ ਸੀ, ਹੇਠਲੀ ਪਤਲੀ। ਇਨ੍ਹਾਂ ਦੋਵਾਂ ਲੱਕੜਾਂ ਨੂੰ ਦੋ ਥਾਂ 'ਤੇ ਡੰਡੇ ਲਾ ਕੇ ਜੋੜਿਆ ਹੁੰਦਾ ਸੀ। ਇਨ੍ਹਾਂ ਡੰਡਿਆਂ ਨੂੰ ਥੰਮੇ ਕਹਿੰਦੇ ਸਨ। ਉਪਰਲੀ ਮੋਟੀ ਲੱਕੜ ਨੂੰ ਜੂਲਾ ਕਹਿੰਦੇ ਸਨ। ਹੇਠਲੀ ਲੱਗੀ ਪਤਲੀ ਲੱਕੜ ਨੂੰ ਤਲਵਟੀ ਕਹਿੰਦੇ ਸਨ। ਜੂਲੇ ਦੇ ਦੋਵੇਂ ਸਿਰੇ ਜ਼ਿਆਦਾ ਮੋਟੇ ਹੁੰਦੇ ਸਨ ਤੇ ਸਾਈਡਾਂ ਥੋੜੀਆਂ ਗੋਲ ਜਿਹੀਆਂ ਕੀਤੀਆਂ ਹੁੰਦੀਆਂ ਸਨ। ਵਿਚਾਲੇ ਵਾਲਾ ਹਿੱਸਾ ਸਾਈਡਾਂ ਨਾਲੋਂ ਥੋੜ੍ਹਾ ਪਤਲਾ ਹੁੰਦਾ ਸੀ। ਏਸ ਜੂਲੇ ਦੇ ਅਖ਼ੀਰ ਦੇ ਦੋਵੇਂ ਪਾਸਿਆਂ ਤੇ ਸੁਰਾਖ਼ ਹੁੰਦੇ ਸਨ। ਇਨ੍ਹਾਂ ਸੁਰਾਖਾਂ ਵਿਚ ਅਰਲੀਆਂ ਪਾਈਆਂ ਜਾਂਦੀਆਂ ਸਨ। ਲੱਕੜ ਦੇ ਡੇਢ ਕੁ ਫੁੱਟ ਲੰਮੇ ਡੰਡੇ ਨੂੰ, ਜਿਸ ਦਾ ਉਪਰਲਾ ਹਿੱਸਾ ਥੋੜ੍ਹਾ ਮੋਟਾ ਹੁੰਦਾ ਸੀ, ਅਰਲੀ ਕਹਿੰਦੇ ਸਨ। ਬਲਦਾਂ ਨੂੰ ਜੂਲੇ ਹੇਠ ਜੋੜਿਆ ਜਾਂਦਾ ਸੀ। ਜੂਲੇ ਵਿਚ ਅਰਲੀਆਂ ਪਾ ਦਿੱਤੀਆਂ ਜਾਂਦੀਆਂ ਸਨ। ਇਹ ਅਰਲੀਆਂ ਹੀ ਬਲਦਾਂ ਨੂੰ ਜੂਲੇ ਤੋਂ ਬਾਹਰ ਨਹੀਂ ਨਿਕਲਣ ਦਿੰਦੀਆਂ ਸਨ। ਏਸ ਤਰ੍ਹਾਂ ਪੰਜਾਲੀ ਬਣਦੀ ਸੀ। ਪੰਜਾਲੀ ਵਿਚ ਬਲਦ ਜੋੜੇ ਜਾਂਦੇ
ਸਨ। ਪੰਜਾਲੀ ਨੂੰ ਹਲਨਾੜੀ ਨਾਲ ਹਲ ਨਾਲ ਜੋੜਿਆ ਜਾਂਦਾ ਸੀ। ਪੰਜਾਲੀ ਇਕ ਕਿਸਮ ਦਾ ਬਲਦਾਂ ਨੂੰ ਕੰਟਰੋਲ ਕਰਨ ਵਾਲਾ ਖੇਤੀ ਸੰਦ ਸੀ।
ਪੰਜਾਲੀ ਦੀ ਵਰਤੋਂ ਅਖਾਣਾਂ ਵਿਚ ਵੀ ਕੀਤੀ ਜਾਂਦੀ ਹੈ। ਜਦ ਕਿਸੇ ਕੁਆਰੇ ਅਵਾਰਾ ਫਿਰਨ ਵਾਲੇ ਮੁੰਡੇ ਨੂੰ ਕਾਬੂ ਕਰਨਾ ਹੋਵੇ ਤਾਂ ਉਸ ਲਈ ਅਖਾਣ ਵਰਤਿਆ ਜਾਂਦਾ ਹੈ –
'ਤੇਰੇ ਗਲ ਵਿਚ ਪੰਜਾਲੀ ਪਾਉਣੀ ਪੈਣੀ ਹੈ।
ਇਹ ਸੀ ਪੰਜਾਲੀ ਤੇ ਹਲ ਦੀ ਬਣਤਰ ਤੇ ਇਨ੍ਹਾਂ ਦਾ ਕਰਤਵ।
ਹੁਣ ਸਾਰੀ ਖੇਤੀ ਦਾ ਮਸ਼ੀਨੀਕਰਨ ਹੋ ਗਿਆ ਹੈ। ਖੇਤੀ ਵੀ ਹੁਣ ਵਿਉਪਾਰ ਬਣ ਗਈ ਹੈ। ਬਲਦਾਂ ਨਾਲ ਹਲ ਵਾਹੁਣਾ ਹੁਣ ਲਾਹੇਵੰਦ ਨਹੀਂ ਰਿਹਾ। ਹੁਣ ਕੋਈ ਕੋਈ ਜ਼ਿਮੀਂਦਾਰ ਹੀ ਤੁਹਾਨੂੰ ਜ਼ਮੀਨ ਦੇ ਕੋਈ ਛੋਟੇ ਮੋਟੇ ਟੁਕੜੇ ਨੂੰ ਹਲ ਨਾਲ ਵਾਹੁੰਦਾ ਮਿਲੇਗਾ। ਹੁਣ ਪੰਜਾਲੀ ਤੇ ਹਲ ਦੀ ਵਰਤੋਂ ਨਾਮਾਤਰ ਰਹਿ ਗਈ ਹੈ।
0
ਹੱਥ ਟੋਕਾ
ਜਦੋਂ ਖੇਤੀ ਮੁੱਢਲੇ ਦੌਰ ਵਿਚ ਸੀ, ਉਸ ਸਮੇਂ ਖਾਣ ਲਈ ਮੋਟੇ ਅਨਾਜ ਜਿਵੇਂ ਜੁਆਰ, ਬਾਜਰੇ ਦੀਆਂ ਫ਼ਸਲਾਂ ਹੀ ਹੁੰਦੀਆਂ ਸਨ। ਜ਼ਿਮੀਂਦਾਰ ਉਨ੍ਹਾਂ ਸਮਿਆਂ ਵਿਚ ਰੱਬ ਅੱਗੇ ਮੀਂਹ ਪਾਉਣ ਦੀ ਅਰਦਾਸ ਕਰਕੇ ਹੋਏ ਵੀ ਕਹਿੰਦੇ ਹੁੰਦੇ ਸਨ-
ਮੀਂਹ ਪਾ ਦੇ, ਲਾ ਦੇ ਝੜੀਆਂ,
ਬੀਜ ਲਈਏ ਜੁਆਰ, ਬਾਜਰਾ।
ਜੁਆਰ ਨੂੰ ਚਰ੍ਹੀ ਵੀ ਕਹਿੰਦੇ ਸਨ। ਜੁਆਰ/ਚਰੀ, ਬਾਜਰੇ ਦੀਆਂ ਹਰੀਆਂ ਫ਼ਸਲਾਂ ਨੂੰ ਪਸ਼ੂਆਂ ਦੇ ਚਾਰੇ ਵਜੋਂ ਵੀ ਵਰਤਿਆ ਜਾਂਦਾ ਸੀ। ਜਦ ਇਹ ਫਸਲਾਂ ਪੱਕ ਜਾਂਦੀਆਂ ਸਨ, ਛਿੱਟੇ ਆ ਜਾਂਦੇ ਸਨ ਤਾਂ ਕਈ ਵੇਰ ਤਾਂ ਖੜ੍ਹੀਆਂ ਫਸਲਾਂ ਦੇ ਛਿੱਟੇ ਤੋੜ ਲੈਂਦੇ ਸਨ। ਖੜ੍ਹੀ ਰਹੀ ਫ਼ਸਲ ਨੂੰ ਵੱਢ ਕੇ ਪਸ਼ੂਆਂ ਦੇ ਚਾਰੇ ਲਈ ਵਰਤਦੇ ਰਹਿੰਦੇ ਸਨ। ਕਈ ਵੇਰ ਇਨ੍ਹਾਂ ਪੱਕੀਆਂ ਫਸਲਾਂ ਨੂੰ ਵੱਢ ਲੈਂਦੇ ਸਨ। ਫੇਰ ਛਿੱਟੇ ਤੋੜਦੇ ਸਨ। ਛਿੱਟੇ ਤੋੜਨ ਤੋਂ ਪਿੱਛੋਂ ਜੁਆਰ ਤੇ ਬਾਜਰੇ ਦੀਆਂ ਛੋਟੀਆਂ ਪੂਲੀਆਂ ਬੰਨ੍ਹ ਕੇ ਇਕ ਥਾਂ 'ਕੱਠੀਆਂ ਕਰ ਲੈਂਦੇ ਸਨ। ਛਿੱਟਿਆਂ ਵਿਚੋਂ ਦਾਣੇ ਕੱਢ ਕੇ ਚੱਕੀ ਨਾਲ ਪੀਹ ਕੇ ਆਟਾ ਬਣਾ ਲੈਂਦੇ ਸਨ। ਉਨ੍ਹਾਂ ਸਮਿਆਂ ਵਿਚ ਸਾਬਤ ਜੁਆਰ, ਬਾਜਰਾ, ਮੂੰਗੀ, ਮੋਠਾਂ ਦੀ ਖਿਚੜੀ ਬਣਾ ਕੇ ਖਾਣ ਦਾ ਰਿਵਾਜ ਵੀ ਸੀ।