ਐ ਇਨਸਾਨ, ਹਯਾ !
ਤੈਨੂੰ ਸਾਜਿਆ ਸੀ ਦਰਦੇ-ਦਿਲ ਵਾਸਤੇ,
ਤੇਰੇ ਖਮੀਰ ਵਿਚ ਗੁੰਨ੍ਹੀ ਸੀ
ਹਮਦਰਦੀ
ਐ ਬੇਹਯਾ !
ਜਿਸ ਵੇਲੇ ਤੂੰ ਬੇਦਰਦ ਹੋ ਉਠਦਾ ਹੈਂ
ਦਰਦੇ-ਦਿਲ ਤੋਂ ਵਿਹੂਣੀ ਦੁਨੀਆ ਬੀ
ਦਹਿਲ ਉਠਦੀ ਹੈ,
ਕੰਬ ਖੜੋਦੀ ਹੈ
ਤੇਰੀ ਪੱਥਰ-ਦਿਲੀ ਉਤੇ
ਐ ਇਨਸਾਨ!
ਕਦੇ ਤੈਥੋਂ ਸਬਕ ਲੈਣ
ਫਰਿਸ਼ਤੇ ਆਉਂਦੇ ਸਨ
ਹਮਦਰਦੀ ਦਾ, ਦਰਦੇ-ਦਿਲ ਦਾ,
ਦਿਲ ਪ੍ਰੇਮ ਦਾ
ਹੁਣ, ਹਾਂ ਸ਼ੋਕ!
ਤੂੰ ਹੇਠਾਂ ਹੇਠਾਂ ਟੁਰਿਆ ਜਾਂਦਾ ਹੈ
ਹਿੰਸਕ ਪਸ਼ੂਆਂ ਤੋਂ ਬੀ ਹੇਠਾਂ,
ਹੇਠਾਂ, ਹੇਠਾਂ
ਤੇਰੀ ਸਭਯਤਾ ਕੀ ਹੈ ?
ਭਾਈ ਸਾਹਿਬ ਦਾ ਦੇਸ਼ ਪਿਆਰ ਉਨ੍ਹਾਂ ਦੀਆਂ ਕਵਿਤਾਵਾਂ ਵਿਚੋਂ ਉਛਲ ਉਛਲ ਪੈਂਦਾ ਹੈ। ਉਹ 'ਜਿੰਦੜੀ ਕੌਮ ਖਾਤਰ' ਕਵਿਤਾ ਵਿੱਚ ਬਿਆਨ ਕਰਦੇ ਹਨ:
'ਏਸ ਜਿੰਦ ਵਿਚ ਨੂਰ ਹੈ ਰੱਬ ਵਾਲਾ
ਇਸ ਵਿਚ 'ਵਿਘਨ' ਨ ਕਿਸੇ ਨੂੰ ਪਾਣ ਦੇਈਏ
ਪਰ ਜਦ ਦੇਸ਼ ਨੂੰ ਏਸ ਦੀ ਲੋੜ ਪੈ ਜਾਏ
ਹੋ ਨਿਸੰਗ ਫਿਰ ਛਾਤੀਆਂ ਤਾਣ ਦੇਈਏ।'
ਉਹਨਾਂ ਨੇ ਸਿਖੀ ਦੇ ਅਸੂਲ-
'ਜਉ ਤਉ ਪ੍ਰੇਮ ਖੇਲਨ ਕਾ ਚਾਉ
ਸਿਰੁ ਧਰਿ ਤਲੀ ਗਲੀ ਮੇਰੀ ਆਉ
ਇਤੁ ਮਾਰਗਿ ਪੈਰੁ ਧਰੀਜੈ
ਸਿਰੁ ਦੀਜੈ ਕਾਣਿ ਨ ਕੀਜੈ।'
ਅਤੇ
'ਅਰ ਸਿਖ ਹੋ ਅਪਨੇ ਹੀ ਮਨ ਕੋ
ਇਹ ਲਾਲਚ ਹਉ ਗੁਣ ਤਉ ਉਚਰੋ
ਜਬ ਆਵ ਕੀ ਅਉਧ ਨਿਦਾਨ ਬਨੈ
ਅੱਤ ਹੀ ਰਣ ਮਹਿ ਤਬ ਜੂਝ ਮਰੋ ।
ਨੂੰ ਆਪਣੀ ਹਿਰਦੇ ਟੁੰਬਵੀ ਕਵਿਤਾ 'ਸ਼ਹੀਦੀ ਸਾਕਾ ਨਨਕਾਣਾ ਸਾਹਿਬ' ਵਿਚ ਇਸ ਤਰ੍ਹਾਂ ਵਰਨਣ ਕੀਤਾ ਹੈ:
'ਸਾਧ ਸ਼ੀਹ ਹੋਏ ਫੁੰਕਾਰਦੇ
ਸ਼ੇਰ ਖੜੇ ਹੋ ਸਿਦਕ ਨ ਹਾਰਦੇ
ਖਾਣ ਗੋਲੀ ਨ ਰੋੜਾ ਉਲਾਰਦੇ
ਗੋਲੀ ਵਰਸਦੀ ਸ਼ੂਕਰਾਂ ਮਾਰਦੀ
ਉਤੋਂ ਮਾਰ ਕਰੇ ਲੋਹੇ ਸਾਰ ਦੀ।'
ਇਸੀ ਤਰ੍ਹਾਂ ਸੇਵਾ ਵਾਲੀ ਕਵਿਤਾ ਵਿਚ ਸਿਖੀ ਆਦਰਸ਼ ਭਾਵ ਨਿਸ਼ਕਾਮ ਸੇਵਾ ਬਾਰੇ ਵਰਨਣ ਕਰਦੇ ਹਨ:
'ਚਿਤੋ ਗਰਜ਼ ਚੁਕਾਈਏ ਸਾਰੀ ਲੋੜ ਨ ਕੋਈ ਰਖਾਈਏ
ਦੂਜੇ ਨੂੰ ਸੁਖ ਦੇਣੇ ਖਾਤਰ ਜੇਕਰ ਸੇਵ ਕਮਾਈਏ
ਏਹ ਸੇਵਾ ਉਚੀ ਸਭ ਕੋਲੋ ਸੇਵਾ ਅਸਲ ਕਹਾਵੇ
ਕਰੀਏ ਤਾਂ ਦੂਜੇ ਦੀ ਸੇਵਾ ਸਾਨੂੰ ਸੁਖ ਪਹੁੰਚਾਵੇ ।'
ਗੁਰੂ ਅਮਰਦਾਸ ਜੀ ਦੀ ਚਲਾਈ 'ਲੰਗਰ ਪ੍ਰਥਾ' ਬਾਰੇ ਇਹ ਪ੍ਰਮਾਣਿਤ ਹੈ ਸੀ ਕਿ ਸ਼ਾਮ ਨੂੰ ਦੇਗਾਂ ਮੂਧੀਆਂ ਮਾਰ ਦੇਂਦੇ ਸਨ ਅਤੇ ਅਗਲੀ ਭਲਕ ਫਿਰ ਲੰਗਰ ਤਿਆਰ ਹੋ ਜਾਂਦਾ ਸੀ । ਭਾਈ ਸਾਹਿਬ ਜੀ 'ਅਮਰਦਾਸ' ਵਾਲੀ ਕਵਿਤਾ ਵਿਚ ਗੁਰੂ ਸਾਹਿਬ ਬਾਰੇ ਇੰਝ ਵਰਨਣ ਕਰਦੇ ਹਨ:
'ਹੇ ਅਚਰਜ ਤੂੰ ਲੈਣਹਾਰ ਤੋਂ
ਅਮਿਤ ਖਜ਼ਾਨੇ ਭਰੇ ਲਏ
ਭਰੇ ਲਏ ਤੇ ਖੋਲ ਮੁਹਾਨੇ
ਦੋਹੀ 'ਹੱਥੀ' ਵੰਡ ਦਏ
ਫਿਰ ਅਚਰਜ ਉਹ ਭਏ ਨ ਖਾਲੀ
ਜਿਉ ਕੇ ਤਿਉ ਰਹੇ ਭਰੇ ਭਰੇ
ਦਾਤ ਅਮਿਤੀ ਵੰਡ ਅਮਿਤੀ
ਫੇਰ ਅਮਿਤੀ ਰਹੇ ਸਦੇ
ਭਾਈ ਸਾਹਿਬ ਜੀ ਦੀ ਕਵਿਤਾ ਵਿਚ ਕਿਧਰੇ ਕਿਧਰੇ ਹਾਸ ਰਸ ਵੀ ਦਿਖਾਈ ਦੇਂਦਾ ਹੈ। ਉਹਨਾਂ ਨੂੰ ਜਦੋਂ ਪੰਜਾਬ ਯੂਨੀਵਰਸਿਟੀ ਨੇ ਡਾਕਟਰੇਟ ਦੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ ਤਾਂ ਆਪ ਨੇ ਉਸ ਵੇਲੇ ਏਹ ਰੁਬਾਈ ਉਚਾਰਨ ਕੀਤੀ:
'ਦਾਦਾ ਪਿਉ ਸਨ ਵੈਦ ਡਾਕਟਰ
ਸ਼ਫਾ ਜਿਨ੍ਹਾਂ ਦੇ ਚੁੰਮਦੀ ਪੈਰ
ਪਾਣੀ ਹਾਰ ਓਹ ਵਿਦਯਾ ਸੰਦੇ
ਮਨਿ ਬੁਧਿ ਵਸੇ ਜਿਨਾਂ ਦੇ ਖੈਰ ।
ਅਸੀ ਅਨਾੜੀ ਰਹੇ ਉਮਰਾ ਭਰ
ਨ ਪੰਡਿਤ ਨ ਬਣੇ ਹਕੀਮ
ਹੁਣ ਜੇ 'ਡਾਕਟਰ' ਪੱਦ ਆ ਚਮੜੇ
ਤਾਂ ਇਹ ਲਗਸੀ ਬੜਾ ਹੀ ਗ਼ੈਰ ।'
ਭਾਈ ਸਾਹਿਬ ਨੇ ਸਾਰੀ ਜ਼ਿੰਦਗੀ ਸਾਹਿਤ ਸਿਰਜਣਾ ਕੀਤੀ ਤੇ ਆਪਣੀਆਂ ਰਚਨਾਵਾਂ ਦੇ ਨਾਲ ਸਾਨੂੰ ਨਿਵਾਜਿਆ। 'ਊਠਤ ਬੈਠਤ ਸੋਵਤ ਨਾਮ, ਕਹੁਨਾਨਕ ਜਨ ਕੈ ਸਦ ਕਾਮ', ਦੇ ਗੁਰਵਾਕ ਅਨੁਸਾਰ ਸਤਿਗੁਰਾਂ ਦੇ ਨਿਸ਼ਕਾਮ ਢਾਡੀ ਹੀ ਬਣੇ ਰਹੇ
ਅਜਿਹੀਆਂ ਭਰਪੂਰ ਘੜੀਆਂ ਵਿਚੋਂ ਵਿਚਰਦੇ ਹੋਏ ਉਹ ਅਪਨੀ ਸਾਰੀ ਲਿਖਤ ਨੂੰ ਛਪੀ ਹੋਈ ਸ਼ਕਲ ਵਿੱਚ ਪੇਸ਼ ਨਹੀਂ ਕਰ ਸਕੇ। ਕੁਝ ਕਵਿਤਾਵਾਂ ਸੁਹਿਰਦ ਪਾਠਕਾਂ ਦੇ ਸਾਹਮਣੇ ਆਉਣੋਂ ਰਹਿ ਗਈਆਂ। ਸਾਹਿਤ ਸਦਨ ਦਾ ਇਹ ਨਿਮਾਣਾ ਜਿਹਾ ਯਤਨ ਹੈ ਕਿ ਇਹਨਾਂ ਕਵਿਤਾਵਾਂ ਨੂੰ ਪ੍ਰਕਾਸ਼ਿਤ ਕੀਤਾ ਜਾਏ ਤੇ ਇਹ ਰਿਕਾਰਡ ਦੇ ਤੌਰ ਤੇ ਸਮੱਗਰੀ ਦਾ ਅੰਗ ਹੋ ਜਾਣ। ਅਜਿਹੀਆਂ ਹੋਰ ਵੀ ਅਣ-ਛਪੀਆਂ ਕਵਿਤਾਵਾਂ ਸਾਹਿਤ ਸਦਨ ਪਾਠਕਾਂ ਦੀ ਭੇਟ ਕਰਨ ਦੀ ਆਸ ਰਖਦਾ ਹੈ।