ਇਸ ਕਿਤਾਬ ਦੇ ਲੇਖਕ ਬਾਰੇ
ਅਲੈਕਸੇਈ ਮਾਰੇਸੇਯੇਵ,
ਸੋਵੀਅਤ ਯੂਨੀਅਨ ਦਾ ਹੀਰੋ
ਬੋਰਿਸ ਪੋਲੇਵੋਈ ਨਾਲ ਮੇਰੀ ਜਾਣ-ਪਛਾਣ 1943 ਦੀਆਂ ਗਰਮੀਆਂ ਵਿੱਚ ਹੋਈ। ਉਹਨੀਂ ਦਿਨੀਂ ਕੁਰਸਕ ਦੇ ਇਲਾਕੇ ਵਿੱਚ ਘਮਸਾਨ ਦੀ ਲੜਾਈ ਚੱਲ ਰਹੀ ਸੀ ਤੇ ਸਾਡੀ ਰੈਜਮੈਂਟ ਉਸ ਵਿੱਚ ਬੇਹੱਦ ਸਰਗਰਮ ਹਿੱਸਾ ਲੈ ਰਹੀ ਸੀ। ਹਰ ਰੋਜ਼ ਅਸੀਂ ਕਈ ਕਈ ਉਡਾਨਾਂ ਲਾਉਂਦੇ । ਤੇ ਇੱਕ ਸ਼ਾਮ ਇਸੇ ਤਰ੍ਹਾਂ ਦੀ ਇੱਕ ਉਡਾਨ ਤੋਂ ਮਗਰੋਂ ਮੈਂ ਉਤਰਿਆ। ਹਵਾਈ ਜਹਾਜ਼ 'ਚੋਂ ਨਿੱਕਲਦਿਆਂ ਹੀ ਮੈਨੂੰ ਪਾਇਲਟਾਂ ਦੇ ਝੁੰਡ ਵਿੱਚ ਇੱਕ ਅਣਜਾਣਾ ਚਿਹਰਾ ਦਿਖਾਈ ਦਿੱਤਾ; ਉਹ ਮੇਰੇ ਵੱਲ ਇਸ਼ਾਰਾ ਕਰਕੇ ਉਸਨੂੰ ਕੁਝ ਦਸ ਰਹੇ ਸਨ। “ਸੋ, ਫਿਰ ਆ ਗਿਆ ਕੋਈ ਪੱਤਰ-ਪ੍ਰੇਰਕ", ਮੈਂ ਪ੍ਰੇਸ਼ਾਨ ਹੁੰਦਿਆਂ ਠੰਡਾ ਸਾਹ ਭਰਿਆ ਤੇ ਜਲਦੀ ਮੈੱਸ ਵੱਲ ਚੱਲ ਪਿਆ।
ਅਣਜਾਣਾ ਵਿਅਕਤੀ ਝੱਟ ਹੀ ਮੇਰੇ ਨਾਲ ਆ ਰਲਿਆ ਤੇ ਆਪਣੀ ਜਾਣ-ਪਛਾਣ ਕਰਾਉਣ ਲੱਗ ਪਿਆ: "ਬੋਰਿਸ ਪੋਲੇਵੋਈ, "ਪਰਾਵਦਾ" ਦਾ ਜੰਗੀ ਪੱਤਰ ਪ੍ਰੇਰਕ ।" ਪੋਲੇਵੋਈ... ਮੈਨੂੰ ਲੱਗਾ ਕਿ ਇਹ ਨਾਂ "ਪਰਾਵਦਾ" ਦੇ ਸਫ਼ਿਆ ਉੱਤੇ ਦੇਖਿਆ ਤਾਂ ਜ਼ਰੂਰ ਹੋਇਐ, ਪਰ ਉਹ ਲਿਖਦਾ ਕਿਸ ਤਰ੍ਹਾਂ ਦਾ ਹੈ ਤੇ ਕਾਹਦੇ ਬਾਰੇ, ਸਹੁੰ ਰੱਬ ਦੀ ਮੈਨੂੰ ਨਹੀਂ ਸੀ ਪਤਾ। ਪਰ ਮੈਨੂੰ ਇੱਕਦਮ ਹੀ ਚੰਗਾ ਚੰਗਾ ਲੱਗਣ ਲੱਗ ਪਿਆ: ਚੁਸਤ-ਫੁਰਤ, ਸਿੱਧਾ- ਸਾਦਾ ਤੇ ਹਸਮੁਖ ਵਿਅਕਤੀ । ਮੈਂ ਉਸਨੂੰ ਆਪਣੇ ਭੋਰੇ ਵਿੱਚ ਆਉਣ ਦਾ ਸੱਦਾ ਦਿੱਤਾ, ਤੇ ਅਸੀਂ ਕਿੰਨਾਂ ਹੀ ਚਿਰ ਬੈਠੇ ਗੱਲਾਂ ਕਰਦੇ ਰਹੇ । ਚਾਨਣਾ ਹੋ ਚੁੱਕਾ ਸੀ, ਜਦੋਂ ਅਸੀਂ ਇੱਕ ਦੂਜੇ ਤੋਂ ਵਿਦਾ ਹੋਏ।
ਸਵੇਰੇ ਫਿਰ ਲੜਾਈ। ਤੇ ਇੰਝ ਹੀ ਚੱਲਦਾ ਰਿਹਾ। ਮਤਲਬ ਕੀ, ਕਿ ਹਰ ਰੋਜ਼ ਦੇ ਇਸ ਲੜਾਈ ਦੇ ਜੀਵਨ ਵਿੱਚ ਮੈਨੂੰ "ਪਰਾਵਦਾ" ਦਾ ਪੱਤਰ ਪ੍ਰੇਰਕ ਬਿਲਕੁਲ ਹੀ ਭੁੱਲ-ਭੁਲਾ ਗਿਆ। ਤਾਂ ਵੀ, ਪਹਿਲਾਂ ਵਾਂਗ ਹੀ ਅਖ਼ਬਾਰ ਦੇ ਸਫ਼ਿਆਂ ਉੱਤੇ ਉਸਦਾ ਨਾਂ ਮੈਨੂੰ ਦਿਖਾਈ ਦੇ ਜਾਂਦਾ ਸੀ । ਤੇ ਮੈਨੂੰ ਉਹ ਲੋਕ ਵੀ ਬੜੇ ਪਸੰਦ ਆਏ, ਜਿਨ੍ਹਾਂ ਬਾਰੇ ਉਸਨੇ ਲਿਖਿਆ ਹੁੰਦਾ ਸੀ । ਪਰ ਇਹ ਮਿਲਣੀਆਂ ਸਿਰਫ਼ ਅਖ਼ਬਾਰ ਦੇ ਸਫ਼ਿਆਂ ਉੱਤੇ ਹੀ ਹੁੰਦੀਆਂ ਰਹੀਆਂ।
1947 ਵਿਚ, ਮੈਨੂੰ ਪੂਰੀ ਤਰ੍ਹਾਂ ਯਾਦ ਨਹੀਂ ਕਿ ਠੀਕ ਠਾਕ ਕਦੋਂ, ਮੈਂ ਰੇਡੀਓ ਚਲਾਇਆ