ਪੰਜ ਸਾਲਾਂ ਦੀ ਉਮਰ ਵਿਚ ਕਰਕੇ ਅਰਦਾਸ ।
ਸਮਝੋ ਮੁੜ ਪੈ ਜਾਂਵਦੇ ਹਾਂ ਵਿਚ ਗਰਭਾਸ,
ਉਮਰ ਅਞਾਣੀ ਫਿਕਰ ਇਹ ਹੋ ਜਾਈਏ ਪਾਸ ।
ਮੁੰਡਾ 2-
ਹੁਣ ਨਾ ਸਾਡੇ ਪਿੰਡ ਵਿਚ ਮੁੰਡੇ ਬਲਵਾਨ,
ਕੋਈ ਨਾ ਫੇਰੇ ਮੂੰਗਲੀ, ਨਾ ਮੁਗਦਰ ਚਾਣ ।
ਹੋਵਨ ਵੀ ਜੇ ਦੋ ਚਾਰ, ਤਾਂ ਕੋਈ ਨਾ ਜਾਣ ।
ਦਸਣ ਬੁੱਢੇ, ਅੱਧਖੜ, ਢਲ ਚੁਕੇ ਜਵਾਨ
ਕਿਵੇਂ ਕੌਡੀ ਖੇਡਦੇ ਸਨ ਮੁੰਡੇ ਆਣ,
ਵਿਚ ਅਖਾੜੇ ਸ਼ਾਮ ਨੂੰ, ਲੰਮੀ ਤੇ ਢਾਣ ।
ਰਾਤਾਂ ਹੋਵਣ ਚਾਨਣੀਆਂ ਜੇ ਫਿਰ ਤਾਂ, ਜਾਣ,
ਵਿਚ ਕਬੱਡੀ ਛੋਕਰੇ ਸਭ ਰਾਤ ਲੰਘਾਣ ।
ਕੱਢਣ ਡੰਡ ਤੇ ਬੈਠਕਾਂ, ਪਿੰਡੇ ਮਲਵਾਣ ।
ਲੋਹੇ ਦੇ ਸਨ ਡਾਉਲੇ, ਤੇ ਬੱਜਰ ਰਾਨ ।
ਹੁਣ ਨਹੀਂ ਭਾਲੇ ਲੱਭਦੇ ਪਿੰਡਾਂ ਵਿਚ ਜਵਾਨ ।
ਮੁੰਡਾ 1-
ਸਾਨੂੰ ਵੀ ਇਹ ਸੱਠ ਦਿਨ ਤਦ ਹੁੰਦੀ ਵਿਹਲ,
ਹੁੰਦੀ ਵਿਚ ਸਕੂਲ ਦੇ ਬਰਸਾਤ ਤਾਤੀਲ ।
ਬਾਬਾ ਬੋਹੜ-
ਗੱਲਾਂ ਸਭ ਤੁਹਾਡੀਆਂ ਮੈਂ ਸੁਣੀਆਂ, ਭਾਈ ।
ਠੀਕ ਸ਼ਕਾਇਤ ਤੁਸਾਂ ਦੇ ਬੁਲ੍ਹਾਂ ਤੇ ਆਈ ।
ਸਭ ਨੇ ਏਸ ਜਹਾਨ ਵਿਚ ਹੈ ਤਾਣ ਉਠਾਈ
ਕਿਸੇ ਵੀ ਆਪਣੇ ਲਾਭ ਦੀ ਨਹੀਂ ਗੱਲ ਜਤਾਈ ।
ਸੁਣ ਲਓ ਕਾਕਾ ਧਿਆਨ ਨਾਲ, ਮੇਰੀ ਅਗਵਾਹੀ ।
ਦੁਨੀਆਂ ਵਿਚ ਕਸੂਰ ਹਮੇਸ਼ਾ ਦੂਜੇ ਦਾ ਹੀ ।
ਦੁੱਧ ਘਿਓ ਇਸ ਦੇਸ ਵਿਚ ਬਹੁਤੇਰਾ ਭਾਈ,
ਪੜ੍ਹਨ ਪੜ੍ਹਾਵਨ ਵਿਚ ਹੀ ਤੁਹਾਡੀ ਭਲਿਆਈ ।
ਨਹਿਰਾਂ ਰੇਲਾਂ ਦੇਸ ਦੀ ਕਾਇਆ ਪਲਟਾਈ ।
ਨਹੀਂ ਕਸੂਰ ਅੰਗਰੇਜ਼ ਦਾ ਇਸ ਵਿਚ ਸਾਰਾ ਹੀ,
ਮਰਦਾਂ ਵਾਲੀ ਰੀਤ ਜੇ ਇਸ ਦੇਸ ਭੁਲਾਈ,
ਮੁੰਡਾ 1-
ਦੱਸ ਓਇ ਬਾਬਾ, ਦੱਸ ਤਾਂ ਮਰਦਾਂ ਦੀ ਰੀਤ,
ਤੇਰੀ ਬਾਬਾ, ਅਸਾਂ ਨੂੰ ਪੂਰੀ ਪਰਤੀਤ ।
ਬਾਬਾ ਬੋਹੜ-
ਅੱਛਾ, ਮੈਥੋਂ ਸੁਣ ਲਓ ਜੋ ਦੇਖੀ ਭਾਲੀ,
ਪਹਿਲੋਂ ਸੁਣ ਲਓ ਕਥਾ ਆਪਣੇ ਵੱਡਿਆਂ ਵਾਲੀ
ਆਪੇ ਜਾਓ ਸਮਝ ਤੁਸੀਂ ਕਿਸ ਗੱਲੋਂ ਖਾਲੀ ।
ਮੁੰਡਾ 2-
ਹਾਂ, ਬਈ ਬਾਬਾ, ਸੱਚ ਹੈ ਸਾਡਾ ਇਤਿਹਾਸ
ਠੀਕ ਪਿਆ ਹੈ ਜੋੜਿਆ ਤੇਰੇ ਹੀ ਪਾਸ ।
ਇਸ ਤੋਂ ਆਊ ਸਮਝ ਕਿਵੇਂ ਹੋ ਸਕੇ ਖੁਲਾਸ
ਸਾਡੀ ਸਾਨੂੰ ਘੇਰਿਆ ਹੈ ਦੁਖ ਗਰਭਾਸ ।
ਬਾਬਾ ਬੋਹੜ-
ਮੇਰੀ ਉਮਰ ਜਵਾਨ ਸੀ ਜਿਉਂ ਧੁੱਪ ਕੜਾਕੇ,
ਸਰਸੇ ਤੇ ਸਰਹੰਦ ਦੇ ਜਦ ਹੋਏ ਸਾਕੇ
ਦੱਸਿਆ ਗੁਰੂ ਗੋਬਿੰਦ ਸਿੰਘ ਨੇ ਖੜਗ ਉਠਾ ਕੇ,
ਮਰਦਾਂ ਦੀ ਹੈ ਰੀਤ ਮਾਲ, ਧਨ, ਬੰਸ ਗੁਆ ਕੇ,
ਬੈਠ ਨਹੀਂ ਜਾਂਦੇ ਕਦੀ ਉਹ ਢੇਰੀ ਢਾ ਕੇ ।
ਮੇਰੇ ਪਾਸ ਗੁਰ ਸੂਰਮਾ ਅਟਕਿਆਂ ਸੀ ਆਕੇ,
ਗੁੱਜਰਵਾਲੋਂ ਚੱਲ ਕੇ ਜਾਣਾ ਸੀ ਦਾਖੇ ।
ਪਾਣੀ ਪਿਆਇਆ ਉਸ ਨੂੰ ਮੂੰਹ ਹੱਥ ਧੁਆ ਕੇ,
ਆ ਰਹੇ ਜਟਾਂ ਮਲਵਈ ਸਨ ਚਹੁੰ ਤਰਫ਼ੋਂ ਧਾ ਕੇ,
ਲਸ਼ਕਰ ਉਸ ਨੂੰ ਦੇਣ ਨੂੰ ਇਕ ਨਵਾਂ ਬਣਾ ਕੇ,
ਜੇ ਇਕ ਲਸ਼ਕਰ, ਪਿਤਾ, ਚਾਰ ਪੁੱਤ, ਬੀਬੇ ਕਾਕੇ,
ਆਜ਼ਾਦੀ ਦੀ ਜੰਗ ਵਿਚ ਆਇਆ ਮਰਵਾ ਕੇ ।
ਸੁਣ ਕੇ ਸਦ ਮਾਹੀ ਦੀ ਮੱਝੀਂ ਪੂਛ ਉਠਾ ਕੇ,
ਆਉਣ ਮਾਰ ਦੜੰਗੇ, ਪਾਣੀ ਘਾਹ ਭੁਲਾ ਕੇ ।
ਮੇਰੇ ਹੇਠਾਂ ਲੱਥਾਂ ਸੀ ਉਹ ਸੂਰਾ ਆ ਕੇ ।
ਪਹੁੰਚਾ ਬੀਰ ਸੁਨੇਹੜਾ ਉਹ ਘਰ ਘਰ ਜਾ ਕੇ ।
ਲਲਤੋਂ ਬਦੋਵਾਲ ਦੇ ਇਹ ਜੱਟ ਲੜਾਕੇ,
ਆ ਗਏ ਹਲ ਛਡ ਕੇ ਤੇ ਕੇਸੀਂ ਨ੍ਹਾ ਕੇ ।
ਵੀਹ ਪੰਝੀ ਤੋਂ ਹੋ ਗਏ ਹੁਣ ਕਈ ਦਹਾਕੇ ।
(ਜੱਟ ਦਾ ਮਤਲਬ ਇਸ ਵਾਰ ਵਿਚ ਸਾਰੇ ਕਿਸਾਨ ਨੇ, ਜਿਵੇਂ ਪੰਜਾਬ ਵਿਚ ਰਾਜਪੂਤ, ਜੱਟ, ਅਰਾਈਂ, ਸੈਣੀ, ਗੁਜਰ, ਕੰਬੋ, ਸਭ ਖੇਤੀ ਕਰਨ ਵਾਲੇ ਆਪਣੇ ਆਪ ਨੂੰ ਜੱਟ ਆਖਦੇ ਹਨ)
ਮੁੰਡਾ 1-
ਸਾਡੇ ਪਿਛੋਂ ਵੀ ਕਈ ਗਏ ਉਸ ਦੇ ਨਾਲ,
ਅਸੀਂ ਵੀ ਇਕ ਸ਼ਹੀਦ ਦੀ ਹਾਂ ਬਾਬਾ ਆਲ ।
ਬਾਬਾ ਬੋਹੜ-
ਤੁਹਾਡੇ ਵਡੇ ਵੀ ਕਦੀ ਹੋਏ ਸਨ ਸੂਰੇ,
ਗਏ ਗਰੂ ਦੇ ਕੋਲ ਇਕ ਦੂਜੇ ਦੇ ਮੂਹਰੇ ।
ਕਈ ਛੱਡੇ ਹੋਣਗੇ ਕੋਈ ਕੰਮ ਅਧੂਰੇ ।
ਇਸ ਦੁਨੀਆਂ ਦੇ ਕੰਮ ਕਦੇ ਨਹੀਂ ਹੁੰਦੇ ਪੂਰੇ ।
ਸੂਰੇ ਕਰ ਕੁਰਬਾਨੀਆਂ ਕਦੀ ਵੀ ਨਹੀਂ ਝੂਰੇ ।
ਮੁੰਡਾ 2-
ਬਾਬਾ, ਹੋਰ ਵੀ ਦੱਸ ਤਾਂ ਕੋਈ ਗੱਲ ਗੁਰਾਂ ਦੀ ।
ਤੂੰ ਹੈਾ ਖਰਾਂ ਸਿਆਣਾ ਤੈਨੂੰ ਖ਼ਬਰ ਧੁਰਾ ਦੀ ।
ਸਾਡੀਆਂ ਪੋਥੀਆਂ ਵਿਚ ਤਾਂ ਕੋਈ ਨਹੀਂ ਆਂਦੀ
ਗੱਲ ਇਹੋ ਜਿਹੀ ਜੰਗ ਦੀ, ਸੂਰੇ ਜੱਟਾਂ ਦੀ ।
ਸਾਡੀ ਤਾਂ ਪੁਸਤਕ ਕੇਵਲ ਏਹੋ ਗੱਲ ਸੁਣਾਂਦੀ,
ਇਕ ਰਾਜੇ ਨੇ ਦੂਸਰੇ ਨੂੰ ਕੀਤਾ ਪਾਂਧੀ ।
ਬਾਬਾ ਬੋਹੜ-
ਬਹੁਤ ਨਹੀਂ ਸੀ ਅਟਕਿਆ ਉਹ ਸਤਿਗੁਰ ਸੂਰਾ
ਬੈਠਾ ਦੋ ਤਿੰਨ ਘੜੀ ਵਛਾ ਕੇ ਹੇਠਾਂ ਭੂਰਾ ।
ਮਾਈਆਂ ਆਈਆਂ ਲੈਣ ਨੂੰ ਚਰਨਾਂ ਦਾ ਧੂੜਾ ।
ਉਸ ਨੇ ਕਿਹਾ ਲਲਕਾਰ ਕੇ ਉਹ ਆਗੂ ਕੂੜਾ,
ਜਿਸ ਦਾ ਸਿਖ ਸਵੈਮਾਨ ਵਿਚ ਰਹਿ ਜਾਏ ਅਧੂਰਾ ।
ਨਹੀਂ ਘੁਟਾਏ ਚਰਨ ਓਸ ਉਹ ਸਤਿਗੁਰ ਪੂਰਾ ।
ਮੁੰਡਾ 3-
ਕਿਧਰ ਨੂੰ ਗਿਆ ਸਤਿਗੁਰੂ ਦੱਸ ਬਾਬਾ ਫੇਰ ।
ਇਸ ਕਥਾ ਨੂੰ ਸੁਣਦਿਆਂ ਜੋਸ਼ ਆਵੇ ਢੇਰ ।
ਕਿਵੇਂ ਲੜੇ ਸਨ ਮੁਗਲ ਨਾਲ ਪੰਜਾਬੀ ਸ਼ੇਰ!
ਬਾਬਾ ਬੋਹੜ-
ਮੈਂ ਨਹੀਂ ਉਸ ਦੇ, ਬੀਬਿਓ, ਗਿਆ ਪਿਛੇ ਚੱਲ ।
ਏਥੋਂ ਉਹ ਸਿਧਾਰਿਆ ਸੀ ਦਾਖੇ ਵੱਲ ।
ਓਥੋਂ ਲੈ ਕੇ ਸਿੰਘ ਹੋਰ, ਸੇਖੋਂ ਤੇ ਬੱਲ,
ਵੱਧ ਗਿਆ ਜੰਗਲ ਵਲ ਜਿਉਂ ਦਰਿਆ ਦੀ ਝੱਲ ।
ਕਿਸੇ ਨਾ ਪਾਈ ਉਸ ਨੂੰ ਆ ਅੱਗੋਂ ਠੱਲ,
ਵਿਚ ਬਰਾੜਾਂ ਜਾ ਰਿਹਾ, ਜੋਧੇ ਪਰਬਲ ।
ਖਿਦਰਾਣੇ ਤੇ ਆ ਮਿਲੇ ਉਹ ਸਿੰਘ ਮਝਿਆਲ,
ਜਿਨ੍ਹਾਂ ਆਨੰਦਪੁਰ ਖੋਈ ਸੀ ਭੱਲ ।
ਪਰ ਕੀ ਵਧਾਣੀ, ਕਾਕਾ, ਨਾ ਜੋ ਦੇਖੀ ਗੱਲ ।
ਮੁੰਡਾ 4-
ਸੱਚੀ ਹੁੰਦੀ ਗੱਲ ਵੀ ਹੈ ਸੁਣੀ ਸੁਣਾਈ,
ਤੇਰੇ ਵਰਗੇ ਸਿਆਣਿਆਂ ਦੀ ਕੰਨੀ ਪਾਈ ।
ਜਚ ਜਾਂਦੀ ਹੈ ਗੱਲ ਵਿਚ ਜੇ ਹੋਇੰ ਸਚਾਈ ।
ਬਾਬਾ ਬੋਹੜ-
ਜਿਥੋਂ ਤਾਈਂ ਦੇਖੀ ਓਥੇ ਗੱਲ ਮੁਕਾਈ,
ਸੋਚੀ ਤੇ ਵਿਚਾਰੀ ਮੇਰੀ ਸਮਝ ਜੋ ਆਈ ।
ਝਗੜੇ ਛੱਡ ਕੇ ਮਜ਼ਹਬੀ ਜੇ ਦੇਖੋ ਭਾਈ,
ਰਾਜਿਆਂ ਤੇ ਰਿਸਾਨਾਂ ਦੀ ਸੀ ਇਚ ਲੜਾਈ ।
ਮੁੰਡਾ 1-
ਏਦੂੰ ਪਿਛਲੀ, ਬਾਬਿਆ, ਕੋਈ ਹੋਰ ਸੁਣਾ ।
ਤੂੰ ਤਾਂ ਦੇਖੇ ਬਹੁਤ ਹਨ ਉਤਰਾਅ ਚੜ੍ਹਾ ।
ਸਾਡਾ ਜ਼ਿਲ੍ਹਾ ਹੈ ਮੁੱਢ ਤੋਂ ਫ਼ੌਜ਼ਾਂ ਦਾ ਰਾਹ,
ਜਾਵਣ ਜਦੋਂ ਲਾਹੌਰ ਤੋਂ ਦਿੱਲੀ ਨੂੰ ਧਾ,
ਆਉਂਦੀ ਸਾਡੇ ਨੱਗਰਾਂ ਤੇ ਤਦੋਂ ਬਲਾ ।
ਹੁਣ ਜੇ ਹੋਵੇ ਇਸ ਤਰ੍ਹਾਂ ਜਾਈਏ ਘਬਰਾ ।
ਮੱਝਾਂ ਜਿਹਾ ਵੱਡਿਆਂ ਦਾ ਹੈ ਸੀ ਜਿਗਰਾ ।
ਬਾਬਾ ਬੋਹੜ-
ਠੀਕ ਹੈ, ਭਾਈ, ਠੀਕ ਹੈ, ਬਹੁ ਘਲੂਘਾਰੇ
ਏਸ ਦੇਸ ਵਿਚ ਹੋਏ ਹਨ, ਇਸ ਦੇਸ ਸਹਾਰੇ ।
ਜਿਤ ਆਸਣ ਹਮ ਬੈਠੇ, ਕਈ ਬੈਠ ਪਧਾਰੇ ।
ਕਹਿੰਦੇ ਪਹਿਲਾ ਆਰੀਆ ਸਤਲੁਜ ਕਿਨਾਰੇ ।
ਆ ਟਿਕੇ ਸਨ ਚੈਨ ਦੇ ਕੁਝ ਦਿਵਸ ਗੁਜਾਰੇ ।
ਏਸ ਦੇਸ ਵਿਚ ਬ੍ਰਹਮਰਿਸ਼ੀਆਂ ਨੇ ਵੇਦ ਉਚਾਰੇ ।
ਕਹਿੰਦੇ ਹਨ ਅਸਕੰਦਰ ਜਿਸ ਨੇ ਰਾਜੇ ਸਾਰੇ,
ਦੇਸ ਅਤੇ ਪਰਦੇਸ ਦੇ ਸਨ, ਮਾਰ ਬਿਡਾਰੇ,
ਉਸ ਦੀ ਫੌਜ ਦੀ ਹੌਸਲੇ ਇਥੇ ਆ ਹਾਰ ।
ਮੇਰੀਆਂ ਅੱਖਾਂ ਡਿਠੇ ਹੋਏ ਪਰ ਜੋ ਕਾਰੇ,
ਉਹੀ ਸੁਣਾਵਾਂ ਤੁਸਾਂ ਨੂੰ ਜੋ ਆਪ ਨਿਹਾਰੇ ।
ਮੁੰਡਾ 1-
ਹਾਂ, ਬਾਬਾ ਓਹੋ ਹੀ ਅਸੀਂ ਵੀ ਸੁਣਨੇ ਚਾਂਹਦੇ
ਹਾਲ ਜੋ ਤੇਰੇ ਸਾਹਮਣੇ ਬੀਤੇ ਵੱਡਿਆਂ ਦੇ ।
ਕਿਵੇਂ ਸਾਡੇ ਪਿਤਰ ਸਨ ਰਣ ਭੂਮ 'ਚ ਜਾਂਦੇ,
ਮਰਦੇ ਦਸ ਦਸ ਮਾਰ ਖਾ ਕੇ, ਹੱਸ ਹੱਸ ਘਾਉ ਖਾਂਦੇ,
ਵੈਰੀ ਵੀ ਮੰਨ ਜਾਂਵਦੇ ਉਹ ਹੱਥ ਦਿਖਾਂਦੇ ।
ਦੱਸ ਸਾਨੂੰ ਹਾਲ ਕੁਝ ਹੋਰ ਸੂਰਮਿਆਂ ਦੇ ।
ਬਾਬਾ ਬੋਹੜ-
ਏਦੂੰ ਬਾਦ ਹੁਣ ਬਾਜ ਸਿੰਘ ਦੀ ਸੁਣੋ ਕਹਾਣੀ ।
ਅੰਮਿ੍ਤਸਰ ਦੇ ਜਿਲ੍ਹੇ 'ਚ ਨਗਰੀ ਬਹੁਤ ਪੁਰਾਣੀ,
ਆਖਣ ਪੱਟੀ ਮੀਰਾਪੁਰ, ਬੱਲਾਂ ਦੀ ਖਾਣੀ ।
ਜਣਿਆਂ ਜਿਸ ਨੇ ਸੂਰਮਾ ਉਹ ਧੰਨ ਸਵਾਣੀ ।
ਪਹਿਲਾ ਜੱਟ ਪੰਜਾਬੀ ਜਿਸ ਨੇ ਸ਼ਾਹੀ ਮਾਣੀ ।
ਉਮਰ ਸਤਾਈ ਸਾਲ ਦੀ ਉਹ ਸਿਖਰ ਜਵਾਨੀ,
ਪਿੰਡੋਂ ਲੈ ਕੇ ਟੁਰ ਪਿਆ ਵੀਰਾਂ ਦੀ ਢਾਣੀ,
ਸ਼ਾਹੀ ਆਲਮਗੀਰ ਦੀ ਉਲਟਣ ਦੀ ਠਾਣੀ ।
ਬੱਚੇ ਗੋਬਿੰਦ ਸਿੰਘ ਦੇ ਜੋ ਉਮਰ ਅਞਾਣੀ,
ਚਿਣੇ ਗਏ ਦੀਵਾਰ ਵਿਚ ਰੱਖ ਸਿਦਕ ਰੁਹਾਨੀ ।
ਬਦਲਾ ਲੈਣਾ, ਕਰ ਦੇਣੀ ਸਰਹਿੰਦ ਨਿਮਾਨੀ ।
ਮੁੰਡਾ 2-
ਸਾਡੇ ਪਿੰਡ ਪਮਾਲ ਦੀ ਓਹੋ ਹੀ ਆਣ,
ਬਾਜ ਸਿੰਘ ਦੀ ਜੋ ਸੀ, ਸਭ ਬੱਲ ਸਦਾਣ ।
ਦੱਸਣ ਸਾਡੇ ਪਿੰਡ ਦੇ ਸਿਆਣੇ ਗੁਣਵਾਨ,
ਕਿਵੇਂ ਬਾਜ ਸਿੰਘ ਸੂਰਮਾ ਲੱਥਾਂ ਸੀ ਆਨ
ਸਾਡੇ ਵੱਡੇ ਖੂਹ 'ਤੇ ਕੋਈ ਦੋ ਸੌ ਜਵਾਨ
ਨਾਲ ਆਇਆ ਸੀ ਮਾਝਿਉਂ, ਜੋਧਾ ਬਲਵਾਨ ।
ਬਾਬਾ ਬੋਹੜ-
ਖੂਹ ਤੁਹਾਡੇ ਤੋਂ ਉਠ ਕੇ ਉਸ ਡੇਰਾ ਲਾਇਆ
ਆ ਕੇ ਮੇਰੀ ਛਾਉਂ ਹੇਠ, ਮੈਨੂੰ ਵਡਿਆਇਆ ।
ਇਹਨਾਂ ਵੀਹਾਂ ਪਿੰਡਾਂ ਵਿਚ ਹੋਕਾ ਫਿਰਵਾਇਆ,
ਆਓ ਜਿਸ ਨੇ ਚੱਲਣਾ, ਹੈ ਗੁਰਾਂ ਬੁਲਾਇਆ,
ਦੱਖਣ ਵਿਚੋਂ ਚਲ ਕੇ ਇਕ ਸੂਰਾ ਆਇਆ
ਸਤਿਗੁਰੂ ਦਾ ਭੇਜਿਆ, ਦੇ ਵਰ ਵਰਸਾਇਆ ।