ਮੁੰਡਾ 2-
ਜੇਕਰ, ਬਾਬਾ ਦੇਖਿਆ ਤੁਧ ਬੰਦਾ ਜਵਾਨ,
ਸਾਨੂੰ ਉਸਦਾ ਰੰਗ ਢੰਗ ਕੁਝ ਕਰੀ ਬਿਆਨ ।
ਬਾਬਾ ਬੋਹੜ-
ਅੱਠ ਦਸ ਵਰ੍ਹਿਆਂ, ਬੀਬਿਆ ਇਸ ਦੇਸ ਮਝਾਰ
ਫਿਰਿਆ ਬੰਦਾ ਧਾੜਦਾ ਸ਼ੇਰਾਂ ਦੇ ਹਾਲ ।
ਅੰਮਿ੍ਤਸਰ ਤੋਂ ਉੱਤਰੋਂ ਦੱਖਣ ਕਰਨਾਲ
ਹਾਕਮ ਹੋਏ ਦੇਸ ਦੇ ਸਿੰਘ ਸਾਂਝੀਵਾਲ ।
ਹਿੰਦੂ ਮੁਸਲਮਾਨ ਜੱਟ ਮਿਲ ਗਏ ਸਨ ਨਾਲ ।
ਜੱਟ ਜੱਟਾਂ ਦੇ ਹੋ ਜਾਣ ਕਰ ਟਾਲਮ ਟਾਲ,
ਹਿੰਦੂ ਮੁਸਲਮਾਨ ਦਾ ਛੱਡ ਦੇਣ ਖ਼ਿਆਲ ।
ਮੁਗਲਾਂ ਰਾਜਿਆਂ ਨਾਲ ਕੀ ਉਹਨਾਂ ਦੀ ਭਿਆਲ ।
ਬੰਦਾ ਛੋਹਲਾ ਜਿਸਮ ਦਾ, ਗੋਰੇ ਤੇ ਲਾਲ
ਚਿਹਰੇ ਉਤੋ ਟਪਕਦਾ ਸੀ ਜਾਹ ਜਲਾਲ,
ਮੇਰੀ ਛਾਵੇਂ ਆਣ ਕੇ ਬੈਠਾ ਕਈ ਵਾਰ ।
ਲੋੜ ਪਈ ਤਾਂ ਲੈ ਗਿਆ ਜੱਟਾਂ ਦੀ ਧਾੜ,
ਮਾਝੇ ਅਤੇ ਮਾਲਵੇ ਵਿਚ ਪਾ ਭੁਚਾਲ ।
ਦੋ ਟੁਕ ਕੀਤਾ ਉਸ ਨੇ ਮੁਗਲਾਂ ਦਾ ਮਾਲ,
ਦਿਤੇ ਦਿੱਲੀ ਤੇ ਲਾਹੌਰ ਖਖੜੀ ਜਿਉਂ ਪਾੜ ।
ਜਿਸ ਕਰਕੇ ਕੁਝ ਖ਼ਾਲਸਾ ਹੋ ਗਿਆ ਬੇਤਾਲ ।
ਬਾਜ ਸਿੰਘ ਪਰ ਫੇਰ ਵੀ ਲੱਗਾ ਰਹਿਆ ਨਾਲ ।
ਮੁਗਲਾਂ ਦਾ ਜਦ ਪੈ ਗਿਆ ਫਿਰ ਜ਼ੋਰ ਅਪਾਰ,
ਮਰ ਗਏ ਸ਼ੇਰਾਂ ਵਾਕਰਾਂ ਨਹੀਂ ਮੰਨੀ ਹਾਰ ।
ਮੁੰਡਾ 1-
ਸਮਝੇ ਬਾਬਾ, ਅਸੀਂ ਵੀ ਹੁਣ ਤੇਰੀ ਗੱਲ ।
ਵਿਚ ਕਿਰਸਾਣਾਂ ਵਸਦਾ, ਕਿਰਸਾਣਾ ਵੱਲ ।
ਤੇਰੀ ਬਹੁਤੀ ਹੈ ਰੁਚੀ ਹੁਣ ਤੇਰੀ ਭੱਲ
ਸਾਨੂੰ ਦਿਸਦੀ ਪਹਿਲਾਂ ਦੇ ਨਾਲੋਂ ਵੀ ਵੱਲ ।
ਛਾਂ ਹੀ ਨਹੀਂ ਦੇਵਦਾਂ ਤੂੰ ਇਹ ਠੰਢੀ ਠੱਲ,
ਦਿਲ ਵਿਚ ਸਾਡਾ ਦਰਦ ਹੈ ਤੇਰੇ ਹਰ ਪੱਲ ।
ਬਾਬਾ ਬੋਹੜ-
ਸੁਣ ਲਓ ਏਦੂੰ ਪਿਛਲੀਆਂ ਦੁੱਖਾਂ ਦੀਆਂ ਸਾਰਾਂ ।
ਪਿਛੋ ਨਾਦਰ ਸ਼ਾਹ ਦੀਆਂ ਜਦ ਆਈਆਂ ਧਾੜਾਂ,
ਫਾਰਸ ਕਾਬਲ ਵਾਲੀਆਂ ਭੁੱਖੀਆਂ ਤਲਵਾਰਾਂ
ਕਿਵੇਂ ਦੇਸ ਤੇ ਬਰਸੀਆਂ, ਗੜ੍ਹੀਆਂ ਦੀਆਂ ਮਾਰਾਂ
ਜਿਵੇਂ ਗਾਉਣ ਪੈਲੀਆਂ, ਕਣਕਾਂ ਤੇ ਜੁਆਰਾਂ,
ਤਿਉਂ ਗਿਲਜ਼ਈਆਂ ਆਣ ਵਿਛਾਈਆਂ ਸਫ਼ਾਂ ਕਤਾਰਾਂ,
ਰਾਜਪੂਤ ਤੇ ਮੁਗਲ ਮਾਰ ਕੇ ਲੱਖ ਹਜ਼ਾਰਾਂ ।
ਏਸੇ ਦੇਸ ਦੇ ਭਗਤਾਂ ਨੇ ਮੁੜ ਦਿੱਤੀਆਂ ਹਾਰਾਂ ।
ਮੁੰਡਾ 2-
ਨਾਦਰ ਸ਼ਾਹ ਦੀ ਗੱਲ ਵੀ ਹੈ ਬੜੀ ਸੁਆਦੀ,
ਵਿਚ ਕਿਤਾਬਾਂ ਪੜੀ ਹੈ ਕੁਝ ਅੱਧ ਪਚਾਧੀ ।
ਕਿਵੇਂ ਓਸ ਨੂੰ ਆਦਮੀ ਮਾਰਨ ਦੀ ਵਾਦੀ
ਲੈ ਆਈ ਸੀ ਹਿੰਦ ਵਿਚ, ਏਡਾ ਅਪਰਾਧੀ!
ਬਾਬਾ ਬੋਹੜ-
ਜਾਣਾਂ ਨਾਦਰ ਸ਼ਾਹ ਨੂੰ ਮੈਂ ਤੈਥੋਂ ਵੱਧ ।
ਕੀ ਹੈ ਤੇਰੀ ਉਮਰ? ਨਹੀਂ ਤੀਹਾਂ ਦਾ ਅੱਧ ।
ਕੀਤਾ ਤੇਰੀ ਸੋਚ ਨੂੰ ਇਤਿਹਾਸਾਂ ਰੱਦ ।
ਨਾਦਰ ਸ਼ਾਹ ਕੋਈ ਨਹੀਂ ਸੀ ਬੇਸਮਝ ਬਦ ।
ਲੋਕੀਂ ਹੋਵਣ ਦੁਖੀ ਰਾਜ ਬੰਸਾਂ ਤੋਂ ਜਦ,
ਰਾਜੇ ਅਤੇ ਅਮੀਰ ਕਰਨ ਜਦ ਪਰਜਾ ਬਧ,
ਖਾਵਣ ਵਾੜਾਂ ਖੇਤ ਨੂੰ ਜਦ ਜਾਂਦੀਆਂ ਲੱਗ,
ਰਾਜੇ ਹੀ ਜਦ ਆਪਣਾ ਖੋ ਬੈਠਣ ਤੱਗ,
ਛੋਟੇ ਬੜੇ ਅਮੀਰ ਫੇਰ ਨਹੀਂ ਰਖਦੇ ਹਦ ।
ਓਦੋਂ ਲੋਕੀਂ ਚਾਹੁੰਦੇ ਕੋਈ ਦੇ ਉਲੱਦ
ਐਸੇ ਰਾਜ ਸਮਾਜ ਨੂੰ, ਨੇਕ ਹੋਵੇ ਬਦ ।
ਨਾਦਰ ਸ਼ਾਹ ਵੀ ਇਸ ਤਰ੍ਹਾਂ ਉਠਿਆ ਸੀ ਤਦ,
ਕੀਤੀ ਇਸ ਈਰਾਨ ਵਿਚ ਉਲੱਦ ਪੁਲੱਦ ।
ਕਾਬਲ ਦੇ ਵੀ ਲੋਕ ਮਿਲੇ ਉਸ ਤਾਈਂ ਵੱਧ ।
ਪਾਈ ਹਿੰਦੁਸਤਾਨ ਨੇ ਫਿਰ ਇਸ ਨੂੰ ਸੱਦ ।
ਮੁੰਡਾ 1-
ਹਿੰਦੁਸਤਾਨ 'ਤੇ ਉਸ ਨੇ ਕਿਉਂ ਕਰੀ ਚੜ੍ਹਾਈ
ਕੀਤਾ ਦੁਖੀ ਜਹਾਨ ਨੂੰ, ਦੁਨੀਆਂ ਕੁਰਲਾਈ ।
ਫੌਜਾਂ ਦੀ ਤਾਂ ਗੱਲ ਨਹੀਂ, ਕਤਲਾਮ ਮਚਾਈ,
ਦਿੱਲੀ ਦੇ ਵਿਚ ਇਕ ਰੋਜ਼ ਲੱਖ ਜਿੰਦ ਮੁਕਾਈ ।
ਲੁੱਟ ਮਾਰ ਕੇ ਮੁਗਲ ਦੀ ਉਹ ਦਫ਼ਾ ਉਠਾਈ,
ਹੁਣ ਤੱਕ ਜਗ ਨੂੰ ਯਾਦ ਹੈ ਉਸ ਦੀ ਬੁਰਿਆਈ ।
ਬਾਬਾ ਬੋਹੜ-
ਮੈਨੂੰ ਤਾਂ ਪਤਾ ਹੈ, ਸੁਨ, ਬੀਬਾ ਰਾਣਾ,
ਮਾਰਿਆ ਉਸ ਜਦ ਆਣ ਕੇ ਸੀ ਲੁਦਹਾਣਾ ।
ਕੀਤਾ ਸੀ ਦੋ ਤਿੰਨ ਦਿਨ ਉਸ ਸ਼ਹਿਰ ਠਕਾਣਾ ।
ਚੜਿ੍ਹਆ ਸੁਬਹ ਸ਼ਿਕਾਰ ਨੂੰ ਸੰਗ ਕੁਝ ਜਵਾਨਾਂ ।
ਦਾਖੇ ਈਸੇਵਾਲ ਦਾ ਜੋ ਢੱਕ ਪੁਰਾਣਾ,
ਓਥੋਂ ਤਾਈ ਲੈ ਗਿਆ ਇਕ ਰੋਜ਼ ਸਿਆਣਾ ।
ਮੁੜਿਆ ਸਿਖਰ ਦੁਪਹਰਿਉਂ ਹੋ ਕੇ ਜੀ-ਭਿਆਣਾ ।
ਬੱਦੋਵਾਲ ਦੀ ਸੜਕ 'ਤੇ ਸੀ ਉਸ ਦਾ ਖਾਣਾ ।
ਮੇਰੀ ਛਾਵੇਂ ਬੈਠ ਕੇ ਲਹਿ ਗਈਆਂ ਥਕਾਣਾਂ ।
ਮੁੰਡਾ 2-
ਪੀਤਾ ਤੇਰੇ ਖੂਹ ਚੋਂ ਹੋਉ ਉਸ ਪਾਣੀ ।
ਧੰਨ, ਬਾਬਾ ਤੂੰ, ਧੰਨ ਹੈ ਤੇਰੀ ਜ਼ਿੰਦਗਾਨੀ ।
ਬਾਬਾ ਬੋਹੜ-
ਓਦੋਂ ਉਸ ਨੂੰ ਦੇਖਿਆ, ਮੈਂ ਦਿੱਤੀ ਛਾਂਵ ।
ਧੁੱਪਾਂ ਪਾਲੇ ਝੱਲ ਕੇ, ਰੰਗ ਹੈ ਸੀ ਸ਼ਾਮ ।
ਜੱਟ ਸੀ ਪਹਿਲੇ ਤੋੜ ਦਾ, ਜੋਧਾ ਵਰਿਆਮ,
ਜੱਟੀ ਪੇਟੋਂ ਜੰਮਿਆਂ, ਪਲਿਆ ਵਿਚ ਗਾਮ ।
ਭੇਡਾਂ ਉਸ ਨੇ ਚਾਰੀਆਂ ਕਹਿੰਦੇ ਹਨ ਆਮ
ਭੇਡਾਂ ਵਾਕਰ ਕਰ ਲਏ ਸਨ ਉਸ ਨੇ ਰਾਮ,
ਕਾਬਲ ਅਤੇ ਈਰਾਨ ਦੇ ਸਰਦਾਰ ਤਮਾਮ ।
ਕਿਹੜਾ ਅੱਗੇ ਉਸਦੇ ਪਲ ਕਰੇ ਮੁਕਾਮ?
ਝਬ ਝਬ ਮੰਜ਼ਿਲਾਂ ਮਾਰੀਆਂ ਸੁਬਹ ਤੇ ਸ਼ਾਮ ।
ਤੇਗ਼ ਮੁਹੰਮਦ ਸ਼ਾਹ ਦੀ ਰਹੀ ਵਿਚ ਮਿਆਨ ।
ਮੈਂ ਸੁਣਿਆ ਉਸ ਸ਼ਹਿਰ ਵਿਚ ਕੀਤੀ ਕਤਲਾਮ,
ਤੇ ਇਸ ਕਰਕੇ ਹੋ ਗਿਆ ਹਿੰਦ ਵਿਚ ਬਦਨਾਮ ।
ਖਾਤਿਉਂ ਡਰ ਕੇ ਪਸ਼ੂ ਜਿਉਂ ਵਿਚ ਖੂਹ ਧੜਾਮ,
ਡਿੱਗ ਪਵੇ ਇਹ ਹਾਲ ਹੈ ਲੋਕਾਂ ਦਾ ਆਮ ।
ਲੋਕਾਂ ਵਿਚੋਂ ਊਠ ਕੇ ਕਈ ਨਰ ਵਰਿਆਮ
ਕਰਦੇ ਜ਼ਾਲਿਮ ਹਾਕਮਾਂ ਦਾ ਕੰਮ ਤਮਾਮ,
ਪਰ ਸੱਕਣ ਨਾ ਆਪਣੀ ਵੀ ਖਿੱਚ ਲਗਾਮ,
ਵਗ ਟੁਰਦੇ ਹਨ ਉਸੇ ਹੀ ਜੋ ਰਾਹ ਹਰਾਮ ।
ਨਵਾਂ ਸਮਾਜ ਬਨਾਣ ਦੀ ਸ਼ਕਤੀ ਨਹੀਂ ਆਮ ।
ਮੁੰਡਾ 1-
ਏਦੂੰ, ਬਾਬਾ, ਪਿਛਲੀ ਵੀ ਦੱਸ ਕੋਈ ਬਾਤ,
ਤੇਰੀ ਅਕਲ ਅਥਾਹ ਹੈ, ਨਹੀਂ ਇਸ ਦੀ ਹਾਥ ।
ਤੇਰੇ ਕੋਲੋਂ ਸੁਣਨੀ ਅੱਜ ਸਾਰੀ ਗਾਥ,
ਭਾਵੇਂ ਸਾਨੂੰ ਏਥੇ ਹੀ ਪੈ ਜਾਵੇ ਰਾਤ ।
ਮੁੰਡਾ 2-
ਅਜੇ ਤਾਂ ਦੋਪਹਰ ਹੀ, ਧੁੱਪ ਪੈਂਦੀ ਜ਼ੋਰ,
ਮੱਝਾਂ ਨਾਵਣ ਨਹਿਰ ਵਿਚ ਇਹ ਸਾਊ ਢੋਰ ।
ਬਾਬਾ ਬੋਹੜ-
ਅੱਗੋਂ ਕਰਾ ਬਿਆਨ ਮੈਂ ਉਹ ਘੱਲੂਘਾਰਾ,
ਮੇਰੀਆਂ ਅੱਖਾਂ ਸਾਹਮਣੇ ਜੋ ਹੋਇਆ ਸਾਰਾ ।
ਚੜ੍ਹਦਾ ਕਾਬਾ ਅੱਜ ਵੀ ਕਰ ਯਾਦ ਉਹ ਕਾਰਾ ।
ਅਹਿਮਦ ਸ਼ਾਹ ਅਬਦਾਲੀ ਆਇਆ ਮਰਦ ਕਰਾਰਾ
ਚੌਦਾਂ ਵਾਰੀ ਦੇਸ 'ਤੇ ਕਰ ਮਾਰੋ ਮਾਰਾ ।
ਦੋਹੀ ਅਹਿਮਦ ਸ਼ਾਹ ਦੀ ਫਿਰ ਗਈ ਸੀ ਯਾਰਾ,
ਸਾਰੇ ਦੇਸ ਪੰਜਾਬ ਬਦਲਿਆ ਵਰਤਾਰਾ ।
ਦਿੱਲੀ ਅਤੇ ਕੰਧਾਰ ਦਾ ਇਹ ਚੌੜਾ ਪਾੜਾ,
ਲੰਘਿਆਂ ਅਹਿਮਦ ਸ਼ਾਹ ਮੁੜ ਮੁੜ ਕਈ ਵਾਰਾਂ
ਦਿੱਲੀ ਪਤੀ ਸੀ ਓਸ ਤੋਂ ਕੰਬ ਰਿਹਾ ਵਿਚਾਰਾ
ਸੂਬੇਦਾਰ ਲਾਹੌਰ ਦਾ ਬਣ ਗਿਆ ਮੁਜ਼ਾਰਾ ।
ਖਾ ਪੀ ਲਈਏ ਜਿਹੜਾ ਹੈ ਸੋਈ ਅਸਾੜਾ,
ਰਹਿੰਦਾ ਅਹਿਮਦ ਸ਼ਾਹ ਦਾ ਜਗ ਆਖੇ ਸਾਰਾ ।
ਦਿੱਲੀ ਅਤੇ ਲਾਹੌਰ ਨੂੰ ਦੰਡ ਲਾਇਆ ਭਾਰਾ ।
ਮਰਹੱਟਿਆਂ ਦਾ ਪੇਸ਼ਵਾ ਜਿਸ ਮੁਗਲ ਵਿਚਾਰਾ
ਕੀਤਾ ਕਾਬੂ ਆਪਣੇ, ਬਣਿਆ ਰਖਵਾਰਾ
ਸਮਝੋ ਸਾਰੇ ਦੇਸ ਦਾ ਲੈ ਲਸ਼ਕਰ ਭਾਰਾ
ਆਇਆ ਲੈਣ ਅਬਦਾਲੀਏ ਦਾ ਵਾਰਾ ਸਾਰਾ ।
ਲੱਖੋਂ ਜ਼ਿਆਦਾ ਮਰਹੱਟਾ ਤੇ ਰਾਜ ਦੁਲਾਰਾ,
ਸਭਨਾਂ ਦਾ ਜਰਨੈਲ ਬਣਾਇਆ ਭਾ ਪਿਆਰਾ,
ਪਾਣੀਪਤ ਦਾ ਮੱਲਿਆ ਆ ਉਹੀ ਅਖਾੜਾ,
ਜਿਥੇ ਬਾਬਰ ਮਾਰਿਆ ਲੋਧੀ ਨਾਕਾਰਾ,
ਜਿਥੇ ਅਕਬਰ ਵੱਡਿਆ ਹੇਮੂੰ ਵਣਜਾਰਾ ।
ਪਰ ਅਬਦਾਲੀ ਸਾਹਮਣੇ ਨਾ ਬਣਿਆ ਚਾਰਾ ।
ਰਾਜਪੂਤ ਤੇ ਮਰਹਟੇ, ਕਰ ਜੀ ਕਰਾਰਾ,
ਲੜੇ ਬਹਾਦਰ ਸੂਰਮੇ, ਕਟ ਮਰੇ ਹਜ਼ਾਰਾਂ ।
ਹਥ ਰਿਹਾ ਮੈਦਾਨ ਪਰ ਅਹਿਮਦ ਦੇ ਯਾਰਾ ।
ਸੋਨਾ ਰੁੱਪਾ ਦੇਸ ਦਾ ਲੁੱਟ ਲੈ ਗਿਆ ਸਾਰਾ
ਲੈ ਗਿਆ ਫੜ ਕੇ ਸੁੰਦਰੀਆਂ ਡਾਰਾਂ ਦੀਆਂ ਡਾਰਾਂ,
ਗਜ਼ਨੀ ਹਿੰਦੂ ਵਿਕ ਗਏ ਫਿਰ ਵਿਚ ਬਾਜ਼ਾਰਾਂ ।
ਕੋਈ ਨਾ ਸਕਿਆ ਡੱਕ ਉਸ ਸਿੰਧੂ ਦੀ ਧਾਰਾ,
ਸਿੰਘਾਂ ਸਿੰਝਿਆਂ ਉਸ ਨਾਲ ਕੁਝ ਥੋੜਾ ਬਾਹਲਾ ।
ਕਾਬਲ ਨੂੰ ਜਦ ਮੁੜ ਰਿਹਾ ਸੀ ਲਦਿਆ ਭਾਰਾ,
ਮਾਰਨ ਉਸ ਦੀ ਫੌਜ 'ਤੇ ਸ਼ਬਖੂਨ ਕਰਾਰਾਂ,
ਲੁਟਿਆ ਉਸ ਦੀ ਫੌਜ ਦਾ ਕਈ ਸੌ ਵਣਜਾਰਾ,
ਬਹੁਤ ਛੁਡਾਈਆਂ ਉਸ ਦੀ ਬੰਦੀ 'ਚੋਂ ਨਾਰਾਂ ।
ਉਹ ਵੀ ਹੈ ਸੀ ਸੂਰਮਾ ਜੋਧਾ ਸਚਿਆਰਾ,
ਬੜੀ ਬਹਾਦਰ ਕੌਮ ਹੈ, ਕਹਿਆ ਸੂਬੇਦਾਰਾ,
ਆਵੇ ਇਹਨਾਂ ਪਾਸੋਂ ਮੁਸ਼ਕ ਹਕੂਮਤ ਵਾਲਾ ।
ਦੂਜੇ ਸਾਲ ਲਾਹੌਰ ਤੋਂ ਫਿਰ ਗਿਆ ਬੁਲਾਰਾ,
ਸਿੰਘਾਂ ਨੇ ਇਸ ਦੇਸ ਦਾ ਕਰ ਦਿੱਤਾ ਉਜਾੜਾ,
ਆ ਕੇ ਵਿਚ ਪੰਜਾਬ ਦੇ ਕੋਈ ਕਰ ਲੈ ਚਾਰਾ ।
ਸਿੰਘ ਸੋਧਣ ਨੂੰ ਆ ਗਿਆ ਉਹ ਅੰਤਿਮ ਵਾਰਾਂ ।
ਸਿੰਘਾਂ ਦੀਆਂ ਪੰਜਾਬ ਵਿਚ ਫਿਰਦੀਆਂ ਸਨ ਧਾੜਾਂ,
ਕੱਠੇ ਹੋ ਕੇ ਖਿਸਕਣ ਲੱਗੇ ਵਲ ਪਹਾੜਾਂ ।
ਘੇਰੇ ਵਿਚ ਆ ਗਿਆ ਪਰ ਦਲ ਐਥੇ ਸਾਰਾ ।
ਬੱਸ, ਫਿਰ ਕੀ ਮੱਚਿਆ ਉਹ ਘੱਲੂਘਾਰਾ,
ਭੁੱਲੇਗਾ ਨਹੀਂ ਖਾਲਸਾ ਜੋ ਬਰਸ ਹਜ਼ਾਰਾਂ ।
ਏਥੇ ਸਿੰਘਾਂ ਸੂਰਿਆਂ ਵਾਹੀਆਂ ਤਲਵਾਰਾਂ
ਕਟ ਕਟ ਸੁੱਟੀਆਂ ਗਿਲਜ਼ਿਆਂ ਦੀਆਂ ਸ਼ਫ਼ਾਂ ਕਤਾਰਾਂ ।
ਤਾਕਤ ਨਹੀਂ ਸੀ ਇਤਨੀ ਪਰ ਉਹਨਾਂ ਵਿਚ ਹਾਲਾਂ,
ਨਾਲੇ ਹੈਸਨ ਨਾਲ ਵੀ ਨਿਆਣੇ ਤੇ ਨਾਰਾਂ ।
ਇਸ ਲਈ ਖਾਧੀਆਂ ਖੂਬ ਪਠਾਣਾਂ ਕੋਲੋਂ ਮਾਰਾਂ,
ਦਿਤੀਆਂ ਬਹੁਤ ਸ਼ਹੀਦੀਆਂ ਵਧ ਵਧ ਸਰਦਾਰਾਂ,
ਦਸ ਹਜ਼ਾਰ ਕੁ ਹੋ ਗਈਆਂ ਸਨ ਵਿਧਵਾ ਨਾਰਾਂ ।
ਆਲਾ ਸਿੰਘ ਸਰਦਾਰ ਸੀ ਬਰਨਾਲੇ ਵਾਲਾ,
ਦੀਪਕ ਤੁਹਾਡੀ ਕੌਮ ਦਾ ਉਹ ਸਦ ਉਜਿਆਰਾ,
ਲੜਿਆ ਅੱਗੇ ਵੱਧ ਕੇ ਜਿਉਂ ਵਗ ਰਖਵਾਲਾ,
ਪਰ ਘੇਰੇ ਵਿਚ ਆ ਗਿਆ ਨਹੀਂ ਚੱਲਿਆ ਚਾਰਾ ।
ਮੁੰਡਾ 1-
ਓਹੀ ਬਾਬਾ ਆਲਾ ਸਿੰਘ ਜਿਸ ਦਾ ਪਟਿਆਲਾ?
ਫੱਤੋ ਮਾਈ ਸ਼ੇਰਨੀ ਦਾ ਜੋ ਘਰ ਵਾਲਾ?
ਬਾਬਾ ਬੋਹੜ-
ਹਾਂ, ਓਹੋ ਹੀ ਕੈਦ ਸੀ ਹੋ ਗਿਆ ਬਹਾਦਰ ।
ਫੱਤੋ ਨਾਰੀ ਉਸ ਦੀ ਲੋਹੇ ਦੀ ਚਾਦਰ ।
ਉਸ ਦਾ ਸਾਰੇ ਪੰਥ ਵਿਚ ਸੀ ਵੱਡਾ ਆਦਰ ।
ਨਾਲੇ ਸਭ ਨੂੰ ਯਾਦ ਸੀ ਕਲਗੀਧਰ ਦਾ ਵਰ ।
ਘਰ ਤਿਲੋਕ ਸਿੰਘ ਰਾਮ ਸਿੰਘ ਦਾ ਸਤਿਗੁਰ ਦਾ ਘਰ ।
ਲੱਖ ਰੁਪਈਆ ਫੱਤੋ ਨੇ ਝਟ ਕੱਠਾ ਲਿਆ ਕਰ,
ਦਿੱਤਾ ਸ਼ਾਹ ਨੂੰ ਤੋਲ ਕੇ ਉਸ ਕੰਤ ਬਰਾਬਰ ।
ਅਹਮਦ ਸ਼ਾਹ ਵੀ ਜਾਣਿਆ ਇਹ ਮਰਦ ਦਿਲਾਵਰ,
ਦਿੱਲੀ ਅਤੇ ਲਾਹੌਰ ਦਾ ਇਸ ਨੂੰ ਕਾਹਦਾ ਡਰ!
ਮੰਨ ਲਿਆ ਸਰਹੰਦ ਦਾ ਭੁਪਿੰਦ ਉਜਾਗਰ ।
ਮੁੰਡਾ 1-
ਤਾਂ ਹੀ ਬੁੱਲੇ ਆਖਿਆ, ਧਨ ਤੂੰ ਹੈਂ ਖ਼ਾਲਕ,
ਭੂਰਿਆਂ ਵਾਲੇ ਦੇਸ਼ ਦੇ ਕਰ ਦਿਤੇ ਮਾਲਿਕ ।
ਬਾਬਾ ਬੋਹੜ-
ਰਾਜੇ ਹੋ ਗਏ ਦੇਸ ਦੇ ਹੁਣ ਭੂਰਿਆਂ ਵਾਲੇ,
ਮੁਗਲਾਂ ਪੀਤੇ ਜ਼ਹਿਰ ਦੇ ਭਰ ਭਰ ਕੇ ਪਿਆਲੇ ।
ਮਾਲਿਕ ਹੋਏ ਜ਼ਿਮੀ ਦੇ ਹਲ ਵਾਹੁਣ ਵਾਲੇ,
ਵਿਚ ਦੁਆਬੇ ਮਾਲਵੇ ਅਤੇ ਮਾਝੇ ਸਾਰੇ,
ਤਾਂ ਹੀ ਵਡੇ ਜ਼ਿਮੀਦਾਰ ਨਹੀਂ ਮਿਲਦੇ ਬਾਹਲੇ,