ਅਨੂਪ ਕੌਰ
(ਇਤਿਹਾਸਕ ਨਾਵਲ)
ਇਸ ਪੁਸਤਕ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸੰਨ 1968-69
ਵਿਚ ਉੱਤਮ ਗਲਪ ਸਾਹਿਤ ਦਾ ਪਹਿਲਾ ਪੁਰਸਕਾਰ ਮਿਲਿਆ।
ਹਰਨਾਮ ਦਾਸ ਸਹਿਰਾਈ
ਨਵੇਂ ਪੜੁੱਲ ਤੋਂ ਨਵੀਂ ਛਾਲ
ਮੇਰਾ ਸਭ ਤੋਂ ਪਹਿਲਾ ਇਤਿਹਾਸਕ ਨਾਵਲ ਲੋਹਗੜ੍ਹ ਸੀ । ਫਿਰ ਸਫੈਦ ਪੋਸ਼ ਅਤੇ ਪਥਿਕ ਛੋਟੇ ਆਕਾਰ ਦੇ ਦੋ ਸਮਾਜਕ ਨਾਵਲ ਆਏ ਅਤੇ ਫਿਰ ਮੇਰਾ ਵਡੇ ਆਕਾਰ ਦਾ ਨਾਵਲ ਸਭਰਾਓਂ ਆਇਆ, ਜਿਹੜਾ ਮੁੜ ਇਕ ਇਤਿਹਾਸਕ ਨਾਵਲ ਸੀ । ਨਾਵਲ ਦੇ ਕੋਈ ਦੋ ਹਜ਼ਾਰ ਪੰਨੇ ਲਿਖਣ ਪਿਛੋਂ ਮੈਂ ਆਪਣੇ ਪਾਠਕਾਂ ਨੂੰ ਫਿਰ ਛੋਟੇ ਆਕਾਰ ਦਾ ਇਕ ਹੋਰ ਇਤਿਹਾਸਕ ਨਾਵਲ ਦੇ ਰਿਹਾ ਹਾਂ-ਅਨੂਪ ਕੌਰ ।
ਇਸ ਵਿਚ ਮੈਂ' 'ਅਨੂਪ ਕੌਰ' ਨੂੰ ਨਾਇਕ ਬਣਾਇਆ ਹੈ । ਅਨੂਪ ਕੌਰ ਬਾਰੇ ਸਿੱਖ ਇਤਿਹਾਸ ਵਿਚ ਬਹੁਤ ਘਟ ਵਰਨਣ ਮਿਲਦਾ ਹੈ । ਜੋ ਕੁਝ ਅਨੂਪ ਕੌਰ ਬਾਰੇ ਜਾਣਿਆ ਜਾਂਦਾ ਹੈ, ਉਸ ਨੂੰ ਵੀ ਸਿਖ ਇਤਿਹਾਸਕਾਰਾਂ ਨੇ ਕਦੇ ਬਹੁਤਾ ਗੌਰਵ ਜਾਂ ਪ੍ਰਸੰਸਾ ਪ੍ਰਦਾਨ ਨਹੀਂ ਕੀਤੀ । ਇਕ ਇਤਿਹਾਸਕਾਰ ਵਾਂਗ ਮੈਂ ਅਨੂਪ ਕੌਰ ਬਾਰੇ ਖੁਸ਼ਕ ਤੱਥਾਂ ਦੀ ਪ੍ਰਮਾਣੀਕਤਾ ਦੀ ਛਾਣਬੀਣ ਨਹੀਂ ਕੀਤੀ ਪਰੰਤੂ ਅਨੂਪ ਕੌਰ ਵਿਚ ਮੈਨੂੰ ਇਕ ਅਜੇਹੇ ਪਾਤਰ ਦੀ ਝਲਕ ਜ਼ਰੂਰ ਮਿਲਦੀ ਹੈ ਜਿਹੜਾ ਗੁਰੂ ਗੋਬਿੰਦ ਜੀ ਦੀ ਸੂਰਮਗਤੀ, ਆਚਰਨਕ ਉੱਚਤਾ, ਇਕ ਨਵੇਂ ਸਮਾਜ ਦੇ ਨਿਰਮਾਤਾ ਆਗੂ ਦੇ ਤੱਤ ਤੇ ਉਨ੍ਹਾਂ ਦੀ ਦਾਨਾਈ, ਸੂਝ-ਬੂਝ, ਹਾਜ਼ਰ-ਜਵਾਬੀ, ਚੜ੍ਹਤ, ਜਲਾਲ, ਉਦਾਰਤਾ, ਸੈਂਕਤਾ, ਕਲਾ, ਸਾਹਿਤ ਤੇ ਸੁੰਦਰਤਾ ਦੀ ਰਸਕਤਾ ਅਤੇ ਆਪਣੇ ਸ਼ਰਧਾਲੂਆਂ ਵਿਚ ਸਾਹਸ, ਸਨਮਾਨ ਅਤੇ ਸੁਤੰਤਰਤਾ ਦੀ ਕਾਵਨਾ ਭਰਨ ਵਾਲੇ ਅਮੁਲ ਗੁਣਾਂ ਦਾ ਚਿੰਨ੍ਹ ਰੂਪ ਵਿਚ ਸੰਕੇਤ ਦੇ ਜਾਂਦਾ ਹੈ ।
ਇਸ ਨਾਵਲ ਵਿਚ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਚਰਿੱਤਰ ਵੀ ਇਕ ਅਵਤਾਰ ਨਾਲੋਂ ਵੱਧ ਇਕ ਅਜੇਹੇ ਪਰਮ ਸੂਰਬੀਰ ਦੇ ਰੂਪ ਵਿਚ ਵਾਚਿਆ ਅਤੇ ਚਿਤਰਿਆ ਹੈ, ਜਿਸ ਨੇ ਬਤਾਲੀ ਸਾਲ ਦੀ ਭਰ ਜਵਾਨ ਪਰ ਛੋਟੀ ਉਮਰ ਵਿਚ ਪੰਜਾਬ ਦੇ/ ਸਾਹਸਹੀਨ ਸਮਾਜ ਵਿਚ ਰੋਹ ਅਤੇ ਬਗਾਵਤ ਦੀ ਅਜੋਹੀ ਰੂਹ ਭਰ ਦਿੱਤੀ ਜਿਹੜੀ ਮੁਗਲ ਸਾਮਰਾਜ ਦੇ ਜ਼ੁਲਮ ਨੂੰ ਥਾਂ ਥਾਂ ਵੰਗਾਰਨ ਲਈ ਤਤਪਰ ਰਹਿੰਦੀ ਅਤੇ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨੂੰ ਪੰਜਾਬ ਹੀ ਨਹੀਂ ਸਗੋਂ ਸਮਸਤ ਭਾਰਤ ਦੇ ਵਿਦਰੋਹ ਦੀ ਆਵਾਜ਼ ਅਤੇ ਆਗੂ ਸਮਝ ਕੇ ਉਸ ਦੇ ਲਈ ਜਾਨਾਂ ਤਕ ਵਾਰਨ ਅਤੇ ਸਮੇਂ ਦੀ ਹਕੂਮਤ ਦੇ ਕਹਿਰ ਨੂੰ ਹਾਕਾਂ ਮਾਰਨ ਲਈ ਤਿਆਰ ਰਹਿੰਦੀ । ਮੇਰਾ ਇਹ ਵਿਸ਼ਵਾਸ਼ ਹੈ ਕਿ ਪੰਜਾਬ ਦੀ ਧਰਤੀ ਦੇ ਕਿਣਕੇ ਕਿਣਕੇ, ਪਾਣੀ ਦੇ ਕਤਰੇ ਕਤਰੇ ਅਤੇ ਅਣੂ ਅਣੂ ਵਿਚ ਗੁਰੂ ਗੋਬਿੰਦ ਸਿੰਘ ਜੀ. ਦੀ ਅੰਮ੍ਰਿਤ ਸ਼ਕਤੀ ਅਤੇ ਉਨ੍ਹਾਂ ਦੇ ਅਣੀਆਲੇ ਤੀਰ ਦੀ ਸ਼ਾਂ ਸ਼ਾਂ ਸਦੀਵਕਾਲ ਜੀਵਤ ਰਹੇਗੀ । ਪੰਜਾਬ ਵਿਚ ਉਦੋਂ ਵੀ ਤੇ ਹੁਣ ਵੀ ਪੰਜਾਬੀ-ਸਿੱਖ, ਹਿੰਦੂ ਤੇ ਮੁਸਲਮਾਨ- ਭਾਵੇਂ ਕਿਸੇ ਵੀ ਰੂਪ ਵਿਚ ਹੋਣ, ਉਹ ਗੁਰੂ ਗੋਬਿੰਦ ਸਿੰਘ ਅਤੇ ਹੋਰ ਗੁਰੂਆਂ ਦੇ ਰਿਣ ਤੋਂ ਬਾਹਰ ਨਹੀਂ ਜਾ ਸਕਦੇ ।
ਅਨੂਪ ਕੌਰ ਰਾਹੀਂ ਮੈਂ ਗੁਰੂ ਕਾਲ ਦੀਆਂ ਉਨ੍ਹਾਂ ਸਾਧਾਰਨ ਇਸਤਰੀਆਂ ਦਾ ਇਕ ਸੰਕੇਤਕ ਚਿਤਰ ਚਿੱਤਰਣ ਦਾ ਵੀ ਜਤਨ ਕੀਤਾ ਹੈ, ਜਿਹੜੀਆਂ ਸਿੱਖ ਲਹਿਰ ਨੂੰ ਆਜ਼ਾਦੀ ਅਤੇ ਮਜ਼ਲੂਮਾਂ ਦੀ ਸਮਰਥਕ ਅਤੇ ਅਤਿਆਚਾਰਾਂ ਅਤੇ ਅਨਿਆਂ ਦੀ ਵਿਰੋਧੀ ਲਹਿਰ ਸਮਝਕੇ ਸਤਿਕਾਰਦੀਆਂ ਸਨ ਅਤੇ ਦਿਲੋਂ ਉਸ ਦੀ ਸਫਲਤਾ ਦੀ ਲੋਚਾ ਕਰਦੀਆਂ ਸਨ । ਪਰ ਕੁਝ ਵਿਰਲੀਆਂ ਮਰਦਾਂ ਦਾ ਬਾਣਾ ਪਹਿਨ, ਘੋੜੇ ਉਤੇ ਕਾਠੀ ਪਾ ਅਤੇ ਹਥ ਵਿਚ ਤਲਵਾਰਾਂ ਲੈ ਕੇ ਵੀਰਾਂਗਣਾਂ ਬਣ ਯੁੱਧ-ਖੇਤਰ ਵਿਚ ਕੁੱਦਣ ਤੋਂ ਵੀ ਸੰਕੋਚ ਨਹੀਂ ਸੀ ਕਰਦੀਆਂ।
ਕੋਈ ਵੀ ਲੇਖਕ ਆਪਣੀ ਰਚਨਾ ਦੇ ਸਰਵ-ਸੰਪੰਨ ਹੋਣ ਦਾ ਦਾਅਵਾ ਨਹੀਂ ਕਰ ਸਕਦਾ, ਪਰ ਮੇਰਾ ਵਿਚਾਰ ਹੈ ਕਿ ਇਸ ਨਿਕੇ ਜਿਹੇ ਪਰ ਮਹੱਤਵ ਪੂਰਨ ਨਾਵਲ ਨਾਲ ਮੈਂ ਇਕ ਨਵੇਂ ਪੜੁੱਲ ਤੋਂ ਨਵੀਂ ਛਾਲ ਮਾਰਨ ਦਾ ਜਤਨ ਕੀਤਾ ਹੈ ।
ਹਰਨਾਮ ਦਾਸ 'ਸਾਹਿਰਾਈ'