ਇਸ ਪਿਆਰ ਲਾਡ, ਸਨਮਾਨ, ਆਦਰ, ਦਰਗਾਹ ਪਰਵਾਨਗੀ ਨਾਲ ਆਪ ਨੂੰ ਉਸ ਸੱਚੇ ਦਰ ਵਿਚ ਪਹਿਨਾਇਆ ਗਿਆ:- ‘ਢਾਢੀ ਸਚੈ ਮਹਲਿ ਖਸਮਿ ਬੁਲਾਇਆ॥ ਸਚੀ ਸਿਫਤਿ ਸਾਲਾਹਿ ਕਪੜਾ ਪਾਇਆ॥' ਹਾਂ, ਇਸ ਇਲਾਹੀ ਬਖਸ਼ਿਸ਼ ਦੇ ਮਗਰੋਂ ਪਰਮ ਜਯੋਤੀ ਆਪਣੇ ਜਯੋਤੀ ਰੰਗ ਵਿਚ ਅਰ ਸੁੱਤੇ ਪ੍ਰਕਾਸ਼ ਮਗਨਤਾ ਤੇ ਪ੍ਰੇਮ ਰੰਗ ਵਿਚ ਹੋ ਗਏ, ਜਿਸਨੂੰ ਸਾਡੀ ਬੋਲੀ ਵਿਚ ਐਉਂ ਕਹਾਂਗੇ ਕਿ ਤਖ਼ਤ ਬੈਠੇ ਪਾਤਸ਼ਾਹ ਆਪਣੇ ਪਿਆਰੇ ਨੂੰ ਬਖਸ਼ਿਸ਼ ਕਰ ਕੇ ਆਪਣੇ ਰੰਗ ਵਿਚ ਮਗਨ ਹੋ ਗਏ ਤੇ ਉਨ੍ਹਾਂ ਦੇ ਪਿਆਰੇ ਜੀ ਹੁਕਮ ਬਜਾ ਲਿਆਵਨ ਨੂੰ ਟੁਰ ਪਏ। ਹੁਣ ਅਰਸ਼ਾਂ ਦੇ ਪ੍ਰੀਤਮ ਜੀ ਫੇਰ ਟੁਰ ਪਏ।
8. {ਅਕਾਲੀ ਬੇੜਾ}
ਕਦੇ ਉਹ ਦਿਨ ਸੀ ਕਿ ਸ੍ਰੀ ਅਕਾਲ ਪੁਰਖ ਜੀ ਨੇ ਸਤਿਗੁਰ ਜੀ ਨੂੰ ਕਿਹਾ ਸੀ:-
ਮੈ ਅਪਨਾ ਸੁਤ ਤੋਹਿ ਨਿਵਾਜਾ॥ ਪੰਥ ਪ੍ਰਚੁਰ ਕਰਬੇ ਕਹੁ ਸਾਜਾ॥
ਜਾਹਿ ਤਹਾਂ ਤੈ ਧਰਮ ਚਲਾਇ॥ ਕਬੁਧ ਕਰਨ ਤੇ ਲੋਕ ਹਟਾਇ॥'
ਅਰ ਸ੍ਰੀ ਗੁਰੂ ਜੀ ਕੇਵਲ ਮਾਤਲੋਕ ਵਿਚ ਇਥੋਂ ਦਾ ਗਰਦ ਗੁਬਾਰ ਦੂਰ ਕਰਨ, ਸੱਚ ਦ੍ਰਿੜਾਵਨ ਤੇ ਜੀਅਦਾਨ ਦੇਣ ਆਏ ਸੇ। ਅੱਜ ਉਹ ਦਿਨ ਹੈ ਕਿ ਉਹ ਮਹਾਨ ਕਾਰਜ ਕਰ ਕੇ ਆਪ ਨੇ ਆਪਣੇ ਮਾਲਕ ਦੇ ਹਜ਼ੂਰ ਸੁਰਖਰੋਈ ਪ੍ਰਾਪਤ ਕੀਤੀ। ਸੰਸਾਰ ਵਿਚ ਹਉਮੈਂ ਤੋਂ ਰਹਿਤ ਹੋ ਕੇ ਇਸ ਸਤਿਗੁਰ ਦੀ ਜੋਤਿ ਨੇ ਨਿਰੋਲ ਅਕਾਲ ਪੁਰਖ ਦਾ ਪ੍ਰੇਮ ਦ੍ਰਿੜਾਇਆ ਹੈ, ਜਿਸ ਕਰ ਕੇ ਵਾਹਿਗੁਰੂ ਸਰੂਪ ਤਕ ਪ੍ਰਾਪਤੀ ਹੈ, ਯਾ ਸਰੂਪ ਵਿਚ ਤਦਾਕਾਰ ਹੋਣ ਕਰਕੇ ਤੇ ਸਰੂਪ ਵਿਚੋਂ ਆਉਣ ਕਰਕੇ ਸਤਿਗੁਰ ਨੇ ਸੰਸਾਰ ਵਿਚ ਹਉਂ ਦੀ ਕਾਂਪ ਨਹੀਂ ਖਾਧੀ। ਅਜ ਹੁਣ ਦੇਖੋ ਇਸੇ ਜੋਤਿ ਨੂੰ ਬ੍ਰਹਮੰਡ ਦਾ ਕੰਮ ਹੋਰ ਰੰਗ ਵਿਚ ਸਪੁਰਦ ਹੋਇਆ ਹੈ। ਚਾਹੁਣ ਤਾਂ ਵਾਹਿਗੁਰੂ ਦੇ ਰੂਪ ਵਿਚ ਅਕਾਲ ਪੁਰਖ ਜੀ ਦੀ ਚਰਨ ਸ਼ਰਨ ਪ੍ਰਾਪਤ ਰਹਿਣ, ਚਾਹੁਣ ਤਾਂ ਸ੍ਰਿਸ਼ਟੀ ਦੇ ਦੂਰ ਤੋਂ ਦੂਰ ਹਿੱਸੇ ਤੇ ਯਾ ਇਹੋ ਕਹੋ ਕਿ ਸ੍ਰਿਸ਼ਟੀ ਦਰ ਸ੍ਰਿਸ਼ਟੀ ਦੇ ਅੰਤਰਗਤ ਚਲੇ ਜਾਣ, ਚਾਹੋ ਕੁਛ ਕਰਨ ਤੇ ਕਿਵੇਂ ਵਿਚਰਨ, ਪਰ ਸਾਰੇ ਬ੍ਰਹਮੰਡ ਦਾ ਪ੍ਰਬੰਧ ਕਰਨ। ਇਸ ਤਰ੍ਹਾਂ ਦਾ ਵਡਾ ਤੇ ਭਾਰੂ ਕੰਮ ਲੈ ਕੇ ਅਰ ਫਿਰ ਵਾਹਿਗੁਰੂ ਵਿਚ ਲੀਨ ਰਹਿ ਕੇ ਆਪ ਅਰੂਪ ਸਰੂਪੀ ਦੇਸ਼ਾਂ ਵਿਚ ਆਏ। ਹੁਣ ਤਕੋ –
ਇਕ ਬੜਾ ਭਾਰੀ ਮੰਦਰ ਹੈ, ਜਿਸ ਦੇ ਅੰਦਰ ਆਪ ਇਕ ਸਿੰਘਾਸਨ ਪਰ ਬਿਰਾਜ ਰਹੇ ਹਨ, ਸਾਰੇ ਸਿਖ ਜੋ ਪਹਿਲੇ ਜਾਮੇਂ ਤੋਂ ਦਸਵੇਂ ਜਾਮੇਂ ਤਕ ਸੰਸਾਰ ਵਿਚ ਨਾਲ ਗਏ ਸਨ, ਹਾਜ਼ਰ ਹਨ, ਜੋ ਅਜੇ ਸੰਸਾਰ ਵਿਚ ਕੰਮ ਕਰ ਰਹੇ ਸਨ, ਉਨ੍ਹਾਂ ਦੇ ਸ਼ਰੀਰ ਤਾਂ ਮਾਤਲੋਕ ਵਿਚ ਨੀਂਦ ਵਿਚ ਆ ਗਏ ਤੇ ਦੇਵਗਣ ਉਨ੍ਹਾਂ ਦੀਆਂ ਰੂਹਾਂ ਨੂੰ ਇਸ ਦਰਬਾਰ ਵਿਚ ਲੈ ਆਏ। ਇਸ ਦੇ ਨਾਲ ਹੀ ਕਈ ਪਰਵਾਣ ਪਿਆਰੇ ਜੋ ਪਹਿਲੇ ਜੁਗਾਂ ਤੋਂ ਭਗਤੀਆਂ ਕਰ ਰਹੇ ਸੇ, ਪਰ ਨਿਸ਼ਕਾਮ ਪਦ ਦਾ ਅੰਤਲਾ ਕੰਮ ਜਿਨ੍ਹਾਂ ਦਾ ਬਾਕੀ ਸੀ, ਉਨ੍ਹਾਂ ਨੂੰ ਭੀ ਸੱਦਿਆ ਗਿਆ ਤੇ
ਇਸ ਵੇਲੇ ਇਕ ਹੋਰ ਅਚਰਜ ਗੱਲ ਨਜ਼ਰੇ ਪਈ ਕਿ ਸਤਿਗੁਰ ਦੇ ਕੰਨਾਂ ਦੇ ਲਾਗ ਤੇ ਅੱਖਾਂ ਦੇ ਅਗੇ ਇਕ ਨਿਕੇ ਹੀਰੇ ਵਰਗੇ ਗੋਲ ਗੋਲ ਮਣਕੇ ਆਪੂੰ ਲਟਕ ਰਹੇ ਸੇ, ਕੰਨਾਂ ਹੇਠ ਲਟਕ ਰਹੇ ਗੋਲਿਆਂ ਦੇ ਹੇਠਾਂ ਇਕ ਤੇਜ ਦੀ ਤਾਰ ਸੀ ਜੋ ਥੱਲੇ ਜਾ ਕੇ ਸੰਸਾਰ ਦੇ ਜਾਨਦਾਰ ਦਿਲਾਂ ਨਾਲ ਲੱਗੀ ਸੀ, ਇਸੇ ਤਰ੍ਹਾਂ ਅੱਖਾਂ ਅਗੇ ਗੋਲਿਆਂ ਦੇ ਹੇਠਾਂ ਤੇਜ ਦੀ ਤਾਰ ਸੀ ਜੋ ਥੱਲੇ ਬ੍ਰਹਮੰਡ ਵਿਚ ਜਾ ਕੇ ਹਰ ਜਾਨਦਾਰ ਦਿਲ ਨਾਲ ਲੱਗੀ ਸੀ। ਪਹਿਲੇ ਨਾਲ ਹਰ ਪ੍ਰਾਣੀ ਦੇ ਦਿਲ ਦੀ ਅਰਜ਼ੋਈ ਤੇ ਹਰ ਪ੍ਰਾਣੀ ਦੀ ਇੱਛਾ ਭਾਵ ਸਤਿਗੁਰ ਦੇ ਸ੍ਰਵਣੀ ਪਹੁੰਚਦੀ ਸੀ ਅਤੇ ਦੂਜੇ ਨਾਲ ਸਤਿਗੁਰ ਦੇ ਨੈਣੀਂ ਹਰ ਪਰਮੇਸ਼ਰ ਦਾ ਪਿਆਰਾ ਜਦ ਆਪਣੇ ਆਪਣੇ ਲੋਕ ਵਿਚ ਟਿਕਦਾ ਸੀ, ਤਾਂ ਇਸੇ ਗੋਲੇ ਵਿਚ ਉਸ ਦੀ ਸੁਰਤਿ ਆ ਪਹੁੰਚਦੀ ਸੀ ਤੇ ਦਿੱਸਦੀ ਸੀ, ਸਤਿਗੁਰ ਦੇ ਦਰਸ਼ਨ ਪਾਉਂਦੀ ਸੀ ਅਰ ਸਤਿਗੁਰ ਉਸ ਨੂੰ ਦੇਖ ਲੈਂਦਾ ਸੀ, ਇਥੋਂ ਤਾਈਂ ਕਿ ਜਿਹੜੇ ਲੋਕ ਆਪਣੇ ਆਪਣੇ ਨਵੀਨ ਪੁਰਾਤਨ ਮਤਾਂ ਅਨੁਸਾਰ ਯਾ ਆਪਣੇ ਆਪਣੇ ਪੀਰਾਂ, ਪੈਗ਼ੰਬਰਾਂ, ਅਵਤਾਰਾਂ ਯਾ ਉੱਚਿਆਂ ਦਾ ਧਿਆਨ ਧਰਦੇ ਅਰੂਪ ਸਰੂਪ ਸਰੂਪੀ ਦਾਤਾਂ ਦੇ ਦਰਸ਼ਨ ਦੇ ਦਰਜੇ ਤੇ ਆਉਂਦੇ ਸੇ, ਤਾਂ ਸਭ ਨੂੰ ਏਥੇ ਆ ਕੇ ਇਹੋ ਕਲਗ਼ੀਆਂ ਵਾਲੇ ਦਾ ਦਰਸ਼ਨ ਹੁੰਦਾ ਸੀ, ਜੋ ਗੁਰੂ ਨਾਨਕ ਤੋਂ ਦਸ ਰੂਪ ਧਾਰ ਫੇਰ ਇੱਕੋ ਜੋਤਿ, ਇੱਕੋ ਰੂਪ ਸੀ, ਜਿਨ੍ਹਾਂ ਦਾ ਉਹ ਧਿਆਨ ਧਰਦੇ ਸੇ। ਪਰ ਹੁਣ ਓਹ ਸਾਰੇ ਅਵਤਾਰ ਆਦਿ ਇਸਦੇ ਹੁਕਮ ਵਿਚ ਇਸ ਨਾਲ ਅਭੇਦ ਸੰਸਾਰ ਦੇ ਪ੍ਰਬੰਧ ਵਿਚ ਉਨ੍ਹਾਂ ਕੰਮਾਂ ਲਈ ਤਿਆਰ ਸੇ ਜੋ ਇਸ 'ਸਤਿਗੁਰ-ਜਯੋਤੀ' ਨੇ ਸਪੁਰਦ ਕਰਨੇ ਹਨ।
ਫੇਰ ਕੀ ਨਜ਼ਰੀ ਪਿਆ ਕਿ 'ਅਰਸ਼ੀ ਪ੍ਰੀਤਮ ਜੀ’ ਹੁਕਮ ਦੇ ਰਹੇ ਹਨ ਅਰ ਸਭ ਪ੍ਰੀਤਾਂ ਦੇ ਪੁਤਲੇ ਤੇ ਅਦਬਾਂ ਦੇ ਨੂਰੀ ਬੰਦੇ ਸਤਿ ਬਚਨ ਕਹਿਕੇ ਟੁਰ ਰਹੇ ਹਨ। ਸਾਰੇ ਬ੍ਰਹਿਮੰਡ ਦੇ ਹਰ ਜਾਨਦਾਰ ਤਬਕੇ ਵਿਚ ਖੰਡਾਂ, ਮੰਡਲਾਂ, ਵਰਭੰਡਾਂ, ਅਨੰਤ ਲੋਕਾਂ, ਗ੍ਰਹਿ, ਧਰਤੀਆਂ ਵੱਲ ਨੂੰ ਅੱਡ ਅੱਡ ਲੋਕ ਮੁਕੱਰਰ ਕੀਤੇ ਜਾਕੇ ਘੱਲੇ ਜਾ ਰਹੇ ਹਨ। ਉਹ ਅਨੰਦ ਪੁਰ ਦੇ ਕਿਲ੍ਹੇ ਵਿਚ ਬੈਠ ਕੇ ਹਮਾਤੜ ਖ਼ਾਕੀ ਬੰਦਿਆਂ ਅਗੇ ਸਮਝੌਤੀਆਂ ਸੱਟਣ ਵਾਲੇ ਚੋਜੀ - ਜੋ ਤ੍ਰੈ ਦਿਨ ਸਮਝਾਉਂਦੇ ਰਹੇ ਕਿ ਇਕ ਅੱਠ ਦਿਨ ਹੋਰ ਦੁਖ ਭੁੱਖ ਝੱਲੋ, ਅੱਠ ਦਿਨ ਕਿਹਾ ਮੰਨੋ; ਤੁਹਾਡੀ ਫਤਹ ਹੋਵੇਗੀ, ਅੱਠ ਦਿਨ ਹੋਰ ਕਸ਼ਟ ਪਾਓ - ਸਾਨੂੰ ਕੀ ਪਤਾ ਸੀ ਕਿ ਆਪ ਮਾਲਕ ਹਨ? ਹਾਂ, ਸਾਨੂੰ ਕੀ ਪਤਾ ਸੀ ਕਿ ਇਹ ਅਰਸ਼ਾਂ ਦਾ ਮਾਲਕ, ਦੇਵ ਅਦੇਵ ਗੁਪਤ ਪ੍ਰਗਟ ਲੋਕਾਂ ਦਾ ਹਾਕਮ ਹੈ, ਇਸਦੇ ਨੇਤਰ ਫੋਰੇ ਵਿਚ ਹਰਨ ਭਰਨ ਹੈ, ਇਹ ਅੱਖ ਚਮਕਾਰੇ ਵਿਚ ਫਨਾਹ ਭੀ ਕਰ ਸਕਦਾ ਹੈ, ਇਹ ਸਾਨੂੰ ਕੋਈ ਸਬਕ ਪੜ੍ਹਾ ਰਿਹਾ ਹੈ ਜੋ ਅਤਿ ਕਸ਼ਟਣੀ ਵਿਚ ਹੀ ਬੰਦੇ (ਖ਼ਾਕੀ ਬੰਦੇ) ਸਿੱਖ ਸਕਦੇ ਹਨ। ਅਸੀਂ ਜਾਤਾ ਸੀ ਇਹ ਮਨੁੱਖ ਹੈ, ਬੇਵਸ ਹੈ, ਬਿਪਤ ਅਧੀਨ ਹੈ, ਅਰ ਸਾਨੂੰ ਭੁੱਲ ਨਾਲ ਮਰਵਾਉਂਦਾ ਹੈ। ਅੱਜ ਵੇਖੋ ਉਸ ਵੇਲੇ ਦੇ ਦਾਨਿਓ, ਅਕਲਾਂ ਵਾਲਿਓ, ਤਦਬੀਰਾਂ, ਵਿਉਂਤਾਂ, ਜੁਗਤਾਂ ਦੂਰ ਅੰਦੇਸ਼ੀਆਂ ਤੇ ਟੇਕਾਂ ਧਰਨ ਵਾਲਿਓ! ਅੱਜ ਤੱਕੋ ਕਿ ਜਿਸ ਨੂੰ ਤੁਸੀਂ ਭੁੱਲ ਤੇ ਮੰਨਕੇ ਆਪਣੇ ਵਰਗਾ ਮਨੁੱਖ ਸਮਝਦੇ ਸਾਓ, ਉਹ ਓਦੋਂ ਖ਼ਾਕੀ ਗੋਦੜੀ ਵਿਚ ਬੈਠਾ ਕਿਸ ਉੱਚੀ ਖਾਣ ਦਾ ਲਾਲ ਸੀ।
ਹੇ ਸ੍ਰਿਸ਼ਟੀ! ਅੱਜ ਤੱਕ, ਅੱਜ ਪ੍ਰੇਮੀਆਂ, ਵੈਰਿਆਂ ਸਭ ਨੂੰ ਸੱਦੋ ਜੋ ਪਿਆਰੇ ਦਾ ਅਸਲ ਭੇਦ ਵੇਖਣ ਤੇ ਪਛਾਣਨ। ਓ ਮੂਰਖ ਭੀਮ ਚੰਦ ! ਦੇਖ ਤੂੰ ਕਿਸਨੂੰ ਮਾਰਨ ਦੇ ਫਿਕਰ ਵਿਚ ਸੈਂ? ਓ ਵਜ਼ੀਰ ਖਾਂ! ਆ ਵੇਖ ਜਿਸ ਦੇ ਲਾਲ ਕੋਂਹਦਾ ਸੈਂ, ਉਹ ਕੌਣ ਹੈ? ਹਾਂ ਆ ਔਰੰਗਜ਼ੇਬ ! ਦੇਖ ਜਿਸਦੇ ਦਲਨ ਨੂੰ ਤੂੰ ਦਲਾਂ ਦੇ ਦਲ ਘੱਲਦਾ ਸੈਂ, ਅਜ ਆਪਣੇ ਨੀਵੇਂ ਟਿਕਾਣੇ ਥੀਂ ਤੱਕ ਕਿ ਜਿਸ ਨਾਲ ਤੂੰ ਜੰਗ ਮਚਾਉਂਦਾ ਸੈਂ ਅਸਲ ਵਿਚ ਕੌਣ ਸੀ? ਬਲਿਹਾਰ ਇਸ ਉੱਚੇ ਦਰਸ਼ਨ ਦੇ ! ਦੇਖੋ, ਇਸ ਵੇਲੇ ਸਤਿਗੁਰ ਦੇ ਕਲੇਜੇ ਨੁੰ ਤੱਕੋ ਜੋ ਨੂਰੀ ਚੋਲੇ ਵਿਚੋਂ ਮਿੱਠੀ ਧਾਪ ਨਾਲ ਧੜਕ ਰਿਹਾ ਹੈ, ਉਥੇ ਕਿਸੇ ਨਾਲ ਵੈਰ ਨਹੀਂ ਵੱਸਦਾ, ਸਭ ਨਾਲ ਇਕ ਨਜ਼ਰ ਪਿਆਰ ਹੈ। ਬਲਿਹਾਰ ਇਸ ਪ੍ਰੇਮ ਮੂਰਤੀ ਦੇ, ਤਦੇ ਕੂਕ ਕੂਕ ਕੇ ਸਾਡੇ ਵਿਚ ਵਸਦਾ ਸਾਨੂੰ ਆਖਦਾ ਹੁੰਦਾ ਸੀ:-
ਸਾਚ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ॥
ਹੁਣ ਤਕ ਸਾਰੇ ਬ੍ਰਹਮੰਡ ਦੀ ਸੰਭਾਲ ਹੋ ਚੁਕੀ ਸੀ, ਹਰ ਥਾਂ ਦੇਹਾਂ ਧਾਰਕੇ ਕੰਮ ਕਰਨ ਲਈ ਬੰਦੇ ਟੁਰ ਚੁਕੇ ਸੇ। ਸਾਡੀ ਧਰਤੀ ਤੋਂ ਜੋ ਬੰਦੇ ਬੁਲਾਏ ਗਏ ਸੇ ਓਹਨਾਂ ਨੂੰ ਹੁਕਮ ਹੋਇਆ ਕਿ ਤੁਸਾਂ ਸ਼ਹੀਦੀਆਂ ਪਾਉਣੀਆਂ ਹਨ, ਮੈਨੂੰ ਅੰਗ ਸੰਗ ਜਾਣਕੇ ਮੇਰੇ ਟੋਰੇ ਕੰਮ ਕਰਨੇ ਹਨ, ਸੰਸਾਰ ਦੀਆਂ ਪੀੜਾਂ ਹਰਨ ਲਈ ਢਾਲ ਰੂਪੀ ਧਰਮ ਦੇ ਜੁੱਧ ਮਚਾਉਣੇ ਹਨ। ਮੇਰੇ ਸੱਚ, ਨੇਕੀ, ਪਿਆਰ, ਦਮਬਦਮ ਸਿਮਰਨ ਵਾਲੇ ਅਸੂਲਾਂ ਨੂੰ ਧਾਰਨ ਕਰਕੇ ਧਰਾ ਦਾ ਭਾਰ ਹਰਨਾ ਹੈ ਤੇ ਹਰ ਕੰਮ, ਹਰ ਸੇਵਾ, ਹਰ ਕੁਰਬਾਨੀ, ਹਰ ਉਪਕਾਰ, ਹਰ ਆਪਾਵਾਰਨ ਦੇ ਕੰਮ ਮੈਨੂੰ ਤੱਕ ਕੇ ਮੈਨੂੰ ਰਿਝਾਵਣ ਲਈ ਮੈਨੂੰ ਸਮਰਪਣ ਕਰਨੇ ਹਨ। ਜਦ ਤੱਕ ਮੈਨੂੰ ਆਦਰਸ਼ ਰੱਖੋਗੇ, ਗੁਰਮੁਖ ਰਹੋਗੇ, ਮੈਂ ਤੁਹਾਡੇ ਵਿੱਚ ਹਾਂ, ਵਿੱਚ ਹੋਵਾਂਗਾ।
ਇਹ ਹੁਕਮ ਦੇਕੇ ਏਹ ਲੋਕ ਹੁਣ ਮੋੜੇ ਗਏ, ਆਪ ਏਹ ਲੋਕ ਇਸ ਦੇਸ਼ ਆਉਣੋਂ ਜਾਣੇਂ ਪੂਰੇ ਵਾਕਫ ਨਹੀਂ ਸੇ, ਇਸ ਕਰਕੇ ਦੇਵਗਣਾਂ ਨੇ ਜਾ ਕੇ ਇਨ੍ਹਾਂ ਨੂੰ ਸਰੀਰਾਂ ਵਿੱਚ ਪੁਚਾ ਦਿਤਾ।
ਹੁਣ ਕਈ ਸ਼ਹੀਦ ਬੁਲਾਏ ਗਏ ਜੋ ਕਾਮਨਾ ਕਰ ਸ਼ਹੀਦ ਹੋਏ ਸੇ, ਓਹਨਾਂ ਨੂੰ ਹੁਕਮ ਹੋਇਆ ਕਿ ਘਾਲ ਪਰਵਾਨ ਹੈ, ਪਰ ਫੇਰ ਜਾਓ, ਐਤਕੀਂ ਨਿਸ਼ਕਾਮ ਸੇਵਾ ਕਰੋ ਤੇ ਵਾਹਿਗੁਰੂ ਪਿਆਰ ਵਿਚ ਸਰੀਰ ਲਾਓ, ਫੇਰ ਨਿਸ਼ਕਾਮ ਹੋ ਕੇ ਆਓ ਤਾਂ ਅਕਾਲੀ ਬੇੜੇ ਵਿਚ ਵਾਸਾ ਦਿਆਂਗਾ। ਏਹਨਾਂ ਨੂੰ ਤ੍ਰੀਕਾਂ ਵਾਰ ਬੀ ਦੱਸੇ ਗਏ ਕਿ ਅਮੁਕੇ ਵੇਲੇ ਤੁਸਾਂ ਅਮੁਕੇ ਗ੍ਰਿਹ ਜਨਮ ਪਾ ਕੇ ਮੇਰੇ ਸ਼ੁਰੂ ਕੀਤੇ ਕੰਮ ਨੂੰ ਜਾਕੇ ਕਰਨਾ ਹੈ, ਤਦ ਤਕ ਇਨ੍ਹਾ ਦੇ ਵੱਸਣ ਲਈ ਸੁਹਣੇ ਟਿਕਾਣੇ ਤੇ ਉੱਚੇ ਸੁਖ ਦਿੱਤੇ ਗਏ।
ਜਦ ਇਹ ਸੰਭਾਲ ਹੋ ਚੁੱਕੀ ਤਾਂ ਹੁਣ ਆਪਣੇ ਨਾਲ ਰਹਿਣ ਵਾਲੇ ਅਕਾਲੀ ਬੇੜੇ ਦਾ ਹਿੱਸਾ ਭਰਤੀ ਕੀਤਾ। ਇਸ ਦੀ ਵਿਉਂਤ ਇਹ ਸੀ:- ਸੱਚੇ ਪਾਤਸ਼ਾਹ ਸਤਿਗੁਰ ਦੀ ਜੋਤ ਸਭ ਪੁਰ ਉੱਚੀ ਸੀ, ਏਹਨਾਂ ਦੇ ਤਾਬੇ ਚਾਰ ਕੁੰਟ ਦੇ ਚਾਰ ਮਹਾਂ ਬਲੀ ਥਾਪੇ ਗਏ। ਓਹਨਾਂ ਦੇ ਹੇਠਾਂ ਹਰ ਲੋਕ ਦਾ ਇਕ ਇਕ ਜ਼ਿੰਮੇਵਾਰ ਅਧਿਪਤੀ ਥਾਪਿਆ ਗਿਆ। ਓਹਨਾਂ ਦੇ ਹੇਠਾਂ ਹਰ ਹਰ ਲੋਕ ਦੇਸ਼ ਦਾ ਜ਼ਿੰਮੇਵਾਰ ਥਾਪਿਆ ਗਿਆ। ਇਸ ਦੇਸ਼ ਦੇ ਜ਼ਿੰਮੇਵਾਰ ਦੇ ਹੇਠਾਂ ਹੋਰ ਨਿੱਕੀ ਵੰਡ ਕੀਤੀ ਗਈ, ਕਈ ਲੋਕਾਂ ਲਈ ਦਸ ਦਸ ਪੰਜ ਪੰਜ ਪਿਆਰਿਆਂ ਦਾ ਟੋਲਾ ਇਸ ਦੇ ਹੇਠਾਂ ਸਥਾਪਨ ਹੋਇਆ। ਇਹ ਟੋਲਾ ਧਰਤੀਆਂ ਪਰ ਸਰੀਰਾਂ ਵਿਚ ਵਸਦੇ ਲੋਕਾਂ ਦਾ ਧਿਆਨ
ਗੱਲ ਕੀ ਅਰਸ਼ਾਂ ਵਿਚ ਮਾਨੋਂ ਇਕ ਐਸੀ ਫੌਜ ਬਣ ਗਈ ਜਿਸ ਵਿੱਚ ਉੱਪਰ ਤੋਂ ਹੇਠਾਂ ਤਕ ਕੰਮ ਕਰਨ ਵਾਲੇ ਨਿਸ਼ਕਾਮ ਲੋਕ ਕੰਮਾਂ ਪਰ ਥਾਪੇ ਗਏ, ਜਿਨ੍ਹਾਂ ਦੀ ਸਾਰੇ ਬ੍ਰਹਮੰਡ ਪਰ ਨਿਗਰਾਨੀ ਹੋ ਗਈ ਪਰ ਸਾਰੇ ਸਤਿਗੁਰ ਦੀ ਜੋਤ ਤੇ ਹੁਕਮ ਦੀ ਤਾਬਿਆ ਕੰਮ ਕਰਨ ਵਾਲੇ ਹੋਏ। ਮਾਤ ਲੋਕਾਂ ਦੇ ਦੇਸ਼ਾਂ ਦੇ ਵਾਸੀ ਮਾਇਆ ਵੇੜੇ ਆਪਣੇ ਆਪਣੇ ਕੰਮਾਂ ਵਿਚ ਹਨ, ਆਪਣੇ ਲੋਭ ਲਾਲਚਾਂ, ਤ੍ਰਿਸ਼ਨਾ ਵਿਚ ਦ੍ਰਿਸ਼ਟਮਾਨ ਵਿਚ ਮਸਤ ਹਨ, ਅਕਲਾਂ ਵਾਲੇ ਅਕਲਾਂ ਦੀਆਂ ਖੋਜਾਂ ਕਰ ਰਹੇ ਹਨ, ਪਰ ਕਿਸੇ ਨੂੰ ਪਾਰ ਲੋਕਾਂ ਦਾ ਪਤਾ ਨਹੀਂ, ਕਿਸੇ ਦੀ ਦ੍ਰਿਸ਼ਟੀ ਪਾਰਦਰਸ਼ਕ ਨਹੀਂ। ਕਿਸੇ ਦੀ ਸਮਝ, ਸੁਰਤ ਗੁਪਤ ਤੇ ਅਦ੍ਰਿਸ਼ਟ ਸੰਸਾਰ ਵਲ ਨਹੀਂ, ਪਰੰਤੂ ਅਦ੍ਰਿਸ਼ਯ ਸੰਸਾਰ ਵਿਚ ਆਤਮ ਪ੍ਰਬੰਧ ਦਾ ਪੂਰਾ ਨਕਸ਼ਾ ‘ਸ਼ਕਤੀ ਤੇ ਸੱਚ` ਦੀਆਂ ਕਲਗ਼ੀਆਂ ਵਾਲੇ ਦੇ ਤਾਬੇ ਆਪਣਾ ਕੰਮ ਕਰ ਰਿਹਾ ਹੈ।
ਕਲਗ਼ੀਆਂ ਵਾਲੇ ਕਿਉਂ ਕਲਗ਼ੀਆਂ ਵਾਲੇ ਹਨ? ਕਿਉਂਕਿ ਲੋਕ ਵਿਚ ਪ੍ਰਤਾਪਸ਼ੀਲ ਸੇ, ਪ੍ਰਲੋਕ ਵਿਚ ਅਤਯੰਤ ਪ੍ਰਤਾਪ ਸ਼ੀਲ ਹਨ। ਮਹਾਰਾਜ ਕਿਉਂ ਫੌਜਾਂ ਵਾਲੇ ਹਨ? ਲੋਕ ਵਿਚ ਫੌਜਾਂ ਦੇ ਮਾਲਕ ਸਨ, ਹੁਣ ਅਰਸ਼ੀ ਅਕਾਲੀ ਬੇੜੇ ਵਿਚ ਅਤਯੰਤ ਤੇ ਅਨੰਤ ਫੌਜਾਂ ਦੇ ਮਾਲਕ ਹਨ।
ਅਕਾਲੀ ਬੇੜਾ ਕੀ ਹੈ? ਸਤਿਗੁਰ ਦੇ ਹੁਕਮ ਵਿਚ ਓਹ ਨੇਕ ਬੰਦੇ, ਓਹ ਰੱਬ ਪਿਆਰੇ ਜੋ ਸਿਮਰਨ ਕਰਦੇ ਗਏ, ਪਰਵਾਨ ਹੋਏ ਤੇ ਜਿਨ੍ਹਾਂ ਲਈ ਸਤਿਗੁਰ ਜੋਤ ਨੇ ਮੁਨਾਸਬ ਜਾਤਾ ਕਿ ਇਹ ਸ੍ਰਿਸ਼ਟੀ ਦੇ ਉਧਾਰ ਸੁਧਾਰ ਤੇ ਪ੍ਰਪੱਕਤਾ ਵਿਚ ਇਥੇ ਵਧਕੇ ਕੰਮ ਕਰਨ, ਉਹਨਾਂ ਨੂੰ ਲਿਵਲੀਨ ਰਹਿੰਦਿਆਂ ਕੋਈ ਨੇਕੀ ਦਾ ਕੰਮ ਸਪੁਰਦ ਹੋਇਆ। ਓਥੇ ਕੰਮ ਸਾਡੇ ਵਾਂਗੂੰ ਨਹੀ ਹੈ, ਓਥੇ ਕੰਮ ਅਕੰਮ ਵਾਂਗੂੰ ਹੈ। ਇਨ੍ਹਾਂ ਬੰਦਿਆਂ, ਸਤਿਗੁਰ ਦੇ ਪਿਆਰਿਆਂ ਨੂੰ ਹਰੀ ਜਸ, ਹਰੀ ਰੰਗ ਦਾ ਮੁੱਖ ਕੰਮ ਹੈ, ਇਸੇ ਅਨੰਦ ਵਿਚ ਮਗਨ ਹਨ। ਪਰ ਦੇਖੋ ਸੰਸਾਰ ਵਿਚ ਇਕ ਆਦਮੀ (ਅੰਮ੍ਰਿਤ ਨਾਲ ਗੁਰ ਦੀਖਯਤ ਹੋਕੇ ਆਪੂੰ ਯਾ) ਕਿਸੇ ਸਿਮਰਨ ਵਾਲੇ ਬੰਦੇ ਦੇ ਸਤਿਸੰਗ ਵਿਚ ਆ ਕੇ ਸਿਮਰਨ ਕਰ ਰਿਹਾ ਹੈ, ਹਾਂ ਜੀ! ‘ਗੁਰਮੁਖ ਨਾਮ ਜਪ ਰਿਹਾ ਹੈ, ਵਾਹਿਗੁਰੂ ਜੀ ਦੀ ਅਰਾਧਨਾ ਕਰਦਾ ਹੈ, ਪਿਆਰ ਵਿਚ ਭਰਦਾ ਹੈ, ਸਤਿਸੰਗ ਨੇ ਉਸ ਨੂੰ ਪ੍ਰਵਾਨ ਕਰ ਲਿਆ ਹੈ, ਕਲਗ਼ੀਆਂ ਵਾਲੇ ਅਰਸ਼ਾਂ ਵਿਚ ਇਸ ਦੇ ਸਿਰ ਤੇ ਆਪਣੇ ਅਕਾਲੀ ਬੇੜੇ ਦਾ ਛਾਇਆ ਪਾਉਣਗੇ। ਉਸ ਪਿਆਰੇ ਨੂੰ ਹੁਣ ਭਜਨ ਸਿਮਰਨ ਵਿਚ ਅਰਸ਼ੀ ਮਦਦ ਮਿਲਿਆ ਕਰੇਗੀ, ਉਸ ਦਾ ਕੀਤਾ ਥਾਂ ਪਵੇਗਾ, ਨਿਸ਼ਾਨੀ ਇਹ ਹੋਵੇਗੀ ਕਿ ਉਸ ਨੂੰ ਰਸ ਪ੍ਰਾਪਤ ਹੋਵੇਗਾ, ਉਸ ਦਾ ਚਿੱਤ ਵੈਰਾਗ ਵਿਚ ਰਹੇਗਾ, ਉਸ ਦੀ ਜੀਭ ਸੱਤਯਾਵਾਨ ਹੋ ਜਾਏਗੀ, ਉਸਨੂੰ ਵਾਹਿਗੁਰੂ ਧਿਆਨ ਤੇ ਨਾਮ ਤੁੱਲ ਕੁਛ ਮਿੱਠਾ ਨਹੀਂ ਲਗੇਗਾ। ਉਸ ਦਾ ਆਪਣਾ ਆਪ ਹੌਲਾ ਫੁੱਲ ਹੋਵੇਗਾ। ਚੜ੍ਹਦੀਆਂਕਲਾਂ ਦਾ ਉਮਾਹੀ ਰੰਗ ਰਹੇਗਾਂ* । {* ਐਉਂ ਕਰਕੇ ਸਾਰੇ ਕਾਰਜ ਸਮਝ ਲਵੋ - ਜਦੋਂ ਸੁਬੇਗ ਸਿੰਘ ਦਾ ਪੁਤਰ ਸ਼ਾਹਬਾਜ਼ ਸਿੰਘ ਚਰਖੀ ਤੇ ਚੜਕੇ ਘਬਰਾ ਜਾਂਦਾ ਹੈ, ਉਹ ਜਾਣਦਾ ਹੈ ਮੈਂ ਇਕੱਲਾ ਹਾਂ, ਮੈ ਮਰ ਚਲਿਆ ਹਾਂ, ਉਹ ਧਰਮ ਹਾਰਨ ਦਾ ਖੋਟਾ ਵਾਕ ਕਰ ਦਿੰਦਾ ਹੈ। ਪਿਉ ਤੱਕਦਾ ਹੈ ਕਿ ਪੁਤ ਸਿਮਰਦਾ ਤਾਂ ਹੈ, ਪਰ ਅਜੇ ਦਰ ਪਰਵਾਨ ਨਹੀਂ, ਉਹ ਪੁਤ ਨੂੰ ਝੱਟ ਮੇਲ ਲੈਂਦਾ ਹੈ, ਤੱਤਖਿਨ ਉਸ ਦੇ ਗਿਰਦ ਅਰਸ਼ੀ ਸ਼ਕਤੀ ਆ ਖਲੋਂਦੀ ਹੈ। ਫੇਰ ਉਹੋ ਬੱਚਾ ਟੋਟੇ ਟੋਟੇ ਹੋ ਮਰਦਾ ਹੈ ਅਰ ਆਤਮ ਰਸ - ਉਹ ਰਸ ਜੋ ਅਰਸ਼ੋਂ ਆਇਆ - ਉਸ ਨੂੰ ਢਹਿਣ ਨਹੀਂ ਦੇਂਦਾ। ਪਰ ਖਬਰਦਾਰ! ‘ਹਠੁ ਕਰਿ ਮਰੈ ਨ ਲੇਖੈ ਪਾਵੈ॥" ਨਿਰੇ ਹਉਂ ਹਠ ਨਾਲ ਨਿਭਣਾ ਇਸ ਤੋਂ ਵੱਖਰੀ ਖੇਡ ਹੈ।}
ਇੰਨੇ ਨੂੰ ਇਕ ਹੁਜੱਕਾ ਆਇਆ, ਜੀਕੂੰ ਭੁਚਾਲ ਆਉਂਦਾ ਹੈ। ਐਉਂ ਜਾਪੇ ਜਿਵੇਂ ਡਿੱਗਣ ਲੱਗੇਹਾਂ, ਫੇਰ ਹਨੇਰੀ ਛੁੱਟੀ ਤੇ ਅੰਧਕਾਰ ਛਾ ਗਿਆ ਅੱਖ ਖੁੱਲ੍ਹ ਗਈ। ਸਤਿਗੁਰ ਦੇ ਪਿਆਰੇ ਸੰਤੋਖ ਸਿੰਘ ਜੀ ਤਾਬਿਆ ਬੈਠੇ ਹਨ, ਸੰਗਤ ਅਚਰਜ ਵਿਸਮੈ ਭਾਵ ਵਿਚ ਅੱਖਾਂ ਪੱਟ ਪੱਟ ਤੱਕ ਰਹੀ ਹੈ, ਸੰਤੋਖ ਸਿੰਘ ਜੀ ਨੇ ਹੱਥ ਅਰਸ਼ਾਂ ਵੱਲ ਉਠਾਇਆ ਸੀ, ਹੁਣ ਧਰਤੀ ਵੱਲ ਲਟਕ ਰਿਹਾ ਹੈ, ਚਿਹਰਾ ਹੁਣ ਮੁਸਕਰਾ ਰਿਹਾ ਹੈ ਤੇ ਗੱਜ ਕੇ ਬੋਲ ਰਹੇ ਹਨ:-
"ਕਿਉ ਵੀਰੋ! ਕਲਗ਼ੀਆਂ ਵਾਲਾ ਜੀਉਂਦਾ ਕਿ ਨਹੀਂ? ਤਾਂ ਸਾਰੇ ਦਲ ਵਿਚੋਂ ਅਵਾਜ਼ ਆਈ: "ਸਿੰਘਾ! ਕੱਚਾ ਬੋਲ ਨਾ ਬੋਲ"। ਮ੍ਰਿਦੁਲ ਸੁਭਾਵ ਸੰਤੋਖ ਸਿੰਘ ਨੇ ਹੱਸ ਕੇ ਕਿਹਾ, ‘ਸਤਿਗੁਰ ਜਾਗਤਾ ਹੈ रेड?'....।
ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ ॥
ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ ॥
“ਅੱਛਾ! ਹੁਣ ਸਾਡੇ ਅੱਗੇ ਕੇਵਲ ਇਹ ਵੀਚਾਰ ਹੈ ਕਿ ਸਤਿਗੁਰ ਜੀ ਕੂੰ ‘ਦਿੱਸਦਾ ਸਾਡੇ ਵਿਚ ਸੀ, ਤੀਕੂੰ 'ਅਣਦਿੱਸਦਾ, ਸਾਡੇ ਵਿਚ ਹੈ। ਸਤਿਗੁਰ ਨੇ ਜੋ ਕੌਤਕ ਵਰਤਾਏ ਹਨ ਸੱਚੇ ਹਨ, ਸਾਨੂੰ ਸਿਦਕ ਦੇਣ ਵਾਸਤੇ ਹਨ ਕਿ ਰੂਪ ਧਾਰਨਾ, ਅਰੂਪ ਹੋਣਾ, ਚੋਲਾ ਛੱਡਣਾ, ਚੋਲਾ ਲੈਣਾ, ਮਨੁੱਖ ਹੋ ਕੇ ਵਿਚਰਨਾ, ਯਾ ਦਿੱਵ ਹੋ ਕੇ ਵਿਚਰਨਾ, ਯਾ ਸਰੂਪ ਲੀਨ ਹੋਣਾ, ਇਹ ਸਤਿਗੁਰ ਦੇ ਆਪਣੇ ਚੋਜ ਹਨ। ਸਤਿਗੁਰ ਹਰ ਹਾਲ ਜੀਉਂਦਾ ਹੈ ਅਰ ਅਸੀਂ ਕਦੇ ਰੰਡੀ ਤੀਮੀਂ ਵਾਂਗੂੰ 'ਨਿਗੁਰੇ' ਯਾ ‘ਗੁਰੂ ਹੀਨ’ ‘ਨਿਖਸਮੇਂ' ਨਹੀਂ ਹਾਂ। ਜੇ ਸਤਿਗੁਰ ਦਿੱਸਦਾ ਸੀ, ਤਦ ਬੀ ਉਸ ਨਾਲ ਸਾਡੇ ਸਿੱਖੀ ਨਾਤੇ ਦਾ ਸੰਬੰਧ ਸਾਡੇ 'ਰਿਦੇ ਦੇ ਸਿਦਕ' ਵਿਚ ਸੀ ਤੇ ਹੁਣ ਬੀ 'ਰਿਦੇ ਦੇ ਸਿਦਕ' ਵਿਚ ਨਾਤਾ ਹੈ।
"ਪਿਆਰਿਓ! ਜੇ ਇਕ ਦਰਿਯਾ ਵਗਦਾ ਹੋਵੇ, ਦਰਿਯਾ ਦੇ ਦੋਹੀਂ ਪਾਸੀਂ ਵੱਸੋਂ ਹੋਵੇ, ਦੁਹਾਂ ਪਾਸਿਆਂ ਦਾ ਰਾਜਾ ਇੱਕੋ ਹੋਵੇ ਤੇ ਰਾਜਾ ਐਸਾ ਤਾਰੂ ਹੋਵੇ ਕਿ ਦੋਹੀਂ ਪਾਸੀਂ ਆ ਜਾ ਸਕਦਾ ਹੋਵੇ, ਤਾਂ ਜਦ ਉਹ ਪਾਰ ਹੋਊ ਕੀ ਤੁਸੀਂ ਉਸਨੂੰ ਬੀਤ ਗਿਆ ਸਮਝ ਬੈਠੋਗੇ? ਤਿਵੇਂ ਹੀ ਸਮਝ ਲਵੋ ਕਿ ਰੂਪ ਅਰੂਪ ਦੋ ਕਿਨਾਰੇ ਇਸ 'ਸਮੇਂ'