ਦੋਸਤੀ ਦੀ ਮਰਿਆਦਾ ਨੂੰ ਨਿਭਾਉਂਦਿਆਂ, ਬਹੁਤ ਹੀ ਸੁਹਿਰਦਤਾ ਨਾਲ ਉਹ ਸਭ ਕਹਿਣ ਦੀ ਕੋਸ਼ਿਸ਼ ਕੀਤੀ ਹੈ ਜੋ ਮਹਿਸੂਸ ਕੀਤਾ ਹੈ।
ਅੰਮ੍ਰਿਤਾ ਜੀ ਲਈ ਬਚਪਨ ਤੋਂ ਹੀ ਮੇਰੇ ਦਿਲ ਵਿਚ ਇੱਜ਼ਤ ਸੀ, ਜਿਹੜੀ ਉਹਨਾਂ ਨੂੰ ਮਿਲਣ ਤੋਂ ਪਿੱਛੋਂ ਦੋਸਤੀ ਅਤੇ ਡੂੰਘੇ ਸਤਿਕਾਰ ਵਿਚ ਬਦਲ ਗਈ। ਮੈਂ ਉਹਨਾਂ ਨੂੰ ਇਕ ਦੋਸਤ, ਇਕ ਲੇਖਕਾ, ਇਕ ਮਾਰਗ-ਦਰਸ਼ਕ, ਇਕ ਸੁਹਿਰਦ ਸਲਾਹਕਾਰ ਦੇ ਰੂਪ ਵਿਚ ਜਾਣਿਆਂ, ਪਛਾਣਿਆਂ ਅਤੇ ਮਹਿਸੂਸ ਕੀਤਾ।
ਇਸ ਕਿਤਾਬ ਦੀ ਸਿਰਜਣਾ ਵਿਚ ਸਿੱਧੇ ਅਤੇ ਅਸਿੱਧੇ ਰੂਪ ਵਿਚ ਕਈ ਲੋਕਾਂ ਦੀਆਂ ਕੋਸ਼ਿਸ਼ਾਂ, ਹਿੰਮਤ-ਅਫ਼ਜ਼ਾਈ ਅਤੇ ਸਹਿਯੋਗ ਸ਼ਾਮਲ ਹੈ।
ਮੈਂ ਆਪਣੇ ਰੇਕੀ ਗੁਰੂ ਡਾਕਟਰ ਨਲਿਨ ਨਰੂਲਾ ਅਤੇ ਸ੍ਰੀਮਤੀ ਰੇਣੂ ਨਰੂਲਾ ਦੀ ਅਤੀ ਧੰਨਵਾਦੀ ਹਾਂ। ਜਦੋਂ ਵੀ ਮੈਨੂੰ ਇਸਤਰ੍ਹਾਂ ਮਹਿਸੂਸ ਹੋਇਆ ਕਿ ਅੰਮ੍ਰਿਤਾ ਜੀ ਦੇ ਇਲਾਜ ਵਿਚ ਮੈਨੂੰ ਆਪਣੇ ਗੁਰੂਆਂ ਦੀ ਸਹਾਇਤਾ ਦੀ ਲੋੜ ਹੈ ਤਾਂ ਰੇਣੂ ਜੀ ਮੇਰੀ ਬੇਨਤੀ ਉੱਤੇ ਕਈ ਵਾਰ ਉਹਨਾਂ ਨੂੰ ਵੇਖਣ ਆਏ। ਉਹ ਮੇਰਾ ਮਾਰਗ-ਦਰਸ਼ਨ ਕਰਦੇ ਰਹੇ ਤੇ ਮੈਨੂੰ ਹੌਸਲਾ ਵੀ ਦਿੰਦੇ ਰਹੇ।
ਕਿਤਾਬ ਦੇ ਕੰਮ ਨੂੰ ਪੂਰਾ ਕਰਨ ਵਿਚ ਮੇਰੀ ਧੀ ਸੋਮਿਆ ਦਾ ਬਹੁਤ ਯੋਗਦਾਨ ਹੈ। ਆਪਣੀ ਪੀ-ਐੱਚ.ਡੀ. ਦੀ ਪੜ੍ਹਾਈ ਵਿਚ ਰੁੱਝੇ ਹੋਣ ਦੇ ਬਾਵਜੂਦ ਉਹ ਉਥੇ ਵਿਦੇਸ਼ ਵਿਚ ਬੈਠੀ ਮੈਨੂੰ ਪ੍ਰੇਰਤ ਅਤੇ ਉਤਸ਼ਾਹਿਤ ਕਰਦੀ ਰਹੀ। ਮੇਰੇ ਪਤੀ ਡਾ. ਤ੍ਰਿਲੋਕ ਨੇ ਖਰੜੇ ਨੂੰ ਸੁਧਾਰਨ ਲਈ ਪਰਖ-ਪੜਚੋਲ ਕਰਨ ਵਿਚ ਮੇਰੀ ਬਹੁਤ ਸਹਾਇਤਾ ਕੀਤੀ।
ਮੈਂ ਅਹਿਸਾਨਮੰਦ ਹਾਂ ਆਪਣੀ ਸ਼ਾਇਰਾ ਦੋਸਤ ਤਰੱਨੁੰਮ ਰਿਆਜ਼ ਦੀ ਅਤੇ ਲੇਖਕ-ਕਵੀ ਰਖ਼ਸ਼ਤ ਪੁਰੀ, ਇੰਦਰ ਬੱਤਰਾ 'ਸਾਹਿਲ ਅਤੇ ਜੈਪਾਲ ਨਾਂਗੀਆ ਦੀ, ਜਿਨ੍ਹਾਂ ਗਾਹੇ-ਬਗਾਹੇ ਮੇਰਾ ਹੌਸਲਾ ਵਧਾਇਆ।
ਅਸਲ ਵਿਚ ਜਿਸ ਸ਼ਖਸ ਦੀ ਬਦੌਲਤ ਇਹ ਕਿਤਾਬ ਤਾਮੀਰ ਹੋ ਸਕੀ ਹੈ, ਉਹ ਹੈ ਇਮਰੋਜ਼ ! ਉਹਨਾਂ ਇਕ ਵਾਰ ਕਿਹਾ ਸੀ :
''ਰੱਬ ਨੇ ਬੰਦੇ ਬਣਾਏ ਤੇ ਬੰਦਿਆਂ ਨੇ ਦੋਸਤੀਆਂ। ਮੇਰੀ ਅਤੇ ਅੰਮ੍ਰਿਤਾ, ਦੋਹਾਂ ਦੀ ਦੋਸਤ ਹੈ ਉਮਾ। ਸਾਡਾ ਨੇੜੇ ਦਾ ਦੋਸਤ ਉਹ ਹੈ ਜਿਸ ਦੇ ਕੋਲ ਹੋਣ ਦਾ ਅਸੀਂ ਪੂਰਾ ਆਨੰਦ ਲੈਂਦੇ ਹਾਂ। ਸਾਡੀਆਂ ਗੱਲਾਂ-ਬਾਤਾਂ ਅਤੇ ਸੁਣਨ-ਸੁਨਾਉਣ ਦਾ ਸਿਲਸਿਲਾ ਚਲਦਾ ਰਹਿੰਦਾ ਹੈ, ਟੈਲੀਫ਼ੋਨ ਉੱਤੇ ਵੀ ਤੇ ਮਿਲ ਕੇ ਵੀ। ਦੋਸਤੀ ਦਾ ਵੀ ਇਕ ਦਰਿਆ ਹੁੰਦਾ ਹੈ ਜਿਹੜਾ ਦੋਸਤਾਂ ਨੂੰ ਜਰਖੇਜ਼ ਕਰਦਾ ਰਹਿੰਦਾ ਹੈ।"
ਇਮਰੋਜ਼ ਖ਼ੁਦ ਇਕ ਖੁਲ੍ਹੀ ਕਿਤਾਬ ਹੈ। ਉਹ ਹਸਦੇ-ਹਸਦੇ ਗੱਲਾਂ ਕਰਦੇ ਆਪਣੇ ਜਜ਼ਬਾਤ ਤੇ ਤਜ਼ਰਬੇ ਖੁਲ੍ਹੇ ਦਿਲ ਨਾਲ ਵੰਡਦੇ ਰਹੇ, ਚਾਹ ਦੇ ਪਿਆਲੇ ਉੱਤੇ, ਜਿਹੜੀ ਆਮਤੌਰ ਉੱਤੇ ਉਹ ਖੁਦ ਹੀ ਬਣਾਉਂਦੇ ਸਨ। ਪੁੱਛਣ ਉੱਤੇ ਉਹ ਆਪਣੀਆਂ ਤਸਵੀਰਾਂ ਬਾਰੇ ਵੀ ਤਪਸਰਾ ਕਰਦੇ। ਜਦੋਂ ਕਦੀ ਵੀ ਮੈਂ ਉਹਨਾਂ ਨੂੰ ਕੋਈ ਨਿੱਜੀ ਸੁਆਲ ਪੁੱਛਿਆ, ਤਾਂ ਵੀ ਉਹ ਬਿਨਾਂ ਝਿਜਕ ਜੁਆਬ ਦਿੰਦੇ ਰਹੇ।