ਇਕ ਵੇਰ ਰੇਲਵੇ ਲਾਈਨ ਦੇ ਨਾਲ ਲਗਦੀ ਥਾਂ ਵਿਚ ਬੱਕਰੀਆਂ ਚਾਰਦਿਆਂ ਬੂਟਾ ਟਾਹਲੀ ਦੀ ਛਾਵੇਂ ਸੌ ਗਿਆ । ਉਸਦੀਆਂ ਚਾਰ ਬੱਕਰੀਆਂ ਔਜਲਿਆਂ ਵਾਲੇ ਜਗੀਰੇ ਦੀ ਫ਼ਸਲੇ ਜਾ ਪਈਆਂ। ਜਗੀਰੇ ਨੇ ਚਹੁੰਆਂ ਦੇ ਗਲ ਰੱਸਾ ਪਾ ਲਿਆ ਅਤੇ ਆਪਣੇ ਪਿੰਡ ਨੂੰ ਲੈ ਤੁਰਿਆ। ਜਦੋਂ ਬਾਕੀ ਬੱਕਰੀਆਂ ਨੇ ਵੇਖਿਆ ਕਿ ਉਨ੍ਹਾਂ ਦੀਆਂ ਸਾਥਣਾਂ ਨੂੰ ਕੋਈ ਓਪਰਾ ਆਦਮੀ ਲਈ ਜਾ ਰਿਹਾ ਹੈ ਤਾਂ ਉਹ ਵੀ ਜਗੀਰੇ ਦੇ ਪਿੱਛੇ ਹੋ ਤੁਰੀਆਂ। ਉਸਨੇ ਉਨ੍ਹਾਂ ਨੂੰ ਪਿੱਛੇ ਮੋੜਨ ਦਾ ਬਥੇਰਾ ਜਤਨ ਕੀਤਾ ਪਰ ਉਹ ਨਾ ਮੁੜੀਆਂ। ਉਹ ਜਿਧਰ ਨੂੰ ਜਾਵੇ, ਸਾਰਾ ਇੱਜੜ ਉਸਦੇ ਪਿੱਛੇ ਹੋ ਤੁਰੇ। ਜੇ ਉਹ ਪਿੰਡ ਵੱਲ ਨੂੰ ਮੁੜੇ ਤਾਂ ਸਾਰੀਆਂ ਬੱਕਰੀਆਂ, ਫ਼ਸਲਾਂ ਦੇ ਵਿਚਦੀ, ਉਸਦੇ ਪਿੱਛੇ ਹੋ ਤੁਰਨ। ਏਨੀਆਂ ਬੱਕਰੀਆਂ ਨੂੰ ਕਾਬੂ ਕਰਨਾ ਉਸ ਲਈ ਔਖਾ ਹੋ ਗਿਆ। ਉਸਨੂੰ ਫ਼ਿਕਰ ਪੈ ਗਿਆ ਕਿ ਲੋਕਾਂ ਦੀਆਂ ਫ਼ਸਲਾਂ ਉਜਾੜਨ ਦੀ ਸਾਰੀ ਜ਼ਿੰਮੇਦਾਰੀ ਉਸ ਉੱਤੇ ਆ ਪੈਣੀ ਹੈ। ਉਹ ਬੂਟੇ ਦੀਆਂ ਬੱਕਰੀਆਂ ਨੂੰ ਲੈ ਕੇ ਮੁੜ ਬੂਟੇ ਕੋਲ ਆ ਗਿਆ ਅਤੇ ਆਖਿਆ, “ਉੱਠ ਭਰਾਵਾ, ਇਨ੍ਹਾਂ ਬੱਕਰੀਆਂ ਤੋਂ ਮੇਰਾ ਪਿੱਛਾ ਛੜਾ।"
ਇਕ ਸਾਲ ਦੀ ਮਿਹਨਤ ਨਾਲ ਰੂੜੇ ਨੇ ਆਪਣੇ ਭਰਾ ਦੀਆਂ ਬੱਕਰੀਆਂ ਨਾਲ ਵਾਪਰੀ ਇਸ ਘਟਨਾ ਨੂੰ ਭੰਗੜੇ ਵਿਚ ਢਾਲ ਲਿਆ। ਮਿਹਨਤ ਦੇ ਨਾਲ ਨਾਲ ਉਸਨੂੰ ਖ਼ਰਚ ਵੀ ਕਰਨਾ ਪਿਆ, ਜਿਸ ਵਿਚ ਉਸਦੇ ਸ਼ਾਗਿਰਦਾਂ ਨੇ ਉਸਦੀ ਬਹੁਤ ਸਹਾਇਤਾ ਕੀਤੀ। ਨਤੀਜਾ ਇਹ ਹੋਇਆ ਕਿ ਤਾਲਬਪੁਰ ਪੰਡੋਰੀ ਦੀ ਵਿਸਾਖੀ ਉੱਤੇ ਰੁੜੇ ਦੇ ਭੰਗੜੇ ਦੀਆਂ ਧੁੰਮਾਂ ਪੈ ਗਈਆਂ। ਸਾਰਾ ਮੇਲਾ ਰੂੜੇ ਦੇ ਭੰਗੜੇ ਵੱਲ ਟੁੱਟ ਕੇ ਪੈ ਗਿਆ। ਮਿਸਤਰੀਆਂ ਦੇ ਜੀਤੇ ਨੇ ਬੱਕਰੀਆਂ ਦੀ ਇਸ ਕਹਾਣੀ ਨੂੰ ਹਾਸ-ਰਸੀ ਕਵਿਤਾ ਦਾ ਰੂਪ ਦੇ ਲਿਆ ਸੀ। ਜਦੋਂ ਭੰਗੜੇ ਦੀ ਸਾਰੀ ਟੋਲੀ ਜਗੀਰੇ ਅਤੇ ਬੱਕਰੀਆਂ ਦੀ ਨਕਲ ਕਰਦੀ ਸੀ, ਜੀਤਾ ਆਪਣੀ ਕਵਿਤਾ ਪੜ੍ਹ ਕੇ ਇਸ ਖੇਡ ਨੂੰ, ਅਨਜਾਣੇ ਹੀ, ਪੰਜਾਬੀ ਕੱਥਕ ਦਾ ਰੂਪ ਦੇਈ ਜਾਂਦਾ ਸੀ।
ਡਿਪਟੀ ਕਮਿਸ਼ਨਰ ਨੇ ਥਾਪੀ ਵੀ ਦਿੱਤੀ, ਰੁੜੇ ਵਿਚਲਾ ਕਲਾਕਾਰ ਸੁੰਦਰਤਾ ਦੀ ਸੇਧ ਵਿਚ ਸਰਪੱਟ ਦੌੜ ਪਿਆ। ਉਸਨੇ ਵਾਹੀ, ਬਿਜਾਈ, ਗੋਝੀ ਅਤੇ ਗਹਾਈ-ਉਡਾਈ ਦੀਆਂ ਕਿਰਿਆਵਾਂ ਨੂੰ ਭੰਗੜੇ ਦੀ ਬੋਲੀ ਪੜ੍ਹਾ ਦਿੱਤੀ। ਵਾਗਾਂ, ਜੰਵਾਂ ਅਤੇ ਲਾਵਾਂ ਨੂੰ ਨੱਚਣਾ ਸਿਖਾ ਦਿੱਤਾ। ਰੁੜੇ ਕੋਲੋਂ ਪ੍ਰੇਰਣਾ ਪਾ ਕੇ ਜੀਤਾ ਕਵੀ ਬਣ ਗਿਆ। ਕਲਾਕਾਰ ਹੋਣ ਦੇ ਨਾਲ ਨਾਲ ਰੂੜਾ ਸਦਾਚਾਰੀ ਵੀ ਸੀ । ਉਸਦਾ ਮਜ਼ਹਬ ਉਸਨੂੰ ਸ਼ਰਾਬ ਪੀਣ ਰੋਕਦਾ ਸੀ ਅਤੇ ਸਿੱਖਾਂ ਦੇ ਪਿੰਡ ਵਿਚ ਹਲਾਲ ਗੋਸ਼ਤ ਉਪਲਬਧ ਨਹੀਂ ਸੀ । ਜੁਆਨੀ ਵਿਚ ਸਰੀਰਕ ਸ਼ਕਤੀ ਵਧਾਉਣ ਦੀ ਲਗਨ ਨੇ ਅਤੇ ਅੱਧਖੜ ਉਮਰ ਵਿਚ ਕਲਾਤਮਕ ਸੁੰਦਰਤਾ ਦੀ ਉਪਾਸਨਾ ਨੇ ਉਸਦੇ ਮਨ ਨੂੰ ਹਰ ਬੁਰਾਈ ਵੱਲੋਂ ਹੋੜੀ ਰੱਖਿਆ। ਉਹ ਪਿੰਡ ਦੇ ਮੁੰਡਿਆਂ ਨੂੰ ਸ਼ਰਾਬ ਨਹੀਂ ਸੀ ਪੀਣ ਦਿੰਦਾ; ਪੂਰਾ ਪਹਿਰਾ ਦਿੰਦਾ ਸੀ ਉਨ੍ਹਾਂ ਦੇ ਮਨਾਂ ਉੱਤੇ। ਪਿੰਡ ਦੇ ਲੋਕ ਰੂੜੇ ਦੇ ਰਿਣੀ ਸਨ। ਰੂੜੇ ਨੂੰ ਪਿਆਰ ਅਤੇ ਸਤਿਕਾਰ ਦੇ ਕੇ ਉਹ ਆਪਣਾ ਰਿਣ ਚੁਕਤਾ ਕਰਨ ਦੀ ਚਿੰਤਾ ਕਰਦੇ ਰਹਿੰਦੇ ਸਨ। ਵਿਸਾਖੀ ਦੇ ਮੇਲੇ ਤੋਂ ਮਹੀਨਾ ਕੁ ਮਗਰੋਂ ਡਿਪਟੀ ਕਮਿਸ਼ਨਰ ਨੇ ਪਿੰਡ ਦੇ ਨੰਬਰਦਾਰ ਨੂੰ ਕਚਹਿਰੀ ਸੱਦ ਕੇ ਆਖਿਆ ਕਿ ਉਹ ਇਸ ਸਾਲ ਦੁਸਹਿਰੇ ਉੱਤੇ ਰੂੜੇ ਦੀ ਟੀਮ ਦਾ ਭੰਗੜਾ ਪੁਆਉਣਾ ਚਾਹੁੰਦਾ ਹੈ। ਨਿਰਾ ਨੰਬਰਦਾਰ ਹੀ ਨਹੀਂ, ਸਾਰਾ ਪਿੰਡ ਧਰਤੀਓਂ ਗਿੱਠ ਉੱਚਾ ਹੋ ਗਿਆ। ਰੂੜੇ ਦੀ ਟੀਮ ਨੇ ਰਾਮ ਦੀ ਅਯੁੱਧਿਆ ਤੋਂ ਬਨਬਾਸ ਲਈ ਵਿਦਾ ਹੋਣ ਦੀ ਘਟਨਾ ਨੂੰ ਭੰਗੜੇ ਦੇ ਰੂਪ ਵਿਚ ਨੱਚ ਕੇ ਵਿਖਾਇਆ। ਜੀਤੇ ਦੀ ਕਵਿਤਾ ਨੇ ਅਯੁੱਧਿਆ ਦੇ ਲੋਕਾਂ ਦੇ ਦੁਖ ਨੂੰ ਕਵਿਤਾ ਵਿਚ ਗਾ ਕੇ ਕਰੁਣਾ ਦਾ ਰਸ ਬੰਨ੍ਹ ਦਿੱਤਾ। ਲੋਕਾਂ ਨੇ ਡਿਪਟੀ ਕਮਿਸ਼ਨਰ ਨੂੰ ਰੁਮਾਲ ਨਾਲ ਅੱਖਾਂ ਪੂੰਝਦਿਆਂ ਵੇਖਿਆ। ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਕੰਮ ਕਰਨ ਵਾਲੀ ਦੁਸਹਿਰਾ ਕਮੇਟੀ ਵੱਲੋਂ ਰੂੜੇ ਨੂੰ, ਇਲਾਕੇ ਦੇ ਪਤਵੰਤੇ ਸਰਦਾਰ ਸੂਰਤ ਸਿੰਘ ਹੱਥੀਂ ਇਕ ਪੱਗ ਅਤੇ ਇਕ ਸੋ ਇਕ ਰੁਪਿਆ ਭੇਟਾ ਕੀਰਾ ਗਿਆ।
ਉਹ ਡਿਪਟੀ ਕਮਿਸ਼ਨਰ ਸਾਧਾਰਣ ਅੰਗਰੇਜ਼ ਨਹੀਂ ਸੀ। ਉਹ ਉਨ੍ਹਾਂ ਅੰਗਰੇਜ਼ਾਂ ਵਿਚੋਂ ਸੀ, ਜਿਨ੍ਹਾਂ ਨੂੰ ਭਾਰਤੀ ਕਲਾ ਅਤੇ ਕਲਚਰ ਨਾਲ ਉਚੇਚਾ ਲਗਾਉ ਸੀ। ਰੂੜੇ ਨੂੰ ਸਰੋਪਾ ਦਿੱਤੇ ਜਾਣ ਸਮੇਂ ਉਸਨੇ ਪੰਜਾਬੀ ਬੋਲੀ ਵਿਚ ਨਿੱਕਾ ਜਿਹਾ ਭਾਸ਼ਣ ਦਿੰਦਿਆਂ
ਰੂੜੇ ਦੀ ਪ੍ਰਸੰਨਤਾ ਦੀ ਹੱਦ ਨਾ ਰਹੀ। ਜੀਵਨ ਵਿਚ ਪਹਿਲੀ ਵੇਰ ਉਹ ਆਪੇ ਤੋਂ ਬਾਹਰ ਹੋਇਆ। ਸ਼ਹਿਰੋਂ ਪਿੰਡ ਨੂੰ ਆਉਂਦਿਆਂ ਜਦੋਂ ਠੇਕੇ ਦੇ ਸਾਹਮਣਿਉਂ ਲੰਘਣ ਲੱਗੇ ਤਾਂ ਰੂੜੇ ਨੇ ਆਪਣੀ ਜੇਬ ਵਿਚੋਂ ਵੀਹ ਰੁਪਏ ਕੱਢ ਕੇ ਜੀਤੇ ਨੂੰ ਦਿੰਦਿਆਂ ਆਖਿਆ, "ਜਾਹ ਫੜ ਲਿਆ ਚਾਰ ਬੋਤਲਾਂ। ਅੱਜ ਤੁਹਾਨੂੰ ਖੁੱਲ੍ਹੀ ਛੁਟੀ ਆ ਮੌਜ ਕਰੋ; ਪਰ ਖਰੂਦ ਨਾ ਕਰਿਓ।"
ਠੇਕੇ ਵੱਲ ਜਾਣ ਦੀ ਥਾਂ ਜੀਤਾ ਲੱਭੂ ਰਾਮ ਹਲਵਾਈ ਦੀ ਹੱਟੀ ਵੱਲ ਚਲਾ ਗਿਆ ਅਤੇ ਦਸ ਸੇਰ ਲੱਡੂ ਲਿਆ ਕੇ ਰੁੜੇ ਦੇ ਸਾਹਮਣੇ ਰੱਖ ਦਿੱਤੇ। ਰੂੜੇ ਨੇ ਪੁੱਛਿਆ, "ਇਹ ਕੀ ?" ਟੀਮ ਦੇ ਮੁੰਡਿਆਂ ਨੇ ਆਖਿਆ, "ਭਲਵਾਨ ਜੀ, ਸਾਡੇ ਲਈ ਤੁਹਾਡੀ ਖੁਸ਼ੀ ਦਾ ਨਸ਼ਾ ਈ ਬਹੁਤ ਆ। ਅਸਾਂ ਸ਼ਰਾਬ ਨਹੀਂ ਪੀਣੀ।" ਰੂੜੇ ਨੇ ਇਕ ਇਕ ਨੂੰ ਗਲ ਲਾਇਆ ਅਤੇ ਆਖਿਆ, "ਬਾਬੇ, ਰੱਬ ਦਿਉ ਬੰਦਿਓ; ਅੱਜ ਤੁਸਾਂ ਰੂੜੇ ਦੀ ਪੱਤ ਰੱਖ ਲਈ। ਆਹ ਲਓ ਪੈਸੇ; ਹੋਰ ਲੱਡੂ ਲਿਆਉ: ਸਾਰੇ ਪਿੰਡ ਵਿਚ ਵੰਡਾਂਗੇ, ਮਜ਼ਾ ਆ ਜੁ ਦੁਸਹਿਰੇ ਦਾ ”
ਘਰ ਆ ਕੇ ਰੁੜੇ ਨੇ ਪੱਗ ਅਤੇ ਇਕ ਸੌ ਇਕ ਰੁਪਏ ਆਪਣੇ ਭਰਾ ਅਤੇ ਕਰਜਾਈ ਦੇ ਪੈਰਾਂ ਉੱਤੇ ਰੱਖ ਕੇ ਸਿਰ ਝੁਕਾਇਆ ਤਾਂ ਹਸਨ ਬੀਬੀ ਨੇ ਉਸਨੂੰ ਗਲਵਕੜੀ ਵਿਚ ਲੈ ਕੇ ਆਖਿਆ, "ਵੇ ਰੁੜਿਆ, ਕੀ ਪਿਆ ਕਰਨਾਂ ਕਰਮਾਂ ਵਾਲਿਆ ? ਤੂੰ ਤੇ ਕੋਈ ਅੱਲਾ ਲੋਕ ਏਂ। ਸਾਨੂੰ ਸਿਜਦਾ ਕਰ ਕੇ ਗੁਨਾਹਗਾਰ ਨਾ ਬਣਾ।"
ਅਗਲੇ ਦਿਨ ਬੂਟਾ ਅਤੇ ਹਸਨ ਬੀਬੀ ਰੂੜੇ ਨੂੰ ਨਾਲ ਲੈ ਕੇ ਨੰਬਰਦਾਰ ਦੇ ਘਰ ਗਏ। ਇਕ ਸੋ ਇਕ ਰੁਪਏ ਅਤੇ ਪੱਗ ਉਸਨੂੰ ਦੇ ਕੇ ਉਨ੍ਹਾਂ ਆਖਿਆ, "ਨੰਬਰਦਾਰ ਜੀ, ਇਹ ਪਿੰਡ ਦੇ ਮੁੰਡਿਆਂ ਦਾ ਅਨਾਮ ਆ; ਸਾਰੇ ਪਿੰਡ ਦਾ ਸਾਂਝਾ। ਇਹਦਾ ਜੋ ਕਰਨਾ ਤੁਸੀਂ ਕਰੋ। ਰੂੜਾ ਕਹਿੰਦਾ ਮੈਂ ਨਹੀਂ ਰੱਖਣਾ।"
ਰੂੜਾ ਸਿਰ ਝੁਕਾਈ ਖਲੋਤਾ ਧਰਤੀ ਵੱਲ ਵੇਖਦਾ ਰਿਹਾ। ਪਿੰਡ ਦੇ ਜੁਆਨ ਮੁੰਡਿਆਂ ਨੂੰ ਮੱਤਾਂ ਦੇਣ ਵਾਲਾ ਰੂੜਾ ਆਪਣੇ ਭਰਾ-ਭਰਜਾਈ ਸਾਹਮਣੇ ਨਿੱਕਾ ਜਿਹਾ ਬਾਲ ਬਣਿਆ ਖਲੋਤਾ ਸੀ। ਨੰਬਰਦਾਰ ਨੇ ਚੰਗੀ ਵਿਉਂਤ ਸੋਚ ਲਈ। ਉਸੇ ਦਿਨ ਪਿੰਡ ਦੇ ਲੋਕਾਂ ਨੂੰ ਇਕੱਠੇ ਕਰ ਕੇ ਬੂਟੇ ਦੇ ਵਾੜੇ ਦੇ ਨਾਲ ਲੱਗਦੀ ਸ਼ਾਮਲਾਟ ਰੁੜੇ ਦੇ ਨਾਂ ਕਰਨ ਦਾ ਫ਼ੈਸਲਾ ਕਰ ਲਿਆ। ਪਿੰਡ ਵਿਚ ਉਗਰਾਹੀ ਲਾ ਦਿੱਤੀ। ਦੋ ਮਹੀਨਿਆਂ ਦੇ ਵਿਚ ਵਿਚ ਰੂੜੇ ਲਈ ਪੱਕਾ ਕਮਰਾ ਪੁਆ ਕੇ ਚਾਰ ਦੀਵਾਰੀ ਵੀ ਕਰਵਾ ਦਿੱਤੀ ਅਤੇ ਵਿਹੜੇ ਵਿਚ ਨਲਕਾ ਵੀ ਲਵਾ ਦਿੱਤਾ।
ਦੀ ਦੇਗ ਤਿਆਰ ਕੀਤੀ ਗਈ ਅਤੇ ਅਰਦਾਸ ਕਰ ਕੇ ਪ੍ਰਸ਼ਾਦਿ ਵੰਡ ਕੇ ਨਵਾਂ ਘਰ ਰੂੜੇ ਨੂੰ ਸੌਂਪਿਆ ਗਿਆ। ਰੂੜਾ ਹੌਲੀ ਨਾਲ ਉੱਠਿਆ ਅਤੇ ਇਸਰੀਆਂ ਵਿਚ ਬੈਠੀ ਆਪਣੀ ਭਰਜਾਈ ਦੇ ਪੈਰ ਫੜ ਕੇ ਬੁਸਕਣ ਲੱਗ ਪਿਆ। ਕਰਜਾਈ ਨੇ ਸਿਰ 'ਤੇ ਪਿਆਰ ਦੇ ਕੇ ਕਿਹਾ, "ਰੋ ਨਾ, ਰੂੜਿਆ: ਖ਼ੁਸ਼ ਹੋ; ਵੇਖ ਰੱਬ ਨੇ ਤੈਨੂੰ ਕਿੰਨਾ ਭਾਗ ਲਾਇਆ। ਮੇਰੇ ਜੀਂਦੇ ਜੀ ਤੇਰਾ ਘਰ ਬਣ ਗਿਆ: ਸ਼ੁਕਰ ਅੱਲਾ ਦਾ! ਅਸੀਂ ਸੁਰਖ਼ਰੂ ਹੋ ਗਏ।" ਰੂੜੇ ਦੀਆਂ ਧਾਹੀਂ ਨਿਕਲ ਗਈਆਂ, "ਬੌਬੋ, ਮੈਨੂੰ ਨਹੀਂ ਲੋੜ ਘਰ ਦੀ। ਤੇਰੇ ਪੈਰਾਂ ਵਿਚ ਮੇਰੀ ਜੰਨਰ ਆ। ਮੈਂ ਭਾਅ ਨਾਲੋਂ ਵੱਖ ਨਹੀਂ ਹੋਣਾ। ਤੁਸੀਂ ਏਨੀਆਂ ਬੱਕਰੀਆਂ ਸਾਂਭਦੇ ਓ; ਮੈਂ ਕਿਤੇ ਭਾਰਾ ਆ? ਇਹ ਘਰ ਗਾਮੇ ਨੂੰ ਦੇ ਦਿਉ।"
ਪਰ ਗਾਮਾ ਉਥੇ ਕਿੱਥੇ ਸੀ। ਉਹ ਆਪਣੇ ਵੱਡੇ ਸਾਲੇ ਦੇ ਕਹਿਣ ਉੱਤੇ ਵਿਆਹ ਤੋਂ ਸਾਲ ਕੁ ਮਗਰੋਂ ਹੀ ਲਾਹੌਰ ਚਲਾ ਗਿਆ ਸੀ। ਉਸਦਾ ਸਾਲਾ ਲਾਹੌਰ ਦੇ ਰੇਲਵੇ ਸਟੇਸ਼ਨ ਉੱਤੇ ਕੁਲੀ ਦਾ ਕੰਮ ਕਰਦਾ ਸੀ। ਉਸਦੀ ਨੌਕਰੀ ਪੱਕੀ ਸੀ। ਉਸਦੀ ਸਹਾਇਤਾ ਨਾਲ ਗਾਮੇ ਨੇ ਇਕ ਖੋਖਾ ਜਿਹਾ ਲੈ ਕੇ ਮੁਨਿਆਰੀ ਦੀ ਦੁਕਾਨ ਪਾ ਲਈ ਸੀ। ਇਥੇ ਵੀ ਉਹ ਪਿੰਡਾਂ ਵਿਚ ਫੇਰੀ ਲਾ ਕੇ ਮੁਨਿਆਰੀ ਵੇਚਦਾ ਹੁੰਦਾ ਸੀ। ਉਸਨੂੰ ਲਾਹੌਰ ਗਿਆ ਚਾਰ ਸਾਲ ਹੋ ਗਏ ਸਨ। ਇਕ ਹੋਰ ਪਿੰਡ ਜਾ ਕੇ ਉਸਨੇ ਵੱਟੀ ਨਹੀਂ ਸੀ ਵਾਹੀ।
ਰੂੜਾ ਆਪਣੀ ਬੇਬੇ ਕੋਲ ਹੀ ਰਿਹਾ। ਉਸਨੂੰ ਨਵੇਂ ਘਰ ਦੀ ਨਵੀਂ ਵਰਤੋਂ ਸੁੱਝ ਪਈ। ਭੰਗੜੇ ਦੀ ਟੀਮ ਦਾ ਸਾਰਾ ਸਾਮਾਨ (ਢੋਲ, ਘੁੰਗਰੂ ਅਤੇ ਕੱਪੜੇ ਆਦਿਕ) ਪਿੰਡ ਦੇ ਘਰਾਂ ਵਿਚ ਰੱਖਿਆ ਹੋਇਆ ਸੀ। ਹੁਣ ਉਹ ਇਸ ਨਵੇਂ ਬਣੇ ਘਰ ਵਿਚ ਆ ਗਿਆ। ਮੁੰਡਿਆਂ ਦੀ ਕਸਰਤ ਦਾ ਪ੍ਰਬੰਧ ਵੀ ਏਸੇ ਘਰ ਵਿਚ ਕਰ ਲਿਆ ਗਿਆ। ਮੁੰਡਿਆਂ ਨੂੰ ਕਹਿ ਕੇ ਰੂੜੇ ਨੇ ਚਾਰ ਦੀਵਾਰੀ ਦੇ ਨਾਲ ਨਾਲ ਧਰੇਕਾਂ ਲੁਆ ਲਈਆਂ। ਇਹ ਘਰ ਸਾਰੇ ਇਲਾਕੇ ਦਾ ਕੇਂਦਰ-ਬਿੰਦੂ ਬਣ ਗਿਆ। ਆਉਂਦੇ ਜਾਂਦੇ ਰਾਹੀਂ ਮੁਸਾਫ਼ਰਾਂ ਲਈ ਸਰਾਂ। ਦੋ ਤਿੰਨ ਤਖ਼ਤਪੋਸ਼ ਬਣਵਾ ਲਏ ਗਏ: ਵਿਹਲੇ ਸਮੇਂ ਧਰੇਕਾਂ ਦੀ ਛਾਵੇਂ ਬੈਠ ਕੇ ਗੱਲਾਂ-ਬਾਤਾਂ ਲਈ। ਰੂੜਾ ਫਿਰ ਤੁਰ ਕੇ ਪਤਾ ਕਰ ਲੈਂਦਾ ਸੀ ਕਿ ਕਿਸੇ ਪਿੰਡ ਵਿਚ ਕਿਸੇ ਘਰ ਨੂੰ, ਕਿਸੇ ਔਖੇ ਭਾਰੇ ਕੰਮ ਲਈ ਮਦਦ ਦੀ ਲੋੜ ਤਾਂ ਨਹੀਂ। ਜੇ ਕਿਸੇ ਨੂੰ ਵਾਢੀ ਲਈ ਮੰਗ ਚਾਹੀਦੀ ਹੋਵੇ ਕਿਸੇ ਨੇ ਆਪਣੇ ਨਵੇਂ ਬਣੇ ਕੋਠੇ-ਮਠਲੇ ਦੀ ਛੱਤ ਉੱਤੇ ਮਿੱਟੀ ਪੁਆਉਣੀ ਹੋਵੇ ਜਾਂ ਪਿੰਡਾਂ ਦੀਆਂ ਗਲੀਆਂ ਅਤੇ ਪਹਿਆਂ ਵਿਚੋਂ ਚਿੱਕੜ-ਚੋਭਾ ਹਟਾਉਣਾ ਹੋਵੇ ਤਾਂ ਰੂੜਾ ਬਿਨ ਬੁਲਾਇਆਂ ਹੀ ਆਪਣੀ ਟੋਲੀ ਲੈ ਕੇ ਉਥੇ ਪੁੱਜ ਜਾਂਦਾ ਸੀ। ਲੋਕ ਵੀ ਉਸਦੀ ਟੋਲੀ ਦੀ ਮਿਹਨਤ ਦਾ ਮੁੱਲ ਪਾਉਂਦੇ ਸਨ। ਕੋਈ ਦੋ ਸੇਰ ਘਿਉ ਦੇ ਦਿੰਦਾ ਸੀ, ਕੋਈ ਚਾਰ ਸੇਰ ਸ਼ੱਕਰ: ਕੋਈ ਤੇਲ ਦੀ ਘਾਣੀ ਕਢਵਾ ਦਿੰਦਾ ਸੀ, ਕੋਈ ਨਕਦ ਪੈਸੇ ਦੇ ਦਿੰਦਾ ਸੀ। ਸਾਰੇ ਬਾਹਰੇ ਵਿਚ ਰੂੜੇ ਦੀ ਸੋਭਾ ਸੀ।
ਰੂੜੇ ਦੀ ਨਿੱਕੀ ਜਿਹੀ ਦੁਨੀਆਂ ਪ੍ਰਸਿੱਧੀ, ਪ੍ਰਸੰਨਤਾ ਅਤੇ ਸੁੰਦਰਤਾ ਦੀ ਸਿਖਰ
ਹੌਲੀ ਹੌਲੀ ਬੂਟਾ ਅੰਦਰੋਂ ਟੁੱਟਣ ਲੱਗ ਪਿਆ। ਉਸਨੂੰ ਜਦੋਂ ਵੀ ਮੌਕਾ ਮਿਲਦਾ, ਉਹ ਰੂੜੇ ਨੂੰ ਘਰ ਬਾਰੇ ਅਤੇ ਹਸਨ ਬੀਬੀ ਦੇ ਪੈਕਿਆਂ ਬਾਰੇ ਗੱਲਾਂ ਦੱਸਦਾ ਰਹਿੰਦਾ। ਬਹੁਤੀ ਚਿੰਤਾ ਉਸਨੂੰ ਆਪਣੀਆਂ ਬੱਕਰੀਆਂ ਦੀ ਸੀ। ਉਸਦੀਆਂ ਬਹੁਤੀਆਂ ਗੱਲਾਂ ਆਪਣੀਆਂ ਬੱਕਰੀਆਂ ਬਾਰੇ ਹੁੰਦੀਆਂ ਸਨ। ਉਸਨੇ ਪਚਵੰਜਾ ਬੱਕਰੀਆਂ ਦੇ ਪਚਵੰਜਾ ਨਾਂ ਰੱਖੇ ਹੋਏ ਸਨ। ਹਰ ਇਕ ਦੇ ਸੁਭਾਅ ਤੋਂ ਉਹ ਜਾਣੂ ਸੀ ਅਤੇ ਰੂੜੇ ਨੂੰ ਹਰ ਇਕ ਦੇ ਸੁਭਾਅ ਤੋਂ ਜਾਣੂ ਕਰਵਾ ਕੇ ਇਸ ਦੁਨੀਆਂ ਤੋਂ ਜਾਣਾ ਚਾਹੁੰਦਾ ਸੀ। ਉਸ ਨੇ ਆਪਣੇ ਪੁੱਤਰ ਗਾਮੇ ਦੀ ਗੱਲ ਕਦੇ ਨਹੀਂ ਸੀ ਕੀਤੀ। ਰੂੜਾ ਉਸਦੀਆਂ ਗੱਲਾਂ ਬੜੇ ਠਰੰਮੇ ਨਾਲ ਸੁਣਦਾ ਸੀ। ਭਰਾ ਨੂੰ ਪੂਰਾ ਭਰੋਸਾ ਦਿਵਾਉਂਦਾ ਸੀ ਕਿ ਉਹ ਸਭ ਕੁਝ ਕਰਨ ਲਈ ਤਿਆਰ ਅਤੇ ਸਮਰੱਥ ਹੈ, ਪਰ ਅੰਦਰੋਂ ਉਹ ਡੇਲਿਆ ਹੋਇਆ ਸੀ। ਕਰਾ ਤੋਂ ਪਰੇ ਹੋ ਕੇ, ਨਵੇਂ ਕਮਰੇ ਵਿਚ ਬੈਠ ਕੇ ਕਿੰਨਾ ਕਿੰਨਾ ਚਿਰ ਰੋਂਦਾ ਰਹਿੰਦਾ ਸੀ। ਭਰਾ ਦੇ ਮਗਰੋਂ ਇਕੱਲਾ ਹੋ ਜਾਣ ਦਾ ਡਰ...।
ਬੂਟੇ ਦਾ ਅੰਤ ਸਮਾਂ ਆ ਗਿਆ। ਆਪਣੀ ਪਤਨੀ ਦੀ ਮੌਤ ਦੇ ਡੇਢ ਕੁ ਸਾਲ ਪਿੱਛੋਂ ਉਹ ਵੀ ਜਹਾਨ ਵਾਨੀ ਤੋਂ ਕੂਚ ਕਰ ਗਿਆ। ਰੂੜੇ ਦਾ ਦੁਖ ਅਸਹਿ ਸੀ; ਉਸਦਾ ਉਦਾਸ ਹੋਣਾ ਕੁਦਰਤੀ ਸੀ। ਪਿੰਡ ਦੇ ਲੋਕਾਂ ਦੀ ਵੱਡੀ ਕੋਸ਼ਿਸ਼ ਇਹ ਸੀ ਕਿ ਰੂੜੇ ਨੂੰ ਇਕੱਲ ਮਹਿਸੂਸ ਨਾ ਹੋਵੇ। ਉਨ੍ਹਾਂ ਨੇ ਦੋਹਾਂ ਮੌਤਾਂ ਦੇ ਮੌਕਿਆਂ ਉੱਤੇ ਪਹਿਲਾਂ ਵਾਂਗ ਲਾਗਲੇ ਪਿੰਡ, ਰੱਤੋ ਵਾਲੋਂ ਮੁਸਲਮਾਨ ਬਰਾਦਰੀ ਦੇ ਲੋਕਾਂ ਨੂੰ ਬੁਲਾ ਕੇ ਲਿਆਂਦਾ ਸੀ । ਉਹ ਆਪਣੀ ਮਸੀਤ ਦੇ ਮੁਲਾਣੇ ਨੂੰ ਨਾਲ ਲਿਆਏ ਸਨ ਅਤੇ ਪੂਰੀ ਇਸਲਾਮੀ ਸ਼ਰ੍ਹਾ ਅਨੁਸਾਰ ਰੁੜੇ ਦੀ ਭਰਜਾਈ ਅਤੇ ਉਸਦੇ ਭਰਾ ਦੇ ਅੰਤਮ ਸੰਸਕਾਰ ਸਿਰੇ ਚਾੜ੍ਹੇ ਗਏ ਸਨ। ਕਰਮ ਇਲਾਹੀ ਅਤੇ ਉਸਦੀ ਪਤਨੀ (ਰੂੜੇ ਦੇ ਮਾਤਾ ਪਿਤਾ) ਦੀਆਂ ਕਬਰਾਂ ਦੇ ਲਾਗੇ ਬੂਟੇ ਅਤੇ ਹੱਸੋ ਦੀਆਂ ਕਬਰਾਂ ਬਣ ਗਈਆਂ। ਦੋਵੇਂ ਵੇਰ ਕੁਰਾਨ ਪੜ੍ਹਿਆ ਗਿਆ: ਖ਼ਤਮ ਕਰਵਾਇਆ ਗਿਆ। ਦੋਵੇਂ ਵੇਰ ਪਿੰਡ ਵੱਲੋਂ ਇਲਾਕੇ ਵਿਚ ਨਿਆਜ਼ਾਂ ਵੰਡੀਆਂ ਗਈਆਂ। ਰੂੜੇ ਦੇ ਮਾਪੇ ਦੇ ਵੇਰ ਮਰੇ ਸਨ; ਪਹਿਲੀ ਵੇਰ ਉਸਨੇ ਦੁਖ ਨਹੀਂ ਸੀ ਮਨਾਇਆ: ਦੂਜੀ ਵੇਰ ਹੋਈਆਂ ਮੌਤਾਂ ਦਾ ਦੁਖ ਅਸਹਿ ਸੀ; ਪਰ ਰੂੜਾ ਸਹਿ ਗਿਆ, ਪਿੰਡ ਦੇ ਲੋਕਾਂ ਦੀ ਹਮਦਰਦੀ ਦੇ ਸਹਾਰੇ।