ਜਦੋਂ ਇਸ਼ਕ ਕੇ ਕੰਮ ਨੂੰ ਹੱਥ ਪਾਈਏ
ਪਹਿਲੋਂ ਰੱਬ ਦਾ ਨਾਂ ਧਿਆਈਏ ਜੀ।
ਸ਼ਾਹ ਹੁਸੈਨ ਦੀ ਸਤਰ ਸੀ-
ਹੰਝੂ ਰੋਂਦਾ ਹਰ ਕੋਈ ਆਸ਼ਕ ਰੋਂਦੇ ਰੱਤ !
ਸ਼ਿਵ ਬਟਾਲਵੀ ਦੀ ਲਾਈਨ ਸੀ-
ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ।
ਅੰਮ੍ਰਿਤਾ ਦਾ ਕਾਵਿ ਇਸ ਤਰ੍ਹਾਂ ਸੀ-
ਪਰਛਾਵਿਆਂ ਨੂੰ ਪਕੜਨ ਵਾਲਿਓ !
ਛਾਤੀ 'ਚ ਬਲਦੀ ਅੱਗ ਦਾ ਪਰਛਾਵਾਂ ਨਹੀਂ ਹੁੰਦਾ।
ਲੈਂਪ ਸ਼ੇਡਸ ਦੇ ਹਰਫ਼ਾਂ ਵਿਚ ਇਮਰੋਜ਼ ਨੇ ਲਾਲ ਰੰਗ ਭਰ ਦਿੱਤਾ। ਜਦੋਂ ਲੈਂਪ ਬਲਦਾ ਹੈ ਤਾਂ ਲਾਲ ਰੰਗ ਕਮਰੇ ਦੀ ਖਿੜਕੀ ਲੰਘ ਕੇ ਬੂਹੇ ਉੱਤੇ ਇਸਤਰ੍ਹਾਂ ਖਿੱਲਰ ਜਾਂਦਾ ਹੈ ਕਿ ਸਾਰਾ ਕਮਰਾ ਲਾਲੋ ਲਾਲ ਹੋ ਜਾਂਦਾ ਹੈ। ਇਹੋ ਜਿਹੇ ਵੇਲੇ ਅੰਮ੍ਰਿਤਾ ਇਮਰੋਜ਼ ਦੀ ਮੇਜ਼ ਕੋਲ ਜਾ ਕੇ, ਜਿਥੇ ਉਹ ਕੰਮ ਕਰ ਰਹੇ ਹੁੰਦੇ ਨੇ, ਉਹਨਾਂ ਦੇ ਰੰਗਾਂ ਦੇ ਭਰੇ ਕਪੜਿਆਂ ਦੀ ਪਰਵਾਹ ਕੀਤੇ ਬਗੈਰ ਉਹਨਾਂ ਦੇ ਮੋਢੇ ਨਾਲ ਲੱਗ ਕੇ ਪੁੱਛਦੀ ਹੈ, "ਇਮਰੋਜ਼! ਤੂੰ ਮੈਨੂੰ ਕਿਸਤਰ੍ਹਾਂ ਮਿਲ ਗਿਆ ?"
...ਤੇ ਉਹਨਾਂ ਹਮੇਸ਼ਾ ਵਾਂਗ ਸੰਖੇਪ ਜਿਹਾ ਜੁਆਬ ਦਿੱਤਾ, "ਵੈਸੇ ਹੀ, ਜਿਵੇਂ ਤੂੰ ਮੈਨੂੰ ਮਿਲ ਗਈ।"
ਉਹ ਕਹਿਣ ਲੱਗੇ, "ਮਾਜਾ ! ਤੂੰ ਜਾਣਨੀ ਏਂ ਜਦੋਂ ਮੈਂ ਆਰਟ ਸਕੂਲ ਪਾਸ ਕਰ ਲਿਆ ਤਾਂ ਟਰਮ ਦੇ ਆਖ਼ਰ ਵਿਚ ਸਭ ਮੁੰਡੇ ਆਪੋ-ਆਪਣੇ ਘਰੀਂ ਚਲੇ ਗਏ, ਪਰ ਮੈਂ ਹੋਸਟਲ ਨਹੀਂ ਛੱਡਿਆ ਕਿਉਂਕਿ ਮੈਨੂੰ ਉਦੋਂ ਤਕ ਨੌਕਰੀ ਨਹੀਂ ਸੀ ਮਿਲੀ ਤੇ ਮੈਂ ਪਿੰਡ ਨਹੀਂ ਸਾਂ ਜਾਣਾ ਚਾਹੁੰਦਾ। ਇਕ ਸ਼ਾਮ ਵਾਰਡਨ ਮੇਰੇ ਕਮਰੇ ਵਿਚ ਆਏ ਅਤੇ ਕਹਿਣ ਲੱਗੇ ਕਿ ਟਰਮ ਖ਼ਤਮ ਹੋ ਚੁਕੀ ਹੈ। ਹੁਣ ਤੂੰ ਇਥੇ ਨਹੀਂ ਠਹਿਰ ਸਕਦਾ। ...ਪਰ ਉਸ ਸ਼ਾਮ ਮੈਂ ਕਿਥੇ ਜਾਂਦਾ ? ਹੁਣ ਮੈਂ ਕਮਰੇ ਵਿਚ ਨਹੀਂ ਸਾਂ ਰਹਿਣਾ ਚਾਹੁੰਦਾ। ਮੈਂ ਰੇਲਵੇ ਸਟੇਸ਼ਨ ਵੱਲ ਤੁਰ ਗਿਆ। ਮੈਂ ਬੁਕਿੰਗ ਕਲਰਕ ਤੋਂ ਉਥੋਂ ਤਕ ਦੀ ਟਿਕਟ ਮੰਗੀ ਜਿਥੋਂ ਮੈਂ ਸਵੇਰ ਹੋਣ ਤਕ ਪਰਤ ਆਵਾਂ। ਮੈਂ ਤਾਂ ਬੱਸ ਰਾਤ ਕੱਟਣੀ ਸੀ। ਪਤੈ, ਉਹਨੇ ਮੈਨੂੰ ਕਿਥੋਂ ਦੀ ਟਿਕਟ ਦਿੱਤੀ, ਗੁਜਰਾਂਵਾਲਾ ਦੀ! ਗੁਜਰਾਂਵਾਲਾ! ...ਤੇਰੀ ਜੰਮਣ ਭੋਂ। ਵੇਖ! ਕਿਸਮਤ ਮੈਨੂੰ ਕਿਸਤਰ੍ਹਾਂ ਤੇਰੇ ਵੱਲ ਲੈ ਕੇ ਜਾ ਰਹੀ ਸੀ।"