"ਤੀਜਾ ਗੁਰਮਤਾ ਇਹ ਸੁਧੇ ਕਿ ਇਹ ਵਿਥਿਆ ਸਾਰੇ ਪੰਥ ਵਿਚ ਤੇ ਅਗੇ ਹਰ ਸਿੱਖ ਕੁਲ ਦਰ ਕੁਲ ਆਪਣੀ ਉਲਾਦ ਵਿਚ ਸੁਣਾਵੇ ਤੇ ਪੀੜ੍ਹੀ ਦਰ ਪੀੜ੍ਹੀ ਸਿਖ ਘਰਾਂ ਵਿਚ, ਸਿਖ ਦਿਲਾਂ ਵਿਚ ਸਤਿਗੁਰ ਵਿਚ ਸਿਦਕ ਦਾ ਨਾਤਾ ਟੁਰੇ। ਹਰ ਸਿੱਖ ਸਤਿਗੁਰ ਨੂੰ ਆਪਣੇ ਅੰਗ ਸੰਗ ਜਾਣੇ, ਉਨ੍ਹਾਂ ਦੀ ਸਿੱਖਿਆ ਪਰ ਟੁਰਦਾ ਉਨ੍ਹਾਂ ਦੀ ਜੋਤ ਨਾਲ ਪਿਆਰ ਕਰੇ ਤੇ ਆਪਣੇ ਸਿਰ ਤੇ ਉਨ੍ਹਾਂ ਦੇ ਹੋਣ ਦਾ ਭਰੋਸਾ ਰੱਖਕੇ ਹਰ ਕੰਮ ਉਨ੍ਹਾਂ ਦੀ ਚਰਨੀਂ ਭੇਟ ਕਰੇ। ਹਰ ਸਿੱਖ ਨੇਕੀ ਦੀ ਖ਼ਾਤਰ ਨੇਕੀ ਕਰਕੇ ਹਉਂ ਨਾ ਪਾਲੇ, ਨੇਕੀ ਸਤਿਗੁਰ ਦੇ ਚਰਨੀ ਅਰਪੇ 'ਕਿ ਮੈਂ ਆਪਣੇ ਮਾਲਕ ਦੀ ਸੇਵਾ ਕਰਦਾ ਹਾਂ, ਕਿ ਮੈਂ ਆਪਣੇ ਪਿਤਾ ਦੀ ਸੇਵਾ ਕਰਦਾ ਹਾਂ, ਕਿ ਮੈਂ ਆਪਣੇ ਗੁਰੂ ਦੀ ਸੇਵਾ ਕਰਦਾ ਹਾਂ ਕਿ ਮੈਂ ਕੋਈ ਨੇਕੀ ਨਹੀਂ ਕਰ ਰਿਹਾ ਕੇਵਲ ਹੁਕਮ ਕਮਾ ਰਿਹਾ ਹਾਂ"। ...
"ਚੌਥਾ ਇਹ ਕਿ ਅੰਧਕਾਰ ਵਿਚ ਟਟੋਲਣ ਵਾਲੇ ਫੋਕੇ ਫਿਲਸਫਾ ਛਾਂਟਨ ਹਾਰੇ ਦੇ ਵਿਕਲਪ, ਜਿਨ੍ਹਾਂ ਦੀ ਸੁਰਤ ਲਿਵ ਦੇ ਦਰਜੇ ਤੇ ਨਹੀਂ ਜਾਂਦੀ, ਅਤੇ ਨਿਰੇ ਮਨੁਖ ਨਾਟ ਦੀਆਂ ਤ੍ਰੀਕਾਂ ਲਿਖਣ ਵਾਲੇ ਯਾਦਗੀਰੀ ਲਈ ਲਕੀਰਾਂ ਪਾਉਣ ਵਾਲੇ ਇਤਿਹਾਸਕਾਰ ਦੀ ਫੋਕੀ ਨੁਕਤਾਚੀਨੀ ਸਿੱਖੀ ਦੇ ਸਿਦਕ ਮੰਡਲ ਵਿਚ ਅਰ 'ਆਦਿ ਸੱਚ' ਦੇ ਦਾਇਰੇ ਵਿਚ ਮੁੱਲ ਨਹੀਂ ਰਖਦੀ। ਹਰ ਸਿੱਖ ਦਾ ਵਿਸ਼ਵਾਸ਼ ਇਹ ਹੋਵੇ ਕਿ ਮੇਰੇ ਸਤਿਗੁਰੂ ਜੀ ਜਨਮ ਮਰਨ ਵਿਚ ਨਹੀਂ ਹਨ, ਓਨ੍ਹਾਂ ਦੀ ਜਯੋਤ ਸਦਾ ਜਾਗਦੀ ਜੋਤ ਹੈ, ਅਜ਼ਲਾਂ ਤੋਂ ਅਰਸ਼ਾਂ ਵਿਚ ਕੰਮ ਕਰਦੀ ਹੈ, ਅਰ ਸਦਾ ਕੰਮ ਕਰੇਗੀ। ਗੁਪਤ ਹੋਣਾ ਯਾ ਪ੍ਰਗਟ ਹੋਣਾ ਉਨ੍ਹਾਂ ਦੇ ਚੋਜ ਹਨ। ਹਾਂ ਉਨ੍ਹਾਂ ਦੇ ਮਨੁੱਖ ਨਾਟ ਦੇ ਦਿਨ ਵਾਰ ਥਿੱਤਾਂ ਮਾਹ ਇਕ ਸਮੇਂ ਵਿਚ ਟੋਹ ਲਾਉਣੇ ਲਈ ਯਾਦਦਾਸ਼ਤਾਂ ਹਨ, ਜ਼ਰੂਰੀ ਹਨ, ਰੱਖੋ ਤੇ ਸਾਂਭੋ ਪਰ ਆਤਮ ਦ੍ਰਿਸ਼ਟੀ ਵਿਚ ਓਹ ਉਨ੍ਹਾਂ ਦੀ ਅਜ਼ਲੀ ਜੋਤ ਦੇ, ਵਜੂਦ ਦੇ ਜਨਮ ਚਲਾਣੇ ਦੇ ਥਿੱਤ ਤੇ ਵਾਰ ਨਹੀਂ ਹਨ, ਕਿਉਂਕਿ ਅਜ਼ਲ ਵਿਚ ਸਤਿਗੁਰ ਜਨਮ ਮਰਨ ਰਹਿਤ ਹੈ। ਸਾਡੇ ਸਿਦਕ ਦੀ ਨੀਂਹ ਸਤਿਗੁਰੂ ਦੇ ਪ੍ਰੇਮ ਵਿਚ, ਸਤਿਗੁਰੂ ਦੇ ਸਰੂਪ ਗੁਰੂ ਗ੍ਰੰਥ ਸਾਹਿਬ ਵਿਚ, ਸਤਿਗੁਰੂ ਦੀ ਦੇਹ ਦਰਬਾਰ ਸਾਹਿਬ ਵਿਚ ਤੇ ਸਤਿਗੁਰੂ ਦੇ ਵਿੱਦਤ ਰੂਪ ਪੰਥ ਖਾਲਸੇ ਵਿਚ ਹੈ; ਨਾਮ ਰਸੀਏ, ਨਾਮ ਪ੍ਰੇਮੀ ਗੁਰਮੁਖਾਂ ਦੇ ਸਤਿਸੰਗ, ਸ਼ਰਧਾ ਤੇ ਪਿਆਰ ਵਿਚ ਹੈ; ਜਿਨ੍ਹਾਂ ਵਿਚ ਸਤਿਗੁਰੂ ਦੀ ਜਯੋਤ ਵਿਆਪਕ ਹੈ। ਸਿੱਖਾਂ ਦੇ ਕੰਮ ਸਾਰਨ ਲਈ ਸਤਿਗੁਰ ਦਾ ਅਕਾਲੀ ਬੇੜਾ ਅਰਸ਼ਾਂ ਦੇ ਕਾਰਜ ਸਾਰ ਰਿਹਾ ਤੁਸਾਂ ਅੱਜ ਪ੍ਰਤੱਖ ਡਿੱਠਾ ਹੈ, ਤੇ ਹਰ ਔਂਕੜ ਸਮੇਂ ਸਿਦਕ ਵਾਲੇ, ਨਾਮ ਵਾਲੇ, ਧਿਆਨ ਵਾਲੇ ਸਿੱਖ ਸਦਾ ਅਰਦਾਸ ਕਰਿਆ ਕਰਨਗੇ ਕਿ ਗੁਰੂ ‘ਸਭ ਥਾਈਂ ਹੋਹਿ ਸਹਾਇ' ਹੈ। ਹਾਂ, ਅੱਜ ਦਾ ਜੁੜਿਆ ਪੰਥ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਸ ਦੇਂਦਾ ਹੈ ਕਿ ਨਾਮ ਰੰਗ ਤੇ ਸਿਦਕ ਸੁਰੰਗ
“ਪੰਜਵਾਂ ਗੁਰਮਤਾ ਇਹ ਸੀ ਕਿ ਪੰਥ ਸਤਿਗੁਰਾਂ ਦੇ ਅਵਤਾਰ ਤੇ ਜੋਤੀ ਜੋਤ ਦੇ ਗੁਰਪੁਰਬ ਇਕ ਤ੍ਰੀਕੇ ਇਕੋ ਮੰਗਲ ਨਾਲ ਮਨਾਵੇ। ਸਤਿਗੁਰ ਦਾ ਪ੍ਰਕਾਸ਼ ਤੇ ਅੰਤਰ ਧਿਆਨ ਸਾਡੇ ਲਈ ਦੋਵੇਂ ਪ੍ਰੀਤਮ ਪਿਆਰੇ ਦੀਆਂ ਯਾਦਗਾਰਾਂ, ਅਨੰਦ ਦੀਆਂ ਨਿਸ਼ਾਨੀਆਂ, ਉਤਸ਼ਾਹ ਤੇ ਉਮਾਹ ਭਰੀਆਂ ਚੜ੍ਹਦੀਆਂ ਕਲਾਂ ਦੀਆਂ ਦਾਤੀਆਂ ਹਨ।”
ਇਨ੍ਹਾਂ ਵਾਕਾਂ ਪਰ ਜੈਕਾਰੇ ਗੱਜੇ, ਸੁਹਾਗਣ, ਸਦਾ ਸੁਹਾਗਣ ਪੰਥ ਵਿਚੋਂ ਸ਼ੋਕ ਭੱਜ ਗਿਆ, ਸ਼ਦੀਆਨੇ ਵੱਜੇ, ਜੋ ਸ਼ਦੀਆਨੇ ਪਟਨੇ ਵਿਚ ੪੨ ਕੁ ਵਰ੍ਹੇ ਹੋਏ ਵੱਜੇ ਸਨ, ਸੋ ਸ਼ਦੀਆਨੇ ਅਰਸ਼ਾਂ ਵਿਚ ਵੱਜਦੇ ਸੁਣੇ ਸਨ, ਸੋ ਸ਼ਦੀਆਨੇ ਅੱਜ ਅਬਚਲਾ ਨਗਰ ਵੱਜੇ।
ਕੜਾਹਪ੍ਰਸ਼ਾਦ ਦੀਆਂ ਦੇਸ਼ਾਂ ਤਿਆਰ ਹੋਈਆਂ। ਸੰਤੋਖ ਸਿੰਘ ਗੁਰੂ ਪਿਆਰਾ ਸੰਤੋਖ ਸਿੰਘ, ਸਾਨੂੰ ਵਰਦਾਨ ਦਿਵਾਵਣ ਵਾਲਾ ਸੰਤੋਖ ਸਿੰਘ, ਸਤਿਗੁਰ ਦੇ ਹੁਕਮ ਮੂਜਬ ਅਬਚਲਾ ਨਗਰ ਵਿਚ ਪਹਿਲਾ ਲੰਗਰ ਚਲਾਉਣ ਵਾਲਾ ਸਿੰਘ ਹੋਇਆ। ਇਹ ਸੱਜਣ - ਗੁਰੂ ਨਹੀਂ ਪਰ - ਪੰਥ ਦਾ ਪਹਿਲਾ ਜਥੇਦਾਰ ਹੋਇਆ ਜੋ ਉਸੇ ਪੰਥ ਨੇ ਥਾਪਿਆ। ਇਸਦਾ ਸਨਮਾਨ ਅਤਿ ਦਾ ਸੀ, ਇਹ ਅੰਮ੍ਰਿਤ ਛਕਾਉਂਦਾ, ਨਾਮ ਸਿਮਰਨ ਦਾ ਸਹਾਈ ਹੁੰਦਾ, ਸਤਿਸੰਗ ਦਾ ਰੰਗ ਲਾਉਂਦਾ ਸੀ। ਇਸ ਨੂੰ ਗੁਰਮੁਖ ਤੇ ਮਹਾਂਪੁਰਖ ਤੇ ਸੰਤ ਸਮਝਿਆ ਜਾਂਦਾ ਸੀ। ਪਰ ਇਹ ਰਿਹਾ ਗੁਰੂ ਕਾ ਸਿੱਖ ਤੇ ਅਬਚਲਾ ਨਗਰ ਵਿਚ ਪਹਿਲਾ ਜਥੇਦਾਰ। ਲੰਗਰ ਦਾ ਅਰੰਭ ਆਪ ਨੇ ਪਹਿਲੀ ਇਸ ਖੁਸ਼ੀ ਵਿਚ ਕੜਾਹ ਪ੍ਰਸ਼ਾਦ ਦੀ ਦੇਗ ਚੜਾਕੇ ਕੀਤਾ:- ਕਿ ਸਤਿਗੁਰ ਸਾਡਾ ਸਤਿਗੁਰ ਹੈ, ਅਰਸ਼ਾਂ ਕੁਰਸ਼ਾਂ, ਮਕਾਨੀਆਂ, ਲਾਮਕਾਨੀਆਂ, ਦੇਸ਼ ਅਦੇਸ਼, ਕਾਲ ਅਕਾਲ ਸਭ ਦਾ ਸਦਾ ਗੁਰੂ ਹੈ।
ਸਤਿਗੁਰੁ ਜਾਗਤਾ ਹੈ ਦੇਉ ॥
ਅਰ ਜਿਕੂੰ ੧੭੨੩ ਤੋਂ ੧੭੬੫ ਤੱਕ ਪੰਥ ਨੂੰ ਪਿਆਰ ਕਰਨ ਵਾਲਾ, ਗ਼ਰੀਬ ਨਿਵਾਜਣ ਵਾਲਾ ਆਪਾ ਵਾਰਕੇ ਤਾਰਨ ਵਾਲਾ, ਵਾਹਿਗੁਰੂ ਦਰਸਾਉਣ ਵਾਲਾ, ਲੜ ਲਾਉਣ ਵਾਲਾ ਤੇ ਤੋੜ ਪਹੁੰਚਾਉਣ ਵਾਲਾ ਸਤਿਗੁਰੂ ਸੀ ਇਸੇ ਤਰ੍ਹਾਂ ਹੀ ਹੁਣ ਬੀ ਸਾਡਾ ਸਤਿਗੁਰ ਹੈ; ਸਦਾ ਸੀ, ਸਦਾ ਹੈ, ਸਦਾ ਸਤਿਗੁਰ ਹੋਵੇਗਾ। ਸਦਾ:-
ਜਹ ਜਹ ਕਾਜ ਕਿਰਤਿ ਸੇਵਕ ਕੀ ਤਹਾ ਤਹਾ ਉਠਿ ਧਾਵੈ ॥੧॥ ਸੇਵਕ ਕਉ ਨਿਕਟੀ ਹੋਇ ਦਿਖਾਵੈ ॥
ਅਪਨੇ ਦਾਸ ਕਉ ਦੇਇ ਵਡਾਈ ॥ ਅਪਨੇ ਸੇਵਕ ਕਉ ਨਾਮੁ ਜਪਾਈ ॥
ਅਪੁਨੇ ਜਨ ਕਾ ਪਰਦਾ ਢਾਕੈ ॥ ਅਪਨੇ ਸੇਵਕ ਕੀ ਸਰਪਰ ਰਾਖੈ ॥
ਅਸੀਂ ਸਦਾ ਐਉਂ ਸਿਦਕ ਧਾਰਾਂਗੇ ਤੇ ਸਿਮਰਾਂਗੇ:-
ਗੁਰੁ ਮੇਰੈ ਸੰਗਿ ਸਦਾ ਹੈ ਨਾਲੇ ॥ ਸਿਮਰਿ ਸਿਮਰਿ ਤਿਸੁ ਸਦਾ ਸਮ੍ਹਾਲੇ ॥
ਹੁਣ ਇਹ ਅਬਚਲਾ ਨਗਰ ਦਾ ਝਾਕਾ ਲੋਪ ਹੋ ਗਿਆ। ਪਰ ਸੋਝੀ ਦੇ ਗਿਆ ਕਿ ਜਨਮ ਮਰਨ ਗੁਰੂ ਲਈ ਕੋਈ ਸ਼ੈ ਨਹੀਂ। ਜਿਕੂੰ ਸੂਰਜ ਨੂੰ ਸਵੇਰ ਸੰਝ ਕੋਈ ਸ਼ੈ ਨਹੀਂ, ਉਦੈ ਅਸਤ ਕੋਈ ਸ਼ੈ ਨਹੀਂ, ਉਹ ਸਦਾ ਇਕ ਰਸ ਅਕਾਸ਼ਾਂ ਵਿਚ ਚਮਕਦਾ ਹੈ ਤੇ ਫੇਰ ਪ੍ਰਿਥਵੀ ਵਿਚ ਪ੍ਰਾਣੀ ਮਾਤ੍ਰ ਨਾਲ ਅੰਗ ਸੰਗ ਹੈ, ਤਿਵੇਂ ਸਤਿਗੁਰ ਅਰਸ਼ਾਂ ਦਾ ਅਸਲੀ ਸੂਰਜ ਸਦਾ ਚਮਕਦਾ ਹੈ, ਫੇਰ ਸਾਡੇ ਨਾਲ ਸਦਾ ਅੰਗ ਸੰਗ ਹੈ। ਧੰਨ ਅਰਸ਼ੀ ਪ੍ਰੀਤਮ, ਜੋ ਹਰ ਸਮੇਂ ਪ੍ਰਤਿਪਾਲਦਾ, ਸ਼ਰਨ ਲਾਉਂਦਾ ਤੇ ਤਾਰਦਾ ਹੈ।
“ ਸਭਿ ਥਾਈ ਹੋਹਿ ਸਹਾਇ॥"