ਲੇਖਕ : ਪ੍ਰਿ. ਹਰਿਭਜਨ ਸਿੰਘ ਲੁਧਿਆਣਾ
ਦੂਜੇ ਧਰਮਾਂ ਅਤੇ ਵਿਸ਼ਵਾਸ਼ਾਂ ਵਿਚ ਜਿਸ ਨੂੰ ਵਿਆਹ, ਨਕਾਹ, ਮੈਰਿਜ, ਪਰਨੈ, ਸ਼ਾਦੀ, ਪਾਨੀ ਗ੍ਰਹਿਣ ਆਦਿ ਦੇ ਅੱਲਗ ਨਾਮ ਦਿਤੇ ਗਏ ਹਨ, ਸਿੱਖ ਧਰਮ ਵਿਚ ਜ਼ਿੰਦਗੀ ਦੇ ਇਸ ਮੋੜ ਨੂੰ ਅਥਵਾ ਗ੍ਰਹਿਸਥ ਮਾਰਗ ਵਿਚ ਪ੍ਰਵੇਸ਼ ਕਰਨ ਦਾ ਨਾਮ- ਅਨੰਦ ਕਾਰਜ ਹੈ । ਅਨੰਦ ਦਾ ਲਫ਼ਜ਼ੀ ਅਰਥ ਹੈ ਖੇੜਾ ਖੁਸ਼ੀ । ਇਸ ਤਰ੍ਹਾਂ ਅਨੰਦ-ਕਾਰਜ ਦੇ ਅਰਥ ਹਨ ਖੁਸ਼ੀ ਦਾ ਕਾਰਜ । ਹੋਵੇ ਵੀ ਕਿਉਂ ਨਾ ਗੁਰੂ ਘਰ ਵਿਚ ਜਿੰਦਗੀ ਦੇ ਇਸ ਜ਼ਰੂਰੀ ਮੋੜ ਵਾਸਤੇ ' ਸਕਲ ਧਰਮ ਮਹਿ ਗ੍ਰਹਿਸਤ ਪ੍ਰਧਾਨ' ਦਾ ਪਦ ਵਰਤਿਆ ਗਿਆ ਹੈ ਜਿਸ ਦਾ ਭਾਵ ਹੈ ਮਨੁੱਖੀ ਫਰਜ਼ਾਂ ਵਿਚ ਸਭ ਤੋਂ ਉੱਤਮ ਮੱਨੁਖੀ ਫਰਜ਼ । ਇਸ ਦੇ ਉਲਟ ਗ੍ਰਹਿਸਥ ਮਾਰਗ ਵਿਚ ਪ੍ਰਵੇਸ਼ ਨ ਕਰਨ 'ਅਥਵਾ ਬ੍ਰਹਮਚਾਰੀ ਰਹਿਣ ਨੂੰ ਕੋਰਾ ਪਖੰਡ ਅਤੇ ਅਜਿਹਾ ਕਰਮ ਦੱਸਿਆ ਗਿਆ ਹੈ ਜਿਸ ਦਾ ਧਰਮ ਨਾਲ, ਅਕਾਲ ਪੁਰਖ ਅਥਵਾ ਮਨੁਖਤਾਂ ਦੀ ਸੰਭਾਲ ਨਾਲ ਉੱਕਾ ਹੀ ਕੋਈ ਸਬੰਧ ਨਹੀਂ ਬਲਕਿ ਕਰਤੇ ਦੇ ਨਿਯਮਾਂ ਅਥਵਾ ਹੁਕਮਾਂ ਦੀ ਅਵਗਿਆ ਦੱਸਿਆ ਗਿਆ ਹੈ।
ਅਨੰਦ ਕਾਰਜ ਵਾਲੇ ਮਹਾਨ ਗੁਰਮਤਿ ਵਿਰਸੇ ਨੂੰ ਜਦੋਂ ਕਿ ਪੰਥ ਪੂਰੀ ਤਰ੍ਹਾਂ ਭੁੱਲ ਚੁੱਕਾ ਸੀ ਅਤੇ ਸਭ ਪਾਸੇ ਬ੍ਰਾਹਮਣੀ ਰੀਤੀ ਅਨੁਸਾਰ ਵੇਦੀ ਦੇ ਫੇਰਿਆਂ ਨਾਲ ਸਾਰੇ ਸਿੱਖਾਂ ਦੇ ਅਨੰਦ ਕਾਰਜ ਹੋ ਰਹੇ ਸਨ, ਸਿੱਖ ਆਗੂਆਂ ਦੀ ਮਹਾਨ ਘਾਲਣਾ ਅਤੇ ਕੁਰਬਾਨੀਆਂ ਦੇ ਸਿੱਟੇ ਵਜੋਂ ਅਨੰਦ ਮੈਰਿਜ ਐਕਟ ੧੯੦੯ ਸਿੱਖ ਕਾਨੂੰਨ ਦੀ ਸ਼ਕਲ ਵਿੱਚ ਹੋਂਦ ਵਿਚ ਆਇਆ। ਟਿੱਕਾ ਰਿਪੁਦਮਨ ਸਿੰਘ ਆਫ ਨਾਭਾ ਨੇ ਜਦ ਸਿੱਖ ਰੀਤੀ ਨੂੰ ਸੁਰੱਖਿਅਤ ਕਰਨ ਵਾਸਤੇ ਆਵਾਜ਼ ਉਠਾਈ ਤਾਂ ਸਭ ਤੋਂ ਪਹਿਲਾਂ ਸਮਾਜਿਕ ਪੱਧਰ ਤੇ ਇਸ ਦਾ ਕਰੜਾ ਵਿਰੋਧ ਆਪਣੇ ਹੀ ਪਿਤਾ-ਮਹਾਰਾਜਾ ਤੋਂ ਪ੍ਰਾਪਤ ਹੋਇਆ । ਸ. ਸੁੰਦਰ ਸਿੰਘ ਜੀ ਮਜੀਠੀਆ ਨੇ ਇਸ ਝੰਡੇ ਨੂੰ ਕਾਨੂੰਨ ਬਣਨ ਤੀਕ, ਪੱਕੇ ਹੱਥੀਂ ਪਕੜਿਆ ਅਤੇ ਸਾਰੀਆਂ ਔਕੜਾਂ ਨੂੰ ਖਿੜੇ ਮੱਥੇ ਸਹਾਰਿਆ।
ਸਿੱਖਾਂ ਦੇ ਇਸ ਵਿਰਸੇ ਨੂੰ ਮੁੜ ਸੁਰਜੀਤ ਕਰਨ ਵਿਚ ਉਸ ਸਮੇਂ ਦੀਆਂ ਸਿੱਖ ਸੁਧਾਰਕ ਲਹਿਰਾਂ ਨਿਰੰਕਾਰੀ ਲਹਿਰ ਅਤੇ ਨਾਮਧਾਰੀ ਲਹਿਰ ਦਾ ਬੜਾ ਯੋਗਦਾਨ ਹੈ ਭਾਵੇਂ ਇਹ ਦੋਵੇਂ ਲਹਿਰਾਂ ਬਾਦ ਵਿਚ, ਗੁਰੂ ਗ੍ਰੰਥ ਸਾਹਿਬ ਅਤੇ ਸਿੱਖੀ ਦੇ ਮੂਲ ਆਦਰਸ਼ਾਂ ਤੋਂ ਟੁੱਟ ਕੇ ਸ਼ਖਸੀ ਪੂਜਾ ਅਤੇ ਗੁਰੂ ਡੰਮ੍ਹ ਦੇ ਚਿੱਕੜ ਵਿਚ ਫਸ ਗਈਆਂ।
ਮੂਲ ਰੂਪ ਵਿਚ ਵੇਦੀ ਦੇ ਵਿਆਹ ਦੀ ਬ੍ਰਾਹਮਣੀ ਰੀਤ ਦਾ ਤਿਆਗ ਪਹਿਲੇ ਜਾਮੇ ਤੋਂ ਹੀ ਕਰ ਦਿਤਾ ਗਿਆ ਸੀ ਪਰ ਸਮੇਂ ਦੇ ਪ੍ਰਭਾਵ ਕਾਰਣ ਜਿਥੇ ਹੋਰ ਅਨੇਕਾਂ ਬ੍ਰਾਹਮਣੀ ਰੀਤਾਂ ਨੇ ਸਿੱਖ ਧਰਮ ਨੂੰ ਆਪਣੀ ਜੱਕੜ ਵਿਚ ਲੈ ਲਿਆ ਉਥੇ ਵੇਦੀ ਰਾਹੀਂ ਵਿਆਹ ਦਾ ਢੰਗ ਵੀ ਫਿਰ ਇਕ ਵਾਰੀ ਸਿੱਖ ਧਰਮ ਵਿਚ ਇਸ ਤਰ੍ਹਾਂ ਜਗ੍ਹਾ ਬਣਾ ਬੈਠਾ ਜਿਵੇਂ ਸਿੱਖ ਅਨੰਦ ਕਾਰਜ ਦਾ ਇਸ ਤੋਂ ਕਦੇ ਕੋਈ ਹੋਰ ਢੰਗ ਰਿਹਾ ਹੀ ਨਾ ਹੋਵੇ । ਸਾਡੇ ਹਥਲੇ ਲੇਖ ਦਾ ਵਿਸ਼ਾ ਅਨੰਦ ਕਾਰਜ ਦਾ ਇਤਿਹਾਸ ਲਿਖਣਾ ਨਹੀਂ ਸਗੋਂ ਅਨੰਦ ਕਾਰਜ ਦੇ ਅਸਲੀ ਰੂਪ ਨੂੰ ਸਿੱਖਾਂ ਵਿਚ ਪ੍ਰਗਟ ਕਰਨਾ ਹੈ, ਨਾਲ ਹੀ ਇਹ ਵੀ ਸਪਸ਼ਟ ਕਰਨਾ ਹੈ ਕਿ ਕਿਹੜੀਆਂ ਕੁਰੀਤੀਆਂ ਅਤੇ ਗੁਰਮਤਿ ਵਿਰੋਧੀ
ਕੋਈ ਮਸਜਿਦ ਵਿਚ ਨਿਕਾਹ ਪੜ੍ਹਵਾਦਾਂ ਹੈ, ਕੁਝ ਕੋਰਟ ਵਿੱਚ ਸਿਵਿਲ ਮੈਰਿਜ ਕਰਵਾਂਦੇ ਹਨ, ਕੋਈ ਵੇਦੀ ਅਥਵਾ ਕੋਈ ਅਗਨੀ ਦੇ ਫੇਰੇ ਲੈਂਦੇ ਹਨ ਪਰ ਗੁਰਸਿੱਖਾਂ ਦੇ ਵਿਆਹ ਵਾਸਤੇ ਕੇਵਲ ਇਕੋ ਇਕ ਹੀ ਪ੍ਰਵਾਨਤ ਢੰਗ ਹੈ ਅਤੇ ਉਹ ਹੈ ਅਨੰਦ ਕਾਰਜ। ਸਿੱਖਾਂ ਵਾਸਤੇ ਕੋਈ ਵੀ ਹੋਰ ਢੰਗ ਪ੍ਰਵਾਨ ਨਹੀਂ । ਇਸ ਤੋਂ ਇਲਾਵਾ ਵਿਗੜੇ ਹੋਏ ਪ੍ਰਚਾਰ ਪ੍ਰਬੰਧ ਅਤੇ ਯੋਗ ਪ੍ਰਚਾਰਕਾਂ ਦੀ ਘਾਟ ਕਾਰਨ ਅੱਜ ਜੋ ਅਨੰਦ ਕਾਰਜ ਸਿੱਖਾਂ ਵਿਚ ਹੋ ਰਹੇ ਹਨ ਇਹਨਾਂ ਵਿਚ ਬਹੁਤੇ ਤਾਂ ਕੇਵਲ ਨਾਮ ਦੇ ਹੀ ਅਨੰਦ ਕਾਰਜ ਹਨ । ਅਸਲ ਵਿਚ ਉਹ ਹਿੰਦੂ ਅਥਵਾ ਬ੍ਰਾਹਮਣੀ ਵਿਆਹ ਹੀ ਕਹੇ ਜਾ ਸਕਦੇ ਸਨ । ਫਰਕ ਕੇਵਲ ਇਤਨਾ ਹੀ ਰਹਿ ਜਾਂਦਾ ਹੈ ਉਧਰ ਵੇਦੀ ਦੀਆਂ ਲਾਵਾਂ ਹੁੰਦੀਆਂ ਹਨ ਜਦ ਕਿ ਏਥੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ। ਇਸ ਤੋਂ ਵੱਡੀ ਦੁੱਖ ਦੀ ਗੱਲ ਜਾਂ ਟਰੈਜਿਡੀ ਤਾਂ ਇਹ ਹੁੰਦੀ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਬੈਠ ਕਰ ਕੇ ਅਸੀਂ ਬਹੁਤ ਕੰਮ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ, ਸਤਿਕਾਰ ਅਤੇ ਸਿੱਖੀ ਦੇ ਵਿਰੁੱਧ ਕਰ ਰਹੇ ਹੁੰਦੇ ਹਾਂ ਅਤੇ ਫਿਰ ਦਾਅਵੇ ਕਰਦੇ ਹਾਂ, ਅਰਦਾਸਾਂ ਵਿਚ ਕਹਿੰਦੇ ਹਾਂ ਅਤੇ ਅਖਬਾਰਾਂ ਵਿਚ ਖਬਰਾਂ ਛਪਦੀਆਂ ਹਨ ਕਿ ਅਨੰਦ ਕਾਰਜ ਪੂਰਨ ਗੁਰ-ਮਰਿਯਾਦਾ ਅਨੁਸਾਰ ਹੋਇਆ। ਇਸ ਤੋਂ ਵੱਡਾ ਕੁਫਰ ਹੋਰ ਕੀ ਹੋ ਸਕਦਾ ਹੈ ਇਸੇ ਕਰਕੇ ਹੱਥਲੇ ਲੇਖ ਦੀ ਲੋੜ ਹੋਰ ਵੀ ਵਧ ਜਾਂਦੀ ਹੈ।
ਜੈ ਮਾਲਾ, ਸ਼ਰਾਬ, ਭੰਗੜਾ, ਸੇਹਰਾ ਬੰਨਣਾ, ਲਿਖਣਾ ਜਾਂ ਪੜ੍ਹਣਾ, ਮਹਿੰਦੀ ਦੀ ਰਾਤ, ਮੁੰਡੇ ਦੇ ਘਰ ਨੂੰ ਉੱਚਾ ਅਤੇ ਲੜਕੀ ਦੇ ਘਰ ਨੂੰ ਨੀਵਾਂ ਸਮਝਣਾ, ਰੁਸਨਾ ਆਦਿ - ਕੁਝ ਅਜਿਹੀਆਂ ਚੀਜਾਂ ਹਨ ਜਿਨ੍ਹਾਂ ਤੋਂ ਸਾਨੂੰ ਇਕ ਦਮ ਬਚਣਾ ਪਵੇਗਾ । ਬੈਂਡ ਮਿਲਨੀ ਆਦਿ ਤੋਂ ਵੀ ਜਿਥੋਂ ਤੀਕ ਹੋ ਸਕੇ ਪਰਹੇਜ਼ ਕਰਨ ਦੀ ਲੋੜ ਹੈ । ਇਹਨਾਂ ਸਾਰੀਆਂ ਗੱਲਾਂ ਤੇ ਵਿਚਾਰ ਅਸੀਂ ਅੱਗੇ ਚਲ ਕੇ ਕਰਾਂਗੇ ।
ਪੱਛਮੀ ਦੇਸ਼ਾਂ ਵਿਚ ਵਿਆਹ ਕੇਵਲ ਇਕ ਸਮਾਜਿਕ ਸੌਦੇ-ਬਾਜ਼ੀ (Social contract) ਅਤੇ ਦਿਲ-ਪਰਚਾਵੇ ਤੋਂ ਵੱਧ ਹੈਸੀਅਤ ਨਹੀਂ ਰਖਦਾ। ਉਸ ਵਿਚ ਪਵਿੱਤਰਤਾ ਨਿਰਬਾਹ ਅਤੇ ਵਫਾ ਦਾ ਕੋਈ ਅੰਸ਼ ਨਹੀਂ । ਜੇ ਇਕ ਛਿਨ ਵਿਆਹ ਹੁੰਦਾ ਹੈ ਤਾਂ ਦੂਜੀ ਛਿਨ ਟੁੱਟ ਸਕਦਾ ਹੈ ।
ਯੂਰਪ ਅਤੇ ਅਮਰੀਕਾ ਆਦਿ ਦੇਸ਼ਾਂ ਵਿੱਚ ਤਲਾਕਾਂ ਲਈ ਸਮੇਂ ਸਮੇਂ ਉਚੇਚੀਆਂ ਨਿਯਤ ਹੁੰਦੀਆਂ ਅਦਾਲਤਾਂ ਤੋਂ ਅਵਸ਼ ਇਹ ਸਿੱਟਾ ਨਿਕਲਦਾ ਹੈ ਕਿ ਇਹਨਾਂ ਦੇਸ਼ਾਂ ਅਥਵਾ ਮੱਤਾਂ ਵਿਚ ਵਿਆਹ ਦਾ ਉਹ ਆਦਰਸ਼ ਕਾਇਮ ਨਹੀਂ ਹੋ ਸਕਿਆ, ਜਿਸ ਵਿਚ ਧਰਮ ਪਵਿੱਤਰਤਾ, ਨਿਰਬਾਹ ਅਤੇ ਵਫਾ ਦੀ ਭਰਪੂਰ ਸੁਗੰਧੀ ਹੋਵੇ ਅਤੇ ਜੋ ਜੀਵਨ ਨੂੰ ਸਹੀ ਸੁਖ-ਸਬਰ, ਸੰਤੋਖ ਤੇ ਟਿਕਾਅ ਦੀ ਦਾਤ-ਬਖਸ਼ ਸਕੇ । ਓਥੇ ਆਪਣੇ ਸੁਭਾਵਾਂ ਨੂੰ ਇਕ ਦੂਜੇ ਦੀਆਂ ਰੁਚੀਆਂ ਅਨੁਸਾਰ ਢਾਲਣ (Adjust ਕਰਨ) ਦੀ ਥਾਂ ਭੌਰੇ ਵਾਲੀ ਭਟਕਣਾ ਅਤੇ ਅਸ਼ਾਂਤੀ ਹੈ। ਹਰੇਕ ਵਿਅਕਤੀ
ਇਸਲਾਮ ਵਿਚ ਪਤੀ ਪਤਨੀ ਦੀ ਪਦਵੀ ਤੇ ਹੱਕਾਂ ਵਿੱਚ ਵੱਡੀ-ਅਸਮਾਨਤਾ ਹੈ। ਏਥੇ ਔਰਤ ਨੂੰ ਮਰਦ ਦੀ ਖੇਤੀ ਕਰ ਕੇ ਮੰਨਿਆ ਗਿਆ ਹੈ। ਉਹ ਸੰਗਤ ਅਤੇ ਪੰਗਤ ਵਿੱਚ ਮਰਦ ਦੀ ਬਰਾਬਰੀ ਨਹੀਂ ਕਰ ਸਕਦੀ। ਮਰਦਾਂ ਨਾਲ ਮਿਲ ਕੇ ਮਸਜਿਦ ਵਿਖੇ ਪੜ੍ਹੀ ਜਾਣ ਵਾਲੀ ਨਮਾਜ਼ ਵਿੱਚ ਹਿੱਸਾ ਨਹੀਂ ਲੈ ਸਕਦੀ, ਕੇਵਲ ਭੋਗ ਬਿਲਾਸ ਲਈ ਹਰਮ ਦੀ ਜ਼ੀਨਤ ਹੈ। ਇਕ ਮਰਦ ਇਕ ਸਮੇਂ ਚਾਰ ਔਰਤਾਂ ਰੱਖ ਸਕਦਾ ਹੈ ਪਰੰਤੂ ਔਰਤ ਨੂੰ ਇਹ ਹੱਕ ਹਾਸਲ ਨਹੀਂ। ਪ੍ਰਵਾਣਿਤ ਚੌਂਹ ਸ਼ਾਦੀਆਂ ਤੋਂ ਬਿਨਾਂ ਮਰਦ ਵਿੱਤ ਅਨੁਸਾਰ ਲੰਡੀਆਂ ਤੇ ਲੰਡੇ ਵੀ ਖਰੀਦ ਸਕਦਾ ਹੈ। ਮਰਦ ਦੀ ਵਾਸ਼ਨਾ-ਪੂਰਤੀ ਨੂੰ ਏਥੇ ਤੱਕ ਜੀਵਨ-ਟੀਚਾ ਮਿਥਿਆ ਗਿਆ ਹੈ ਕਿ ਜੇ ਔਰਤ ਮਰਦ ਦੀ ਵਾਸ਼ਨਾ ਪੂਰੀ ਕਰਨ ਤੋਂ ਨਾਂਹ ਕਰੇ ਤਾਂ ਜਿੰਨੇ ਸਾਹ ਮਨੁੱਖ ਇਸ ਕਾਰਨ ਗੁੱਸੇ ਵਿੱਚ ਲਵੇਗਾ, ਉਤਨੇ ਕਦਮ ਐਸੀ ਔਰਤ ਨੂੰ ਦੋਜ਼ਕ ਦੀ ਅੱਗ ਉੱਤੇ ਤੁਰਨਾ ਪਵੇਗਾ। ਏਥੋਂ ਤੱਕ ਕਿ ਬਹਿਸ਼ਤ ਵਿੱਚ ਵੀ ਹੂਰਾਂ ਤੇ ਲੌਂਡਿਆਂ ਦੀ ਸ਼ਕਲ ਵਿੱਚ ਭੋਗ-ਬਿਲਾਸ ਦਾ ਲਾਰਾ ਦਿੱਤਾ ਗਿਆ ਹੈ, ਪਰੰਤੂ ਇਨ੍ਹਾਂ ਲਾਰਿਆਂ ਦਾ ਪਰਦਾ ਡਾਕਟਰ ਮੁਹੰਮਦ ਇਕਬਾਲ ਜਿਹਾ ਮਹਾਨ ਫਲਸਫੀ ਮੁਸਲਮਾਨ ਆਪ ਹੀ, ਇਉਂ ਚਾਕ ਕਰਦਾ ਹੈ-
ਬਹਿਬਤੋ, ਹੂਰੋ, ਗਿਲਿਮਾਂ, ਇ ਜਿ ਤਾਇਤ ਮੈਂ ਨ ਮਾਨੂੰਗਾ,
ਇਨਹੀ ਬਾਤੋਂ ਸੇ, ਐ ਜ਼ਾਹਿਦ ! ਜਈਵ ਈਮਾਨ ਹੋਤਾ ਹੈ ।
ਭਾਵ- ' ਮੈਂ ਇਹ ਲਾਰਾ ਕਿ ਇਸਲਾਮੀ ਸ਼ਰਾ ਦੀ ਤਾਬੇਦਾਰੀ ਦੇ ਬਦਲੇ ਅੱਗੇ ਬਹਿਸ਼ਤ ਵਿੱਚ ਹੂਰਾਂ ਤੇ ਲੌਂਡੇ ਮਿਲਣਗੇ, ਕਦਾਚਿਤ ਨਹੀਂ ਮੰਨਦਾ, ਕਿਉਂਕਿ ਅਜਿਹੀਆਂ ਗੱਲਾਂ ਤੇ ਲਾਰਿਆਂ ਨਾਲ ਈਮਾਨ ਕਮਜ਼ੋਰ ਹੁੰਦਾ ਹੈ।"
ਇਸਲਾਮ ਵਿੱਚ ਨਿਕਾਹ ਤੋੜਨਾ ਤੇ ਤਲਾਕ ਲੈਣਾ ਤਾਂ ਹੋਰ ਵੀ ਸੌਖਾ ਹੈ । ਕੁਰਾਨ ਸ਼ਰੀਫ ਦੀ ਸੰਬੰਧਤ ਆਇਤ ਪੜ੍ਹੀ, 'ਹੱਕ-ਮਹਿਰ' ਤਾਰਿਆਂ ਤੇ ਨਕਾਹ ਟੁੱਟ ਗਿਆ।
ਵੈਦਕ ਮੱਤਾਂ ਵਿੱਚ ਵਿਆਹ ਦਾ ਆਦਰਸ਼ ਇਸ ਤੋਂ ਵੱਧ ਅਨਯਾਇ-ਭਰਪੂਰ ਅਤੇ ਇਸਤਰੀ ਜਾਤੀ ਦੀ ਪਦਵੀ ਹੋਰ ਵੀ ਨੀਵੀਂ ਤੇ ਘਿਰਣਤ ਮੰਨੀ ਗਈ ਹੈ। ਸ਼ਾਸਤਰ ਵਿੱਚ ਮਰਦ ਨੂੰ ਪ੍ਰਭੂ ਦਾ ਅਤੇ ਇਸਤ੍ਰੀ ਨੂੰ ਮਾਇਆ (ਪ੍ਰਕਿਰਤੀ) ਦਾ ਪ੍ਰਤੀਨਿਧ ਮੰਨਿਆ ਗਿਆ ਹੈ। ਜਿਵੇਂ ਈਸ਼ਵਰ ਨੂੰ ਜਗਤ-ਰਚਨਾ ਲਈ ਪ੍ਰਕਿਰਤੀ ਦੀ ਆਦਿ ਕਾਲ ਤੋਂ ਲੋੜ ਪੈਂਦੀ ਆ ਰਹੀ ਹੈ, ਕੁਝ ਇਵੇਂ ਹੀ ਸੰਸਾਰ ਦੀ ਰਚਨਾ ਜਾਰੀ ਰੱਖਣ ਲਈ, ਜਨਨੀ ਹੋਣ ਦੇ ਨਾਤੇ ਇਸਤ੍ਰੀ ਦੀ ਵੀ ਲੋੜ ਹੈ । ਮਨੂੰ ਨੇ ਮਨੁੱਖ ਦੀ ਜ਼ਿੰਦਗੀ ਨੂੰ ਚਾਰ ਹਿੱਸਿਆਂ (ਆਸ਼ਰਮਾਂ) ਵਿੱਚ ਵੰਡਿਆ ਹੈ ।੨੫ ਸਾਲ ਬ੍ਰਹਮਚਾਰੀਆ, ੨੫ ਸਾਲ ਗ੍ਰਹਿਸਥ ਆਸ਼ਰਮ, ੨੫ ਸਾਲ ਬਾਨ-ਪ੍ਰਸਤੀ ਅਤੇ ਆਖਰੀ ੨੫ ਸਾਲ ਸੰਨਿਆਸ ਧਾਰਨ ਕਰਨ ਦੀ ਹਦਾਇਤ ਹੈ । ਮੋਖਸ਼ (ਮੁਕਤੀ) ਕੇਵਲ ਨਿਵਿਰਤੀ ਮਾਰਗ ਅਥਵਾ ਸੰਨਿਆਸ ਧਾਰਨ ਕਰਨ ਨਾਲ ਹੀ ਪ੍ਰਾਪਤ ਹੋਣੀ ਹੈ । ਮਜਬੂਰਨ ਕੁਝ ਸਮੇਂ ਲਈ ਪ੍ਰਵਿਰਤੀ ਅਥਵਾ ਗ੍ਰਿਹਸਥ ਆਸ਼ਰਮ ਧਾਰਨ ਕਰਨ ਨਾਲ ਇਸਤ੍ਰੀ ਦੇ ਰੂਪ ਵਿੱਚ
ਹਿੰਦੂ ਸ਼ਾਸਤ੍ਰ ਅਨੁਸਾਰ ਨਰੀਨਾ ਔਲਾਦ (ਲੜਕੇ) ਨੂੰ ਹੀ ਔਲਾਦ ਮੰਨਿਆ ਗਿਆ ਹੈ, ਲੜਕੀ ਨੂੰ ਨਹੀਂ । ਕਾਰਨ ? ਮਾਤਾ ਪਿਤਾ ਦੇ ਪਰਲੋਕ ਸਿਧਾਰਨ ਉਪਰੰਤ, ਪਿਤਰ ਕਿਰਿਆ ਆਦਿ ਪੁੱਤਰ ਹੀ ਭਰਵਾ ਤੇ ਕਰਵਾ ਸਕਦਾ ਹੈ, ਕੰਨਿਆ ਨਹੀਂ। ਸੋ ਏਸ ਤਰ੍ਹਾਂ ਪੁੱਤਰ ਸੁਰਗਵਾਸ ਹੋਏ ਮਾਤਾ ਪਿਤਾ ਨੂੰ ਰਾਹ ਵਿੱਚ ਪੈਂਦੀ ਬਿਖਮ ਬੈਤਰਨੀ ਨਦੀ ਪਾਰ ਕਰਨ ਤੇ ਮੋਖਸ਼ ਪ੍ਰਾਪਤ ਕਰਨ ਵਿਚ ਸਹਾਈ ਹੋ ਸਕਦਾ ਹੈ । ਏਥੋਂ ਤੱਕ ਕਿ ਇਸਤ੍ਰੀ ਨੂੰ ਨਰੀਨਾ ਔਲਾਦ ਨਿਯੋਗ ਰਾਹੀਂ, ਪਰਾਏ ਮਰਦਾਂ ਤੋਂ ਵੀ ਪ੍ਰਾਪਤ ਕਰਨ ਦੀ ਖੁਲ੍ਹ ਹੈ।
ਬ੍ਰਾਹਮਣ ਵੱਲੋਂ ਪ੍ਰਚਾਰੀ ਨਿਵਿਰਤੀ ਅਥਵਾ ਤਿਆਗ-ਬਿਰਤੀ ਦਾ ਸਿੱਟਾ ਇਹ ਨਿਕਲਿਆ ਕਿ ੨੫ ਸਾਲ ਗ੍ਰਹਿਸਥ-ਆਸ਼ਰਮ ਵਿਚ ਵਿਚਰਨ ਉਪਰੰਤ ਬਾਨ-ਪ੍ਰਸਤੀ ਤੇ ਸੰਨਿਆਸੀ ਹੋਣ ਨਾਲੋਂ ਮੋਕਸ ਦੇ ਅਭਿਲਾਸ਼ੀ ਲੋਕਾਂ ਨੇ ਬ੍ਰਹਮਚਰੀਆ ਉਪਰੰਤ ਸਿੱਧਾ ਹੀ ਸੰਨਿਆਸੀ ਬਣਨਾ ਉਚਿਤ ਜਾਤਾ । ਭਗਤਾਂ ਦੀ ਕਿਰਤ-ਕਮਾਈ ਤੋਂ ਮਾਲ ਪੂੜਾ ਛਕਣ ਵਾਲੇ ਇਹਨਾਂ ਵਿਹਲੜਾਂ ਦੇ ਟਿਕਾਣਿਆਂ ਨੂੰ ਛਾਉਣੀਆਂ ਦੀ ਸੰਗਿਆ ਦਿੱਤੀ ਗਈ । ਜੇ ਕਿਤੇ ਕੋਈ ਜਰਵਾਣਾ ਕਿਸੇ ਅਬਲਾ ਨੂੰ ਜਬਰੀ ਚੁੱਕ ਕੇ ਲੈ ਜਾਂਦਾ ਅਤੇ ਸੇਵਕ ਇਨ੍ਹਾਂ ਪਾਸ ਆ ਕੇ ਦੁਖ ਰੋਂਦਾ, ਤਾਂ ਪੂਜਾ ਦਾ ਧਾਨ ਖਾ ਖਾ ਕੇ ਅਣਖ ਤੇ ਸਾਹਸਹੀਨ ਹੋ ਚੁੱਕੇ ਇਹ ਲੋਕ ਉਸ ਨੂੰ ਇਹ ਉਪਦੇਸ਼ ਦੇ ਕੇ ਪਰਚਾਅ ਛੱਡਦੇ ' ਭਗਤੋ ਜਗਤ ਇੱਕ ਭ੍ਰਾਂਤੀ ਹੈ, ਮੋਹ ਮਿਥਿਆ ਹੈ, ਸੁਪਨਾ ਹੈ, ਏਹ ਸਭ ਪੂਰਬਲੇ ਕਰਮੋਂ ਕਾ ਫਲ ਹੈ; ਈਹਾਂ ਕੌਣ ਕਿਸੀ ਕਾ ਹੈ ? ਧੀਰਜ ਕਰੋ ਰਾਮ ਰਾਮ ਬੋਲੋ, ਰਾਮ ਭਲੀ ਕਰੇਗਾ ।
ਪੂਜਾ ਦੇ ਧਾਨ ਨਾਲ ਬੇਜਾਨ, ਬੇਹਿੱਸ ਤੇ ਬੇਗੈਰਤ ਹੋ ਚੁੱਕੇ ਧੂੰਏ ਤਾਉਣ ਵਾਲੇ ਇਹ ਤੱਪੀ, ਇਹ ਕੀ ਜਾਨਣ ਕਿ ਕਿਸੇ ਦੀ ਧੀ-ਭੈਣ ਦੀ ਬੇ-ਪਤੀ ਤੇ ਨਿਰਾਦਰੀ ਦੀ ਪੀੜ ਕਿਸ ਬਲਾ ਦਾ ਨਾਮ ਹੈ ਅਤੇ ਇਹ ਅਣਖੀ ਮਰਦਾਂ ਲਈ ਕਿਤਨੀ ਅਸਹਿ ਹੁੰਦੀ ਹੈ ।
ਇਸਤ੍ਰੀ ਨੂੰ ਪ੍ਰਭੂ ਮਾਰਗ ਵਿਚ ਇਤਨਾ, ਬਾਧਕ ਅਪਵਿੱਤਰ ਤੇ ਘਿਰਣਤ ਸਮਝਿਆ ਜਾਣ ਲੱਗਾ ਕਿ ਕਾਗਜਾਂ ਦੀ ਬਣੀ ਅਬਲਾ ਤੱਕ ਨੂੰ ਵੀ ਤੱਕਣ ਦੀ ਮਨਾਹੀ ਕਰ ਦੇਣੀ ਉਚਿਤ ਸਮਝੀ ਗਈ-
ਕਾਗਦ ਸੰਦੀ ਪੂਤਲੀ ਤਊ ਨਾ ਤ੍ਰਿਆ ਨਿਹਾਰ । (ਗੁਸਾਈਂ ਤੁਲਸੀ ਦਾਸ)
ਮਰਦ ਦਾ ਔਰਤ ਉੱਤੇ ਇਹ ਅਧਿਕਾਰ ਤੇ ਅਯੋਗ ਗਲਬਾ ਏਥੋਂ ਤੱਕ ਵਧ ਚੁੱਕਾ ਸੀ ਕਿ ਉਹ ਇਸਤ੍ਰੀ ਨੂੰ ਹੋਰ ਮਾਇਕੀ ਪਦਾਰਥਾਂ ਵਾਂਗ ਇਕ ਨਿੱਜੀ ਜਾਇਦਾਦ ਸਮਝਦਾ ਸੀ ਅਤੇ ਇਸ ਨੂੰ ਬਾਕੀ ਪਦਾਰਥਾਂ ਵਾਂਗ ਬ੍ਰਾਹਮਣਾਂ ਨੂੰ ਦਾਨ ਵੀ ਕਰ ਦਿੰਦਾ ਸੀ । ਏਥੋਂ ਤੱਕ ਕਿ ਮਰਦ, ਰਾਜੇ ਨੱਲ ਤੇ ਪਾਂਡਵਾਂ ਵਾਂਗ ਆਪਣੀ ਇਸਤ੍ਰੀ ਨੂੰ ਜੂਏ ਦੇ ਦਾਅ ਉਤੇ ਲਾਉਣ ਤੇ ਹਾਰਣ ਦਾ ਹੱਕ ਵੀ ਰੱਖਦਾ ਸੀ । ਬ੍ਰਾਹਮਣ ਨੇ ਇਕ ਮਰਦ ਨੂੰ ਕਈ ਤੀਵੀਆਂ ਰੱਖਣ ਅਤੇ ਇੱਕ ਤੀਵੀ ਨੂੰ ਕਈ ਮਰਦਾਂ ਨਾਲ ਵਿਆਹ ਕਰਨ ਦਾ ਹੱਕ ਵੀ ਦੇ ਰੱਖਿਆ ਸੀ । ਇਸਤ੍ਰੀ ਨੂੰ ਸੂਦਰ ਹੋਣ ਦੇ ਨਾਤੇ ਯੱਗਯੋ-ਪਵੀਤ (ਜੇਨਊ) ਪਾਉਣ ਦਾ ਅਧਿਕਾਰ ਵੀ ਨਹੀਂ ਸੀ ।
ਇਸ ਅਨਰਥ ਦੇ ਵਿਰੁੱਧ ਤੀਜੇ ਗੁਰਦੇਵ ਸ੍ਰੀ ਗੁਰੂ ਅਮਰਦਾਸ ਜੀ ਨੇ ਆਵਾਜ਼ ਬੁਲੰਦ ਕੀਤੀ ਤੇ ਫੁਰਮਾਇਆ-
ਸਤੀਆ ਏਹਿ ਨ ਆਖੀਅਨਿ, ਜੋ ਮੜਿਆ ਲਗਿ ਜਲੰਨ੍ਹਿ ।।
ਨਾਨਕ ਸਤੀਆ ਜਾਣੀਅਨ੍ਹਿ, ਜਿ ਬਿਰਹੇ ਚੋਣ ਮਰਨ੍ਹਿ ॥੧॥
ਮ: ੩ ।। ਭੀ ਸੋ ਸਤੀਆ ਜਾਣੀਅਨਿ, ਸੀਲ ਸੰਤੋਖਿ ਰਹੰਨ੍ਹਿ ।
ਸੇਵਨਿ ਸਾਈ ਆਪਣਾ, ਨਿਤ ਉਠਿ ਸੰਮਾਲੀਨ੍ਹਿ ॥੨॥
(ਮ. ੩. ਵਾਰ ਸੂਹੀ, ਪੰਨਾ ੭੮੭)
ਗੁਰਮਤਿ ਅਨੁਸਾਰ ਇਸਤ੍ਰੀ, ਪੁਰਸ਼ ਦਾ ਖਿਡੌਣਾ ਜਾਂ ਕੇਵਲ ਦਿਲ-ਪ੍ਰਚਾਵੇ ਦਾ ਇੱਕ ਵਸੀਲਾ ਨਹੀਂ, ਨਾ ਹੀ ਇਹ ਕਿਸੇ ਤਰ੍ਹਾਂ ਨੀਵੀਂ ਹੈ ਤੇ ਨਾ ਹੀ ਘਿਰਣਤ: ਉਹ ਪੁਰਸ਼ ਦਾ ਇਕ ਬਰਾਬਰ ਦਾ ਸਾਥੀ ਹੈ । ਕਿਸੇ ਦੇ ਨੀਵੇਂ ਉੱਚੇ ਹੋਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ। ਇਸਤ੍ਰੀ ਨੂੰ ਅਬਲਾ ਕਹਿਣਾ ਜਾਂ ਗ੍ਰਹਿਸਥ ਨੂੰ ਇਕ ਮਜ਼ਬੂਰੀ ਜਾਂ ਨੀਵਾਂ ਮੰਨਣਾ, ਸਿੱਖ ਸਤਿਗੁਰਾਂ ਦੇ ਪਾਸ ਮੱਨੁਖਤਾ ਦੀ ਤੌਹੀਨ ਕਰਨ ਤੁਲ ਹੈ। ਇਸਤ੍ਰੀ ਜਾਤੀ ਦੀ ਮਹਾਨ ਪਦਵੀ ਤੇ ਪ੍ਰਧਾਨਤਾ ਦੇ ਵਿਪਰੀਤ ਚਲੀਆਂ ਆ ਰਹੀਆਂ ਅਨੁਚਿਤ ਮਨੌਤਾਂ ਦਾ ਖੰਡਨ ਕਰਦਿਆਂ ਗੁਰੂ ਨਾਨਕ ਦੇਵ ਜੀ ਨੇ ਫੁਰਮਾਇਆ ਹੈ-
ਭੰਡਿ ਜੰਮੀਐ ਭੰਡਿ ਨਿੰਮੀਐ, ਭੰਡਿ ਮੰਗਣੁ ਵੀਆਹੁ ॥
ਭੰਡਹੁ ਹੋਵੈ ਦੋਸਤੀ, ਭੰਡਹੁ ਚਲੈ ਰਾਹੁ ॥
ਭੰਡੁ ਮੁਆ, ਭੰਡੁ ਭਾਲੀਐ, ਭੰਡਿ ਹੋਵੈ ਬੰਧਾਨੁ ॥
ਸੋ ਕਿਉ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ ।।
ਭੰਡਹੁ ਹੀ ਭੰਡੁ ਊਪਜੇ, ਭੰਡੈ ਬਾਝੁ ਨ ਕੋਇ ।।
ਨਾਨਕ, ਭੰਡੇ ਬਾਹਰਾ, ਏਕੋ ਸਚਾ ਸੋਇ ॥੨॥ (੧੯)
(ਆਸਾ ਦੀ ਵਾਰ, ਮ.੧) (ਪੰਨਾ ੪੭੩)
ਇਸਤ੍ਰੀ ਦੀ ਸਮਾਜ ਵਿੱਚ ਅਤਿ ਅਹਿਮ ਤੇ ਉੱਚ ਪਦਵੀ ਨਿਰੂਪਣ ਕਰਨ ਉਪਰੰਤ ਆਓ ਹੁਣ ਅਨੰਦ-ਵਿਆਹ ਦਾ ਪ੍ਰਯੋਜਨ, ਆਦਰਸ਼ ਤੇ ਮਹੱਤਤਾ ਬਾਰੇ ਕੁਝ ਵੀਚਾਰ ਕਰੀਏ, ਗੁਰਮਤਿ ਅਨੁਸਾਰ ਤੀਂਵੀ ਤੇ ਮਰਦ ਦੇ ਕੇਵਲ ਸਰੀਰਕ ਇੱਕਠ ਦਾ ਨਾਮ ਵਿਵਾਹ ਨਹੀਂ, ਸਗੋਂ ਮਨਾਂ ਦੇ ਮਿਲਾਪ ਅਤੇ ਇਸ ਤੋਂ ਵੀ ਅੱਗੇ, ਦੋ ਜੋਤਾਂ ਦਾ ਇੱਕ ਜੋਤਿ ਹੋਣਾ ਹੈ । ਸਰੀਰਕ
ਧਨੁ ਜੋਬਨੁ ਅਰੁ ਫੁਲੜਾ ਨਾਠੀਅੜੇ ਦਿਨ ਚਾਰਿ ॥
(ਸਿਰੀ ਰਾਗੁ,ਮ.੧ ਘਰੁਕ ਪੰਨਾ ੨੩)
(ਭਾਵ- ਧਨੁ, ਜੋਬਨ (ਰੂਪ) ਮਾਨੋ, ਫੁੱਲਾਂ ਸਮਾਨ ਹਨ, ਜੋ ਚਾਰ ਦਿਨ ਖਿੜ ਕੇ ਮੁਰਝਾ ਜਾਂਦੇ ਹਨ ।)
ਅਜਿਹੀ ਛਿਨ-ਭੰਗਰ ਵਸਤੂ ਰੂਪ ਨੂੰ ਦੁਰਲਭ ਦੇਹ ਅਥਵਾ ਜਿੰਦਗੀ ਦੇ ਸੌਦਿਆਂ ਦਾ ਆਧਾਰ ਬਣਾਉਣਾ, ਸਿਆਣਪ ਨਹੀਂ।
ਇਸੇ ਲਈ ਸਤਿਗੁਰਾਂ ਨੇ ਪਿਆਰ ਦੀ ਗੰਢ ਮਨਾਂ ਤੋਂ ਵੀ ਅੱਗੇ ਜੋਤਾਂ ਵਿੱਚ ਪਾਉਣ ਦੀ ਤਾਕੀਦ ਕੀਤੀ ਤੇ ਜੁਗਤੀ ਦ੍ਰਿੜਾਈ ਹੈ । ਅਨੰਦ-ਵਿਵਾਹ, ਦੋ ਵਿਅਕਤੀਆਂ ਅਥਵਾ ਦੋ ਜੋਤਾਂ ਦਾ ਇੱਕ ਜੋਤ ਹੋਣਾ ਹੈ । ਪਰ ਰੂਹਾਂ ਵਿੱਚ ਫਸੀ ਪ੍ਰੀਤ, ਨ ਰੂਪ ਗਿਆਂ ਟੁੱਟਦੀ ਹੈ, ਨ ਮਨਾਂ ਦੇ ਚੜ੍ਹ ਜਾਣ ਨਾਲ । ਇਸ ਆਦਰਸ਼ ਨੂੰ ਸਤਿਗੁਰਾਂ ਨੇ ਇਵੇਂ ਉਲੀਕਿਆ ਹੈ –
ਧਨ ਪਿਰੁ ਏਹਿ ਨ ਆਖੀਅਨਿ, ਬਹਨਿ ਇਕਠੇ ਹੋਇ ।।
ਏਕ ਜੋਤਿ ਦੁਇ ਮੂਰਤੀ, ਧਨ ਪਿਰੁ ਕਹੀਐ ਸੋਇ ॥੩॥
(ਮ.੩, ਵਾਰ ਸੂਹੀ, ਪੰਨਾ ੭੮੮)
ਵਾਸਤਵ ਵਿੱਚ ਸਿੱਖੀ ਦੇ ਦ੍ਰਿਸ਼ਟੀਕੋਣ ਤੋਂ ਪੁਰਸ਼ ਅਤੇ ਇਸਤ੍ਰੀ ਦਾ ਵਿਆਹ ਦੇ ਰੂਪ ਵਿੱਚ ਇਹ ਮੇਲ ਗ੍ਰਿਹਸਥੀ ਜੀਵਨ ਦੀ ਪ੍ਰਯੋਗਸ਼ਾਲਾ ਵਿੱਚ ਇੱਕ ਨਿੱਕਾ ਜਿਹਾ ਤਜਰਬਾ ਹੈ : ਦੋ ਜੋਤਾਂ ਤੋਂ ਇੱਕ ਜੋਤਿ ਹੋਣ ਦਾ । ਦੰਪਤੀ ਦਾ ਅਸਲ ਪ੍ਰਯੋਜਨ ਤੇ ਟੀਚਾ ਤਾਂ ਇਸ ਤਜਰਬੇ ਤੋਂ ਬਲ ਲੈ ਕੇ ਵਾਹਿਗੁਰੂ ਅਕਾਲ ਪੁਰਖ ਨਾਲ ਇਕ ਜੋਤ ਜਾਂ ਇਕਸੁਰ ਹੋਣਾ ਹੈ ਪਰਮ ਜੋਤਿ ਵਿੱਚ ਆਪਣੀ ਜੋਤਿ, ਜਾਂ ਇਉਂ ਆਖੇ, ਪਰਮ ਆਤਮਾਂ ਵਿੱਚ ਆਪਣੀ ਆਤਮਾਂ ਰਲਾ ਕੇ ਸੰਪੂਰਨ ਥੀਵਣਾ ਹੈ ।
ਗੁਰਮਤਿ ਵਿੱਚ ਇਸਤ੍ਰੀ ਜਾਤੀ ਨੂੰ ਨਾ ਕੇਵਲ ਮਹਾਨ, ਸਮਾਨ ਤੇ ਆਦਰ-ਯੋਗ ਹੀ ਮੰਨਿਆ ਗਿਆ ਹੈ, ਸਗੋਂ ਦੰਪਤੀ ਨੂੰ ਪ੍ਰਵਿਰਤੀ ਮਾਰਗ ਦੇ ਧਾਰਨੀ ਹੋ ਕੇ, ਸੱਚੇ ਸੁੱਚੇ ਗ੍ਰਿਹੀ (ਗ੍ਰਿਹਸਥੀ) ਹੋਣ ਦੀ ਸਖਤ ਤਾਕੀਦ ਵੀ ਕੀਤੀ ਗਈ ਹੈ । ਸੰਸਾਰ ਤੇ ਪਰਵਾਰ ਨੂੰ ਤਿਆਗਣ ਦੇ ਮਾਰਗ (ਨਿਵਿਰਤੀ ਮਾਰਗ) ਜੀਵਨ ਦੇ ਸੰਘਰਸ਼ ਤੋਂ ਭਗੌੜੇ ਹੋਣ ਤੁਲ ਹੈ। ਵਿਹਲੜਾਂ ਦਾ, ਕਿਰਤੀਆਂ ਤੇ ਕਾਮਿਆਂ ਉੱਤੇ ਵਾਧੂ ਬੋਝ ਪਾਉਣਾ ਕਿਥੋਂ ਦੀ ਭਗਤੀ, ਪਾਰਸਾਈ ਜਾਂ ਸੰਤਤਾਈ ਹੈ ।
ਹਾਂ, ਸਤਿਗੁਰਾਂ ਵੱਲੋਂ ਦਰਸਾਇਆ ਤੇ ਉਪਮਾਇਆ ਪਰਵਿਰਤੀ ਮਾਰਗ ਇਹ ਆਗਿਆ ਨਹੀਂ ਦਿੰਦਾ ਕਿ ਮਨੁੱਖ-ਜੀਵਨ ਨਿਰਬਾਹ ਲਈ ਹਰ ਤਰ੍ਹਾਂ ਦੇ ਪਰਪੰਚ ਕਰ ਕੇ ਪਰਾਇਆ ਧਨ ਘਰ ਲਿਆਵੇ, ਵਧੀ ਹਵਸ਼ ਤੇ ਹਉਮੈ-ਵੱਸ ਹੋਇਆ ਹਰ ਨੀਵਾਂ ਤੇ ਅਨੁਚਿਤ ਕੰਮ ਕਰੇ, ਰੋਟੀ ਦੇ ਟੁਕੜੇ ਲਈ ਹਰ ਕਮੀਨੇ ਦੁਆਲੇ ਘੁੰਮੇ ਅਤੇ ਮੱਖੀ ਵਾਂਗ ਵਿਕਾਰਾਂ ਵਿੱਚ
ਜੈਸੇ ਜਲ ਮਹਿ ਕਮਲੁ ਨਿਰਾਲਮ, ਮੁਰਗਾਈ ਨੈ ਸਾਣੇ ।।
ਸੁਰਤਿ ਸਬਦਿ ਭਵ ਸਾਗਰੁ ਤਰੀਐ, ਨਾਨਕ ਨਾਮੁ ਵਖਾਣੇ ।।
(ਰਾਮਕਲੀ, ਮ.੧, ਸਿਧਿ ਗੋਸਿਟ, ਪੰਨਾ ੯੩੮)
ਗੁਰੂ ਸਾਹਿਬ ਨੇ ਗ੍ਰਹਿਸਤ ਬਾਰੇ ਤਿੰਨਾਂ ਗੱਲਾਂ ਤੇ ਵਿਚਾਰ ਕੀਤੀ ਹੈ (੧) ਗ੍ਰਹਿਸਤ ਕਿਉਂ ਜ਼ਰੂਰੀ ਹੈ ? (੨) ਇਸਤ੍ਰੀ ਪੁਰਸ਼ ਦੀ ਸਹੀ ਚੋਣ (੩) ਗ੍ਰਹਿਸਤੀ ਦੇ ਫਰਜ਼ । ਕੁਦਰਤ ਨੇ ਮਨੁੱਖਤਾ ਦੇ ਦੋ ਅੰਗ ਬਣਾਏ ਹਨ - ਇਕ ਇਸਤ੍ਰੀ ਦੂਸਰਾ ਪੁਰਸ਼। ਦੋਹਾਂ ਵਿੱਚ ਵੱਖੋ ਵੱਖ ਗੁਣ ਪਾਏ ਜਾਂਦੇ ਹਨ । ਇਹ ਅੱਡੋ ਅੱਡ ਰਹਿਣ ਤੇ ਨਾ ਮੁਕੰਮਲ ਹਨ । ਗ੍ਰਿਹਸਥੀ ਜੀਵਨ ਦੇ ਅਰਥ ਹਨ-ਮਨੁੱਖਤਾ ਨੂੰ ਮੁਕੰਮਲ ਕਰਨਾ ਅਤੇ ਹਰ ਪ੍ਰਕਾਰ ਦੀ ਉੱਨਤੀ ਕਰਨੀ । ਭਾਈ ਗੁਰਦਾਸ ਜੀ ਲਿਖਦੇ ਹਨ-
ਜੈਸੇ ਸਰ ਸਰਤਾ ਸਕਲ ਮੇਂ ਸਮੁੰਦ ਬਡੋ,
ਮੇਰਨ ਮੇਂ ਸੁਮੇਰ ਬਡੋ ਜਗਤ ਬਖਾਨ ਹੈ ।।
ਤਰਵਰਨ ਬਿਖੈ ਜੈਸੇ ਚੰਦਨ ਬਿਰਖ ਬਡੋ,
ਧਾਤਨ ਮੈ ਕਨਿਕ, ਅਤਿ ਉਤਮ ਕੇ ਮਾਨ ਹੈ ।
ਪੰਛਨਿ ਮੇਂ ਹੰਸ, ਮ੍ਰਿਗਰਾਜਨ ਮੇਂ ਸ਼ਾਰਦੂਲ,
ਰਾਗਨ ਮੇਂ ਸ੍ਰੀ ਰਾਗ, ਪਾਰਸ ਪਖਾਨ ਹੈ ।
ਗਯਾਨਨ ਮੇਂ ਗਯਾਨ, ਅਰ ਧਯਾਨਨ ਮੇਂ ਧਯਾਨ ਗੁਰ,
ਸਕਲ ਧਰਮ ਮੈ ਗ੍ਰਿਹਸਤ ਪ੍ਰਧਾਨ ਹੈ। (ਕਬਿੱਤ ੩੭੬)
ਭਾਵ ਜਿਸ ਤਰ੍ਹਾਂ ਸਰੋਵਰਾਂ ਤੇ ਨਦੀਆਂ ਵਿਚੋਂ ਸਮੁੰਦਰ ਸ੍ਰੋਮਣੀ ਹੈ, ਬਿਰਛਾਂ ਵਿਚੋਂ ਚੰਦਨ ਉੱਤਮ ਹੈ, ਕਿਉਂਕਿ ਉਹ ਆਪਣੀ ਛੋਹ ਨਾਲ ਦੂਜੇ ਬੂਟਿਆਂ ਨੂੰ ਸੁਗੰਧਤ ਕਰ ਦਿੰਦਾ ਹੈ, ਧਾਤਾਂ ਵਿਚੋਂ ਸੋਨਾ ਉੱਤਮ ਹੈ, ਪੰਛੀਆਂ ਵਿਚੋਂ ਦੁੱਧ ਪਾਣੀ ਦਾ ਨਿਰਣਾ ਕਰਨ ਵਾਲਾ ਹੰਸ ਤੇ ਚੌਪਾਇਆਂ ਵਿਚੋਂ ਸ਼ੇਰ, ਰਾਗਾਂ ਵਿਚੋਂ ਸ੍ਰੀ ਰਾਗ ਅਤੇ ਪੱਥਰਾਂ ਵਿਚੋਂ ਪਾਰਸ ਸਰਬੋਤਮ ਹੈ, ਜਿਵੇਂ ਗਿਆਨ ਤੇ ਧਿਆਨ ਵਿਚੋਂ ਗੁਰੂ ਦਾ ਗਿਆਨ ਤੇ ਧਿਆਨ ਉੱਤਮ ਹਨ, ਇਸੇ ਤਰ੍ਹਾਂ ਸਾਰੇ ਧਰਮਾਂ ਵਿਚੋਂ ਗ੍ਰਹਿਸਤ ਪ੍ਰਧਾਨ ਹੈ।
ਇਸਤ੍ਰੀ ਪੁਰਬ ਇਕ ਅਜਿਹੀ ਇਕਾਈ ਹਨ, ਜਿਨ੍ਹਾਂ ਦੇ ਮਿਲਾਪ ਤੇ ਸੰਯੋਗ ਨਾਲ ਪ੍ਰਵਾਰਕ ਜੀਵਨ ਦਾ ਢਾਂਚਾ ਅਤੇ ਸਮਾਜ ਬਣਦਾ ਹੈ । ਮਾਨਵਤਾ ਦੀ ਸਾਰੀ ਧਾਰਮਕ ਜਾਂ ਸਮਾਜਕ ਤਰੱਕੀ ਚੰਗੇ ਗ੍ਰਿਹਸਥੀ ਜੀਵਨ ਪਰ ਨਿਰਭਰ ਹੈ। ਇਸ ਲਈ ਗੁਰਮਤਿ ਵਿਚ ਗ੍ਰਹਿਸਥ ਨੂੰ ਪ੍ਰਧਾਨ ਮੰਨਿਆ ਗਿਆ ਹੈ ।
ਵਰ ਅਤੇ ਕੰਨਿਆ ਦੀ ਚੋਣ ਗੁਣ, ਕਰਮ, ਸੁਭਾਵ, ਅਰੋਗਤਾ ਅਤੇ ਆਯੂ ਅਨੁਸਾਰ ਹੋਣੀ ਚਾਹੀਦੀ ਹੈ । ਗ੍ਰਿਹਸਥੀ ਦੇ ਫਰਜ਼ ਸ੍ਰੀ ਗੁਰੂ ਰਾਮਦਾਸ ਜੀ ਨੇ ਚਾਰ ਲਾਵਾਂ ਵਿਚ ਦੱਸੇ ਹਨ। ਗੁਰਮਤਿ ਵਿੱਚ ਵਿਹਾਰ ਤੇ ਪ੍ਰਮਾਰਥ ਨੂੰ ਮਿਲਾ ਕੇ ਤੋਰਿਆ ਹੈ। ਇਸ ਲਈ ਲਾਵਾਂ ਵਿੱਚ
ਅਨੰਦ ਕਾਰਜ
(ਓ) ਸਿੱਖ ਸਿੱਖਣੀ ਦਾ ਵਿਆਹ, ਬਿਨਾਂ ਜ਼ਾਤ-ਪਾਤ, ਗੋਤ ਵਿਚਾਰ ਦੇ ਹੋਣਾ ਚਾਹੀਏ।
(ਅ) ਸਿੱਖ ਦੀ ਪੁੱਤਰੀ ਦਾ ਵਿਆਹ ਸਿੱਖ ਨਾਲ ਹੀ ਹੋਵੇ ।
(ੲ) ਸਿੱਖ ਦਾ ਵਿਆਹ 'ਅਨੰਦ' ਰੀਤੀ ਨਾਲ ਕਰਨਾ ਚਾਹੀਏ ।
(ਸ) ਲੜਕੀ ਲੜਕੇ ਦਾ ਵਿਆਹ ਬਚਪਨ ਵਿਚ ਕਰਨਾ ਵਿਵਰਜਿਤ ਹੈ।
(ਹ) ਜਦ ਲੜਕੀ ਸਰੀਰ, ਮਨ ਤੇ ਅਚਾਰ ਕਰ ਕੇ ਵਿਆਹ ਕਰਨ ਦੇ ਯੋਗ ਹੋ ਜਾਵੇ ਤਾਂ ਕਿਸੇ ਯੋਗ ਸਿੱਖ ਨਾਲ 'ਅਨੰਦ' ਪੜ੍ਹਾਇਆ ਜਾਵੇ ।
(ਕ) 'ਅਨੰਦ' ਤੋਂ ਪਹਿਲਾਂ ਕੁੜਮਾਈ ਦੀ ਰਸਮ ਜਰੂਰੀ ਨਹੀਂ, ਪਰ ਜੇ ਕਰਨੀ ਹੋਵੇ ਤਾਂ ਲੜਕੀ ਵਾਲੇ ਕਿਸੇ ਦਿਨ ਸੰਗਤ ਜੇਡ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜੂਰ ਅਰਦਾਸਾ ਸੋਧ ਕੇ ਇਕ ਕ੍ਰਿਪਾਨ ਕੜਾ ਤੇ ਕੁਝ ਮਿੱਠਾ ਲੜਕੇ ਦੇ ਪੱਲੇ ਪਾ ਦੇਣ ।
(ਖ) 'ਅਨੰਦ' ਦਾ ਦਿਨ ਮੁਕਰਰ ਕਰਨ ਲੱਗਿਆਂ ਕੋਈ ਥਿਤ-ਵਾਰ, ਚੰਗੇ-ਮੰਦੇ ਦਿਨ ਦੀ ਖੋਜ ਕਰਨ ਲਈ ਪੱਤ੍ਰੀ ਵਾਚਣਾ ਮਨਮਤ ਹੈ । ਕੋਈ ਦਿਨ ਜੋ ਦੋਹਾਂ ਧਿਰਾਂ ਨੂੰ ਆਪਸ ਵਿਚ ਸਲਾਹ ਕਰਕੇ ਚੰਗਾ ਦਿਸੇ, ਨੀਯਤ ਕਰ ਲੈਣਾ ਚਾਹੀਏ ।
(ਗ) ਸਿਹਰਾ, ਮੁਕਟ ਜਾਂ ਗਾਨਾ ਬੰਨ੍ਹਣਾ, ਪਿਤਰ ਪੂਜਣੇ, ਕੱਚੀ ਲੱਸੀ ਵਿਚ ਪੈਰ ਪਾਉਣਾ, ਬੇਰੀ ਜਾਂ ਜੰਡੀ ਵੱਢਣੀ, ਘੜੋਲੀ ਭਰਨੀ, ਰੁਸ ਕੇ ਜਾਣਾ, ਛੰਦ ਪੜ੍ਹਨੇ, ਹਵਨ ਕਰਨਾ, ਵੇਦੀ ਗੱਡਣੀ, ਵੇਸਵਾ ਦਾ ਨਾਚ, ਸ਼ਰਾਬ ਆਦਿ ਮਨਮਤ ਹੈ।
(ਘ) ਜਿਤਨੇ ਥੋੜੇ ਆਦਮੀ ਲੜਕੀ ਵਾਲਾ ਮੰਗਾਵੇ, ਉਤਨੇ ਨਾਲ ਲੈ ਕੇ ਲੜਕਾ ਸਹੁਰੇ ਘਰ ਜਾਵੇ। ਦੋਹੀਂ ਪਾਸੀਂ ਗੁਰਬਾਣੀ ਦੇ ਸ਼ਬਦ ਗਾਏ ਜਾਣ ਤੇ ਫਤਹਿ ਗਜਾਈ ਜਾਵੇ।
(ਚ) ਵਿਆਹ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜੂਰ ਦੀਵਾਨ ਲੱਗੇ । ਸੰਗਤ ਜਾਂ ਰਾਗੀ ਕੀਰਤਨ ਕਰਨ । ਫਿਰ ਲੜਕੀ ਤੇ ਲੜਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜੂਰ ਬਿਠਾਏ ਜਾਣ । ਲੜਕੀ, ਲੜਕੇ ਦੇ ਖੱਬੇ ਪਾਸੇ ਬੈਠੇ । ਸੰਗਤ ਦੀ ਆਗਿਆ ਲੈ ਕੇ' ਅਨੰਦ' ਪੜਾਉਣ ਵਾਲਾ ਸਿੱਖ (ਮਰਦ ਜਾਂ ਇਸਤਰੀ) ਲੜਕੇ ਲੜਕੀ ਤੇ ਉਨ੍ਹਾਂ ਦਿਆਂ ਮਾਪਿਆਂ ਜਾਂ ਸਰਬਰਾਹਾਂ ਨੂੰ ਖੜ੍ਹਾ ਕਰਕੇ 'ਅਨੰਦ' ਦੇ ਆਰੰਭ ਦਾ ਅਰਦਾਸਾ ਸੋਧੇ । ਫਿਰ ਉਹ ਲੜਕੇ ਲੜਕੀ ਨੂੰ ਗੁਰਮਤਿ ਅਨੁਸਾਰ ਗ੍ਰਹਿਸਥ ਧਰਮ ਦੇ ਫਰਜਾਂ ਦਾ ਉਪਦੇਸ਼ ਕਰੇ। ਪਹਿਲੇ ਦੋਹਾਂ ਨੂੰ ਸਾਂਝਾ ਉਪਦੇਸ਼ ਕਰੇ। ਇਸ ਵਿਚ ਸੂਹੀ ਰਾਗ ਦੀਆਂ ਲਾਵਾਂ ਦੇ ਭਾਵ ਅਨੁਸਾਰ ਪਤੀ ਪਤਨੀ ਦੇ ਸਬੰਧ ਨੂੰ ਜੀਵ ਤੇ ਪ੍ਰਮਾਤਮਾਂ ਦੇ ਪਿਆਰ ਦੇ ਨਮੂਨੇ ਉਤੇ ਢਾਲਣ ਦੀ ਵਿਧੀ ਦੱਸੇ ।
ਆਪਸ ਵਿਚ ਪ੍ਰੇਮ ਦਵਾਰਾ ਏਕ ਜੋਤਿ ਦੁਇ ਮੂਰਤੀ ਹੋਣਾ ਦੱਸੇ ਤੇ ਇਸ ਤਰ੍ਹਾਂ ਗ੍ਰਹਿਸਥ ਧਰਮ ਨਿਬਾਹੁਦੇ ਹੋਏ ਆਪਣੇ ਸਾਂਝੇ ਭਰਤਾ' ਅਕਾਲ ਪੁਰਖ' ਨਾਲ ਇਕ-ਮਿਕ ਹੋਣਾ ਦ੍ਰਿੜਾਵੇ । ਦੋਹਾਂ ਨੇ ਇਸ ਸੰਯੋਗ ਨੂੰ ਮਨੁੱਖਾ ਜਨਮ ਦੀ ਯਾਤਰਾ ਨੂੰ ਸਫਲਤਾ ਨਾਲ ਨਿਬਾਹੁਣ ਦਾ ਸਾਧਨ ਬਣਾਉਣਾ ਹੈ । ਦੋਹਾਂ ਨੇ ਇਸ ਸੰਯੋਗ ਦੇ ਰਾਹੀਂ ਪਵਿੱਤਰ ਤੇ ਗੁਰਮੁਖੀ ਜੀਵਨ ਬਿਤਾਉਣਾ ਹੈ।
ਕੰਨਿਆਂ ਨੂੰ ਦੱਸਿਆ ਜਾਵੇ ਕਿ ਆਪ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸੰਗਤ ਦੇ ਹਜੂਰ ਇਸ ਸੱਜਣ ਦੇ ਲੜ ਲਾਇਆ ਜਾਂਦਾ ਹੈ । ਆਪ ਇਨ੍ਹਾਂ ਦੇ 'ਨਿਰਮਲ ਭਉ' ਵਿਚ ਰਹਿੰਦੇ ਹੋਏ ਇਨ੍ਹਾਂ ਨੂੰ ਹੀ ਆਪਣੇ ਸਾਰੇ ਪ੍ਰੇਮ ਤੇ ਸ਼ਰਧਾ ਦਾ ਮਾਲਕ ਸਮਝਣਾ, ਦੁੱਖ-ਸੁੱਖ ਦੇਸ਼ ਪਰਦੇਸ ਵਿਚ ਆਪਣੇ ਪਤੀ-ਬਰਤਾ ਧਰਮ ਵਿਚ ਪੱਕੇ ਰਹਿਣਾ, ਸੇਵਾ ਕਰਨੀ । ਇਹਦੇ ਮਾਤਾ ਪਿਤਾ ਤੇ ਸਬੰਧੀਆਂ ਨੂੰ ਆਪਣੇ ਮਾਤਾ-ਪਿਤਾ ਸਬੰਧੀਆਂ ਵਾਂਗ ਜਾਣਨਾ।
ਉਪਦੇਸ਼ ਦੀਆਂ ਗੱਲਾਂ ਪ੍ਰਵਾਨ ਕਰਦੇ ਹੋਏ ਵਰ ਤੇ ਕੰਨਿਆ ਦੋਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਣ। ਫਿਰ ਲੜਕੀ ਦੇ ਪਿਤਾ ਜਾਂ ਮੁਖੀ ਸਬੰਧੀ ਲੜਕੇ ਦਾ ਪੱਲਾ ਲੜਕੀ ਦੇ ਹੱਥ ਫੜਾਵੇ ਤੇ ਤਾਬਿਆ ਬੈਠਾ ਸੱਜਣ 'ਸੂਹੀ ਮਹਲਾ ੪’ ਵਿਚ ਦਿਤੀਆਂ ਲਾਵਾਂ ਦਾ ਪਾਠ ਸੁਣਾਵੇ। ਹਰੇਕ ਲਾਵ ਦਾ ਪਾਠ ਹੋਣ ਮਗਰੋਂ ਅਗੇ ਵਰ ਤੇ ਪਿਛੇ ਕੰਨਿਆ, ਵਰ ਦਾ ਪੱਲਾ ਫੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਚਾਰ ਪ੍ਰਕਰਮਾ ਕਰਨ। ਪ੍ਰਕਰਮਾਂ ਕਰਨ ਸਮੇਂ ਰਾਗੀ ਜਾਂ ਸੰਗਤ ਲਾਵਾਂ ਨੂੰ ਕ੍ਰਮ ਅਨੁਸਾਰ ਸੁਰ ਨਾਲ ਗਾਈ ਜਾਣ ਅਤੇ ਵਰ ਕੰਨਿਆ ਹਰ ਇਕ ਲਾਂਵ ਮਗਰੋਂ ਮੱਥਾ ਟੇਕ ਕੇ ਅਗਲੀ ਲਾਂਵ ਸੁਨਣ ਲਈ ਖੜੇ ਹੋ ਜਾਣ ਉਪਰੰਤ ਉਹ ਮੱਥਾ ਟੇਕ ਕੇ ਆਪਣੀ ਥਾਂ ਤੇ ਬੈਠ ਜਾਣ ਤੇ ਰਾਗੀ ਸਿੰਘ ਜਾਂ ਅਨੰਦ ਕਰਾਉਣ ਵਾਲਾ ਅਨੰਦ ਸਾਹਿਬ ਦੀਆਂ ਪਹਿਲੀਆਂ ਪੰਜ ਪਉੜੀਆਂ ਤੇ ਅੰਤਲੀ ਇਕ ਪਾਉੜੀ ਦਾ ਪਾਠ ਕਰੇ ! ਫਿਰ 'ਅਨੰਦ' ਦੀ ਸਮਾਪਤੀ ਦਾ ਅਰਦਾਸਾ ਸੋਧਿਆ ਜਾਵੇ ਤੇ ਕੜਾਹ ਪ੍ਰਸ਼ਾਦਿ ਵਰਤਾਇਆ ਜਾਵੇ ।
(ਚ) ਅਨਮਤ ਵਾਲਿਆਂ ਦਾ ਵਿਆਹ 'ਅਨੰਦ' ਰੀਤੀ ਨਾਲ ਨਹੀਂ ਹੋ ਸਕਦਾ ।
(ਛ) ਲੜਕੇ ਜਾਂ ਲੜਕੀ ਦਾ ਸੰਯੋਗ ਪੈਸਾ ਲੈ ਕੇ ਨਾ ਕਰੇ ।
(ਜ) ਜੇ ਬਾਲਕੀ ਦੇ ਮਾਪੇ ਕਦਾਂਚ ਸਬੱਬ ਪਾਇ ਕੈ ਬਾਲਕੀ ਦੇ ਗ੍ਰਹਿ ਵਿਖੇ ਜਾਣ ਅਤੇ ਉਥੇ ਪ੍ਰਸ਼ਾਦਿ ਤਿਆਰ ਹੋਵੇ ਤਾਂ ਖਾਣ ਤੋਂ ਸੰਕੋਚਣਾ ਨਹੀਂ । ਅੰਨ ਨਾ ਖਾਣਾ ਸਭ ਭਰਮ ਹੈ । ਖਾਲਸੇ ਨੂੰ ਖਾਣਾ ਖਲਾਵਣਾ, ਸ੍ਰੀ ਗੁਰੂ ਬਾਬੇ ਅਕਾਲ ਪੁਰਖ ਬਖਸ਼ਿਆ ਹੈ । ਬੇਟੀ ਬੇਟੇ ਵਾਲੇ ਆਪਸ ਵਿਚ ਖਾਂਦੇ ਰਹਿਣ ਇਸ ਵਾਸਤੇ ਜੋ ਗੁਰੂ ਨੇ ਦੋਵੇਂ ਸਾਕ ਇਕ ਕੀਤੇ ਹੈਨ।
(ਝ) ਜਿਸ ਇਸਤਰੀ ਦਾ ਭਰਤਾ ਕਾਲ ਵਸ ਹੋ ਜਾਵੇ, ਉਹ ਚਾਹੇ ਤਾਂ ਯੋਗ ਵਰ ਦੇਖ ਕੇ ਪੁਨਰ-ਸੰਯੋਗ ਕਰ ਲਵੇ । ਸਿੱਖ ਦੀ ਇਸਤਰੀ ਮਰ ਜਾਵੇ ਤਾਂ ਉਸ ਲਈ ਭੀ ਇਹੋ ਹੁਕਮ ਹੈ ।
(ਞ) ਪੁਨਰ-ਵਿਆਹ ਦੀ ਭੀ ਉਹੋ ਰੀਤ ਹੈ, ਜੋ ਅਨੰਦ' ਲਈ ਉੱਤੇ ਦੱਸੀ ਹੈ।
(ਟ) ਆਮ ਹਾਲਤਾਂ ਵਿੱਚ ਸਿੱਖ ਨੂੰ ਇੱਕ ਇਸਤਰੀ ਦੇ ਹੁੰਦਿਆਂ ਦੂਜਾ ਵਿਆਹ ਨਹੀਂ ਕਰਨਾ ਚਾਹੀਦਾ।
(ਠ) ਅੰਮ੍ਰਿਤਧਾਰੀ ਸਿੰਘ ਨੂੰ ਚਾਹੀਦਾ ਹੈ ਕਿ ਆਪਣੀ ਸਿੰਘਣੀ ਨੂੰ ਭੀ ਅੰਮ੍ਰਿਤ ਛਕਾ ਲਵੇ ।
ਅੰਮ੍ਰਿਤ ਛਕਣਾ ਜ਼ਰੂਰੀ : ਸਿੱਖ ਵਾਸਤੇ ਚਾਰ ਸੰਸਕਾਰ ਅਥਵਾ ਜਿੰਦਗੀ ਦੇ ਚਾਰ ਮੋੜ ਅਜਿਹੇ ਮਿਥੇ ਗਏ ਹਨ ਜਦੋਂ ਸਬੰਧੀਆਂ, ਮਿੱਤਰਾਂ ਵਿਚ ਉਸ ਦਾ ਇਮਤਿਹਾਨ ਹੁੰਦਾ ਹੈ ਕਿ
(੧) ਜਨਮ-ਸੰਸਕਾਰ (੨) ਅੰਮ੍ਰਿਤ ਸੰਸਕਾਰ, (੩) ਅਨੰਦ ਸੰਸਕਾਰ, (੪) ਮ੍ਰਿਤਕ ਸੰਸਕਾਰ। ਇਸ ਤਰ੍ਹਾਂ ਅਨੰਦ ਕਾਰਜ ਦਾ ਦਰਜਾ ਤੀਜਾ ਹੈ ਅਤੇ ਦੂਜਾ ਪੜਾਅ ਹੈ ਅੰਮ੍ਰਿਤ ਸੰਸਕਾਰ ਅਥਵਾ ਅੰਮ੍ਰਿਤਧਾਰੀ ਹੋਣਾ ।
ਹਰ ਧਰਮ ਅਥਵਾ ਜੱਥੇਬੰਦੀ ਵਿਚ ਪ੍ਰਵੇਸ਼ ਦਾ ਕੋਈ ਨਾ ਕੋਈ ਢੰਗ ਅਵੱਸ਼ ਹੁੰਦਾ ਹੈ। ਈਸਾਈ ਪਰਿਵਾਰ ਵਿਚ ਜਨਮ ਲੈ ਕੇ ਜਾਂ ਸਾਰੀ ਬਾਈਬਲ ਪੜ੍ਹ ਕੇ ਵੀ ਕੋਈ ਈਸਾਈ ਨਹੀਂ ਸਮਝਿਆ ਜਾਂਦਾ ਸਗੋਂ ਈਸਾਈ ਹੋਣ ਵਾਸਤੇ ਬੈਪਟਾਈਜ਼ ਹੋਣਾ ਜਰੂਰੀ ਹੁੰਦਾ ਹੈ । ਸੁੰਨਤ ਤੋਂ ਬਿਨਾਂ ਕੋਈ ਮੁਸਲਮਾਨ ਨਹੀਂ ਅਖਵਾ ਸਕਦਾ ਹਿੰਦੂ ਮਤ ਵਿੱਚ ਪ੍ਰਵੇਸ਼ ਵਾਸਤੇ ਜੰਞੂ ਧਾਰਨ ਕਰਨਾ ਵੀ ਜਰੂਰੀ ਹੈ । ਇਸੇ ਤਰ੍ਹਾਂ ਸਿੱਖੀ ਵਿਚ ਪ੍ਰਵੇਸ਼ ਵਾਸਤੇ ਇਕੋ ਇਕ ਢੰਗ ਹੈ ਪੰਜਾਂ ਪਿਆਰਿਆਂ ਤੋਂ ਖੰਡੇ ਦੀ ਪਾਹੁਲ ਭਾਵ ਅੰਮ੍ਰਿਤ ਛਕਣਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਧਾਰਨ ਕਰਨਾ । ਨਿਗੁਰਾ ਪ੍ਰਾਣੀ ਸਿੱਖ ਨਹੀਂ ਅਖਵਾ ਸਕਦਾ । ਇਸ ਪੱਖੋਂ ਅੱਜ ਕੌਮ ਦੀ ਹਾਲਤ ਵਧੇਰੇ ਨਿੱਘਰੀ ਪਈ ਹੈ, ਭਾਵੇਂ ਇਸ ਵਿਚ ਬਹੁਤਾ ਦੋਸ਼ ਸਿੱਖ ਸੰਗਤਾਂ ਦਾ ਨਹੀਂ, ਬਲਕਿ ਪਿਛਲੇ ੨੦੦ ਸਾਲਾਂ ਤੋਂ ਵਿਗੜੇ ਪ੍ਰਚਾਰ ਪ੍ਰਬੰਧ ਦਾ ਹੈ, ਪਰ ਅੰਮ੍ਰਿਤ ਦੀ ਮਹਾਨਤਾ ਸਮਝਣ ਤੋਂ ਬਾਅਦ ਵੀ ਲਾਪਰਵਾਹੀ ਕਰ ਕੇ ਅਸੀਂ ਦੇਸ਼ ਮੁਕਤ ਨਹੀਂ ਰਹਿ ਜਾਂਦੇ ।
ਲੱਖਾਂ ਵੋਟ ਪ੍ਰਾਪਤ ਕਰਨ ਤੋਂ ਬਾਅਦ ਵੀ ਜਿਵੇਂ ਕੋਈ ਵਿਧਾਨ ਦੀ ਸਹੁੰ ਚੁੱਕੇ ਬਿਨਾਂ ਲੋਕ ਸਭਾ ਆਦਿ ਵਿੱਚ ਬੈਠਣ ਦਾ ਹੱਕ ਨਹੀਂ ਰੱਖਦਾ, ਤਿਵੇਂ ਹੀ ਜਦ ਤੀਕ ਅਸਾਂ ਖੰਡੇ ਦੀ ਪਾਹੁਲ ਭਾਵ ਅੰਮ੍ਰਿਤ ਛੱਕ ਕੇ ਗੁਰਬਾਣੀ ਅਨੁਸਾਰ ਜੀਵਨ ਜੀਉਣ ਦਾ ਪ੍ਰਣ ਨਹੀਂ ਲਿਆ ਤਦ ਤੀਕ ਅਸੀਂ ਸਹਿਜਧਾਰੀ, ਸੇਵਕ, ਸ਼ਰਧਾਲੂ ਤਾਂ ਹੋ ਸਕਦੇ ਹਾਂ ਪਰ ਕੇਵਲ ਗੁਰਦੁਆਰੇ ਆਉਣ ਨਾਲ ਜਾਂ ਬਾਣੀ ਪੜ੍ਹਣ ਨਾਲ ਸਿੱਖ ਨਹੀਂ ਹੋ ਸਕਦੇ । ਸਿੱਖ ਦਾ ਅਰਥ ਹੀ ਗੁਰੂ ਵਾਲਾ ਹੋਣਾ ਹੈ ਅਤੇ ਕੌਣ ਸਿੱਖ ਹੈ ਅਤੇ ਕੌਣ ਸਿੱਖ ਨਹੀਂ, ਇਸ ਦਾ ਫੈਸਲਾ ਅਸਾਂ ਨਹੀਂ ਬਲਕਿ ਗੁਰੂ ਨੇ ਕਰਨਾ ਹੈ ਜਦ ਕਿ ਗੁਰੂ ਦਾ ਫੈਸਲਾ ਹੈ-
ਧਰੇ ਕੇਸ ਪਾਹੁਲ ਬਿਨਾ ਭੇਖੀ ਮੂਰਖ ਸਿੱਖ ॥
ਮੇਰਾ ਦਰਸਨ ਨਾਹਿ ਤਿਸੁ ਪਾਪੀ ਤਿਆਗੈ ਭਿਖ ॥
ਅਨੰਦ ਕਾਰਜ ਸਬੰਧੀ ਲੇਖ ਲਿਖਣ ਸਮੇਂ ਸਾਨੂੰ ਜੋ ਅੰਮ੍ਰਿਤ ਬਾਰੇ ਕੁਝ ਵਿਚਾਰ ਦੇਣੀ ਪਈ ਹੈ ਇਹ ਅਤਿ ਜ਼ਰੂਰੀ ਸੀ ਤਾਂ ਜੋ ਇਸ ਪੱਖੋਂ ਕੌਮ ਨੂੰ ਵਧੇਰੇ ਸੁਚੇਤ ਕੀਤਾ ਜਾ ਸਕੇ। ਅਨੰਦ ਕਾਰਜ ਉਪਰੰਤ ਅਨੇਕਾਂ ਘਰਾਣਿਆਂ ਵਿੱਚ ਬਹੁਤੀਆਂ ਤਬਾਹੀਆਂ ਦਾ ਮੂਲ ਕਾਰਣ ਸਾਡੀ ਅੰਮ੍ਰਿਤ ਛਕਣ ਵੱਲੋਂ ਲਾਪਰਵਾਹੀ ਹੀ ਹੈ । ਕਿਧਰੇ ਕੇਸਾਂ, ਦਾੜ੍ਹੀ ਅਤੇ ਰੋਮਾਂ ਦੀ ਬੇਅਦਬੀ ਹੋ ਰਹੀ ਹੈ, ਕਿਧਰੇ ਭਰਵੱਟਿਆਂ ਦੀ ਕਾਂਟ ਛਾਂਟ ਹੋ ਰਹੀ ਹੈ ਜਾਂ ਬਾਲ ਕੱਟ ਹੋਣਾ ਲੋਚਦੀ ਹੈ । ਕਿਧਰੇ ਇਕ ਜਾਂ ਦੂਜੇ ਦਾ ਵਿਭਚਾਰੀ ਹੋ ਜਾਣ ਦੀ ਮੁਸੀਬਤ ਹੈ, ਕਿਧਰੇ ਇਕ ਜਾਂ ਦੂਜਾ ਕਿਸੇ ਪਾਖੰਡੀ
ਸਿਖਿਆ- ਅਨੰਦ ਵਿਆਹ ਅਥਵਾ ਗ੍ਰਹਿਸਥ ਧਰਮ ਵਿੱਚ ਪ੍ਰਵੇਸ਼ ਹੋਣ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਜੋੜੇ ਨੂੰ ਕੁਝ ਸਿਖਿਆ ਦਿੱਤੀ ਤੇ ਪ੍ਰਤਿੱਗਿਆ ਲਈ ਜਾਂਦੀ ਹੈ।
ਇਸ ਸਮੇਂ ਦਿੱਤੀ ਜਾਣ ਵਾਲੀ ਸਿੱਖਿਆ ਜਿਤਨੀ ਅਹਿਮ ਹੈ (ਇਹ ਸਮੇਂ ਤੇ ਸਥਾਨ ਅਨੁਸਾਰ ਵੱਧ ਘੱਟ ਹੋ ਸਕਦੀ ਹੈ) ਉਤਨੀ ਹੀ ਇਸ ਸਮੇਂ ਕੀਤੀ ਪ੍ਰਤਿਗਿਆ । ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸੰਗਤ ਦੀ ਹਜੂਰੀ ਵਿੱਚ ਕੀਤੇ ਕੌਲ-ਕਰਾਰਾਂ ਨੂੰ ਨਿਭਾਉਣਾ ਸਿੱਖ ਦਾ ' ਧਰਮ ' ਹੈ ਅਤੇ ਇਹੀ ਗੱਲ ਅਨੰਦ-ਵਿਆਹ ਵਿੱਚ ਵਿਸ਼ੇਸ਼ਤਾ ਵਿੱਲਖਣਤਾ ਤੇ ਉਤਮਤਾਈ ਹੈ । ਵਿਆਹ ਉਪਰੰਤ ਦੰਪਤੀ ਦਾ ਇਕ ਦੂਜੇ ਤੋਂ ਤੋੜ ਵਿਛੋੜੇ ਬਾਰੇ ਸੋਚਣਾ ਵੀ ਅਧਰਮ ਹੈ, ਪਾਪ ਹੈ । ਜੋ ਬਚਨ ਵਿਆਹੁਤਾ ਜੋੜਾ ਇਸ ਸਮੇਂ ਇਕ ਦੂਜੇ ਨੂੰ ਦਿੰਦਾ ਹੈ ਉਸ ਤੋਂ ਮੁੱਖ ਮੋੜਨਾ ਗੁਰੂ ਤੋਂ ਮੁਖ ਮੋੜਨ ਤੁਲ ਹੈ । ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ' ਜ਼ਫ਼ਰਨਾਮੇ' ਵਿੱਚ ਮਰਦ ਦੀ ਸਿਫਤ ਵਿੱਚ ਲਿਖਿਆ ਹੈ-
ਹਮੂ ਮਰਦ ਬਾਇਦ ਸ਼ਬਦ ਸੁਖ਼ਨਵਰ।।
ਨ ਸ਼ਿਕਮਿ ਦਿਗਰ ਦਰ ਦਹਾਨੇ ਦਿਗਰ ॥
(ਭਾਵ :- ਮਰਦ ਨੂੰ ਚਾਹੀਦਾ ਹੈ ਕਿ ਉਹ ਬਚਨ ਦਾ ਸੂਰਾ ਹੋਵੇ, ਉਸ ਦੇ ਦਿਲ ਵਿੱਚ ਹੋਰ ਤੇ ਮੂੰਹ ਵਿੱਚ ਹੋਰ ਨਾ ਹੋਵੇ।)
ਅਨੰਦ-ਕਾਰਜ ਸਮੇਂ ਧਰਮ ਦੇ ਜਿਨ੍ਹਾਂ ਖਾਸ ਅੰਗਾਂ ਦੇ ਪਾਲਣ ਉਤੇ ਜੋਰ ਦਿੱਤਾ ਜਾਂਦਾ ਅਤੇ ਪ੍ਰਤਿਗਿਆ ਕਰਾਈ ਜਾਂਦੀ ਹੈ, ਉਹਨਾਂ ਵਿਚੋਂ ਸਭ ਤੋਂ ਵਿਸ਼ੇਸ਼ ਹੈ ਦੋਹਾਂ ਵੱਲੋਂ ਪਤੀਬ੍ਰਤਿ ਧਰਮ ਅਤੇ ਇਸਤ੍ਰੀ-ਬ੍ਰਤਿ ਧਰਮ ਦੀ ਪਾਲਣਾ । ਸਾਡੇ ਦੇਸ਼ ਵਿੱਚ ਪਤੀਬ੍ਰਤਿ ਧਰਮ ਉਤੇ ਬੜਾ ਜ਼ੋਰ ਦਿੱਤਾ ਜਾਂਦਾ ਹੈ, ਪ੍ਰੰਤੂ ਮਰਦ ਉੱਤੇ ਇਸਤ੍ਰੀ-ਬ੍ਰਤਿ ਧਰਮ ਪਾਲਣ ਉੱਤੇ ਬਹੁਤ ਘੱਟ । ਇਸਤ੍ਰੀ ਦੀ ਧਾਰਮਿਕ ਤੇ ਸਮਾਜਕ ਖੇਤਰਾਂ ਵਿੱਚ ਨਿੱਘਰੀ ਪਦਵੀ ਕਾਰਨ ਅਜਿਹਾ ਹੋਣਾ ਕੁਦਰਤੀ ਸੀ । ਪ੍ਰੰਤੂ ਗੁਰੂ ਸਾਹਿਬਾਨ ਨੇ ਅਨਿਆਏ-ਭਰਪੂਰ ਤੇ ਇਹ ਭਿੰਨ-ਭੇਦ ਤੇ ਵਿਤਕਰੇ ਵਾਲੇ ਸਭ ਆਈਨ ਮਨਸੂਖ ਕਰ ਦਿੱਤੇ । ਹੁਣ ਮਰਦ ਲਈ ਇਸਤ੍ਰੀ-ਬ੍ਰਤਿ ਧਰਮ ਧਾਰਨ ਕਰਨਾ ' ਏਕਾ ਨਾਰੀ ਜਤੀ ਹੋਇ ' ਉਤਨਾ ਹੀ ਜ਼ਰੂਰੀ ਤੇ ਧਰਮ ਦਾ ਅਹਿਮ ਅੰਗ ਹੈ ਜਿਤਨਾ ਇਸਤਰੀ ਲਈ ਪਤੀ-ਬ੍ਰਤਿ ਧਰਮ ਦਾ ਧਾਰਨਾ ਅਥਵਾ ਪਤੀ ਨੂੰ ਪ੍ਰਮੇਸ਼ਵਰ ਕਰ ਕੇ
ਪਤੀਬ੍ਰਤਿ ਧਰਮ ਨਿਭਾਉਣ ਹਿਤ ਸ੍ਰੀ ਗੁਰੂ ਹਰਿ ਗੋਬਿੰਦ ਜੀ ਨੇ ਆਪਣੀ ਸਪੁੱਤਰੀ ਬੀਬੀ ਵੀਰੋ, ਨੂੰ ਜੋ ਉਪਦੇਸ਼ ਦਿੱਤਾ ਸੀ ਉਹ ਵੀ ਇਸ ਪ੍ਰਕਰਣ ਵਿੱਚ ਵਰਣਨ ਯੋਗ ਹੈ-
ਸੁਨ ਬੀਬੀ ! ਮੈਂ ਤੁਝੇ ਸੁਨਾਊ । ਪਤਿ ਕੀ ਮਹਿਮਾ ਕਹਿ ਤਕ ਗਾਊ?
ਪਤਿ ਸੇਵਕ ਕੀ ਸੇਵਾ ਸਫਲੀ । ਪਤਿ ਬਿਨ ਔਰ ਕਰੇ ਸਭ ਨਿਫਲੀ ।
ਗੁਰੁ ਜਨ ਕੀ ਇਜਤ ਬਹੁ ਕਰਨੀ । ਸਾਸ ਸੇਵ ਰਿਦ ਮਾਹਿ ਸੁ ਧਰਨੀ ।
ਸੁਨ ਪੁਤਰੀ ! ਪ੍ਰਾਨਨ ਤੇ ਪਿਆਰੀ । ਜਿਸ ਤੇ ਬੇਸ ਬਿਤੇ ਸੁਖ ਕਾਰੀ ।
ਕੁਲ ਕੀ ਬਾਤ ਚਿਤ ਮੇ ਧਰਨੀ । ਖੋਟੀ ਸੰਗਤ ਨਹੀਂ ਸੁ ਕਰਨੀ ।
ਪ੍ਰਾਤ ਉਠ ਕਰ ਮਜਨ ਕਰੀਯੋ । ਗੁਰਬਾਨੀ ਕੋ ਮੁਖ ਤੇ ਰਰੀਯੋ ।
ਪੁਨਾ ਔਰ ਵਿਵਹਾਰ ਜੁ ਹੋਈ । ਭਲੇ ਸੰਭਾਲਹੁ ਨੀਕੇ ਸੋਈ ।
(ਗੁਰਬਿਲਾਸ ਪਾਤਸ਼ਾਹੀ ੬, ਅਧਿ: ੧੧)
ਹਰੇਕ ਪਤਨੀ ਦੀ ਤੀਬਰ ਇੱਛਾ ਹੁੰਦੀ ਹੈ ਕਿ ਪਤੀ ਉਸ ਦੇ ਅਨੁਕੂਲ ਚਲੇ, ਉਸਦੇ ਵੱਸ ਵਿਚ ਵਰਤੇ ਤੇ ਵਫਾਦਾਰ ਹੋਵੇ । ਇਸ ਮੰਤਵ ਦੀ ਪੂਰਤੀ ਲਈ ਉਹ ਕਈ ਤਰ੍ਹਾਂ ਦੇ ਮੰਤਰ ਰਟਦੀ, ਜੰਤਰ ਤੰਤਰ ਤੇ ਟੂਣੇ ਕਰਦੀ ਅਤੇ ਪਖੰਡੀਆਂ ਤੇ ਅਯਾਸ਼ ਲੋਕਾਂ ਦੇ ਢਹੇ ਚੜ੍ਹ ਕੇ ਆਪਣਾ ਝੁਗਾ ਲੁਟਾਂਦੀ ਹੈ । ਗੁਰਮਤਿ ਵਿੱਚ ਅਜਿਹਾ ਫੋਕਟ ਤੇ ਖੋਟਾ ਵਿਹਾਰ ਵਿਵਰਜਤ ਹੈ। ਕੰਤ ਨੂੰ ਸਹੀ ਅਰਥਾਂ ਵਿਚ ਵੱਸ ਕਰਨ ਲਈ ਗੁਰਬਾਣੀ ਤਾਂ ਇਨ੍ਹਾਂ ਗੁਣਾਂ ਦੇ ਧਾਰਨੀ ਹੋਣ ਦੀ ਤਾਕੀਦ ਕਰਦੀ ਹੈ-
ਨਿਵਣੁ ਸੁ ਅਖਰੁ, ਖਵਣੁ ਗੁਣੁ, ਜਿਹਬਾ ਮਣੀਆ ਮੰਤੁ ॥
ਏ ਤ੍ਰੈ ਭੈਣੇ ਵੇਸ ਕਰਿ, ਤਾਂ ਵਸਿ ਆਵੀ ਕੰਤੁ ॥ (੧੨੭) (ਪੰਨਾ ੧੩੮੪)
ਭਾਵ- ਹੇ ਭੈਣ ਪਤੀ ਨੂੰ ਵੱਸ ਕਰਨ ਲਈ ਤੂੰ ਨਿਮਰਤਾ, ਖਿਮਾ ਤੇ ਜੀਭਾ ਦੀ ਮਿਠਾਸ ਦੇ ਗੁਣਾਂ ਦਾ ਲਿਬਾਸ ਧਾਰਨ ਕਰ ।
ਇਸੇ ਤਰ੍ਹਾਂ ਗੁਰਦੇਵ ਜਦ ਕੰਤ ਦਾ ਧਰਮ ਦੱਸਦੇ ਹਨ ਤਾਂ ਸਭ ਤੋਂ ਵੱਧ ਜ਼ੋਰ ਏਸ ਗੱਲ ਉੱਤੇ ਦਿੰਦੇ ਹਨ ਕਿ ਸੰਸਾਰ ਦੀ ਮਹਿਕਦੀ ਫੁਲਵਾੜੀ ਵਿਚੋਂ ਮਰਯਾਦਾ ਪੂਰਬਕ ਮਨੁੱਖ ਨੂੰ ਇਕ ਫੁੱਲ ਉੱਤੇ ਉਂਗਲ ਰੱਖਣ ਦੀ ਖੁਲ੍ਹ ਹੈ, ਪ੍ਰੰਤੂ ਨਾਲ ਹੀ, ਦੁਨੀ-ਸਹਾਵੇ-ਬਾਗ ਦੇ ਪ੍ਰਭੂ-ਮਾਲੀ ਦੀ ਕਰੜੀ ਸ਼ਰਤ ਹੈ ਕਿ ਇਸ ਗੁਲਜ਼ਾਰ ਵਿਚੋਂ ਮਨ-ਪਸੰਦ ਦਾ ਫੁੱਲ ਅਪਣਾਅ ਕੇ, ਜੇ ਦੂਜੇ ਵੱਲ ਭਾਕੇਗਾ ਤਾਂ ਮਹਿਰਮ ਤੋਂ ਮੁਜਰਮ ਗਰਦਾਨਿਆ ਜਾਵੇਂਗਾ, ਅਤੇ ਕੰਤ ਦੀ ਆਦਰ-ਯੋਗ ਪਦਵੀ ਖੁਹਾ ਬੈਠੇਂਗਾ ।
ਪੰਜਵੇਂ ਸਤਿਗੁਰੂ ਦਾ ਫੁਰਮਾਨ ਹੈ-
ਕਿਆ ਗਾਲਾਇਓ ਭੂਛ ਪਰ ਵੇਲਿ ਨ ਜੋਹੇ, ਕੰਤ ਤੂ ।।
ਨਾਨਕ ਫੁਲਾ ਸੰਦੀ ਵਾੜਿ ਖਿੜਿਆ ਹਭੁ ਸੰਸਾਰੁ ਜਿਉ ।। ੩ ।।(੪)
(ਮ.੫, ਵਾਰ ਮਾਰੂ, ਪੰਨਾ ੧੦੯੫)
ਭਾਵ- ਹੇ ਮੂਰਖ (ਭੂਛ) ਤੂੰ ਕੀ ਦੁਰਾਚਾਰ ਦੀਆਂ ਗੱਲਾਂ ਕਰਦਾ ਹੈਂ ? ਜੇ ਪਰਾਈ ਇਸਤ੍ਰੀ ਵੱਲ ਮੰਦੀ ਨਜ਼ਰ ਨਾ ਕਰੇਂ ਤਦ ਹੀ ਤੂੰ ਕੰਤ (ਪਤੀ) ਹੈਂ, ਨਹੀਂ ਤਾਂ ਤੇਰੀ ਗਿਣਤੀ ਵਿਭਚਾਰੀਆਂ ਵਿੱਚ ਹੋਵੇਗੀ ।
ਸਿੱਖੀ ਵਿਚ ਇਸਤ੍ਰੀ-ਬ੍ਰਤਿ ਧਰਮ ਅਥਵਾ ਸੱਚੇ ਆਚਾਰ ਨੂੰ ਧਰਮ ਦਾ ਇਤਨਾ ਅਹਿਮ ਅੰਗ ਮੰਨਿਆ ਗਿਆ ਹੈ ਕਿ ਪਰ ਇਸਤ੍ਰੀ-ਗ੍ਰਾਮੀ ਨੂੰ ਸਿੱਖੀ ਤੋਂ ਹੀ ਪਤਿਤ ਕਰਾਰ ਦੇ ਦਿੱਤਾ ਗਿਆ ਹੈ ।
ਭਾਈ ਗੁਰਦਾਸ ਜੀ ਵੀ ਕੰਤ ਨੂੰ ਇਸਤ੍ਰੀ-ਬ੍ਰਤਿ ਧਰਮ ਦਾ ਧਾਰਨੀ ਹੋਣ ਲਈ ਇਉਂ ਪ੍ਰੇਰਨਾ ਦਿੰਦੇ ਹਨ –
(ਓ) ਏਕਾ ਨਾਰੀ ਜਤੀ ਹੋਇ, ਪਰ ਨਾਰੀ ਧੀ ਭੈਣ ਵਖਾਣੈ।। (ਭਾ. ਗੁ. ਵਾਰ ੬-੮)
(ਅ) ਹਉ ਤਿਸੁ ਘੋਲਿ ਘੁਮਾਇਆ, ਪਰ ਨਾਰੀ ਦੇ ਨੇੜਿ ਨ ਜਾਵੇ । (ਭਾ. ਗੁ. ਵਾਰ ੧੨-੪)
(ੲ) ਦੇਖਿ ਪਰਾਈਆਂ ਚੰਗੀਆਂ, ਮਾਵਾਂ, ਭੈਣਾਂ ਧੀਆਂ ਜਾਣੇ ।। (ਭਾ. ਗੁ. ਵਾਰ ੨੯-੧੧)
ਏਸੇ ਪ੍ਰਕਰਣ ਵਿੱਚ ਭਾਈ ਨੰਦ ਲਾਲ ਸਿੰਘ ਜੀ ਦੀ ਤਾਕੀਦ ਹੈ-
ਪਰ ਬੇਟੀ ਕੋ ਬੇਟੀ ਜਾਨੇ । ਪਰ ਇਸਤ੍ਰੀ ਕੋ ਮਾਤ ਬਖਾਨੇ ।
ਅਪਨੀ ਇਸਤ੍ਰੀ ਸੋਂ ਰਤ (ਪ੍ਰੇਮ) ਹੋਈ । ਰਹਤਵਾਨ ਗੁਰੂ ਕਾ ਸਿੱਖ ਸੋਈ।
ਮੌਜੂਦਾ ਅਨੰਦ ਕਾਰਜਾਂ ਸਮੇਂ ਕੁਝ ਕੁਰੀਤੀਆਂ ਅਤੇ ਅਨਮਤੀ ਪ੍ਰਭਾਵ ਜਿਨ੍ਹਾਂ ਤੋਂ ਬਚਣਾ ਹਰ ਸਿੱਖ ਵਾਸਤੇ ਜ਼ਰੂਰੀ ਹੈ ।
ਵਿਗੜੇ ਹੋਏ ਪ੍ਰਚਾਰ ਪ੍ਰਬੰਧ ਅਤੇ ਯੋਗ ਪ੍ਰਚਾਰਕਾਂ ਦੀ ਘਾਟ ਕਾਰਨ ਅੱਜ ਜੋ ਅਨੰਦ ਕਾਰਜ ਸਿੱਖਾਂ ਵਿੱਚ ਹੋ ਰਹੇ ਹਨ, ਇਹਨਾਂ ਵਿਚੋਂ ਬਹੁਤੇ ਤਾਂ ਕੇਵਲ ਨਾਮ ਦੇ ਹੀ ਅਨੰਦ ਕਾਰਜ ਹਨ । ਅਜਿਹੇ ਅਨੰਦ ਕਾਰਜਾਂ ਉਪਰ ਬ੍ਰਾਹਮਣੀ ਪ੍ਰਭਾਵ ਤੇ ਗਲਬਾ ਛਾਇਆ ਹੋਇਆ ਪ੍ਰਤੱਖ ਨਜ਼ਰ ਆਉਂਦਾ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਬੈਠ ਕੇ ਬਹੁਤੇ ਕਰਮ ਐਸੇ ਕੀਤੇ ਜਾਂਦੇ ਹਨ ਜੋ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ, ਸਿਧਾਂਤ ਤੇ ਸਿੱਖੀ ਰਹਿਤ ਮਰਿਯਾਦਾ ਦੇ ਉਲਟ ਹੁੰਦੇ ਹਨ । ਫਿਰ ਦਾਅਵਾ ਇਹ ਕੀਤਾ ਜਾਂਦਾ ਹੈ ਕਿ ਅਨੰਦ ਕਾਰਜ ਪੂਰਨ ਗੁਰੂ-ਮਰਿਯਾਦਾ ਅਨੁਸਾਰ ਹੋਇਆ ਹੈ। ਇਸ ਤੋਂ ਵੱਡੀ ਅਗਿਆਨਤਾ ਹੋਰ ਕੀ ਹੋ ਸਕਦੀ ਹੈ । ਹੇਠਾਂ ਕੁਝ ਕੁਰੀਤੀਆਂ ਤੇ ਅਨਮਤੀ ਪ੍ਰਭਾਵਾਂ ਦਾ ਜਿਕਰ ਕੀਤਾ ਜਾ ਰਿਹਾ ਹੈ ਜਿਨ੍ਹਾਂ ਤੋਂ ਗੁਰਸਿੱਖਾਂ ਨੇ ਬਚ ਕੇ ਅਨੰਦ ਕਾਰਜ ਦੇ ਆਦਰਸ਼ ਨੂੰ ਸਹੀ ਅਰਥਾਂ ਵਿਚ ਪੂਰਿਆਂ ਕਰਨਾ ਹੈ ।
(ਓ) ਜ਼ਾਤ-ਪਾਤ :- ਅਨੰਦ ਕਾਰਜ ਕਰਨ ਸਮੇਂ ਲੜਕੇ ਲੜਕੀ ਦੀ ਜ਼ਾਤ ਗੋਤ ਨੂੰ ਅਹਿਮੀਅਤ ਦੇਣੀ ਸਿੱਖੀ ਸਿਧਾਤਾਂ ਦੇ ਵਿਰੁੱਧ ਹੈ, ਕਿਉਂਕਿ ਸਿੱਖ ਧਰਮ ਜਾਤ ਪਾਤ ਨੂੰ ਨਹੀਂ
(ਅ) ਸਿੰਘ ਤੇ ਕੌਰ ਸ਼ਬਦ :- ਵਿਆਹ ਸ਼ਾਦੀਆਂ ਦੇ ਕਾਰਡਾਂ ਵਿਚ ਲੜਕੇ ਦੇ ਨਾਮ ਨਾਲ ' ਸਿੰਘ' ਤੇ ਲੜਕੀ ਦੇ ਨਾਮ ਨਾਲ ਕੌਰ' ਲਿਖਣਾ ਜਰੂਰੀ ਹੈ, ਹੋਰ ਕੋਈ ਜਾਤ ਗੋਤ ਲਿਖਣਾ ਮਨਮਤ ਹੈ ।
(ੲ) ਦਿਨ ਮੁਕੱਰਰ ਕਰਨਾ :- ਸਿੱਖੀ ਵਿੱਚ ਤਾਂ ਸਾਰੇ ਦਿਨ ਬਰਾਬਰ ਹਨ, ਕੋਈ ਚੰਗਾ ਜਾਂ ਮਾੜਾ ਦਿਨ ਨਹੀਂ।" ਨਾਨਕ ਸੋਈ ਦਿਵਸ ਸੁਹਾਵੜਾ ਜਿਤੁ ਪ੍ਰਭ ਆਵੈ ਚਿਤਿ॥" ਜਿਤੁ ਦਿਨਿ ਵਿਸਰੈ ਪਾਰਬ੍ਰਹਮ ਫਿਟੁ ਭਲੇਰੀ ਰੁਤਿ" ਚੰਗੀ ਰੁਤ ਭੀ ਫਿਟਕਾਰਨ ਯੋਗ ਹੈ ਜੋ ਉਸ ਵਿੱਚ ਪ੍ਰਭੂ ਭੁੱਲ ਜਾਵੇ । ਇਸੇ ਲਈ ਅਨੰਦ ਦਾ ਦਿਨ ਮੁਕਰਰ ਕਰਨ ਲੱਗਿਆਂ ਕੋਈ ਥਿਤੀ ਵਾਰ, ਚੰਗੇ ਮੰਦੇ ਦਿਨ ਦੀ ਖੋਜ ਕਰਨ ਲਈ ਪਤ੍ਰੀ ਵਾਚਨਾ ਮਨਮਤ ਹੈ । ਕੋਈ ਦਿਨ ਜੋ ਦੋਹਾਂ ਧਿਰਾਂ ਨੂੰ ਆਪਸ ਵਿਚ ਸਲਾਹ ਕਰਕੇ ਚੰਗਾ ਦਿਸੇ, ਨੀਯਤ ਕਰ ਲੈਣਾ ਚਾਹੀਦਾ ਹੈ । ਅਫਸੋਸ ਹੈ ਅੱਜ ਦੇ ਸਿੱਖਾਂ ਪਰ, ਜਿਨ੍ਹਾਂ ਦਾ ਤਾਰਾ ਕਦੇ ਡੁੱਬਦਾ ਕਦੇ ਚੜ੍ਹਦਾ ਹੈ ਤੇ ਕਦੀ ਨਰਾਤੇ-ਸਰਾਧ ਵਿਚ ਆ ਖੜੇ ਹੁੰਦੇ ਹਨ। ਸਿੱਖੀ ਨਾਲ ਇਨ੍ਹਾਂ ਦਾ ਦੂਰ ਦਾ ਸਬੰਧ ਭੀ ਨਹੀਂ, ਜਦ ਜੀਅ ਆਵੇ ਅਨੰਦ ਕਾਰਜ ਦਾ ਦਿਨ ਮਿਥਿਆ ਜਾ ਸਕਦਾ ਹੈ । ਸਰਾਧਾਂ ਵਿੱਚ ਹਰ ਚੀਜ਼ ਸੌਖੀ ਮਿਲ ਜਾਂਦੀ ਹੈ ਸਿੱਖ ਇਨ੍ਹਾਂ ਦਿਨਾਂ ਵਿਚ ਵਿਆਹ ਕਰਨ ਕੀ ਹਰਜ ਹੈ ।
(ਸ) ਬਾਰਾਤ :- ਲੜਕੇ ਵਾਲਿਆਂ ਨੂੰ ਉਤਨੇ ਆਦਮੀ ਹੀ ਲੈ ਕੇ ਲੜਕੀ ਵਾਲਿਆਂ ਦੇ ਘਰ ਜਾਣਾ ਚਾਹੀਦਾ ਹੈ ਜਿਤਨੇ ਥੋੜੇ ਆਦਮੀ ਲੜਕੀ ਵਾਲਾ ਮੰਗਾਵੇ । ਬਹੁਤੀ ਬਾਰਾਤ ਦਾ ਵਖਾਵਾ ਕਰਕੇ ਲੜਕੀ ਵਾਲਿਆਂ ਤੇ ਖਰਚੇ ਦਾ ਭਾਰ ਪਾਉਣਾ ਸਰੇਸ਼ਟਾਚਾਰ ਦੇ ਵਿਰੁੱਧ ਹੈ।
(ਹ) ਸ਼ਰਾਬ ਦੀ ਵਰਤੋਂ :- ਸਿੱਖ ਧਰਮ ਵਿਚ ਸ਼ਰਾਬ ਦੀ ਵਰਤੋਂ ਬਿਲਕੁਲ ਮਨ੍ਹਾਂ ਕੀਤੀ ਹੈ । ਗੁਰਬਾਣੀ ਦਾ ਫੁਰਮਾਨ ਹੈ-
ਜਿਤੁ ਪੀਤੈ ਮਤਿ ਦੂਰਿ ਹੋਇ, ਬਰਲੁ ਪਵੈ ਵਿਚਿ ਆਇ ॥
ਆਪਣਾ ਪਰਾਇਆ ਨ ਪਛਾਣਈ, ਖਸਮਹੁ ਧਕੇ ਖਾਇ ।।
ਜਿਤ ਪੀਤੇ ਖਸਮੁ ਵਿਸਰੈ ਦਰਗਹ ਮਿਲੈ ਸਜਾਇ ॥
ਝੂਠਾ ਮਦੁ, ਮੂਲਿ ਨ ਪੀਚਈ, ਜੇ ਕਾ ਪਾਰਿ ਵਸਾਇ ॥੧॥
(ਵਾਰ ਬਿਹਾਗੜਾ, ਸਲੋਕ ਮਹਲਾ ੩, ਪੰਨਾ ੫੫੪)
ਉਪਰੋਕਤ ਪ੍ਰਮਾਣਾਂ ਨੂੰ ਅੱਖੋਂ ਉਹਲੇ ਕਰਕੇ ਅੱਜ ਬਹੁਤ ਸਾਰੇ ਪਰਵਾਰ ਅਨੰਦ ਕਾਰਜਾਂ ਸਮੇਂ ਤੇ ਹੋਰ ਖੁਸ਼ੀ ਦੇ ਮੌਕਿਆਂ ਤੇ ਸ਼ਰਾਬ ਦੀ ਖੁੱਲੀ ਡੁਲ੍ਹੀ ਵਰਤੋਂ ਕਰਦੇ ਵੇਖੇ ਜਾਂਦੇ ਹਨ । ਸ਼ਰਾਬ ਪੀਣ ਵਾਲਾ ਸਿੱਖ ਕਹਾਉਣ ਦਾ ਅਧਿਕਾਰ ਨਹੀਂ ਰੱਖਦਾ, ਕਿਉਂਕਿ ਜੋ ਗੁਰੂ ਦਾ ਹੁਕਮ ਮੰਨਣ ਲਈ ਤਿਆਰ ਨਹੀਂ ਉਹ ਗੁਰੂ ਦਾ ਸਿੱਖ ਕਿਵੇਂ ਹੋ ਸਕਦਾ ਹੈ। ਇਸ ਲਈ ਲੜਕੇ ਲੜਕੀ ਦੇ ਰਿਸ਼ਤੇ ਪੱਕੇ ਕਰਨ ਸਮੇਂ ਸ਼ਰਾਬ' ਦੀ ਵਰਤੋਂ ਬਾਰੇ ਪੁੱਛ ਪੜਤਾਲ ਕਰ ਲੈਣੀ ਜਰੂਰੀ ਹੈ, ਕਿਉਂਕਿ ਸ਼ਰਾਬੀ ਪਤੀ ਕਦੀ ਵੀ ਘਰ ਨਹੀਂ ਵਸਾ ਸਕਦਾ। ਜੇ ਕਰ ਸਿੱਖ ਗੁਰੂ ਸਾਹਿਬ ਦਾ ਹੁਕਮ
(ਕ) ਭੰਗੜਾ ਨਾਚ :- ਬਰਾਤਾਂ ਸਮੇਂ ਭੰਗੜਾ, ਵੇਸਵਾ ਨਾਚ ਆਦਿ ਦਾ ਵਿਖਾਵਾ ਕਰਨਾ ਅਸੱਭਯ ਕਰਮ ਹੈ ਜੋ ਘੱਟੋ ਘੱਟ ਸਿੱਖਾਂ ਨੂੰ ਤਾਂ ਬਿਲਕੁਲ ਸ਼ੋਭਾ ਨਹੀਂ ਦੇਂਦਾ । ਅੱਜ ਕਲ੍ਹ ਮਰਦਾਂ ਦੀਆਂ ਬਾਹਵਾਂ ਵਿਚ ਬਾਹਵਾਂ ਪਾ ਕੇ ਇਸਤ੍ਰੀਆਂ ਨੂੰ ਵੀ ਸੜਕਾਂ ਤੇ ਨੱਚਦੇ ਟੱਪਦੇ ਵੇਖਿਆ ਜਾਂਦਾ ਹੈ ਜੋ ਸਾਡੇ ਕਹੇ ਜਾਂਦੇ ਸੱਭਯ ਸਮਾਜ ਦੇ ਮੂੰਹ ਤੇ ਭਰਵੀਂ ਚਪੇੜ ਹੈ ।
(੬) ਵਾਧੂ ਰਸਮਾਂ :- ਅਸੀਂ ਸਾਰੇ ਇੱਕ ਪਿਤਾ ਇੱਕ ਮਾਤਾ ਅਤੇ ਇੱਕ ਥਾਂ ਦੇ ਵਾਸੀ ਹਾਂ । ਸਾਡਾ ਸਾਰਿਆਂ ਦਾ ਸਾਂਝਾ ਪਰਵਾਰ ਹੈ । ਅੱਜ ਕਲ ਪਤਾ ਨਹੀਂ ਕਿਉਂ ਲੜਕੇ ੨੫-੫੦ ਲੜਕੀਆਂ ਵੇਖਣ ਉਪਰੰਤ 'ਸਵੰਬਰ' ਜਿਹਾ ਰਚਾ ਕੇ ਰਜ਼ਾਮੰਦੀ ਦਿੰਦੇ ਹਨ: ਜਰਾ ਸੋਚੋ ਜਿਨ੍ਹਾਂ ਨੂੰ ਮਿਲ ਕੇ, ਵੇਖ ਕੇ, ਖਾਤਰਾਂ ਕਰਵਾ ਕੇ ਨਾ-ਪਸੰਦ ਕਰਦੇ ਹੋ, ਉਹ ਸਾਡੀਆਂ ਧੀਆਂ ਭੈਣਾਂ ਵਿਚੋਂ ਹੀ ਹਨ । ਉਸਦੇ ਹਿਰਦੇ ਕੀ ਬੀਤਦੀ ਹੋਵੇਗੀ, ਅਜਿਹਾ ਕਰਨਾ ਆਪਣੀ ਨਿੱਖਿਧ ਸੋਚਣੀ ਨੂੰ ਪ੍ਰਗਟ ਕਰਨਾ ਹੈ । ਮਾਪੇ ਗੁਣ, ਸੁਭਾ ਆਦਿ ਵੇਖ ਕੇ ਗੱਲਬਾਤ ਕਰਨ । ਚੰਗਾ ਲੱਗੇ ਤਾਂ ਬੱਚਿਆਂ ਨੂੰ ਪੁੱਛ ਕੇ ਵਿਆਹ ਲਈ ਰਜ਼ਾਮੰਦੀ ਲੈ ਲਈ ਜਾਵੇ ਇਹ 'ਸੁਵੰਬਰ' ਜਿਹਾ ਰਚਾ ਲੈਣਾ ਨਿਵੇਕਲੇ ਸਿੱਖ ਸਭਿਆਚਾਰ ਤੇ ਕਲੰਕ ਮਾਤਰ ਹੈ। ਅਨੰਦ ਕਾਰਜ ਤੋਂ ਪਹਿਲਾਂ ਰੋਕਾ, ਠਾਕਾ ਕੁੜਮਾਈ ਆਦਿ ਰਸਮਾਂ ਬੇਲੋੜੀਆਂ ਤੇ ਗੁਰਮਤਿ ਵਿਰੁੱਧ ਹਨ। ਜੇ ਕੇਵਲ ਕੁੜਮਾਈ ਦੀ ਰਸਮ ਕਰਨੀ ਹੀ ਹੋਵੇ ਤਾਂ ਬੜੇ ਸਾਦੇ ਢੰਗ ਨਾਲ ਕਰਨੀ ਚਾਹੀਦੀ ਹੈ, ਜਿਸ ਵਿੱਚ ਕੁਝ ਲੈਣ ਦੇਣ ਦਾ ਬਹੁਤ ਵਿਖਾਲਾ ਨਾ ਹੋਵੇ। ਰਿਸ਼ਤਾ ਨਾਤਾ ਪੱਕਾ ਕਰਨ ਲਈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਦੋਹਾਂ ਪਰਿਵਾਰਾਂ ਵੱਲੋਂ ਜੁੜ ਕੇ ਕੀਤੀ ਗਈ ਅਰਦਾਸ ਹੀ ਕਾਫੀ ਹੈ।
(੭) ਜੈ ਮਾਲਾ :- ‘ਜੈ ਮਾਲਾ' ਇਕ ਹੋਰ ਐਸੀ ਬੁਰਾਈ ਹੈ ਜੇ ਸਿੱਖ ਅਨੰਦ ਕਾਰਜਾਂ ਵਿਚ ਫੈਸ਼ਨ ਦੇ ਰੂਪ ਵਿਚ ਪ੍ਰਵੇਸ਼ ਕਰਦੀ ਜਾ ਰਹੀ ਹੈ । ਅਸਲ ਵਿੱਚ ਜੈ ਮਾਲਾ ਪੁਰਾਣੇ ਕਹੇ ਜਾਂਦੇ ਸੁਅੰਬਰ ਦੀ ਨਕਲ ਹੈ ਜੋ ਆਪਣੇ ਆਪ ਵਿੱਚ ਇੱਕ ਪੂਰਨ ਵਿਆਹ ਹੈ। ਜੈ ਮਾਲਾ ਦੀ ਰਸਮ ਕਰ ਲੈਣ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਅਨੰਦ ਕਾਰਜ ਕੇਵਲ ਲੋਕ ਦਿਖਾਵਾ ਬਣ ਕੇ ਰਹਿ ਜਾਂਦਾ ਹੈ । ਗੁਰਸਿੱਖਾਂ ਨੂੰ ਜੈ ਮਾਲਾ ਦੀ ਬੁਰਾਈ ਤੋਂ ਬਚਾਉਣ ਲਈ ਜੱਥੇਬੰਦਕ ਤੌਰ ਤੇ ਉੱਦਮ ਕਰਕੇ ਰੋਕ ਲਾਉਣੀ ਚਾਹੀਦੀ ਹੈ ।
(੮) ਸਗਨ-ਅਪਸਗਨ ਰੀਤਾਂ-ਉਪਰੀਤਾਂ :- ਅਨੰਦ ਕਾਰਜ ਹੋਵੇ ਜਾਂ ਕੋਈ ਹੋਰ ਕਾਰਜ, ਗੁਰਸਿੱਖ ਨੇ ਅਰੰਭ ਅਰਦਾਸ ਦੇ ਆਸਰੇ ਹੀ ਕਰਨਾ ਹੈ ਅਤੇ ਅਕਾਲ ਪੁਰਖ ਦੀ ਰਜ਼ਾ ਵਿੱਚ ਹੀ ਉਸ ਰਸਤੇ ਵਿਚ ਆਉਣ ਵਾਲੇ ਵਾਧੇ ਘਾਟੇ ਨੂੰ ਸਵੀਕਾਰਨਾ ਹੈ । ਫੁਰਮਾਨ ਹੈ:-
ਜਾਲਉ ਐਸੀ ਰੀਤਿ, ਜਿਤੁ ਮੈ ਪਿਆਰਾ ਵੀਸਰੈ ॥
ਨਾਨਕ, ਸਾਈ ਭਲੀ ਪਰੀਤਿ, ਜਿਤੁ ਸਾਹਿਬ ਸੇਤੀ ਪਤਿ ਰਹੈ ॥੨॥ (ਵਡਹੰਸ ਕੀ ਵਾਰ, ਮ.੧, ਪੰਨਾ ੫੯੦)
ਸਗੁਨ ਅਪਸਗੁਨ ਤਿਸ ਕਉ ਲਗਹਿ ਜਿਸੁ ਚੀਤਿ ਨ ਆਵੈ ॥ (ਆਸਾ ਮ. ੫, ਪੰਨਾ ੪੦੧)
ਸਚਾਈ ਤਾਂ ਇਹ ਹੈ ਇਹਨਾਂ ਸਗਨਾਂ ਆਦਿ ਨੂੰ ਕਰਨ ਪਿੱਛੇ ਭਾਵਨਾ ਹੀ ਇਹੀ ਹੁੰਦੀ ਹੈ ਕਿ ਉਹਨਾਂ ਦੇ ਸਗਨਾਂ ਦੇ ਵਿੱਚ ਹੀ ਉਹਨਾਂ ਦੇ ਕਾਰਜ ਦੀ ਸਫਲਤਾ ਅਤੇ ਖੁਸ਼ੀ ਛਿਪੀ ਪਈ ਹੈ ਅਤੇ ਜੇ ਫਲਾਣਾ ਸਗਨ ਜਾਂ ਫਲਾਣੀ ਰੀਤਿ ਛੁੱਟ ਗਈ ਤਾਂ ਪਤਾ ਨਹੀਂ ਕੀ ਮੁਸੀਬਤ ਆ ਜਾਵੇਗੀ । ਫਿਰ ਜੇ ਅਜਿਹੇ ਮੌਕੇ ਤੇ ਉਹਨਾਂ ਦੇ ਹਿਸਾਬ ਨਾਲ ਕੋਈ ਬਦਸਗਨੀ ਹੋ ਗਈ ਤਾਂ ਪਤਾ ਨਹੀਂ ਅੱਗੋਂ ਕੀ ਬਣੇਗਾ। ਅਸਲ ਵਿੱਚ ਜਿਹੜੇ ਲੋਕ ਅਰਦਾਸਾ ਸੋਧਣ ਤੋਂ ਬਾਅਦ ਵੀ ਸਗਨ-ਅਪਸਗਨ ਆਦਿ ਦੇ ਚਿੱਕੜ ਵਿੱਚ ਫਸੇ ਹੁੰਦੇ ਹਨ, ਉਹਨਾਂ ਰਾਹੀਂ ਅਰਦਾਸ ਵੀ ਮੂਲ ਰੂਪ ਵਿੱਚ ਕੇਵਲ ਖਾਨਾ-ਪੂਰੀ ਹੀ ਹੁੰਦੀ ਹੈ । ਵਿਸ਼ਵਾਸ਼ ਅਕਾਲ ਪੁਰਖ ਦੀ ਕਰਨੀ ਤੇ ਨਹੀਂ ਬਲਕਿ ਆਪਣੇ ਯਤਨਾਂ ਤੇ ਹੁੰਦਾ ਹੈ ਅਤੇ ਪ੍ਰਭੂ ਨੂੰ ਭੁੱਲੇ ਹੁੰਦੇ ਹਨ ।
ਪਿਤਰ ਪੂਜਣੇ, ਕੱਚੀ ਲੱਸੀ ਵਿੱਚ ਪੈਰ ਪਾਉਣਾ, ਖਾਰੇ ਬੈਠਣਾ, ਜੰਡੀ ਵੱਡਣੀ, ਮਹਿੰਦੀ ਦੀ ਰਾਤ, ਘੜੋਲੀ ਭਰਨੀ, ਘੋੜੀ ਚੜ੍ਹਨਾ, ਸੇਹਰੇ ਬੰਨ੍ਹਣੇ, ਮਾਈਏਂ ਪੈਣਾ, ਰੁਸਨਾ ਆਦਿ ਸ਼ਗਨਾਂ ਵਹਿਮਾਂ ਦੇ ਹੀ ਰੂਪ ਹਨ ਅਤੇ ਵਹਿਮੀ ਲੋਕਾਂ ਵਿੱਚ ਜਾਂ ਬ੍ਰਾਹਮਣੀ ਪ੍ਰਭਾਵ ਵਿੱਚ ਫਸੇ ਲੋਕਾਂ ਵਿੱਚ ਅਜਿਹੇ ਹੋਰ ਅਨੇਕਾਂ ਸ਼ਗਨ ਵਹਿਮ ਦੇਖੇ ਜਾ ਸਕਦੇ ਹਨ । ਸੇਹਰਾ ਮੁਕਟ ਅਤੇ ਘੋੜੀ ਤੋਂ ਉਤਰਨ ਚੜ੍ਹਨ ਸਬੰਧੀ ਤਾਂ ਅਨੇਕਾਂ ਵਹਿਮ ਭਰਮ ਬੜੇ ਸਪਸ਼ਟ ਰੂਪ ਵਿੱਚ ਦੇਖੇ ਜਾ ਸਕਦੇ ਹਨ ।
ਅਰਦਾਸ ਦੇ ਓਟ-ਆਸਰੇ ਅਰੰਭ ਕੀਤੇ ਕਿਸੇ ਵੀ ਕਾਰਜ ਦੇ ਦੌਰਾਨ ਇਹਨਾਂ ਵਹਿਮਾਂ-ਭਰਮਾਂ, ਸ਼ਗਨਾਂ ਅਪਸ਼ਗਨਾਂ ਅਤੇ ਰੀਤਾਂ ਆਦਿ ਨੂੰ ਕੋਈ ਥਾਂ ਨਹੀਂ ਅਤੇ ਇਹਨਾਂ ਚੱਕਰਾਂ ਤੋਂ ਪੂਰੀ ਤਰ੍ਹਾਂ ਸੁਚੇਤ ਰਹਿਣਾ ਹੈ । ਬਹੁਤੇ ਝਗੜੇ-ਝੇੜੇ ਵਿਆਹ ਦੀਆਂ ਅਸਫਲਤਾਵਾਂ ਅਤੇ ਤਲਾਕ ਦੇ ਰੱਟੇ ਇਹਨਾਂ ਜਨਮ-ਪੱਤਰੀਆਂ, ਟੇਵਿਆਂ, ਮਹੂਰਤਾਂ, ਸ਼ਗਨਾਂ ਅਤੇ ਰੀਤਾਂ ਦੇ ਆਸਰੇ ਚੱਲਣ ਵਾਲਿਆਂ ਦੇ ਪਰਿਵਾਰਾਂ ਦੇ ਘਰਾਂ ਵਿੱਚ ਹੀ ਮਿਲਦੇ ਹਨ। ਦੂਜੇ ਪਾਸੇ ਭਾਣੇ ਵਿੱਚ ਚੱਲਣ ਵਾਲੇ ਗੁਰਸਿੱਖਾਂ ਦੇ ਪਰਵਾਰਕ ਜੀਵਨ ਵਧੇਰੇ ਪ੍ਰਫੁੱਲਤ ਅਤੇ ਸੁਲਝੇ ਹੋਏ ਹੁੰਦੇ ਹਨ ।
(੯) ਦਾਜ-ਵਰੀ ਦਾ ਵਿਖਾਲਾ :- ਵਿਆਹ ਸ਼ਾਦੀਆਂ ਦੇ ਸਮੇਂ ਲੋਕੀ ਕਈ ਤਰ੍ਹਾਂ ਦੇ ਵਿਖਾਵੇ ਤੇ ਅਡੰਬਰ ਕਰਦੇ ਹਨ। ਗੁਰੂ ਸਾਹਿਬ ਨੇ ਇਨ੍ਹਾਂ ਦਾ ਖੰਡਨ ਕੀਤਾ ਹੈ । ਬਾਣੀ ਵਿੱਚ ਲਿਖਿਆ ਹੈ-
ਹੋਰਿ ਮਨਮੁਖ ਦਾਜੁ ਜਿ ਰਖਿ ਦਿਖਾਲਹਿ
ਸੁ ਕੂੜੁ ਅਹੰਕਾਰੁ ਕਚੁ ਪਾਜੋ ।। (ਸ੍ਰੀ ਰਾਗ,ਮ: ੪, ਪੰਨਾ ੭੯)
‘ਪਰੇਮ ਸੁਮਾਰਗ ' ਵਿਚ ਬਚਨ ਹੈ- ਜੋ ਕੁਛ ਸਰੰਜਾਮ ਸੰਯੋਗ ਕਾ ਕਰੇ, ਸੋ ਯਥਾ ਸ਼ਕਤਿ ਕਰੋ । ਸੰਸਾਰੀ ਅਹੰਕਾਰੀ ਦੀ ਰੀਸ ਨਾ ਕਰੇ । ਇਹੀ ਜੁਗਤਿ ਬੇਟੇ ਵਾਲਾ ਕਰੇ ।
(੧੦) ਮੰਗ ਮੰਗਣੀ- ਅੱਜ ਕਲ੍ਹ ਇਕ ਖਰਾਬੀ ਪੈਦਾ ਹੋ ਰਹੀ ਹੈ, ਉਹ ਇਹ ਕਿ ਪੜ੍ਹੇ-ਲਿਖੇ ਤੇ ਖਾਨਦਾਨੀ ਮੁੰਡੇ ਜਾਂ ਉਹਨਾਂ ਦੇ ਮਾਂ-ਪਿਉ ਰਿਸ਼ਤਾ ਕਰਨ ਸਮੇਂ ਪੁੱਛਦੇ ਹਨ, ਕਿਤਨਾ ਰੁਪਿਆ ਨਕਦ, ਗਹਿਣੇ, ਕੱਪੜੇ ਤੇ ਮੋਟਰ ਆਦਿ ਦਿਓਗੇ ? ਇਹ ਰਿਵਾਜ ਪਹਿਲੇ ਬੰਗਾਲ ਤੇ ਸਿੰਧ ਦੇ ਹਿੰਦੂਆਂ ਵਿਚ ਸੀ, ਹੁਣ ਪੰਜਾਬ ਦੇ ਕਈ ਚੰਗੇ ਘਰਾਣਿਆਂ ਵਿੱਚ ਆ ਰਿਹਾ ਹੈ । ਇਸ ਨਾਲ ਗਰੀਬਾਂ ਜਾਂ ਵਿਚਲੇ ਮੇਲ ਦੇ ਆਦਮੀਆਂ ਲਈ ਲੜਕੀਆਂ ਦੇ ਰਿਸ਼ਤੇ ਕਰਨੇ ਕਠਨ ਹੋ ਜਾਂਦੇ ਹਨ। ਗੁਰਮਤਿ ਅਨੁਸਾਰ ਲੜਕੀ ਦਾ ਪੈਸਾ ਲੈਣਾ ਪਾਪ ਹੈ ਤਾਂ ਲੜਕੇ ਦਾ ਮੁੱਲ ਪੁਆਉਣਾ ਵੀ ਪਾਪ ਹੈ। ਇਹ ਇਕ ਭਾਰੀ ਸਮਾਜਕ ਬੁਰਾਈ ਹੈ । ਵਿਆਹ ਜਾਂ ਗ੍ਰਹਿਸਥੀ ਜੀਵਨ ਦਾ ਸਬੰਧ ਲੜਕੀ ਦੀ ਸਹੀ ਚੋਣ ਕਰਨਾ ਹੈ, ਨਾ ਕਿ ਰੁਪਿਆ ਲੈਣਾ।
(੧੧) ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਘਟਾਉਣ ਵਾਲੀਆਂ ਕੁਝ ਕੁਰੀਤੀਆਂ :-
(ਓ) ਗਦੇਲਾ ਵਿਛਾਉਣਾ- ਆਮ ਵੇਖਣ ਵਿੱਚ ਆਉਂਦਾ ਹੈ ਕਿ ਅਨੰਦ ਕਾਰਜ ਦੇ ਸਮੇਂ ਲੜਕੀ ਅਤੇ ਲੜਕੇ ਲਈ ਵੱਖਰੀ ਚਾਦਰ ਤੇ ਵੱਖਰਾ ਗਦੇਲਾ ਵਿਛਾਇਆ ਜਾਂਦਾ ਹੈ ਜੋ ਸੰਗਤ ਵਿਚ ਬਰਾਬਰੀ ਦੇ ਅਸੂਲ ਤੇ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੇ ਉਲਟ ਹੈ। ਦੰਪਤੀ ਜੋੜੇ ਨੇ ਗੁਰੂ ਦਰ ਤੇ ਨਿਰਮਾਣ ਹੋ ਕੇ ਵਿਆਹੁਤਾ ਜੀਵਨ ਲਈ ਅਸ਼ੀਰਵਾਦ ਲੈਣ ਆਉਣਾ ਹੈ । ਇਸ ਲਈ ਉਸ ਲਈ ਵੱਖਰਾ ਗਦੇਲਾ ਵਿਛਾਉਣਾ ਮਨਮਤ ਹੈ ।
(ਅ) ਲੜਕੇ ਦਾ ਗੁਰੂ ਦਰਬਾਰ ਵਿਚ ਸਿਹਰਾ ਜਾਂ ਕਲਗੀ ਲਾ ਕੇ ਬੈਠਣਾ, ਲੜਕੀ ਦਾ ਘੁੰਡ ਕੱਢਣਾ ਦੋਵੇਂ ਗੱਲਾਂ ਗੁਰਮਤਿ ਵਿਰੁੱਧ ਹਨ ਜੋ ਨਹੀਂ ਹੋਣੀਆਂ ਚਾਹੀਦੀਆਂ।
(ੲ) ਆਸਰਾ ਦੇਣਾ:- ਲਾਵਾਂ ਦੇ ਸਮੇਂ ਕਈ ਅਨਜਾਣ ਸੱਜਣ, ਸਬੰਧੀ ਅਤੇ ਮਿੱਤਰ ਲੜਕੀ ਨੂੰ ਆਸਰਾ ਦੇਣ ਵਾਸਤੇ ਖੜੇ ਹੋ ਜਾਂਦੇ ਹਨ, ਜੋ ਨਹੀਂ ਹੋਣੇ ਚਾਹੀਦੇ। ਲੜਕੇ-ਲੜਕੀ ਨੂੰ ਸਵੈ-ਨਿਰਭਰ ਹੋ ਕੇ ਗੁਰੂ ਗ੍ਰੰਥ ਸਾਹਿਬ ਦੁਆਲੇ ਪ੍ਰਕਰਮਾ ਕਰਨੀਆਂ ਚਾਹੀਦੀਆਂ ਹਨ ।
ਆਸਰਾ ਦੇਣ ਵਾਲੀ ਰੀਤੀ ਅਸਲ ਵਿੱਚ ਪੁਰਾਤਨ ਬਾਲ ਵਿਆਹ ਦੀ ਸੂਚਕ ਹੈ । ਜਦੋਂ ਬਹੁਤ ਸਾਰੇ ਬੱਚਿਆਂ ਨੂੰ ਗੋਦੀਆਂ ਵਿੱਚ ਲੈ ਕਰ ਕੇ ਪ੍ਰਣਾਇਆ ਜਾਂਦਾ ਸੀ । ਸਿੱਖ ਧਰਮ ਵਿੱਚ ਬਾਲ-ਵਿਆਹ ਵਾਸਤੇ ਕੋਈ ਥਾਂ ਨਹੀਂ।
(ਸ) ਫੁੱਲ ਵਰਖਾ:- ਚੌਥੀ ਲਾਵ ਦੇ ਆਰੰਭ ਵਿਚ ਲੜਕੀ ਲੜਕੇ ਉਪਰ ਫੁੱਲ ਵਰਖਾ ਦੀ ਇਕ ਰੀਤ ਚਾਲੂ ਹੁੰਦੀ ਜਾ ਰਹੀ ਹੈ, ਜਿਸ ਤੋਂ ਬਚਣਾ ਬਹੁਤ ਜਰੂਰੀ ਹੈ। ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਕਿਸੇ ਵਿਅਕਤੀ ਤੇ ਫੁੱਲਾਂ ਦੀ ਵਰਖਾ ਕਰਨੀ ਗੁਰੂ ਸਾਹਿਬ ਦੇ ਸਤਿਕਾਰ ਨੂੰ ਘਟਾਉਣਾ ਹੈ । ਜੇ ਫੁੱਲਾਂ ਦੀ ਵਰਖਾ ਜ਼ਰੂਰੀ ਕਰਨੀ ਹੋਵੇ ਤਾਂ ਲਾਵਾਂ ਹੋ ਚੁੱਕਣ ਤੋਂ ਬਾਅਦ ਗੁਰਦੁਆਰੇ ਤੋਂ ਬਾਹਰ ਆ ਕੇ ਜੋੜੀ' ਤੇ ਫੁੱਲਾਂ ਦੀ ਵਰਖਾ ਕੀਤੀ ਜਾ ਸਕਦੀ
(ਹ) ਹਾਰ ਪਾਉਣੇ - ਅਨੰਦ ਕਾਰਜ ਦੇ ਅੰਤ ਵਿਚ ਲੜਕੀ ਲੜਕੇ ਦੇ ਗਲਾਂ ਵਿਚ ਹਾਰ ਪਾਉਣੇ, ਫੋਟੋਆਂ ਖਿੱਚਣ ਦਾ ਵਿਖਾਲਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਕਰਨਾ ਸ਼ੋਭਨੀਕ ਨਹੀਂ, ਇਹ ਗੁਰੂ ਸਾਹਿਬ ਦੇ ਸਤਿਕਾਰ ਨੂੰ ਘਟਾਉਂਦਾ ਹੈ । ਇਸ ਪਾਪ ਤੋਂ ਬਚਣ ਲਈ ਅਨੰਦ
(ਕ) ਕੱਚੀਆਂ ਬਾਣੀਆਂ - 'ਜੋੜੀ ਜੀਏ ਜੁਗ ਚਾਰ ਤਿਹਾਰੀ' ਅਤੇ 'ਸੁਧ ਜਬ ਤੇ ਹਮ ਧਰੀ' ਕਈ ਰਾਗੀ ਸੱਜਣ ਬੜੇ ਸ਼ੌਕ ਨਾਲ ਇਹਨਾਂ ਰਚਨਾਵਾਂ ਨੂੰ ਦਸਮੇਸ਼ ਜੀ ਦੀਆਂ ਰਚਨਾਵਾਂ ਸਮਝ ਕੇ ਅਸ਼ੀਰਵਾਦ ਤੇ ਉਪਦੇਸ਼ ਵਜੋਂ ਪੜ੍ਹਦੇ ਹਨ, ਜਾਂ ਦੂਜੇ ਬੰਨ੍ਹੇ ਉਹਨਾਂ ਨੂੰ ਅਜਿਹਾ ਕਰਨ ਵਾਸਤੇ ਮਜ਼ਬੂਰ ਕੀਤਾ ਜਾਂਦਾ ਹੈ, ਜੋ ਯੋਗ ਨਹੀਂ । ਬਾਣੀ ਪੜ੍ਹਨੀ ਮੁਬਾਰਕ ਹੈ ਪਰ ਬਹੁਤੇ ਵਿਦਵਾਨਾਂ ਦੀ ਖੋਜ ਅਨੁਸਾਰ ਇਹ ਦੋਵੇਂ ਰਚਨਾਵਾਂ ਕੱਚੀਆਂ ਹਨ, ਬਾਣੀ ਦੀਆਂ ਨਹੀਂ ਅਤੇ ਕਿਸੇ ਕੱਚੀ ਰਚਨਾ ਨੂੰ ਬਾਣੀ ਤੁੱਲ ਪੜ੍ਹਨਾ, ਗੁਰਬਾਣੀ ਦੀ ਘੋਰ ਬੇਅਦਬੀ ਹੈ । ਇਹਨਾਂ ਰਚਨਾਵਾਂ ਦਾ ਅੱਗਾ-ਪਿੱਛਾ ਵੀਚਾਰਿਆਂ ਤਾਂ ਹੋਰ ਵੀ ਸਪਸ਼ਟ ਹੋ ਜਾਂਦਾ ਹੈ ਕਿ ਇਹਨਾਂ ਦਾ ਸਬੰਧ ਅਜਿਹੀਆਂ ਅਸ਼ਲੀਲ ਅਤੇ ਲੱਚਰ ਰਚਨਾਵਾਂ ਨਾਲ ਹੈ ਜਿਨ੍ਹਾਂ ਨੂੰ ਜਾਨਣ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਕੋਈ ਵੀ ਸਿੱਖ ਪੜ੍ਹਣਾ ਤਾਂ ਕਿਤੇ ਰਿਹਾ ਸੁਣਨਾ ਵੀ ਬਰਦਾਸਤ ਨਹੀਂ ਕਰ ਸਕਦਾ।
(ਖ) ਸੇਹਰਾ ਜਾਂ ਸਿੱਖਿਆ ਪੜ੍ਹਨਾ :- ਸਿਹਰਾ ਜੋ ਆਪਣੇ ਆਪ ਵਿਚ ਝੂਠ ਦਾ ਪੁਲੰਦਾ ਅਤੇ ਬੇ-ਸਿਰ ਪੈਰ ਦੀਆਂ ਗੱਲਾਂ ਦਾ ਸੰਗ੍ਰਹਿ ਹੁੰਦਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਜਾਂ ਅਨੰਦ ਕਾਰਜਾਂ ਸਮੇਂ ਨਾ ਤਾਂ ਲਿਖਣਾ ਅਤੇ ਨਾ ਹੀ ਪੜ੍ਹਨਾ ਹੈ। ਇਹੀ ਗੱਲ' ਸਿਖਿਆ ' ਲਿਖਣ ਅਤੇ ਪੜ੍ਹਨ ਤੇ ਵੀ ਲਾਗੂ ਹੁੰਦੀ ਹੈ। ਕੇਵਲ ਗੁਰਮਤਿ ਸਿੱਖਿਆ ਦਾ ਹੀ ਸਿਧਾਂਤ ਹੈ
(ਗ) 'ਪਲੇ ਤੈਂਡੇ ਲਾਗੀ' ਅਤੇ 'ਵੀਆਹੁ ਹੋਆ ਮੇਰੇ ਬਾਬੁਲਾ - ਇਹ ਦੋ ਸ਼ਬਦ ਪੜ੍ਹਨ ਦੀ ਵੀ ਪੰਥ ਅੰਦਰ ਇਕ ਲਹਿਰ ਜਿਹੀ ਚੱਲ ਚੁਕੀ ਹੈ। ਸ਼ਬਦ 'ਪਲੇ ਤੈਂਡੇ ਲਾਗੀ' ਤੋਂ ਇਹ ਪ੍ਰਭਾਵ ਦਿੱਤਾ ਜਾਂਦਾ ਹੈ ਜਿਵੇਂ ਇਸਤਰੀ ਆਪਣੇ ਪਤੀ ਨੂੰ ਸੰਬੋਧਨ ਕਰ ਕਹਿ ਰਹੀ ਹੋਵੇ ਕਿ ਬਾਕੀ ਸਭ ਝੂਠੇ ਸਨ ਹੁਣ 'ਹੇ ਪਤੀ ਜੀ ਮੈਂ ਤੁਹਾਡੇ ਪਲੇ ਲੱਗੀ ਹਾਂ, ਏਸੇ ਤਰ੍ਹਾਂ ' ਵਿਆਹੁ ਹੋਆ ਮੇਰੇ ਬਾਬੁਲਾ ' ਤੋਂ ਇਹ ਭਾਵ ਲਿਆ ਜਾਂਦਾ ਹੈ ਜਿਵੇਂ ਲੜਕੀ ਆਪਣੇ ਪਿਤਾ ਜੀ ਨੂੰ ਕਹਿ ਰਹੀ ਹੋਵੇ ਕਿ ਪਿਤਾ ਜੀ ਮੇਰਾ ਵਿਆਹ ਹੋ ਗਿਆ ਹੈ ਇਹ ਦੋਵੇਂ ਗੱਲਾਂ ਗਲਤ ਹਨ, ਇਹਨਾਂ ਸ਼ਬਦਾਂ ਵਿਚ ' ਤੈਂਡੇ ਅਤੇ ਬਾਬੁਲਾ' ਦੋਨਾਂ ਦਾ ਅਰਥ ਅਕਾਲ ਪੁਰਖ ਹੀ ਹੈ ਅਤੇ ਦੋਵੇਂ ਸ਼ਬਦ ਆਤਮਕ ਉਚਾਈਆਂ ਦੇ ਹਨ।
ਇਸ ਤਰ੍ਹਾਂ ਆਤਮਕ ਉਚਾਈਆਂ ਛੂਹਣ ਵਾਲੇ ਸ਼ਬਦਾਂ ਨੂੰ ਇਤਨੇ ਹਲਕੇ ਪਰਭਾਵ ਹੇਠ ਪੜ੍ਹਣਾ ਗੁਰਬਾਣੀ ਦੀ ਬੇਅਦਬੀ ਹੈ । ਯੋਗ ਹੈ ਕੋਈ ਹੋਰ ਸ਼ੁਕਰਾਨੇ ਦੇ ਸ਼ਬਦ ਪੜ੍ਹ ਲਏ ਜਾਣ ਅਤੇ ਜੇ ਏਹੀ ਸ਼ਬਦ ਪੜ੍ਹਨੇ ਹੋਣ ਤਾਂ ਰਾਗੀ ਸਿੰਘ, ਸੰਗਤਾਂ ਨੂੰ ਪਹਿਲਾਂ ਇਹਨਾਂ ਦੇ ਅਰਥ ਭਾਵਾਂ ਤੋਂ ਸੁਚੇਤ ਕਰ ਦੇਣ ।
(ਘ) ਲਾਵਾਂ ਦਾ ਪਾਠ :- ਲਾਵਾਂ ਦਾ ਪਾਠ ਸਿੱਖ ਵਾਸਤੇ ਬਾਣੀ ਦੀ ਸਰਵਉਚਤਾ ਅਤੇ ਓਟ ਆਸਰੇ ਦਾ ਲਖਾਇਕ ਹੈ। ਸਿੱਖ ਦਾ ਹਰ ਇੱਕ ਕਾਰਜ ਗੁਰਬਾਣੀ ਦੇ ਅਧੀਨ ਅਤੇ
ਪੰਥ ਚੂੰਕਿ ਜੱਥੇਬੰਦੀ ਹੈ ਅਤੇ ਜੱਥੇਬੰਦੀ ਦੇ ਨਿਯਮ ਵਿਚੋਂ ਇਕਸੁਰਤਾ ਹੁੰਦੀ ਹੈ ਇਸ ਆਸ਼ੇ ਨੂੰ ਮੁੱਖ ਰੱਖ ਕੇ ਪੰਥਕ ਰਹਿਤ ਮਰਿਯਾਦਾ ਅੰਦਰ ਇਸੇ ਹੀ ਬਾਣੀ ਦੇ ਪਾਠ ਦਾ ਨਿਯਮ ਹੈ । ਬਹੁਤੇ ਸੱਜਣ ਜੇ ਕੇਵਲ ਰਸਮ ਪੂਰੀ ਕਰਨੀ ਸਮਝਦੇ ਅਤੇ ਆਪ ਗੱਲਾਂ-ਗੱਪਾਂ ਵਿੱਚ ਮਸਤ ਰਹਿੰਦੇ ਹਨ, ਠੀਕ ਨਹੀਂ । ਗੁਰਬਾਣੀ ਨੂੰ ਪੂਰੇ ਸਤਿਕਾਰ ਨਾਲ ਸਰਵਣ ਕਰਨਾ ਹੈ । ਕੋਈ ਵੀ ਬੇਅਦਬੀ ਸੂਚਕ ਕੰਮ ਨਹੀਂ ਕਰਨਾ ।
(ਙ) ਵਕਤ ਦਾ ਵਹਿਮ : ਉਂਝ ਤਾਂ ਗੁਰਸਿੱਖਾਂ ਦੇ ਅਨੰਦ ਕਾਰਜ ਅੰਮ੍ਰਿਤ ਵੇਲੇ ਹੀ ਸ਼ੋਭਦੇ ਹਨ ਪਰ ਅਜਿਹਾ ਸੋਚਣਾ ਕਿ ਲਾਵਾਂ ਦੁਪਿਹਰ ਬਾਰਾਂ ਵਜੇ ਤੋਂ ਪਹਿਲਾਂ ਪਹਿਲਾਂ ਹੀ ਪੜ੍ਹੀਆਂ ਜਾਣ, ਦਰਅਸਲ ਇਹ ਸੋਚਣੀ ਬ੍ਰਾਹਮਣੀ ਮੱਤ ਦੀ ਹੈ। ਜਿੰਨ੍ਹਾਂ ਅਨੁਸਾਰ ੧੨ ਤੋਂ ਪਹਿਲਾਂ ਦਾ ਸਮਾਂ ਸ਼ਗਨਾਂ ਵਾਲਾ ਅਤੇ ਸ਼ੁਭ ਹੁੰਦਾ ਹੈ ਅਤੇ ੧੨ ਤੋਂ ਬਾਅਦ ਦਾ ਨਹੀਂ । ਗੁਰਸਿੱਖਾਂ ਨੇ ਇਸ ਭਰਮ-ਚਿੱਕੜ ਵਿੱਚ ਨਹੀਂ ਫਸਣਾ । ਭਾਵੇਂ ਕੋਈ ਚਾਹੇ ਤਾਂ ਸ਼ਾਮਾਂ ਵੇਲੇ ਅਨੰਦ ਕਾਰਜ ਪੜ੍ਹਵਾ ਲਵੇ । ਕੋਈ ਵਹਿਮ ਨਹੀਂ ਕਰਨਾ। ਸਿੱਖੀ ਦਾ ਸਿਧਾਂਤ ਤਾਂ ਇਹ ਹੈ, ' ਸਾਈ ਘੜੀ ਸੁਲਖਣੀ ਸਿਮਰਤ ਹਰਿ ਨਾਮ " ।
੧੨. ਬੈਂਡ ਵਾਜੇ :- ਜਿਵੇਂ ਇਕ ਬਾਦਸ਼ਾਹ ਦੂਜੇ ਉੱਤੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਖੁਸ਼ੀ ਦੇ ਵਾਜੇ ਵਜਾਂਦਾ, ਜਲੂਸ ਕੱਢਦਾ ਅਤੇ ਖੁਸ਼ੀਆਂ ਕਰਦਾ ਹੈ, ਠੀਕ ਇਸੇ ਤਰਾਂ ਵਿਆਹ ਲੜਕੇ ਦਾ ਹੋਵੇ ਤਾਂ ਬੈਂਡ ਵਜਾਏ ਜਾਂਦੇ ਹਨ, ਸੇਹਰੇ ਬੰਨੇ ਜਾਂਦੇ ਹਨ, ਭੰਗੜੇ ਪਾਏ ਜਾਂਦੇ ਹਨ, ਆਤਿਸ਼ਬਾਜੀਆਂ ਅਤੇ ਸ਼ਰਾਬਾਂ ਦੇ ਦੌਰ ਚਲਦੇ ਹਨ, ਤਰ੍ਹਾਂ ਤਰ੍ਹਾਂ ਦੀਆਂ ਮੰਗਾਂ ਕੁੜੀਆਂ ਵਾਲਿਆਂ ਪਾਸੋਂ ਮੰਗੀਆਂ ਜਾਂਦੀਆਂ ਹਨ, ਸਾਨੂੰ ਟੈਲੀਵਿਜ਼ਨ ਚਾਹੀਦਾ ਹੈ, ਅਸਾਂ ਕਾਰ ਜਾਂ ਸਕੂਟਰ ਲੈਣਾ ਹੈ, ਫਲਾਣੀ ਕੋਠੀ ਜਾਂ ਪਲਾਟ ਲੈਣਾ ਹੈ ਆਦਿ । ਦਿਮਾਗ ਸੱਤਵੇਂ ਅਸਮਾਨ ਤੇ ਪੁੱਜਾ ਹੁੰਦਾ ਹੈ, 'ਅਸੀਂ ਮੁੰਡੇ ਵਾਲੇ ਹਾਂ, ਕੋਈ ਕੁੜੀ ਵਾਲੇ ਥੋੜੇ ਹਾਂ । ਦੂਜੇ ਪਾਸੇ ਵਿਚਾਰੇ ਲੜਕੀ ਵਾਲਿਆਂ ਦੀ ਹਾਲਤ ਵੇਖਣ ਵਾਲੀ ਹੁੰਦੀ ਹੈ, ਕਿਤਨਾ ਵੱਡਾ ਜੁਰਮ ਕਰ ਰਹੇ ਹਨ, ਉਹ ਲੜਕੀ ਦਾ ਵਿਆਹ ਜੋ ਕਰ ਰਹੇ ਹਨ । ਹਜ਼ਾਰਾਂ ਰੁਪਏ ਸਜਾਵਟ ਤੇ ਫੂਕੇ ਹਨ ਵਧੀਆ ਤੋਂ ਵਧੀਆ ਖਾਣੇ ਪਰੋਸੇ ਹੋਏ ਹਨ, ਦਾਜ ਵਿਚ ਵੀ ਕਸਰ ਨਹੀਂ ਛੱਡੀ, ਫਿਰ ਵੀ ਸਹਿਮੇਂ ਫਿਰਦੇ ਹਨ, ਕਿਧਰੋ ਮੁੰਡੇ ਵਾਲੇ ਕੋਈ ਨੁਕਸ ਨਾ ਕੱਢ ਦੇਣ ਅਤੇ ਕਹਿੰਦੇ ਫਿਰਦੇ ਹਨ " ਅਜੀ ਸਾਡਾ ਸਿਰ ਨੀਵਾਂ ਹੈ ਅਸੀਂ ਕੁੜੀ ਵਾਲੇ ਜੁ ਹੋਏ " ਸਚਮੁਚ ਹੀ ਕਿਤਨੇ ਵੱਡੇ ਗੁਨਾਹਗਾਰ ਹਨ ਉਹ।
ਗੁਰੂ ਘਰ ਵਿੱਚ ਕੋਈ ਵੀ ਅਜਿਹੀ ਵਿਚਾਰਧਾਰਾ, ਜੋ ਇਸਤਰੀ ਜਾਤੀ ਨੂੰ ਘਟੀਆ ਜਾਂ ਨੀਵੀਂ ਦੱਸਣ ਵਾਲੀ ਹੋਵੇ, ਪਰਵਾਨ ਨਹੀਂ । ਇਥੇ ਤਾਂ ਅਰਧੰਗਨੀ (better-half) ਦੇ ਅਸੂਲ ਨੂੰ ਵੀ ਪਰਵਾਨ ਨਹੀਂ ਕੀਤਾ ਗਿਆ । ਇਥੇ ਤਾਂ ਭੰਡਿ ਜੰਮੀਏ, ਭੰਡਿ ਨਿੰਮੀਏ ' ਦੇ ਸਲੋਕ ਰਾਹੀਂ ਅਤੇ ਹੋਰ ਅਨੇਕ ਥਾਵਾਂ ਤੇ ਇਸਤਰੀ ਅਤੇ ਪੁਰਖ ਦਾ ਇਕ ਦੂਜੇ ਦਾ ਪੂਰਕ ਹੋਣਾ
੧੩. ਲੜਕੇ ਲੜਕੀ ਦਾ ਘਰ :- ਗੁਰਸਿੱਖਾਂ ਵਾਸਤੇ ਲੜਕੀ ਦਾ ਘਰ ਹੋਵੇ ਜਾਂ ਲੜਕੇ ਦਾ, ਦੋਵੇਂ ਬਰਾਬਰੀ ਦਾ ਸਥਾਨ ਰੱਖਦੇ ਹਨ । ਨਾ ਹੀ ਲੜਕੇ ਵਾਲਿਆਂ ਦਾ ਸਿਰ ਉੱਚਾ ਹੈ ਅਤੇ ਨਾ ਹੀ ਲੜਕੀ ਵਾਲਿਆਂ ਦਾ ਨੀਵਾਂ, ਬਲਕਿ ਦੋਨਾਂ ਪਰਿਵਾਰਾਂ ਦੇ ਮਿਲਾਪ ਤੋਂ ਇਕ ਨਵੇਂ ਪਰਵਾਰ ਨੇ ਜਨਮ ਲੈਣਾ ਹੈ । ਲੜਕੀ ਵਾਸਤੇ ਲੜਕੇ ਦੇ ਮਾਂ-ਬਾਪ, ਭੈਣ-ਭਰਾ, ਸਬੰਧੀ ਇਸੇ ਤਰ੍ਹਾਂ ਸਤਿਕਾਰ ਯੋਗ ਅਤੇ ਪਿਆਰ ਯੋਗ ਹਨ ਜਿਸ ਤਰ੍ਹਾਂ ਕਿ ਆਪਣੇ ਅਤੇ ਇਸੇ ਤਰ੍ਹਾਂ ਲੜਕੇ ਵਾਸਤੇ ਲੜਕੀ ਦੇ ।
ਲੜਕੀ ਵਾਲਿਆਂ ਵਾਸਤੇ ਜ਼ਰੂਰੀ ਨਹੀਂ ਕਿ ਜਦੋਂ ਕਦੋਂ ਕੋਈ ਤਿਉਹਾਰ ਹੋਵੇ, ਲੜਕੀ ਘਰ ਆਵੇ ਜਾਂ ਉਹ ਕੁੜਮਾਂ ਦੇ ਜਾਣ ਤਾਂ ਕੋਈ ਵਸਤੂ ਹੱਥ ਵਿੱਚ ਕੋਈ ਫਲ, ਮਠਿਆਈ ਜਾਂ ਰੁਪਏ ਆਦਿ ਦੇਣ । ਲੜਕੀ ਦੇ ਮਾਂ-ਬਾਪ, ਲੜਕੀ ਦੇ ਘਰ ਮਿਲਣ ਜਾਂ ਕਿਸੇ ਸਬੰਧ ਵਿੱਚ ਜਾਣ ਤਾਂ ਲੰਗਰ-ਪਾਣੀ ਛੱਕਣ ਤੋਂ ਵੀ ਪਰਹੇਜ਼ ਨਹੀਂ ਕਰਨਾ । ਕਿਉਂਕਿ ਲੰਗਰ ਗੁਰੂ ਦਾ ਹੈ ਅਤੇ ਉਹ ਸਾਰੇ ਇਕ ਗੁਰਸਿੱਖ ਪਰਵਾਰ ਦੇ ਮੈਂਬਰ ਹਨ ।
ਲੜਕੇ ਨੇ ਵੀ ਇਹ ਸੋਚ ਕੇ ਸੌਹਰੇ ਘਰ ਨਹੀਂ ਜਾਣਾ ਕਿ ਉਹ ਜੁਆਈ ਹੋਣ ਦੇ ਨਾਤੇ ਵਿਸ਼ੇਸ਼ ਮਾਨ ਸਤਿਕਾਰ ਦਾ ਹੱਕ ਰੱਖਦਾ ਹੈ, ਬਲਕਿ ਇਕ ਪਰਿਵਾਰਿਕ ਮੈਂਬਰ ਦੇ ਤੌਰ ਤੇ ਹੀ ਜਾਣਾ ਅਤੇ ਮਿਲ ਬੈਠਣਾ ਹੈ ਜਿਸ ਤੋਂ ਪਰਿਵਾਰਾਂ ਵਿੱਚ ਸੱਚੇ ਪਿਆਰ ਦੀ ਨੀਂਹ ਪੱਕੀ ਹੋਵੇ
੧੪. ਘੁੰਡ :- ਅਨੰਦ-ਕਾਰਜ ਉਪਰੰਤ ਲੜਕੀ ਨੂੰ ਨੂੰਹ ਸਮਝ ਕੇ ਘੁੰਡ ਨਹੀਂ ਕਢਵਾਣਾ । ਸਿੱਖੀ ਨਾਲ ਘੁੰਡ ਦਾ ਕੋਈ ਤਾਲੁਕ ਨਹੀਂ ।
੧੫. ਤਿਉਹਾਰ :- ਕੇਵਲ ਸਿੱਖ ਤਿਉਹਾਰ ਹੀ ਮਨਾਉਣੇ ਹਨ ਜੋ ਗੁਰਪੁਰਬ, ਖਾਲਸਾ ਸਾਜਨਾ ਦਿਵਸ ਵਜੋਂ ਵਿਸਾਖੀ ਅਤੇ ਸਿੱਖ ਸੂਰਮਿਆਂ, ਸ਼ਹੀਦਾਂ ਅਤੇ ਸਿੱਖ ਇਤਿਹਾਸਕ ਵਿਅਕਤੀਆਂ ਨਾਲ ਸਬੰਧਤ ਦਿਵਸ ਹਨ। ਰੱਖੜੀ, ਟਿੱਕਾ, ਲੋਹੜੀ, ਕਰਵਾ ਚੌਥ ਜਾਂ ਕੋਈ ਹੋਰ ਵਰਤ, ਕੰਜਕਾਂ, ਨਵਰਾਤਰੇ, ਸਰਾਧ, ਗੁਗਾ ਪੂਜਾ, ਸੰਗਰਾਂਦ, ਮੱਸਿਆ, ਪੂਰਨਮਾਸੀ ਆਦਿ ਅਨਮਤੀ ਅਤੇ ਗੁਰਮਤਿ ਵਿਰੋਧੀ ਤਿਉਹਾਰ ਅਤੇ ਦਿਹਾੜੇ ਹਨ, ਜੋ ਨਹੀਂ ਮਨਾਉਣੇ ।
੧੬. ਪਰਿਵਾਰਕ ਵਾਧਾ :- ਗ੍ਰਿਹਸਥ ਮਾਰਗ ਵਿੱਚ ਪ੍ਰਵੇਸ਼ ਤੋਂ ਬਾਅਦ, ਅਕਾਲ ਪੁਰਖ ਦੇ ਹੁਕਮ ਵਿੱਚ ਅਤੇ ਉਸਦੀ ਬਖਸ਼ਿਸ਼ ਸਦਕਾ ਜੋ ਕੁਝ ਵੀ ਪਰਿਵਾਰਕ ਵਾਧਾ ਹੁੰਦਾ ਹੈ, ਜਨਮ ਲੜਕੀ ਦਾ ਹੋਵੇ ਜਾਂ ਲੜਕੇ ਦਾ, ਉਸ ਨੂੰ ਸ਼ੁਕਰਾਨੇ ਵਜੋਂ ਇਕੋ ਰੂਪ ਵਿਚ ਪਰਵਾਨ ਕਰਨਾ ਹੈ । ਲੜਕੇ ਦੇ ਜਨਮ ਸਮੇਂ ਉਚੇਚੀ ਖੁਸ਼ੀ, ਲੜਕੇ ਦੇ ਜਨਮ ਵਾਸਤੇ ਉਚੇਰੀਆਂ ਅਰਦਾਸਾਂ, ਲੜਕੀ ਦੇ ਜਨਮ ਸਮੇਂ ਸਿਰ ਨੀਵਾਂ ਸਿਟ ਲੈਣ ਦੇ, ਅਨਮਤੀ ਮਾੜੇ ਪ੍ਰਭਾਵਾਂ ਨੂੰ ਕੋਈ ਥਾਂ ਨਹੀਂ ਦੇਣੀ ।
੧੭. ਤਲਾਕ :- ਆਮ ਹਾਲਤਾਂ ਵਿਚ ਤਲਾਕ ਲਈ ਸਿੱਖ ਧਰਮ ਵਿੱਚ ਕੋਈ ਥਾਂ ਨਹੀਂ । ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਇੱਕ ਦੂਜੇ ਦਾ ਸਾਥ ਨਿਭਾਉਣ ਦਾ ਪ੍ਰਣ ਤੋੜਨ ਵਾਲੇ ਗੁਰੂ ਦੇ ਦੇਣਦਾਰ ਹਨ ।
੧੮. ਪੁਨਰ ਵਿਆਹ :- ਅਨੰਦ ਕਾਰਜ ਉਪਰੰਤ, ਲੜਕੀ ਜਾਂ ਲੜਕੇ ਵਿਚੋਂ ਜੇ ਕੋਈ ਅਕਾਲ ਚਲਾਣਾ ਕਰ ਜਾਵੇ ਤਾਂ ਲੜਕੀ ਜਾਂ ਲੜਕੇ ਵਾਸਤੇ ਦੋਬਾਰਾ ਅਨੰਦ ਕਾਰਜ ਦਾ ਦੋਨਾਂ ਨੂੰ ਇਕੋ ਜਿਹਾ ਹੱਕ ਹੈ । ਸਤੀ-ਪ੍ਰਥਾ ਜਾਂ ਵਿਧਵਾ ਆਡੰਬਰਾਂ ਦੀ ਗੁਰੂ-ਘਰ ਵਿਚ ਕੋਈ ਆਗਿਆ ਨਹੀਂ। ਪੁਨਰ-ਵਿਆਹ ਦਾ ਠੀਕ ਉਹੀ ਢੰਗ ਹੈ ਜੋ ਅਨੰਦ ਕਾਰਜ ਦਾ ।
ਉਪਰੋਕਤ ਵੀਚਾਰਾਂ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਗੁਰਮਤਿ ਵਿਆਹ ਧਰਮ, ਨੇਕੀ, ਜੱਤ ਸੱਤ ਤੇ ਕੁਰਬਾਨੀ ਦੀ ਆਦਰਸ਼ਕ ਜੀਵਨ-ਜਾਚ ਦਾ ਜਾਮਨ ਹੈ । ਸਿੱਖੀ ਮਾਰਗ ਵਿਭਚਾਰੀਆਂ, ਵਿਕਾਰੀਆਂ, ਲੋਭੀਆਂ ਤੇ ਲੰਪਟਾਂ ਦਾ ਮਾਰਗ ਨਹੀਂ, ਇਹ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਦਿਕ ਆਸ਼ਕਾਂ ਅਤੇ ਕਾਮ, ਕਰੋਧ, ਲੋਭ, ਮੋਹ, ਅਹੰਕਾਰ-ਜੇਤੂ, ਸਾਈਂ ਦੇ ਪਹਿਲਵਾਨਾਂ ਦਾ ਪੰਥ ਹੈ । ਸ਼ਹਾਦਤ ਵਜੋਂ ਅਬਦਾਲੀ ਨਾਲ ਆਏ ਬਿਰਧ ਬਲੋਚ ਮੌਲਵੀ ਇਤਿਹਾਸਕਾਰ, ਕਾਜ਼ੀ ਨੂਰ ਮੁਹੰਮਦ ਦੇ ਲੰਮੇ ਚੌੜੇ ਬਿਆਨ ਵਿਚੋਂ ਇਹ ਦੋ ਸਤਰਾਂ ਹੀ ਕਾਫੀ ਹਨ –
ਜਨਾਹਮ ਨ ਬਾਸ਼ਦ ਮਿਆਨੇ ਸਗਾ ।
ਨ ਦੁਜਦੀ ਬਵਦ ਕਾਰੇ ਈ ਬਦਰਗਾਂ ।
(ਭਾਵ :- 'ਇਹਨਾਂ ਕੁੱਤਿਆਂ (ਸਿੰਘਾਂ) ਦੇ ਟੋਲੇ ਅੰਦਰ ਕੋਈ ਵਿਭਚਾਰੀ ਨਹੀਂ ਹੁੰਦਾ ਅਤੇ ਨਾਂ ਹੀ ਇਹ, ਮਾਝੀ ਖਸਲਤ ਵਾਲੇ, ਚੋਰੀ ਕਰਨਾ ਜਾਣਦੇ ਹਨ। ਵੇਖੋ, ਘਿਰਣਾ ਤੇ ਤੁਅੱਸਬ ਨਾਲ ਨੱਕੋ ਨੱਕ ਭਰੇ ਹੋਣ ਦੇ ਬਾਵਜੂਦ ਉਹ ਸਿੰਘਾਂ ਦੇ ਆਦਰਸ਼ਕ ਆਚਰਣ ਦੇ ਗੁਣ ਗਾਉਣੇ ਨਹੀਂ ਰਹਿ ਸਕਿਆ)
ਮੁੱਕਦੀ ਗੱਲ, ਜਿਥੇ ਅਨਮਤਾਂ ਵਿੱਚ ਵਿਆਹ ਦਾ ਮੰਤਵ ਕੇਵਲ ਭੋਗ ਬਿਲਾਸ, ਮੌਜ ਮੇਲਾ, ਰੂਪਕ ਖਿੱਚ ਜਾਂ ਸੰਤਾਨ-ਉਤਪਤੀ ਮਿਥਿਆ ਗਿਆ ਹੈ ਉਥੇ ਅਨੰਦ-ਵਿਆਹ ਸਦੀਵੀ ਅਨੰਦ (perpetual bliss) ਦਾ ਜਾਮਨ ਹੈ । ਇਸ ਦੀ ਅਧਾਰ-ਸ਼ਿਲਾ, ਵਚਨ-ਬਧ ਹੋ ਕੇ, 'ਸਚੇ ਆਚਾਰ' ਦੇ ਧਾਰਨੀ ਹੋਣਾ ਹੈ । ਸੱਚੇ ਸੁੱਚੇ ਆਚਾਰ ਤੇ ਸਵੱਛ ਵੀਚਾਰ ਤੋਂ ਹੀ ਇਤਬਾਰ, ਸਤਿਕਾਰ ਤੇ ਪਿਆਰ ਉਪਜੇਗਾ ਅਤੇ ਜਿਥੇ 'ਨਿਰਮਲ' ਪਿਆਰ ਹੈ ਉਥੇ ਰੱਬ ਆਪ ਵਸਦਾ ਹੈ ।
ਲਾਂਵਾਂ ਦੀ ਬਾਣੀ ਦਾ ਸਮੁੱਚਾ ਭਾਵ
ਸਿੱਖਾਂ ਨੇ ਪ੍ਰਵਿਰਤੀ ਮਾਰਗ ਧਾਰਨ ਕਰਨਾ ਹੈ ਅਤੇ ਗੁਰੂ ਬਾਣੀ ਨੂੰ ਹੀ ਅਕਾਲ ਪੁਰਖ ਦਾ ਗਿਆਨ ਸਮਝ ਕੇ ਧਰਮ ਅਥਵਾ ਨਾਮ ਨੂੰ ਦ੍ਰਿੜ ਕਰਨਾ ਅਤੇ ਪਾਪਾਂ ਦਾ ਤਿਆਗ ਕਰਨਾ ਹੈ । ਪੂਰੇ ਗੁਰੂ ਦੇ ਲੜ ਲਗ ਕੇ ਗੁਣਾਂ ਨੂੰ ਗ੍ਰਹਿਣ ਕਰਨ ਸਦਕਾ ਹਰੀ ਪ੍ਰਭੂ ਮਿਠਾ ਲੱਗਦਾ ਹੈ । ਜਿਵੇਂ ਨਿਰਭਉ ਪ੍ਰਭੂ ਦਾ ਨਿਰਮਲ ਭਉ ਅੰਦਰ ਵਸਣ ਨਾਲ ਜਗਿਆਸੂ ਦੀ ਹਉਮੈ ਵਾਲੀ ਮੈਲ ਧੁੱਪਣੀ ਹੈ ਏਵੇਂ ਹੀ ਇਸਤ੍ਰੀ ਨੇ ਪਤੀ ਦਾ ਸਤਿਕਾਰ ਅਤੇ ਅਦਬ ਕਰਨਾ ਤੇ ਹਉਮੈ ਦੂਰ ਕਰ ਕੇ ਉਸ ਨਾਲ ਆਤਮਕ ਸਾਂਝ ਪੈਦਾ ਕਰਨੀ ਹੈ । ਅਦਬ ਨੂੰ ਪਿਆਰ ਦੀ ਪਹਿਲੀ ਸਜਾਵਟ ਤੇ ਸਮੀਪਤਾ ਮੰਨਿਆ ਗਿਆ ਹੈ।
ਜਗਿਆਸੂ ਨੇ ਆਪਣੇ ਹਿਰਦੇ ਵਿੱਚ ਵੈਰਾਗ-ਭਰਪੂਰ ਚਾਉ ਵਸਾਉਣਾ ਹੈ ਜਿਵੇਂ ਵਿਆਹ ਸਮੇਂ ਸੁਹਾਗਣ ਥੀਵਣ ਵਾਲੀ ਕੰਨਿਆ ਦੇ ਅੰਦਰ ਵੈਰਾਗ ਤੇ ਭਾਉ ਦੇ ਦੋਵੇਂ ਭਾਵ ਇੱਕਠੇ ਵਸ ਤੇ ਵਰਤ ਰਹੇ ਹੁੰਦੇ ਹਨ, ਇਵੇਂ ਹੀ ਗੁਰਸਿੱਖ ਨੇ ਮਾਇਆ ਵਿਚ ਵਿਚਰਨਾ ਹੈ, ਪਰੰਤੂ ਗੁਰੂ ਬਾਣੀ ਦੀ ਓਟ-ਆਸਰੇ ਇਸ ਤੋਂ ਕਮਲ ਵਾਂਗ ਅਲੋਪ ਰਹਿਣ ਤੇ ਵੈਰਾਗ-ਮਈ ਬਿਰਤੀ ਧਾਰਨ ਕਰਨੀ ਹੈ ।
ਜਗਿਆਸੂ-ਰੂਪ ਸੋਹਾਗਣ ਉਪਰੋਕਤ ਤਿੰਨਾਂ ਲਾਵਾਂ ਵਿੱਚ ਦਰਸਾਏ ਗੁਣ ਅਪਣਾਅ ਕੇ ਹੀ ਪ੍ਰਭੂ-ਕੰਤ ਨੂੰ ਰੀਝਾ ਸਕੇਗੀ ਅਤੇ ਸਹਿਜ-ਪਦ ਨੂੰ ਪ੍ਰਾਪਤ ਕਰੇਗੀ। ਇਹ ਉਸਦਾ ਮਨ-ਇੱਛਤ ਫਲ, ਜੀਵਨ ਮਨੋਰਥ ਅਤੇ ਮੰਜ਼ਲ ਹੈ। ਇਹੀ ਸਿੱਖਿਆ ਸੁਹਾਗਣ ਨੇ ਕੰਤ ਨੂੰ ਰੀਝਾਉਣ ਲਈ ਧਾਰਨੀ ਹੈ।
ਸੂਹੀ ਮਹਲਾ ੪ (ਪੰਨਾ ੭੭੩)
ਹਰਿ ਪਹਿਲੜੀ ਲਾਵ, ਪਰਵਿਰਤੀ ਕਰਮ ਦ੍ਰਿੜਾਇਆ,
ਬਲਿ ਰਾਮ ਜੀਉ।।
ਬਾਣੀ, ਬ੍ਰਹਮਾ ਵੇਦ, ਧਰਮੁ ਦ੍ਰਿੜਹੁ,
ਪਾਪ ਤਜਾਇਆ ਬਲਿ ਰਾਮ ਜੀਉ ॥
ਧਰਮੁ ਦ੍ਰਿੜਹੁ ਹਰਿਨਾਮੁ ਧਿਆਵਹੁ, ਸਿਮ੍ਰਿਤਿ ਨਾਮੁ ਦ੍ਰਿੜਾਇਆ।।
ਸਤਿਗੁਰੁ ਗੁਰੁ ਪੂਰਾ ਆਰਾਧਹੁ, ਸਭਿ ਕਿਲਵਿਖ ਪਾਪ ਗਵਾਇਆ।।
ਸਹਜ ਅਨੰਦੁ ਹੋਆ ਵਡਭਾਗੀ, ਮਨਿ ਹਰਿ ਹਰਿ ਮੀਠਾ ਲਾਇਆ ।।
ਜਨੁ ਕਹੈ ਨਾਨਕੁ ਲਾਵ ਪਹਿਲੀ, ਆਰੰਭੁ ਕਾਜੁ ਰਚਾਇਆ ।। ੧।।
ਪਦ ਅਰਥ : ਹਰਿ ਪਹਿਲੜੀ ਲਾਵ - ਪ੍ਰਭੂ-ਪਤੀ ਨਾਲ (ਜੀਵ-ਇਸਤ੍ਰੀ ਦੇ ਵਿਆਹ ਦੀ) ਇਹ ਪਹਿਲੀ ਲਾਂਵ ਹੈ। ਪਰਵਿਰਤੀ ਕਰਮ-ਪਰਮਾਤਮਾ ਦਾ ਨਾਮ ਜਪਣ ਦੇ ਆਹਰ ਵਿੱਚ ਰੁੱਝਣ ਦਾ ਕੰਮ । ਦ੍ਰਿੜਾਇਆ- (ਗੁਰੂ ਨੇ) ਨਿਸਚੇ ਕਰਾਇਆ ਹੈ । ਬਾਣੀ-ਗੁਰੂ ਦੀ ਬਾਣੀ । ਦ੍ਰਿੜਹੁ-ਹਿਰਦੇ ਵਿੱਚ ਪੱਕਾ ਕਰੋ । ਤਜਾਇਆ- ਤਜੇ ਜਾਂਦੇ ਹਨ। ਸਿਮ੍ਰਿਤ ਨਾਮੁ ਦ੍ਰਿੜਾਇਆ-ਗੁਰੂ
ਅਰਥ- ਹੇ ਪ੍ਰਭੂ ਜੀ ! ਮੈਂ ਤੈਥੋਂ ਸਦਕੇ ਹਾਂ । ਤੇਰੀ ਮਿਹਰ ਨਾਲ ਗੁਰੂ ਨੇ ਸਿੱਖ ਨੂੰ ਹਰਿ-ਨਾਮ ਜਪਣ ਦੇ ਆਹਰ ਵਿਚ ਰੁੱਝਣ ਦਾ ਕੰਮ ਨਿਸਚੇ ਕਰਾਇਆ ਹੈ। ਤਾਕੀਦ ਕੀਤੀ ਹੈ। ਇਹੀ ਹੈ ਪ੍ਰਭੂ-ਪਤੀ ਨਾਲ ਜੀਵ ਇਸਤ੍ਰੀ ਦੇ ਵਿਆਹ ਦੀ ਪਹਿਲੀ ਸੋਹਣੀ ਲਾਂਵ। ਹੇ ਭਾਈ! ਗੁਰੂ ਦੀ ਬਾਣੀ ਹੀ ਸਿੱਖ ਵਾਸਤੇ ਬ੍ਰਹਮਾ ਦਾ ਵੇਦ ਹੈ । ਇਸ ਬਾਣੀ ਦੀ ਬਰਕਤਿ ਨਾਲ ਪਰਮਾਤਮਾਂ ਦਾ ਨਾਮ ਸਿਮਰਨ ਦਾ ਧਰਮ ਆਪਣੇ ਹਿਰਦੇ ਵਿਚ ਪੱਕਾ ਕਰੋ, ਨਾਮ ਸਿਮਰਿਆਂ ਸਾਰੇ ਪਾਪ ਦੂਰ ਹੋ ਜਾਂਦੇ ਹਨ । ਹੇ ਭਾਈ! ਪਰਮਾਤਮਾਂ ਦਾ ਨਾਮ ਸਿਮਰਦੇ ਰਹੋ, ਮਨੁੱਖਾ ਜੀਵਨ ਦਾ ਇਹ ਧਰਮ ਆਪਣੇ ਅੰਦਰ ਪੱਕਾ ਕਰ ਲਵੋ। ਗੁਰੂ ਨੇ ਜੋ ਸਿਮਰਨ ਦੀ ਤਾਕੀਦ ਕੀਤੀ ਹੈ, ਇਹੀ ਸਿੱਖ ਵਾਸਤੇ ਸਿਮ੍ਰਿਤ ਦਾ ਉਪਦੇਸ਼ ਹੈ । ਹੇ ਭਾਈ! ਪੂਰੇ ਗੁਰੂ ਦੇ ਇਸ ਉਪਦੇਸ਼ ਨੂੰ ਹਰ ਵੇਲੇ ਚੇਤੇ ਰੱਖੋ, ਸਾਰੇ ਪਾਪ ਵਿਕਾਰ ਇਸ ਦੀ ਬਰਕਤਿ ਨਾਲ ਦੂਰ ਹੋ ਜਾਂਦੇ ਹਨ ।
ਹੇ ਭਾਈ ! ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾਂ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ, ਉਸ ਵੱਡੇ ਭਾਗਾਂ ਵਾਲੇ ਨੂੰ ਆਤਮਕ ਅਡੋਲਤਾ ਦਾ ਸੁਖ ਮਿਲਿਆ ਰਹਿੰਦਾ ਹੈ। ਦਾਸ ਨਾਨਕ ਆਖਦਾ ਹੈ-ਪਰਮਾਤਮਾਂ ਦਾ ਨਾਮ ਜਪਣਾ ਹੀ ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਵਿਆਹ ਦੀ ਪਹਿਲੀ ਲਾਂਵ ਹੈ । ਹਰਿ-ਨਾਮ ਸਿਮਰਨ ਤੋਂ ਹੀ ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਵਿਆਹ ਦਾ ਮੁੱਢ ਬੱਝਦਾ ਹੈ ।
ਹਰਿ ਦੂਜੜੀ ਲਾਵ, ਸਤਿਗੁਰੁ ਪੁਰਖੁ ਮਿਲਾਇਆ, ਬਲਿਰਾਮ ਜੀਉ।।
ਨਿਰਭਉ ਭੈ ਮਨੁ ਹੋਇ, ਹਉਮੈ ਮੈਲੁ ਗਵਾਇਆ, ਬਲਿਰਾਮ ਜੀਉ।।
ਨਿਰਮਲੁ ਭਉ ਪਾਇਆ, ਹਰਿਗੁਣ ਗਾਇਆ, ਹਰਿ ਵੇਖੈ ਰਾਮੁ ਹਦੂਰੇ ॥
ਹਰਿ ਆਤਮ ਰਾਮੁ ਪਸਾਰਿਆ ਸੁਆਮੀ, ਸਰਬ ਰਹਿਆ ਭਰਪੂਰੇ ॥
ਅੰਤਰਿ ਬਾਹਰਿ ਹਰਿ ਪ੍ਰਭੁ ਏਕੋ, ਮਿਲਿ ਹਰਿ ਜਨ ਮੰਗਲ ਗਾਏ ।।
ਜਨ ਨਾਨਕ ਦੂਜੀ ਲਾਵ ਚਲਾਈ, ਅਨਹਦ ਸਬਦ ਵਜਾਏ ॥੨॥
ਪਦ ਅਰਥ : ਹਰਿ ਦੂਜੜੀ ਲਾਵ-ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਵਿਆਹ ਦੀ ਦੂਜੀ ਸੋਹਣੀ ਲਾਂਵ । ਸਤਿਗੁਰੁ ਪੁਰਖੁ ਮਿਲਾਇਆ-ਪ੍ਰਭ ਨੇ ਜੀਵ-ਇਸਤ੍ਰੀ ਨੂੰ ਗੁਰੂ ਮਹਾਂ ਪੁਰਖ ਮਿਲਾ ਦਿਤਾ । ਬਲਿਰਾਮ ਜੀਉ- ਹੇ ਪ੍ਰਭੂ ਜੀ! ਤੈਥੋਂ ਸਦਕੇ ਹਾਂ । ਭੈ-ਦੁਨੀਆ ਦੇ ਸਾਰੇ ਡਰਾਂ ਤੋਂ । ਨਿਰਭਉ-ਨਿਡਰ । ਹੋਇ-ਹੋ ਜਾਂਦਾ ਹੈ । ਗਵਾਇਆ-ਗੁਰੂ ਦੂਰ ਕਰ ਦੇਂਦਾ ਹੈ । ਭਉ-ਡਰ । ਨਿਰਮਲ ਭਉ-ਪਵਿਤਰ ਡਰ, ਅਦਬ ਸਤਕਾਰ । ਵੇਖੋ-ਵੇਖਦੀ ਹੈ। ਹਦੂਰੇ-ਹਾਜ਼ਰ ਨਾਜ਼ਰ, ਅੰਗ ਸੰਗ । ਆਤਮ ਰਾਮੁ ਪਸਾਰਿਆ-ਪ੍ਰਭੂ ਆਪਣੇ ਆਪ ਦਾ ਪਸਾਰਾ ਪਸਾਰ ਰਿਹਾ ਹੈ। ਸਰਬ-ਸਭ ਜੀਵਾਂ ਵਿਚ । ਭਰਪੂਰੇ-ਵਿਆਪਕ ।ਏਕੋ-ਇਕ ਹੀ। ਮਿਲਿ ਹਰ ਜਨ-ਸੰਤ ਜਨਾ ਨਾਲ ਮਿਲ ਕੇ, ਸਾਧ ਸੰਗਤਿ ਵਿਚ ਮਿਲਿ ਕੇ। ਮੰਗਲ-ਸਿਫਤਿ ਸਲਾਹ ਦੇ ਗੀਤ ।ਚਲਾਈ-ਤੋਰ ਦਿੱਤੀ । ਅਨਹਦ-ਇਕ ਰਸ ਬਿਨਾਂ ਵਜਾਇਆ। ਸ਼ਬਦ ਵਜਾਏ-ਸਿਫਤਿ ਸਲਾਹ ਦੀ ਬਾਣੀ ਦੇ ਮਾਨੋ, ਵਾਜੇ ਵਜਾ ਦੇਂਦਾ ਹੈ ।੨।
ਹੇ ਭਾਈ ! ਜੇਹੜੀ ਜੀਵ-ਇਸਤ੍ਰੀ ਹਉਮੈ ਦੂਰ ਕਰਕੇ ਪਰਮਾਤਮਾਂ ਦੇ ਗੁਣ ਗਾਂਦੀ ਹੈ, ਉਸਦੇ ਅੰਦਰ (ਪ੍ਰਭੂ-ਪਤੀ ਵਾਸਤੇ) ਆਦਰ-ਸਤਕਾਰ ਪੈਦਾ ਹੋ ਜਾਂਦਾ ਹੈ, ਉਹ ਪਰਮਾਤਮਾਂ ਨੂੰ ਆਪਣੇ ਅੰਗ-ਸੰਗ ਵਸਦਾ ਵੇਖਦੀ ਹੈ । ਉਸ ਨੂੰ ਨਿਸਚਾ ਹੋ ਜਾਂਦਾ ਹੈ ਕਿ ਇਹ ਜਗਤ-ਖਿਲਾਰਾ ਪ੍ਰਭੂ ਆਪਣੇ ਆਪੇ ਦਾ ਪਸਾਰਾ ਪਸਾਰ ਰਿਹਾ ਹੈ, ਅਤੇ ਉਹ ਮਾਲਕ ਪ੍ਰਭੂ ਸਭ ਜੀਵਾਂ ਵਿੱਚ ਵਿਆਪਕ ਹੋ ਰਿਹਾ ਹੈ। ਉਸ ਜੀਵ-ਇਸਤ੍ਰੀ ਨੂੰ ਆਪਣੇ ਅੰਦਰ ਅਤੇ ਬਾਹਰ ਸਾਰੇ ਜਗਤ ਵਿੱਚ ਸਿਰਫ ਪਰਮਾਤਮਾਂ ਹੀ ਵਸਦਾ ਦਿਸਦਾ ਹੈ, ਸਾਧ ਸੰਗਤਿ ਵਿਚ ਮਿਲ ਕੇ ਉਹ ਪ੍ਰਭੂ ਦੀ ਸਿਫਤਿ-ਸਲਾਹ ਦੇ ਗੀਤ ਗਾਂਦੀ ਰਹਿੰਦੀ ਹੈ ।
ਹੇ ਦਾਸ ਨਾਨਕ ! ਆਖ-ਗੁਰੂ ਦੀ ਸ਼ਰਨ ਪੈ ਕੇ, ਹਉਮੈ ਦੂਰ ਕਰਕੇ ਪ੍ਰਭੂ ਦੀ ਸਿਫਤਿ ਸਲਾਹ ਦੇ ਗੀਤ ਗਾਣੇ ਅਤੇ ਉਸ ਨੂੰ ਸਰਬ-ਵਿਆਪਕ ਵੇਖਣਾ, ਪ੍ਰਭੂ ਨੇ ਇਹ ਦੂਜੀ ਲਾਵ ਜੀਵ-ਇਸਤ੍ਰੀ ਦੇ ਵਿਆਹ ਦੀ ਤੋਰ ਦਿੱਤੀ ਹੈ, ਇਸ ਆਤਮਕ ਅਵਸਥਾ ਤੇ ਪਹੁੰਚੀ ਜੀਵ-ਇਸਤ੍ਰੀ ਦੇ ਅੰਦਰ ਪ੍ਰਭੂ-ਸਿਫਤਿ ਸਲਾਹ ਦੀ ਬਾਣੀ ਦੇ, ਮਾਨੋ, ਇਕ-ਰਸ ਵਾਜੇ ਵਜਾ ਦੇਂਦਾ ਹੈ ।੨।
ਹਰਿ ਤੀਜੜੀ ਲਾਵ, ਮਨਿ ਚਾਉ ਭਇਆ ਬੈਰਾਗੀਆ,
ਬਲਿਰਾਮ ਜੀਉ ॥
ਸੰਤ ਜਨਾ ਹਰਿ ਮੇਲੁ ਹਰਿ ਪਾਇਆ ਵਡਭਾਗੀਆ, ਬਲਿਰਾਮ ਜੀਉ।।
ਨਿਰਮਲੁ ਹਰਿ ਪਾਇਆ, ਹਰਿ ਗੁਣ ਗਾਇਆ,
ਮੁਖਿ ਬੋਲੀ ਹਰਿ ਬਾਣੀ ।।
ਸੰਤ ਜਨਾ ਵਡਭਾਗੀ ਪਾਇਆ, ਹਰਿ ਕਥੀਐ ਅਕਥ ਕਹਾਣੀ ॥
ਹਿਰਦੈ ਹਰਿ ਹਰਿ ਹਰਿ ਧੁਨਿ ਉਪਜੀ,
ਹਰਿ ਜਪੀਐ ਮਸਤਕਿ ਭਾਗੁ ਜੀਉ ॥
ਜਨੁ ਨਾਨਕੁ ਬੋਲੇ ਤੀਜੀ ਲਾਵੈ, ਹਰਿ ਉਪਜੇ ਮਨਿ ਬੈਰਾਗੁ ਜੀਉ ॥੩॥
ਪਦ ਅਰਥ: ਤੀਜੜੀ ਲਾਵ-ਤੀਜੀ ਸੋਹਣੀ ਲਾਂਵ । ਹਰ ਤੀਜੜੀ ਲਾਵ-ਪ੍ਰਭੂ ਪਤੀ ਨਾਲ ਜੀਵ-ਇਸਤ੍ਰੀ ਦੇ ਵਿਆਹ ਦੀ ਤੀਜੀ ਸੋਹਣੀ ਲਾਂਵ । ਮਨਿ-ਮਨ ਵਿਚ । ਬੈਰਾਗੀਆ ਮਨਿ-ਵੈਰਾਗਵਾਨਾਂ ਮਨ ਵਿਚ । ਚਾਉ-ਪ੍ਰਭੂ-ਮਿਲਾਪ ਲਈ ਉਤਸ਼ਾਹ । ਮੇਲ-ਮਿਲਾਪ । ਵਡਭਾਗੀਆ-ਵੱਡੇ ਭਾਗਾਂ ਵਾਲੇ ਮਨੁੱਖ । ਮੁਖਿ-ਮੂੰਹ ਤੋਂ। ਬੋਲੀ-ਉਚਾਰੀ। ਹਰਿ ਬਾਣੀ-ਪਰਮਾਤਮਾਂ ਦੀ ਸਿਫਤਿ ਸਲਾਹ ਦੀ ਬਾਣੀ। ਕਬੀਐ-ਕਥਨ ਕਰਨੀ ਚਾਹੀਦੀ ਹੈ । ਅਕਬ-ਅ-ਕਥ, ਜਿਸ ਦਾ ਸਹੀ ਰੂਪ ਬਿਆਨ ਨਹੀਂ ਕੀਤਾ ਜਾ ਸਕੇ । ਅਕਥ ਕਹਾਣੀ-ਅਕੱਥ ਪ੍ਰਭੂ ਦੀ ਸਿਫਤ ਸਲਾਹ। ਹਿਰਦੈ-ਹਿਰਦੇ ਵਿਚ । ਧੁਨਿ-ਰੇ, ਲਗਨ । ਜਪੀਐ-ਜਪਿਆ ਜਾ ਸਕਦਾ ਹੈ । ਮਸਤਕਿ-ਮੱਥੇ ਉੱਤੇ । ਭਾਗ-ਚੰਗੀ ਕਿਸਮਤ । ਨਾਨਕ ਬੋਲੈ-ਨਾਨਕ ਬੋਲਦਾ ਹੈ। ਤੀਜੀ ਲਾਵੈ-ਤੀਜੀ ਲਾਵ
ਅਰਥ : ਹੇ ਪ੍ਰਭੂ ਜੀ ! ਮੈਂ ਤੈਥੋਂ ਸਦਕੇ ਹਾਂ । ਤੇਰੀ ਮਿਹਰ ਨਾਲ ਵੈਰਾਗਵਾਨਾਂ ਦੇ ਮਨ ਵਿੱਚ ਤੇਰੇ ਮਿਲਾਪ ਦੀ ਤਾਂਘ ਪੈਦਾ ਹੁੰਦੀ ਹੈ, ਇਹ ਆਤਮਕ ਅਵਸਥਾ ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਵਿਆਹ ਦੀ ਤੀਜੀ ਸੋਹਣੀ ਲਾਂਵ ਹੈ।
ਹੇ ਭਾਈ ! ਜਿੰਨ੍ਹਾਂ ਵੱਡੇ ਭਾਗਾਂ ਵਾਲੇ ਮਨੁੱਖਾਂ ਨੂੰ ਸੰਤ ਜਨਾਂ ਦਾ ਮਿਲਾਪ ਹਾਸਲ ਹੁੰਦਾ ਹੈ, ਉਹਨਾਂ ਨੂੰ ਪਰਮਾਤਮਾਂ ਦਾ ਮੇਲ ਪ੍ਰਾਪਤ ਹੁੰਦਾ ਹੈ, ਉਹ ਮਨੁੱਖ ਜੀਵਨ ਨੂੰ ਪਵਿੱਤਰ ਕਰਨ ਵਾਲੇ ਪ੍ਰਭੂ ਦਾ ਮਿਲਾਪ ਪ੍ਰਾਪਤ ਕਰਦੇ ਹਨ, ਸਦਾ ਪ੍ਰਭੂ ਦੇ ਗੁਣ ਗਾਂਦੇ ਹਨ ਅਤੇ ਮੂੰਹ ਨਾਲ ਪਰਮਾਤਮਾਂ ਦੀ ਸਿਫਤ ਸਾਲਾਹ ਦੀ ਬਾਣੀ ਉਚਾਰਦੇ ਹਨ, ਉਹ ਵਡ-ਭਾਗੀ ਮਨੁੱਖ ਸੰਤ ਜਨਾਂ ਦੀ ਸੰਗਤਿ ਵਿੱਚ ਪ੍ਰਭੂ-ਮਿਲਾਪ ਪ੍ਰਾਪਤ ਕਰਦੇ ਹਨ ।
ਹੇ ਭਾਈ ! ਅੱਕਥ ਪ੍ਰਭੂ ਦੀ ਸਿਫਤ-ਸਾਲਾਹ ਸਦਾ ਕਰਦੇ ਰਹਿਣਾ ਚਾਹੀਦਾ ਹੈ, ਜਿਹੜਾ ਮੱਨੁਖ ਪ੍ਰਭੂ ਦੀ ਸਿਫਤਿ-ਸਾਲਾਹ ਕਰਦਾ ਰਹਿੰਦਾ ਹੈ, ਉਸਦੇ ਹਿਰਦੇ ਵਿੱਚ ਸਦਾ ਟਿਕੀ ਰਹਿਣ ਵਾਲੀ ਪ੍ਰਭੂ-ਪ੍ਰੇਮ ਦੀ ਰੌਂ ਚਲ ਪੈਂਦੀ ਹੈ । ਪਰ, ਹੇ ਭਾਈ ! ਪਰਮਾਤਮਾਂ ਦਾ ਨਾਮ ਤਦੋਂ ਹੀ ਜਪਿਆ ਜਾ ਸਕਦਾ ਹੈ, ਜੇ ਮੱਥੇ ਉੱਤੇ ਚੰਗਾ ਭਾਗ ਜਾਗ ਜਾਏ ।
ਹੇ ਭਾਈ ! ਦਾਸ ਨਾਨਕ ਆਖਦਾ ਹੈ ਕਿ ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਵਿਆਹ ਦੀ ਤੀਜੀ ਲਾਂਵ ਸਮੇਂ ਜੀਵ-ਇਸਤ੍ਰੀ ਦੇ ਮਨ ਵਿੱਚ ਪ੍ਰਭੂ-ਮਿਲਾਪ ਦੀ ਤੀਬਰ ਤਾਂਘ ਪੈਦਾ ਹੋ ਜਾਂਦੀ ਹੈ ।੩।
ਹਰਿ ਚਉਥੜੀ ਲਾਵ, ਮਨਿ ਸਹਜੁ ਭਇਆ ਹਰਿ ਪਾਇਆ,
ਬਲਿਰਾਮ ਜੀਉ।।
ਗੁਰਮੁਖਿ ਮਿਲਿਆ ਸੁਭਾਇ, ਹਰਿ ਮਨਿ ਤਨਿ ਮੀਠਾ ਲਾਇਆ,
ਬਲਿਰਾਮ ਜੀਉ।।
ਹਰਿ ਮੀਠਾ ਲਾਇਆ, ਮੇਰੇ ਪ੍ਰਭ ਭਾਇਆ,
ਅਨਦਿਨੁ ਹਰਿ ਲਿਵ ਲਾਈ ।।
ਮਨ ਚਿੰਦਿਆ ਫਲੁ ਪਾਇਆ ਸੁਆਮੀ, ਹਰਿ ਨਾਮਿ ਵਜੀ ਵਾਧਾਈ।।
ਹਰਿ ਪ੍ਰਭਿ ਠਾਕੁਰਿ ਕਾਜੁ ਰਚਾਇਆ, ਧਨ ਹਿਰਦੈ ਨਾਮਿ ਵਿਗਾਸੀ ।।
ਜਨੁ ਨਾਨਕੁ ਬੋਲੇ ਚਉਥੀ ਲਾਵੈ,
ਹਰਿ ਪਾਇਆ ਪ੍ਰਭੁ ਅਵਿਨਾਸੀ ॥੪॥੨॥
ਪਦ ਅਰਥ :- ਚਉਥੜੀ ਲਾਂਵ-ਚੌਥੀ ਸੋਹਣੀ ਲਾਂਵ । ਹਰਿ ਚਉਥੜੀ ਲਾਵ-ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਵਿਆਹ ਦੀ ਚੌਥੀ ਸੋਹਣੀ ਲਾਂਵ । ਮਨਿ-ਜੀਵ ਇਸਤ੍ਰੀ ਦੇ ਮਨ ਵਿਚ । ਸਹਜੁ-ਆਤਮਕ ਅਡੋਲਤਾ । ਗੁਰਮੁਖਿ-ਗੁਰੂ ਵੱਲ ਮੂੰਹ ਕਰਕੇ, ਗੁਰੂ ਸਨਮੁਖ ਰਹਿ ਕੇ । ਸੁਭਾਇ-ਪ੍ਰਭੂ ਦੇ ਪਿਆਰ ਵਿਚ ਟਿਕ ਕੇ। ਮਨਿ-ਮਨ ਵਿਚ । ਤਨਿ-ਤਨ ਵਿਚ । ਪ੍ਰਭ
ਭਾਇਆ-ਪ੍ਰਭੂ ਨੂੰ ਪਿਆਰਾ ਲਗਾ । ਅਨਦਿਨੁ ਹਰ ਰੋਜ਼, ਹਰ ਵੇਲੇ। ਲਿਵਲਾਈ-ਸੁਰਤਿ ਜੋੜੀ ਰੱਖੀ । ਮਨ ਚਿੰਦਿਆ-ਮਨ-ਇੱਛਤ ।
ਨਾਮਿ-ਨਾਮ ਦੀ ਰਾਹੀਂ । ਵਜੀ ਵਾਧਾਈ-ਚੜ੍ਹਦੀ ਕਲਾ ਬਣ ਗਈ । ਪ੍ਰਭਿ-ਪ੍ਰਭੂ ਨੇ। ਠਾਕੁਰਿ-ਠਾਕੁਰ ਨੇ । ਕਾਜੁ-ਜੀਵ ਇਸਤ੍ਰੀ ਦੇ ਵਿਆਹ ਦਾ ਉੱਦਮ। ਰਚਾਇਆ-ਆਰੰਭ ਦਿੱਤਾ । ਧਨ-ਜੀਵ-ਇਸਤ੍ਰੀ। ਹਿਰਦੈ-ਹਿਰਦੇ ਵਿਚ। ਨਾਮਿ-ਨਾਮ ਦੀ ਬਰਕਤਿ ਨਾਲ। ਵਿਗਾਸੀ-ਖਿੜ ਪਈ, ਅਨੰਦ-ਭਰਪੂਰ ਹੋ ਗਈ। ਚਉਥੀ ਲਾਵੈ-ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਵਿਆਹ ਦੀ ਚੌਥੀ ਲਾਂਵ ਸਮੇਂ। ਅਵਿਨਾਸੀ-ਕਦੇ ਨਾਸ ਨਾ ਹੋਣ ਵਾਲਾ । ੪।
ਅਰਥ : ਹੇ ਸੋਹਣੇ ਪ੍ਰਭੂ ! ਮੈਂ ਤੈਥੋਂ ਸਦਕੇ ਹਾਂ । ਤੇਰੀ ਮਿਹਰ ਨਾਲ ਜਿਸ ਜੀਵ-ਇਸਤ੍ਰੀ ਦੇ ਮਨ ਵਿਚ ਅਡੋਲਤਾ ਪੈਦਾ ਹੋ ਜਾਂਦੀ ਹੈ, ਉਸ ਨੂੰ ਤੇਰਾ ਮਿਲਾਪ ਹੋ ਜਾਂਦਾ ਹੈ । ਇਹ ਆਤਮਕ ਅਵਸਥਾ ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਮਿਲਾਪ ਦੀ ਚੌਥੀ ਸੋਹਣੀ ਲਾਂਵ ਹੈ ।
ਹੇ ਭਾਈ ! ਗੁਰੂ ਦੀ ਸ਼ਰਨ ਪੈ ਕੇ ਪ੍ਰਭੂ-ਪ੍ਰੇਮ ਵਿਚ ਟਿਕ ਕੇ, ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ ਮਿਲ ਪੈਂਦਾ ਹੈ, ਉਸਦੇ ਮਨ ਵਿਚ, ਉਸ ਦੇ ਤਨ ਵਿਚ, ਪ੍ਰਭੂ ਪਿਆਰਾ ਲੱਗਣ ਲੱਗ ਪੈਂਦਾ ਹੈ।
ਹੇ ਭਾਈ ! ਜਿਸ ਜੀਵ ਨੂੰ ਪਰਮਾਤਮਾਂ ਪਿਆਰਾ ਲੱਗਣ ਲੱਗ ਪੈਂਦਾ, ਪ੍ਰਭੂ ਨੂੰ ਉਹ ਜੀਵ ਪਿਆਰਾ ਲੱਗਣ ਲੱਗ ਪੈਂਦਾ ਹੈ, ਉਹ ਮਨੁੱਖ ਸਦਾ ਪ੍ਰਭੂ ਦੀ ਯਾਦ ਵਿਚ ਆਪਣੀ ਸੁਰਤਿ ਜੋੜੀ ਰੱਖਦਾ ਹੈ, ਉਹ ਮਨੁੱਖ ਪ੍ਰਭੂ-ਮਿਲਾਪ ਦਾ ਮਨ-ਇੱਛਤ ਫਲ ਪ੍ਰਾਪਤ ਕਰ ਲੈਂਦਾ ਹੈ। ਪ੍ਰਭੂ ਦੇ ਨਾਮ ਬਰਕਤਿ ਨਾਲ ਉਸ ਦੇ ਅੰਦਰ ਸਦਾ ਚੜ੍ਹਦੀ ਕਲਾ ਬਣੀ ਰਹਿੰਦੀ ਹੈ ।
ਹੇ ਭਾਈ ! ਪ੍ਰਭੂ ਨੇ, ਮਾਲਕ ਹਰੀ ਨੇ ਜਿਸ ਜੀਵ-ਇਸਤ੍ਰੀ ਦੇ ਵਿਆਹ ਦਾ ਉੱਦਮ ਸ਼ੁਰੂ ਕਰ ਦਿੱਤਾ, ਉਹ ਜੀਵ-ਇਸਤ੍ਰੀ ਨਾਮ ਸਿਮਰਨ ਦੀ ਬਰਕਤਿ ਨਾਲ ਆਪਣੇ ਹਿਰਦੇ ਵਿੱਚ ਸਦਾ ਅਨੰਦ-ਭਰਪੂਰ ਰਹਿੰਦੀ ਹੈ । ਦਾਸ ਨਾਨਕ ਆਖਦਾ ਹੈ ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਵਿਆਹ ਦੀ ਚੌਥੀ ਲਾਂਵ ਸਮੇਂ ਜੀਵ-ਇਸਤ੍ਰੀ ਕਦੇ ਨਾਸ ਨਾਂਹ ਹੋਣ ਵਾਲੇ ਪ੍ਰਭੂ ਦਾ ਮਿਲਾਪ ਪ੍ਰਾਪਤ ਕਰ ਲੈਂਦੀ ਹੈ ॥ ੪॥੨॥
* ਹਲੂਣਾ *
* ਸਿਖੋ, ਜੇ ਮਰਜ਼ੀ ਏ ਪਏ ਕਰੋ ਤੁਸੀਂ, ਪਰ ਤੁਹਾਡਾ ਗੁਰੂ ਤੁਹਾਡੇ ਤੇ ਕਦੀ ਪ੍ਰਸੰਨ ਨਹੀਂ ਹੋਵੇਗਾ। ਹੋਣਾ ਇਹੀਓ ਹੈ । ਮੈਂ ਪੜ੍ਹੀ ਏ ਤੁਹਾਡੀ ਸਿੱਖ ਹਿਸਟਰੀ । ਮੈਂ ਪੜ੍ਹੀ ਏ ਤੁਹਾਡੀ ਗੁਰਬਾਣੀ, ਜਿੰਨਾ ਕੁ ਵੀ ਤਰਜਮਾਂ ਮੈਨੂੰ ਮਿਲਿਆ ਏ, ਮੈਂ ਬਹੁਤ ਪੜ੍ਹਿਆ ਏ ਇਸ ਧਰਮ ਬਾਰੇ । ਏਨਾ ਤਾਂ ਤੁਸਾਂ ਸਿੱਖਾਂ ਨੇ ਵੀ ਨਹੀਂ ਪੜ੍ਹਿਆ ਹੋਣਾ । ਮੈਂ ਸੱਚ ਆਖਦਾ ਹਾਂ, ਅਸਾਂ ਇਕ ਕ੍ਰਾਈਸਟ ਦੇ ਸੂਲੀ ਚੜ੍ਹਨ ਦੀ ਗੱਲ ਨੂੰ ਲੈ ਕੇ ਆਪਣਾ ਧਰਮ ਸਾਰੀ ਦੁਨੀਆਂ ਵਿਚ ਫੈਲਾ ਲਿਆ । ਤੁਹਾਡਾ ਤਾਂ ਇਤਿਹਾਸ
* ਬਾਈਬਲ ਨੂੰ ਅਸੀਂ ਕਰੋੜਾਂ ਦੀ ਤਾਇਦਾਦ ਵਿਚ ਮੁਫਤ ਵੰਡਦੇ ਹਾਂ, ਜਾਂ ਦੋ ਚਾਰ ਰੁਪਏ ਉਹਦੀ ਕੀਮਤ ਰੱਖਦੇ ਹਾਂ । ਮੈਂ ਸੁਣਿਆ ਏ ਤੁਹਾਡੇ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਲਾਨਾ ਆਮਦਨੀ ਕਰੋੜਾਂ ਰੁਪਏ ਹੈ । ਉਸ ਪੈਸੇ ਨਾਲ ਤੁਹਾਨੂੰ ਗੁਰਬਾਣੀ ਦੇ ਤਰਜਮੇ ਲੱਖਾਂ ਦੀ ਤਾਇਦਾਦ ਵਿੱਚ ਛਾਪਣੇ ਚਾਹੀਦੇ ਨੇ, ਸਿੱਖ ਹਿਸਟਰੀ ਦੇ ਤਰਜਮੇ ਛਾਪ ਕੇ ਸਾਰੀ ਦੁਨੀਆਂ ਵਿਚ ਪੁਚਾਉਣੇ ਚਾਹੀਦੇ ਹਨ । ਦੁਨੀਆਂ ਵਿੱਚ ਸਾਰੀਆਂ ਜਬਾਨਾਂ ਵਿੱਚ । ਅਸਾਂ ਨਹੀਂ ਬਾਈਬਲ ਛਾਪੀ ਹੋਈ, ਹਿੰਦੁਸਤਾਨ ਦੀਆਂ ਸਾਰੀਆਂ ਜਬਾਨਾਂ ਵਿੱਚ, ਪੰਜਾਬੀ ਵਿੱਚ ਵੀ । ਮੈਂ ਤੇ ਸੁਣਿਆ ਏ ਕਿ ਤੁਸਾਂ ਸਿੱਖ ਹਿਸਟਰੀ ਵੀ ਪੰਜਾਬੀ ਵਿਚ ਛਾਪ ਕੇ ਹਰ ਪਿੰਡ ਦੇ ਹਰ ਘਰ ਵਿੱਚ ਨਹੀਂ ਪੁਚਾਈ । ਕਿੰਨੇ ਅਕ੍ਰਿਤਘਣ ਹੋ ਤੁਸੀਂ, ਆਪਣੇ ਗੁਰੂਆਂ ਪ੍ਰਤੀ ਤੇ ਆਪਣੇ ਸ਼ਹੀਦਾਂ ਪ੍ਰਤੀ। ਅਕ੍ਰਿਤਘਣਾਂ ਲਈ ਗੁਰੂ ਚਰਨਾਂ ਦੇ ਵਿੱਚ ਥਾਂ ਕਿਵੇਂ ਹੋ ਸਕਦੀ ਹੈ । ਨਹੀਂ ਹੋ ਸਕਦੀ-------ਕਦੇ ਨਹੀਂ ਹੋ ਸਕਦੀ--------- ਕਦੇ ਨਹੀਂ ਹੋ ਸਕਦੀ------------।
ਇਹ ਹਨ ਉਹ ਸ਼ਬਦ ਜੋ ਲੰਡਨ ਦੇ ਇਕ ਪਾਦਰੀ ਨੇ ਇਕ ਉੱਘੇ ਸਿੱਖ ਸਿਆਸਤਦਾਨ ਤੇ ਵਿਦਵਾਨ ਸੱਜਣ ਨੂੰ ਲੰਡਨ ਵਿਖੇ ਕਹੇ ਤੇ ਉਸ ਦੇ ਕਹਿਣ ਵਿੱਚ ਰਤਾ ਭਰ ਵੀ ਝੂਠ ਨਹੀਂ। ਲਿਟਰੇਚਰ ਰਾਹੀਂ ਕੰਮ ਵਿੱਚ ਜਾਗ੍ਰਿਤੀ ਪੈਦਾ ਕਰਨ ਵੱਲੋਂ ਸਾਡੀ ਲੀਡਰਸ਼ਿਪ ਸਿੰਘ ਸਭਾਵਾਂ ਤੇ ਪੰਥਕ ਜਥੇਬੰਦੀਆਂ ਪੂਰੀ ਤਰ੍ਹਾਂ ਸੁਤੀਆਂ ਪਈਆਂ ਹਨ। ਨਾ ਕੋਈ ਸਿੱਖਾਂ ਦਾ ਆਪਣਾ ਅਖਬਾਰ
ਹੈ ਨਾ ਕੋਈ ਪ੍ਰੈਸ ਤੇ ਨਾ ਹੀ ਪਲੇਟਫਾਰਮ । ਸਿੱਖਾਂ ਨੂੰ ਉਹਨਾਂ ਲੋਕਾਂ ਦੀਆਂ ਲਿਖਤਾਂ ਤੇ ਨਿਰਭਰ ਕਰਨਾ ਪੈ ਰਿਹਾ ਹੈ ਜੋ ਤੱਥਾਂ ਨੂੰ ਤਰੋੜ ਮਰੋੜ ਕੇ ਪੇਸ਼ ਕਰਦੇ ਹਨ।
ਸਮੁੱਚੀ ਸਿੱਖ ਲੀਡਰਸ਼ਿਪ ਸਿਆਸਤ ਦੀ ਐਸੀ ਡੂੰਘੀ ਖੱਡ ਵਿੱਚ ਡਿੱਗੀ ਪਈ ਹੈ ਕਿ ਧਰਮ ਪ੍ਰਚਾਰ ਕਰਨ ਦਾ ਉਸ ਕੋਲ ਸਮਾਂ ਹੀ ਨਹੀਂ । '
ਕੇਂਦਰੀ ਜਥੇਬੰਦੀ ' ਵੱਲੋਂ ਹੁਣ ਤਕ ਉਂਗਲਾਂ ਤੇ ਗਿਣੀਆਂ ਜਾ ਸਕਣ ਵਾਲੀਆਂ ਹੀ ਕਿਤਾਬਾਂ ਛਪ ਸਕੀਆਂ ਹਨ, ਫ੍ਰੀ ਲਿਟਰੇਚਰ ਛਾਪਣ ਤੇ ਲੱਖਾਂ ਦੀ ਗਿਣਤੀ ਵਿੱਚ ਵੰਡਣ ਬਾਰੇ ਕਦੀ ਸਿੰਘ ਸਭਾਵਾਂ ਨੇ ਧਿਆਨ ਨਹੀਂ ਕੀਤਾ । ਸ਼ਾਇਦ ਇਹ ਸੰਸਥਾਵਾਂ' ਇਹ ਸਮਝਦੀਆਂ ਹਨ ਕਿ ਇਹ ਗੈਰ-ਵਾਜਬ ਕੰਮ ਹੈ ਜੋ ਕਿਸੇ ਹੋਰ ਅਦਾਰੇ ਨੂੰ ਕਰਨਾ ਚਾਹੀਦਾ ਹੈ।
'ਸਿੱਖ-ਮਿਸ਼ਨਰੀ ਕਾਲਜ ' ਲੁਧਿਆਣਾ ਨੇ ੧੫੦ ਦੇ ਕਰੀਬ ਛੋਟੇ ਛੋਟੇ ਟਰੈਕਟ ਸਿੱਖ ਧਰਮ ਬਾਰੇ ਛਾਪੇ ਹਨ । ਜੋ ਲਾਗਤ ਮਾਤਰ ਕੀਮਤ ਤੇ ਧਾਰਮਿਕ ਪੁਸਤਕਾਂ ਦੇ ਸਟਾਲ ਲਗਾ ਕੇ ਸੰਗਤਾਂ ਤੱਕ ਪਹੁੰਚਾਏ ਜਾਂਦੇ ਹਨ । ਕਾਲਜ ਦੇ ਸਾਰੇ ਵਰਕਰ ਆਪੋ ਆਪਣੇ ਕੰਮ ਧੰਦੇ ਕਰਨ ਵਾਲੇ ਨਿਸ਼ਕਾਮ ਪ੍ਰਚਾਰਕ ਹਨ ਤੇ ਆਪਣਾ ਦਸਵੰਧ ਦੇ ਕੇ ਇਸ ਸੰਸਥਾ ਨੂੰ ਚਲਾ ਰਹੇ ਹਨ ।' ਕਾਲਜ ' ਪਾਸ ਕੋਈ ਐਸੀ ਬੱਝਵੀਂ ਆਮਦਨ, ਗੁਰਦੁਆਰੇ ਦਾ ਚੜਾਵਾ ਜਾਂ ਜਾਇਦਾਦ ਨਹੀਂ, ਜਿਸ ਨਾਲ ਛਾਪਿਆ ਲਿਟਰੇਚਰ ਵੀ ਵੰਡਿਆ ਜਾ ਸਕੇ। ਉਂਜ ਸਾਡਾ ਇਹ ਪੱਕਾ ਮੱਤ ਹੈ ਕਿ ਜਿਤਨੀ ਦੇਰ ਤੱਕ ਸਿੱਖ ਸੰਗਤਾਂ ਤੱਕ ਵੀ ਲਿਟਰੇਚਰ ਨਹੀਂ ਪਹੁੰਚਾਇਆ ਜਾਂਦਾ ਉਤਨਾ ਚਿਰ ਕੌਮ ਵਿੱਚ ਜਾਗ੍ਰਿਤੀ ਨਹੀਂ ਆ ਸਕਦੀ ਤੇ ਕੌਮ ਅੰਦਰ ਗੁਰਬਾਣੀ ਦੇ ਅਰਥ ਸਿੱਖਣ, ਸਿੱਖ ਇਤਿਹਾਸ ਦੀਆਂ ਸਾਖੀਆਂ ਦੇ ਜਾਣੂ ਹੋਣ ਤੇ ਸਿੱਖ ਰਹਿਤ ਮਰਿਯਾਦਾ ਦੇ ਨਿਯਮਾਂ ਨੂੰ ਸਮਝਣ ਲਈ ਭੁੱਖ ਪੈਦਾ ਨਹੀਂ ਹੋ ਸਕਦੀ । ਅੱਜ ਭੁੱਲੜ ਸਿੱਖ, ਘਰ ਵਿੱਚ ਫਾਲਤੂ ਚੀਜਾਂ ਲਈ ਤਾਂ ਮਾਇਆ ਖਰਚ ਸਕਦਾ ਹੈ, ਸ਼ਰਾਬ ਦੀ ਬੋਤਲ ਲਈ ਪੈਸੇ ਬਜਟ ਵਿਚੋਂ ਕੱਢ ਲੈਂਦਾ ਹੈ । ਦੋਸਤਾਂ ਤੇ ਰਿਸ਼ਤੇਦਾਰਾਂ ਦੇ ਚਾਹ-ਪਾਣੀ ਲਈ, ਫਜੂਲ ਖਰਚ ਕਰ ਸਕਦਾ ਹੈ ਪਰ ਧਾਰਮਿਕ ਲਿਟਰੇਚਰ, ਗੁਰਬਾਣੀ ਸਟੀਕ, ਸਿੱਖ ਇਤਿਹਾਸ ਤੇ ਸਿੱਖ ਸਭਿਆਚਾਰ ਬਾਰੇ ਪੁਸਤਕਾਂ ਉਪਰ ਕੁਝ ਰੁਪਏ ਵੀ ਖਰਚਣ ਲਈ ਤਿਆਰ ਨਹੀਂ।
ਉਸ ਨੂੰ ਤਿਆਰ ਕਰਨ ਤੇ ਲਿਟਰੇਚਰ ਪੜ੍ਹਣ ਦੀ ਭੁੱਖ ਪੈਦਾ ਕਰਨ ਲਈ ਸਿੱਖ ਮਿਸ਼ਨਰੀ ਕਾਲਜ ਵੱਲੋਂ ਫ੍ਰੀ ਲਿਟਰੇਚਰ ਪ੍ਰੋਗਰਾਮ ਉਲੀਕਿਆ ਗਿਆ ਹੈ।
ਸਿੱਖ ਸੰਗਤਾਂ ਤੇ ਪਾਠਕਾਂ ਦੀ ਸੇਵਾ ਵਿੱਚ ਬਿਨੈ ਹੈ ਕਿ ਉਹ ਵੱਧ ਤੋਂ ਵੱਧ ਮਾਇਆ ਇਸ ਪ੍ਰੋਜੈਕਟ ਲਈ ਭੇਜਣ । ਘੱਟੋ ਘੱਟ ਦੱਸ ਰੁਪਏ ਤਾਂ ਹਰ ਪੰਥਕ ਦਰਦੀ ਨੂੰ ਭੇਜਣੇ ਬਣਦੇ ਹੀ ਹਨ । ਸਿੱਖ ਮਿਸ਼ਨਰੀ ਕਾਲਜ ਦੇ ਪ੍ਰਬੰਧਕਾਂ ਨੇ ਪਹਿਲੀ ਵਾਰ ਇਹ ਅਪੀਲ ਕੀਤੀ ਹੈ। ਸਾਨੂੰ ਪੂਰਨ ਆਸ ਹੈ ਕਿ ਹਰ ਪੰਥ ਦਰਦੀ ਆਪਣੇ ਦਸਵੰਧ ਵਿਚੋਂ ਫ੍ਰੀ ਲਿਟਰੇਚਰ ਫੰਡ ਲਈ ਜ਼ਰੂਰ ਮਾਇਆ ਭੇਜਣ ਦੀ ਕ੍ਰਿਪਾਲਤਾ ਕਰੇਗਾ ਤੇ ਹੋਰਨਾਂ ਨੂੰ ਪ੍ਰੇਰੇਗਾ । ਆਪ ਜੀ ਦੀ ਭੇਜੀ ਹੋਈ ਇਹ ਮਾਇਆ ਕੇਵਲ ਫ੍ਰੀ ਲਿਟਰੇਚਰ ਵੰਡਣ ਤੇ ਹੀ ਖਰਚ ਕੀਤੀ ਜਾਵੇਗੀ ਤੇ ਇਸ ਦਾ ਅਲੱਗ ਅਕਾਊਂਟ ਖੋਲ੍ਹਿਆ ਜਾਵੇਗਾ । ਸੰਗਤਾਂ ਜਦੋਂ ਵੀ ਚਾਹੁਣਗੀਆਂ ਉਹਨਾਂ ਨੂੰ ਵੀ ਲਿਟਰੇਚਰ ਭੇਜਿਆ ਜਾਵੇਗਾ । ਹਰ ਪੰਥ ਦਰਦੀ ਜੋ ਇਸ ਘਾਟ ਨੂੰ ਅਨੁਭਵ ਕਰਦਾ ਤੇ ਲੰਡਨ
ਦੇ ਪਾਦਰੀ ਦੇ ਕਹੇ ਸ਼ਬਦਾਂ ਨੂੰ ਝੂਠਾ ਸਿੱਧ ਕਰਨਾ ਚਾਹੁੰਦਾ ਹੈ ਉਹ ਹਰ ਮਹੀਨੇ ਆਪਣੇ ਦਸਵੰਧ ਵਿਚੋਂ ਰੈਗੂਲਰ ਸਹਾਇਤਾ 'ਫ੍ਰੀ ਲਿਟਰੇਚਰ ਫੰਡ' ਲਈ ਭੇਜੇ। 'ਸਿੱਖ ਮਿਸ਼ਨਰੀ ਕਾਲਜ’ ਦੇ ਸਮੂਹ ਸਹਿਯੋਗੀਆਂ, ਸਰਕਲਾਂ ਤੇ ਹਿਤੈਸ਼ੀਆਂ ਨੂੰ ਵੀ ਪੁਰਜ਼ੋਰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਵੀ ਆਪਣੇ ਆਪਣੇ ਸਰਕਲ ਵਿਚੋਂ ਮਾਇਆ ਇੱਕਠੀ ਕਰਕੇ ਹਰ ਮਹੀਨੇ ' ਫ੍ਰੀ ਲਿਟਰੇਚਰ ਫੰਡ' ਲਈ ਭੇਜਣ ।
ਮਾਇਆ ਭੇਜਣ ਦਾ ਪਤਾ-
ਸਿੱਖ ਮਿਸ਼ਨਰੀ ਕਾਲਜ (ਰਜਿ.)
੧੦੫੧, ਕੂਚਾ ੧੪, ਫੀਲਡ ਗੰਜ, ਲੁਧਿਆਣਾ-੮
ਸਿੱਖ ਮਿਸ਼ਨਰੀ ਕਾਲਜ ਦਾ ਉਦੇਸ਼
1051, ਕੂਚਾ 14, ਫੀਲਡ ਗੰਜ, ਲੁਧਿਆਣਾ -8
ਸਬ ਆਫਿਸ: A-143 ਫਤਹਿ ਨਗਰ, ਨਵੀਂ ਦਿੱਲੀ- 18
ਅਸੀਂ ਸਿੱਖ ਹਾਂ । ਇਸ ਲਈ ਇਹ ਜਰੂਰੀ ਹੈ ਕਿ ਸਾਨੂੰ ਸਿੱਖੀ ਅਸੂਲਾਂ ਦਾ ਪਤਾ ਹੋਵੇ, ਗੁਰਬਾਣੀ ਦੇ ਅਰਥ ਭਾਵ, ਸਿੱਖ ਇਤਿਹਾਸ ਦੀ ਵਾਕਫੀਅਤ, ਸਿੱਖ-ਰਹਿਤ ਮਰਿਯਾਦਾ ਦੇ ਅਸੂਲ ਸਿੱਖ ਫਿਲਾਸਫੀ, ਸਿੱਖ ਸਭਿਆਚਾਰ ਬਾਰੇ ਹਰ ਗੁਰਸਿੱਖ ਨੂੰ ਜਾਣਕਾਰੀ ਹੋਣੀ ਅਤਿ ਜਰੂਰੀ ਹੈ । ਜੇ ਸਾਨੂੰ ਇਨ੍ਹਾਂ ਬਾਰੇ ਸੋਝੀ ਨਹੀਂ ਤਾਂ ਅਸੀਂ ਸਿੱਖ ਕਿਵੇਂ ਅਖਵਾ ਸਕਦੇ ਹਾਂ ? ਪਾਠ ਅਸੀਂ ਕਰੀ ਜਾ ਰਹੇ ਹਾਂ, ਪਰ ਜੇ ਕੋਈ ਸਾਡੇ ਕੋਲੋਂ ਬਾਣੀ ਦੀ ਕਿਸੀ ਤੁਕ ਦੇ ਅਰਥ ਪੁੱਛ ਲਵੇ ਤੇ ਅਸੀਂ ਜੁਆਬ ਨਾ ਦੇ ਸਕੀਏ ਤਾਂ ਇਹ ਸਾਡੇ ਲਈ ਕਿੰਨੀ ਸ਼ਰਮਨਾਕ ਗੱਲ ਹੋਵੇਗੀ। ਦਸ ਗੁਰੂ ਸਹਿਬਾਨ ਦੇ ਪੁਰਾਤਨ ਗੁਰਸਿੱਖਾਂ ਦੇ ਇਤਿਹਾਸ ਬਾਰੇ ਸਾਨੂੰ ਸੋਝੀ ਹੋਣੀ ਜਰੂਰੀ ਹੈ, ਜੇ ਅਸੀਂ ਲਾਸਾਨੀ ਇਤਿਹਾਸ ਨਹੀਂ ਜਾਣਦੇ ਤਾਂ ਅਸੀਂ ਕਿਵੇਂ ਦੂਸਰੇ ਨੂੰ ਦੱਸ ਸਕਦੇ ਹਾਂ ਕਿ ਅਸੀਂ ਕਿੱਡੇ ਵੱਡੇ ਵਿਰਸੇ ਦੇ ਮਾਲਕ ਹਾਂ। ਸਿੱਖ ਰਹਿਤ ਮਰਿਯਾਦਾ ਦੇ ਅਸੂਲ ਕਿਹੜੇ ਕਿਹੜੇ ਹਨ, ਇਸ ਬਾਰੇ ਵੀ ਅਸੀਂ ਆਮ ਤੌਰ ਤੇ ਅਗਿਆਨਤਾ ਵਿਚ ਹਾਂ । ਘਰ ਵਿਚ ਪਾਠ ਰੱਖਣਾ ਹੋਵੇ ਜਾਂ ਜੀਵਨ ਦਾ ਕੋਈ ਸੰਸਕਾਰ ਕਰਨਾ ਹੋਵੇ, ਗੁਰਮਤਿ ਸਾਨੂੰ ਕੀ ਪ੍ਰੇਰਨਾ ਕਰਦੀ ਹੈ, ਬਾਰੇ ਜਾਣਨ ਲਈ ਸਾਨੂੰ ਗਰੰਥੀ ਸਿੰਘਾਂ ਤੇ ਜਾਂ ਦੂਸਰੇ ਗਿਆਨੀ ਪੁਰਖਾਂ ਤੇ ਨਿਰਭਰ ਹੋਣਾ ਪੈਂਦਾ ਹੈ । ਪਰ ਕੀ ਸਿੱਖ ਹੁੰਦੇ ਹੋਏ ਐਸੇ ਅਸੂਲਾਂ ਬਾਰੇ ਸਾਨੂੰ ਆਪ ਜਾਣਕਾਰੀ ਹੋਣੀ ਜਰੂਰੀ ਨਹੀਂ ?
ਅੱਜ ਅਸੀਂ ਵੇਖਦੇ ਹਾਂ ਕਿ ਸਾਡੇ ਅੰਦਰ ਜੋ ਕਮਜ਼ੋਰੀਆਂ ਆ ਰਹੀਆਂ ਹਨ, ਉਨ੍ਹਾਂ ਦਾ ਮੂਲ ਕਾਰਨ ਇਹੋ ਹੀ ਹੈ ਕਿ ਅਸੀਂ ਸਿੱਖੀ ਬਾਰੇ ਸੋਝੀ ਪ੍ਰਾਪਤ ਕਰਨ ਦੀ ਜਿੰਮੇਵਾਰੀ ਨਹੀਂ ਸਮਝੀ । ਜੇ ਸਾਨੂੰ ਗੁਰੂ ਦੀ ਸਿੱਖੀ ਬਾਰੇ ਆਪ ਨੂੰ ਪਤਾ ਹੋਵੇ ਤਾਂ ਅਸੀਂ ਆਪਣੇ ਨੌਜਵਾਨਾਂ ਨੂੰ ਜੋ ਅਣਜਾਣੇ ਵਿਚ ਦਾੜੀ ਕੇਸਾਂ ਦੀ ਬੇਅਦਬੀ ਕਰ ਰਹੇ ਹਨ, ਨਸ਼ਾ ਵਰਤ ਰਹੇ ਹਨ, ਦੇਹਧਾਰੀ ਗੁਰੂ ਡੰਮ ਨੂੰ ਮੰਨ ਰਹੇ ਹਨ, ਨੂੰ ਗੁਰਬਾਣੀ ਦੇ ਅਸੂਲ ਦ੍ਰਿੜ ਕਰਵਾ ਕੇ. ਖੂਨ ਨਾਲ ਭਿੱਜਿਆ ਆਪਣਾ ਲਾਸਾਨੀ ਇਤਿਹਾਸ ਸੁਣਾ ਕੇ ਸਿੱਖ ਧਰਮ ਵੱਲ ਪ੍ਰੇਰ ਸਕਦੇ ਹਾਂ । ਜੇ ਨੌਜਵਾਨ ਅੱਜ ਸਿੱਖੀ ਤੋਂ ਬਾਗੀ ਹੋ ਰਹੇ ਹਨ ਤਾਂ ਇਸ ਵਿਚ ਉਨ੍ਹਾਂ ਵਿਚਾਰਿਆਂ ਦਾ ਕੀ ਦੋਸ਼ ? ਦੇਸ਼ ਤਾਂ ਸਾਡਾ ਆਪਣਾ ਹੈ ਸਾਡੇ ਪ੍ਰਚਾਰਕਾਂ ਦਾ ਹੈ, ਸਾਡੇ ਆਗੂਆਂ ਦਾ ਹੈ ਜੋ ਅਜਿਹੇ ਨੌਜਵਾਨਾਂ ਨੂੰ ਸਿੱਖੀ ਦੀ ਦਾਤ ਦੇ ਹੀ ਨਹੀਂ ਸਕੇ । ਅੱਜ ਨਾ ਤਾਂ ਸਿੱਖੀ ਸਾਨੂੰ ਮਾਤਾ ਪਿਤਾ ਤੋਂ, ਘਰ ਹੀ ਮਿਲ ਰਹੀ ਹੈ (ਕਿਉਂਕਿ ਮਾਤਾ ਪਿਤਾ ਆਪ ਹੀ ਸਿੱਖੀ ਤੋਂ ਦੂਰ ਹੋ ਚੁੱਕੇ ਹਨ ਤੇ ਮਾਦਾ-ਪ੍ਰਸਤੀ ਵਿਚ ਬੁਰੀ ਤਰ੍ਹਾਂ ਫਸ ਗਏ ਹਨ) ਤੇ ਨਾ ਹੀ ਸਿੱਖੀ, ' ਖਾਲਸਾ ਸਕੂਲਾਂ, ਕਾਲਜਾਂ ਚੋਂ ਹੀ ਮਿਲ ਰਹੀ ਹੈ, ਕਿਉਂਕਿ ਕਿਸੇ ਟਾਵੇਂ-ਟਾਵੇਂ ਸਕੂਲ/ਕਾਲਜ ਨੂੰ ਛੱਡ ਕੇ ਸਿੱਖੀ ਬਾਰੇ ਸੋਝੀ ਦੇਣ ਦਾ ਪ੍ਰਬੰਧ ਅਸੀਂ ਇਨ੍ਹਾਂ ਵਿਚ ਕਰ ਹੀ ਨਹੀਂ ਸਕੇ ਜਾਂ ਕੀਤਾ ਹੀ ਨਹੀਂ, ਜਿਵੇਂ ਪਹਿਲੇ ਖਾਲਸਾ ਸਕੂਲਾਂ
ਜਦੋਂ ਅਸੀਂ ਦੂਸਰੀਆਂ ਕੌਮਾਂ ਈਸਾਈ ਮੱਤ, ਇਸਲਾਮ ਮੱਤ ਆਦਿ ਵੱਲ ਝਾਤ ਮਾਰਦੇ ਹਾਂ ਤਾਂ ਉਨ੍ਹਾਂ ਦੇ ਪ੍ਰਚਾਰਕ ਤੇ ਪ੍ਰਚਾਰਕ ਪੈਦਾ ਕਰਨ ਵਾਲੇ ਅਦਾਰੇ ਵੇਖ ਕੇ ਹੈਰਾਨ ਹੋ ਜਾਂਦੇ ਹਾਂ ਕਿ ਕਿਵੇਂ ਉਹਨਾਂ ਗਿਆਰਾਂ ਗਿਆਰਾਂ ਸਾਲ ਦਾ ਲੰਬਾ ਅਰਸਾ ਲਗਾ ਕੇ ਲੱਖਾਂ ਦੀ ਗਿਣਤੀ ਵਿਚ ਪ੍ਰਚਾਰਕ ਤਿਆਰ ਕੀਤੇ ਹਨ ਤੇ ਪ੍ਰਚਾਰ ਦੇ ਫੀਲਡ ਵਿਚ ਉਨ੍ਹਾਂ ਨੂੰ ਪੂਰੀ ਤਰ੍ਹਾਂ ਟਰੇਂਡ ਕੀਤਾ ਹੈ । ਪਰ ਜਦੋਂ ਅਸੀਂ ਆਪਣੇ ਪ੍ਰਚਾਰਕਾਂ ਵੱਲ ਝਾਤੀ ਮਾਰਦੇ ਹਾਂ ਤਾਂ ਰੋਣ ਹਾਕੇ ਹੋ ਕੇ ਰਹਿ ਜਾਈਦਾ ਹੈ ਕਿ ਸਾਡੇ ਪ੍ਰਬੰਧਕਾਂ ਨੇ ਪ੍ਰਚਾਰਕਾਂ ਦੀ ਤਿਆਰੀ ਵਾਸਤੇ ਕੋਈ ਵੱਡੇ ਪੱਧਰ 'ਤੇ ਯੋਗ ਮਿਸ਼ਨਰੀ ਨਹੀਂ ਖੋਹਲਿਆ, ਜਿੱਥੋਂ ਪ੍ਰਚਾਰਕਾਂ ਨੂੰ ਸਿੱਖ ਧਰਮ ਦੀ ਪੂਰੀ ਵਿੱਦਿਆ ਦੇ ਕੇ, ਟਰੇਂਡ ਕਰਕੇ ਪ੍ਰਚਾਰ ਦੇ ਖੇਤਰ ਵਿਚ ਭੇਜਿਆ ਜਾ ਸਕੇ । ਯੋਗ ਪ੍ਰਚਾਰਕਾਂ ਦੀ ਅਣਹੋਂਦ ਕਾਰਨ ਹੀ ਸਾਡਾ ਧਰਮ ਜੋ ਦੁਨੀਆਂ ਦਾ ਸਭ ਤੋਂ ਆਹਲਾ ਤੇ ਆਲਮਗੀਰੀ ਧਰਮ ਹੈ, ਜੋ ਹਰ ਦੇਸ਼ ਪ੍ਰਦੇਸ਼ ਵਿਚ, ਬਿਨਾਂ ਕਿਸੇ ਜਾਤ ਪਾਤ, ਊਚ-ਨੀਚ, ਅਮੀਰ-ਗਰੀਬ, ਲਿੰਗ-ਨਸਲ, ਰੰਗ-ਰੂਪ ਆਦਿ ਦੇ ਵਿਤਕਰਿਆਂ ਦੇ ਪ੍ਰਚਾਰਿਆ ਜਾ ਸਕਦਾ ਹੈ । ਸੰਸਾਰ ਅੰਦਰ ਤਾਂ ਕੀ ਪੰਜਾਬ ਅੰਦਰ ਵੀ ਸਹੀ ਢੰਗ ਨਾਲ ਪ੍ਰਚਾਰਿਆ ਨਹੀਂ ਜਾ ਸਕਿਆ।
ਉਪਰੋਕਤ ਘਾਟ ਨੂੰ ਮਹਿਸੂਸ ਕਰਦੇ ਹੋਏ 'ਸਿੱਖ ਮਿਸ਼ਨਰੀ ਕਾਲਜ' ਆਰੰਭ ਕੀਤਾ ਗਿਆ ਹੈ ਜਿਸ ਰਾਹੀਂ 'ਦੋ-ਸਾਲਾ ਸਿੱਖ ਮਿਸ਼ਨਰੀ ਕੋਰਸ' ਡਾਕ ਰਾਹੀਂ (Correspondence Course) ਕਰਾਉਣ ਦਾ ਪ੍ਰਬੰਧ ਕੀਤਾ ਗਿਆ ਹੈ । ਪੜ੍ਹੇ ਲਿਖੇ ਨੌਜੁਆਨ, ਇਹ ਦੋ-ਸਾਲਾ ਸਿੱਖ ਮਿਸ਼ਨਰੀ ਕੋਰਸ ਕਰਨ ਮਗਰੋਂ Elementry Sikh Missionaries ਦੇ ਤੌਰ ਤੇ ਕੰਮ ਕਰਨਗੇ । ਇਹ ਗੁਰਮਤਿ ਪ੍ਰਚਾਰਕ ਆਪਣੀ ਕਿਰਤ ਕਰਦਿਆਂ ਹੋਇਆਂ ਪ੍ਰਚਾਰ ਦਾ ਕੰਮ Part Time ਤੌਰ ਤੇ ਬਿਨਾਂ ਕਿਸੇ ਪ੍ਰਕਾਰ ਦੀ ਤਨਖਾਹ, ਸੇਵਾ ਫਲ ਆਦਿ ਦੇ ਕਰਨਗੇ ।