ਹੁਕਮ ਕਮਾਈਏ ਕਾਰ
ਕੋਲੋਂ ਗਾ ਉਠੀ ਇਕ ਬੁਲਬੁਲ
"ਹੁਕਮ ਕਮਾਈਏ ਕਾਰ"
ਨਚੀਏ, ਟਪੀਏ, ਗਾਈਏ, ਉਡੀਏ
ਹੁਕਮ ਕਮਾਈਏ ਕਾਰ।
ਵਸਲ, ਬਸੰਤ, ਪਤਝੜੀ, ਵਿਛੜਨ
ਪ੍ਰੀਤਮ ਕਦੇ ਨ ਵਿਸਰੇ
ਵਿਚ ਸੰਗੀਤ ਪਰਚੀਏ ਸਖੀਏ
ਹੁਕਮ ਕਮਾਈਏ ਕਾਰ।
ਆਪਾ ਚੀਨੀ
ਤਕੋ ਸਹੀਓ ! ਅਜ ਅਸਾਂ ਨੂੰ ਸ਼ੀਸ਼ਾ ਹੈ ਇਕ ਮਿਲਿਆ
'ਖੁਦ ਬੀਨੀ' ਤੇ 'ਆਪਾ ਚੀਨੀ' ਦੋ ਰੰਗੀ ਸੰਮਿਲਿਆ
ਸ਼ਾਲਾ ਇਸ ਵਿਚ ''ਆਪਾ ਚੀਨਣ ਵਾਲੀ'' ਮੂਰਤ ਵੇਖਾਂ
ਖ਼ੁਦ ਬੀਨੀ ਦਾ ਰੰਗ ਏਸ ਦਾ ਹਹੇ ਦੂਰ ਹੀ ਖਲਿਆ
ਅਪਨੀ ਅਰਦਾਸ
(ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸੇਵਾ ਵਿਚ)
ਹੇ ਗੁਰੂ ਅੰਗਦ ਦੇਵ !
ਨਿਰੀ ਨਾ ਤੂੰ ਤਸਵੀਰ ਗੁਰੂ ਨਾਨਕ ਦੀ ਸੁਹਣਿਆਂ
ਤੂੰ ਉਹੀ ਸਰੀਰ, ਓਹੋ ਮਨ, ਓਹੋ ਜੋਤ ਹੈਂ ਤੂੰ
ਤੁੱਠ ਉਸੇ ਹੀ ਵਾਂਙ ਚਰਣ ਸ਼ਰਣ ਦਾ ਦਾਨ ਦੇ
ਨਿਭ ਜਾਏ ਮੇਰੀ ਸਾਂਝ ਤੇਰਾ ਸਿੱਖ ਅਖਵਾਣ ਦੀ
ਹੇ ਗੁਰ ਅੰਗਦ ਦੇਵ ! ਕਿਲਵਿਖ ਕਰ ਦਿਓ ਦੂਰ
ਲਾ ਕੇ ਅਪਨੀ ਸੇਵ 'ਸਜਣ' ਵਾਂਙ ਉਧਾਰ ਲੈ ।