ਭਰੇ ਲਏ ਤੇ ਖੋਲ ਮੁਹਾਨੇ
ਦੋਹੀ 'ਹੱਥੀ' ਵੰਡ ਦਏ
ਫਿਰ ਅਚਰਜ ਉਹ ਭਏ ਨ ਖਾਲੀ
ਜਿਉ ਕੇ ਤਿਉ ਰਹੇ ਭਰੇ ਭਰੇ
ਦਾਤ ਅਮਿਤੀ ਵੰਡ ਅਮਿਤੀ
ਫੇਰ ਅਮਿਤੀ ਰਹੇ ਸਦੇ
ਭਾਈ ਸਾਹਿਬ ਜੀ ਦੀ ਕਵਿਤਾ ਵਿਚ ਕਿਧਰੇ ਕਿਧਰੇ ਹਾਸ ਰਸ ਵੀ ਦਿਖਾਈ ਦੇਂਦਾ ਹੈ। ਉਹਨਾਂ ਨੂੰ ਜਦੋਂ ਪੰਜਾਬ ਯੂਨੀਵਰਸਿਟੀ ਨੇ ਡਾਕਟਰੇਟ ਦੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ ਤਾਂ ਆਪ ਨੇ ਉਸ ਵੇਲੇ ਏਹ ਰੁਬਾਈ ਉਚਾਰਨ ਕੀਤੀ:
'ਦਾਦਾ ਪਿਉ ਸਨ ਵੈਦ ਡਾਕਟਰ
ਸ਼ਫਾ ਜਿਨ੍ਹਾਂ ਦੇ ਚੁੰਮਦੀ ਪੈਰ
ਪਾਣੀ ਹਾਰ ਓਹ ਵਿਦਯਾ ਸੰਦੇ
ਮਨਿ ਬੁਧਿ ਵਸੇ ਜਿਨਾਂ ਦੇ ਖੈਰ ।
ਅਸੀ ਅਨਾੜੀ ਰਹੇ ਉਮਰਾ ਭਰ
ਨ ਪੰਡਿਤ ਨ ਬਣੇ ਹਕੀਮ
ਹੁਣ ਜੇ 'ਡਾਕਟਰ' ਪੱਦ ਆ ਚਮੜੇ
ਤਾਂ ਇਹ ਲਗਸੀ ਬੜਾ ਹੀ ਗ਼ੈਰ ।'
ਭਾਈ ਸਾਹਿਬ ਨੇ ਸਾਰੀ ਜ਼ਿੰਦਗੀ ਸਾਹਿਤ ਸਿਰਜਣਾ ਕੀਤੀ ਤੇ ਆਪਣੀਆਂ ਰਚਨਾਵਾਂ ਦੇ ਨਾਲ ਸਾਨੂੰ ਨਿਵਾਜਿਆ। 'ਊਠਤ ਬੈਠਤ ਸੋਵਤ ਨਾਮ, ਕਹੁਨਾਨਕ ਜਨ ਕੈ ਸਦ ਕਾਮ', ਦੇ ਗੁਰਵਾਕ ਅਨੁਸਾਰ ਸਤਿਗੁਰਾਂ ਦੇ ਨਿਸ਼ਕਾਮ ਢਾਡੀ ਹੀ ਬਣੇ ਰਹੇ
ਅਜਿਹੀਆਂ ਭਰਪੂਰ ਘੜੀਆਂ ਵਿਚੋਂ ਵਿਚਰਦੇ ਹੋਏ ਉਹ ਅਪਨੀ ਸਾਰੀ ਲਿਖਤ ਨੂੰ ਛਪੀ ਹੋਈ ਸ਼ਕਲ ਵਿੱਚ ਪੇਸ਼ ਨਹੀਂ ਕਰ ਸਕੇ। ਕੁਝ ਕਵਿਤਾਵਾਂ ਸੁਹਿਰਦ ਪਾਠਕਾਂ ਦੇ ਸਾਹਮਣੇ ਆਉਣੋਂ ਰਹਿ ਗਈਆਂ। ਸਾਹਿਤ ਸਦਨ ਦਾ ਇਹ ਨਿਮਾਣਾ ਜਿਹਾ ਯਤਨ ਹੈ ਕਿ ਇਹਨਾਂ ਕਵਿਤਾਵਾਂ ਨੂੰ ਪ੍ਰਕਾਸ਼ਿਤ ਕੀਤਾ ਜਾਏ ਤੇ ਇਹ ਰਿਕਾਰਡ ਦੇ ਤੌਰ ਤੇ ਸਮੱਗਰੀ ਦਾ ਅੰਗ ਹੋ ਜਾਣ। ਅਜਿਹੀਆਂ ਹੋਰ ਵੀ ਅਣ-ਛਪੀਆਂ ਕਵਿਤਾਵਾਂ ਸਾਹਿਤ ਸਦਨ ਪਾਠਕਾਂ ਦੀ ਭੇਟ ਕਰਨ ਦੀ ਆਸ ਰਖਦਾ ਹੈ।
ਮਹਿਰਮ
'ਛੁਹ ਪ੍ਰੀਤਮ' ਦੀ ਪਾ ਕੇ ਸੁਹਣੀ, ਜਦ ਪੇਕੇ ਘਰ ਆਈ,
ਨਾਮਹਿਰਮ ਸਖੀਆਂ ਨੂੰ ਉਸਨ, ਛੁਹ ਦੀ ਗਲ ਸੁਣਾਈ
ਖਾਰੀਂ ਪਾ 'ਛਹ' ਵੇਚਣ ਚਲੀਆਂ, ਨਾਮਹਿਰਮ ਓ ਸੱਖੀਆਂ,
'ਛੁਹ-ਭ੍ਰਮ' ਪੱਲੇ ਪਿਆ ਉਨ੍ਹਾਂ ਦੇ, ਖ੍ਰੀਦ ਜਿਨਾਂ ਆ ਪਾਈ ।
ਤੜਫਨ
ਦਿਲ ਸਾਗਰ ਦੀਏ ਲਹਰ ਤਰੰਗੇ
ਤੜਫ ਤੜਫ ਤੜਫੈਂਨੀ ਏਂ ?
ਬਾਂਹ ਉਲਾਰੇਂ ਗਲੇ ਲਗਣ ਨੂੰ
ਕੰਬ ਕੰਬ ਡਿਗ ਡਿਗ ਪੈਨੀ ਏਂ ?
ਪ੍ਰੀਤਮ ਤੈਂ ਦੇ ਚੋਜ ਨਿਆਰੇ
ਸਮਝ ਨ ਕੋਈ ਪੈਨੀ ਏਂ ?
ਖਬਰੇ ਤੜਫਨ ਜੀਵਨ ਹੈ
ਕੁਈ ਇਹ ਗਲ ਉਨੂੰ ਜਚੈਨੀ ਏ ?
ਖਿੱਚਾਂ
ਇਕ ਤੋਂ ਇਕ ਚੜੰਦੀਆਂ ਮਿਲਦੀਆਂ
ਮਿਹਰਾਂ ਮੇਰੇ ਸਾਈਆਂ ! ਤੁਸਾਂ ਘਲਾਈਆਂ
ਮਿਹਰ ਤੁਸਾਡੀ ਦਿਓ ਜੁ ਸਾਨੂੰ
ਸੁਹਣੀਆਂ ਦਿਲ ਪਰਚਾਈਆਂ,ਤੁਸਾਂ ਰਚਾਈਆਂ;
ਮਿਲੋ ਆਪ ਬੀ ਰੂਪਵਾਨ ਹੋ
ਆ ਮਿਲ ਮੇਰੇ ਸਾਈਆਂ ! ਦਿਆਂ ਦੁਹਾਈਆਂ
ਕਦੀ ਤਾਂ ਪੂਰੋ ਰੂਪਵਾਨ ਹੋ
ਖਿੱਚਾਂ ਆਪ ਲਗਾਈਆਂ, ਧੁਰ ਤੋਂ ਪਾਈਆਂ ।
ਦੋ ਪੰਛੀ
ਤੂੰ ਮੈਂ ਦੋਵੇਂ ਪੰਛੀ ਐਪਰ ਤੂੰ ਮੁੱਲ ਦਾ ਮੈਂ ਰੁਲਦਾ ।
ਬੈਠ ਗਿਆ ਤੂੰ ਨਿਠਕੇ ਪੰਛੀ ਤਾਣ ਚੰਦੋਆ ਭੁੱਲਦਾ
ਮੈਂ ਉਡਾਰ, ਰੁਖ ਖਿਲਰੇ ਖੰਭੀ ਨਿਤ ਯਾਦਾਂ ਵਿਚ ਘੁਲਦਾ
ਤੂੰ ਮੈਂ ਦੋਵੇਂ ਪੰਛੀ ਐਪਰ ਤੂੰ ਬੱਝਾ ਤੇ ਮੈਂ ਖੁਲ੍ਹਦਾ
ਯਾਦ ਹੁਲਾਰੇ ਦਮ ਦਮ ਲੈਂਦਾ ਧਾਰ ਆਸਰਾ ਖੁਲ੍ਹ ਦਾ ।
ਗਲਵਕੜੀ
ਦੇਖ ਲਾਲ ! ਅਮਰ ਵਿਧਾਤ੍ਰੀ
ਤੇਰੀ ਮੇਰੀ ਗਲਵਕੜੀ ਨੂੰ,
ਸਦੀਵੀ ਨਾਂ ਕਰ ਸਕੀ
ਪਰ ਮਰਨਹਾਰ ਮੁਸੱਵਰ ਨੇ,
ਓਸੇ ਗਲਵਕੜੀ ਨੂੰ
ਪੱਥਰ ਵਿਚ ਸਦੀਵੀ ਕਰ ਦਿਤਾ।
ਜਦੋਂ ਤੂੰ ਮੈਂ ਤੇ ਮਸਵਰ ਨਹੀਂ ਹੋਵਾਂਗੇ,
ਇਹ ਗਲਵਕੜੀ ਅਜੇ ਪਈ ਹੋਵੇਗੀ!
ਖਿੱਚ
ਪ੍ਰਸ਼ਨ :-
ਚਲਦੀਆਂ ਨਦੀਆਂ ਦਿਨੇ ਰਾਤ ਹਨ
ਤੈਨੂੰ ਮਿਲਣੇ ਤਾਈਂ
ਗਹਰ ਗੰਭੀਰ ਅਥਾਹ ਸਮੁੰਦਰਾ।
ਤੂੰ ਕਿਸ ਨੂੰ ਮਿਲਨੇ ਤਾਈ
ਉਛਲੋਂ, ਆਵੇਂ, ਜਾਵੇਂ ਨਿੱਤ ਤੂੰ
ਚਲ ਚਲ ਥਕਿਉਂ ਨ ਭਾਈ ?
ਸਮੁੰਦਰ ਦਾ ਉਤਰ :-
ਹੈ ਕੋਈ ਪ੍ਰੀਤਮ ਸਾਰ ਨਾ ਜਾਣਾ
ਖਿੱਚ ਉਸ ਸਾਨੂੰ ਲਾਈ ।
ਜਿੰਦੜੀ ਕੌਮ ਖਾਤਰ
ਜੀਊਂਦੀ ਕੌਮ ਦੇ ਜਿੰਦੜੀ ਵਾਰਦੇ ਹਨ,
ਜਿੰਦ ਦੇਵਣੀ 'ਜਿੰਦ ਨਿਸ਼ਾਨ' ਭਾਈ
ਜਿਹੜੇ ਜਿੰਦ ਨੂੰ ਕੌਮ ਤੋਂ ਪਯਾਰ ਕਰਦੇ
ਓਸ ਕੌਮ ਦੀ ਜਿੰਦ ਨ ਜਾਨ ਭਾਈ,
ਜਿੰਦ ਦੇਣ ਜਾਣਨ ਜਿਹੜੇ ਕੌਮ ਖਾਤਰ
ਜਿੰਦ ਕੌਮਾਂ ਦੇ ਵਿਚ ਹੈ ਉਨ੍ਹਾਂ ਪਾਈ
ਜਿੰਦ ਰੱਖਣੇ ਤੇ ਜਿੰਦ ਦੇਵਣੇ ਦੀ
ਜਿਨ੍ਹਾਂ ਜਾਚ ਆਈ, ਉਨ੍ਹਾਂ ਕੌਮ ਚਾਈ!
ਅਸਾਂ ਜਿੰਦੀਆਂ ਦਿਤੀਆਂ ਧੁਰੋਂ ਮੁਢੋਂ
ਅਜੇ ਤਾਈਂ ਭੀ ਜਿੰਦੀਆਂ ਦੇਂਵਦੇ ਹਾਂ
ਐਪਰ ਪਯਾਰ ਦੀ ਤਾਰ ਵਿਚ ਇਕ ਹੋ ਕੇ
ਅਸੀਂ ਅਜੇ ਨ ਕਾਜ ਸਰੇਵਂਦੇ ਹਾਂ ।
ਫੁਟ ਸਦਾ ਤੋਂ ਲਾਂਵਦੀ ਫਟ ਆਈ
ਵਿਕੋਲਿਤਰੇ ਹੋ ਦੁਖ ਲੇਂਵਦੇ ਹਾਂ।
ਅਸਾਂ ਮਾਲੀਆਂ ਜਿਤੀਆਂ ਪਿੜੀ ਜਾ ਕੇ
ਐਵੇਂ ਜਿਤੀਆਂ ਬਾਜ਼ੀਆਂ ਦੇਂਵਦੇ ਹਾਂ ।
ਹੀਰੇ ਲਾਲ ਜਾਹਰਾਂ ਤੋਂ ਮੁਲ ਵਾਲੀ
ਹੋਣ ਏਸ ਨੂੰ ਕਿਤੋਂ ਨ ਹਾਨ ਦੇਈਏ
ਨੂਰ ਰੱਬ ਦਾ ਵੱਸਦਾ ਏਸ ਅੰਦਰ
ਏਸ ਜਿੰਦ ਨੂੰ ਵਡੜਾ ਮਾਣ ਦੇਈਏ।
ਧਨ ਧਾਮ ਤੇ ਪੁੱਤ ਪਦਾਰਥਾਂ ਨੂੰ
ਲੋਕੀ ਜਿੰਦ ਉਤੋਂ ਵਾਰ ਸੁਟਦੇ ਨੇ