ਬਾਬਾ ਬੋਹੜ-
ਬਹੁਤ ਨਹੀਂ ਸੀ ਅਟਕਿਆ ਉਹ ਸਤਿਗੁਰ ਸੂਰਾ
ਬੈਠਾ ਦੋ ਤਿੰਨ ਘੜੀ ਵਛਾ ਕੇ ਹੇਠਾਂ ਭੂਰਾ ।
ਮਾਈਆਂ ਆਈਆਂ ਲੈਣ ਨੂੰ ਚਰਨਾਂ ਦਾ ਧੂੜਾ ।
ਉਸ ਨੇ ਕਿਹਾ ਲਲਕਾਰ ਕੇ ਉਹ ਆਗੂ ਕੂੜਾ,
ਜਿਸ ਦਾ ਸਿਖ ਸਵੈਮਾਨ ਵਿਚ ਰਹਿ ਜਾਏ ਅਧੂਰਾ ।
ਨਹੀਂ ਘੁਟਾਏ ਚਰਨ ਓਸ ਉਹ ਸਤਿਗੁਰ ਪੂਰਾ ।
ਮੁੰਡਾ 3-
ਕਿਧਰ ਨੂੰ ਗਿਆ ਸਤਿਗੁਰੂ ਦੱਸ ਬਾਬਾ ਫੇਰ ।
ਇਸ ਕਥਾ ਨੂੰ ਸੁਣਦਿਆਂ ਜੋਸ਼ ਆਵੇ ਢੇਰ ।
ਕਿਵੇਂ ਲੜੇ ਸਨ ਮੁਗਲ ਨਾਲ ਪੰਜਾਬੀ ਸ਼ੇਰ!
ਬਾਬਾ ਬੋਹੜ-
ਮੈਂ ਨਹੀਂ ਉਸ ਦੇ, ਬੀਬਿਓ, ਗਿਆ ਪਿਛੇ ਚੱਲ ।
ਏਥੋਂ ਉਹ ਸਿਧਾਰਿਆ ਸੀ ਦਾਖੇ ਵੱਲ ।
ਓਥੋਂ ਲੈ ਕੇ ਸਿੰਘ ਹੋਰ, ਸੇਖੋਂ ਤੇ ਬੱਲ,
ਵੱਧ ਗਿਆ ਜੰਗਲ ਵਲ ਜਿਉਂ ਦਰਿਆ ਦੀ ਝੱਲ ।
ਕਿਸੇ ਨਾ ਪਾਈ ਉਸ ਨੂੰ ਆ ਅੱਗੋਂ ਠੱਲ,
ਵਿਚ ਬਰਾੜਾਂ ਜਾ ਰਿਹਾ, ਜੋਧੇ ਪਰਬਲ ।
ਖਿਦਰਾਣੇ ਤੇ ਆ ਮਿਲੇ ਉਹ ਸਿੰਘ ਮਝਿਆਲ,
ਜਿਨ੍ਹਾਂ ਆਨੰਦਪੁਰ ਖੋਈ ਸੀ ਭੱਲ ।
ਪਰ ਕੀ ਵਧਾਣੀ, ਕਾਕਾ, ਨਾ ਜੋ ਦੇਖੀ ਗੱਲ ।
ਮੁੰਡਾ 4-
ਸੱਚੀ ਹੁੰਦੀ ਗੱਲ ਵੀ ਹੈ ਸੁਣੀ ਸੁਣਾਈ,
ਤੇਰੇ ਵਰਗੇ ਸਿਆਣਿਆਂ ਦੀ ਕੰਨੀ ਪਾਈ ।
ਜਚ ਜਾਂਦੀ ਹੈ ਗੱਲ ਵਿਚ ਜੇ ਹੋਇੰ ਸਚਾਈ ।
ਬਾਬਾ ਬੋਹੜ-
ਜਿਥੋਂ ਤਾਈਂ ਦੇਖੀ ਓਥੇ ਗੱਲ ਮੁਕਾਈ,
ਸੋਚੀ ਤੇ ਵਿਚਾਰੀ ਮੇਰੀ ਸਮਝ ਜੋ ਆਈ ।
ਝਗੜੇ ਛੱਡ ਕੇ ਮਜ਼ਹਬੀ ਜੇ ਦੇਖੋ ਭਾਈ,
ਰਾਜਿਆਂ ਤੇ ਰਿਸਾਨਾਂ ਦੀ ਸੀ ਇਚ ਲੜਾਈ ।
ਮੁੰਡਾ 1-
ਏਦੂੰ ਪਿਛਲੀ, ਬਾਬਿਆ, ਕੋਈ ਹੋਰ ਸੁਣਾ ।
ਤੂੰ ਤਾਂ ਦੇਖੇ ਬਹੁਤ ਹਨ ਉਤਰਾਅ ਚੜ੍ਹਾ ।
ਸਾਡਾ ਜ਼ਿਲ੍ਹਾ ਹੈ ਮੁੱਢ ਤੋਂ ਫ਼ੌਜ਼ਾਂ ਦਾ ਰਾਹ,
ਜਾਵਣ ਜਦੋਂ ਲਾਹੌਰ ਤੋਂ ਦਿੱਲੀ ਨੂੰ ਧਾ,
ਆਉਂਦੀ ਸਾਡੇ ਨੱਗਰਾਂ ਤੇ ਤਦੋਂ ਬਲਾ ।
ਹੁਣ ਜੇ ਹੋਵੇ ਇਸ ਤਰ੍ਹਾਂ ਜਾਈਏ ਘਬਰਾ ।
ਮੱਝਾਂ ਜਿਹਾ ਵੱਡਿਆਂ ਦਾ ਹੈ ਸੀ ਜਿਗਰਾ ।
ਬਾਬਾ ਬੋਹੜ-
ਠੀਕ ਹੈ, ਭਾਈ, ਠੀਕ ਹੈ, ਬਹੁ ਘਲੂਘਾਰੇ
ਏਸ ਦੇਸ ਵਿਚ ਹੋਏ ਹਨ, ਇਸ ਦੇਸ ਸਹਾਰੇ ।
ਜਿਤ ਆਸਣ ਹਮ ਬੈਠੇ, ਕਈ ਬੈਠ ਪਧਾਰੇ ।
ਕਹਿੰਦੇ ਪਹਿਲਾ ਆਰੀਆ ਸਤਲੁਜ ਕਿਨਾਰੇ ।
ਆ ਟਿਕੇ ਸਨ ਚੈਨ ਦੇ ਕੁਝ ਦਿਵਸ ਗੁਜਾਰੇ ।
ਏਸ ਦੇਸ ਵਿਚ ਬ੍ਰਹਮਰਿਸ਼ੀਆਂ ਨੇ ਵੇਦ ਉਚਾਰੇ ।
ਕਹਿੰਦੇ ਹਨ ਅਸਕੰਦਰ ਜਿਸ ਨੇ ਰਾਜੇ ਸਾਰੇ,
ਦੇਸ ਅਤੇ ਪਰਦੇਸ ਦੇ ਸਨ, ਮਾਰ ਬਿਡਾਰੇ,
ਉਸ ਦੀ ਫੌਜ ਦੀ ਹੌਸਲੇ ਇਥੇ ਆ ਹਾਰ ।
ਮੇਰੀਆਂ ਅੱਖਾਂ ਡਿਠੇ ਹੋਏ ਪਰ ਜੋ ਕਾਰੇ,
ਉਹੀ ਸੁਣਾਵਾਂ ਤੁਸਾਂ ਨੂੰ ਜੋ ਆਪ ਨਿਹਾਰੇ ।
ਮੁੰਡਾ 1-
ਹਾਂ, ਬਾਬਾ ਓਹੋ ਹੀ ਅਸੀਂ ਵੀ ਸੁਣਨੇ ਚਾਂਹਦੇ
ਹਾਲ ਜੋ ਤੇਰੇ ਸਾਹਮਣੇ ਬੀਤੇ ਵੱਡਿਆਂ ਦੇ ।
ਕਿਵੇਂ ਸਾਡੇ ਪਿਤਰ ਸਨ ਰਣ ਭੂਮ 'ਚ ਜਾਂਦੇ,
ਮਰਦੇ ਦਸ ਦਸ ਮਾਰ ਖਾ ਕੇ, ਹੱਸ ਹੱਸ ਘਾਉ ਖਾਂਦੇ,
ਵੈਰੀ ਵੀ ਮੰਨ ਜਾਂਵਦੇ ਉਹ ਹੱਥ ਦਿਖਾਂਦੇ ।
ਦੱਸ ਸਾਨੂੰ ਹਾਲ ਕੁਝ ਹੋਰ ਸੂਰਮਿਆਂ ਦੇ ।
ਬਾਬਾ ਬੋਹੜ-
ਏਦੂੰ ਬਾਦ ਹੁਣ ਬਾਜ ਸਿੰਘ ਦੀ ਸੁਣੋ ਕਹਾਣੀ ।
ਅੰਮਿ੍ਤਸਰ ਦੇ ਜਿਲ੍ਹੇ 'ਚ ਨਗਰੀ ਬਹੁਤ ਪੁਰਾਣੀ,
ਆਖਣ ਪੱਟੀ ਮੀਰਾਪੁਰ, ਬੱਲਾਂ ਦੀ ਖਾਣੀ ।
ਜਣਿਆਂ ਜਿਸ ਨੇ ਸੂਰਮਾ ਉਹ ਧੰਨ ਸਵਾਣੀ ।
ਪਹਿਲਾ ਜੱਟ ਪੰਜਾਬੀ ਜਿਸ ਨੇ ਸ਼ਾਹੀ ਮਾਣੀ ।
ਉਮਰ ਸਤਾਈ ਸਾਲ ਦੀ ਉਹ ਸਿਖਰ ਜਵਾਨੀ,
ਪਿੰਡੋਂ ਲੈ ਕੇ ਟੁਰ ਪਿਆ ਵੀਰਾਂ ਦੀ ਢਾਣੀ,
ਸ਼ਾਹੀ ਆਲਮਗੀਰ ਦੀ ਉਲਟਣ ਦੀ ਠਾਣੀ ।
ਬੱਚੇ ਗੋਬਿੰਦ ਸਿੰਘ ਦੇ ਜੋ ਉਮਰ ਅਞਾਣੀ,
ਚਿਣੇ ਗਏ ਦੀਵਾਰ ਵਿਚ ਰੱਖ ਸਿਦਕ ਰੁਹਾਨੀ ।
ਬਦਲਾ ਲੈਣਾ, ਕਰ ਦੇਣੀ ਸਰਹਿੰਦ ਨਿਮਾਨੀ ।
ਮੁੰਡਾ 2-
ਸਾਡੇ ਪਿੰਡ ਪਮਾਲ ਦੀ ਓਹੋ ਹੀ ਆਣ,
ਬਾਜ ਸਿੰਘ ਦੀ ਜੋ ਸੀ, ਸਭ ਬੱਲ ਸਦਾਣ ।
ਦੱਸਣ ਸਾਡੇ ਪਿੰਡ ਦੇ ਸਿਆਣੇ ਗੁਣਵਾਨ,
ਕਿਵੇਂ ਬਾਜ ਸਿੰਘ ਸੂਰਮਾ ਲੱਥਾਂ ਸੀ ਆਨ
ਸਾਡੇ ਵੱਡੇ ਖੂਹ 'ਤੇ ਕੋਈ ਦੋ ਸੌ ਜਵਾਨ
ਨਾਲ ਆਇਆ ਸੀ ਮਾਝਿਉਂ, ਜੋਧਾ ਬਲਵਾਨ ।
ਬਾਬਾ ਬੋਹੜ-
ਖੂਹ ਤੁਹਾਡੇ ਤੋਂ ਉਠ ਕੇ ਉਸ ਡੇਰਾ ਲਾਇਆ
ਆ ਕੇ ਮੇਰੀ ਛਾਉਂ ਹੇਠ, ਮੈਨੂੰ ਵਡਿਆਇਆ ।
ਇਹਨਾਂ ਵੀਹਾਂ ਪਿੰਡਾਂ ਵਿਚ ਹੋਕਾ ਫਿਰਵਾਇਆ,
ਆਓ ਜਿਸ ਨੇ ਚੱਲਣਾ, ਹੈ ਗੁਰਾਂ ਬੁਲਾਇਆ,
ਦੱਖਣ ਵਿਚੋਂ ਚਲ ਕੇ ਇਕ ਸੂਰਾ ਆਇਆ
ਸਤਿਗੁਰੂ ਦਾ ਭੇਜਿਆ, ਦੇ ਵਰ ਵਰਸਾਇਆ ।
ਬੰਦਾ ਗੋਬਿੰਦ ਸਿੰਘ ਦਾ, ਉਸ ਬੀੜਾ ਚਾਇਆ,
ਚੁਕ ਦੇਣਾ ਹੈ ਦੇਸ ਤੋਂ ਜ਼ਾਲਮ ਦਾ ਸਾਇਆ,
ਵਡੇ ਵਡੇ ਸਿੰਘਾਂ ਦੇ ਨਾਉਂ ਹੁਕਮ ਲਿਆਇਆ
ਮੜੀ ਮਸਾਣੀ ਢਾਹ ਕੇ ਕਰ ਦਿਉ ਸਫ਼ਾਇਆ ।
ਮੁੰਡਾ 3-
ਤੇਰੇ ਹੇਠਾਂ ਆਣ ਕੇ ਬੈਠਾਂ ਸੀ ਉਹ ਸ਼ੇਰ?
ਤੂੰ ਤਾਂ ਡਾਢੀ ਕਿਸਮਤ ਵਾਲਾ, ਬਾਬਾ ਫੇਰ ।
ਅਸਾਂ ਨਾ ਕੋਈ ਦੇਖਿਆ ਇਸ ਦੇਸ ਦਲੇਰ,
ਜਿਹੜਾ ਕਿਸਮਤ ਬਦ ਦਾ ਮੂੰਹ ਦੇਵੇ ਫੇਰ ।
ਬਾਬਾ ਬੋਹੜ-
ਸਤਿਗੁਰੂ ਗੋਬਿੰਦ ਸਿੰਘ ਦਾ ਰੱਖਿਆ ਸੀ ਬਾਜ਼,
ਸੁਣਿਆ ਹੋਊ, ਕਾਕਿਓ,ਬਾਜ਼ਾਂ ਸਿਰਤਾਜ ।
ਮੈਨੂੰ ਜਾਪੇ ਇਹ ਸੀ ਓਹੋ ਹੀ ਬਾਜ਼,
ਪਤਲਾ ਜਿਹਾ ਸਰੀਰ ਸੀ, ਭਾਰੀ ਆਵਾਜ਼,
ਪੁਤਰ ਸੀ ਕਿਰਸਾਣ ਦਾ, ਜਾਪੇ ਯੁਵਰਾਜ,
ਹਰ ਗੱਲ ਵਿਚ ਸੀ ਉਸ ਦਾ ਇਕ ਅਜਬ ਅੰਦਾਜ਼,
ਕਰ ਲੈ, ਆਖ ਜ਼ਾਲਮਾਂ, ਚੱਲਣ ਦਾ ਸਾਜ਼ ।
ਮੁੰਡਾ 4-
ਸਾਡੇ ਪਿੰਡਾਂ ਅੰਦਰੋਂ ਕਿੰਨੇ ਕੁਝ ਜਵਾਨ
ਮਿਲ ਗਏ ਉਸਦੇ ਨਾਲ ਸਨ ਕਰ ਸਸਤੀ ਜਾਨ?
ਵਡਿਆਂ ਦੇ ਸਨ ਹੌਸਲੇ ਚੜ੍ਹਦੇ ਅਸਮਾਨ ।
ਹੁਣ ਤਾਂ ਸਾਡੇ ਪਿੰਡ ਨੂੰ ਜੇ ਮਾਰੋ ਛਾਣ,
ਨਹੀਂ ਲੱਭੇਗਾ ਸੂਰਮਾ ਜਿਸ ਦੇ ਵਿਚ ਤਾਣ
ਖ਼ਾਤਿਰ ਦੇਸ ਅਤੇ ਕੌਮ ਦੀ ਕੱਢੇ ਕਿਰਪਾਨ ।
ਮੁੰਡਾ 1-
ਵਿਚ ਸਾਡੇ ਦੇਸ ਦੇ ਨਾ ਦਿੱਸਣ ਸੂਰੇ,
ਕਿਉਂ ਨਾ ਦੇਸ ਬੀਤਿਆਂ ਸਮਿਆਂ ਨੂੰ ਫੇਰ ਝੂਰੇ?
ਬਾਬਾ ਬੋਹੜ-
ਤੁਹਾਡੇ ਵਡੇ ਨਹੀਂ ਸਨ ਕੋਈ ਕਾਇਰ ਕੀਰ,
ਜ਼ੁਲਮ ਅਗੇ ਸਨ ਜਾਣਦੇ ਪਕੜਨ ਸ਼ਮਸ਼ੀਰ ।
ਚੱਲ ਪਏ ਸਨ ਬਾਜ਼ ਨਾਲ ਉਹ ਬੰਨ ਵਹੀਰ ।
ਵੀਹ ਆਏ ਸਨ ਮੋਹੀਉਂ, ਵੀਹ ਰੁੜਕਿਉਂ ਬੀਰ ।
ਏਥੋਂ ਓਥੋਂ ਆ ਗਏ ਜਿਉਂ ਮੀਂਹ ਦਾ ਨੀਰ ।
ਲਗ ਗਈ ਪਿਛੇ ਬਾਜ਼ ਦੇ ਇਕ ਫ਼ੌਜ ਕਸੀਰ ।
ਹੋਈਆਂ ਤੁਹਾਡੀਆਂ ਮਾਈਆਂ ਸਨ ਕੁਝ ਦਿਲਗੀਰ,
ਪਰ ਲੈਂਦੀਆਂ ਸਨ ਬੰਨ੍ਹ ਉਹ ਛੇਤੀ ਹੀ ਧੀਰ ।
ਤੁਰ ਪਿਆ ਦਲ ਸਰਹਿੰਦ ਵੱਲ ਮੰਜ਼ਿਲਾਂ ਨੂੰ ਚੀਰ ।
ਆਲੀ ਮਾਲੀ ਸਿੰਘ ਵੀ ਦੋ ਬਾਕੇ ਵੀਰ,
ਲਿਆਏ ਫ਼ੌਜ ਪੁਆਧ ਚੋਂ, ਆ ਪਈ ਸੀਰ ।
ਆਏ ਰਾਮ, ਤਿਲੋਕ ਸਿੰਘ, ਸਿੱਧੂਆਂ ਦੇ ਮੀਰ ।
ਲੰਘ ਗਏ ਸਰਹਿੰਦ ਨੂੰ ਘੁਟ ਦਿਲ ਦੀ ਪੀੜ,
ਮਿਲ ਗਏ ਬੰਦੇ ਨਾਲ ਜਾ ਦਿਲੀ ਦੀ ਨੇੜ ।
ਮੁੰਡਾ 1-
ਬੰਦੇ ਦੀ ਵੀ, ਬਾਬਿਆ, ਕੋਈ ਗੱਲ ਸੁਣਾ,
ਦਿੱਤੀ ਜਿਉਂ ਸਰਹਿੰਦ ਇੱਟ ਨਾਲ ਇੱਟ ਵਜਾ,
ਲੁਟਿਆ ਕਿਵੇਂ ਸਹਾਰਨਪੁਰ ਤੇ ਸਾਢੌਰਾ ।
ਨਾਉਂ ਬਾਬੇ ਬੰਦੇ ਦਾ ਦੇਂਦਾ ਜੋਸ਼ ਚੜ੍ਹਾ ।
ਬਾਬਾ ਬੋਹੜ-
ਮੈਨੂੰ ਬੀਬਾ, ਪਤਾ ਨਹੀਂ ਕਿਸ ਲੁਟੇ ਸ਼ਹਿਰ ।
ਮੈਨੂੰ ਇਹਨਾਂ ਗੱਲਾਂ ਵਿਚ ਨਾ ਆਉਂਦੀ ਲਹਰ ।
ਜ਼ਹਰ ਨੂੰ ਮਾਰਨ ਲਈ ਵਰਤਣੀ ਪੈਂਦੀ ਜ਼ਹਰ,
ਕਹਰ ਦਾ ਬਦਲਾ ਲੈਣ ਨੂੰ ਆ ਜਾਂਦਾ ਕਹਰ ।
ਏਹੋਂ ਗੀਤ ਨਿਭਾਂਵਦਾ ਬੰਦਿਆਂ ਦਾ ਦਹਰ,
ਪਰ ਬਿਰਛਾਂ ਦੇ ਕਾਵਿ ਦੀ ਕੁਝ ਹੋਰ ਹੈ ਬਹਰ ।
ਮੁੰਡਾ -
ਅੱਛਾ, ਤੂੰ ਹੀ ਦੱਸ, ਜਿਸ ਤਰ੍ਹਾਂ ਤੈਨੂੰ ਭਾਵੇਂ ।
ਅਸੀਂ ਅੰਞਾਣੇ, ਬਹੁਤ ਵਾਰ ਗਲਤੀ ਹੋ ਜਾਵੇ ।
ਅਸਾਂ ਨਾਦਾਨਾਂ ਕੋਲੋਂ, ਐਪਰ ਤੁਧ ਜਿਹੇ ਬਾਵੇ
ਕਰ ਦੇਂਦੇ ਹਨ ਮੁਆਫ਼ ਬਿਠਾ ਕੇ ਠੰਢੀ ਛਾਵੇਂ ।
ਬਾਬਾ ਬੋਹੜ-
ਹਾਂ, ਜੇ ਮੈਥੋਂ ਸੁਣਨੀ ਹੈ ਤਾਂ ਸੁਣ ਲਓ, ਲਾਲ
ਔਰੰਗਜ਼ੇਬ ਨੂੰ ਗੁਜ਼ਰਿਆਂ ਹੋਏ ਸਨ ਸਾਲ
ਤਿੰਨ ਚਾਰ ਕੁਲ, ਕਿਸੇ ਦੇ ਵਿਚ ਖ਼ਾਬ ਖ਼ਿਆਲ,
ਕਦੀ ਨਹੀਂ ਸੀ ਆਈ ਜਾਪੇ ਗੱਲ ਮੁਹਾਲ,
ਚਹੁੰ ਬਰਸਾਂ ਵਿਚ ਦਿੱਲੀ ਤੇ ਲਾਹੌਰ ਵਿਚਾਲ
ਵਸਦੇ ਜੱਟ ਇਹ ਮੂੜ ਜਿਹੇ ਜਿਨ੍ਹਾਂ ਨੂੰ ਸਾਰ
ਕੀ ਹੋ ਸਕਦੀ ਹੈ ਸ਼ਕਤੀ ਕੇਡੀ ਵਿਕਰਾਲ
ਹੁੰਦੀ ਲੋਕਾਂ ਵਿਚ ਜੇ ਟੁਟ ਜਾਵੇ ਜਾਲ
ਭਰਮ ਅਤੇ ਅਗਿਆਨ ਦਾ ਹੈ ਜਿਸ ਦੇ ਨਾਲ
ਫਾਥਾ ਰਾਜਿਆਂ ਰਾਣਿਆਂ, ਪਾਖੰਡ ਪਲਾਲ
ਜਿਸ ਤੇ ਪੰਡਿਤ ਮੌਲਵੀ ਪਾ ਦੇਂਦੇ ਪਾਲ
ਧਰਮ ਅਤੇ ਈਮਾਨ ਦਾ, ਲੁੱਟਣ ਦੀ ਚਾਲ,
ਇਹਨਾਂ ਜੱਟਾਂ ਆਪਣੇ ਪਿੰਡਾਂ ਤੋਂ ਬਾਹਰ
ਪਤਾ ਨਹੀਂ ਸੀ ਜੱਗ ਦਾ, ਜੋ ਹਾੜ੍ਹ ਸਿਆਲ
ਹਲ ਵਾਂਹਦੇ, ਖੂਹ ਜੋੜਦੇ ਤੇ ਮਝੀਂਵਾਲ,
ਇਹਨਾਂ ਜੱਟਾਂ ਉਠ ਕੇ ਦਿੱਲੀ ਦੇ ਨਾਲ
ਲਗਦਾ ਸੂਬਾ ਖੋਹ ਲਿਆ, ਸਰਹਿੰਦ ਵਿਸ਼ਾਲ ।
ਹੈ ਲੋਕਾਂ ਵਿਚ, ਬੱਚਿਓ, ਸ਼ਕਤੀ ਵਿਕਰਾਲ
ਜੇ ਤੋੜਨ ਅਗਿਆਨ ਤੇ ਭਰਮਾਂ ਦੇ ਜਾਲ!