ਮੋਹੀ ਦੇਖਿ ਦਰਸੁ ਨਾਨਕ ਬਲਿਹਾਰੀਆ।
ਉਥੇ ਵਰਤੇ ਕੌਤਕ ਜੇ ਆਪਣੀ ਬੋਲੀ ਵਿਚ ਵਰਣਨ ਕਰੀਏ ਤਾਂ ਕੁਛ ਇਉਂ ਦਾ ਵਰਣਨ ਹੋ ਸਕਦਾ ਹੈ:- ਆਪ ਸਾਹਿਬ ਅਪਣੇ ਤੇਜ ਵਿਚ ਲਸ ਰਹੇ ਸਨ ਕਿ ਮਾਤਾ ਗੁਜਰੀ ਜੀ ਆਏ। ਸਾਹਿਬਾਂ ਉਠਕੇ ਸੀਸ ਝੁਕਾਇਆ ਜੋ ਮਾਤਾ ਨੇ ਗਲੇ ਲਾਕੇ ਐਸਾ ਘੁੱਟਿਆ ਕਿ ਜਿਵੇਂ ਏਥੇ ਕੋਈ ਮਾਤਾ ਆਪਣੇ ਵਿਛੁੜੇ ਪੁਤ੍ਰ ਨੂੰ ਗਲੇ ਲਾਕੇ ਪੁੱਤ੍ਰ ਪ੍ਰੇਮ ਵਿਚ ਮਗਨ ਹੀ ਹੋ ਜਾਏ। ਫਿਰ ਨੈਣ ਖੁੱਲ੍ਹੇ। ਸਾਹਿਬ ਬੋਲੇ: ਮਾਤਾ ਜੀ, ਬੜੇ ਕਸ਼ਟ ਝੱਲੇ, ਬੜੇ ਖੇਦ ਸਹੇ, ਪਰ ਦੇਖੋ ਜਗਤ ਸੁਖੀ ਹੋਇਆ ਹੈ। ਤੁਸਾਡੀਆਂ ‘ਦੁਖ-ਝੱਲਣੀਆਂ' ਨੇ ਜਗਤ ਸੁਖੀ ਕੀਤਾ ਹੈ। ਹੁਣ ਤੱਕ ਲਓ ਓਹ ਸਭ ਕੁਛ ਕਾਲ ਵਿਚ ਸੀ, ਕਾਲ- ਦੁਖ ਦਾ ਕਾਲ - ਲੰਘ ਗਿਆ। ਹੁਣ ਆਪਾਂ ਸਾਰੇ ਮਿਲੇ ਹਾਂ, ਸੁਖੀ ਹਾਂ। ਲਾਡਲੇ ਪੋਤੇ ਦੇਖ ਲਓ ਕਿਞ ਸਹੀ ਸਲਾਮਤ ਜਗਮਗ ਕਰ ਰਹੇ ਹਨ। ਮਾਤਾ ਜੀ ਠੰਢਾ ਸਾਹ, ਹਾਂ ਸਹੂਲਤ ਵਾਲਾ ਸਾਹ ਲੈਕੇ ਮੁਸਕ੍ਰਾਏ ਤੇ ਬੋਲੇ:- ਅਰਸ਼ੀ ਪੁੱਤ੍ਰਾ ਤੇਰੀ ਗਤਿ ਮਿਤਿ ਤੂੰਹੋਂ ਜਾਣਦਾ ਹੈਂ।
ਮਾਤਾ ਜੀ ਨੂੰ ਪ੍ਰਸੰਨ ਕਰਕੇ ਅਰਸ਼ੀ ਪ੍ਰੀਤਮ ਜੀ ਆਪੇ ਵਿਚ ਆਪ ਮਾਏ ਚਮਕਾਂ ਦਮਕਾਂ ਵਿਚ ਲਸ ਰਹੇ ਹਨ, ਚਰਨਾਂ ਪਰ ਸ੍ਰੀ ਜੀਤੋ ਜੀ ਦਾ ਸੀਸ ਹੈ, ਚਾਰੇ ਸਾਹਿਬਜ਼ਾਦੇ ਕਿਸ ਤਰ੍ਹਾਂ ਦੰਡੌਤ ਕਰ ਰਹੇ ਹਨ, ਕਿਸ ਤਰ੍ਹਾਂ ਪੰਜਾਂ ਨੂਰੀ ਸਰੀਰਾਂ ਵਿਚੋਂ ਨਿੰਮ੍ਰਤਾ, ਪਿਆਰ, ਸ਼ਰਧਾ ਆਪਾਵਾਰਨ ਦੀਆਂ ਅਤਿ ਸੂਖਮ ਕਿਰਨਾਂ ਜੇਹੀਆਂ ਲਾਸਾਂ ਨਿਕਲ ਕੇ ਸਤਿਗੁਰ ਦੇ ਚਰਨਾਂ ਉੱਤੇ ਪੈ ਰਹੀਆਂ ਹਨ, ਅਰ ਸਤਿਗੁਰ ਦੇ ਚਿਹਰੇ, ਅੱਖਾਂ, ਹੱਥਾਂ ਵਿਚੋਂ ਕਿਕੂੰ 'ਨਿਹਾਲ ਨਿਹਾਲ' ਦੀਆਂ ਤੇਜਮਯ ਕਿਰਨਾਂ ਆ ਮੁਹਾਰੀਆਂ ਨਿਕਲ ਨਿਕਲ ਕੇ ਪੰਜਾਂ ਦੇ ਸਰੀਰ ਤੇ ਪੈ ਰਹੀਆਂ ਹਨ? ਕਿਕੂੰ ਪੰਜੇ 'ਮਿਟਿ ਗਏ ਗਵਨ ਪਾਏ ਬਿਸਰਾਮ' ਦੇ ਰੰਗ ਵਿਚ ਹਨ?
ਖਬਰੇ ਇਸ ਸਫਲ ਧਿਆਨ, ਇਸ ਅਮਲ ਦਰਸ਼ਨ, ਇਸ ਅਲੌਕਿਕ ਦੀਦਾਰ ਵਿਚ ਕਿੰਨਾ ਚਿਰ ਲੰਘਿਆ, ਮਗਨਤਾ ਨੇ ਸਮੇਂ ਦਾ ਕੋਈ ਮਾਪ ਨਹੀਂ ਰਹਿਣ ਦਿੱਤਾ, ਤਦੋਂ ਪਤਾ ਲਗਾ ਜਦੋਂ ਤੇਜਮਯ ਮੂਰਤੀ ਹਿੱਲੀ ਤੇ ਪੰਜੇ ਮੂਰਤਾਂ ਗੋਡਿਆਂ ਭਾਰ ਹੋ ਤਖ਼ਤ ਵਲ ਝੁਕ ਕੇ ਨੂਰੀ ਦਾਤੇ ਦੇ ਹਸਤ-ਕਮਲਾਂ ਦੇ ਸਪਸ਼ਟ ਹੇਠ
ਅਰਸ਼ੀ ਨੂਰੀ ਪਾਤਸ਼ਾਹ ‘ਦੇਵੀਆਂ ਦੇ ਸਿਰਤਾਜ' ਵਲ ਮੂੰਹ ਕਰਕੇ ਬੋਲੇ - ਜੀਤ ਜੀ ! ਲਾਲ ਜੀ ਮਰੇ ਨਹੀਂ ਨਾ, ਜੀਵੇ ਹਨ ਨਾਂ?
ਜੀਤ ਜੀ - ਹੇ ਪਾਰਦਰਸ਼ੀ, ਤ੍ਰਿਕਾਲ ਦਰਸ਼ੀ ਦਿੱਬਦਰਸ਼ੀ ਦਾਤਿਆ! ਮੈ ਤੇਰੇ ਚੋਜਾਂ ਨੂੰ ਕੀ ਜਾਣਾ? ਲਾਲ ਸਦਾ ਜੀਵੇ ਹਨ, ਜੋ ਮੈਂ ਮੌਤ ਜਾਣਦੀ ਸਾਂ, ਉਹ ਆਤਮ ਜਨਮ ਸੀ, ਤੇਰੀ ਬਖਸ਼ੀ ਉਹ ਅਬਦੀ ਜ਼ਿੰਦਗੀ ਸੀ, ਉਹ ਅਜ਼ਲੀ ਜੀਵਨ ਸੀ, ਉਹ ਅਮਰ ਪਦਵੀ ਸੀ। ਲਾਲ ਚਮਕੌਰ ਦੀ ਧਰਤੀ ਵਿਚ ਸ਼ਹੀਦ ਨਹੀਂ ਹੋ ਗਏ, ਅਰਸ਼ਾਂ ਦੇ ਤਖਤਾਂ ਤੇ ਆ ਖੇਡੇ ਹਨ। ਲਾਲ ਸਰਹਿੰਦ ਵਿਚ ਸਮਾਪਤ ਨਹੀਂ ਹੋਏ। ਲਾਲ ਅਰਸ਼ਾਂ ਦੇ ਰਾਜੇ ਹੋ ਗਏ। ਦਾਤਾ! ਮੈਂ ਨਿਰਬਲ ਵੇਲ ਵਾਂਗੂੰ ਬੇਆਸੰਙ ਸਾਂ, ਤੇਰੇ ਆਸਰੇ ਬਚੀ ਤੇ ਤੇਰੇ ਉੱਚੇ ਚਰਨਾਂ ਦੇ ਪ੍ਰਤਾਪ 'ਜੀਤ' ਹੋਈ, ਸੁਖੀ ਹੋਈ, ਜੀਉਂਦਿਆਂ ਦੀ ਮਾਂ ਬਣੀ। ਅਮਰੀਆਂ ਨੇ ਮੈਨੂੰ ਅਸੀਸ ਦਿੱਤੀ, ਦਿੱਬ ਜਯੋਤੀਆਂ ਨੇ ਵਧਾਈਆਂ ਮੇਰੀ ਝੋਲੀ ਪਾਈਆਂ। ਹੇ ਨੈਣਾਂ ਵਾਲਿਆ! ਨਾਮ ਦਾਨ ਬਖਸ਼ ਕੇ ਮੌਤ ਵਿਚ ਜੀਵਨ, ਸ਼ਹੀਦੀ ਵਿਚ ਜ਼ਿੰਦਗੀ, ਕੁਰਬਾਨੀ ਵਿਚ ਜਾਨ, ਆਪਾ ਵਾਰਨ ਵਿਚ ਅਮਰਾ ਪਦ ਸਭ ਨੂੰ ਦਿੱਸੇ, ਹਾਂ ਇਹ ਤੂੰ ਹੀ ਰੰਗਾਂ ਵਿਚ ਉਲਟ ਰੰਗ ਵਸਾਇਆ ਹੈ, ਤੈਨੂੰ ਹੀ ਠੀਕ ਦਿੱਸਦਾ ਹੈ, ਤੂੰ ਧੰਨ ਹੈਂ । ਤੂੰ ਧੰਨ ਹੈ!!
ਹੁਣ ਦੋ ਛੋਟੇ ਦੁਲਾਰੇ ਗੋਦ ਵਿਚ ਆ ਗਏ। ਚੋਜੀ ਪਿਤਾ ਪਿਆਰ ਦੇ ਰਿਹਾ ਹੈ, ਮੱਥੇ ਹੱਥ ਫਿਰ ਰਿਹਾ ਹੈ: ਪੁੱਛਦਾ ਹੈ, ਬੱਚਿਓ! ਕੰਧ ਵਿਚ ਦਮ ਬਹੁਤ ਘੁੱਟਿਆ ਸੀ? ਹਵਾ ਦੇ ਨਾ ਮਿਲਣ ਨੇ ਬੜੀ ਤੜਫਨੀ ਲਾਈ ਸੀ? ਜਿਸ ਵੇਲੇ ਸੰਸਾਰ ਦੇ ਚਾਨਣ ਤੇ ਹਵਾ ਤੋਂ ਰਹਿਤ ਤੁਹਾਨੂੰ ਉਸ ਤੰਗ ਘੋਪੇ ਵਿਚ ਚਿਣ ਕੇ ਬੰਦ ਕਰ ਦਿੱਤਾ ਗਿਆ, ਪਰ ਤੱਕੋ (ਛਾਤੀ ਨਾਲ ਲਾਕੇ) ਤੁਸੀਂ ਖੇਤ ਵਿਚ ਰਾਹਕ ਦੇ ਦੱਬੇ ਦਾਣੇ ਵਾਂਙ ਨੱਪੇ ਨਹੀਂ ਗਏ, ਪਰ ਲਹਿਲਹਾਉਂਦੇ ਨੌ ਨਿਹਾਲ ਹੋ ਕੇ ਖੁਲ੍ਹੀਆਂ ਹਵਾਂਵਾਂ ਤੇ ਖੁੱਲ੍ਹਿਆਂ ਚਾਨਣਿਆਂ ਵਿਚ ਆ ਲਹਿਰੇ ਹੋ। ਹਾਂ, ਫਿਰ ਤੁਸਾਨੂੰ ਹਵਾ ਲੁਆਕੇ ਡਰਾ ਕੇ ਸ਼ਮਸ਼ੇਰ ਦਾ ਪਾਣੀ ਚਖਾਇਆ ਗਿਆ ਸੀ? ਉਹ ਕਸ਼ਟ ਸੀ? ਤੱਕੋ ਤੁਹਾਡੇ ਉਸ ਬੀਤ ਜਾਣ ਹਾਰੇ ਤੇ ਬੀਤ ਚੁੱਕੇ ਕਸ਼ਟ ਝੱਲਣ ਨੇ ਦੁਖੀਆਂ ਨੂੰ ਕਿਤਨਾ ਸੁਖ ਦਿਤਾ ਹੈ। ਮੁਰਦੇ ਦਿਲ ਜੀਉ ਉਠੇ ਹਨ, ਮਰ ਚੁਕੀ ਸ੍ਰਿਸ਼ਟੀ ਝੂਮ ਉਠੀ ਹੈ, ਜ਼ੁਲਮ ਦਾ ਹਨੇਰਾ ਤੁਹਾਡੇ ਕੰਧ ਵਿਚਾਲੇ ਦੇ ਹਨੇਰੇ ਨੇ ਕੱਟ ਦਿੱਤਾ ਹੈ। ਤੁਹਾਡੇ ਗਲੇ ਤੇ ਫਿਰੀ ਚਮਕਦੀ ਤਲਵਾਰ ਨੇ ਜਗਤ ਦੇ ਬੰਧਨ ਕੱਟੇ ਹਨ। ਸਫਲ ਬੱਚਿਓ! ਤੁਹਾਡੀ ‘ਸਫਲ ਸਫਲ ਭਈ ਸਫਲ ਜਾਤ੍ਰਾ'। ਇਕ ਪੱਟ ਤੇ ਦੋਂਵੇ ਨਿੱਕੇ ਲਾਲ ਬੈਠੇ ਹਨ, ਦੂਜੇ ਪਰ ਵੱਡੇ ਲਾਲ ਦਿੱਸ ਰਹੇ ਹਨ। ਪਿਤਾ ਦਸਤਾਰ ਸੁਆਰਦਾ, ਛਾਤੀ ਨਾਲ ਲਾਂਦਾ, ਮੱਥਾ ਚੁੰਮਦਾ ਆਖਦਾ ਹੈ: ਮੇਰੇ ਦੁਲਾਰਿਓ, ਵਾਹਵਾ! ਹਾਂ, ਉਹ ਜ਼ੁਲਮ ਦਾ ਟਾਕਰਾ, ਉਹ ਰਣ ਤੱਤਾ, ਉਹ ਅਨੇਕਾਂ ਨਾਲ ਇਕ ਇਕ ਦਾ ਮੁਕਾਬਲਾ, ਉਹ ਅਜਿਤ ਸੰਗ੍ਰਾਮ, ਉਹ ਤਪਤ, ਉਹ ਕੜਕ, ਉਹ ਮਾਰੋਮਾਰ, ਉਹ ਹੱਲਾ, ਉਹ ਮਾਰ ਮੁਕਾਓ, ਪਰ ਹੋਰ ਹੋਰ ਟੁਰਦਾ ਵਧਦਾ ਆਉਂਦਾ ਜੁੱਧ! ਹਾਂ ਲਾਲੋ, ਖੂਬ ਲੜੇ, ਖੂਬ ਘਾਉ ਖਾਧੇ, ਚੱਪੇ ਚੱਪੇ ਸਰੀਰ ਤੇ ਨੋਕਾਂ ਖੁਭੀਆਂ। ਘਾਇਲ ਹੋ ਹੋ ਅਰ ਮਾਇਲ ਹੋ ਹੋ ਲੜਨ ਹਾਰੇ ਸਪੁੱਤ੍ਰ ਸਦਕੇ, (ਮੱਥਾ ਮੁੰਘਕੇ) ਤੁਹਾਡੇ ਉਸ ਚਮਕੌਰ ਦੇ ਗੁਬਾਰ ਵਿਚ ਲਹੂਵੀਟ ਦੇਣ ਨੇ ਸੰਸਾਰ ਦਾ ਗੁਬਾਰ ਕੱਟਿਆ। ਤੁਹਾਡੀ ਬੀਰਤਾ ਨੇ ਮੋਈ ਸ੍ਰਿਸ਼ਟੀ ਵਿਚ ਜਾਨ ਪਾਈ, ਜੀਅ ਦਾਨ ਬਖਸ਼ਿਆ, ਤੱਕੋ ਹੇਠਾਂ ਕਿਕੂੰ ਲੋਥਾਂ ਤ੍ਰਬਕ ਤਬਕ ਉਠ ਰਹੀਆਂ ਹਨ। ਤੁਸੀਂ ਜ਼ਾਲਮਾਂ ਦੀ ਤਲਵਾਰ ਨਾਲ ਕੱਟੇ ਗਏ, ਤੁਸੀਂ ਧ੍ਰੋਹ ਦੀ ਕਟਾਰ ਨਾਲ ਟੋਟੇ ਟੋਟੇ ਕੀਤੇ ਗਏ ਤੁਸੀਂ ਨਿਰਦਈਆਂ ਦੇ ਤੀਰਾਂ ਅੱਗੇ ਛਾਨਣੀ ਬਣਾਏ ਗਏ, ਤੁਸੀਂ ਕਹਿਰ ਕਹਾਰ ਨਾਲ ਮਾਰ ਦਿੱਤੇ ਗਏ ਪਰ ਤੱਕੋ ਤੁਸੀਂ ਮਾਰਿਆਂ ਮਾਰੇ ਨਾ ਗਏ, ਹਾਂ, ਤੁਸੀਂ ਕੱਟੀ ਗਈ ਡਾਲ ਵਾਙੂ ਮਰੇ ਨਹੀਂ ਪਰ ਕੱਟੀ ਡਾਲ ਪੇਉਂਦ ਹੋ ਕੇ ਉੱਚ ਜੀਵਨ ਵਿਚ ਜਾਗ ਉੱਠੇ ਵਾਂਗੂੰ ਅਮਰ ਜੀਵਨ
ਜੀਤ ਜੀ ! ਧੰਨ ਤੁਸਾਡੇ ਪਿਆਰ, ਅਤੁੱਟ ਪਿਆਰ ਤੇ ਤੁਸਾਡੀ ਕੁਰਬਾਨੀ ਦੇ! ਮੈਥੋਂ ਇਹ ਨਾ ਮੰਗਿਆ ਕਿ ਪੁੱਤ ਨਾ ਮਰਨ, ਪਰ ਇਹ ਮੰਗਿਆ ਕਿ ਮੈਂ ਪਹਿਲੋਂ ਜਾਵਾਂ। ਤੁਸਾਡੇ ਇਸ ਆਪਾਵਾਰਨ ਨੇ ਜਗਤ ਸੁਖੀ ਕਰ ਦਿੱਤਾ, ਮੈਂ ਡਾਢਾ ਨਾਜ਼ਕ ਕੰਮ ਲੈ ਕੇ ਆਪਣੇ ਬਾਬਲ ਜੀ ਦੇ ਘਰੋਂ ਟੁਰਿਆ ਸਾਂ, ਸ਼ਾਬਾਸ਼! ਤੁਸਾਂ ਮੈਨੂੰ ਉਸ ਵਿਚ ਮਦਦ ਦਿੱਤੀ। ਤੁਸੀਂ ਮੋਹ ਮਾਇਆ ਦੇ ਸੰਸਾਰ ਵਿਚ ਵੱਸ ਕੇ ਆਪਾ ਨੁਛਾਵਰ ਕੀਤਾ, ਮੇਰੇ ਹੁਕਮ ਮੰਨੇ। ਮੈਨੂੰ ਮੇਰੇ ਰੰਗੀ ਬਾਬਲ ਜੀ ਪਾਸ ਸੁਰਖਰੋਈ ਨਾਲ, ਉੱਜਲ ਮੁਖ ਨਾਲ, ਨਿਰਮਲ ਰੰਗ ਨਾਲ ਹਉਂ ਅਤੀਤ ਆਉਣ ਵਿਚ ਆਪਾਵਾਰ ਮਦਦ ਦਿੱਤੀ; ਰੰਗ ਲੱਗਾ ਰਹੇ, ਰੰਗਲ ਭਏ, ਤੁਸੀਂ ਅਮਰੀ ਹੋਏ ਹਾਂ, ਤੁਸੀਂ ਮੇਰੇ ਆਤਮ ਸਰੂਪ ਦੀਆਂ ਡਾਲੀਆਂ ਹੋ ਗਏ।
ਦੁਲਾਰਿਆਂ ਨੇ ਸੀਸ ਨਿਵਾਇਆ ਅਰ ਓਹਨਾਂ ਦੇ ਸ਼ਰੀਰਾਂ ਤੋਂ ਮਾਨੋਂ ਇਹ ਅਵਾਜ਼ ਆਈ:- “ਆਪ ਦੀ ਪਿਆਰੀ ਮੂਰਤੀ ਦੇ ਧਿਆਨ ਦੇ ਸੁਆਦ ਵਿਚ ਸਾਨੂੰ ਕੋਈ ਕਸ਼ਟ, ਉਖਿਆਈ ਨਹੀਂ ਲੱਗੀ, ਧਿਆਨ ਮਗਨ ਰੰਗ ਭਰੇ ਕਸ਼ਟਾਂ ਦੇ ਸਮੇਂ ਲੰਘ ਗਏ। ”
ਫੇਰ ਲਿਸ਼ਕਾਰ ਵੱਜਾ ਕੀ ਤੱਕਦੇ ਹਾਂ ਕਿ ਕਲਗ਼ੀਆਂ ਵਾਲੇ ਫੁਰਮਾ ਰਹੇ ਸਨ:-
ਬੇਟਾ ਜੀਉ! ਸਾਡੇ ਸ਼ੁਰੂ ਤੋਂ ਅੱਜ ਤਾਈਂ ਦੇ ਯਾਰ ਜੋ ਸਾਡੇ ਮਨੁੱਖਨਾਟ ਵਿਚ ਹਰ ਜਾਮੇਂ ਸ਼ਹੀਦ ਹੁੰਦੇ ਰਹੇ ਹਨ, ਪਿਆਰ ਤੇ ਸ਼ਰਧਾ, ਆਪਾ ਵਾਰਨ ਤੇ ਇਸ਼ਕਾਂ ਕੁੱਠੇ, ਸਿਰ ਤਲੀ ਜੋ ਸਾਡੀ ਗਲੀ ਖੇਡਦੇ ਆਏ ਹਨ, ਪੰਜ ਪਿਆਰੇ, ਅਨੰਦ ਪੁਰੀ ਸ਼ਹੀਦ, ਚਮਕੌਰੀ ਮੁਕਤੇ, ਮੁਕਤਸਰੀ ਮੁਕਤੇ, ਹਾਂ, ਉਹ ਪਿਆਰੇ ਅਜ ਬਾਪੂ ਜੀ ਦੇ ਹੁਕਮ ਅਨੁਸਾਰ ਮਾਤ ਲੋਕ ਵਿਚ ਸਾਨੂੰ ਲੈਣ ਗਏ ਸਨ, ਓਹ ਪ੍ਰੀਤਮ ਦੇ ਅਦਬਾਂ ਵਾਲੇ ਅਦਬ ਸੁਆਰੇ ਇਸ ਦਾਲਾਨ ਦੇ ਬਾਹਰ ਖੜੇ ਹਨ, ਲਾਲੋ! ਓਹ ਮੇਰੇ ਹਨ, ਮੈਂ ਉਹਨਾਂ ਦਾ ਹਾਂ। ਲਾਲ ਜੀ! ਓਨ੍ਹਾਂ ਨੂੰ ਅੰਦਰ ਲੈ ਆਓ। ਮੈਂ ਓਹ ਆਪਣੇ ਕੀਤੇ ਹਨ, ਪਰ ਓਹ ਪਿਆਰ-ਪ੍ਰੋਤੇ ਅਦਬ ਸੁਆਰੇ ਅਦਬ ਵਿਚ ਬਾਹਰ ਖੜੇ ਹਨ। ਦੂਜੀ ਖਿਨ ਵਿਚ ਨੂਰੀ ਜਾਮਿਆਂ ਵਾਲੇ ਸੱਚੇ ਸ਼ਹੀਦ ! ਹਉਂ ਕਰਕੇ ਮਰੇ ਨਹੀਂ, ਪਰ ਪਿਆਰ ਕਰਕੇ ਪਰਵਾਨ ਹੋ ਚੁਕੇ ਪਰਵਾਨੇ ਅੰਦਰ ਆ ਗਏ। ਅੱਗੇ ਅੱਗੇ ਬਾਬਾ ਸੰਤ ਸਿੰਘ ਹੈ ਜਿਸਦੀ ਸਾਰੀ ਨੁਹਾਰ ਕਲਗੀਧਰ ਜੀ ਦੀ ਆਪਣੀ ਹੈ, ਸਿਰ ਤੇ ਸਤਿਗੁਰ ਦੀ ਫਬਾਈ ਕਲਗ਼ੀ ਜਿਗਾ ਚਮਕ ਰਹੀ ਹੈ, ਗਲ ਸਤਿਗੁਰ ਵਾਲਾ ਜਾਮਾ ਹੈ, ਲੱਕ ਉਹੋ ਗੁਰੂ ਤਲਵਾਰ ਹੈ, ਪਰ ਅੱਖਾਂ ਅਦਬ ਨਾਲ ਸ਼ਰਮਸਾਰ ਹਨ। ‘ਹਾਇ! ਮੈਂ ਉਹ ਸਿੱਖ ਹਾਂ, ਜਿਨ ਸਿੱਖ ਹੋਕੇ ਗੁਰੂ ਜਾਮੇ ਪਹਿਨਾਣ ਦੀ ਬੇਅਦਬੀ ਕੀਤੀ ਹੈ'। ਵਾਹ ਅਦਬ ਧਾਰੇ ਸਿੱਖਾ! ਤੇਰੀ ਸਿੱਖੀ ਨੇ ਗੁਰੂ ਨੂੰ ਬਿਹਬਲ ਕਰ ਦਿਤਾ ਹੈ, ਔਹ ਤਖਤੋਂ ਛਾਲ ਮਾਰੀ, ਸੰਤ ਸਿੰਘ ਨੂੰ ਜੱਫੀ ਪਾਈ, ਓਇ, ਮਿੱਤ੍ਰਾ ! ‘ਤੂੰ ਮੈਂ’ ‘ਮੈਂ ਤੂੰ’ ‘ਮੈਂ ਤੂੰ' 'ਤੂੰ ਮੈਂ' ਮਿੱਤ੍ਰਾ! ਵਾਹ ਅਤੀਤਾ, ਵਾਹ ਮੇਰੇ ਸੰਨਿਆਸੀਆ! ਵਾਹ ਮੇਰੇ ਵੈਰਾਗੀਆ! ਵਾਹ ਮੇਰੇ ਬਲੀਦਾਨਾ ! ਵਾਹ ਮੇਰੇ ਜਗਵੇਦੀ ਦੇ ਸੱਚੇ ਕੁਰਬਾਨੀਆਂ! ਵਾਹ ਮੇਰੇ ਸੱਚੇ ਹਵਨੀਆ! ਵਾਹ ਮੇਰੇ ਆਪਾ ਵਾਰੁ ਆਪ ਨੁਛਾਵਰੀਆ! ਮੇਰੀ ਖ਼ਾਤਰ, ਨਿਰੋਲ ਮੇਰੀ ਖਾਤਰ - ਵਾਹ ਤੂੰ ਜਿਸ ਦੇ ਅੰਦਰ
ਜ਼ਰਾ ਗਹੁ ਕਰਨੀ, ਉਹ ਸਿਰ ਤਲੀ ਧਰਨ ਵਾਲੇ ਪੰਜ ਪਿਆਰੇ ਗੁਰੂ ਦੀ ਜੱਫੀ ਵਿਚ! ਗੁਰੂ ਸਿਰਾਂ ਨੂੰ ਸੁੰਘਦਾ ਤੇ ਆਖਦਾ ਹੈ -ਸੂਰਿਓ, ਸਿਰ ਸਿਰ ਲਾ ਬਾਜ਼ੀ ਖੇਡਣ ਵਾਲਿਓ! ਜਿੱਤ ਨਿਕਲਿਓ ਮੇਰਿਓ! ਤੁਸੀਂ ਮੇਰੇ, ਮੈਂ ਤੁਸਾਡਾ, ਤੁਸਾਂ ਰੱਖ ਵਿਖਾਈ, ਤੁਸੀਂ ਬਾਪੂ ਜੀ ਦੇ ਹੁਕਮ ਕਮਾਉਣ ਵਿਚ ਮੇਰੀਆਂ ਭੁਜਾਂ ਬਣੇ। ਤੁਸੀਂ ਆਤਮ ਤੱਤਵੇਤਾ ਪੂਰਨ ਸਾਧੂ ਸੇ, ਮੇਰੇ ਨਾਲ ਗਏ ਸੇ ਤੇ ਮੇਰੇ ਪਿਆਰ ਵਿਚ ਤੁਸਾਂ ਦੁਖਾਂ ਵੇੜ੍ਹੀ ਸ੍ਰਿਸ਼ਟੀ ਦਾ ਭਾਰ ਹਰਨ ਦਾ ਕੰਮ ਚਾਇਆ ਤੇ ਆਪਣੇ ਮਾਸ ਦੀਆਂ ਬੋਟੀਆਂ ਅਹੂਤੀ ਕਰਕੇ ਸੱਚਾ ਹੋਮ ਤੇ ਜਗ ਰਚਾਇਆ। ਗੁਰੂ ਤਾਂ ਐਉਂ ਕਹਿ ਰਿਹਾ ਹੈ, ਤੇ ਪੰਜੈ 'ਗੁਰੂ ਗਲੱਕੜੀ' ਤੋਂ ਖਿਸਕਦੇ ਚਰਨਾਂ ਤੇ ਢਹਿਂਦੇ ਜਾਂਦੇ ਹਨ, ਤੇ ਉਨ੍ਹਾਂ ਦੇ ਲੂੰਆਂ ਤੋਂ ਇਕ ਮੱਧਮ ਗੂੰਜ ਉਠ ਰਹੀ ਹੈ:-
"ਬੈ ਖਰੀਦੁ ਕਿਆ ਕਰੇ ਚਤੁਰਾਈ ਇਹੁ ਜੀਉ ਪਿੰਡੁ ਸਭੁ ਥਾਰੇ”
ਹਾਂ, ਤੇ ਸਤਿਗੁਰ ਆਖਦਾ ਹੈ, “ਮੇਰੇ ਮੇਰੇ, ਮੇਰੇ ਮੇਰੇ”।
ਦੂਜੀ ਖਿਨ ਮੁਕਤੇ, ਹਾਂ ਜੀ ਚਮਕੌਰੀ ਮੁਕਤੇ ਤੇ ਚਮਕੌਰ ਤੋਂ ਪਹਿਲੀ ਰਾਤ ਸਰਸੇ ਤੇ ਰੋਪੜ ਸ਼ਹੀਦ ਹੋਣਵਾਲੇ ਦੁਆਲੇ ਸਤਿਗੁਰ ਦੀ ਪਿਆਰ ਕਲਾਈ ਵਿਚ ਆ ਗਏ, ਸਤਿਗੁਰ ਪਿਆਰ ਦੇਂਦਾ ਤੇ ਆਖਦਾ ਹੈ:- “ਮੇਰੇ ਸਿਦਕ ਸੁਆਰੇ, ਅਡੋਲ ਮੇਰਿਓ! ਵਾਹ ਵਾਹ! ਤੁਹਾਡਾ ਲਹੂ, ਜਿਸ ਨਾਲ ਤੁਸਾਂ ਮੈਨੂੰ ਖਰੀਦ ਲਿਆ, ਤੁਹਾਡੀ ਕੁਰਬਾਨੀ ਨੇ ਮੈਨੂੰ ਵਿਹਾਝ ਲਿਆ ਤੁਸੀਂ ਧੰਨ; ਤੁਸੀਂ ਧੰਨ! ਧੰਨ ਸਿੱਖੀ! ਧੰਨ ਸਿੱਖੀ! ਧੰਨ ਸਿੱਖੀ! ਤੁਸਾਂ ਧਾਰੀ, ਤੁਸਾਂ ਪਾਲੀ, ਤੁਸਾਂ ਨਿਬਾਹੀ। ਤੁਸੀਂ ਅਮਰ ਹੋਏ, ਸਦਾ ਮੇਰੇ ਹੋਏ। ਜਦ ਮੈਂ ਸੰਸਾਰ ਵਿਚ ਫੇਰ ਜਾਸਾਂ ਤੁਸੀਂ ਮੇਰੇ ਨਾਲ, ਜਦੋਂ ਮੈਂ ਏਥੇ ਤੁਸੀਂ ਅੰਗ ਸੰਗ।” ਇਹ ਸੁਣਦਿਆਂ ਮੁਕਤਿਆਂ ਦੀਆਂ ਮਾਨੋਂ ਅੱਖਾਂ ਵਿਚੋਂ ਨੀਰ ਛੁੱਟਾ ਅਰ ਉਸ ਨੀਰ ਵਿਚੋਂ ਪਿਆਰ ਤੇ ਸਦਕੇ ਹੋ ਜਾਣ ਦੀ ਸੁਗੰਧਿ ਆਈ ਕਿ ਕਲਗ਼ੀਆਂ ਵਾਲੇ ਆਪ ਨੈਣ ਜਲ ਪੂਰਤ ਹੋ ਅਹਿੱਲ ਹੋ ਗਏ, ਸਾਰੇ ਮੁਕਤੇ ਦਾਤਾ ਨਾਲ ਇਸ ਤਰ੍ਹਾਂ ਲਿਪਟ ਗਏ ਕਿ ਜਿਕੂੰ ਭੌਰੇ ਕਮਲ ਨਾਲ ਲਿਪਟ ਜਾਂਦੇ ਹਨ:-
ਹਾਂ, ਦੂਜੀ ਖਿਨ ਆਈ ਤਾਂ ਮੁਕਤਸਰ ਦੇ ਮੁਕਤੇ ਆ ਰਹੇ ਹਨ। ਮਹਾਂ ਸਿੰਘ ਸ਼ੁਕਰ ਨਾਲ ਭਰਿਆ, ਖੁਸ਼ੀ ਨਾਲ ਰੋਂਦਾ ਆ ਰਿਹਾ ਹੈ, ਬਿਹਬਲ ਹੋ ਚਰਨਾਂ ਤੇ ਢਹਿਂਦਾ ਹੈ ਤੇ ਉਸਦੇ ਸ਼ਰੀਰ ਤੋਂ ਮਾਨੋਂ ਅਵਾਜ਼ ਆਉਂਦੀ ਹੈ:-
'ਗਈ ਬਹੋੜੁ ਬੰਦੀ ਛੋੜੁ ਨਿਰੰਕਾਰੁ ਦੁਖਦਾਰੀ ॥'
ਪਰ ਉਸ ਕਦੀ ਨਾ ਛਾਣਨ ਵਾਲੇ ਬਖਸ਼ਿੰਦ ਬਿਰਦ ਨੇ, ਉਸ ਸੰਜੋਗੀ ਜੋੜਨ ਹਾਰ ਗੁਰੂ ਨੇ ਮਹਾਂ ਸਿੰਘ ਨੂੰ ਸੀਨੇ ਲਾਇਆ, ਛਾਤੀ ਲਾਇਆ, ਛਾਤੀ ਲਾਇਆ ਤੇ ਆਖਿਆ: ਓਇ ਆਪਾ ਵਾਰਨ ਵਾਲੇ
ਗਲ ਕੀਹ, ਬਚਿੱਤ੍ਰ ਸਿੰਘ, ਉਦੇ ਸਿੰਘ ਆਦਿ ਸਾਰੇ ਸ਼ਹੀਦ, ਸਾਰੇ ਪਿਆਰੇ ਇਕ ਇਕ ਕਰਕੇ ਹਜ਼ੂਰੀ ਵਿਚ ਆਏ। ਇਕ ਇਕ ਦੀ ਘਾਲ ਥਾਂ ਪਾਈ। ਜਿਨ੍ਹਾਂ ਜਿਨ੍ਹਾਂ ਨੇ ਇਸ ਹਨੇਰੇ ਸੰਸਾਰ ਵਿਚ - ਇਸ ਭੁਲੇਖੇ ਦੀ ਸਾਡੀ ਧਰਤੀ ਵਿਚ - ਸਤਿਗੁਰੂ ਨੂੰ ਸਤਿਗੁਰੂ' ਪਛਾਤਾ ਸੀ ਤੇ ਸਤਿਗੁਰ ਵਿਚ ਅਮਰੀ ਜੀਵਨ ਪਰ ਨਿਸ਼ਚਾ ਧਾਰਿਆ ਸੀ ਤੇ ਇਹ ਧਾਰ ਕੇ ਸੇਵਾ ਚਾਈ ਤੇ ਕੀਤੀ ਸੀ, ਯਾ ਸਤਿਗੁਰ ਦੇ ਹੁਕਮ ਵਿਚ ਸ਼ਹੀਦੀ ਪਾਈ ਸੀ; ਆਏ, ਤੇ ਸਭ ਦੀ ਘਾਲ ਥਾਂ ਪਈ। ਓਹ ਅੱਜ ਵੇਖ ਰਹੇਸੇ ਕਿ ਜੇ ਸਤਿਗੁਰ ਸਾਨੂੰ ਸਿਦਕ ਨਾ ਬਖਸ਼ਦਾ ਤਾਂ ਅੱਜ ਅਸੀਂ ਇਸ ਸਦਾ ਰਹਿਣ ਵਾਲੇ ਦੇਸ਼ ਵਿਚ ਕਦ ਸਤਿਗੁਰਾਂ ਦੇ ਚਰਨਾਂ ਪਾਸ ਆਉਂਦੇ। ਜੇ ਉਸ ਬਿਨਸਨਹਾਰ ਜਿੰਦ ਨੂੰ ਪਿਆਰ ਕਰਦੇ ਤਾਂ ਸਦਾ ਲਈ ਪ੍ਰੀਤਮ, ਇਸ ‘ਅਰਸ਼ੀ ਪ੍ਰੀਤਮ’, ਤੋਂ ਵਿਛੁੜ ਜਾਂਦੇ। ਧੰਨ ਹੈ ਸਤਿਗੁਰ ਜਿਸ ਨੇ ਸਾਨੂੰ ਤਾਰਿਆ!
ਹੁਣ ਇਕ ਗੋਲ ਚੱਕਰਾਕਾਰ ਕਿਰਨਾਂ ਦਾ ਲਹਿਰਾ ਵੱਜਾ, ਅਰ ਸਤਿਗੁਰ ਜੀ ਤਖਤ ਬਿਰਾਜੇ ਹੋਏ, ਸਹਿਬਜ਼ਾਦੇ ਚਰਨਾਂ ਵਿਚ ਸਜੇ ਹੋਏ ਤੇ ਸਾਰੇ ਨਾਮਰਸੀਏ ਤੇ ਸਾਰੇ ਆਪਾ ਜਿੱਤੇ ਸ਼ਹੀਦਾਂ ਦਾ, ਹਾਂ, ਗੁਰੂ-ਪ੍ਰੇਮ ਵਿਚ ਸ਼ਹੀਦ ਹੋਏ ਪਿਆਰਿਆਂ ਦਾ ਦੀਵਾਨ ਸਜ ਗਿਆ ਤੇ ਇਕ ਲਹਿਰਾਉ ਵਰਤ ਗਿਆ। ਮਿੱਠੀ ਪਿਆਰੀ ਧਵਨੀ ਉੱਠੀ, ਨੈਣ ਮੁੰਦ ਗਏ, ਲੂੰਆਂ ਤੋਂ ਰਸ ਦੇ ਫੁਹਾਰੇ ਛੁੱਟ ਪਏ ਤੇ 'ਰਾਗ ਰਤਨ ਪਰਵਾਰ ਪਰੀਆ' ਦਾ ਅਰੂਪ ਸੰਗੀਤ ਸਾਡੇ ਬੈਰਾਗ ਦੀ ਧਵਨੀ ਵਾਂਗੂ, ਪਰ ਬਹੁਤ ਹੀ ਮਧੁਰ ਸੁਣਾਈ ਦਿੱਤਾ:-
ਤੂ ਠਾਕੁਰੋ ਬੈਰਾਗਰੋ ਮੈ ਜੇਹੀ ਘਣ ਚੇਰੀ ਰਾਮ....
{ਦੂਸਰਾ ਆਤਮ ਲਹਿਰਾਉ}
ਹੁਣ ਇਕ ਹੋਰ ਵੇਗ ਆਇਆ, ਕੈਸਾ ਅਦਭੁਤ ਹੁਲਾਰਾ ਪਿਆ। ਜੇ ਅਸੀਂ ਆਪਣੇ ਲੋਕ ਵਾਸੀਆਂ ਦੀ ਸਮਝ ਗੋਚਰਾ ਕਰਨਾ ਚਾਹੀਏ ਤਾਂ ਐਉਂ ਹੈ ਕਿ ਅੱਖ ਦੇ ਫਰੱਕੇ ਵਿਚ ਅਸੰਖਾਂ ਮੀਲ ਪੈਂਡਾ ਤੈ ਹੋ ਗਿਆ । ਵਾਹਵਾ ! ਦੋਧੀ ਚਾਨਣਾ ਆ ਗਿਆ, ਠੰਢਾ ਠੰਢਾ, ਮਨ ਐਉਂ ਕੱਠਾ ਅਰ ਸ਼ਾਂਤਿ ਹੋ ਰਿਹਾ ਹੈ, ਜਿਵੇਂ ਕੋਈ ਟਿਕਾਉ ਤੇ ਰਸ ਲੀਨਤਾ ਦਾ ਦੇਸ਼ ਹੈ, ਸੁਹਾਉਣੀ ਸੀਤਲਤਾ ਦੀ ਅਵਧੀ ਹੈ।
ਇਥੇ ਇਕ ਸੁੰਦਰ ਵੱਡਾ ਸਾਰਾ ਇਕੋ ਕਮਰਾ ਹੈ। ਦੋਧੀ ਚਾਨਣੇ ਦਾ ਬਣਿਆ ਹੈ। ਇਸਦੇ ਅੰਦਰ ਸਿਰੇ ਵਾਲੇ ਪਾਸੇ ਇਕ ਸੁਫੈਦ ਰੰਗ ਦਾ ਅਤਿ ਦਮਕਾਂ ਮਾਰਦਾ ਤਖ਼ਤ ਹੈ, ਜੋ ਐਉਂ ਜਾਪਦਾ ਹੈ ਕਿ ਕਿਸੇ ਹੀਰੇ ਵਰਗੇ ਚਿਟਾਨ ਵਿਚੋਂ ਕੱਟ ਕੇ ਉੱਕਰ ਕੇ ਬਣਾਇਆ ਹੈ। ਇਸ ਪਰ ਐਸੀਆਂ ਪਹਿਲਾਂ ਕੱਢੀਆਂ ਹਨ ਕਿ ਰੌਸ਼ਨੀ ਉੱਤੇ ਪੈਂਦੀ ਦਾ ਪੈਰ ਟਿਕਦਾ ਨਹੀਂ ਜਾਪਦਾ, ਤਿਲਕ ਤਿਲਕ ਪੈਂਦੀ ਹੈ ਅਰ ਜਿਉਂ ਜਿਉਂ ਤਿਲਕਦੀ ਹੈ, ਤਿਉਂ ਤਿਉਂ