ਮੈਂ ਰਿਣੀ ਹਾਂ ਉਸ ਗਾਲ ਦਾ ਜਿਹੜੀ ਮੇਰਾ ਬਾਪੂ ਗੁਰਨਾਮ ਸਿੰਘ ਸੰਧੂ ਚਾਹ ਕੇ ਵੀ
ਮੈਨੂੰ ਸਾਰੀ ਉਮਰ ਜਾਣੀ ਹੁਣ ਤਾਈਂ ਕੱਢ ਨਹੀਂ ਸਕਿਆ...!
ਅਤੇ
ਸ੍ਰੀ ਲੰਕਾਈ ਬੱਲੇਬਾਜ਼ ਸਨਥ ਜੈ ਸੂਰੀਆ ਤੇ
ਅਮਨਜੋਤ ਮਾਨ ਦਾ, ਜੀਹਨੇ ਮੇਰੇ ਮਨ ਵਿੱਚ ਕੁਛ ਦਿਖ਼ਣ ਦੀ ਬਜਾਏ, ਕੁਛ ਹੋਣ
ਦੀ ਤਾਂਘ ਪੈਦਾ ਕੀਤੀ....!
ਗੁਰਪ੍ਰੀਤ ਸਹਿਜੀ
ਕਵੱਸਤੀ
ਬਲੌਰਾ ਤਾਂ ਕੁੱਕੜ ਦੀ ਬਾਂਗ ਨਾਲ ਸਦੇਹਾਂ ਈ ਉੱਠ ਖੜੋਂਦਾ ਸੀ, ਪਰ ਬਚਨੇ ਨੇ ਕੱਲ੍ਹ ਸ਼ਾਮ ਕੁੱਕੜ ਰਿੰਨ੍ਹ ਕੇ, ਘਰ ਆਏ ਜਵਾਈ ਨੂੰ ਖੁਵਾ ਦਿੱਤਾ। ਤੇ ਉਹ ਅੱਜ ਓਨਾ ਚਿਰ ਨਹੀਂ ਜਾਗਿਆ, ਜਿੰਨਾਂ ਚੀਕ ਜੰਗਾਲ ਖਾਧੇ ਜੰਗਲੇ ਥਾਣੀ ਦੀ, ਤਿੱਖੀ ਧੁੱਪ ਉਹਦੇ ਮੂੰਹ ਤੇ ਨਹੀਂ ਸੀ ਚੁਬਣ ਲੱਗੀ। ਪੱਟੇ ਹੋਏ ਖੰਭਾਂ ਦੇ ਨਿੱਕੇ-ਨਿੱਕੇ ਫੰਬੇ ਜਿਹੇ ਹਵਾ ਨਾਲ ਘਰ ਦੇ ਵਿਹੜੇ ਵਿੱਚ, ਰੇਤੇ ਨਾਲ ਖਹਿੰਦੇ ਫਿਰ ਰਹੇ ਸੀ।
ਉਹਨੇ ਉਵੇਂ ਈ ਪਏ ਹੋਇਆਂ ਛੱਤ ਦੇ ਬਾਲਿਆਂ ਵੱਲ ਵੇਖਿਆ, ਜਿੰਨ੍ਹਾਂ ਵਿੱਚ ਤਰੇੜ ਆਈ ਪਈ ਸੀ, ਤੇ ਇੱਕ ਲੋੜ ਤੋਂ ਜ਼ਿਆਦਾ ਲਿਫੇ ਬਾਲੇ ਦੀ ਖੋੜ ਵਿੱਚ ਘਰਕੀਣ ਦਾ ਵਾਸਾ ਵੇਖਿਆ। ਫੇਰ ਕਿਸੇ ਚੂਹੇ ਦੇ ਖੁਰਚਣ ਦੀ ਅਵਾਜ਼ ਵੀ ਕੰਨਾਂ ਵਿੱਚ ਪਈ ਤਾਂ, ਉਹ ਝੋਲ ਪੈਂਦੇ, ਵਾਣ ਦੇ ਚੌਖੜੇ ਮੰਜੇ ਤੋਂ ਹੁਜ਼ਕਾ ਮਾਰ ਕੇ ਉਠਿਆ ਤਾਂ ਚਾਰੇ ਚੂਲਾਂ ਵੀ ਜਰਕ ਪਈਆਂ। ਤੇ ਨੀਂਹ ਵਿੱਚ ਪੱਟੀ ਚੂਹੇ ਦੀ ਖੁੱਢ ਅੱਗੇ ਜ਼ੋਰ ਨਾਲ ਪੈਰ ਦੀ ਅੱਡੀ ਮਾਰੀ। ਧਮਕਾਰ ਨਾਲ ਚੂਹਾ ਡਰ ਗਿਆ । ਪਾਣੀ ਪੀਣ ਲਈ ਕੋਈ ਭਾਡਾਂ ਹੱਥ ਹੇਠ ਨਹੀਂ ਲੱਭਿਆ ਤਾਂ ਉਹ ਤਖਤੇ ਕੋਲ ਪਈ ਲੋਟ ਨੂੰ ਗਾਟੇ ਤੋਂ ਫੜ੍ਹ ਕੇ, ਬਾਹਰ ਕੰਧੋਲੀ ਦੀ ਬੁਰਜ਼ੀ ਤੇ ਲਿਆ ਧਰੀ । ਟੇਢੀ ਕਰਕੇ ਵਗਾਈ ਪਾਣੀ ਦੀ ਕੰਬਦੀ ਧਾਰ ਨਾਲ ਸੱਜੇ ਹੱਥ ਦੀ ਚੂਲੀ, ਅਗੂੰਠੇ ਨਾਲ ਮਲ ਕੇ ਧੋਤੀ, ਤੇ ਫੇਰ ਖੱਬੀ ਅੱਖ ਮੀਚ ਕੇ, ਓਕ ਨਾਲ ਪਾਣੀ ਪੀਣ ਲੱਗ ਪਿਆ।
ਉਂਗਲਾਂ ਦੀਆਂ ਵਿਰਲਾਂ ਵਿੱਚੋਂ ਦੀ ਪਾਣੀ ਦੀ ਪਤਲੀ ਧਾਰ ਸਿੰਮ ਕੇ, ਵਲਾਂਵੇਂ ਖਾਂਦੀ ਵੀਹਣੀ ਤੋਂ ਵਹਿ ਤੁਰੀ। ਉਹਨੇ ਪੈਰ ਭਿੱਜਣ ਤੋਂ ਲੱਤਾਂ ਚੌੜੀਆਂ ਕਰ ਲਈਆਂ। ਧਾਰ ਨਾਲ ਐਸੀ ਕੰਬਣੀ ਛਿੜੀ ਕੇ ਲੋਟ ਖੱਬੇ ਹੱਥ ਵਿੱਚੋਂ ਥੁੜਕ ਕੇ, ਗੇੜਾ ਖਾ ਕੇ ਥੱਲੇ ਡਿੱਗਦੇ ਸਾਰ ਈ ਠੀਕਰੇ-ਠੀਕਰੇ ਹੋ ਗਈ। ਇਨ੍ਹਾਂ ਠੀਕਰਿਆਂ ਵੱਲ ਕੋਡੀ-ਢੂਹੀ ਗਹੁ ਨਾਲ ਝਾਕਣ ਲੱਗਿਆ ਤਾਂ ਧੁੱਪ ਨਾਲ ਚਿੱਕੜ ਵਿੱਚੋਂ ਪੈਂਦੀ ਲਿਸ਼ਕੋਰ ਨਾਲ ਅੱਖਾਂ ਮਿਚ ਗਈਆਂ। ਪੈਰ ਦਾ ਠੇਡਾ ਮਾਰ ਕੇ ਠੀਕਰੇ ਭੰਨ੍ਹ ਕੇ ਲਿਸ਼ਕੋਰ ਮੁਕਾ ਦਿੱਤੀ ਤੇ ਜੂੜ੍ਹੇ ਦੀ ਮੀਡੀ ਵਿੱਚ ਗੁੰਦੇ ਕਾਲੇ ਰਿਬਨ ਨੂੰ, ਜੋ ਫੂੰਜੇ ਵਾਂਗ ਲਮਕ ਰਿਹਾ ਸੀ, ਵਲ੍ਹੇਟ ਕੇ ਜੂੜਾ ਬੰਨ੍ਹ ਲਿਆ।
'ਮਖਿਆ ਮਿੱਧੀ ਮੱਤ ਨਾਲ਼ ਮੂਹਰੇ ਲਾਅ-ਕੇ ਤੁਰਪੇਂ ਹੁਣ, ਏਥੇ ਕਾਈ ਥੋਥੀਆਂ ਕੱਢਣ ਨ੍ਹੀ ਔਦਾਂ, ਆਹ ਬੂਥੀ ਜੇਹੀ ਚਿੱਬੀ ਕਰਕੇ ਗਰਜ਼ ਆਰੀ ਮੇਰੇ ਪੈਰੀਂ ਠੇਡੇ ਵਾਨੂੰ ਆ ਠੁੱਕਦੈਂ-ਹੂੰ' ਬਲੌਰੇ ਨੇ ਜੁੜੇ ਤੇ ਹੱਥ ਦੀ ਠਿੱਬੀ ਮਾਰ ਕੇ, ਪਿਛਾਂਹ ਭਉਂ ਕੇ ਅੰਗਰੇਜ਼ ਵੱਲ ਵੇਖਿਆ, ਜੋ ਠੋਢੀ ਕੋਲੋਂ ਆਈ ਬੱਗੀ ਦਾੜ੍ਹੀ ਨੂੰ ਚੂੰਢੀ ਨਾਲ ਪਲੋਸਦਾ ਹੋਇਆ ਪਤਾ ਨਹੀਂ ਕਿਸ ਵੇਲ਼ੇ ਈ ਉਹਦੇ ਪਿੱਛੇ ਆ ਖੜੋਤਾ ਸੀ।
ਉਹਨੇ ਚੜ੍ਹਦੇ ਵਾਲੇ ਪਾਸੇ ਰੱਤੀ ਗਹਿਰ ਚੜ੍ਹੀ ਵੇਖੀ, ਜੋ ਅੰਬਰ ਨੂੰ ਦੋ ਹਿੱਸਿਆਂ ਵਿੱਚ ਵੰਡਦੀ ਪਈ ਤੇ ਫੇਰ ਸਵਾਤ ਅੰਦਰ ਜਾ ਕੇ, ਮੰਜੇ ਕੋਲ ਮੂਧੇ ਪਏ ਕੁੱਜੇ ਤੇ ਪਿਆ, ਡੱਬੀਦਾਰ ਸਾਫ਼ਾ ਚੱਕ ਕੇ, ਇਨੂੰ ਬਣਾ ਕੇ ਬਾਂਹ ਦੀ ਖੱਬੀ ਕੱਛ ਵਿੱਚ ਤੁੰਨ ਲਿਆ। ਤਖ਼ਤੇ ਓਹਲੇ ਪਈ ਬੋਰੀ ਵਿੱਚੋਂ, ਘੁੰਢੀਆਂ ਵਾਲੀ ਕਣਕ ਦੀ ਲੱਪ ਭਰ
ਕੇ, ਤਾਜ਼ੇ ਸੁੰਭਰੇ ਵਿਹੜੇ ਵਿਚ ਖਿਲ੍ਹਾਰ ਦਿੱਤੀ।
'ਆਹ..ਆ' ਕਰੀਰ ਤੇ ਬੈਠੇ ਕਿੰਨੇ ਹੀ ਜਨੌਰ ਉੱਡ ਕੇ ਚੋਗਾ ਚੁਗਣ ਲੱਗ ਪਏ। ਕੌਲੇ ਕੋਲ ਘੋਗਰਾ ਪੱਟ ਕੇ ਬੈਠਾ ਕੁੱਤਾ ਭੱਜ ਕੇ ਏਨ੍ਹਾਂ ਜਨੌਰਾਂ ਵੱਲ ਆਇਆ, ਬਈ ਪਤਾ ਨਹੀਂ ਬਲੌਰੇ ਨੇ ਕੀ ਖਾਣ-ਚੀਜ਼ ਪਾਈ ਹੈ । ਜਨੌਰ ਡਰ ਕੇ ਫੇਰ ਕਰੀਰ ਤੇ, ਕੁਛ ਕੰਧ ਤੇ ਜਾ ਬੈਠੇ। ਕੁੱਤੇ ਨੇ ਧਰਤੀ ਸੁੰਘੀ ਤੇ ਫੇਰ ਦਾਣਿਆਂ ਵੱਲ ਵੇਖ ਕੇ ਭੌਂਕਿਆ, ਜਦ ਜੀਬ ਨਾਲ ਨਾ ਖਾਧੇ ਗਏ, ਤੇ ਮੁੜ ਪੂਛ ਹਿਲਾਉਂਦਾ ਹੋਇਆ, ਆਪਣੇ ਘੁਰਨੇ ਵਿੱਚ ਜਾ ਕੇ ਬਹਿ ਗਿਆ। ਬਲੌਰੇ ਨੇ ਹੱਸ ਕੇ ਆਖਿਆ, 'ਓਏ ਡੱਬੂ ਪੁੱਤ, ਕੁੱਤਾ ਬਣ ਕੇ ਈ ਰਹਿ, ਐਂਵੇ ਬੰਦੇ ਆਲ਼ੇ ਲੱਛਣ ਨਾ ਫੜ੍ਹ, ਔਕਾਤ ਚ ਰਹਿ' ਫੇਰ ਆਪ ਈ ਕੱਛ ਵਿਚਲਾ ਸਾਫਾ ਠੀਕ ਕਰਦਾ ਹੋਇਆ, 'ਪਰ ਔਕਾਤ ਵੀ ਓਨ੍ਹਾਂ ਬੰਦਿਆਂ ਦੀ ਹੁੰਦੀ ਐ, ਜਿੰਨ੍ਹਾਂ ਚ ਸਬਰ ਦਾ ਕੋਈ ਥਹੁ ਹੋਵੇ, ਨ੍ਹੀ ਤਾਂ ਮਿੱਟੀ ਦਾ ਮਣ ਭਾਰ ਈ ਹੁੰਦੇ ਐ, ਬਾਕੀ ਤਾਂ'।
'ਢੀਠ ਤਾਂ ਸੈਂਗਾ ਈ, ਪਰ ਹੁਣ ਤਾਂ ਢੀਠ ਪੁਣੇ ਦੀਆਂ ਵੀ ਹੱਦਾਂ-ਬੰਨ੍ਹੀਆਂ ਲੰਘ ਗਿਐਂ, ਤੇਰਾ ਹਯਾ ਲਾਹ ਕੇ ਵੀ ਨਾ ਆਵਦਾ ਮੂੰਹ ਛੇਹਣ ਈ ਐਂ” ਅੰਗਰੇਜ਼ ਨੇ ਕੌਂਸ ਮੰਨ ਕੇ, ਕਾਹਲ ਨਾਲ ਤੁਰਨ ਲਈ ਖੱਬਾ ਹੱਥ ਮੁਰਚੇ ਤੋਂ ਦੋ ਵਾਰ ਘੁੰਮਾਇਆ, ਤੇ ਇੱਕ ਲਾਈਨ ਵਿੱਚ ਛੱਤੇ ਉਹਦੇ ਤਿੰਨ ਕੋਠਿਆਂ ਵੱਲ ਵੇਖਦਾ ਹੋਇਆ, ਉਹਦੀ ਭੈਣ ਦੀਸਾਂ ਦੇ ਲੱਕ ਤੋਂ ਉੱਚੀ ਹੋਈ ਕੁੜਤੀ ਵਿੱਚੋਂ ਝਾਕਦਾ ਹੋਇਆ ਬੋਲ ਪਿਆ, 'ਤੈਨੂੰ ਵੀ ਨਾ ਹੁਣ ਕੰਮ ਤੋਂ ਸੂਗ ਆਉਣ ਲਾਪੀ ਐ, ਜਿੰਨ੍ਹਾਂ ਚਿਰ ਬੰਦੇ ਦੀ ਢੂਹੀ ਕੁੱਬੀ ਐ, ਓਨਾ ਚਿਰ ਕੰਮ ਮੂਹਰੇ, ਢੂਹੀ ਸਿੱਧੀ ਹੋ-ਗੀ ਕੰਮ ਨੇ ਜਾਣੋ ਬੰਦਾ ਢਾਹ ਲਿਆ, ਨੀਵੀਂ ਨਾ ਅਤਾਂ ਚੱਕੀਗੇ..
ਅੰਗਰੇਜ਼ ਨੇ ਚਿੱਥ ਕੇ 'ਨੀਵੀਂ ਨਾ ਅਤਾਂ ਚੱਕੀ-ਗੇ' ਆਖ ਕੀ ਦਿੱਤਾ, ਬਲੌਰੇ ਦੇ ਲਹੂ ਦੀ ਛਾਤੀ ਵਿੱਚ ਸੱਲ ਹੋ ਗਿਆ। ਦਾਣਿਆਂ ਵਿੱਚੋਂ ਘੁੰਢੀਆਂ ਕੱਢ ਕੇ ਚੋਗਾ ਪਾਉਂਦੇ ਹੋਇਆਂ ਤੋਂ ਥੋੜ੍ਹੀ ਜਿਹੀ ਲਿਫੀ ਧੌਣ ਤਣੀ ਗਈ। ਜਨੌਰ ਦੋ ਕੁ ਗਿੱਠਾਂ ਉੱਚੇ ਉੱਡ ਕੇ ਫੇਰ ਥਾਂ-ਸਿਰ ਬਹਿ ਗਏ। ਕਚਿਆਈ ਵਿੱਚ ਪਿੰਡੇ ਦੀ ਲੂੰਈ ਨੂੰ ਮੁੜਕਾ ਆ ਗਿਆ। ਚਾਰ ਤਲੈਂਬੜ੍ਹ ਗੱਢ ਕੇ ਕਾਨਿਆਂ ਦੇ ਛੱਤੇ ਛੱਪਰ ਹੇਠ ਮੰਜੇ ਤੇ ਲੱਤਾਂ ਕੱਠੀਆਂ ਕਰਕੇ, ਵੱਖੀ ਪਰਨੇ ਪਏ, ਆਪਣੇ ਬਾਪ ਅਜੈਵ ਵੱਲ ਗੁੱਸੇ ਦੀ ਏਨੀ ਜ਼ੋਰ ਨਾਲ ਘੂਰੀ ਵੱਟ ਕੇ ਵੇਖਿਆ, ਕਿ ਪਾਵੇ ਨਾਲ ਬੰਨ੍ਹੀ ਬੱਕਰੀ ਵੀ ਡਰ ਨਾਲ ਮਿਆਂਕ ਗਈ। ਮੰਜੇ ਹੇਠਾਂ ਵੜ੍ਹ ਕੇ ਛਾਪਲ ਗਈ।
ਬਲੌਰੇ ਨੇ ਦੰਦ ਪੀਹ ਦਿੱਤੇ ਤਾਂ ਜਾੜ੍ਹਾਂ ਦੇ ਨਿਕਲੇ ਕੜਾਕਿਆਂ ਦੀ 'ਚਰੜ੍ਹ' ਦੀ ਅਵਾਜ਼ ਕੋਲ ਦੀ ਲੰਘਦੀ ਉਹਦੀ ਮਾਂ ਨਸੀਬੋ ਨੂੰ ਪੂਰੀ ਸੁਣਾਈ ਦਿੱਤੀ, 'ਰੱਜੇ ਬੰਦੇ ਨੂੰ ਮਰਨ ਦੇ ਸੌ ਪੱਜ ਥਿਆ ਜਾਂਦੇ ਆ, ਪਰ ਭੁੱਖੇ ਨੂੰ ਕੁਲਜ-ਕੁਲਜ ਕੇ ਈ ਜਿਉਣ ਤੋਂ ਖਹਿੜਾ ਛੁਡੌਣਾ ਪੈਂਦਾ' ਹੌਲੀ ਕੁ ਦਿਨੇ ਆਪਣੇ ਕੋਲ ਈ ਬੋਲੀ। ਏਨੀ ਹੌਲੀ ਬੋਲਦੀ ਹੁੰਦੀ ਸੀ, ਕਈ ਵਾਰ ਤਾਂ ਆਪ ਨੂੰ ਵੀ ਆਪਣੇ ਬੋਲ ਨਹੀਂ ਸੀ ਸੁਣਦੇ। ਨਾਲ ਦੇ ਬੰਦੇ-ਬੁੜ੍ਹੀ ਨੂੰ ਪੁੱਛਦੀ, 'ਭਲਾਂ ਮੈਂ ਕੀ ਕਿਐ'।
'ਓ ਧੀਏ, ਦੀਸਾਂ, ਅਈਥੋਂ ਕਾਈ ਮਘਦੀ ਜੇਈ ਚੰਗਿਆੜੀ ਫੜ੍ਹਾ ਕੇ ਜਾਈਂ,
ਕਰੀਏ ਰੂਹ ਨੂੰ ਧੂਫ' ਗਲ ਖੰਗੂਰ ਕੇ ਅਜੈਵ ਨੇ ਪਰ੍ਹੇ ਥੁੱਕ ਦਿੱਤਾ ਤੇ ਸੋਟੀ ਦੀ ਟੋਅ ਨਾਲ ਉੱਤੇ ਮਿੱਟੀ ਪਾ ਦਿੱਤੀ ਤੇ ਫੇਰ ਕੋਲ ਫਿਰਦੀ ਨਸੀਬੋ ਨੂੰ ਕਿਹਾ, 'ਏਹ ਤਾਂ ਧੰਨ ਐ ਮੇਰਾ ਜੇਰਾ, ਜੇੜ੍ਹਾ ਹਲੇ ਵੀ ਕੈ ਵਰ੍ਹੇ ਹੋ-ਗੇ ਬੀੜ੍ਹੀਆਂ ਧੋਖ਼ ਕੇ ਵੇਲਾ ਧੱਕੀ ਜ਼ਾਨਾਂ, ਫੀਮ ਦਾ ਜੁਗੜਾ ਤੁਰ ਪਿਐ ਹੁਣ, ਬੀੜੀ ਪੀਣੀ ਤਾਂ ਪੈਰਾਂ ਤੇ ਡੋਲ ਕੇ ਚੱਟਣ ਐ.... ਉਹਨੇ ਆਪਣੇ ਕਰੇੜੇ ਨਾਲ ਖੋਖਲੇ ਹੋ ਚੁੱਕੇ ਦੰਦ ਦੀ ਹੋੜ ਵਿੱਚ ਨਹੁੰ ਫੇਰਿਆ।
ਬਲੌਰਾ ਗਿੱਚੀ ਨੂੰ ਸੱਜੇ ਹੱਥ ਨਾਲ ਜ਼ੋਰ ਦੀ ਮਲਣ ਲੱਗ ਪਿਆ ਤਾਂ ਉਂਗਲਾਂ ਦੀਆਂ ਲਕੀਰਾਂ ਵਿੱਚ ਮੈਲ ਅੜ ਗਈ। ਜੀਅ ਕੀਤਾ ਧੌਂਣ ਦਾ ਮਣਕਾ ਭੰਨ੍ਹ ਸੁੱਟੇ। ਇੰਨੇ ਦੀਸਾਂ ਚੌਂਤਰੇ ਤੋਂ ਚੁੰਨੀ ਦੀ ਬੁੱਕਲ ਮਾਰ ਕੇ ਉੱਠੀ ਤੇ ਚੁਰ ਵਿੱਚ ਧੁੱਖਦੇ ਇੱਕ ਮੁੱਚਰ ਨੂੰ ਚੱਕ ਕੇ ਫੂਕ ਮਾਰ ਕੇ, ਅੰਗਿਆਰ ਭਖਾ ਕੇ ਵੇਖਿਆ, ਤੇ ਚੋਗਾ ਚੁਗੀ ਜਾਂਦੇ ਜਨੌਰਾਂ ਓਤਦੀ ਨੰਗੇ ਪੈਰੀਂ ਲੰਘੀ, ਕਿਤੇ ਚੱਪਲਾਂ ਦੀ 'ਖੜੈਂ-ਖੜੈਂ" ਸੁਣ ਕੇ ਉਹ ਉੱਡ ਨਾ ਜਾਣ, ਤੇ ਅਜੈਵ ਕੋਲ ਆ ਗਈ।
ਪੈਰਾਂ ਦੀ ਧਮਕਾਰ ਸੁਣ ਦੇ ਜਨੌਰ ਉੱਡ ਕੇ ਸਵਾਤ ਦੇ ਬਨੇਰਿਆਂ ਤੇ ਬਹਿ ਗਏ, ਤੇ ਫੇਰ ਬਿੰਦ ਵਿੱਚ ਈ ਹੇਠਾਂ ਚੋਗ ਚੁਗਣ ਲੱਗੇ। ਅਜੈਵ ਨੇ ਕੰਨ ਵਿੱਚ ਅੜੁੰਗੀ ਅੱਧ-ਪੀਤੀ ਬੀੜੀ ਕੱਢ ਕੇ ਦੰਦਾਂ ਵਿੱਚ ਸੰਭਾਲ ਲਈ ਤੇ ਮੁੱਚਰ ਤੇ ਫੂਕ ਮਾਰ ਸਵਾਹ ਝਾੜੀ। ਦੋਏ ਅੱਖਾਂ ਸਿਕੋੜ ਕੇ ਉੱਤੇ ਬੀੜ੍ਹੀ ਘਸਾ ਕੇ ਸੂਟਾ ਮਾਰਿਆ। ਕੌੜੇ ਧੂੰਏਂ ਅਤੇ ਬੀੜ੍ਹੀ ਲਾਉਣ ਵੇਲੇ ਪੈਂਦੇ ਅੱਗ ਦੇ ਸੇਕ ਨਾਲ ਅੱਖਾਂ ਦੀਆਂ ਸੇਲ੍ਹੀਆਂ ਤੇ ਮੁੱਛਾਂ ਵੀ ਭੂਰ ਹੋ ਗਈਆਂ ਸੀ। ਫੇਰ ਮੇਮਣੇ ਦੇ ਕੀਤੇ ਜਾ ਰਹੇ ਪਿਸ਼ਾਬ ਵਿੱਚ ਮੁੱਚਰ ਕਰਕੇ ਬੁਝਾ ਲਿਆ।
ਬਲੌਰੇ ਨੇ ਛਾਤੀ ਦੇ ਮਾਸ ਦੀ ਵੱਡੀ ਚੂੰਡੀ ਭਰ ਕੇ ਮਸਲੀ। ਮਾਸ ਰੱਤਾ- ਥੇਹ ਹੋ ਗਿਆ। ਖੱਬਲ ਦੀਆਂ ਤਿੜਾਂ ਜਿਹੇ ਦੋ ਵਾਲ ਪੱਟ ਕੇ ਹੱਥ ਵਿੱਚ ਆ ਗਏ। ਦੋਵੇਂ ਪਿਉ-ਪੁੱਤਾਂ ਦੀਆਂ ਅੱਖਾਂ ਆਪਸ ਵਿੱਚ ਲੜਾਕੂ ਕੁੱਕੜਾਂ ਦੀ ਤਰ੍ਹਾਂ ਭਿੱੜੀਆਂ ਤਾਂ ਅਜੈਵ ਨੇ ਕਾਅਲੀ ਨਾਲ ਲੰਮੇ ਸੂਟੇ ਖਿੱਚੇ ਤੇ ਪਾਵੇ ਨਾਲ ਬੀੜੀ ਘਸਾ ਕੇ ਬੁਝਾ ਦਿੱਤੀ। ਡਰਦੇ ਨੇ ਹਿੱਕ ਵਿੱਚੋਂ ਧੂੰਆਂ ਵੀ ਬਾਹਰ ਨਹੀਂ ਕੱਢਿਆ। ਖੰਘ ਛਿੜ ਪਈ ਤਾਂ ਪਰੇ ਮੂੰਹ ਭੰਵਾ ਲਿਆ।
'ਥੂ' ਬਲੌਰੇ ਨੇ ਥੁੱਕ ਦਿੱਤਾ ਤਾਂ ਅਜੈਵ ਨੂੰ ਥੋੜ੍ਹਾ ਜੇਰਾ ਹੋ ਗਿਆ। ਹੁਣ ਨਹੀਂ ਉਸ ਕੁਸ਼ ਕਰਦਾ। ਉਹਨੂੰ ਆਪਣੇ ਲਹੂ ਤੇ ਘੁਮੰਡ ਸੀ। ਥੁੱਕਣ ਦੀ ਆਦਤ ਜਵਾਂ ਈ ਉਹਦੇ ਆਪ ਤੇ ਗਈ ਸੀ। ਜਵਾਨੀ ਦੇ ਸਿਖ਼ਰ ਵਿੱਚ ਜਦੋਂ ਉਹ ਕਿਸੇ ਦੇ ਵਿਆਹ-ਮੰਗਣੇ ਦੇ ਮੌਕੇ ਤੇ ਦਾਰੂ ਨਾਲ ਡੱਕ ਕੇ ਆਉਂਦਾ ਹੁੰਦਾ ਸੀ, ਤਾਂ ਕਦੇ ਡੋਲਾ ਖਾ ਕੇ ਕੰਧ ਦੇ ਖੱਬੇ ਬੰਨੇ ਨਾਲ ਜਾ ਖਹਿੰਦਾ, ਕਦੇ ਸੱਜੇ ਬੰਨ੍ਹੇ ਨਾਲ। ਇੰਜ ਕੰਧਾਂ ਨਾਲ ਖਹਿਣ ਕਰ ਕੇ ਉਹਦੇ ਮੋਢਿਆਂ ਤੇ ਇੱਟਾਂ ਦੀ ਕੇਰੀ ਲੱਗ ਜਾਂਦੀ। ਸਮੇ ਤੋਂ ਪਹਿਲਾਂ ਈ ਕੁੜਤੇ ਮੋਢਿਆਂ ਤੋਂ ਘਸ-ਘਸ ਕੇ ਪਾਟ ਜਾਂਦੇ। ਪਰ ਗਲੀ ਚੋਂ ਉਹਦੀ ਕਾਂ-ਰੌਲੀ ਸੁਣ ਕੇ ਨਸੀਬੋ ਦੇ ਅਸਾਉਣ ਹੀ ਮਾਰੇ ਜਾਂਦੇ। ਡਰ ਨਾਲ ਪੁਰਾਣੀ ਸੱਟ ਦੀਆਂ ਸੱਟਾਂ ਵੀ ਚੱਸਕਣ ਲੱਗ ਪੈਂਦੀਆਂ।
ਘਰ ਆ ਕੇ ਮੋਢਿਆਂ 'ਤੇ ਫੂਕ ਮਾਰ ਕੇ ਲੱਗੀ ਕੇਰੀ ਝਾੜਦਾ ਤੇ ਨਸੀਬੋ ਨੂੰ ਪੱਜ ਨਾਲ ਈ ਕੁੱਟਣ ਲੱਗ ਪੈਂਦਾ। ਓਨਾ ਚਿਰ ਕੁੱਟੀ ਜਾਂਦਾ, ਜਿੰਨਾ ਚਿਰ ਥੁੱਕ ਨਹੀਂ ਸੀ ਦਿੰਦਾ। ਥੁੱਕਣ ਤੋਂ ਬਾਦ ਭਾਂਵੇ ਨਸੀਬੋ ਦਿਲ ਖੋਲ੍ਹ ਕੇ ਗਾਲ੍ਹਾਂ ਕੱਢੀ ਜਾਂਦੀ, ਉਹ ਸੁਸਰੀ ਬਣ ਕੇ ਸੌਂ ਜਾਂਦਾ। ਸਾਰੀ ਰਾਤ, ‘ਹਾਏ ਬੂ..ਵੇ.’ ਪੀੜ੍ਹ ਨਾਲ ਕੁਰਲਾਈ ਜਾਂਦੀ ਤਾਂ ਆਪ ਹੀ ਅਜੈਵ ਉਠ ਕੇ, ਜਦੋਂ ਉਹਦੀ ਪੀਤੀ ਲੱਥ ਜਾਂਦੀ, ਕੋਰੇ ਤੌੜੇ ਵਿੱਚੋਂ ਪਾਣੀ ਦੀ ਕੌਲੀ ਭਰ ਕੇ ਲੈ ਆਉਂਦਾ।
‘ਉਠ, ਹੋ-ਖਾਂ ਭੋਰਾ-ਕੁ ਕਰੜੀ, ਪੀ ਪਾਣੀ ਦਾ ਘੁੱਟ’ ਉਹ ਸਿਰਹਾਣੇ ਵਾਲੇ ਪਾਸੇ ਖੜ ਕੇ ਕਹਿੰਦਾਂ, ਕਦੇ ਪੈਰਾਂ ਵਾਲੇ ਬੰਨੇ ਨਹੀਂ ਸੀ ਖੜ੍ਹਿਆ। ਕੌਲੀ ਨੂੰ ਦੋਵੇਂ ਹੱਥਾਂ ਵਿੱਚ ਫੜ੍ਹ ਕੇ ਪਾਣੀ ਪੀਂਦੀ। ਪੀੜ੍ਹ ਨਾਲ ਦੰਦ-ਕੜਿੱਕਾ ਵੱਜ ਰਿਹਾ ਹੁੰਦਾ। ਅੱਧਾ ਪਾਣੀ ਗਲਾਂਵੇ ਵਿਚ ਡੁੱਲ੍ਹ ਜਾਂਦਾ। ਥੋੜ੍ਹਾ ਘਣਾ ਪੀਤਾ ਜਾਂਦਾ ਤੇ ਬਾਕੀ ਉਂਵੇਂ ਦਾ ਉਵੇਂ ਈ ਵਿੱਚ ਰਹਿ ਜਾਂਦਾ।
‘ਆਖੇਂ ਤਾਂ ਫੁਲੇਲ ਨੂੰ ਬੁਲਾ ਕੇ ਲਿਆਵਾਂ, ਕਸੂਤੀ ਤਾਂ ਨੀ ਠੁਕ-ਗੀ ਸੌਰੇ ਦੀਏ...!’ ਉਹ ਪੂਰੇ ਸੰਨਸੇ ਵਿੱਚ ਪਿੰਜ ਜਾਂਦਾ। ਹੱਥ ਨਾਲ ਅੰਗ-ਪੈਰ ਟੋਹ ਕੇ ਡੂੰਘੀ ਸੱਟ ਦੀ ਨਿਰਖ਼ ਕਰਨ ਦੀ ਕੋਸ਼ਿਸ਼ ਕਰਦਾ, ਤਾਂ..
‘ਨਾ ਵੇ ਭੈੜਿਆ' ਨਸੀਬੋਂ ਅੱਖਾਂ ਵਿੱਚ ਸਿੰਮੇ ਪਾਣੀ ਨੂੰ ਕੋਇਆਂ ਵਿੱਚ ਸੋਕਦੀ ਹੋਈ ਮੰਜੇ ਤੇ ਵੱਖੀ ਨਾਲ ਗੋਢੇ ਲਾ ਕੇ ਪੈ ਜਾਂਦੀ । ਕਚੀਚੀ ਲੈ ਕੇ ਚੀਸ ਠਾਰ ਦੀ ਬੋਲਦੀ, ‘ਤੇਰੀ ਤਾਂ ਕੋੜਿਆ ਦਾਰੂ ਪੀਣੀ ਬਾਲੀ ਮਾੜੀ ਐ, ਹਏ, ਵੇਖ ਝਾਕ ਕੇ ਮਾਰ ਲਿਆ ਕਰ, ਹਏ.. ਹਏ.. ਮੈਂ ਕੇੜ੍ਹਾ ਤੇਰੀ ਬਾਂਹ ਫੜ੍ਹਦੀ ਆਂ, ਜੇ ਐਵੇਂ ਪੁੱਠੀ- ਸਿੱਧੀ ਵੱਜ-ਗੀ ਫੇਰ ਕਿੱਥੇ ਚੱਕੀ ਫਿਰੇਂ-ਗਾ...’।
‘ਲਿਆਵਾਂ..’ ਅਜੈਵ ਨੂੰ ਉਹਦੀ ਬੁਰੀ ਹਾਲਤ ਵੇਖ ਕੇ ਹੇਜ ਆਉਣ ਲੱਗ ਪੈਂਦਾ ਤੇ ਨਾਲ ਹੀ ਦੋਏ ਬੁੱਲ੍ਹ ਘੁੱਟੇ ਜਾਂਦੇ, ਜਿਵੇਂ ਇਉ ਕਰਨ ਨਾਲ ਉਹਦੀ ਪੀੜ੍ਹ ਘੱਟ ਹੁੰਦੀ ਹੋਵੇ।
‘ਰੈਣ੍ਹ ਦੇ ਪੈਜਾ ਜਕ ਨਾਲ, ਇੱਕ ਪਹਿਰ ਰਹਿ ਗਿਐ ਕੱਢ ਲੂ-ਗੀ, ਕਾਹਨੂੰ ਕਿਸੇ ਸੁੱਤੇ ਜੀਅ ਨੂੰ ਅਠਾ ਕੇ ਪਾਪ ਲੈਣਾ, ਦੀਵਾ ਬਾਲ ਦੇ ਕੋਲ’ ਅਜੈਵ ਸਵਾਤ ਦੇ ਆਲ਼ੇ ਵਿੱਚ ਪਏ ਦੀਵੇ ਵਿੱਚ ਕਾਫੀ-ਸਾਰਾ, ਸਰ੍ਹੋਂ ਦਾ ਤੇਲ ਪਾਉਂਦਾ, ਤਾਂ ਜੋ ਦੀਵਾ ਰਾਤ ਤੀਕ ਬਲਦਾ ਰਹੇ, ਉਹਦੇ ਮੰਜੇ ਕੋਲ ਇੱਟ ਤੇ ਧਰ ਕੇ ਚਲਾ ਜਾਂਦਾ।
ਨਸੀਬੋ ਵੱਖੀ ਨਾਲ ਗੋਢੇ ਲਾ ਕੇ ਦੀਵੇ ਦੀ ਲੋਅ ਵੱਲ ਨੀਝ ਬੰਨ੍ਹ ਕੇ ਝਾਕੀ ਜਾਂਦੀ। ਹਵਾ ਨਾਲ ਕੰਬ ਕੇ ਲਾਟ ਦੁਸਾਂਗੀ ਹੁੰਦੀ ਤਾਂ ਉਹ ਬਾਂਹ ਲੰਬੀ ਕਰਕੇ, ਹੱਥ ਦੀ ਓਟ ਕਰ ਲੈਂਦੀ। ਲਾਟ ਫੇਰ ਅਡੋਲ ਦੋ ਚਾਪਾਂ ਉੱਚੀ ਹੋ ਕੇ ਭਖ਼ਣ ਲੱਗ ਪੈਂਦੀ। ਦੀਵੇ ਨੂੰ ਵਗਦੀ ਹਵਾ ਤੋਂ ਬਚਾਉਣ ਦੀ ਰੀਝ ਨਾਲ ਉਹ ਪੀੜ੍ਹ ਨਾਲ ਭੁੱਲ ਜਾਂਦੀ ਤੇ ਫੇਰ ਆਪ ਈ ਅਰਾਮ ਨਾਲ ਸੌਂ ਜਾਂਦੀ।
ਪਰ ਹੁਣ,
ਜਾਣੀ ਅੱਜ...!