

ਫਿਰ ਘਾਹ ਤੇ ਕਾਈ ਉਤੇ, ਜਿਨਾਂ ਨੂੰ ਬਸੰਤ ਦੇ ਪਾਣੀਆਂ ਨੇ ਢਕਿਆ ਹੁੰਦਾ ਹੈ, ਆ ਇਕੱਠੀਆਂ ਹੁੰਦੀਆਂ ਹਨ। ਉਹ ਘਾਹ ਵਿੱਚ ਵੜ ਜਾਂਦੀਆਂ ਹਨ ਤੇ ਉਥੇ ਅੰਡੇ ਦੇ ਦੇਂਦੀਆਂ ਹਨ। ਤੁਸੀ ਕੰਢੇ ਦੇ ਨਾਲ ਨਾਲ ਤੁਰੀ ਜਾਓ, ਤੇ ਤੁਹਾਨੂੰ ਕੁਝ ਦਿਖਾਈ ਦੇਵੇਗਾ, ਜੋ ਡੁੱਬੀਆਂ ਹੋਈਆ ਗੇਲੀਆਂ ਵਾਂਗ ਲੱਗੇਗਾ, ਪਰ ਇਹ ਪਾਈਕ ਮੱਛੀਆਂ ਹੋਣਗੀਆਂ। ਤੁਸੀਂ ਬੰਦੂਕ ਚਲਾਓ ! ਕਦੀ ਕਦੀ ਤਾਂ ਤੁਹਾਡੇ ਹੱਥ ਏਨੀਆਂ ਲੱਗ ਜਾਂਦੀਆਂ ਹਨ ਕਿ ਤੁਹਾਡੇ ਝੋਲੇ ਵਿੱਚ ਨਹੀਂ ਸਮਾਉਦੀਆਂ। ਸਹੁੰ ਰੱਬ ਦੀ ਤੇ ਫਿਰ..."
ਤੇ ਸ਼ਿਕਾਰੀ ਇੱਕ ਦੂਜੇ ਨੂੰ ਆਪਣੀਆਂ ਯਾਦਾਂ ਦੱਸਣ ਲੱਗ ਪੈਂਦੇ। ਅਪੋਹ ਤਰ੍ਹਾਂ ਨਾਲ ਗੱਲਬਾਤ ਜੰਗ ਵੱਲ ਆ ਜਾਂਦੀ ਤੇ ਉਹ ਹੈਰਾਨ ਹੋ ਕੇ ਸੋਚਦੇ ਕਿ ਇਸ ਵੇਲੇ ਡਿਵੀਜ਼ਨ ਵਿੱਚ, ਜਾਂ ਕੰਪਨੀ ਵਿੱਚ ਕੀ ਹੋ ਰਿਹਾ ਹੋਵੇਗਾ, ਸਰਦੀਆਂ ਵਿੱਚ ਖੋਦ ਕੇ ਬਣਾਏ ਭੋਰੇ "ਰੋ ਰਹੇ" ਹੋਣਗੇ ਜਾਂ ਨਹੀਂ, ਜਾਂ ਮੋਰਚੇਬੰਦੀਆਂ "ਗੈਂਗ" ਰਹੀਆਂ ਹੋਣਗੀਆਂ; ਤੇ ਜਰਮਨਾਂ ਲਈ ਬਸੰਤ ਕੈਸੀ ਰਹੇਗੀ, ਜਿਹੜੇ ਪੱਛਮ ਵਿੱਚ ਪੱਕੀਆਂ ਸੜਕਾਂ ਉੱਤੇ ਤੁਰਨਾ ਗਿੱਝੇ ਹੋਏ ਨੇ।
ਖਾਣੇ ਤੋਂ ਮਗਰੋਂ ਉਹ ਚਿੜੀਆਂ ਨੂੰ ਚੋਗਾ ਪਾਉਂਦੇ । ਇਹ ਇੱਕ ਤਰ੍ਹਾਂ ਦਾ ਦਿਲਪ੍ਰਚਾਵਾ ਸੀ ਜਿਹੜਾ ਸਤੇਪਾਨ ਈਵਾਨਵਿਚ ਦੀ ਕਾਢ ਸੀ। ਉਹ ਵਿਹਲਾ ਨਹੀਂ ਸੀ ਬੈਠ ਸਕਦਾ ਤੇ ਆਪਣੇ ਪਤਲੇ, ਨਿਚੱਲੇ ਹੱਥਾਂ ਨਾਲ ਹਮੇਸਾ ਕੁਝ ਨਾ ਕੁਝ ਕਰਦਾ ਰਹਿੰਦਾ ਸੀ। ਇੱਕ ਦਿਨ ਉਸਨੇ ਤਜ਼ਵੀਜ ਦਿਤੀ ਕਿ ਖਾਣੇ ਤੋਂ ਬਚੇ ਹੋਏ ਭਰੇ ਬਾਰੀ ਦੀ ਸਿਲ੍ਹ ਦੇ ਵਧਾਣ ਉਪਰ ਬਾਹਰ ਪੰਛੀਆਂ ਲਈ ਪਾ ਦਿੱਤੇ ਜਾਣ। ਇਹ ਰਿਵਾਜ਼ ਹੀ ਹੋ ਗਿਆ, ਤੇ ਹੁਣ ਉਹ ਸਿਰਫ਼ ਬਾਕੀ ਬਚੇ ਭੋਰੇ ਹੀ ਬਾਰੀ ਤੋਂ ਬਾਹਰ ਨਹੀਂ ਸਨ ਸੁੱਟਦੇ, ਉਹ ਜਾਣ-ਬੁੱਝ ਕੇ ਡਬਲਰੋਟੀ ਦੇ ਟੁਕੜੇ ਰਹਿਣ ਦਿੰਦੇ ਤੇ ਉਹਨਾਂ ਨੂੰ ਭੋਰ ਲੈਂਦੇ, ਜਿਸ ਨਾਲ ਚਿੜੀਆਂ ਦਾ ਪੂਰਾ ਇੱਜੜ ਹੁਣ"ਰਾਸ਼ਨ ਲਿਸਟ ਉੱਤੇ ਸੀ," ਜਿਵੇਂ ਕਿ ਸਤੇਪਾਨ ਈਵਨੋਵਿਚ ਕਹਿੰਦਾ ਸੀ । ਛੋਟੇ ਛੋਟੇ, ਰੌਲਾ ਪਾਉਂਦੇ ਜੀਵਾਂ ਨੂੰ ਰੋਟੀ ਦੇ ਵੱਡੇ ਸਾਰੇ ਟੋਟੇ ਨੂੰ ਚੁੰਝਾ ਮਾਰਦਿਆਂ, ਚੀਂ-ਚੀਂ ਕਰਦਿਆਂ ਤੇ ਲੜਦਿਆਂ, ਤੇ ਬਾਰੀ ਦੀ ਸਿੱਲ੍ਹ ਨੂੰ ਸਾਫ਼ ਕਰਨ ਤੇ ਮਗਰੋਂ, ਪੋਪਲਰ ਦੀ ਟਾਹਣ ਉੱਤੇ ਬੈਠ ਕੇ ਆਪਣੇ ਪਰ ਸਾਫ਼ ਕਰਦਿਆ ਤੇ ਫਿਰ, ਆਪਣੇ ਖੰਭਾਂ ਦੀ ਫੁਰਰ ਦੇ ਨਾਲ ਆਪੋ ਆਪਣੇ ਮਾਮਲੇ ਨਿਪਟਾਉਣ ਲਈ ਉਡ ਕੇ ਜਾਂਦਿਆਂ ਦੇਖ ਕੇ ਵਾਰਡ ਵਿਚਲੇ ਸਾਰੇ ਬੰਦਿਆਂ ਨੂੰ ਬੇਹੱਦ ਖੁਸ਼ੀ ਹੁੰਦੀ ਸੀ । ਚਿੜੀਆਂ ਨੂੰ ਚੋਗਾ ਪਾਉਂਣਾ ਇੱਕ ਮਨਭਾਉਂਦਾ ਸ਼ੁਗਲ ਬਣ ਗਿਆ । ਮਰੀਜ਼ਾਂ ਨੇ ਕੁਝ ਕੁ ਨੂੰ ਤਾਂ ਪਛਾਨਣਾ ਸ਼ੁਰੂ ਕਰ ਦਿੱਤਾ, ਤੇ ਉਹਨਾਂ ਦੇ ਸਗੋਂ ਨਾਂ ਵੀ ਰੱਖ ਦਿੱਤੇ । ਉਹਨਾਂ ਵਿੱਚੋਂ ਸਭ ਤੋਂ ਚਹੇਤਾ ਇਕ ਕੱਟੀ ਪੂਛਲ ਵਾਲਾ, ਗੁਸਤਾਖ, ਤੇਜ਼ ਛੋਟਾ ਜਿਹਾ ਜੀਵ ਸੀ ਜਿਹੜਾ ਸ਼ਾਇਦ ਆਪਣੀਆਂ ਗੁਸੈਲ ਆਦਤਾਂ ਦੇ ਸਿੱਟੇ ਵਜੋਂ ਆਪਣੀ ਪੂਛ ਖੁਹਾ ਚੁੱਕਾ ਸੀ । ਸਤੇਪਾਨ ਈਵਾਨੋਵਿਚ ਨੇ ਉਸਦਾ ਨਾਂ "ਮਸ਼ੀਨ-ਗੰਨਰ” ਪਾ ਰੱਖਿਆ ਸੀ।
ਦਿਲਚਸਪ ਗੱਲ ਇਹ ਸੀ ਕਿ ਸ਼ੋਰ ਮਚਾਉਣ ਵਾਲੇ ਇਹਨਾਂ ਨਿੱਕੇ ਨਿੱਕੇ ਪੰਛੀਆਂ ਨਾਲ ਮਨਪ੍ਰਚਾਵੇਂ ਨੇ ਹੀ ਟੈਂਕਮੈਨ ਨੂੰ ਉਸਦੀ ਉਦਾਸੀ ਵਿੱਚੋਂ ਬਾਹਰ ਕੱਢਿਆ। ਜਦੋਂ ਉਸਨੇ ਪਹਿਲੀ ਵਾਰੀ ਸਤੇਪਾਨ ਈਵਾਨੋਵਿਚ ਨੂੰ ਆਪਣੀਆਂ ਭੌੜੀਆਂ ਦੇ ਸਹਾਰੇ ਝੁਕ ਕੇ ਲਗਭਗ ਦੂਹਰਾ