3.
ਇਤਿਹਾਸ ਘੋਖਿਆਂ ਮੂੰਹ ਪੈਂਦੀ ਹੈ ਕਿ ਅਜਮੇਰ ਚੰਦ ਕਹਿਲੂਰੀ ਰਾਜੇ ਤੇ ਹੋਰਾਂ ਨੇ ਗੁੱਝਾ ਮਤਾ ਮਤਾਇਆ ਕਿ ਭੰਗਾਣੀ ਜੁੱਧ ਕਰਕੇ ਹਾਰ ਖਾ ਕੇ ਅਸੀਂ ਗੁਰੂ ਦੀ ਤਾਕਤ ਦੇਖ ਚੁਕੇ ਹਾਂ, ਅਲਫ ਖਾਂ ਦੇ ਜੁੱਧ ਵਿਚ ਗੁਰੂ ਜੀ ਨੂੰ ਆਪਣੀ ਕੁਮਕ ਤੇ ਸੱਦਕੇ ਉਸ ਤੁਰਕ ਜੋਧੇ ਦੀ ਹਾਰ ਵਿਚ ਗੁਰੂ ਕੀ ਤਾਕਤ ਪਰਖ ਚੁਕੇ ਹਾਂ। ਸਾਹਮਣੇ ਹੋ ਕੇ ਲੜਨਾ ਖਤਰੇ ਵਾਲਾ ਹੈ ਤੇ ਗੁਰੂ ਕੀ ਤਾਕਤ ਨੂੰ ਵਧਦੇ ਜਾਣ ਦੇਣਾ ਠੀਕ ਨਹੀਂ; ਇਸ ਕਰਕੇ ਕੋਈ ਦਾਉ ਘਾਉ ਕਰਨਾ ਚਾਹੀਏ। ਉਹ ਦਾਉ ਘਾਉ ਇਸ ਪ੍ਰਕਾਰ ਦਾ ਸੀ ਕਿ ਆਪਣੇ ਪਿੰਡਾਂ ਦੀ ਰਖਵਾਲੀ ਲਈ ਕਿਤੇ ਕਿਤੇ ਕੁਛ ਸਿਪਾਹੀ ਛੋੜੇ ਸਨ। ਹੁਣ ਗਹਬਰ ਬਨ ਵਿਚ ਕੁਝ ਲੁਕ-ਥਾਵਾਂ ਬਣਾਈਆਂ ਕਿ ਜਿੱਥੇ ਕੁਛ ਫੌਜ ਤੇ ਉਹਨਾਂ ਪਰ ਵੱਡੇ ਹੁੱਦੇਦਾਰ ਰਹਿਣ ਤੇ ਬਨਾਂ ਦੀ ਸੂੰਹ ਰੱਖਣ। ਜਦ ਕਦੇ ਗੁਰੂ ਜੀ ਸ਼ਿਕਾਰ ਕਰਦੇ ਕਿਸੇ ਸੱਟ ਪੈ ਸਕਣ ਦੇ ਟਿਕਾਣੇ ਹੇਠ ਆ ਜਾਣ ਤਾਂ ਅਚਾਨਕ ਪੈ ਕੇ ਕੱਟ ਵੱਢ ਕਰ ਦਿੱਤੀ ਜਾਵੇ। ਇਹ ਵਿਚਾਰਕੇ ਇਕ ਐਸਾ ਟਿਕਾਣਾ ਮਿਥ ਕੇ ਉਸ ਨੂੰ ਮਾਨੋਂ ਗੁਪਤ ਛਾਵਣੀ ਬਨਾ ਲਿਆ, ਹੋਰ ਛੋਟੇ ਛੋਟੇ ਟਿਕਾਣੇ ਵੀ ਲੁਕਵੇਂ ਬਣਾਏ ਤੇ ਘਾਤ ਵਿਚ ਰਹਿਣ ਲਗੇ।
ਇਹ ਅਸੀਂ ਪਿੱਛੇ ਦੱਸ ਆਏ ਹਾਂ ਕਿ ਅਜਮੇਰ ਚੰਦ ਨੇ ਪੰਮੇ ਨੂੰ ਭੇਜਕੇ ਇਹ ਸੁਲਹ ਸਾਲਸੀ ਦੀ ਗੱਲ ਛੇੜੀ ਸੀ ਕਿ ਗੁਰੂ ਜੀ ਸਿੱਖਾਂ ਨੂੰ ਵਰਜ ਦੇਣ ਕਿ ਸਾਡੇ ਪਿੰਡਾਂ ਵਿਚੋਂ ਦਾਣਾ ਘਾਹ ਅੰਨ ਲਈ ਸਖ਼ਤੀ ਨਾ ਕਰਿਆ ਕਰਨ। ਇਹ ਮਾਨੋਂ ਇਕ ਦਿਖਾਵਾ ਸੀ ਪੜਦਾ ਪਾਉਣ ਦਾ।
ਇਕ ਦਿਨ ਸ੍ਰੀ ਗੁਰੂ ਜੀ ਸਭਾ ਲਾਈ ਬੈਠੇ ਸਨ। ਆਨਿ ਖਾਲਸੇ ਦਰਸ਼ਨ ਕੀਨਾ। ਕਰ ਬੰਦਨ ਢਿਗ ਬੈਠਿ ਪ੍ਰਬੀਨਾ। ਗਰਜ ਗਰਜ ਕਰ ਫਤੇ ਬੁਲਾਵੈਂ। ਸ਼ਸਤ੍ਰਨਿ ਸਹਤ ਬੈਸਿ ਦੁਤਿਪਾਵੇਂ। (ਸੂ ਪੁ:)
ਇਸ ਵੇਲੇ ਰਾਜਿਆਂ ਦੇ ਪ੍ਰਸੰਗ ਚੱਲ ਪਏ। ਕਿਸੇ ਨੇ ਦੱਸਿਆ ਕਿ ਪਾਤਸ਼ਾਹ ਹੁਣ ਉਹਨਾਂ ਘਾਤ ਲਾਈ ਹੈ, ਗਹਿਬਰ ਬਨਾਂ ਵਿਚ ਛੁਪ ਬੈਠੇ ਹਨ। ਕਈ 'ਲੁਕ ਥਾਉਂ ਬਣਾਏ ਨੇ। ਆਪੋ ਵਿਚ ਬੈਠਦੇ ਹਨ ਤਾਂ ਬੜੇ ਗਰਬ ਨਾਲ ਡੀਂਗਾ ਮਾਰਦੇ ਹਨ ਕਿ ਜੇ ਕਿਤੇ ਕਿਸੇ ਬਨ ਵਿਚ ਗੁਰੂ ਜੀ ਹੱਥ ਚੜ੍ਹ ਗਏ ਤਾਂ ਪਤਾ ਦਿਆਂਗੇ ਕਿ ਸਾਡੇ ਵਿਚ ਕਿੰਨੀ ਕੁ ਤਾਕਤ