ਬਾਬਾ ਬੋਹੜ-
ਛਾਉਣੀ ਸੀ ਅੰਗਰੇਜ਼ ਦੀ ਵਿਚ ਲੁਦੇਹਾਣੇ ।
ਸਤਲੁਜ ਦੇ ਇਸ ਪਾਰ ਸਨ ਜੋ ਰਾਜੇ ਰਾਣੇ,
ਕਰਦੇ ਗੋਰੇ ਉਨਾਂ ਤੇ ਸਨ ਜ਼ਰ ਸਿੰਗਾਣੇ ।
ਚੁਪ ਚੁਪੀਤੇ ਜ਼ਰ ਗਏ ਜੋ ਘਰ ਨੂੰ ਸਿਆਣੇ ।
ਕਈ ਅਣਖੀਲੇ ਸ਼ੇਰ ਸਨ ਪਰ ਕੁਝ ਸਵਮਾਣੇ,
ਅੱਖਾਂ ਵਿਚ ਅੰਗਰੇਜ਼ ਦੇ ਜਿਉਂ ਰੜਕਣ ਦਾਣੇ ।
ਜਿਉਂਦਾ ਜਦ ਰਣਜੀਤ ਸੀ ਤਾਂ ਰਹੇ ਠਿਕਾਣੇ,
ਮੋਇਆ ਤਾਂ ਫਿਰ ਘੜ ਲਏ ਸੂ ਕਈ ਬਹਾਨੇ ।
ਓਧਰ ਵਿਚ ਲਾਹੌਰ ਦੇ ਵਗ ਗਏ ਸਨ ਭਾਣੇ ।
ਸੰਧਾਂਵਾਲੀਏ, ਡੋਗਰੇ, ਬੇਈਮਾਨ ਨੱਮਾਣੇ,
ਲੱਗ ਗਏ ਰਣਜੀਤ ਦੇ ਲਹੂ ਵਿਚ ਨਿਹਾਣੇ ।
ਨੌਨਿਹਾਲ ਤੇ ਸ਼ੇਰ ਸਿੰਘ ਨੂੰ ਲਾ ਟਿਕਾਣੇ,
ਆਪੂੰ ਕਿਹੜਾ ਬੁਰਛਿਆਂ ਸੁਖ ਦੇ ਦਿਨ ਮਾਣੇ?
ਰਹਿ ਗਏ ਵਿਚ ਪੰਜਾਬ ਦੇ ਨਾਰਾਂ ਤੇ ਨਿਆਣੇ ।
ਆਪ ਮੁਹਾਰੀ ਫ਼ੌਜ ਕਿਸੇ ਨੂੰ ਕੁਝ ਨਾ ਜਾਣੇ ।
ਤੇਜ, ਲਾਲ ਤੇ ਡੋਗਰੇ ਦੇ ਖੋਟੇ ਢਾਣੇ
ਮਥ ਲਏ ਭਾਗ ਪੰਜਾਬ ਦੇ ਦਰਿਆ ਰੁੜ੍ਹਾਣੇ ।
ਮੁੰਡਾ 2-
ਹਾਂ, ਕਹਿੰਦੇ ਹਨ ਦੁਸ਼ਮਣ ਦੇ ਸਨ ਨਾਲ ਉਹ ਰੱਲੇ,
ਦੱਸਣ ਸਾਡੀ ਫੌਜ ਨੂੰ ਉਹ ਢੰਗ ਕੁਵੱਲੇ,
ਤੋੜੇ ਥਾਂ ਬਾਰੂਦ ਦੀ ਸ਼ਰਿਹੋਂ ਦੇ ਘੱਲੇ,
ਭਾਜਾਂ ਪਈਆਂ ਜਾਣ ਕੇ ਹੋ ਗਏ ਦੁਗੱਲੇ ।
ਬਾਬਾ ਬੋਹੜ-
ਵਿਚ ਲੁਧਿਆਣੇ ਗੋਰਿਆ ਦਾ ਸਿਪਹ ਸਾਲਾਰ
ਹੈਰੀ ਸਾਹਿਬ ਸਮਿੱਥ ਸੀ, ਵਡਾ ਜਬਾਰ ।
ਕਰ ਲਏ ਉਸਨੇ ਕੈਦ ਸਨ ਕਈ ਬਿਸਵੇਦਾਰ,
ਪਾ ਰਿਹਾ ਸੀ ਲਾਡੂਏ ਵਾਲੇ ਤੇ ਭਾਰ ।
ਆ ਕੇ ਤਦ ਰਣਜੋਧ ਸਿੰਘ ਨੇ ਲੀਤੀ ਸਾਰ ।
ਲਾਏ ਉਸ ਨੂੰ ਹੱਥ ਸਨ ਆ ਕੇ ਸਰਦਾਰ ।
ਏਥੇ ਹੋਈ ਜੰਗ ਸੀ, ਵਿਚ ਬਦੋਵਾਲ,
ਨੱਸ ਗਿਆ ਅਫਰੰਗੜਾ ਹੋ ਬਹੁਤ ਖੁਆਰ
ਓਧਰ ਪਰ ਸੀ ਵਗ ਗਈ ਕਿਸਮਤ ਦੀ ਮਾਰ,
ਬੇਈ ਮਾਨਾਂ ਜਿੱਤ ਤੋਂ ਕਰ ਦਿੱਤੀ ਹਾਰ ।
ਮੁਦਕ, ਫੇਰੂ ਸ਼ਹਿਰ ਵਿਚ ਬਾਝੋਂ ਸਰਕਾਰ ।
ਰਹਿ ਗਿਆ ਸਿੰਘ ਅਜੀਤ ਕੱਲਾ ਬੱਦੋਵਾਲ ।
ਘੇਰ ਲਿਆ ਮੁੜ ਆਣ ਕੇ ਗੋਰਿਆ ਦੀ ਧਾੜ ।
ਲੜਿਆ ਹੋ ਕੇ ਸਾਹਮਣਾ ਉਹ ਬਹੁਤਿਆਂ ਨਾਲ ।
ਫ਼ੌਜ ਵਿਚਾਰੇ ਕੋਲ ਸੀ ਦੋ ਤਿੰਨ ਹਜ਼ਾਰ
ਸੂਰੇ ਇਹਨ੍ਹਾਂ ਪਿੰਡਾਂ ਦੇ ਜਿੰਨ੍ਹਾਂ ਨੂੰ ਸਾਰ
ਹੈ ਸੀ ਦੇਸ ਅਤੇ ਕੌਮ ਦੀ ਜਿੰਨ੍ਹਾਂ ਵਿਚਕਾਰ
ਧੜਕਣ ਹੈ ਸੀ ਅਣਖ ਦੀ ਅਤੇ ਦੇਸ ਪਿਆਰ,
ਵਗ ਰਿਹਾ ਸੀ ਨਾੜੀਆਂ ਵਿਚ ਛੱਲਾਂ ਮਾਰ ।
ਗਿੱਲ, ਧਾਂਦਰਾ, ਰਾਏਪੁਰ ਤੇ ਗੁੱਜਰਵਾਲ,
ਲਲਤੋਂ, ਬੱਦੋਵਾਲ ਤੇ ਮਨਸੂਰ, ਪਮਾਲ,
ਦਾਖਾ ਰੁੜਕਾ ਮੋਹੀ ਰਕਬਾ ਅਤੇ ਸਧਾਰ,
ਸਿਧੂ, ਸੇਖੋਂ, ਗਿੱਲ, ਬੱਲ ਤੇ ਗਰੇਵਾਲ,
ਲੜੇ ਤੋੜ ਕੇ ਜਾਨਾਂ ਸਭ ਵੈਰੀ ਦੇ ਨਾਲ,
ਦਿਤਾ ਧਰਮ ਨਿਭਾ ਪਰ ਕਿਸਮਤ ਨੇ ਹਾਰ,
ਲਿਖ ਦਿਤੀ ਸੀ ਦੇਸ ਨੂੰ ਤਾਹੀਂ ਗਦਾਰ
ਕਰ ਦਿੱਤੇ ਸਨ ਖ਼ਾਲਸੇ ਦੇ ਜਥੇਦਾਰ ।
ਆ ਗਿਆ ਸਿੰਘ ਅਜੀਤ ਜਦ ਘੇਰੇ ਵਿਚਕਾਰ,
ਲਾਈ ਵਾਂਗ ਕਮਾਣ ਦੇ ਤੋਪਾਂ ਦੀ ਵਾੜ,
ਕੇਸੀਂ ਨ੍ਹਾ ਕੇ ਆ ਗਿਆ, ਤੇ ਲਏ ਖਿਲਾਰ,
ਮੋਢਿਆਂ ਉਤੇ ਓਸ ਨੇ, ਚੰਡੀ ਦੀ ਵਾਰ
ਪੜ੍ਹੇ ਤੇ ਫਿਰਦਾ ਦਾਗਦਾ ਤੋਪਾਂ ਜਿਉਂ, ਯਾਰ,
ਆਤਿਸ਼ਬਾਜ਼ ਵਿਆਹ ਵਿਚ ਗੋਲੇ ਅਨਾਰ ।
ਦਾਰੂ ਸਿੱਕਾ ਦੇ ਗਿਆ ਜਦ ਆਖ਼ਿਰ ਹਾਰ,
ਫੜਿਆ ਗਿਆ ਅਜੀਤ ਦੇਸ ਦਾ ਸੁੱਚਾ ਲਾਲ ।
ਮੁੰਡਾ 1-
ਏਹੋ ਜਿਹੇ ਜੋਧਿਆਂ ਦੀ ਅਸੀਂ ਉਲਾਦ ।
ਸੁਣ ਕੇ, ਬਾਬਾ, ਕਥਾ ਇਹ ਆ ਗਿਆ ਸੁਆਦ ।
ਆਵੇ ਜੋਸ਼ ਸਰੀਰ ਨੂੰ, ਹੈ ਸਾਨੂੰ ਸਾਧ
ਲੀਤਾ ਡਰ ਤੇ ਕਾਇਰਤਾ, ਸਾਡੀ ਜਾਇਦਾਦ ।
ਰਹਿ ਗਏ ਹਲ, ਪੰਜਾਲੀਆਂ, ਈਰਖਾਵਾਦ ।
ਬਾਬਾ ਬੋਹੜ-
ਕਰ ਰਹੇ ਤੇਰੇ ਦੇਸ ਨੂੰ, ਕਾਕਾ, ਬਰਬਾਦ,
ਫੋਕਾ ਆਤਮਵਾਦ ਅਤੇ ਅਹਿੰਸਾਵਾਦ ।
ਦੁਨੀਆਂ ਉਤੇ ਹੋ ਰਹੇ ਜੋ ਘੋਰ ਅਪਰਾਧ,
ਇਹਨਾਂ ਤਾਈ ਤਦੇ ਹੀ ਸਕੋਗੇ ਸਾਧ,
ਵੱਡਿਆਂ ਵਾਲੀ ਰੀਤ ਜੇ ਰੱਖੋਗੇ ਯਾਦ ।
ਵੇਖੋ, ਬੀਬਾ, ਤੁਸਾਂ ਦੇ ਆਬਾਅਜਦਾਦ
ਲੜ ਮਰਨਾ ਸਨ ਜਾਣਦੇ ਛੱਡ ਸੁੱਖ ਸੁਆਦ ।
ਪਰ ਜੋ ਹੋਈ ਦੇਸ ਵਿਚ ਅਠਤਾਲੀ ਬਾਦ,
ਰੋਣਾ ਮੈਨੂੰ ਆਉਂਦਾ ਹੈ ਕਰਕੇ ਯਾਦ ।
ਕਿਸ ਤਰ੍ਹਾਂ ਪੰਜਾਬ ਨੂੰ ਪੈ ਗਿਆ ਸੁਆਦ
ਤੋਤੇ ਵਾਂਗੂ ਪਿੰਜਰੇ ਦਾ ਕਾਇਰਵਾਦ
ਕਿਵੇਂ ਰਚ ਗਿਆ ਇਨ੍ਹਾਂ ਦੇ ਵਿਚ ਦਿਲ ਦਿਮਾਗ ।
ਕਿਧਰੇ ਵੀ ਕਮਜ਼ੋਰ ਨੂੰ ਨਹੀਂ ਮਿਲਦੀ ਦਾਦ,
ਕਰਦਾ ਫਿਰੇ ਜਹਾਨ ਵਿਚ ਸਾਰੇ ਫ਼ਰਿਆਦ ।
ਮੁੰਡਾ 1-
ਕਿਵੇਂ ਸਥਾਪਤ ਹੋ ਗਿਆ ਅੰਗਰੇਜ਼ੀ ਰਾਜ
ਦੇਸ ਉਤੇ ਫਿਰ ਹੋ ਗਿਆ ਇਹ ਕਿਵੇਂ ਮੁਤਾਜ,
ਕਿਵੇਂ ਗੁਲਾਮੀ ਹੋ ਗਈ ਲੋਕਾਂ ਦਾ ਭਾਗ,
ਕਿਵੇਂ ਗ਼ਰੀਬੀ ਵੱਧ ਗਈ, ਹੋ ਗਏ ਅਕਾਜ
ਕਾਰੀਗਰ ਕਿਰਸਾਣ ਤੇ ਵਿਗੜੇ ਸਭ ਸਾਜ਼
ਐਸ਼ਵਰਜ ਤੇ ਮਾਨ ਦੇ, ਨਾ ਰਹਿ ਗਈ ਲਾਜ,
ਕਰ ਵਰਨਣ ਤੂੰ ਬਾਬਿਆਂ ਕਰ ਉੱਚੀ 'ਵਾਜ ।
ਬਾਬਾ ਬੋਹੜ-
ਬੈਠ ਗਏ ਅੰਗਰੇਜ਼ ਜਦ ਆ ਵਿਚ ਲਾਹੌਰ,
ਵਿਗੜਨ ਲੱਗੇ ਝਬ ਹੀ ਰਾਣੀ ਵਲ ਤੌਰ,
ਆਈ ਉਸ ਨੂੰ ਹੋਸ਼ ਹੁਣ, ਕਰ ਸਭ ਕੁਝ ਚੌੜ,
ਟੁਟ ਗਿਆ ਜਦ ਦੇਸ਼ ਦਾ ਅਭਿਆਨ ਬਲੌਰ!
ਰਹਿ ਗਈ ਲਾਸ਼ ਪੰਜਾਬ ਦੀ ਤੇ ਉਡ ਗਿਆ ਭੌਰ ।
ਮੁੰਡਾ 2-
ਅਸਰਚਜ ਦੀ, ਬਾਬਾ, ਨਹੀਂ ਗੱਲ ਇਸ ਵਿਚ ਕਾਈ,
ਨਾਲ ਮੂਰਖਾਂ ਇਵੇਂ ਹੀ ਹੈ ਹੁੰਦੀ ਆਈ ।
ਬਾਬਾ ਬੋਹੜ-
ਚੇਤ ਸਿੰਘ ਸਰਦਾਰ ਦੇ ਘਰ ਵਿਚ ਕੁੜਮਾਈ
ਸੀ ਦਲੀਪ ਸਿੰਘ ਮਹਾਰਾਜ, ਦੀ ਭਾਈ ।
ਵਿਆਹ ਰਚਾਣ ਦੀ ਉਨ੍ਹਾਂ ਦੇ ਜਦ ਮਨ ਵਿਚ ਆਈ,
ਤਾਂ ਵਿਚ ਆ ਅੰਗਰੇਜ਼ ਨੇ ਸੀ ਲੱਤ ਅੜਾਈ,
ਮਹਾਰਾਜ ਦੀ ਉਮਰ ਹੈ ਛੋਟੀ ਅਧਿਕਾਈ,
ਨਾਲੇ ਅਸਾਂ ਕਰਵਾਣੀ ਹੈ ਅਜੇ ਪੜ੍ਹਾਈ ।
ਅਸਲ ਵਿਚ ਜੋ ਉਨ੍ਹਾਂ ਨੇ ਸੀ ਬਣਤ ਬਣਾਈ ।
ਰਾਣੀ ਦੀ ਵੀ ਸਮਝ ਵਿਚ ਆਈ ਕੁਝ ਰਾਈ
ਕਰਨੀ ਮੇਰੇ ਪੁੱਤ ਦੀ ਕੀ ਇਨ੍ਹਾਂ ਭਲਾਈ,
ਚਾਹੁੰਦੇ ਹਨ ਮਹਾਰਾਜ ਨੂੰ ਕਰਨਾ ਇਸਾਈ ।
ਮੁੰਡਾ 3-
ਅੱਛਾ, ਮਨ ਵਿਚ ਉਨ੍ਹਾਂ ਦੇ ਸੀ ਇਹ ਚਤੁਰਾਈ?
ਬਾਬਾ ਬੋਹੜ-
ਇਸ ਲਈ ਕੀਤਾ ਉਨ੍ਹਾਂ ਨੇ ਰਾਣੀ ਤੋਂ ਵੱਖ
ਮਹਾਰਾਜ ਨੂੰ ਰੋਦਿਆਂ ਰਾਣੀ ਦੀ ਅੱਖ
ਵੀ ਡੁੱਬੀ ਵਿਚ ਹੰਝੂਆਂ, ਹੋ ਗਈ ਪਰਤੱਖ
ਭਾਵੀ ਉਸਦੇ ਸਾਹਮਣੇ, ਕੀਤੇ ਉਸ ਲੱਖ
ਰੋਸ, ਨਹੋਰੇ, ਕੌਣ ਸੀ ਪਰ ਉਸ ਦੇ ਪੱਖ?
ਕੀਤੀ ਨਾ ਪਰਵਾਹ ਕਿਸੇ ਨੇ ਉਸ ਦੀ ਕੱਖ ।
ਮੁੰਡਾ 1-
ਜਿਸ ਨੇ ਆਪ ਗੁਆਇਆ, ਕੀ ਉਸ ਦੀ ਰੱਖ?
ਬਾਬਾ ਬੋਹੜ-
ਵਿਚ ਹਜ਼ਾਰੇ ਚੇਤ ਸਿੰਘ ਦਾ ਨਾ ਇਬ ਇਕ,
ਐਡਵਰਡ ਅੰਗਰੇਜ਼ ਸੀ ਉਸ ਡਾਢਾ ਦਿਕ
ਕਰ ਦਿਤਾ ਸੀ ਚੇਤ ਸਿੰਘ ਤੇ ਉਸ ਦੇ ਸਿਖ
ਹੇਠ ਪਠਾਣਾਂ ਛੇੜਿਆ ਝਗੜਾ ਅਣਟਿੱਕ ।
ਮੁੰਡਾ 1-
ਏਸੇ ਕਰਕੇ ਸ਼ੇਰ ਸਿੰਘ ਰਲ ਗਿਆ ਸੀ ਨਾਲ
ਮੂਲ ਰਾਜ ਦੇ?
ਬਾਬਾ ਬੋਹੜ-
ਜਾਣਦਾ ਤੂੰ ਸਾਰੇ ਹਾਲ
ਸੋਝੀ ਵਾਲਾ ਜਾਪਦਾ ਤੂੰ ਬੀਬਾ ਬਾਲ,
ਮੂਲ ਰਾਜ ਤੇ ਸ਼ੇਰ ਸਿੰਘ ਪੂਰਾ ਇਕ ਸਾਲ,
ਲੜੇ ਵਿਰੁੱਧ ਅੰਗਰੇਜ਼ ਦੇ ਸੂਰਮਗਤ ਨਾਲ
ਪਰ, ਬੀਬਾ ਸੀ, ਸਮੇਂ ਦੀ ਕੁਝ ਐਸੀ ਚਾਲ,
ਨਾ ਸਕੇ ਉਹ ਦੇਸ ਦੀ ਭਾਵੀਂ ਨੂੰ ਟਾਲ ।
ਮੁੰਡਾ 2-
ਹੋਇਆ ਸੀ ਗ਼ਦਰ ਫਿਰ ਵਿਚ ਉੱਤਰ ਖੰਡ
ਓਸ ਸਮੇਂ ਪੰਜਾਬ ਨੇ ਕਿਉਂ ਦਿਤੀ ਕੰਡ?
ਬਾਬਾ ਬੋਹੜ-
ਇਸ ਵਿਚ ਨਹੀਂ ਬੀਬਿਆ, ਜਨਤਾ ਦਾ ਦੋਸ਼,
ਇਹ ਸਰਦਾਰ ਪੰਜਾਬ ਦੇ ਜਿਨ੍ਹਾਂ ਨੂੰ ਰੋਸ
ਹੈ ਸੀ ਕੁਝ ਅੰਗਰੇਜ਼ ਨਾਲ ਉਸ ਲਏ ਪਲੋਸ ।
ਰਾਣੀ ਸੀ ਨੈਪਾਲ ਵਿਚ, ਸੈਂਕੜਿਆਂ ਕੋਸ,
ਤੇ ਦਲੀਪ ਸਿੰਘ ਬਣ ਗਿਆ ਸੀ ਟੋਪੀ ਪੋਸ਼ ।
ਜਨਤਾ ਵਿਚ ਤਾਂ ਬਹੁਤ ਸੀ ਉਦੋ ਵੀ ਜੋਸ਼,
ਪਰ ਮਰਹੱਟਿਆ ਇੱਧਰ ਦੀ ਨਾ ਕੀਤੀ ਹੋਸ਼ ।
ਮੁੰਡਾ 1-
ਏਦੂੰ ਪਿਛੋਂ ਕਿਸ ਤਰ੍ਹਾਂ ਹੰਢਿਆ ਪੰਜਾਬ,
ਕੀਤੀ ਇਸ ਦੀ ਸਾਮਰਾਜ ਨੇ ਕੈਸੀ ਬਾਬ,
ਇਸ ਦਾ ਵੀ ਤੂੰ ਦੱਸ ਦੇ ਕੋਈ ਲਾ ਹਿਸਾਬ ।
ਬਾਬਾ ਬੋਹੜ-
ਹਾਂ, ਪੈ ਗਿਆ ਪੰਜਾਬ ਸੀ ਸੁਣ ਪੁਠੇ ਰਾਹੀਂ,
ਚੰਗੀ ਲੱਗੀ ਦਾਸਤਾ ਸੀ ਇਸ ਨੂੰ ਫਾਹੀ ।
ਜਰਨੈੱਲਾਂ ਦੇ ਪੁੱਤ ਹੁਣ ਬਣ ਗਏ ਸਿਪਾਹੀ,
ਸਮਝ ਲਿਆ ਚਪੜਾਸ ਨੂੰ ਇਹਨਾਂ ਨੇ ਸ਼ਾਹੀ,
ਆਪਣੇ ਹੱਥੀਂ ਮੂਰਖਾਂ ਆਪਣੀ ਪਤ ਲਾਹੀ ।
ਮੁੰਡਾ 1-
ਨਾਮ ਧਾਰੀਆਂ, ਬਾਬਿਆਂ, ਕੁਝ ਸੂਰਮਗਤ
ਨਹੀਂ ਸੀ ਕੀਤੀ? ਖੋਲ ਕੇ ਕੁਝ ਸਾਨੂੰ ਦੱਸ ।
ਬਾਬਾ ਬੋਹੜ-
ਨਾਮਧਾਰੀਆਂ ਠੀਕ ਸੀ ਕੁਝ ਧੋਣਾ ਧੋਇਆ,
ਪਰ ਉਹਨਾਂ ਨੂੰ ਅਜੇ ਨਹੀਂ ਸੀ ਚਾਨਣ ਹੋਇਆ
ਸਾਮਰਾਜ ਦਾ ਕਿਸ ਤਰ੍ਹਾਂ ਹੈ ਪੁੱਟਣਾ ਟੋਇਆ ।
ਮੁੰਡਾ 3-
ਘੱਟ ਨਹੀਂ ਸੀ ਉਨ੍ਹਾਂ ਦੀ ਤਾਂ ਵੀ ਕੁਰਬਾਨੀ,
ਭਾਵੇਂ ਹੈ ਇਤਿਹਾਸ ਨੇ ਕੁਝ ਘਟ ਬਿਆਨੀ ।
ਬਾਬਾ ਬੋਹੜ-
ਜ਼ੁਲਮ ਉਨ੍ਹਾਂ ਤੇ ਬਹੁਤ ਸੀ ਅੰਗਰੇਜ਼ਾਂ ਢਾਇਆ,
ਤੋਪਾਂ ਅੱਗੇ ਰੱਖ ਕੇ ਸੀ ਗਿਆ ਉਡਾਇਆ,
ਗੁਰੂ ਉਨ੍ਹਾਂ ਦਾ ਪਕੜ ਕੇ ਰੰਗੂਨ ਪਹੁੰਚਾਇਆ ।
ਜਿਸ ਦਾ ਮੁੜ ਕੇ ਸੂਹ ਪਤਾ ਕੁਝ ਨਹੀਂ ਆਇਆ
ਉਹਨਾਂ ਦੀਆਂ ਸ਼ਹੀਦੀਆਂ ਦਾ ਚਾਹੀਏ ਪਾਇਆ
ਮੁੱਲ ਯੋਗ, ਪਰ ਅਜੇ ਨਹੀਂ ਸੀ ਵੇਲਾ ਆਇਆ:
ਸਾਮਰਾਜ ਦਾ ਕਿਸ ਤਰ੍ਹਾਂ ਕੱਟ ਜਾਂਦਾ ਫਾਹਿਆ?
ਮੁੰਡਾ 2-
ਕਿਹੜੇ ਸਾਲਾਂ ਵਿਚ ਸੀ ਇਹ ਹੋਏ ਸਾਕੇ?
ਬਾਬਾ ਦੱਸ, ਹਿਸਾਬ ਤੂੰ ਇਹ ਵੀ ਕੁਝ ਲਾਕੇ ।
ਬਾਬਾ ਬੋਹੜ-
ਸੱਤਰ ਅੱਸੀ ਵਿਚਲੀਆਂ ਇਹ ਹੈਸਣ ਗੱਲਾਂ,
ਆਜ਼ਾਦੀ ਦੇ ਸ਼ਹੁ ਦੀਆਂ ਇਹ ਪਹਿਲੀਆਂ ਛੱਲਾਂ ।
ਮੁੰਡਾ 1-
ਬਾਬਾ, ਹਾਲ ਦਲੀਪ ਦਾ ਕੁਝ ਹੋਰ ਬਿਆਨ
ਕਿਵੇਂ ਖੁਹਾ ਕੇ ਰਾਜ ਉਸ ਕੀਤੀ ਗੁਜ਼ਰਾਨ ।
ਬਾਬਾ ਬੋਹੜ-
ਕਰੁਣਾਮਈ ਦਲੀਪ ਦੀ ਹੈ ਬਹੁਤ ਕਹਾਣੀ
ਡਰਦਾ ਹਾਂ ਮੈਂਤੋਂ ਨਹੀਂ ਉਹ ਦੱਸੀ ਜਾਣੀ ।
ਪਹਿਲੀ ਇਕ ਮੇਰੀ ਗੱਲ ਤੁਸਾਂ ਧਿਆਨੀ?
ਮੁੰਡਾ 3-
ਕਿਹੜੀ ਹੈ ਸੀ ਗੱਲ ਉਹ ਦੱਸ ਫੇਰ ਸੁਣਾ ਕੇ,
ਹੋਰ ਵਧੇਰੇ ਅਰਥ ਤੂੰ ਉਸਦੇ ਵਿਚ ਪਾ ਕੇ ।
ਬਾਬਾ ਬੋਹੜ-
ਕਿਧਰੇ ਵੀ ਕਮਜ਼ੋਰ ਨੂੰ ਨਹੀਂ ਮਿਲਦੀ ਦਾਦ,
ਕਰਦਾ ਫਿਰੇ ਜ਼ਹਾਨ ਵਿਚ ਸਾਰੇ ਫ਼ਰਿਆਦ!
ਸੀ ਦਲੀਪ ਕਮਜ਼ੋਰ ਅਜੇਹਾ ਇਕ ਅਭਾਗ ।
ਕੀਤੀ ਘਿਰਣਾ ਵਤਨ ਨੂੰ ਲਾ ਦਿੱਤਾ ਦਾਗ਼
ਕੁਲ ਆਪਣੀ ਨੂੰ ਸਿਰ ਮੁਨਾ ਪੈ ਗਿਆ ਸੁਆਦ
ਪੱਛਮ ਦੇ ਜੀਵਨ ਦਾ ਖੁੱਲਾ ਅਤੇ ਆਜ਼ਾਦ,
ਜਿਸ ਨੂੰ ਉਸ ਨੇ ਸਮਝਿਆ, ਪਰ ਨਾ ਮੁਰਾਦ
ਸਭ ਕਾਸੇ ਤੋਂ ਰਹਿ ਗਿਆ ਖੁੱਸਾ ਸੀ ਰਾਜ,
ਪਰ ਨਾ ਮਿਲੀ ਅਭਾਗ ਨੂੰ ਕੋਈ ਪਰੀ ਨਯਾਦ
ਉਚੇ ਰਾਜਾ ਬੰਸ ਦੀ ਕਰ, ਵਡ ਉਦਮਾਦ ।