ਦੋ ਕੁ ਸਾਲ ਹੋਰ ਬੀਤ ਗਏ। ਸੋਮਾਂ ਦੂਜੇ ਸੂਏ ਸੂਣ ਵਾਲੀ ਸੀ। ਹੁਣ ਉਹ ਭਰ-ਜੁਆਨ ਮੱਥ ਬਣ ਚੁੱਕੀ ਸੀ। ਬਹੁਤ ਹੀ ਸੋਹਣੀ ਮੱਝ । ਉਸਦੇ ਸੂਣ ਵਿਚ ਇਕ ਮਹੀਨਾ ਬਾਕੀ ਰਹਿ ਗਿਆ ਸੀ। ਚਰਨਾ ਟਾਹਲੀ ਦੀ ਛਾਵੇਂ ਖੇਸੀ ਵਿਛਾ ਕੇ ਸੁੱਤਾ ਹੋਇਆ ਸੀ। ਸੋਮਾਂ ਲਾਗਲੇ ਛੱਪੜ ਵਿਚ ਵੜੀ ਹੋਈ ਸੀ। ਕੁਝ ਹੋਰ ਡੰਗਰ ਉਥੇ ਆ ਗਏ। ਉਨ੍ਹਾਂ ਦੇ ਪਾਲੀ ਪਰੇ ਜੇਹੇ ਦੂਜੀ ਟਾਹਲੀ ਦੀ ਛਾਵੇਂ ਬੈਠ ਗਏ। ਕੁਝ ਮੱਝਾਂ ਛੱਪੜ ਵਿਚ ਜਾ ਵੜੀਆਂ। ਕੁਝ ਸਮੇਂ ਪਿੱਛੋਂ ਸਮਾਂ ਪਾਣੀ ਵਿਚੋਂ ਬਾਹਰ ਆਈ ਤਾਂ ਇਕ ਮੱਝ ਉਸਦੇ ਪਿੱਛੇ ਪਿੱਛੇ ਛੱਪੜ ਬਾਹਰ ਆ ਕੇ ਉਸ ਨਾਲ ਭਿੜਨ ਦਾ ਇਰਾਦਾ ਪ੍ਰਗਟ ਕਰਨ ਲੱਗੀ। ਸੋਮਾਂ ਨੇ ਟਾਲ-ਮਟੋਲ ਕੀਤਾ ਪਰ ਉਹ ਲੜਾਕੀ ਕਿਸਮ ਦੀ ਮੱਝ ਸੀ। ਉਸਨੇ ਸੋਮਾਂ ਦਾ ਪਿੱਛਾ ਨਾ ਛੱਡਿਆ। ਸੋਮਾਂ ਨਾਲ ਟੱਕਰ ਡਾਹ ਕੇ ਉਹ ਉਸਨੂੰ ਧੱਕਦੀ ਹੋਈ ਲੈ ਗਈ। ਉਂਝ ਤਾਂ ਸੋਮਾਂ ਵੀ ਤਕੜੀ ਸੀ ਪਰ ਉਹ ਭੇੜੂ ਜਾਂ ਲੜਾਕੀ ਨਹੀਂ ਸੀ। ਉਹ ਪਿੱਛੇ ਹਟਦੀ ਗਈ ਅਤੇ ਅੰਤ ਨੂੰ ਉਸਦਾ ਪਿਛਲਾ ਖੁਰ ਟਾਹਲੀ ਦੀ ਛਾਵੇਂ ਸੁੱਤੇ ਚਰਨੇ ਦੀ ਛਾਤੀ ਉੱਤੇ ਧਰਿਆ ਗਿਆ। ਹੁਣ ਸੋਮਾਂ ਨੇ ਪਿੱਛੇ ਹਟਣਾ ਬੰਦ ਕਰ ਦਿੱਤਾ। ਲੜਾਕੀ ਮੱਝ ਆਪਣੇ ਪੂਰੇ ਤਾਣ ਨਾਲ ਸੋਮਾਂ ਨੂੰ ਪਿੱਛੇ ਧੱਕ ਰਹੀ ਸੀ ਅਤੇ ਸੋਮਾਂ ਆਪਣੇ ਪੂਰੇ ਤਾਣ ਨਾਲ ਉਸਨੂੰ ਰੋਕਣ ਦਾ ਜਤਨ ਕਰ ਰਹੀ ਸੀ। ਉਸਨੂੰ ਪਤਾ ਸੀ ਕਿ ਉਸਦੇ ਪਿੱਛੇ ਹਟਣ ਨਾਲ ਜਾਂ ਉਸਦੇ ਆਪਣੇ ਭਾਰ ਨਾਲ ਕਿਸੇ ਦੀ ਜਾਨ ਜਾ ਸਕਦੀ ਸੀ। ਉਹ ਛਟੀ ਰਹੀ। ਉਸਦਾ ਸਾਰਾ ਜ਼ੋਰ ਲੱਗ ਗਿਆ। ਚਰਨੇ ਦੀ ਇਕ ਪੱਸਲੀ ਟੁੱਟ ਚੁੱਕੀ ਸੀ। ਉਸ ਲਈ ਹਾਲ ਪਾਰਿਆ ਵੀ ਸੰਭਵ ਨਹੀਂ ਸੀ। ਇਕ ਪਾਲੀ ਨੇ ਵੇਖ ਲਿਆ। ਸਾਰੇ ਉੱਠ ਨੱਠੇ। ਭੇੜੂ ਮੱਝ ਨੂੰ ਦੋ ਡਾਂਗਾਂ ਮਾਰ ਕੇ ਭਜਾ ਦਿੱਤਾ। ਪਰ ਉਸਦੇ ਜਾਂਦਿਆਂ ਹੀ ਸਮਾਂ ਇਕ ਪਾਸੇ ਡਿੱਗ ਪਈ। ਉਸਨੇ ਆਪਣੇ ਬੱਚੇ ਨੂੰ ਜਨਮ ਦੇਣ ਦਾ ਜਤਨ ਕੀਤਾ ਪਰ ਉਹ ਮਾਂ ਦੇ ਪੇਟ ਵਿਚ ਹੀ ਮਰ ਚੁੱਕਾ ਸੀ। ਮੋਏ ਬੱਚੇ ਨੂੰ ਜਨਮ ਦੇਣ ਦੇ ਜਤਨ ਵਿਚ ਸੋਮਾਂ ਦੇ ਸੁਆਸਾਂ ਦੀ ਤੰਦ ਟੁੱਟ ਗਈ। ਲੋਕੀ ਕਹਿੰਦੇ ਸਨ, "ਸੋਮਾਂ ਨੇ ਚਰਨੇ ਦੀ ਜਾਨ ਬਚਾਉਣ ਲਈ ਆਪਣੀ ਕੁਰਬਾਨੀ ਦਿੱਤੀ ਹੈ। ਉਹ ਜ਼ਰੂਰ ਕੋਈ ਉੱਚੀ ਰੂਹ ਸੀ।"