ਮੈਂ ਓਹੋ
ਮੈਂ ਓਹੋ ਨੀ ਓਹੋ ਕੁੜੀਏ
ਜਿਸ ਤੋਂ ਪਰੇ ਰਿਹਾਂ ਸੁਖ ਮਾਣੇ
ਜਿਸ ਵਿਚ ਟੁਰੋਂ ਤਾਂ ਛਤਰੀਆਂ ਤਾਣੇ
ਮੈਂ ਓਹੋ ਨੀ ਓਹ
ਅੰਦਰ ਬਹੇਂ ਤਾਂ ਬੂਹੇ ਮਾਰੇਂ
ਨੀਲੇ ਪੜਦੇ ਪਈ ਪਸਾਰੇਂ
ਬੰਦ ਝਰੋਖੇ ਤਾਕੀਆਂ ਸਾਰੇ
ਮਤ ਮੈਂ ਵੜ ਜਾਂ ਅੰਦਰ ਤੇਰੇ
ਮੈਂ ਓਹੋ ਨੀ ਓਹੋ
ਹੁਣ ਤੂੰ ਓਹੋ ਮੈਨੂੰ ਭਾਲੋਂ
ਮੂੰਹ ਚੁਕ ਤਕੇਂ ਬਦਲ ਕਾਲੇ
ਕਦੋਂ ਫਟਣ ਧੁਪ-ਮੂੰਹ ਦਿਖਾਲੇ
ਮੈਂ ਓਹੋ ਨੀ ਓਹੋ
ਚਾਣਚਕ ਜੇ ਦਰਸ ਦਿਖਾਵਾਂ
ਦੂਰ ਹੋਣ ਓਹ ਛਾਈਆਂ ਛਾਵਾਂ
ਤੂੰ ਆਖੇਂ ਮੈਂ ਧੁਪੇ ਜਾਵਾਂ
ਛਡੋ ਸਹੀਓ, ਕੁਰਸੀ ਡਾਵ੍ਹਾਂ
ਧੁਪ ਸੇਕਣ ਦੀਆਂ ਮੋਜਾਂ ਮਾਣਾ
ਮੈਂ ਓਹੋ ਨੀ ਓਹੋ