ਰਾਗ
ਫਸ ਸੰਗੀਤ ਰਿਹਾ ਸੰਘ ਤੇਰੇ
ਤਦੇ ਖੰਘੂਰੇ ਮਾਰੇਂ ।
ਗਾ ਗਾ ਕੇ ਕਢ ਇਸਨੂੰ ਬਾਹਰ
ਬੁਲਬੁਲ ਜਿਉ ਗਾ ਗਾ ਰੇ।
ਅੰਦਰ ਰਖਿਆ ਰਾਗ ਨ ਰਹਿੰਦਾ
ਤਾਣ ਪਿਆ ਕੋਈ ਲਾਵੇ
ਇਸ ਸੁਨਣੇ ਦਾ ਜਗ ਹੱਕ ਰਖੇ
ਦੇ ਦੇ ਹੱਕ ਪਰਾਰੇ ।
ਸੀਰਤ
ਮੈਂ 'ਸੂਰਤ' ਤੂੰ ਸੂਰਤ ਹੈ ਨਹੀ
ਸੂਰਤ ਬਿਨ 'ਸੀਰਤ' ਤੂੰ
ਸੀਰਤ ਨਿਰੀ ਨ ਪਕੜੇ ਆਵੇ
ਹਾਰੀ ਫੜ ਫੜ ਸੀਰਤ ਨੂੰ
ਕਦੇ ਤਾਂ ਸੂਰਤ ਬਣਕੇ ਆ ਜਾ
ਗਲ ਲਾ ਲੈ ਤਰਸੰਦੜੀ ਨੂੰ
ਸੂਰਤ ਨਾਲ ਜੇ ਸੀਰਤ ਦਿੱਸੇ
ਪਕੜ ਬਹਾਵਾਂ ਸੀਰਤ ਨੂੰ