ਗਲ ਕੀਹ, ਬਚਿੱਤ੍ਰ ਸਿੰਘ, ਉਦੇ ਸਿੰਘ ਆਦਿ ਸਾਰੇ ਸ਼ਹੀਦ, ਸਾਰੇ ਪਿਆਰੇ ਇਕ ਇਕ ਕਰਕੇ ਹਜ਼ੂਰੀ ਵਿਚ ਆਏ। ਇਕ ਇਕ ਦੀ ਘਾਲ ਥਾਂ ਪਾਈ। ਜਿਨ੍ਹਾਂ ਜਿਨ੍ਹਾਂ ਨੇ ਇਸ ਹਨੇਰੇ ਸੰਸਾਰ ਵਿਚ - ਇਸ ਭੁਲੇਖੇ ਦੀ ਸਾਡੀ ਧਰਤੀ ਵਿਚ - ਸਤਿਗੁਰੂ ਨੂੰ ਸਤਿਗੁਰੂ' ਪਛਾਤਾ ਸੀ ਤੇ ਸਤਿਗੁਰ ਵਿਚ ਅਮਰੀ ਜੀਵਨ ਪਰ ਨਿਸ਼ਚਾ ਧਾਰਿਆ ਸੀ ਤੇ ਇਹ ਧਾਰ ਕੇ ਸੇਵਾ ਚਾਈ ਤੇ ਕੀਤੀ ਸੀ, ਯਾ ਸਤਿਗੁਰ ਦੇ ਹੁਕਮ ਵਿਚ ਸ਼ਹੀਦੀ ਪਾਈ ਸੀ; ਆਏ, ਤੇ ਸਭ ਦੀ ਘਾਲ ਥਾਂ ਪਈ। ਓਹ ਅੱਜ ਵੇਖ ਰਹੇਸੇ ਕਿ ਜੇ ਸਤਿਗੁਰ ਸਾਨੂੰ ਸਿਦਕ ਨਾ ਬਖਸ਼ਦਾ ਤਾਂ ਅੱਜ ਅਸੀਂ ਇਸ ਸਦਾ ਰਹਿਣ ਵਾਲੇ ਦੇਸ਼ ਵਿਚ ਕਦ ਸਤਿਗੁਰਾਂ ਦੇ ਚਰਨਾਂ ਪਾਸ ਆਉਂਦੇ। ਜੇ ਉਸ ਬਿਨਸਨਹਾਰ ਜਿੰਦ ਨੂੰ ਪਿਆਰ ਕਰਦੇ ਤਾਂ ਸਦਾ ਲਈ ਪ੍ਰੀਤਮ, ਇਸ ‘ਅਰਸ਼ੀ ਪ੍ਰੀਤਮ’, ਤੋਂ ਵਿਛੁੜ ਜਾਂਦੇ। ਧੰਨ ਹੈ ਸਤਿਗੁਰ ਜਿਸ ਨੇ ਸਾਨੂੰ ਤਾਰਿਆ!
ਹੁਣ ਇਕ ਗੋਲ ਚੱਕਰਾਕਾਰ ਕਿਰਨਾਂ ਦਾ ਲਹਿਰਾ ਵੱਜਾ, ਅਰ ਸਤਿਗੁਰ ਜੀ ਤਖਤ ਬਿਰਾਜੇ ਹੋਏ, ਸਹਿਬਜ਼ਾਦੇ ਚਰਨਾਂ ਵਿਚ ਸਜੇ ਹੋਏ ਤੇ ਸਾਰੇ ਨਾਮਰਸੀਏ ਤੇ ਸਾਰੇ ਆਪਾ ਜਿੱਤੇ ਸ਼ਹੀਦਾਂ ਦਾ, ਹਾਂ, ਗੁਰੂ-ਪ੍ਰੇਮ ਵਿਚ ਸ਼ਹੀਦ ਹੋਏ ਪਿਆਰਿਆਂ ਦਾ ਦੀਵਾਨ ਸਜ ਗਿਆ ਤੇ ਇਕ ਲਹਿਰਾਉ ਵਰਤ ਗਿਆ। ਮਿੱਠੀ ਪਿਆਰੀ ਧਵਨੀ ਉੱਠੀ, ਨੈਣ ਮੁੰਦ ਗਏ, ਲੂੰਆਂ ਤੋਂ ਰਸ ਦੇ ਫੁਹਾਰੇ ਛੁੱਟ ਪਏ ਤੇ 'ਰਾਗ ਰਤਨ ਪਰਵਾਰ ਪਰੀਆ' ਦਾ ਅਰੂਪ ਸੰਗੀਤ ਸਾਡੇ ਬੈਰਾਗ ਦੀ ਧਵਨੀ ਵਾਂਗੂ, ਪਰ ਬਹੁਤ ਹੀ ਮਧੁਰ ਸੁਣਾਈ ਦਿੱਤਾ:-
ਤੂ ਠਾਕੁਰੋ ਬੈਰਾਗਰੋ ਮੈ ਜੇਹੀ ਘਣ ਚੇਰੀ ਰਾਮ....
{ਦੂਸਰਾ ਆਤਮ ਲਹਿਰਾਉ}
ਹੁਣ ਇਕ ਹੋਰ ਵੇਗ ਆਇਆ, ਕੈਸਾ ਅਦਭੁਤ ਹੁਲਾਰਾ ਪਿਆ। ਜੇ ਅਸੀਂ ਆਪਣੇ ਲੋਕ ਵਾਸੀਆਂ ਦੀ ਸਮਝ ਗੋਚਰਾ ਕਰਨਾ ਚਾਹੀਏ ਤਾਂ ਐਉਂ ਹੈ ਕਿ ਅੱਖ ਦੇ ਫਰੱਕੇ ਵਿਚ ਅਸੰਖਾਂ ਮੀਲ ਪੈਂਡਾ ਤੈ ਹੋ ਗਿਆ । ਵਾਹਵਾ ! ਦੋਧੀ ਚਾਨਣਾ ਆ ਗਿਆ, ਠੰਢਾ ਠੰਢਾ, ਮਨ ਐਉਂ ਕੱਠਾ ਅਰ ਸ਼ਾਂਤਿ ਹੋ ਰਿਹਾ ਹੈ, ਜਿਵੇਂ ਕੋਈ ਟਿਕਾਉ ਤੇ ਰਸ ਲੀਨਤਾ ਦਾ ਦੇਸ਼ ਹੈ, ਸੁਹਾਉਣੀ ਸੀਤਲਤਾ ਦੀ ਅਵਧੀ ਹੈ।
ਇਥੇ ਇਕ ਸੁੰਦਰ ਵੱਡਾ ਸਾਰਾ ਇਕੋ ਕਮਰਾ ਹੈ। ਦੋਧੀ ਚਾਨਣੇ ਦਾ ਬਣਿਆ ਹੈ। ਇਸਦੇ ਅੰਦਰ ਸਿਰੇ ਵਾਲੇ ਪਾਸੇ ਇਕ ਸੁਫੈਦ ਰੰਗ ਦਾ ਅਤਿ ਦਮਕਾਂ ਮਾਰਦਾ ਤਖ਼ਤ ਹੈ, ਜੋ ਐਉਂ ਜਾਪਦਾ ਹੈ ਕਿ ਕਿਸੇ ਹੀਰੇ ਵਰਗੇ ਚਿਟਾਨ ਵਿਚੋਂ ਕੱਟ ਕੇ ਉੱਕਰ ਕੇ ਬਣਾਇਆ ਹੈ। ਇਸ ਪਰ ਐਸੀਆਂ ਪਹਿਲਾਂ ਕੱਢੀਆਂ ਹਨ ਕਿ ਰੌਸ਼ਨੀ ਉੱਤੇ ਪੈਂਦੀ ਦਾ ਪੈਰ ਟਿਕਦਾ ਨਹੀਂ ਜਾਪਦਾ, ਤਿਲਕ ਤਿਲਕ ਪੈਂਦੀ ਹੈ ਅਰ ਜਿਉਂ ਜਿਉਂ ਤਿਲਕਦੀ ਹੈ, ਤਿਉਂ ਤਿਉਂ
ਹੁਣ ਇਕ ਤਿੱਖਾ ਲਿਸ਼ਕਾਰਾ ਵੱਜਾ, ਉੱਸੇ ਹੀਰੇ ਵਰਗੇ ਪਰ ਕੇਵਲ ਪ੍ਰਕਾਸ਼ ਦੇ ਬਣੇ ਤਖ਼ਤ ਪਰ ਇਕ ਮੋਹਨੀ ਮੂਰਤ ਬਿਰਾਜਮਾਨ ਹੈ। ਕਮਰੇ, ਤਖ਼ਤ ਦਿੱਵ ਸਰੂਪਾਂ ਸਭਨਾਂ ਦਾ ਰੂਪ ਪ੍ਰਕਾਸ਼ਦਾ ਸੀ, ਪਰੰਤੂ ਇਸ ‘ਮਨ ਹਰਨ ਮਨੋਹਰ' ਮੂਰਤੀ ਦੀ ਇਹ ਅਕਾਲ ਮੂਰਤੀ ਹੋਰ ਹੀ ਸੂਖਮ ਤੇ ਹੋਰ ਹੀ ਚਮਕੀਲੇ ਰੂਪ ਦੀ ਬਣੀ ਹੋਈ ਸੀ। ਆਪ ਤਖ਼ਤ ਪੁਰ ਬਿਰਾਜੇ ਧਿਆਨ ਮਗਨ ਹਨ, ਨੈਣ ਬੰਦ ਹਨ, ਪਦਮਾਸਨ ਬਿਰਾਜ ਰਹੇ ਹਨ, ਖੱਬੇ ਪਾਸੇ ਲੱਕ ਨਾਲ ਤਲਵਾਰ ਹੈ, ਜੋ ਮਿਆਨ ਵਿਚ ਬਿਰਾਜ ਰਹੀ ਹੈ, ਜਿਸ ਪੁਰ ਲਿਖਿਆ ਹੈ 'ਭਗਤ ਰੱਖਯਕ'। ਸੱਜੇ ਹੱਥ ਜ਼ਮੁੱਰਦਾਂ ਵਰਗੇ, ਪਰ ਅਤੀ ਉੱਚੀ ਆਬ ਤੇ ਡਾਢੇ ਨਿਰੋਲ ਪਾਣੀ ਵਾਲੇ ਕਿਸੇ ਡਾਢੇ ਸੁੱਚੇ ਰੰਗ ਵਾਲੇ ਰੇਸ਼ੇ ਤੋਂ ਸਾਫ ਪਾਰਦਰਸ਼ਕ ਪਦਾਰਥ ਦੀ ਸਿਮਰਨੀ ਹੈ, ਜਿਸ ਦੇ ਮਣਕੇ ਕਾਰੀਗਰ ਨੇ ਐਉਂ ਬਣਾਏ ਹਨ ਕਿ ਨਿੱਗਰ ਗੁਲਿਆਈ ਦੀਆਂ ਛੇਕਦਾਰ ਗੋਲੀਆਂ ਵਾਂਗੂੰ ਨਹੀਂ ਪਰ ‘ਵਾਹਿਗੁਰੂ' ਇਨ੍ਹਾਂ ਅੱਖਰਾਂ ਨੂੰ ਉੱਕਰ ਕੇ ਗੁਲਿਆਈ ਦੇ ਦਿੱਤੀ ਹੈ ਤੇ ਫੇਰ ਪ੍ਰੀਤ-ਤਾਰ ਵਿਚ ਪਰੋ ਦਿੱਤਾ ਹੈ। ਮੇਰੂ ਦੇ ਮਣਕੇ ਵਿਚ ਧਿਆਨ ਮੂਰਤੀ ਦਾ ਨਕਸ਼ਾ ਦਿੱਸਦਾ ਹੈ। ਇਹ ਸਿਮਰਨਾ ਸੱਜੇ ਹੱਥ ਵਿਚ ਦਮਕਦਾ ਰਸ ਭਰੀਆਂ ਕਿਰਨਾਂ ਛੱਡ ਰਿਹਾ ਹੈ ਪਿਛਲੇ ਪਾਸੇ ਖੜੇ ਕੁਈ ਡਾਢੇ ਪਿਆਰੇ ਚਵਰ ਕਰ ਰਹੇ ਹਨ ਤੇ ਬਾਕੀ ਦੇ ਖੜੇ ਸਾਰੇ ਗਰਦਨਾਂ ਨਿਵਾਈ ਹੱਥ ਜੋੜੇ, ‘ਜੀਉਰਵੀਂ ਖੁਸ਼ੀ', 'ਜਰਵੇਂ ਉਮਾਹ’, ਪੁੱਜ ਗਈ ਆਸ, ਪੁੱਜ ਗਈ ਸਿੱਕ, ਪੁੱਗ ਆਈ ਸੱਧਰ ਤੇ ਸਿਰੇ ਚੜ੍ਹੀ ਪ੍ਰੀਤ ਦੇ ਰਸ ਭਰੇ ਰੰਗ ਵਿਚ ਅਦਬ ਤੇ ਉੱਚੇ ਕਰਨ ਵਾਲੇ ਦਮਕਵੇਂ ਭੈ ਵਿਚ ਖੜੇ ਹਨ, ਕਿ ਇਸ ਤੋਂ ਉੱਚੇ ਮੰਡਲਾਂ ਥੀਂ ਇਕ ਸ਼ੁਅਲਾ ਆਇਆ ਅਰ ਪਈ ਪਈ ਆਰਤੀ ਆਪੇ ਜਗ ਉੱਠੀ, ਐਸੀ ਜਗੀ ਤੇ ਚਮਕੀ ਕਿ ਸੁਆਦ ਆ ਗਿਆ। ਹੁਣ ਇਕ ਹਵਾ ਦਾ ਫੱਰਾਟਾ ਆਇਆ ਮਲਿਆਗਰ ਤੋਂ ਮਿੱਠੀ, ਚੰਦਨ ਵਾਸ਼ਨਾ ਤੋਂ ਪਿਆਰੀ, ਚੰਬੇਲੀ ਵਾਸ਼ਨਾਂ ਤੋਂ ਸੁਹਾਵੀ ਵਾਸ਼ਨਾਂ ਭਰ ਗਈ ਅਰ ਇਲਾਹੀ ਨਾਦ ਸ਼ੁਰੂ ਹੋ ਗਿਆ। ਆਰਤੀ ਇਕ ਬਿਰਧ, ਪਰ ਨੂਰ ਦੇ ਬੁੱਕੇ ਸੱਜਣ ਦੇ ਹੱਥਾਂ ਵਿਚ ਹੈ, ਬੁੱਢਾ ਹੈ, ਹਾਂ, ਇਹ ਬਚਪਨ ਤੋਂ ਹੀ ਬੁੱਢਾ ਅਖਵਾਉਂਦਾ ਸੀ, ਪਰ ਪਿਆਰ ਦੇ ਰੰਗ ਜੁਆਨ ਹੈ, ਗੁਰਮੁਖ ਜੋ ਹੋਯਾ, ਨਾਉਂ ਦਾ ਬੁੱਢਾ ਹੈ ਉਂਞ ਬੁੱਢਾ ਕਦੇ ਨਹੀਂ, ਆਰਤੀ ਇਸਦੀ ਪ੍ਰੀਤ ਤਾਰ ਪ੍ਰੋਤੇ ਹੱਥਾਂ ਵਿਚ ਲਹਿਰੇ ਲੈ ਰਹੀ ਹੈ ਤੇ ਸਾਰੇ ਸੱਜਣਾਂ ਦੇ ਲੂੰਆਂ ਵਿਚੋਂ, ਰੋਮ ਰੋਮ ਵਿਚੋਂ, ਜੀ ਹਾਂ, ਗੁਰਮੁਖਾਂ ਦੇ ਲੂੰ ਲੂੰ ਵਿਚੋਂ ਨਾਦ ਉਠਿਆ, ਤੇ ਇਹ ਸੰਗੀਤ ਅਤੀ ਮਧੁਰ, ਅਤਿ ਪਿਆਰੀ, ਡਾਢੀ ਹੀ ਰਸ ਭਿੰਨੀ ਸੁਰ ਵਿਚ ਹੋਇਆ:-
ਤਤੁ ਤੇਲੁ ਨਾਮੁ ਕੀਆ ਬਾਤੀ ਦੀਪਕੁ ਦੇਹ ਉਜਾਰਾ ॥ ਜੋਤਿ ਲਾਇ ਜਗਦੀਸ ਜਗਾਇਆ ਬੂਝੈ ਬੂਝਨਹਾਰਾ ॥ ਪੰਚੇ ਸਬਦ ਅਨਾਹਦ ਬਾਜੇ ਸੰਗੇ ਸਾਰਿੰਗਪਾਨੀ ॥ ਕਬੀਰ ਦਾਸ ਤੇਰੀ ਆਰਤੀ ਕੀਨੀ ਨਿਰੰਕਾਰ ਨਿਰਬਾਨੀ ॥
ਆਰਤੀ ਦੇ ਮਗਰੋਂ ਸਾਰੇ ਸਜਣ ਬਿਰਾਜ ਗਏ, ਪਰ ਬਾਹਰ ਖੜੇ ਸਾਰੇ ਦਿੱਬ ਰੂਪੀ ਨਿਵੇਂ ਖੜੇ ਹਨ ਅਰ ਕੀਰਤਨ ਕਰ ਰਹੇ ਹਨ, ਜਿਸ ਦੀ ਮਧੁਰ ਧੁਨੀ ਤੰਬੂਰੇ ਦੀ ਗੂੰਜ ਵਾਂਙੂ ਅੰਦਰ ਜਾ ਰਹੀ ਹੈ।
ਤਖ਼ਤ ਪਰ ਉਹੋ ਮਾਤ ਲੋਕ ਵਿਚ ਵਿਚਰਨ ਵਾਲੇ ਪ੍ਰੀਤਮ, ਪਰ ਅਸਲ ਵਿਚ ਸਾਰੇ ਅਰਸ਼ਾਂ ਦੇ ਮਾਲਿਕ 'ਅਰਸ਼ੀ ਪ੍ਰੀਤਮ' ਕਲਗ਼ੀਆਂ ਵਾਲੇ, ਸ਼ਕਤੀਆਂ ਵਾਲੇ, ਨੈਣ ਖੁਹਲਕੇ ਨਦਰ ਨਾਲ, ਮਿਹਰ ਦੀ ਨਜ਼ਰ ਨਾਲ, ਤਾਰ ਲੈਣ ਵਾਲੀ ਨਜ਼ਰ ਨਾਲ ਤੱਕ ਰਹੇ ਹਨ। ਆਪ ਦੇ ਖੱਬੇ ਪਾਸੇ ਦੇ ਹੱਥ ਦੀ ਛਾਪ ਵਿਚ ਲਿਖਿਆ ਹੈ 'ਕੁੱਲ ਅਦੇਵ ਸ਼ਕਤੀਆਂ ਪਰ ਹੁਕਮ।' ਸੱਜੇ ਹੱਥ ਦੀ ਛਾਪ ਵਿਚ ਲਿਖਿਆ ‘ਕੁਲ ਦੇਵ ਸ਼ਕਤੀਆਂ ਪਰ ਹੁਕਮ'।
ਹੁਣ ਇਸ ਤਾਰਨਹਾਰ ਤੇ ਉੱਚਮੰਡਲਾਂ ਦੇ ਪ੍ਰੀਤਮ ਜੀ ਦਾ ਮਨ ਬਖਸ਼ਿੰਦ ਤੇ ਪ੍ਰਤਿਪਾਲ ਮਨ ਲਹਿਰੇ ਵਿਚ ਆਇਆ, ਅਵਾਜ਼ ਆਈ ! “ਧੰਨ ਭਾਈ ਬੁੱਢਾ ਛੇ ਜਾਮਿਆਂ ਦਾ ਮਿੱਤ੍ਰ! ਸੱਚਾ ਮਿੱਤ੍ਰ ! ਤੇਰੀ ਪ੍ਰੀਤ, ਤੇਰੀ ਘਾਲ ਸਫਲ । ਵਾਹ ਭਾਈ ਗੁਰਦਾਸ ! ਜ਼ਿੰਦਗੀ ਦੇ ਕਵੀ ਰੱਬੀ ਰਚਨਾਂ ਵਾਲਿਆ ਗੁਰ ਕੀਰਤਨੀਆਂ! ਭਾਈ ਜੀ ! ਭਾਈ ਜੀ ! ਸਦਾ ਥਿਰ ਜੀ! ਤੇ ਸਾਡਾ ਹਸਮੁਖੀਆ ਤੇ ਰੁੱਸ ਰੁੱਸ ਕੇ ਪ੍ਰੀਤ ਕਰਨ ਵਾਲਾ ਸੁੱਚੇ ਮਰਦਾਂ ਦਾ ਮਰਦ ਮਰਦਾਨਾਂ, ਜੰਗਲਾਂ ਵਿਚ ਸਾਥ ਦੇਣ ਵਾਲਿਆ! ਬਈ ਮਿੱਤ੍ਰਾ ! ਏਸ ਦੇਸ਼ ਵਿਚ ਜੀਉ, ਜਿਥੇ ਕਦੇ ਭੁੱਖ ਨਹੀਂ। ਡਿੱਠਾ ਹਈ ਮੈਂ ਕਿਸ ਭੋਜਨ ਆਸਰੇ ਜੀਉਂਦਾ ਸੀ? ਤੂੰ ਬੀ ਹੁਣ ਖਾਹ, 'ਖਾਵਹਿ ਖਰਚਹਿ ਰਲਿ ਮਿਲਿ ਭਾਈ॥ ਤੋਟਿ ਨ ਆਵੈ ਵਧਦੋ ਜਾਈ॥' ਭਾਈ ਨੰਦ ਲਾਲ ਜੀ, ਜ਼ਿੰਦਗੀ ਨਾਮੇ ਆਏ, ਸਾਡੇ ਮਾਤ ਲੋਕ ਦੇ ਕਵੀ ਰਾਜ ਆਏ, ਜੀਉ! ਭਾਈ ਜੀਉ! ਸਦਾ ਜੀਉ।
ਐਸ ਤਰ੍ਹਾਂ ਨਾਲ ਦਸਾਂ ਹੀ ਜਾਮਿਆਂ ਦੇ ਇਕ ਇਕ ਪਿਆਰੇ, ਸਿਰੇ ਚੜ੍ਹੇ, ਭਗਤੀ ਪੁਗਾਏ, ਵੈਰਾਗੀ ਪਰ ਰਸੀਏ ਪੂਰਨ ਹੋਏ ਸਿੱਖਾਂ ਦੇ ਜੋ ਕੇਵਲ ਇਸ ਦਰਬਾਰ ਵਿਚ ਜਗਮਗ ਕਰ ਰਹੇ ਸੇ, ਸਤਿਗੁਰ ਨੇ ਨਾਮ ਲਏ ਤੇ ਵਰ ਦਾਨ ਦਿੱਤੇ। ਘਾਲਾਂ ਜਦੋਂ ਕੀਤੀਆਂ ਤਦੋਂ ਹੀ ਥਾਂ ਪੈ ਗਈਆਂ ਸਨ, ਪਰ ਇਕ ਹੋਰ ਕੌਤਕ ਹੈ ਕਿ ਅੱਜ ਥਾਂ ਪਈਆਂ, ਜਦ ਅਰਸ਼ੀ ਪ੍ਰੀਤਮ ਨੇ ਪਰਵਾਨ ਆਖੀਆਂ। ਪਰਵਾਨ ਬੀ ਅਗੇ ਆਖੀਆਂ ਸਨ, ਪਰ ਅਜ ਕੋਈ ਉਮਾਹ ਦਾ ਵੱਖਰਾ ਚੋਜ ਹੈ। ਅੱਜ ਪਰਵਾਨ ਹੋ ਗਏ, ਪੰਚ ਹੋ ਗਏ, ਪਰਧਾਨ ਹੋ ਗਏ, ਅੱਜ ਸਰੂਪ ਦਰ ਵਿਚ ਪ੍ਰਵਾਨ ਹੋਕੇ ਸੁਹ ਗਏ, ਸੁਹਬ ਗਏ, ਸੁਹਣੇ ਹੋ ਗਏ। ਹਾਂ, ਗੁਰ ਧਿਆਨ ਲਿਵਲੀਨ ਨਾ ਸੁਹਣੇ ਹੋਣ ਤਾਂ ਹੋਰ ਕੌਣ ਹੋਵੇ? ਤੱਕੋ ਸਾਰਿਆਂ ਦੇ ਲਿਬਾਸ ਬਦਲ ਗਏ, ਦਮਕਦੀਆਂ ਤਿੱਲੇ ਦੀਆਂ ਤਾਰਾਂ ਵਰਗੇ ਪ੍ਰਕਾਸ਼ੀ ਲਿਬਾਸ ਉੱਚੇ ਪ੍ਰਕਾਸ਼ ਵਾਲੇ ਹੋ ਗਏ, ਚੜ੍ਹਦੀਆਂ ਕਲਾਂ ਦੇ ਤੁਰਲੇ ਸਭ ਦੀਆਂ ਦਸਤਾਰਾਂ ਵਿਚ ਦਮਕ ਪਏ, ਮਸਤਕਾਂ ਪਰ ‘ਗੁਝੜਾ ਲਧਮੁ ਲਾਲ' ਦੀਆਂ ਮਣੀਆਂ ਲਟਕ ਪਈਆਂ, ਚਿਹਰਿਆਂ ਦੇ ਭਾਵ ਪ੍ਰਤਾਪਸ਼ੀਲ ਹੋ ਗਏ। ਰਾਜਾਨ ਅਰਥਾਤ ਰਾਜਿਆਂ ਵਾਂਙੂ ਪ੍ਰਤਾਪੀ ਤੇ ਜੱਸਵੀ ਤੇ ਸ਼ਕਤੀਮਾਨ ਹੋ ਗਏ, ਪਰ ਪਰਵਾਨ ਹੋਕੇ, ਪਿਆਰੇ ਦੀ ਪ੍ਰੀਤ ਤਾਰ ਵਿਚ, ਪ੍ਰੀਤਮ ਦੇ ਧਿਆਨ ਵਿਚ ਮਗਨ ਤੇ ਆਪ ਨਿਵਾਰੇ ਰੰਗ ਵਿਚ ਉੱਚੇ ਤੋਂ ਉੱਚੇ ਲਹਿਰੇ ਲੈ ਰਹੇ ਤੇ ਸਿਫਤ ਸਲਾਹਾਂ ਨਾਲ ਭਰ ਰਹੇ ਹਨ। ਪਰਵਾਨ ਹੋ ਗਏ, ਪਿਆਰੇ ਵੀਰੋ ! ਤੁਸੀਂ ਧੰਨ ਹੋ, ਵਧਾਈਆਂ ਜੋਗ ਹੋ, ਨਾਮ ਰੱਤੇ ਗੁਰਮੁਖੋ! ਕਿਉਂ ਨਾ ਸੁਖ ਪਾਓ, ਜਦ ਸੁਖ ਦਾਤਾ ਇਹ ਕਹਿ ਆਇਆ ਹੈ:-
ਧੰਨੁ ਧਨੁ ਭਾਗ ਤਿਨਾ ਭਗਤ ਜਨਾ ਜੋ ਹਰਿ ਨਾਮਾ ਹਰਿ ਮੁਖਿ ਕਹਤਿਆ॥ ਧਨੁ ਧਨੁ ਭਾਗ ਤਿਨਾ ਸੰਤ ਜਨਾ ਜੋ ਹਰਿ ਜਸੁ ਸ੍ਰਵਣੀ ਸੁਣਤਿਆ॥ ਧਨੁ ਧਨੁ ਭਾਗ ਤਿਨਾ ਸਾਧ ਜਨਾ ਹਰਿ ਕੀਰਤਨੁ ਗਾਇ ਗੁਣੀ ਜਨ ਬਣਤਿਆ॥ ਧਨੁ ਧਨੁ ਭਾਗ ਤਿਨਾ ਗੁਰਮੁਖਾ ਜੋ ਗੁਰਸਿਖ ਲੈ ਮਨੁ ਜਿਣਤਿਆ॥ ਸਭ ਦੁ ਵਡੇ ਭਾਗ ਗੁਰਸਿਖਾ ਕੇ ਜੋ ਗੁਰ ਚਰਣੀ ਸਿਖ ਪੜਤਿਆ॥
ਵਰ ਦਾਨ ਲੈਕੇ ਸਾਰੇ ਸਿੱਖੀ ਮੰਡਲ ਵਿਚ ਕੀਰਤਨ ਦੀ ਧੁਨਿ ਉਠੀ:-
ਧਨਾਸਰੀ ਮਹਲਾ ੫: ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ ॥ ਨਿਮਖ ਨਿਮਖ ਤੁਮ ਹੀ ਪ੍ਰਤਿਪਾਲਹੁ ਹਮ ਬਾਰਿਕ ਤੁਮਰੇ ਧਾਰੇ ॥੧॥ ਜਿਹਵਾ ਏਕ ਕਵਨ ਗੁਨ ਕਹੀਐ ॥ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤੁ ਨ ਕਿਨ ਹੀ ਲਹੀਐ ॥੧॥ ਰਹਾਉ ॥ ਕੋਟਿ ਪਰਾਧ ਹਮਾਰੇ ਖੰਡਹੁ ਅਨਿਕ ਬਿਧੀ ਸਮਝਾਵਹੁ ॥ ਹਮ ਅਗਿਆਨ ਅਲਪ ਮਤਿ ਥੋਰੀ ਤੁਮ ਆਪਨ ਬਿਰਦੁ ਰਖਾਵਹੁ ॥੨॥ ਤੁਮਰੀ ਸਰਣਿ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ॥ ਰਾਖਹੁ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ ॥
{ਤੀਸਰਾ ਆਤਮ ਲਹਿਰਾਉ}
ਮਿੱਸੀ ਮਿੱਸੀ ਲਹਿਰ, ਮਿੱਸੀ ਨਹੀਂ ਅਤਿ ਪ੍ਰਕਾਸ਼ ਦੇ ਕਾਰਨ ਅੱਖਾਂ ਨਾ ਤੱਕ ਸੱਕਣ ਦੇ ਸਬੱਬ ਮਿੱਸੀ ਮਿੱਸੀ ਲੱਗਣ ਵਾਲੀ ਚਾਨਣੀ ਦੀ ਇਕ ਲਹਿਰ ਆਈ, ਵੇਗ ਆਇਆ, ਖਿਨ ਵਿਚ ਮਾਨੋਂ ਅਸੰਖਾਂ ਅਸੰਖ ਕੋਹ ਦਾ ਚੱਕਰ ਲੰਘ ਗਿਆ। ਉਞ ਪੈਂਡੇ ਵਾਙੂ ਨਹੀਂ, ਹੋਇਆ ਤਾਂ ਹੋਰਵੇਂ, ਪਰ ਮਨੁੱਖੀ ਸਮਝ ਗੋਚਰਾ ਕਰਨ ਲਈ ਐਉਂ ਹੀ ਕਹਿ ਹੁੰਦਾ ਹੈ।
ਹੁਣ ਤਾਂ ਹੋਸ਼ ਦੇ ਖੰਭ ਸੜਦੇ ਹਨ, ਫਿਕਰ ਦੇ ਪੈਰ ਭੁੱਜਦੇ ਹਨ, ਸੋਚ ਦੀਆਂ ਲੱਤਾਂ ਟੁੱਟਦੀਆਂ ਹਨ; ਧਯਾਨ ਚੱਕਰ ਖਾਂਦੇ ਹਨ ਖਯਾਲ ਦੀ ਕੁਝ ਪੇਸ਼ ਨਹੀ ਜਾਂਦੀ, ਕੁਝ ਪਤਾ ਨਹੀ ਲੱਗਦਾ ਕਿ ਕੀ ਹੋ ਰਿਹਾ ਹੈ। ਬਿਹੋਸ਼ੀ ਹੈ ਅੱਗ ਬਲਦੀ ਹੈ, ਸਾੜ ਦੀ ਲਾਟ ਆਉਂਦੀ ਹੈ, ਸਾਡੇ ਸੰਸਾਰੀ ਬਸਤਰਾਂ, ਸ਼ਰੀਰ ਮਨ ਸਮਝ ਤਕ ਸਭ ਨੂੰ ਫੂਕ ਘੱਤਦੀ ਹੈ। ਇਕ ਫਟਾਕਾ ਵੱਜਦਾ ਹੈ, ਨਵੇਂ ਜਾਏ ਬੋਟ ਵਾਂਗੂੰ ਅਸੀਂ ਆਪਣੇ ਹੁਣ ਤੱਕ ਦੇ ਸਾਰੇ ਖੰਭਾਂ ਤੋਂ ਹੀਣ, ਪਰ ਕਿਸੇ ਅਤੀ ਅਕੱਥਨੀਯ ਨੂਰ ਦੇ ਨਿਆਣੇ ਬਾਲ ਬਣਕੇ ਸੁਤੇ ਗਿਆਨ ਵਿਚ ਮਗਨ ਸੁਤੇ ਰੰਗ ਵਿਚ, ਸੁਤੇ ਨਜ਼ਰ ਵਿਚ, ਸੁਤੇ ਦੇ ਦੇਖਣੇ ਦੇਖਦੇ ਹਾਂ। ਇਕ ਤਖ਼ਤ ਹੈ ਪਰ ਕੁਝ ਨਹੀਂ ਕਹਿ ਸਕਦੇ। ਐਉਂ ਜਾਪਦਾ ਹੈ ਡਲ੍ਹਕ ਦਰ ਡਲ੍ਹਕ ਹੈ, ਚਮਕ ਦਰ ਚਮਕ ਹੈ, ਉਸ ਪਰ ਨੌਂ ਪਾਤਸ਼ਾਹ ਬਿਰਾਜਮਾਨ ਹਨ, ਤੇਜ ਹੀ ਤੇਜ ਹੈ, ਮਹਾਂ ਪਾਵਨ, ਮਹਾਂ ਉੱਚਾ, ਮਹਾਂ ਤਰਲ, ਮਹਾਂ ਸੂਖਮ, ਪਰ ਮਹਾਂ ਬਲੀ ਤੇਜ ਨੂੰ । ਇੱਕੋ ਤੇਜ ਹੈ, ਪਰ ਫੇਰ ਨੌਂ ਭਾਹਾਂ ਮਾਰਦਾ ਹੈ, ਨੌਂ ਅੱਡ ਅੱਡ ਆਭਾ ਦਿਖਾਉਂਦਾ ਹੈ, ਪਰ ਫਿਰ ਹੈ ਇੱਕੋ। ਨੌਂ ਆਸਣ ਲੱਗੇ ਹਨ, ਉੱਪਰ ਨੌਂ ਜੋਤਾਂ ਦਮਕਾਂ ਦੇ ਰਹੀਆਂ ਹਨ, ਇਕ ਆਸਣ ਖਾਲੀ ਪਿਆ ਹੈ। ਜਦ ਗਹੁ ਕਰ ਤੱਕੋ ਤਾਂ ਅੱਖਾਂ ਮਿਟ ਮਿਟ ਜਾਂਦੀਆਂ ਹਨ, ਜੇ ਸੁਤੇ ਸਿਧ ਤੱਕੋ ਤਾਂ ਕੇਵਲ ਇਕ ਜੋਤਿ ਹੀ ਜੋਤਿ ਦੀਹਦੀ ਹੈ। ਪਤਾ ਨਹੀਂ ਏਥੇ ਦਸ ਆਸਣ ਹਨ ਕਿ ਅਸੀਂ ਦਸ ਆਸਣਾਂ ਦਾ ਧਿਆਨ ਲੈ ਕੇ ਆਏ ਹਾਂ। ਹੋਰ ਗਹੁ ਕਰਦੇ ਹਾਂ ਤਾਂ ਕੀ ਤੱਕਦੇ ਹਾਂ ਕਿ ਪ੍ਰਤਾਪਸ਼ੀਲ ਰਾਜਾ, ਉਹ ਸੱਚਾ ਪਾਤਸ਼ਾਹ, ਉਹ ਕਲਗੀਆਂ ਵਾਲਾ, ਉਹ ਮਹਿਮਾਂ ਵਾਲਾ; ਫੌਜਾਂ ਵਾਲਾ, ਮਨੁੱਖਾਂ ਵਿਚ ਮਨੁੱਖ ਦਿੱਸਦਾ ਪਰ ਅਸਲ ਵਿਚ ਇਨ੍ਹਾਂ ਮੰਡਲਾਂ ਦਾ ਪ੍ਰਤਾਪੀ ਤੇਜੱਸਵੀ ਪ੍ਰੀਤਮ, ਇਸ ਤਖ਼ਤ ਦੇ ਮੁਹਰੇ ਆ ਕੇ ਆਦਿ ਮੂਰਤੀ ਦੇ ਚਰਨਾਂ ਤੇ ਢਹਿ ਕੇ ਆਖਦਾ ਹੈ:-
“ ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ"
ਜੋ ਕਦੇ ਕਿਸੇ ਅੱਗੇ ਨਹੀਂ ਸੀ ਝੁਕਦਾ ਹੁੰਦਾ, ਅੱਜ ਵਾਰੋ ਵਾਰੀ ਨਵਾਂ ਹੀ ਅਕਾਲ ਮੂਰਤੀਆਂ ਅੱਗੇ ਝੁਕ ਰਿਹਾ ਹੈ। ਕੀ ਅਚਰਜ ਹੈ! ਹਾਂ ਪਰ ਸਾਡੇ ਲੋਕ ਵਿਚ ਬੀ ਤਾਂ ਝੁਕ ਗਿਆ ਹੈ, ਨਾਨਕ ਹੋ ਕੇ, ਹਾਂ ਜੀ, ਮਾਲਕ
ਹੁਣ ਦਸਵੀਂ ਗੱਦੀ ਸੱਖਣੀ ਨਾ ਰਹੀ, ਸਾਡੇ ਬਾਲਾ ਪ੍ਰੀਤਮ, ਸਾਡੇ ਪਿਆਰੇ ਪ੍ਰੀਤਮ, ਸਾਡੇ ਕਲਗ਼ੀਆਂ ਵਾਲੇ ਪ੍ਰੀਤਮ, ਸਾਡੇ ਅਰਸ਼ੀ ਪ੍ਰੀਤਮ ਇਥੇ ਸ਼ੋਭ ਗਏ।
ਔਹ ਤੱਕੋ! ਉਸ ਤੇਜ ਵਿਚ ਹਿਲੋਰਾ ਆਇਆ, ਦਸੇ ਰੂਪ ਇਕ ਹੋ ਗਏ, ਹੁਣ ਕਿੰਨੀ ਨੀਝ ਲਾਓ, ਇਕੋ ਰੂਪ ਦੀਹਦਾ ਹੈ। ਸੱਤੇ ਬਲਵੰਡ ਨੇ ਸੱਚ ਕਿਹਾ ਸੀ”-
ਜੋਤਿ ਸਮਾਣੀ ਜੋਤਿ ਮਾਹਿ ਆਪੁ ਆਪੈ ਸੇਤੀ ਮਿਕਿਓਨੁ॥
ਲਓ ਬਈ ਇਹ ਦਸ ਰੰਗਾਂ ਤੋਂ ਇਕ ਚਾਨਣੇ ਰੰਗੀ ਬਣੀ ਜੋਤਿ, ਇਹ ਇਕੋ ਇਕ ਜੋਤਿ ਹੁਣ ਏਥੋਂ ਟੁਰ ਪਈ।
ਹੁਣ ਇਸ ਤੋਂ ਅੱਗੇ ਏਹੋ ਹੀ ਜੋਤਿ ਜਾ ਸਕਦੀ ਹੈ, ਸੋ ਅਸੀਂ ਤਾਂ ਏਥੇ ਹੀ ਖੜੇ ਰਹਿ ਗਏ। ਇਹ ਜੋਤਿ ਟੁਰ ਪਈ, ਦੂਰ ਦੂਰ ਚਲੀ ਗਈ, ਦੂਰ ਕੀ ਨੇੜੇ ਤੋਂ ਨੇੜੇ ਚਲੀ ਗਈ, ਕਿੱਥੇ ਚਲੀ ਗਈ ਜਿਥੇ ਦੂਰ ਨੇੜੇ ਕਹਿਣਾ ਖ਼ਤਾ ਤੁੱਲ ਹੈ। ਜਿਥੇ ਇਹ ਜੋਤਿ ਗਈ, ਓਥੇ ਅੱਗੇ ਇਕ ਜੋਤਿ ਸੀ, ਇਹ ਜੋਤਿ ਉਸ ਜੋਤਿ ਵਿੱਚ ਘੁਲ ਮਿਲ ਗਈ। ਜਿਕੂੰ ਦੋ ਦੀਵਿਆਂ ਦਾ ਚਾਨਣਾ ਘੁਲ ਮਿਲ ਜਾਂਦਾ ਹੈ ਤੇ ਪਤਾ ਨਹੀਂ ਲਗਦਾ; ਤਿੱਕੁਰ ਇਹ ਦੋਵੇਂ ਚਾਨਣੇ ਨਹੀਂ ਨਹੀਂ, ਇਹ ਦੋਵੇਂ ਜੋਤਾਂ ਮਿਲ ਗਈਆਂ। ਇਸ ਜੋਤਿ ਦਾ ਤੇਜ ਅਕੱਥਨੀਯ ਹੈ, ਸਭ ਵਰਣਨਾਂ ਤੋਂ ਬਾਹਰ ਹੈ, ਇਸ ਦਾ ਤੇਜ ਅਖੰਡ ਅਰ ਅਝੱਲ ਹੈ। ਇਥੇ ਵਰਤਦਾ ਇਕ ਦੂਰੋਂ ਡਿੱਠਾ ਕੌਤਕ ਜੋ ਸਾਡੀ ਸਮਝ ਗੋਚਰਾ ਹੋਣ ਲਈ ਕਿਹਾ ਜਾ ਸਕਦਾ ਹੈ ਐਉਂ ਹੈ:-
ਪਰਮ ਜੋਤ ਇਕ ਮਹਾਨ ਦਿੱਬ ਮੂਲ ਤੱਤ, ਪਰਮ ਤੱਤਾਂ ਦੇ ਪਰਮ ਤਤ, ਅਸਲੋਂ, ਅਖੀਰ ਦਾ ਅਸਲੀ ਸਰੂਪ, ਅਰੂਪ, ਅਰੰਗ, ਤੇਜਮਯ, ਤੇਜਪੁੰਜ ਤੇਜ, ਆਪ ਸਾਰੇ ਤੇਜਾਂ ਦਾ ਤੇਜ, ਪ੍ਰਕਾਸ਼ਾਂ ਦਾ ਪ੍ਰਕਾਸ਼ ਬ੍ਰਹਮੰਡ ਦਾ ਮਾਲਕ ਹੈ, ‘ਵਾਹਿਗੁਰੂ' ਉਸ ਦਾ ਨਾਉਂ ਸਾਡੇ ਵਿਚ ਪ੍ਰਸਿੱਧ ਹੈ, ਓਹ ਸਮਝੋ ਇਕ ਮਹਾਨ ਹੀ, ਅਤਿ ਹੀ ਵਧਵੇਂ ਆਪਣੇ ਪ੍ਰਕਾਸ਼ ਸਰੂਪ ਵਿਚ ਇਸਥਿਤ ਹੈ, ਕਿ ਉਸ ਪਰਮ ਜਯੋਤੀ ਦੀ ਹਜ਼ੂਰੀ ਇਹ ਜਯੋਤੀ ਸਰੂਪ ਪਹੁੰਚਦੇ ਹਨ। ਪਿਤਾ ਵਤ ਕ੍ਰਿਪਾਲ ਹੋ ਕੇ ਪਰਮ-ਜਯੋਤੀ ਜੀ ਇਸ ਚਰਨ ਚੁੰਮਦੀ ਜਯੋਤ ਨੂੰ ਗੋਦੀ ਵਿਚ ਲੈ ਕੇ ਪਿਆਰ ਦੇਂਦੇ ਤੇ ਸ਼ਾਬਾਸ਼ ਆਖਦੇ ਤੇ ਸਫਲ ਘਾਲ, ਸਫਲ ਕਮਾਈ, ਸਫਲ ਰਜ਼ਾ ਮੰਨਣ ਕਹਿ ਕਹਿ ਕੇ ਪਿਆਰ ਦੇਂਦੇ ਹਨ। ਫੇਰ ਆਖਦੇ ਹਨ “ਬੇਟਾ! 'ਅਕਾਲੀ ਬੇੜਾ' ਬਣਾਓ, ਬ੍ਰਹਮੰਡ ਦਾ ਪ੍ਰਬੰਧ ਹੁਣ ਤੁਹਾਡੇ ਹੱਥ ਹੈ। ਅਰੂਪ ਰੂਪ ਵਿਚ ਵੱਸੋ, ਉੱਚੇ ਮੰਡਲਾਂ ਵਿਚ ਵੱਸੋ, ਮੇਰੀ ਗੋਦ ਵਿਚ ਖੇਲੋ, ਮੇਰੇ ਵਿਚ ਵੱਸੋ, ਮੇਰੀ ਗੋਦ ਤੋਂ ਬ੍ਰਹਮੰਡ ਦੀ ਹਰ ਨੁੱਕਰ ਤਕ ਤੁਸਾਨੂੰ ਸੁਤੰਤ੍ਰ ਖੁਲ੍ਹ ਹੈ, ਸਾਰੇ ਦੇ ਮਾਲਕ ਹੋ; ਸਭ ਸ਼ਕਤੀਆਂ ਗੁਪਤ ਪ੍ਰਗਟ ਤੁਸਾਡੇ ਹੁਕਮ ਵਿਚ ਹਨ। ਜਾਓ ਸਾਰੇ ਜੱਗ ਦਾ ਪ੍ਰਬੰਧ ਸੰਭਾਲੋ! ਤੁਸਾਂ ਆਪਾ ਨਿਵਾਰਕੇ ਕੇਵਲ ਤੇ ਨਿਸ਼ਕਾਮ ਰਹਿਕੇ