“ਨਾ ਓਹੁ ਮਰੈ ਨ ਹੋਵੈ ਸੋਗੁ ॥ ”
ਇਕ ਅਵਾਜ਼ ਆਈ:-
“ਹੀਏ ਨੂੰ ਲੱਗੇ ਬਿਰਹੋਂ ਦੇ ਤੀਰ । ਕਿਵੇਂ ਨਿਕਲਣ ਤੇ ਕਿਵੇਂ ਮਿਲਣ।”
ਇਹ ਸੁਣਕੇ ਸਤਿਗੁਰ ਦੇ ਪਿਆਰੇ ਸੰਤੋਖ ਸਿੰਘ ਦਾ ਜੀਅ ਭਰ ਆਇਆ, ਜਿਸ ਨੂੰ ਕਲਗੀਆਂ ਵਾਲੇ ਨੇ ਹੁਕਮ ਦਿਤਾ ਸੀ ਕਿ 'ਤੁਸੀਂ ਸਦਾ ਏਥੇ ਰਹਿਣਾ ਤੇ ਦੇਗ਼ ਚਲਾਉਣੀ' ਉਸ ਪਿਆਰੇ ਦਾ ਜੀ ਭਰ ਆਇਆ, ਸਿਦਕ ਨੇ ਉਛਾਲਾ ਖਾਧਾ, ਉਸ ਸੱਚ ਨੇ (ਜੋ ਦੁਨੀਆਂ ਦੀ ਵਡਿਆਈ ਨੂੰ ਵਡਿਆਈ ਨਹੀਂ ਸਮਝਦਾ, ਪਰ ਜਿੱਥੇ ਉਹ ਹੁੰਦਾ ਹੈ ਉਥੇ ਪ੍ਰਬਲ ਸ਼ਕਤੀ ਹੁੰਦੀ ਹੈ) ਉਛਾਲਾ ਖਾਧਾ, ਅੱਖਾਂ ਚੜ੍ਹ ਗਈਆਂ, ਲਾਲੀ ਭਰ ਆਈਆਂ, ਮੱਥਾ ਚਮਕ ਪਿਆ, ਲਸ ਮਾਰੀ, ਸ੍ਰੀਰ ਥਰਾ ਗਿਆ, ਨੈਣਾਂ ਵਿਚੋਂ ਇਕ ਤੇਜ਼ ਨਿਕਲਿਆ, ਅਰ ਸਿੰਘ ਜੀ ਨੇ ਅਕਾਸ਼ ਵਿਚ ਇਕ ਹੱਥ ਫੇਰਕੇ ਗੂੰਜਦਾਰ, ਪਰ ਕੜਕਵੀਂ ਅਵਾਜ਼ ਵਿਚ ਕਿਹਾ:-
ਓਹੁ ਅਉਹਾਣੀ ਕਦੇ ਨਾਹਿ ਨਾ ਆਵੈ ਨਾ ਜਾਇ॥
ਇਹ ਕਹਿਂਦੇ ਹੀ ਇਕ ਲਿਸ਼ਕਾਰਾ ਪਿਆ, ਸਭ ਨੈਣ ਮੁੰਦ ਗਏ। ਸਾਰੇ ਖਾਲਸੇ ਅਹਿੱਲ, ਅਚੱਲ, ਅਡੋਲ ਹੋ ਗਏ। ਸਾਰਿਆਂ ਦੇ ਨੈਣ ਅਗੋਂ ਮਾਤਲੋਕ ਲੋਪ ਹੋ ਗਿਆ, ਅੰਦਰਲੀ ਨਜ਼ਰ ਅਸਮਾਨਾਂ ਤੇ ਜਾ ਟਿਕੀ। ਕੀ ਦੇਖਦੇ ਹਨ:-
{ਪਹਿਲਾ ਆਤਮ ਲਹਿਰਾਉ}
ਇਕ ਪ੍ਰਕਾਸ਼ ਦੀ ਧਰਤੀ ਹੈ, ਬਿਨਾਂ ਚੰਦ ਸੂਰਜ ਤਾਰੇ ਦੇ ਚਾਨਣਾਂ, ਪਰ ਉਂਞ ਚੰਦ ਵਾਂਗੂੰ ਮਿੱਠਾ ਮਿੱਠਾ ਚਾਨਣਾ ਹੈ, ਚਾਨਣੇ ਦਾ ਇਕ ਮਹਿਲ ਹਵੇਲੀ ਦੀ ਸੂਰਤ ਦਾ ਹੈ। ਉਥੇ ਇਕ ਅਤੀ ਤੇਜਮਯ ਦੇਵੀਆਂ ਸਿਰ ਦੇਵੀ ਇਕ ਨੂਰ ਦੇ ਤਖਤ ਤੇ ਬੈਠੀ ਹੈ। ਚਾਰ ਹੋਰ ਨੂਰ ਦੇ ਪੁਤਲੇ ਨੂਰੀ ਘੋੜੇ ਸਰਪੱਟ ਸੱਟੀ ਆ ਰਹੇ ਹਨ ਤੇ ਛੇਤੀ ਨਾਲ ਤਖਤ ਪਾਸ ਜਾਕੇ ਮੱਥਾ ਟੇਕਦੇ ਹਨ ਤੇ ਆਖਦੇ ਹਨ, ਮਾਤਾ ਜੀ! ਅੱਜ ਦਾਤਾ ਜੀ ਦਾ ਆਗਮਨ ਹੈ।
ਸਮਾਧਿ ਸਥਿਤ ਦੇਵੀ ਨੇ ਨੇਤਰ ਖੁਹਲੇ, ਬੱਚਿਓ! ਕੀ ਸੰਦੇਸਾ ਲਿਆਏ ਹੋ?
ਬੱਚੇ - ਮਾਤਾ ਜੀ ! ਪਿਤਾ ਜੀ ਆ ਰਹੇ ਹਨ, ਮਾਤਲੋਕ ਤੋਂ ਟੁਰ ਪਏ ਹਨ।