ਓਧਰ ਓਧਰ ਕਰਾਂ ਸਲਾਮਾਂ ਦਿਲ ਦੀ ਦੁਨੀਆਂ ਕਹਿੰਦੀ ਏ,
ਜਿੱਧਰ ਜਿੱਧਰ ਜਾਂਦੇ ਮੇਰੇ ਬਾਕਿਰਦਾਰ ਪੰਜਾਬੀ ਨੇ ।
ਕੰਡ ਕਦੇ ਨਾ ਲੱਗੇ ਰੱਬਾ ਵਿੱਚ ਮੈਦਾਨੇ ਉਹਨਾਂ ਦੀ,
ਜਿਹੜੇ ਆਪਣੀ ਮਾਂ ਬੋਲੀ ਦੇ ਖ਼ਿਦਮਤਗਾਰ ਪੰਜਾਬੀ ਨੇ ।
ਖ਼ਵਾਜਾ 'ਫ਼ਰੀਦ', ਮੁਹੰਮਦ, ਵਾਰਸ, ਨਾਨਕ, ਬੁੱਲ੍ਹਾ, ਬਾਹੂ, ਲਾਲ,
ਇਹ ਪੰਜਾਬੀ ਉੱਚੇ ਸੁੱਚੇ, ਇਹ ਸਰਦਾਰ ਪੰਜਾਬੀ ਨੇ ।
ਆਪਣੀ ਬੋਲੀ ਬੋਲਣ ਵੇਲ਼ੇ ਜਿਹਨਾਂ ਦਾ ਸਾਹ ਘੁੱਟਦਾ ਏ,
'ਬਾਬਾ ਨਜਮੀ' ਦੇ ਦੇ ਫ਼ਤਵਾ, ਉਹ ਗ਼ੱਦਾਰ ਪੰਜਾਬੀ ਨੇ ।
3. ਅੱਗ ਵੀ ਹਿੰਮਤੋਂ ਬਹੁਤੀ ਦਿੱਤੀ
ਅੱਗ ਵੀ ਹਿੰਮਤੋਂ ਬਹੁਤੀ ਦਿੱਤੀ, ਫਿਰ ਵੀ ਭਾਂਡੇ ਪਿੱਲੇ ਰਹੇ ।
ਭਾਂਬੜ ਜਹੀਆਂ ਧੁੱਪਾਂ ਵਿੱਚ ਵੀ, ਮੇਰੇ ਲੀੜੇ ਗਿੱਲੇ ਰਹੇ ।
ਦੋਸ਼ ਦਿਉ ਨਾ ਝੱਖੜਾਂ ਉੱਤੇ, ਸਿਰ ਤੋਂ ਉੱਡੇ ਤੰਬੂਆਂ ਦਾ,
ਕਿੱਲੇ ਠੀਕ ਨਈਂ ਠੋਕੇ ਖੌਰੇ, ਸਾਥੋਂ ਰੱਸੇ ਢਿੱਲੇ ਰਹੇ ।
ਏਧਰ ਗੱਭਰੂ ਲਾਸ਼ਾਂ ਡਿੱਗੀਆਂ, ਸੀਨੇ ਪਾਟੇ ਮਾਵਾਂ ਦੇ,
ਓਧਰ ਠੀਕ ਨਿਸ਼ਾਨੇ ਬਦਲੇ, ਲੱਗਦੇ ਤਗ਼ਮੇਂ ਬਿੱਲੇ ਰਹੇ ।
ਮੈਂ ਵੀ ਧੀ ਸੀ ਡੋਲੇ ਪਾਉਣੀ, ਸੂਹਾ ਜੋੜਾ ਲੈਣ ਗਿਆ,
ਵੇਖ ਕੇ ਮੇਰੀ ਹਾਲਤ ਵੱਲੇ, ਹੱਸਦੇ ਗੋਟੇ ਤਿੱਲੇ ਰਹੇ ।
ਰਸਤਾ, ਪੈਂਡਾ, ਵੇਲਾ ਇੱਕੋ, ਮੰਜਿਲ ਉੱਤੇ ਅਪੜਨ ਦਾ,
ਪਿੱਟਣਗੇ ਤਕਦੀਰਾਂ ਬਹਿ ਕੇ, ਜ਼ਰਾ ਵੀ ਜਿਹੜੇ ਢਿੱਲੇ ਰਹੇ ।
ਇੱਕ ਦਿਹਾੜੇ ਬੱਦਲ ਵੱਸਿਆ, ਜਸ਼ਨ ਮਨਾਇਆ ਚੌਧਰੀਆਂ,
ਝੁੱਗੀਆਂ ਦੇ ਫਿਰ ਕਈ ਦਿਹਾੜੇ, ਬਾਲਣ ਚੁੱਲ੍ਹੇ ਸਿੱਲ੍ਹੇ ਰਹੇ ।
ਸਾਡਾ ਹਾਲ ਵੀ ਪੁੱਛਣ ਜੋਗੀ, ਉਹਨਾਂ ਪੱਲੇ ਫੁਰਸਤ ਨਹੀਂ,
ਜਿੰਨ੍ਹਾਂ ਦੀ ਤੰਗ ਦਸਤੀ ਦੇ ਲਈ, 'ਬਾਬਾ' ਕੱਟਦੇ ਛਿਲੇ ਰਹੇ ।