ਤੇਈ
ਇਕ ਦਿਨ ਜਦੋਂ ਮੈਂ ਅੰਮ੍ਰਿਤਾ ਹੁਰਾਂ ਵੱਲ ਸਾਂ, ਤਾਂ ਉਸ ਵੇਲੇ ਇਮਰੋਜ਼ ਦੇ ਕਮਰੇ ਵਿਚ ਏਅਰ-ਕੰਡੀਸ਼ਨਰ ਫਿੱਟ ਹੋ ਰਿਹਾ ਸੀ। ਰੌਲੇ ਤੋਂ ਬਚਣ ਲਈ ਉਹ ਅੰਮ੍ਰਿਤਾ ਦੇ ਕਮਰੇ ਵਿਚ ਆ ਗਏ ਤੇ ਬਚਪਨ ਦੀ ਕੋਈ ਗੱਲ ਸੁਣਾਉਣ ਲੱਗ ਪਏ। ਉਹ ਕਹਿ ਰਹੇ ਸੀ, "ਜਦੋਂ ਮੈਂ ਲਾਹੌਰ ਦੇ ਆਰਟ ਸਕੂਲ ਵਿਚ ਪੜ੍ਹਦਾ ਸਾਂ ਤਾਂ ਉਨ੍ਹੀਂ ਦਿਨੀ ਗਰਮੀਆਂ ਦੀਆਂ ਛੁੱਟੀਆਂ ਕੱਟਣ ਲਈ ਆਪਣੇ ਪਿੰਡ ਚਲਿਆ ਜਾਂਦਾ ਸਾਂ। ਉਥੇ ਮੈਂ ਵੱਗ ਚਰਾਉਣ ਚਲਿਆ ਜਾਂਦਾ ਤੇ ਆਰਾਮ ਨਾਲ ਇਕ ਪਾਸੇ ਬੈਠ ਕੇ ਸਕੈੱਚ ਬਣਾਉਂਦਾ ਰਹਿੰਦਾ ਅਤੇ ਗਾਵਾਂ-ਮੱਝਾਂ ਖ਼ੁਦ ਹੀ ਘਾਹ ਚਰਦੀਆਂ ਰਹਿੰਦੀਆਂ।"
ਅੰਮ੍ਰਿਤਾ ਹੱਸਣ ਲੱਗ ਪਏ ਤੇ ਬੋਲੇ, "ਤੂੰ ਰਾਂਝੇ ਵਾਂਗੂੰ ਵੰਝਲੀ ਵਜਾਉਂਦਾ ਰਹਿੰਦਾ ਤੇ ਗਾਵਾਂ ਮੱਝਾਂ ਆਪਣੇ ਆਪ ਚਰਦੀਆਂ ਰਹਿੰਦੀਆਂ।"
ਇਮਰੋਜ਼ ਵੀ ਹੱਸ ਪਏ ਤੇ ਬੋਲੇ, "ਹਾਂ, ਪਰ ਉਥੇ ਕੋਈ ਹੀਰ ਨਹੀਂ ਸੀ ਜਿਹੜੀ ਮੈਨੂੰ ਚੂਰੀ ਖਵਾਉਂਦੀ।"
"ਕੀ ਆਰਟ ਸਕੂਲ ਵਿਚ ਤੈਨੂੰ ਕੋਈ ਕੁੜੀ ਪਸੰਦ ਨਹੀਂ ਸੀ ਆਈ।’ ਉਹਨਾਂ ਪੁੱਛਿਆ।
"ਕੁਝ ਕੁੜੀਆਂ ਹਾਬੀ ਵਜੋਂ ਪੇਂਟਿੰਗ ਸਿੱਖਣ ਆਉਂਦੀਆਂ ਸੀ, ਪਰ ਕਦੀ ਕਦੀ, ਬਹੁਤ ਥੋੜ੍ਹੇ ਵਕਤ ਲਈ।"
ਅਚਾਨਕ ਹੀ ਉਹ ਕਿਸੇ ਪੁਰਾਣੇ ਚੇਤੇ ਵਿਚ ਗੁੰਮ ਗਏ ਅਤੇ ਕਹਿਣ ਲੱਗੇ, "ਹਾਂ, ਉਹਨਾਂ ਵਿਚ ਇਕ ਕੁੜੀ ਸੀ। ਉਸਦਾ ਨਾਂ ਮਨਜੀਤ ਸੀ। ਉਸਨੂੰ ਮੈਂ ਕਦੀ ਕਦੀ ਦੂਰੋਂ ਹੀ ਵੇਖ ਲੈਂਦਾ ਸਾਂ, ਪਰ ਉਹਦੇ ਕੋਲ ਕਦੀ ਨਹੀਂ ਗਿਆ।" ਫਿਰ ਕੁਝ ਰੁਕ ਕੇ ਬੋਲੇ, ''ਮੈਨੂੰ ਪਤਾ ਲੱਗ ਗਿਆ ਸੀ ਕਿ ਉਹ ਇਕ ਅਮੀਰ ਆਦਮੀ ਦੀ ਧੀ ਸੀ। ਇਸ ਲਈ ਮੇਰਾ ਉਹਦੇ ਨਾਲ ਗੱਲ ਕਰਨ ਦਾ ਸੁਆਲ ਹੀ ਪੈਦਾ ਨਹੀਂ ਸੀ ਹੁੰਦਾ। ਮੈਂ ਉਹਨੂੰ ਦੂਰੋਂ ਹੀ ਵੇਖਦਾ ਹੁੰਦਾ ਸਾਂ, ਪਰ ਉਸਦੇ ਨਾਂ ਦੇ ਪਹਿਲੇ ਅੱਖਰ ਨੂੰ ਮੈਂ ਆਪਣੇ ਨਾਂ ਨਾਲ ਜੋੜ ਲਿਆ ਸੀ। ਹੁਣ ਮੈਂ ਐੱਮ-ਇੰਦਰਜੀਤ ਸਾਂ।"
"ਕਿੰਨੀ ਬਦਕਿਸਮਤ ਕੁੜੀ ਸੀ। ਕੀ ਉਹਨੂੰ ਪਤਾ ਨਹੀਂ ਸੀ ਕਿ ਕੋਈ ਫਰਿਸ਼ਤਾ ਉਹਦੇ ਵੱਲ ਵੇਖ ਰਿਹਾ ਸੀ ?" ਅੰਮ੍ਰਿਤਾ ਨੇ ਪੁੱਛਿਆ।