ਜਦੋਂ ਅਸੀਂ ਦੂਸਰੀਆਂ ਕੌਮਾਂ ਈਸਾਈ ਮੱਤ, ਇਸਲਾਮ ਮੱਤ ਆਦਿ ਵੱਲ ਝਾਤ ਮਾਰਦੇ ਹਾਂ ਤਾਂ ਉਨ੍ਹਾਂ ਦੇ ਪ੍ਰਚਾਰਕ ਤੇ ਪ੍ਰਚਾਰਕ ਪੈਦਾ ਕਰਨ ਵਾਲੇ ਅਦਾਰੇ ਵੇਖ ਕੇ ਹੈਰਾਨ ਹੋ ਜਾਂਦੇ ਹਾਂ ਕਿ ਕਿਵੇਂ ਉਹਨਾਂ ਗਿਆਰਾਂ ਗਿਆਰਾਂ ਸਾਲ ਦਾ ਲੰਬਾ ਅਰਸਾ ਲਗਾ ਕੇ ਲੱਖਾਂ ਦੀ ਗਿਣਤੀ ਵਿਚ ਪ੍ਰਚਾਰਕ ਤਿਆਰ ਕੀਤੇ ਹਨ ਤੇ ਪ੍ਰਚਾਰ ਦੇ ਫੀਲਡ ਵਿਚ ਉਨ੍ਹਾਂ ਨੂੰ ਪੂਰੀ ਤਰ੍ਹਾਂ ਟਰੇਂਡ ਕੀਤਾ ਹੈ । ਪਰ ਜਦੋਂ ਅਸੀਂ ਆਪਣੇ ਪ੍ਰਚਾਰਕਾਂ ਵੱਲ ਝਾਤੀ ਮਾਰਦੇ ਹਾਂ ਤਾਂ ਰੋਣ ਹਾਕੇ ਹੋ ਕੇ ਰਹਿ ਜਾਈਦਾ ਹੈ ਕਿ ਸਾਡੇ ਪ੍ਰਬੰਧਕਾਂ ਨੇ ਪ੍ਰਚਾਰਕਾਂ ਦੀ ਤਿਆਰੀ ਵਾਸਤੇ ਕੋਈ ਵੱਡੇ ਪੱਧਰ 'ਤੇ ਯੋਗ ਮਿਸ਼ਨਰੀ ਨਹੀਂ ਖੋਹਲਿਆ, ਜਿੱਥੋਂ ਪ੍ਰਚਾਰਕਾਂ ਨੂੰ ਸਿੱਖ ਧਰਮ ਦੀ ਪੂਰੀ ਵਿੱਦਿਆ ਦੇ ਕੇ, ਟਰੇਂਡ ਕਰਕੇ ਪ੍ਰਚਾਰ ਦੇ ਖੇਤਰ ਵਿਚ ਭੇਜਿਆ ਜਾ ਸਕੇ । ਯੋਗ ਪ੍ਰਚਾਰਕਾਂ ਦੀ ਅਣਹੋਂਦ ਕਾਰਨ ਹੀ ਸਾਡਾ ਧਰਮ ਜੋ ਦੁਨੀਆਂ ਦਾ ਸਭ ਤੋਂ ਆਹਲਾ ਤੇ ਆਲਮਗੀਰੀ ਧਰਮ ਹੈ, ਜੋ ਹਰ ਦੇਸ਼ ਪ੍ਰਦੇਸ਼ ਵਿਚ, ਬਿਨਾਂ ਕਿਸੇ ਜਾਤ ਪਾਤ, ਊਚ-ਨੀਚ, ਅਮੀਰ-ਗਰੀਬ, ਲਿੰਗ-ਨਸਲ, ਰੰਗ-ਰੂਪ ਆਦਿ ਦੇ ਵਿਤਕਰਿਆਂ ਦੇ ਪ੍ਰਚਾਰਿਆ ਜਾ ਸਕਦਾ ਹੈ । ਸੰਸਾਰ ਅੰਦਰ ਤਾਂ ਕੀ ਪੰਜਾਬ ਅੰਦਰ ਵੀ ਸਹੀ ਢੰਗ ਨਾਲ ਪ੍ਰਚਾਰਿਆ ਨਹੀਂ ਜਾ ਸਕਿਆ।
ਉਪਰੋਕਤ ਘਾਟ ਨੂੰ ਮਹਿਸੂਸ ਕਰਦੇ ਹੋਏ 'ਸਿੱਖ ਮਿਸ਼ਨਰੀ ਕਾਲਜ' ਆਰੰਭ ਕੀਤਾ ਗਿਆ ਹੈ ਜਿਸ ਰਾਹੀਂ 'ਦੋ-ਸਾਲਾ ਸਿੱਖ ਮਿਸ਼ਨਰੀ ਕੋਰਸ' ਡਾਕ ਰਾਹੀਂ (Correspondence Course) ਕਰਾਉਣ ਦਾ ਪ੍ਰਬੰਧ ਕੀਤਾ ਗਿਆ ਹੈ । ਪੜ੍ਹੇ ਲਿਖੇ ਨੌਜੁਆਨ, ਇਹ ਦੋ-ਸਾਲਾ ਸਿੱਖ ਮਿਸ਼ਨਰੀ ਕੋਰਸ ਕਰਨ ਮਗਰੋਂ Elementry Sikh Missionaries ਦੇ ਤੌਰ ਤੇ ਕੰਮ ਕਰਨਗੇ । ਇਹ ਗੁਰਮਤਿ ਪ੍ਰਚਾਰਕ ਆਪਣੀ ਕਿਰਤ ਕਰਦਿਆਂ ਹੋਇਆਂ ਪ੍ਰਚਾਰ ਦਾ ਕੰਮ Part Time ਤੌਰ ਤੇ ਬਿਨਾਂ ਕਿਸੇ ਪ੍ਰਕਾਰ ਦੀ ਤਨਖਾਹ, ਸੇਵਾ ਫਲ ਆਦਿ ਦੇ ਕਰਨਗੇ ।