ਦਿਹੁੰ, ਰਾਤੀਂ ਹਾਂ ਅਸੀਂ ਉਸ ਦੇ ਜਾਨ ਨਿਸਾਰ,
ਦੇਈਏ ਉਸ ਦੇ ਬੋਲ ਤੋਂ ਅਸੀਂ ਜਾਨਾਂ ਵਾਰ
ਉਸ ਦਾ ਰਤੀ ਵਿਰੋਧ ਵੀ ਅਸੀਂ ਨਹੀਂ ਸਹਾਰ
ਸਕਦੇ, ਹੋ ਜਾ, ਸੁਹਣਿਆਂ, ਤੂੰ ਖ਼ਬਰਦਾਰ,
ਸਾਥੋਂ, ਉਸ ਨਾਲ ਵਿਗੜ ਕੇ, ਤੂੰ ਕੁਝ ਨਾ ਭਾਲ,
ਮੁੜ ਜਾ ਇੰਗਿਲਸਤਾਨ ਨੂੰ ਤੂੰ ਮਲਿਕਾ ਦੇ ਦੁਆਰ,
ਜਾ ਕੇ ਮੁਆਫ਼ੀ ਮੰਗ ਲੈ ਨਾ ਢਿੱਲ ਗੁਜ਼ਾਰ ।'
ਮੁੰਡਾ 2-
ਸੱਚੀਂ, ਬਾਬਾ, ਆਖਦੇ ਲੋਕੀ, ਸਰਦਾਰ
ਰਾਜੇ ਅਤੇ ਨਵਾਬ ਨਹੀਂ ਕਿਸੇ ਦੇ ਯਾਰ ।
ਬਾਬਾ ਬੋਹੜ-
ਜਾਇਦਾਦ ਦੇ ਨਾਲ ਹੈ ਇਹਨਾਂ ਦੀ ਯਾਰੀ,
ਵਧ ਹੈ ਮਾਤਰ ਭੂਮ ਤੋਂ ਧਨ ਭੂਮਿ ਪਿਆਰੀ,
ਕਰ ਜਾਂਦੇ ਹਨ ਦਸ ਨਾਲ ਇਹ ਝੱਟ ਗ਼ੱਦਾਰੀ,
ਬਚਦੀ ਹੋਵੇ ਇਸ ਤਰ੍ਹਾਂ ਜੇਕਰ ਸਰਦਾਰੀ ।
ਆਜ਼ਾਦੀ ਦੀ ਜੰਗ ਨਾ ਜਨਤਾ ਨੇ ਹਾਰੀ
ਕਿਸੇ ਦੇਸ ਵਿਚ ਕਦੇ ਵੀ, ਲੋਕੀਂ, ਨਰ ਨਾਰੀ,
ਕਰ ਦਿੰਦੇ ਹਨ ਦੇਸ ਤੋਂ ਸਭ ਕੁਝ ਬਲਿਹਾਰੀ,
ਪਰ ਉਹਨਾਂ ਦੀ ਅਣਖ ਦੇ ਇਹ ਹੈਨ ਵਪਾਰੀ,
ਰਾਜੇ ਤੇ ਸਰਦਾਰ, ਵੱਡੇ ਰਾਜ ਅਧਿਕਾਰੀ ।
ਚਿਠੀ ਜਾ ਕੇ ਮਿਲੀ ਜਦ ਉਸ ਨੂੰ ਫਿਟਕਾਰੀ ।
ਵਗ ਗਈ ਉਸ ਦੇ, ਬੀਬਿਓ, ਸੀਨੇ ਵਿਚ ਆਰੀ ।
ਪੈਰਿਸ ਸ਼ਹਿਰ ਫ਼ਰਾਂਸ ਦੇ ਵਿਚ ਤੇਜ਼ ਕਟਾਰੀ,
ਮਾਯੂਸੀ ਦੀ ਕੱਟ ਗਈ ਜਿੰਦ ਉਸ ਦੀ ਸਾਰੀ ।
ਚਿੱਠੀ ਅੰਤਿਮ ਗਿਲੇ ਦੀ ਉਸ ਲਿਖ ਗੁਜ਼ਾਰੀ
ਵਲ ਮਲਕਾ ਵਿਕਟੋਰੀਆ ਹੈ ਧੋਖਾ ਭਾਰੀ
ਹੋਇਆ ਮੇਰੇ ਨਾਲ ਇਹ, ਤੂੰ ਸੁਣ ਹਤਿਆਰੀ ।
ਮੈਂ ਤਾਂ ਕੀਤੀ ਮੌਤ ਦੀ ਦੁਨੀਆਂ ਦੀ ਤਿਆਰੀ,
ਪਰ ਜੇ ਕੋਈ ਸੂਰਮਾ ਪੰਜਾਬ ਮਤਾਰੀ
ਜੰਮੇਗੀ ਤਾਂ ਲੈ ਲਉ ਮੇਰੀ ਵੀ ਵਾਰੀ ।
ਮੁੰਡਾ 1-
ਸੁੱਤਾ ਸਾਡਾ ਦੇਸ ਸੀ ਗ਼ਲਫ਼ਤ ਦੀ ਨੀਂਦੇ,
ਓੜਕ ਪੈਂਦੇ ਜਾਗ ਹਨ, ਪਰ ਇਕ ਦਿਨ ਜੀਂਦੇ ।
ਬਾਬਾ ਬੋਹੜ-
ਇਸ ਤੋਂ ਪੰਝੀ ਸਾਲ ਦੀ ਹੁਣ ਲਾ ਕੇ ਛਾਲ,
ਆ ਜਾ ਵੀਹਵੀਂ ਸਦੀ ਵਿਚ, ਕਈ ਬੀਬੇ ਲਾਲ,
ਭੁਖੇ ਦੇਸ ਪੰਜਾਬ ਦੇ ਸੌ ਜੱਫ਼ਰ ਜਾਲ,
ਅਮਰੀਕਾ ਕੇਨੈਡਾ ਪਹੁੰਚੇ ਮੰਦੇ ਹਾਲ ।
ਪਰ ਜੋ ਉਥੇ ਜਾ ਕੇ ਹੋਈ ਉਹਨਾਂ ਨਾਲ,
ਅੱਗਾ ਪਿੱਛਾ ਉਸ ਨੇ ਦਿੱਤਾ ਸਭ ਦਿਖਾਲ ।