ਤ੍ਰੁਠ ਪਵੋ
ਨਦੀਓ ਤਰੰਦੜੀ ਤੇ ਤੁਲਹਾ ਪੁਰਾਣਾ
ਖੇਉ ਨ ਜਾਣਾ, ਮੈਂ ਮਨ ਤਾਰੂ ਦਸ ਮੇਰੇ ਸਾਹਿਬ
ਕਿਵੇਂ ਖੇਉ
ਨ ਝੋਲੀ ਨ ਤੌਲਾ ਨ ਬੁਕ ਅੰਗਣੇ
ਤੂਠ ਬੀ ਪਵੋ ਤਾਂ ਕਿਵੇਂ ਲੇਉਂ ?
ਬਿਰਦ ਆਪਣਾ ਪਾਲ
ਸੂਰਜ ਦੁਆਲ਼ੇ ਗ੍ਰਹਿ ਜੋ ਘੁੰਮਦੇ
ਅਪਨੀ ਸ਼ਕਤਿ ਨਾਲ
ਕੁਦਰਤ ਕੌਣ ਅਸਾਡੀ ਦਾਤਾ
ਘੁੰਮ ਸਕੀਏ ਤੁਧ ਦੁਆਲ
ਹੇ ਸੂਰਾਂ ਦੇ ਸੂਰ ਅਮਿਤੇ
ਖਿਚ ਅਪਨੀ ਦੇ ਜ਼ੋਰ
ਰੱਖ ਅਪਣੇ ਦੁਆਲੇ ਘੁੰਮਦੇ
ਬਿਰਦ ਅਪਣਾ ਪਾਲ।
ਰਖੀ ਅਪਨੇ ਨਾਲ
ਦਿਸਦਾ ਨਹੀਂ ਭੁਲੀਦਾ ਨਹੀ
ਰਹਨੈ ਨਾਲੋ ਨਾਲ
ਰਹਨੈ ਨਾਲੋ ਨਾਲ ਸੁਹਣਿਆਂ
ਰਖ ਬੀ ਅਪਨੇ ਨਾਲ
ਰਖ ਬੀ ਅਪਨੇ ਨਾਲ ਸੁਹਣਿਆਂ
ਰਖ ਬੀ ਅਪਨੇ ਨਾਲ