ਆਰਤੀ ਦੇ ਮਗਰੋਂ ਸਾਰੇ ਸਜਣ ਬਿਰਾਜ ਗਏ, ਪਰ ਬਾਹਰ ਖੜੇ ਸਾਰੇ ਦਿੱਬ ਰੂਪੀ ਨਿਵੇਂ ਖੜੇ ਹਨ ਅਰ ਕੀਰਤਨ ਕਰ ਰਹੇ ਹਨ, ਜਿਸ ਦੀ ਮਧੁਰ ਧੁਨੀ ਤੰਬੂਰੇ ਦੀ ਗੂੰਜ ਵਾਂਙੂ ਅੰਦਰ ਜਾ ਰਹੀ ਹੈ।
ਤਖ਼ਤ ਪਰ ਉਹੋ ਮਾਤ ਲੋਕ ਵਿਚ ਵਿਚਰਨ ਵਾਲੇ ਪ੍ਰੀਤਮ, ਪਰ ਅਸਲ ਵਿਚ ਸਾਰੇ ਅਰਸ਼ਾਂ ਦੇ ਮਾਲਿਕ 'ਅਰਸ਼ੀ ਪ੍ਰੀਤਮ' ਕਲਗ਼ੀਆਂ ਵਾਲੇ, ਸ਼ਕਤੀਆਂ ਵਾਲੇ, ਨੈਣ ਖੁਹਲਕੇ ਨਦਰ ਨਾਲ, ਮਿਹਰ ਦੀ ਨਜ਼ਰ ਨਾਲ, ਤਾਰ ਲੈਣ ਵਾਲੀ ਨਜ਼ਰ ਨਾਲ ਤੱਕ ਰਹੇ ਹਨ। ਆਪ ਦੇ ਖੱਬੇ ਪਾਸੇ ਦੇ ਹੱਥ ਦੀ ਛਾਪ ਵਿਚ ਲਿਖਿਆ ਹੈ 'ਕੁੱਲ ਅਦੇਵ ਸ਼ਕਤੀਆਂ ਪਰ ਹੁਕਮ।' ਸੱਜੇ ਹੱਥ ਦੀ ਛਾਪ ਵਿਚ ਲਿਖਿਆ ‘ਕੁਲ ਦੇਵ ਸ਼ਕਤੀਆਂ ਪਰ ਹੁਕਮ'।
ਹੁਣ ਇਸ ਤਾਰਨਹਾਰ ਤੇ ਉੱਚਮੰਡਲਾਂ ਦੇ ਪ੍ਰੀਤਮ ਜੀ ਦਾ ਮਨ ਬਖਸ਼ਿੰਦ ਤੇ ਪ੍ਰਤਿਪਾਲ ਮਨ ਲਹਿਰੇ ਵਿਚ ਆਇਆ, ਅਵਾਜ਼ ਆਈ ! “ਧੰਨ ਭਾਈ ਬੁੱਢਾ ਛੇ ਜਾਮਿਆਂ ਦਾ ਮਿੱਤ੍ਰ! ਸੱਚਾ ਮਿੱਤ੍ਰ ! ਤੇਰੀ ਪ੍ਰੀਤ, ਤੇਰੀ ਘਾਲ ਸਫਲ । ਵਾਹ ਭਾਈ ਗੁਰਦਾਸ ! ਜ਼ਿੰਦਗੀ ਦੇ ਕਵੀ ਰੱਬੀ ਰਚਨਾਂ ਵਾਲਿਆ ਗੁਰ ਕੀਰਤਨੀਆਂ! ਭਾਈ ਜੀ ! ਭਾਈ ਜੀ ! ਸਦਾ ਥਿਰ ਜੀ! ਤੇ ਸਾਡਾ ਹਸਮੁਖੀਆ ਤੇ ਰੁੱਸ ਰੁੱਸ ਕੇ ਪ੍ਰੀਤ ਕਰਨ ਵਾਲਾ ਸੁੱਚੇ ਮਰਦਾਂ ਦਾ ਮਰਦ ਮਰਦਾਨਾਂ, ਜੰਗਲਾਂ ਵਿਚ ਸਾਥ ਦੇਣ ਵਾਲਿਆ! ਬਈ ਮਿੱਤ੍ਰਾ ! ਏਸ ਦੇਸ਼ ਵਿਚ ਜੀਉ, ਜਿਥੇ ਕਦੇ ਭੁੱਖ ਨਹੀਂ। ਡਿੱਠਾ ਹਈ ਮੈਂ ਕਿਸ ਭੋਜਨ ਆਸਰੇ ਜੀਉਂਦਾ ਸੀ? ਤੂੰ ਬੀ ਹੁਣ ਖਾਹ, 'ਖਾਵਹਿ ਖਰਚਹਿ ਰਲਿ ਮਿਲਿ ਭਾਈ॥ ਤੋਟਿ ਨ ਆਵੈ ਵਧਦੋ ਜਾਈ॥' ਭਾਈ ਨੰਦ ਲਾਲ ਜੀ, ਜ਼ਿੰਦਗੀ ਨਾਮੇ ਆਏ, ਸਾਡੇ ਮਾਤ ਲੋਕ ਦੇ ਕਵੀ ਰਾਜ ਆਏ, ਜੀਉ! ਭਾਈ ਜੀਉ! ਸਦਾ ਜੀਉ।
ਐਸ ਤਰ੍ਹਾਂ ਨਾਲ ਦਸਾਂ ਹੀ ਜਾਮਿਆਂ ਦੇ ਇਕ ਇਕ ਪਿਆਰੇ, ਸਿਰੇ ਚੜ੍ਹੇ, ਭਗਤੀ ਪੁਗਾਏ, ਵੈਰਾਗੀ ਪਰ ਰਸੀਏ ਪੂਰਨ ਹੋਏ ਸਿੱਖਾਂ ਦੇ ਜੋ ਕੇਵਲ ਇਸ ਦਰਬਾਰ ਵਿਚ ਜਗਮਗ ਕਰ ਰਹੇ ਸੇ, ਸਤਿਗੁਰ ਨੇ ਨਾਮ ਲਏ ਤੇ ਵਰ ਦਾਨ ਦਿੱਤੇ। ਘਾਲਾਂ ਜਦੋਂ ਕੀਤੀਆਂ ਤਦੋਂ ਹੀ ਥਾਂ ਪੈ ਗਈਆਂ ਸਨ, ਪਰ ਇਕ ਹੋਰ ਕੌਤਕ ਹੈ ਕਿ ਅੱਜ ਥਾਂ ਪਈਆਂ, ਜਦ ਅਰਸ਼ੀ ਪ੍ਰੀਤਮ ਨੇ ਪਰਵਾਨ ਆਖੀਆਂ। ਪਰਵਾਨ ਬੀ ਅਗੇ ਆਖੀਆਂ ਸਨ, ਪਰ ਅਜ ਕੋਈ ਉਮਾਹ ਦਾ ਵੱਖਰਾ ਚੋਜ ਹੈ। ਅੱਜ ਪਰਵਾਨ ਹੋ ਗਏ, ਪੰਚ ਹੋ ਗਏ, ਪਰਧਾਨ ਹੋ ਗਏ, ਅੱਜ ਸਰੂਪ ਦਰ ਵਿਚ ਪ੍ਰਵਾਨ ਹੋਕੇ ਸੁਹ ਗਏ, ਸੁਹਬ ਗਏ, ਸੁਹਣੇ ਹੋ ਗਏ। ਹਾਂ, ਗੁਰ ਧਿਆਨ ਲਿਵਲੀਨ ਨਾ ਸੁਹਣੇ ਹੋਣ ਤਾਂ ਹੋਰ ਕੌਣ ਹੋਵੇ? ਤੱਕੋ ਸਾਰਿਆਂ ਦੇ ਲਿਬਾਸ ਬਦਲ ਗਏ, ਦਮਕਦੀਆਂ ਤਿੱਲੇ ਦੀਆਂ ਤਾਰਾਂ ਵਰਗੇ ਪ੍ਰਕਾਸ਼ੀ ਲਿਬਾਸ ਉੱਚੇ ਪ੍ਰਕਾਸ਼ ਵਾਲੇ ਹੋ ਗਏ, ਚੜ੍ਹਦੀਆਂ ਕਲਾਂ ਦੇ ਤੁਰਲੇ ਸਭ ਦੀਆਂ ਦਸਤਾਰਾਂ ਵਿਚ ਦਮਕ ਪਏ, ਮਸਤਕਾਂ ਪਰ ‘ਗੁਝੜਾ ਲਧਮੁ ਲਾਲ' ਦੀਆਂ ਮਣੀਆਂ ਲਟਕ ਪਈਆਂ, ਚਿਹਰਿਆਂ ਦੇ ਭਾਵ ਪ੍ਰਤਾਪਸ਼ੀਲ ਹੋ ਗਏ। ਰਾਜਾਨ ਅਰਥਾਤ ਰਾਜਿਆਂ ਵਾਂਙੂ ਪ੍ਰਤਾਪੀ ਤੇ ਜੱਸਵੀ ਤੇ ਸ਼ਕਤੀਮਾਨ ਹੋ ਗਏ, ਪਰ ਪਰਵਾਨ ਹੋਕੇ, ਪਿਆਰੇ ਦੀ ਪ੍ਰੀਤ ਤਾਰ ਵਿਚ, ਪ੍ਰੀਤਮ ਦੇ ਧਿਆਨ ਵਿਚ ਮਗਨ ਤੇ ਆਪ ਨਿਵਾਰੇ ਰੰਗ ਵਿਚ ਉੱਚੇ ਤੋਂ ਉੱਚੇ ਲਹਿਰੇ ਲੈ ਰਹੇ ਤੇ ਸਿਫਤ ਸਲਾਹਾਂ ਨਾਲ ਭਰ ਰਹੇ ਹਨ। ਪਰਵਾਨ ਹੋ ਗਏ, ਪਿਆਰੇ ਵੀਰੋ ! ਤੁਸੀਂ ਧੰਨ ਹੋ, ਵਧਾਈਆਂ ਜੋਗ ਹੋ, ਨਾਮ ਰੱਤੇ ਗੁਰਮੁਖੋ! ਕਿਉਂ ਨਾ ਸੁਖ ਪਾਓ, ਜਦ ਸੁਖ ਦਾਤਾ ਇਹ ਕਹਿ ਆਇਆ ਹੈ:-
ਧੰਨੁ ਧਨੁ ਭਾਗ ਤਿਨਾ ਭਗਤ ਜਨਾ ਜੋ ਹਰਿ ਨਾਮਾ ਹਰਿ ਮੁਖਿ ਕਹਤਿਆ॥ ਧਨੁ ਧਨੁ ਭਾਗ ਤਿਨਾ ਸੰਤ ਜਨਾ ਜੋ ਹਰਿ ਜਸੁ ਸ੍ਰਵਣੀ ਸੁਣਤਿਆ॥ ਧਨੁ ਧਨੁ ਭਾਗ ਤਿਨਾ ਸਾਧ ਜਨਾ ਹਰਿ ਕੀਰਤਨੁ ਗਾਇ ਗੁਣੀ ਜਨ ਬਣਤਿਆ॥ ਧਨੁ ਧਨੁ ਭਾਗ ਤਿਨਾ ਗੁਰਮੁਖਾ ਜੋ ਗੁਰਸਿਖ ਲੈ ਮਨੁ ਜਿਣਤਿਆ॥ ਸਭ ਦੁ ਵਡੇ ਭਾਗ ਗੁਰਸਿਖਾ ਕੇ ਜੋ ਗੁਰ ਚਰਣੀ ਸਿਖ ਪੜਤਿਆ॥
ਵਰ ਦਾਨ ਲੈਕੇ ਸਾਰੇ ਸਿੱਖੀ ਮੰਡਲ ਵਿਚ ਕੀਰਤਨ ਦੀ ਧੁਨਿ ਉਠੀ:-
ਧਨਾਸਰੀ ਮਹਲਾ ੫: ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ ॥ ਨਿਮਖ ਨਿਮਖ ਤੁਮ ਹੀ ਪ੍ਰਤਿਪਾਲਹੁ ਹਮ ਬਾਰਿਕ ਤੁਮਰੇ ਧਾਰੇ ॥੧॥ ਜਿਹਵਾ ਏਕ ਕਵਨ ਗੁਨ ਕਹੀਐ ॥ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤੁ ਨ ਕਿਨ ਹੀ ਲਹੀਐ ॥੧॥ ਰਹਾਉ ॥ ਕੋਟਿ ਪਰਾਧ ਹਮਾਰੇ ਖੰਡਹੁ ਅਨਿਕ ਬਿਧੀ ਸਮਝਾਵਹੁ ॥ ਹਮ ਅਗਿਆਨ ਅਲਪ ਮਤਿ ਥੋਰੀ ਤੁਮ ਆਪਨ ਬਿਰਦੁ ਰਖਾਵਹੁ ॥੨॥ ਤੁਮਰੀ ਸਰਣਿ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ॥ ਰਾਖਹੁ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ ॥
{ਤੀਸਰਾ ਆਤਮ ਲਹਿਰਾਉ}
ਮਿੱਸੀ ਮਿੱਸੀ ਲਹਿਰ, ਮਿੱਸੀ ਨਹੀਂ ਅਤਿ ਪ੍ਰਕਾਸ਼ ਦੇ ਕਾਰਨ ਅੱਖਾਂ ਨਾ ਤੱਕ ਸੱਕਣ ਦੇ ਸਬੱਬ ਮਿੱਸੀ ਮਿੱਸੀ ਲੱਗਣ ਵਾਲੀ ਚਾਨਣੀ ਦੀ ਇਕ ਲਹਿਰ ਆਈ, ਵੇਗ ਆਇਆ, ਖਿਨ ਵਿਚ ਮਾਨੋਂ ਅਸੰਖਾਂ ਅਸੰਖ ਕੋਹ ਦਾ ਚੱਕਰ ਲੰਘ ਗਿਆ। ਉਞ ਪੈਂਡੇ ਵਾਙੂ ਨਹੀਂ, ਹੋਇਆ ਤਾਂ ਹੋਰਵੇਂ, ਪਰ ਮਨੁੱਖੀ ਸਮਝ ਗੋਚਰਾ ਕਰਨ ਲਈ ਐਉਂ ਹੀ ਕਹਿ ਹੁੰਦਾ ਹੈ।
ਹੁਣ ਤਾਂ ਹੋਸ਼ ਦੇ ਖੰਭ ਸੜਦੇ ਹਨ, ਫਿਕਰ ਦੇ ਪੈਰ ਭੁੱਜਦੇ ਹਨ, ਸੋਚ ਦੀਆਂ ਲੱਤਾਂ ਟੁੱਟਦੀਆਂ ਹਨ; ਧਯਾਨ ਚੱਕਰ ਖਾਂਦੇ ਹਨ ਖਯਾਲ ਦੀ ਕੁਝ ਪੇਸ਼ ਨਹੀ ਜਾਂਦੀ, ਕੁਝ ਪਤਾ ਨਹੀ ਲੱਗਦਾ ਕਿ ਕੀ ਹੋ ਰਿਹਾ ਹੈ। ਬਿਹੋਸ਼ੀ ਹੈ ਅੱਗ ਬਲਦੀ ਹੈ, ਸਾੜ ਦੀ ਲਾਟ ਆਉਂਦੀ ਹੈ, ਸਾਡੇ ਸੰਸਾਰੀ ਬਸਤਰਾਂ, ਸ਼ਰੀਰ ਮਨ ਸਮਝ ਤਕ ਸਭ ਨੂੰ ਫੂਕ ਘੱਤਦੀ ਹੈ। ਇਕ ਫਟਾਕਾ ਵੱਜਦਾ ਹੈ, ਨਵੇਂ ਜਾਏ ਬੋਟ ਵਾਂਗੂੰ ਅਸੀਂ ਆਪਣੇ ਹੁਣ ਤੱਕ ਦੇ ਸਾਰੇ ਖੰਭਾਂ ਤੋਂ ਹੀਣ, ਪਰ ਕਿਸੇ ਅਤੀ ਅਕੱਥਨੀਯ ਨੂਰ ਦੇ ਨਿਆਣੇ ਬਾਲ ਬਣਕੇ ਸੁਤੇ ਗਿਆਨ ਵਿਚ ਮਗਨ ਸੁਤੇ ਰੰਗ ਵਿਚ, ਸੁਤੇ ਨਜ਼ਰ ਵਿਚ, ਸੁਤੇ ਦੇ ਦੇਖਣੇ ਦੇਖਦੇ ਹਾਂ। ਇਕ ਤਖ਼ਤ ਹੈ ਪਰ ਕੁਝ ਨਹੀਂ ਕਹਿ ਸਕਦੇ। ਐਉਂ ਜਾਪਦਾ ਹੈ ਡਲ੍ਹਕ ਦਰ ਡਲ੍ਹਕ ਹੈ, ਚਮਕ ਦਰ ਚਮਕ ਹੈ, ਉਸ ਪਰ ਨੌਂ ਪਾਤਸ਼ਾਹ ਬਿਰਾਜਮਾਨ ਹਨ, ਤੇਜ ਹੀ ਤੇਜ ਹੈ, ਮਹਾਂ ਪਾਵਨ, ਮਹਾਂ ਉੱਚਾ, ਮਹਾਂ ਤਰਲ, ਮਹਾਂ ਸੂਖਮ, ਪਰ ਮਹਾਂ ਬਲੀ ਤੇਜ ਨੂੰ । ਇੱਕੋ ਤੇਜ ਹੈ, ਪਰ ਫੇਰ ਨੌਂ ਭਾਹਾਂ ਮਾਰਦਾ ਹੈ, ਨੌਂ ਅੱਡ ਅੱਡ ਆਭਾ ਦਿਖਾਉਂਦਾ ਹੈ, ਪਰ ਫਿਰ ਹੈ ਇੱਕੋ। ਨੌਂ ਆਸਣ ਲੱਗੇ ਹਨ, ਉੱਪਰ ਨੌਂ ਜੋਤਾਂ ਦਮਕਾਂ ਦੇ ਰਹੀਆਂ ਹਨ, ਇਕ ਆਸਣ ਖਾਲੀ ਪਿਆ ਹੈ। ਜਦ ਗਹੁ ਕਰ ਤੱਕੋ ਤਾਂ ਅੱਖਾਂ ਮਿਟ ਮਿਟ ਜਾਂਦੀਆਂ ਹਨ, ਜੇ ਸੁਤੇ ਸਿਧ ਤੱਕੋ ਤਾਂ ਕੇਵਲ ਇਕ ਜੋਤਿ ਹੀ ਜੋਤਿ ਦੀਹਦੀ ਹੈ। ਪਤਾ ਨਹੀਂ ਏਥੇ ਦਸ ਆਸਣ ਹਨ ਕਿ ਅਸੀਂ ਦਸ ਆਸਣਾਂ ਦਾ ਧਿਆਨ ਲੈ ਕੇ ਆਏ ਹਾਂ। ਹੋਰ ਗਹੁ ਕਰਦੇ ਹਾਂ ਤਾਂ ਕੀ ਤੱਕਦੇ ਹਾਂ ਕਿ ਪ੍ਰਤਾਪਸ਼ੀਲ ਰਾਜਾ, ਉਹ ਸੱਚਾ ਪਾਤਸ਼ਾਹ, ਉਹ ਕਲਗੀਆਂ ਵਾਲਾ, ਉਹ ਮਹਿਮਾਂ ਵਾਲਾ; ਫੌਜਾਂ ਵਾਲਾ, ਮਨੁੱਖਾਂ ਵਿਚ ਮਨੁੱਖ ਦਿੱਸਦਾ ਪਰ ਅਸਲ ਵਿਚ ਇਨ੍ਹਾਂ ਮੰਡਲਾਂ ਦਾ ਪ੍ਰਤਾਪੀ ਤੇਜੱਸਵੀ ਪ੍ਰੀਤਮ, ਇਸ ਤਖ਼ਤ ਦੇ ਮੁਹਰੇ ਆ ਕੇ ਆਦਿ ਮੂਰਤੀ ਦੇ ਚਰਨਾਂ ਤੇ ਢਹਿ ਕੇ ਆਖਦਾ ਹੈ:-
“ ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ"
ਜੋ ਕਦੇ ਕਿਸੇ ਅੱਗੇ ਨਹੀਂ ਸੀ ਝੁਕਦਾ ਹੁੰਦਾ, ਅੱਜ ਵਾਰੋ ਵਾਰੀ ਨਵਾਂ ਹੀ ਅਕਾਲ ਮੂਰਤੀਆਂ ਅੱਗੇ ਝੁਕ ਰਿਹਾ ਹੈ। ਕੀ ਅਚਰਜ ਹੈ! ਹਾਂ ਪਰ ਸਾਡੇ ਲੋਕ ਵਿਚ ਬੀ ਤਾਂ ਝੁਕ ਗਿਆ ਹੈ, ਨਾਨਕ ਹੋ ਕੇ, ਹਾਂ ਜੀ, ਮਾਲਕ
ਹੁਣ ਦਸਵੀਂ ਗੱਦੀ ਸੱਖਣੀ ਨਾ ਰਹੀ, ਸਾਡੇ ਬਾਲਾ ਪ੍ਰੀਤਮ, ਸਾਡੇ ਪਿਆਰੇ ਪ੍ਰੀਤਮ, ਸਾਡੇ ਕਲਗ਼ੀਆਂ ਵਾਲੇ ਪ੍ਰੀਤਮ, ਸਾਡੇ ਅਰਸ਼ੀ ਪ੍ਰੀਤਮ ਇਥੇ ਸ਼ੋਭ ਗਏ।
ਔਹ ਤੱਕੋ! ਉਸ ਤੇਜ ਵਿਚ ਹਿਲੋਰਾ ਆਇਆ, ਦਸੇ ਰੂਪ ਇਕ ਹੋ ਗਏ, ਹੁਣ ਕਿੰਨੀ ਨੀਝ ਲਾਓ, ਇਕੋ ਰੂਪ ਦੀਹਦਾ ਹੈ। ਸੱਤੇ ਬਲਵੰਡ ਨੇ ਸੱਚ ਕਿਹਾ ਸੀ”-
ਜੋਤਿ ਸਮਾਣੀ ਜੋਤਿ ਮਾਹਿ ਆਪੁ ਆਪੈ ਸੇਤੀ ਮਿਕਿਓਨੁ॥
ਲਓ ਬਈ ਇਹ ਦਸ ਰੰਗਾਂ ਤੋਂ ਇਕ ਚਾਨਣੇ ਰੰਗੀ ਬਣੀ ਜੋਤਿ, ਇਹ ਇਕੋ ਇਕ ਜੋਤਿ ਹੁਣ ਏਥੋਂ ਟੁਰ ਪਈ।
ਹੁਣ ਇਸ ਤੋਂ ਅੱਗੇ ਏਹੋ ਹੀ ਜੋਤਿ ਜਾ ਸਕਦੀ ਹੈ, ਸੋ ਅਸੀਂ ਤਾਂ ਏਥੇ ਹੀ ਖੜੇ ਰਹਿ ਗਏ। ਇਹ ਜੋਤਿ ਟੁਰ ਪਈ, ਦੂਰ ਦੂਰ ਚਲੀ ਗਈ, ਦੂਰ ਕੀ ਨੇੜੇ ਤੋਂ ਨੇੜੇ ਚਲੀ ਗਈ, ਕਿੱਥੇ ਚਲੀ ਗਈ ਜਿਥੇ ਦੂਰ ਨੇੜੇ ਕਹਿਣਾ ਖ਼ਤਾ ਤੁੱਲ ਹੈ। ਜਿਥੇ ਇਹ ਜੋਤਿ ਗਈ, ਓਥੇ ਅੱਗੇ ਇਕ ਜੋਤਿ ਸੀ, ਇਹ ਜੋਤਿ ਉਸ ਜੋਤਿ ਵਿੱਚ ਘੁਲ ਮਿਲ ਗਈ। ਜਿਕੂੰ ਦੋ ਦੀਵਿਆਂ ਦਾ ਚਾਨਣਾ ਘੁਲ ਮਿਲ ਜਾਂਦਾ ਹੈ ਤੇ ਪਤਾ ਨਹੀਂ ਲਗਦਾ; ਤਿੱਕੁਰ ਇਹ ਦੋਵੇਂ ਚਾਨਣੇ ਨਹੀਂ ਨਹੀਂ, ਇਹ ਦੋਵੇਂ ਜੋਤਾਂ ਮਿਲ ਗਈਆਂ। ਇਸ ਜੋਤਿ ਦਾ ਤੇਜ ਅਕੱਥਨੀਯ ਹੈ, ਸਭ ਵਰਣਨਾਂ ਤੋਂ ਬਾਹਰ ਹੈ, ਇਸ ਦਾ ਤੇਜ ਅਖੰਡ ਅਰ ਅਝੱਲ ਹੈ। ਇਥੇ ਵਰਤਦਾ ਇਕ ਦੂਰੋਂ ਡਿੱਠਾ ਕੌਤਕ ਜੋ ਸਾਡੀ ਸਮਝ ਗੋਚਰਾ ਹੋਣ ਲਈ ਕਿਹਾ ਜਾ ਸਕਦਾ ਹੈ ਐਉਂ ਹੈ:-
ਪਰਮ ਜੋਤ ਇਕ ਮਹਾਨ ਦਿੱਬ ਮੂਲ ਤੱਤ, ਪਰਮ ਤੱਤਾਂ ਦੇ ਪਰਮ ਤਤ, ਅਸਲੋਂ, ਅਖੀਰ ਦਾ ਅਸਲੀ ਸਰੂਪ, ਅਰੂਪ, ਅਰੰਗ, ਤੇਜਮਯ, ਤੇਜਪੁੰਜ ਤੇਜ, ਆਪ ਸਾਰੇ ਤੇਜਾਂ ਦਾ ਤੇਜ, ਪ੍ਰਕਾਸ਼ਾਂ ਦਾ ਪ੍ਰਕਾਸ਼ ਬ੍ਰਹਮੰਡ ਦਾ ਮਾਲਕ ਹੈ, ‘ਵਾਹਿਗੁਰੂ' ਉਸ ਦਾ ਨਾਉਂ ਸਾਡੇ ਵਿਚ ਪ੍ਰਸਿੱਧ ਹੈ, ਓਹ ਸਮਝੋ ਇਕ ਮਹਾਨ ਹੀ, ਅਤਿ ਹੀ ਵਧਵੇਂ ਆਪਣੇ ਪ੍ਰਕਾਸ਼ ਸਰੂਪ ਵਿਚ ਇਸਥਿਤ ਹੈ, ਕਿ ਉਸ ਪਰਮ ਜਯੋਤੀ ਦੀ ਹਜ਼ੂਰੀ ਇਹ ਜਯੋਤੀ ਸਰੂਪ ਪਹੁੰਚਦੇ ਹਨ। ਪਿਤਾ ਵਤ ਕ੍ਰਿਪਾਲ ਹੋ ਕੇ ਪਰਮ-ਜਯੋਤੀ ਜੀ ਇਸ ਚਰਨ ਚੁੰਮਦੀ ਜਯੋਤ ਨੂੰ ਗੋਦੀ ਵਿਚ ਲੈ ਕੇ ਪਿਆਰ ਦੇਂਦੇ ਤੇ ਸ਼ਾਬਾਸ਼ ਆਖਦੇ ਤੇ ਸਫਲ ਘਾਲ, ਸਫਲ ਕਮਾਈ, ਸਫਲ ਰਜ਼ਾ ਮੰਨਣ ਕਹਿ ਕਹਿ ਕੇ ਪਿਆਰ ਦੇਂਦੇ ਹਨ। ਫੇਰ ਆਖਦੇ ਹਨ “ਬੇਟਾ! 'ਅਕਾਲੀ ਬੇੜਾ' ਬਣਾਓ, ਬ੍ਰਹਮੰਡ ਦਾ ਪ੍ਰਬੰਧ ਹੁਣ ਤੁਹਾਡੇ ਹੱਥ ਹੈ। ਅਰੂਪ ਰੂਪ ਵਿਚ ਵੱਸੋ, ਉੱਚੇ ਮੰਡਲਾਂ ਵਿਚ ਵੱਸੋ, ਮੇਰੀ ਗੋਦ ਵਿਚ ਖੇਲੋ, ਮੇਰੇ ਵਿਚ ਵੱਸੋ, ਮੇਰੀ ਗੋਦ ਤੋਂ ਬ੍ਰਹਮੰਡ ਦੀ ਹਰ ਨੁੱਕਰ ਤਕ ਤੁਸਾਨੂੰ ਸੁਤੰਤ੍ਰ ਖੁਲ੍ਹ ਹੈ, ਸਾਰੇ ਦੇ ਮਾਲਕ ਹੋ; ਸਭ ਸ਼ਕਤੀਆਂ ਗੁਪਤ ਪ੍ਰਗਟ ਤੁਸਾਡੇ ਹੁਕਮ ਵਿਚ ਹਨ। ਜਾਓ ਸਾਰੇ ਜੱਗ ਦਾ ਪ੍ਰਬੰਧ ਸੰਭਾਲੋ! ਤੁਸਾਂ ਆਪਾ ਨਿਵਾਰਕੇ ਕੇਵਲ ਤੇ ਨਿਸ਼ਕਾਮ ਰਹਿਕੇ
ਇਸ ਪਿਆਰ ਲਾਡ, ਸਨਮਾਨ, ਆਦਰ, ਦਰਗਾਹ ਪਰਵਾਨਗੀ ਨਾਲ ਆਪ ਨੂੰ ਉਸ ਸੱਚੇ ਦਰ ਵਿਚ ਪਹਿਨਾਇਆ ਗਿਆ:- ‘ਢਾਢੀ ਸਚੈ ਮਹਲਿ ਖਸਮਿ ਬੁਲਾਇਆ॥ ਸਚੀ ਸਿਫਤਿ ਸਾਲਾਹਿ ਕਪੜਾ ਪਾਇਆ॥' ਹਾਂ, ਇਸ ਇਲਾਹੀ ਬਖਸ਼ਿਸ਼ ਦੇ ਮਗਰੋਂ ਪਰਮ ਜਯੋਤੀ ਆਪਣੇ ਜਯੋਤੀ ਰੰਗ ਵਿਚ ਅਰ ਸੁੱਤੇ ਪ੍ਰਕਾਸ਼ ਮਗਨਤਾ ਤੇ ਪ੍ਰੇਮ ਰੰਗ ਵਿਚ ਹੋ ਗਏ, ਜਿਸਨੂੰ ਸਾਡੀ ਬੋਲੀ ਵਿਚ ਐਉਂ ਕਹਾਂਗੇ ਕਿ ਤਖ਼ਤ ਬੈਠੇ ਪਾਤਸ਼ਾਹ ਆਪਣੇ ਪਿਆਰੇ ਨੂੰ ਬਖਸ਼ਿਸ਼ ਕਰ ਕੇ ਆਪਣੇ ਰੰਗ ਵਿਚ ਮਗਨ ਹੋ ਗਏ ਤੇ ਉਨ੍ਹਾਂ ਦੇ ਪਿਆਰੇ ਜੀ ਹੁਕਮ ਬਜਾ ਲਿਆਵਨ ਨੂੰ ਟੁਰ ਪਏ। ਹੁਣ ਅਰਸ਼ਾਂ ਦੇ ਪ੍ਰੀਤਮ ਜੀ ਫੇਰ ਟੁਰ ਪਏ।
8. {ਅਕਾਲੀ ਬੇੜਾ}
ਕਦੇ ਉਹ ਦਿਨ ਸੀ ਕਿ ਸ੍ਰੀ ਅਕਾਲ ਪੁਰਖ ਜੀ ਨੇ ਸਤਿਗੁਰ ਜੀ ਨੂੰ ਕਿਹਾ ਸੀ:-
ਮੈ ਅਪਨਾ ਸੁਤ ਤੋਹਿ ਨਿਵਾਜਾ॥ ਪੰਥ ਪ੍ਰਚੁਰ ਕਰਬੇ ਕਹੁ ਸਾਜਾ॥
ਜਾਹਿ ਤਹਾਂ ਤੈ ਧਰਮ ਚਲਾਇ॥ ਕਬੁਧ ਕਰਨ ਤੇ ਲੋਕ ਹਟਾਇ॥'
ਅਰ ਸ੍ਰੀ ਗੁਰੂ ਜੀ ਕੇਵਲ ਮਾਤਲੋਕ ਵਿਚ ਇਥੋਂ ਦਾ ਗਰਦ ਗੁਬਾਰ ਦੂਰ ਕਰਨ, ਸੱਚ ਦ੍ਰਿੜਾਵਨ ਤੇ ਜੀਅਦਾਨ ਦੇਣ ਆਏ ਸੇ। ਅੱਜ ਉਹ ਦਿਨ ਹੈ ਕਿ ਉਹ ਮਹਾਨ ਕਾਰਜ ਕਰ ਕੇ ਆਪ ਨੇ ਆਪਣੇ ਮਾਲਕ ਦੇ ਹਜ਼ੂਰ ਸੁਰਖਰੋਈ ਪ੍ਰਾਪਤ ਕੀਤੀ। ਸੰਸਾਰ ਵਿਚ ਹਉਮੈਂ ਤੋਂ ਰਹਿਤ ਹੋ ਕੇ ਇਸ ਸਤਿਗੁਰ ਦੀ ਜੋਤਿ ਨੇ ਨਿਰੋਲ ਅਕਾਲ ਪੁਰਖ ਦਾ ਪ੍ਰੇਮ ਦ੍ਰਿੜਾਇਆ ਹੈ, ਜਿਸ ਕਰ ਕੇ ਵਾਹਿਗੁਰੂ ਸਰੂਪ ਤਕ ਪ੍ਰਾਪਤੀ ਹੈ, ਯਾ ਸਰੂਪ ਵਿਚ ਤਦਾਕਾਰ ਹੋਣ ਕਰਕੇ ਤੇ ਸਰੂਪ ਵਿਚੋਂ ਆਉਣ ਕਰਕੇ ਸਤਿਗੁਰ ਨੇ ਸੰਸਾਰ ਵਿਚ ਹਉਂ ਦੀ ਕਾਂਪ ਨਹੀਂ ਖਾਧੀ। ਅਜ ਹੁਣ ਦੇਖੋ ਇਸੇ ਜੋਤਿ ਨੂੰ ਬ੍ਰਹਮੰਡ ਦਾ ਕੰਮ ਹੋਰ ਰੰਗ ਵਿਚ ਸਪੁਰਦ ਹੋਇਆ ਹੈ। ਚਾਹੁਣ ਤਾਂ ਵਾਹਿਗੁਰੂ ਦੇ ਰੂਪ ਵਿਚ ਅਕਾਲ ਪੁਰਖ ਜੀ ਦੀ ਚਰਨ ਸ਼ਰਨ ਪ੍ਰਾਪਤ ਰਹਿਣ, ਚਾਹੁਣ ਤਾਂ ਸ੍ਰਿਸ਼ਟੀ ਦੇ ਦੂਰ ਤੋਂ ਦੂਰ ਹਿੱਸੇ ਤੇ ਯਾ ਇਹੋ ਕਹੋ ਕਿ ਸ੍ਰਿਸ਼ਟੀ ਦਰ ਸ੍ਰਿਸ਼ਟੀ ਦੇ ਅੰਤਰਗਤ ਚਲੇ ਜਾਣ, ਚਾਹੋ ਕੁਛ ਕਰਨ ਤੇ ਕਿਵੇਂ ਵਿਚਰਨ, ਪਰ ਸਾਰੇ ਬ੍ਰਹਮੰਡ ਦਾ ਪ੍ਰਬੰਧ ਕਰਨ। ਇਸ ਤਰ੍ਹਾਂ ਦਾ ਵਡਾ ਤੇ ਭਾਰੂ ਕੰਮ ਲੈ ਕੇ ਅਰ ਫਿਰ ਵਾਹਿਗੁਰੂ ਵਿਚ ਲੀਨ ਰਹਿ ਕੇ ਆਪ ਅਰੂਪ ਸਰੂਪੀ ਦੇਸ਼ਾਂ ਵਿਚ ਆਏ। ਹੁਣ ਤਕੋ –
ਇਕ ਬੜਾ ਭਾਰੀ ਮੰਦਰ ਹੈ, ਜਿਸ ਦੇ ਅੰਦਰ ਆਪ ਇਕ ਸਿੰਘਾਸਨ ਪਰ ਬਿਰਾਜ ਰਹੇ ਹਨ, ਸਾਰੇ ਸਿਖ ਜੋ ਪਹਿਲੇ ਜਾਮੇਂ ਤੋਂ ਦਸਵੇਂ ਜਾਮੇਂ ਤਕ ਸੰਸਾਰ ਵਿਚ ਨਾਲ ਗਏ ਸਨ, ਹਾਜ਼ਰ ਹਨ, ਜੋ ਅਜੇ ਸੰਸਾਰ ਵਿਚ ਕੰਮ ਕਰ ਰਹੇ ਸਨ, ਉਨ੍ਹਾਂ ਦੇ ਸ਼ਰੀਰ ਤਾਂ ਮਾਤਲੋਕ ਵਿਚ ਨੀਂਦ ਵਿਚ ਆ ਗਏ ਤੇ ਦੇਵਗਣ ਉਨ੍ਹਾਂ ਦੀਆਂ ਰੂਹਾਂ ਨੂੰ ਇਸ ਦਰਬਾਰ ਵਿਚ ਲੈ ਆਏ। ਇਸ ਦੇ ਨਾਲ ਹੀ ਕਈ ਪਰਵਾਣ ਪਿਆਰੇ ਜੋ ਪਹਿਲੇ ਜੁਗਾਂ ਤੋਂ ਭਗਤੀਆਂ ਕਰ ਰਹੇ ਸੇ, ਪਰ ਨਿਸ਼ਕਾਮ ਪਦ ਦਾ ਅੰਤਲਾ ਕੰਮ ਜਿਨ੍ਹਾਂ ਦਾ ਬਾਕੀ ਸੀ, ਉਨ੍ਹਾਂ ਨੂੰ ਭੀ ਸੱਦਿਆ ਗਿਆ ਤੇ
ਇਸ ਵੇਲੇ ਇਕ ਹੋਰ ਅਚਰਜ ਗੱਲ ਨਜ਼ਰੇ ਪਈ ਕਿ ਸਤਿਗੁਰ ਦੇ ਕੰਨਾਂ ਦੇ ਲਾਗ ਤੇ ਅੱਖਾਂ ਦੇ ਅਗੇ ਇਕ ਨਿਕੇ ਹੀਰੇ ਵਰਗੇ ਗੋਲ ਗੋਲ ਮਣਕੇ ਆਪੂੰ ਲਟਕ ਰਹੇ ਸੇ, ਕੰਨਾਂ ਹੇਠ ਲਟਕ ਰਹੇ ਗੋਲਿਆਂ ਦੇ ਹੇਠਾਂ ਇਕ ਤੇਜ ਦੀ ਤਾਰ ਸੀ ਜੋ ਥੱਲੇ ਜਾ ਕੇ ਸੰਸਾਰ ਦੇ ਜਾਨਦਾਰ ਦਿਲਾਂ ਨਾਲ ਲੱਗੀ ਸੀ, ਇਸੇ ਤਰ੍ਹਾਂ ਅੱਖਾਂ ਅਗੇ ਗੋਲਿਆਂ ਦੇ ਹੇਠਾਂ ਤੇਜ ਦੀ ਤਾਰ ਸੀ ਜੋ ਥੱਲੇ ਬ੍ਰਹਮੰਡ ਵਿਚ ਜਾ ਕੇ ਹਰ ਜਾਨਦਾਰ ਦਿਲ ਨਾਲ ਲੱਗੀ ਸੀ। ਪਹਿਲੇ ਨਾਲ ਹਰ ਪ੍ਰਾਣੀ ਦੇ ਦਿਲ ਦੀ ਅਰਜ਼ੋਈ ਤੇ ਹਰ ਪ੍ਰਾਣੀ ਦੀ ਇੱਛਾ ਭਾਵ ਸਤਿਗੁਰ ਦੇ ਸ੍ਰਵਣੀ ਪਹੁੰਚਦੀ ਸੀ ਅਤੇ ਦੂਜੇ ਨਾਲ ਸਤਿਗੁਰ ਦੇ ਨੈਣੀਂ ਹਰ ਪਰਮੇਸ਼ਰ ਦਾ ਪਿਆਰਾ ਜਦ ਆਪਣੇ ਆਪਣੇ ਲੋਕ ਵਿਚ ਟਿਕਦਾ ਸੀ, ਤਾਂ ਇਸੇ ਗੋਲੇ ਵਿਚ ਉਸ ਦੀ ਸੁਰਤਿ ਆ ਪਹੁੰਚਦੀ ਸੀ ਤੇ ਦਿੱਸਦੀ ਸੀ, ਸਤਿਗੁਰ ਦੇ ਦਰਸ਼ਨ ਪਾਉਂਦੀ ਸੀ ਅਰ ਸਤਿਗੁਰ ਉਸ ਨੂੰ ਦੇਖ ਲੈਂਦਾ ਸੀ, ਇਥੋਂ ਤਾਈਂ ਕਿ ਜਿਹੜੇ ਲੋਕ ਆਪਣੇ ਆਪਣੇ ਨਵੀਨ ਪੁਰਾਤਨ ਮਤਾਂ ਅਨੁਸਾਰ ਯਾ ਆਪਣੇ ਆਪਣੇ ਪੀਰਾਂ, ਪੈਗ਼ੰਬਰਾਂ, ਅਵਤਾਰਾਂ ਯਾ ਉੱਚਿਆਂ ਦਾ ਧਿਆਨ ਧਰਦੇ ਅਰੂਪ ਸਰੂਪ ਸਰੂਪੀ ਦਾਤਾਂ ਦੇ ਦਰਸ਼ਨ ਦੇ ਦਰਜੇ ਤੇ ਆਉਂਦੇ ਸੇ, ਤਾਂ ਸਭ ਨੂੰ ਏਥੇ ਆ ਕੇ ਇਹੋ ਕਲਗ਼ੀਆਂ ਵਾਲੇ ਦਾ ਦਰਸ਼ਨ ਹੁੰਦਾ ਸੀ, ਜੋ ਗੁਰੂ ਨਾਨਕ ਤੋਂ ਦਸ ਰੂਪ ਧਾਰ ਫੇਰ ਇੱਕੋ ਜੋਤਿ, ਇੱਕੋ ਰੂਪ ਸੀ, ਜਿਨ੍ਹਾਂ ਦਾ ਉਹ ਧਿਆਨ ਧਰਦੇ ਸੇ। ਪਰ ਹੁਣ ਓਹ ਸਾਰੇ ਅਵਤਾਰ ਆਦਿ ਇਸਦੇ ਹੁਕਮ ਵਿਚ ਇਸ ਨਾਲ ਅਭੇਦ ਸੰਸਾਰ ਦੇ ਪ੍ਰਬੰਧ ਵਿਚ ਉਨ੍ਹਾਂ ਕੰਮਾਂ ਲਈ ਤਿਆਰ ਸੇ ਜੋ ਇਸ 'ਸਤਿਗੁਰ-ਜਯੋਤੀ' ਨੇ ਸਪੁਰਦ ਕਰਨੇ ਹਨ।
ਫੇਰ ਕੀ ਨਜ਼ਰੀ ਪਿਆ ਕਿ 'ਅਰਸ਼ੀ ਪ੍ਰੀਤਮ ਜੀ’ ਹੁਕਮ ਦੇ ਰਹੇ ਹਨ ਅਰ ਸਭ ਪ੍ਰੀਤਾਂ ਦੇ ਪੁਤਲੇ ਤੇ ਅਦਬਾਂ ਦੇ ਨੂਰੀ ਬੰਦੇ ਸਤਿ ਬਚਨ ਕਹਿਕੇ ਟੁਰ ਰਹੇ ਹਨ। ਸਾਰੇ ਬ੍ਰਹਿਮੰਡ ਦੇ ਹਰ ਜਾਨਦਾਰ ਤਬਕੇ ਵਿਚ ਖੰਡਾਂ, ਮੰਡਲਾਂ, ਵਰਭੰਡਾਂ, ਅਨੰਤ ਲੋਕਾਂ, ਗ੍ਰਹਿ, ਧਰਤੀਆਂ ਵੱਲ ਨੂੰ ਅੱਡ ਅੱਡ ਲੋਕ ਮੁਕੱਰਰ ਕੀਤੇ ਜਾਕੇ ਘੱਲੇ ਜਾ ਰਹੇ ਹਨ। ਉਹ ਅਨੰਦ ਪੁਰ ਦੇ ਕਿਲ੍ਹੇ ਵਿਚ ਬੈਠ ਕੇ ਹਮਾਤੜ ਖ਼ਾਕੀ ਬੰਦਿਆਂ ਅਗੇ ਸਮਝੌਤੀਆਂ ਸੱਟਣ ਵਾਲੇ ਚੋਜੀ - ਜੋ ਤ੍ਰੈ ਦਿਨ ਸਮਝਾਉਂਦੇ ਰਹੇ ਕਿ ਇਕ ਅੱਠ ਦਿਨ ਹੋਰ ਦੁਖ ਭੁੱਖ ਝੱਲੋ, ਅੱਠ ਦਿਨ ਕਿਹਾ ਮੰਨੋ; ਤੁਹਾਡੀ ਫਤਹ ਹੋਵੇਗੀ, ਅੱਠ ਦਿਨ ਹੋਰ ਕਸ਼ਟ ਪਾਓ - ਸਾਨੂੰ ਕੀ ਪਤਾ ਸੀ ਕਿ ਆਪ ਮਾਲਕ ਹਨ? ਹਾਂ, ਸਾਨੂੰ ਕੀ ਪਤਾ ਸੀ ਕਿ ਇਹ ਅਰਸ਼ਾਂ ਦਾ ਮਾਲਕ, ਦੇਵ ਅਦੇਵ ਗੁਪਤ ਪ੍ਰਗਟ ਲੋਕਾਂ ਦਾ ਹਾਕਮ ਹੈ, ਇਸਦੇ ਨੇਤਰ ਫੋਰੇ ਵਿਚ ਹਰਨ ਭਰਨ ਹੈ, ਇਹ ਅੱਖ ਚਮਕਾਰੇ ਵਿਚ ਫਨਾਹ ਭੀ ਕਰ ਸਕਦਾ ਹੈ, ਇਹ ਸਾਨੂੰ ਕੋਈ ਸਬਕ ਪੜ੍ਹਾ ਰਿਹਾ ਹੈ ਜੋ ਅਤਿ ਕਸ਼ਟਣੀ ਵਿਚ ਹੀ ਬੰਦੇ (ਖ਼ਾਕੀ ਬੰਦੇ) ਸਿੱਖ ਸਕਦੇ ਹਨ। ਅਸੀਂ ਜਾਤਾ ਸੀ ਇਹ ਮਨੁੱਖ ਹੈ, ਬੇਵਸ ਹੈ, ਬਿਪਤ ਅਧੀਨ ਹੈ, ਅਰ ਸਾਨੂੰ ਭੁੱਲ ਨਾਲ ਮਰਵਾਉਂਦਾ ਹੈ। ਅੱਜ ਵੇਖੋ ਉਸ ਵੇਲੇ ਦੇ ਦਾਨਿਓ, ਅਕਲਾਂ ਵਾਲਿਓ, ਤਦਬੀਰਾਂ, ਵਿਉਂਤਾਂ, ਜੁਗਤਾਂ ਦੂਰ ਅੰਦੇਸ਼ੀਆਂ ਤੇ ਟੇਕਾਂ ਧਰਨ ਵਾਲਿਓ! ਅੱਜ ਤੱਕੋ ਕਿ ਜਿਸ ਨੂੰ ਤੁਸੀਂ ਭੁੱਲ ਤੇ ਮੰਨਕੇ ਆਪਣੇ ਵਰਗਾ ਮਨੁੱਖ ਸਮਝਦੇ ਸਾਓ, ਉਹ ਓਦੋਂ ਖ਼ਾਕੀ ਗੋਦੜੀ ਵਿਚ ਬੈਠਾ ਕਿਸ ਉੱਚੀ ਖਾਣ ਦਾ ਲਾਲ ਸੀ।