ਬਾਬਾ ਬੋਹੜ
ਪ੍ਰਿੰਸੀਪਲ ਸੰਤ ਸਿੰਘ ਸੇਖੋਂ
ਬਾਬਾ ਬੋਹੜ
(ਪੰਜਾਬ ਦੇ ਇਤਿਹਾਸ ਦੀ ਪਦ-ਰੂਪ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ
ਤੋਂ ਲੈ ਕੇ ਗਾਂਧੀ ਜੀ ਦੇ ਦੇਹਾਂਤ ਤਕ ਦੀ ਕਹਾਣੀ।)
ਬਾਬਾ ਬੋਹੜ
ਪਾਤਰ
ਬਾਬਾ ਬੋਹੜ-ਪਰਦੇ ਪਿਛੇ ਇਕ ਆਦਮੀ
ਤਿੰਨ ਚਾਰ ਮੁੰਡੇ - ਉਮਰ ਚੌਦਾਂ ਪੰਦਰਾਂ ਸਾਲ ।
ਪਰਦੇ ਉਤੇ ਢਾਈ ਤਿੰਨ ਸੌ ਸਾਲ ਪੁਰਾਣੇ ਬੋਹੜ ਦਾ ਇਕ ਵਾਸਤਵਿਕ ਚਿੱਤਰ । ਦੋ ਮੱਝਾਂ ਚਾਰਨ ਵਾਲੇ ਮੁੰਡੇ । ਇਹਨਾਂ ਦੀ ਟੋਲੀ ਦੇ ਦੋ ਮੁੰਡੇ ਕੁਝ ਦੂਰ ਵਾਲੀ ਨਹਰ ਵਿਚ ਨਹਾ ਕੇ ਕਪੜੇ ਪਾਂਦੇ ਬੋਹੜ ਵਲ ਨੂੰ ਤੁਰੇ ਆ ਰਹੇ ਹਨ । ਇਹਨਾਂ ਦੋਹਾਂ ਮੁੰਡਿਆਂ ਦੀਆਂ ਉਮਰਾਂ ਪੰਦਰਾਂ ਚੌਦਾਂ ਸਾਲ ਦੀਆਂ ਹਨ ।
ਮੁੰਡਾ 1-
ਬਾਬਾ ਬੋਹੜ ਬਾਬਾ ਬੋਹੜ, ਸਾਡੀ ਟੁਟੀ ਯਾਰੀ ਜੋੜ ।
(ਦੋਵੇਂ ਆਪਣੇ ਆਪਣੇ ਹੱਥਾਂ ਦੇ ਅੰਗੂਠੇ ਮੂੰਹ ਵਿਚ ਪਾ ਕੇ ਚੀਚੀਆਂ ਜੋੜਦੇ ਹਨ ।)
ਮੁੰਡਾ 1- ਬਾਬਾ ਬੋਹੜ, ਬਾਬਾ ਬੋਹੜ, ਸਾਡੀ ਟੁਟੀ ਯਾਰੀ ਜੋੜ ।
ਮੁੰਡਾ 2- ਬਾਬਾ ਬੋਹੜ, ਬਾਬਾ ਬੋਹੜ, ਸਾਡੀ ਟੁੱਟੀ ਯਾਰੀ ਜੋੜ ।
ਮੁੰਡਾ 1- ਹੁਣ ਨਾ ਇਸ ਨੂੰ ਸੱਕੇ ਤੋੜ, ਮੌਤੋਂ ਉਰੇ ਚੀਜ਼ ਕੋਈ ਹੋਰ ।
ਬਾਬਾ ਬੋਹੜ-
ਸੁਣ ਲਓ, ਬੀਬਿਓ, ਮੈਂ ਬਹੁਤ ਨਿਹਾਲ ਹੋਇਆਂ ਤੁਹਾਨੂੰ ਦੇਖ ਕੇ,
ਰਾਂਝੇ ਮਹੀਵਾਲ ਤੁਸੀਂ ਹੋ ਧਰਤੀ ਏਸ ਦੇ ਦੋ ਬੀਬੇ ਬਾਲ ।
ਤੋੜ ਨਿਭਾਇਓ ਯਾਰੀਆਂ, ਇਕ ਦੂਜੇ ਨਾਲ ।
ਤੁਸੀਂ ਹੋ ਸਾਰੇ ਜਾਣਦੇ ਨੱਚਣ ਦੀ ਸਾਰ,
ਜਿਨ੍ਹਾਂ ਤੋਂ ਪੈ ਜਾਂਵਦੇ ਹਨ ਮਾਤ ਨੱਚਾਰ ।
(ਮੁੰਡੇ ਡਰ ਜਾਂਦੇ ਹਨ । ਦੂਜੇ ਮੁੰਡੇ ਵੀ ਇਹਨਾਂ ਪਾਸ ਆ ਜਾਂਦੇ ਹਨ ।)
ਮੁੰਡਾ 1-
(ਆ ਰਹੇ ਮੁੰਡਿਆ ਨੂੰ)
ਆਓ ਯਾਰੋ ਨੱਸ ਕੇ ਸਭ ਮੇਰੇ ਕੋਲ,
ਬਾਬਾ ਬੋਹੜ ਜੇ ਬੋਲਦਾ ਮਰਦਾਂ ਜਿਹੇ ਬੋਲ ।
ਬੋਲ ਰਿਹਾ ਜੇ ਆਦਮੀ ਨਹੀਂ ਘੁਘੀ ਕੋਲ,
ਨਾ ਹੀ ਜਿਨ ਤੇ ਪਰੇਤ ਦੇ ਇਹ ਸੁਹਣੇ ਬੋਲ ।
(ਦੂਜੇ ਮੁੰਡੇ ਨੱਸ ਕੇ ਉਸ ਦੇ ਕੋਲ ਆ ਜਾਂਦੇ ਹਨ ਤੇ ਇਕ ਝੁਰਮਟ ਬਣਾਂਦੇ ਹਨ)
ਬਾਬਾ ਬੋਹੜ-
ਸੁਣੋ ਬੀਬਿਓ ਰਾਣਿਓਂ ਨਹੀਂ ਮੈਥੋਂ ਡਰਨਾ
ਮੈਂ ਨਹੀਂ ਜਿੰਨ ਪਰੇਤ ਭਰਮ ਨਾ ਕੋਈ ਕਰਨਾ ।
ਮੈਂ ਹਾਂ ਬਾਬਾ ਬੋਹੜ ਮੇਰੀ ਕੋਈ ਬਹੁਤੀ ਉਮਰ ਨਾ,
ਤਿੰਨ ਸੌ ਬਰਸੋਂ ਘੱਟ ਤੇ ਖ਼ਬਰੇ ਕਲ ਹੀ ਮਰਨਾ ।
ਇਸ ਦੁਨੀਆਂ ਤੇ, ਸੁਹਣਿਓ, ਨਹੀਂ ਸਦਾ ਵਿਚਰਨਾ,
ਜੇ ਸੌ ਵਰ੍ਹਿਆਂ ਜੀਵਣਾ ਹੈ, ਫਿਰ ਭੀ ਮਰਨਾ ।
ਮਰਦਾਂ, ਬੋਹੜਾਂ, ਨਗਰਾਂ ਇਹ ਕਿਸੇ ਦੀ ਧਰ ਨਾ ।
ਗੱਲਾਂ ਇਕ ਦੋ ਤੁਸਾਂ ਨਾਲ ਜੀ ਚਾਹੇ ਕਰਨਾ ।