ਲੱਕੜ ਦੀ ਉੱਖਲੀ ਤੋਂ ਧਰਤੀ ਦੇ ਉੱਪਰ ਰੱਖ ਕੇ ਕੰਮ ਲਿਆ ਜਾਂਦਾ ਸੀ। ਸੀਮਿੰਟ ਦੀ ਉੱਖਲੀ ਤਾਂ ਧਰਤੀ ਵਿਚ ਹੀ ਬਣੀ ਹੁੰਦੀ ਸੀ। ਲੱਕੜ ਦੀ ਉੱਖਲੀ ਬਣਾਉਣ ਲਈ ਕਾਫ਼ੀ ਮੋਟੀ ਸਾਰੀ ਤਿੰਨ ਕੁ ਫੁੱਟ ਲੰਮੀ ਲੱਕੜ ਲਈ ਜਾਂਦੀ ਸੀ। ਏਸ ਲੱਕੜ ਦੀ ਲੰਬਾਈ ਵਾਲੇ ਇਕ ਪਾਸੇ ਸਿਰ ਦੇ ਵਿਚਾਲੇ ਫੁੱਟ/ਡੇਢ ਕੁ ਫੁੱਟ ਡੂੰਘੀ ਖੇਡ ਬਣਾਈ ਜਾਂਦੀ ਸੀ। ਇਹ ਖੇਡ ਉਪਰੋਂ ਜ਼ਿਆਦਾ ਚੌੜੀ ਹੁੰਦੀ ਸੀ। ਜਿਉਂ ਜਿਉਂ ਹੇਠਾਂ ਨੂੰ ਜਾਂਦੀ ਸੀ, ਤਿਉਂ ਤਿਉਂ ਘੱਟ ਚੌੜੀ ਹੁੰਦੀ ਸੀ। ਘੱਟ ਚੌੜੀ ਏਸ ਕਰ ਕੇ ਰੱਖੀ ਜਾਂਦੀ ਸੀ, ਕਿਉਂ ਜੋ ਮੋਹਲੇ ਦਾ ਸਿਰਾ ਪਤਲਾ ਹੁੰਦਾ ਸੀ। ਜਦ ਮੋਹਲੇ ਨਾਲ ਸੱਟ ਮਾਰੀ ਜਾਂਦੀ ਸੀ ਤਾਂ ਉੱਖਲੀ ਦੇ ਹੇਠਾਂ ਤੱਕ ਪਾਈ ਵਸਤ ਆਸਾਨੀ ਨਾਲ ਕੁੱਟੀ ਜਾਂਦੀ ਸੀ। ਉੱਖਲੀ ਦੇ ਬਾਹਰਲੇ ਹਿੱਸੇ ਨੂੰ ਵੀ ਗੋਲ ਕੀਤਾ ਜਾਂਦਾ ਸੀ।
ਸੀਮਿੰਟ ਦੀ ਉੱਖਲੀ ਬਣਾਉਣ ਲਈ ਦੋ ਕੁ ਫੁੱਟ ਡੂੰਘਾ ਟੋਆ ਪੁੱਟਿਆ ਜਾਦਾ ਸੀ। ਏਸ ਟੋਏ ਵਿਚ ਸੀਮਿੰਟ ਤੇ ਇੱਟਾਂ ਨਾਲ ਉੱਖਲੀ ਬਣਾਈ ਜਾਂਦੀ ਸੀ। ਇਹ ਉੱਖਲੀ ਵੀ ਉਪਰੋਂ ਵੱਧ ਚੌੜੀ ਤੇ ਹੇਠੋਂ ਘੱਟ ਚੌੜੀ ਹੁੰਦੀ ਸੀ। ਪੱਥਰ ਦੀਆਂ ਬਣੀਆਂ ਬਣਾਈਆਂ ਉੱਖਲੀਆਂ ਨੂੰ ਧਰਤੀ ਵਿਚ ਗੱਡ ਕੇ ਵੀ ਵਰਤਿਆ ਜਾਂਦਾ ਸੀ ਤੇ ਧਰਤੀ ਉਪਰ ਰੱਖ ਕੇ ਵੀ ਵਰਤਿਆ ਜਾਂਦਾ ਸੀ। ਉੱਖਲੀ ਸਬੰਧੀ ਅਖਾਣ ਹੈ –
'ਘਰ ਦਾਣੇ ਨਹੀਂ, ਉੱਖਲੀ ਉੱਤੇ ਡਾਂਗੋ ਡਾਂਗੀ।'
ਉੱਖਲੀ ਵਿਚ ਪਾਈ ਵਸਤ ਨੂੰ ਕੁੱਟਣ ਲਈ ਲੱਕੜ ਦਾ ਮੋਹਲਾ ਬਣਾਇਆ ਹੁੰਦਾ ਸੀ। ਜਿਹੜੀਆਂ ਉੱਖਲੀਆਂ ਧਰਤੀ ਵਿਚ ਬਣੀਆਂ ਹੁੰਦੀਆਂ ਸਨ, ਉਨ੍ਹਾਂ ਵਿਚ ਪਾਈ ਵਸਤ ਨੂੰ ਧਰਤੀ ਤੇ ਬੈਠ ਕੇ ਕੁੱਟਿਆ ਜਾਂਦਾ ਸੀ। ਜਿਹੜੀ ਲੱਕੜ ਦੀ ਉੱਖਲੀ ਧਰਤੀ ਦੇ ਉਪਰ ਰੱਖੀ ਹੁੰਦੀ ਸੀ, ਉਸ ਵਿਚ ਪਾਈ ਵਸਤ ਨੂੰ ਖੜ੍ਹ ਕੇ ਕੁੱਟਿਆ ਜਾਂਦਾ ਸੀ। ਮੋਹਲਾ ਕੋਈ ਚਾਰ ਕੁ ਫੁੱਟ ਲੰਮੀ ਪਤਲੀ ਲੱਕੜ ਦਾ ਬਣਾਇਆ