ਬੰਤੋ
ਸੰਤਰੇਨ ਸਿੰਘ
ਮੁਖ-ਬੰਧ
ਨਾਟਕ ਹਿੰਦੁਸਤਾਨ ਲਈ ਕੋਈ ਨਵੀਂ ਚੀਜ਼ ਨਹੀਂ । ਹਿੰਦੁਸਤਾਨੀ ਚਿਰਾਂ ਤੋਂ ਸਾਹਿਤ ਦੇ ਇਸ ਅੰਗ ਤੋਂ ਜਾਣੂ ਹਨ। ਮਸੀਹ ਤੋਂ ਕਈ ਸਾਲ ਪਹਿਲਾਂ ਜਦ ਸਿਵਾਏ ਯੂਨਾਨ ਦੇ ਸਾਰੇ ਮੁਲਕ ਜਹਾਲਤ ਦੇ ਹਨੇਰੇ ਵਿਚ ਟਟੋਲੇ ਦੇ ਰਹੇ ਸਨ, ਲੱਖਾਂ ਹਿੰਦੁਸਤਾਨੀ ਕਾਲੀਦਾਸ ਦੇ ਨਾਟਕਾਂ ਨੂੰ ਖੇਡਦੇ ਤੇ ਪੜ੍ਹਦੇ ਸਨ। ਕਾਲੀਦਾਸ ਦੇ ਮਗਰੋਂ ਵੀ ਇਸ ਕਲਾ ਉਤੇ ਹਿੰਦੁਸਤਾਨ ਦੇ ਚੋਟੀ ਦੇ ਨਾਟਕ ਕਾਰਾਂ ਦਾ ਆਰਟ ਖਰਚ ਹੁੰਦਾ ਰਿਹਾ ਹੈ। ਪਰ ਹੌਲੀ ਹੌਲੀ ਵਧਦੀ ਗੁਲਾਮੀ ਨੇ ਹਿੰਦੁਸਤਾਨੀਆਂ ਤੋਂ ਉਹ ਵੇਹਲ ਖੋਹ ਲਈ ਜਿਸ ਵਿਚ ਨਾਟਕ ਯਾ ਹੋਰ ਕੋਈ ਕਲਾ ਪ੍ਰਫੁਲਤ ਹੋ ਸਕਦੀ ਹੈ । ਮੁਗ਼ਲਾਂ ਦੇ ਰਾਜ ਵਿਚ ਤਾਂ ਇਹ ਕਲਾ ਬਿਲਕੁਲ ਹੀ ਅਲੋਪ ਹੋ ਗਈ ਜਾਪਦੀ ਹੈ।
ਮੁਸਲਮਾਣਾਂ ਤੋਂ ਪਹਿਲੋਂ ਆਏ ਲਗ ਪਗ ਸਾਰੇ ਹਮਲਾਵਰਾਂ ਨੂੰ ਹਿੰਦੂਆਂ ਨੇ ਅਪਣੇ ਵਿਚ ਲੀਨ ਕਰ ਲਿਆ ਸੀ। ਪਰ ਮੁਸਲਮਾਨੀ ਧਰਮ ਤੇ ਸਭਿਤਾ ਦੀ ਸ਼ਖ਼ਸੀਅਤ ਹਿੰਦੂਆਂ ਤੋਂ ਏਨੀ ਅਡਰੀ ਸੀ ਕਿ ਉਹ ਇਨ੍ਹਾਂ ਵਿਚ ਨਾ ਸਮਾ ਸਕੇ । ਇਸ ਲਈ ਹਿੰਦੂਆਂ ਵਿਚੋਂ ਬਹੁਤੇ ਤਾਂ ਫਾਰਸੀ ਸਾਹਿਤ ਹੀ ਪੜ੍ਹਨ ਲਿਖਣ ਲਗ ਪਏ । ਪਰ ਜਿਨ੍ਹਾਂ ਵਿਚ ਅਜੇ ਕੁਝ ਕਣੀ ਬਾਕੀ ਸੀ ਉਨ੍ਹਾਂ ਨੂੰ ਹਿੰਦੂ-ਧਰਮ ਨੂੰ ਬਚਾਉਣ ਦੇ ਉਪਰਾਲਿਆਂ ਵਿਚ ਰੁਝਣਾ ਪਿਆ, ਤੇ ਰਹਿੰਦੇ ਖੂੰਹਦੇ ਹਿੰਦੁਸਤਾਨੀ ਕਲਾਕਾਰ
(ਅ)
ਸਿਵਾਏ ਬੀਰ ਰਸ ਦੀਆਂ ਵਾਰਾਂ ਲਿਖਣ ਵਾਲੇ ਭੱਟਾਂ ਦੇ, ਸ਼ਿੰਗਾਰ ਰਸ ਦੀ ਘੋਰ ਜਿਲ੍ਹਣ ਵਿਚ ਖੁਭ ਗਏ ਜਿਸ ਵਿਚ ਆਮ ਤੌਰ ਤੇ ਗ਼ੁਲਾਮ ਮੁਲਕਾਂ ਦੇ ਕਲਾਕਾਰ ਡਿਗ ਜਾਇਆ ਕਰਦੇ ਹਨ।
ਸੋ ਇਸ ਤਰ੍ਹਾਂ ਨਾਲ ਸਾਡੇ ਵਤਨੀ ਨਾਟਕ ਕਲਾਂ ਨੂੰ ਲਗ ਪਗ ਭੁਲਾ ਚੁਕੇ ਸਨ । ਪਰ ਅੰਗ੍ਰੇਜ਼ਾਂ ਦੇ ਹਿੰਦੁਸਤਾਨ ਵਿਚ ਆਉਣ ਨਾਲ ਅਤੇ ਪਛਮੀ ਤਹਿਜ਼ੀਬ ਤੇ ਸਾਹਿਤ ਦਾ ਜਿਲਾ ਫਿਰਨ ਨਾਲ ਸਾਡੀਆਂ ਜ਼ੰਗਾਰੀਆਂ ਸਾਹਿਤਕ ਰੁਚੀਆਂ ਫਿਰ ਚਮਕ ਉਠੀਆਂ ਹਨ। ਨਾਲੇ ਲੋਕਾਂ ਨੂੰ ਧਰਮ ਦੇ ਤਬਾਹ ਹੋ ਜਾਣ ਦਾ ਵੀ ਅਜ ਕਲ ਬਹੁਤਾ ਡਰ ਨਹੀਂ । ਇਸ ਲਈ ਲੋਕਾਂ ਨੂੰ ਫਿਰ ਕੁਝ ਵੇਹਲ ਜਹੀ ਮਿਲ ਗਈ ਹੈ ਅਤੇ ਹੌਲੀ ਹੌਲੀ ਹਿੰਦੁਸਤਾਨ ਦੀਆਂ ਸਭ ਪ੍ਰਾਂਤਕ ਬੋਲੀਆਂ ਵਿਚ ਹਰ ਪਰਕਾਰ ਦਾ ਸਾਹਿਤ ਕਰੂੰਬਲਾਂ ਕੱਢਣ ਲਗ ਪਿਆ ਹੈ।
ਪੰਜਾਬੀ ਵਿਚ ਵੀ ਨਵਾਂ ਸਾਹਿਤ ਲਿਖਿਆ ਜਾ ਰਿਹਾ ਹੈ। ਭਾਵੇਂ ਨਾਟਕ ਵਲ ਅਜੇ ਲੋਕਾਂ ਦੀ ਰੁਚੀ ਘਟ ਹੈ ਫਿਰ ਵੀ ਦੋ ਚਾਰ ਕੰਮ ਦੇ ਡਰਾਮੇ ਪੰਜਾਬੀ ਵਿਚ ਲਿਖੇ ਜਾ ਚੁਕੇ ਹਨ ਤੇ ਉਨ੍ਹਾਂ ਵਿਚੋਂ ਕਈ ਇਤਿਹਾਸਕ ਹਨ ਜਿਵੇਂ ਮਹਾਰਾਜਾ ਰੰਜੀਤ ਸਿੰਘ ਤੇ ਰਾਜਾ ਪੋਰਸ, ਕਈ ਸਮਾਜਕ ਹਨ ਜਿਵੇਂ ਸੁਭਦਰਾ ਤੇ ਸ਼ਾਮੂ ਸ਼ਾਹ। ਪਰ ਸੰਤਰੇਨ ਸਿੰਘ ਦਾ ਲਿਖਿਆ ਤੁਹਾਡੇ ਹਥ ਵਿਚਲਾ ਡਰਾਮਾ ਇਕ ਵਖਰੀ ਹੀ ਵਿਉਂਤ ਦਾ ਹੈ। ਨਾ ਹੀ ਇਸ ਵਿਚ ਕੋਈ ਇਤਿਹਾਸ ਤੇ ਨਾ ਹੀ ਸੂਦ ਖੋਰੀ ਯਾ ਵਿਧਵਾ
(ੲ)
ਵਿਆਹ ਵਰਗੀ ਕਿਸੇ ਸਮਾਜਕ ਗੁੰਝਲ ਨੂੰ ਸੁਲਝਾਇਆ ਗਿਆ ਹੈ। ਇਹ ਜੀਵਨ ਦੀ ਅਤੁਟ ਚਲ ਰਹੀ ਰੌ ਵਿਚੋਂ ਇਕ ਨਿਕੀ ਜਹੀ ਲਹਿਰ ਹੈ । ਸੰਤਰੇਨ ਸਿੰਘ ਜੀ ਮਾਝੇ ਦੇ ਵਸਨੀਕ ਹਨ ਅਤੇ ਸਿੱਧੇ ਉਨ੍ਹਾਂ ਪੇਂਡੂ ਲੋਕਾਂ ਤੋਂ ਆਏ ਹਨ ਜਿਨ੍ਹਾਂ ਦੇ ਜੀਵਨ ਦੀ ਇਕ ਝਲਕ ਉਨ੍ਹਾਂ ਸਾਨੂੰ ਇਸ ਨਾਟਕ ਵਿਚ ਵਿਖਾਈ ਹੈ। ਇਸ ਡਰਾਮੇ ਦੇ ਪਾਤਰ ਧਰਤੀ ਦੇ ਬਹੁਤ ਨੇੜੇ ਹੋਣ ਕਰ ਕੇ ਬੜੇ ਨਿਸੰਗ ਤੇ ਖੁਲ੍ਹੇ ਡੁਲ੍ਹੇ ਜਹੇ ਲੋਕ ਹਨ। ਸਾਫ਼-ਦਿਲ ਹੋਣ ਕਰ ਕੇ ਉਨ੍ਹਾਂ ਦੇ ਦਮਾਗ਼ਾਂ ਵਿਚ ਸ਼ਹਿਰੀਆਂ ਵਾਂਗ ਕੋਈ ਮਾਨਸਿਕ ਗੁੰਝਲਾਂ (Complexes) ਨਹੀਂ ਬਣੀਆਂ, ਉਹ ਭਰ ਕੇ ਹੱਸਣ ਵਾਲੇ ਤੇ ਇਕ ਲਹੂ ਨਾਲ ਡਕ ਡਕ ਭਰੇ ਜਾਨਵਰ ਵਾਂਗ ਪਿਆਰ ਤੇ ਲੜਾਈ ਕਰਨ ਵਾਲੇ ਲੋਕ ਹਨ। ਉਹ ਸ਼ਹਿਰੀਆਂ ਦੇ ਅਖੌਤੀ ਮਹਜ਼ਬ ਲੋਕਾਂ ਵਾਂਗ ਅਪਣੇ ਕਾਰਿਆਂ ਉਤੇ ਪਰਦੇ ਪਾਉਣੇ ਨਹੀਂ ਜਾਣਦੇ। ਜੋ ਕੁਝ ਕਰਦੇ ਹਨ ਖੁਲ੍ਹਮ ਖੁਲ੍ਹਾ ਕਰਦੇ ਹਨ। ਇਸ ਲਈ ਹੋ ਸਕਦਾ ਹੈ ਕਿ ਸ਼ਹਿਰਾਂ ਦੇ ਸਾਊਆਂ ਨੂੰ, ਧਰਤੀ ਤੋਂ ਰਤਾ ਉਚਿਆਂ ਰਹਿਣ ਕਰ ਕੇ, ਇਹ ਨਾਵਲ ਜ਼ਰਾ ਅਧਨੰਗਾ ਜਿਹਾ ਜਾਪੇ।
ਨਾਟਕ ਦੀ ਕਹਾਣੀ ਇਉਂ ਹੈ ਕਿ ਮੱਦੂਛਾਂਗੇ ਪਿੰਡ ਦੇ ਕੁਝ ਮੁੰਡੇ ਚੰਨਣ, ਅਰਜਣ, ਨਾਜਰ, ਮਹਿੰਗਾ, ਹਰੀਆ ਆਦਿ ਬੰਤੋ ਨਾਂ ਦੀ ਇਕ ਮੁਟਿਆਰ ਨੂੰ ਕਢ ਲਿਆਉਂਦੇ ਹਨ । ਮਾਹੀ ਸੁਰਜੂ ਤੇ ਕੇਸਰ ਲਾਗਲੇ ਪਿੰਡ ਦੇ ਤਿੰਨ ਹੋਰ ਮੁੰਡੇ ਵੀ ਇਸ ਕੰਮ ਵਿਚ ਉਨ੍ਹਾਂ ਨਾਲ ਸ਼ਾਮਲ ਹਨ। ਉਨ੍ਹਾਂ ਦੀ ਨੀਯਤ ਇਹ
(ਸ)
ਸੀ ਕਿ ਉਹਨੂੰ ਵੇਚ ਕੇ ਪੈਸੇ ਵੰਡ ਲੈਣ ਗੇ। ਪਰ ਬੰਤੋ ਦਾ ਚੰਨਣ ਨਾਲ ਪਿਆਰ ਹੋ ਜਾਂਦਾ ਹੈ; ਇਹ ਸਾਰੇ ਉਹਨੂੰ ਚੰਨਣ ਦੇ ਘਰ ਬਹਾ ਦੇਂਦੇ ਹਨ । ਕੋਈ ਦਸਾਂ ਪੰਦਰਾਂ ਦਿਨਾਂ ਮਗਰੋਂ ਮਾਹੀ ਤੇ ਉਹਦੇ ਜੋਟੀਦਾਰਾਂ ਦੀ ਨੀਯਤ ਖਰਾਬ ਹੋ ਜਾਂਦੀ ਹੈ ਅਤੇ ਉਹ ਧੋਖੇ ਨਾਲ ਬੰਤੋ ਨੂੰ ਚੰਨਣ ਦੇ ਘਰੋਂ ਕਢ ਕੇ ਲੈ ਜਾਂਦੇ ਹਨ। ਚੰਨਣ ਬੜਾ ਉਦਾਸ ਤੇ ਬੇਚੈਨ ਰਹਿੰਦਾ ਹੈ । ਏਨੇ ਚਿਰ ਨੂੰ ਚੰਨਣ ਦਾ ਜੋਟੀਦਾਰ ਨੱਥੂ ਜੋ ਮਾਹੀ ਦੇ ਪਿੰਡ ਇਕ ਜਨੇਤ ਨਾਲ ਜਾਂਦਾ ਹੈ ਖ਼ਬਰ ਲਿਆਉਂਦਾ ਹੈ ਕਿ ਮਾਹੀ ਉਣੀ ਏਸ ਮਸਿਆ ਉਤੇ ਬੰਤੋ ਨੂੰ ਵੇਚਣ ਲਈ ਤਰਨ ਤਾਰਨ ਜਾ ਰਹੇ ਹਨ। ਚੰਨਣ ਦੀ ਟੋਲੀ ਵੀ ਤਿਆਰ ਹੋ ਕੇ ਤਰਨ ਤਾਰਨ ਜਾ ਅਪਣਦੀ ਹੈ। ਉਥੇ ਦੋਹਾਂ ਜੋਟੀਆਂ ਦਾ ਟਾਕਰਾ ਹੋ ਜਾਂਦਾ ਹੈ ਅਤੇ ਲੜਦਿਆਂ ਲੜਦਿਆਂ ਚੰਨਣ ਬੰਤੋ ਨੂੰ ਘੋੜੀ ਤੇ ਸੁਟ ਕੇ ਪਿੰਡ ਆ ਸਿਰਾ ਕਢਦਾ ਹੈ।
ਭਾਵੇਂ ਨਾਟਕ ਦਾ ਅਸਲੀ ਮੰਤਵ ਪੇਡੂੰ ਜੀਵਨ ਦਾ ਉਤੇ ਦਸਿਆ ਪਹਿਲੂ ਵਿਖਾਉਣਾ ਹੀ ਸੀ, ਫਿਰ ਵੀ ਨਾਟਕਕਾਰ ਲਗਦੇ ਹਥ ਭਾਈਆਂ ਦੀ ਅਨਪੜ੍ਹਤਾ, ਧਾਰਮਕ ਆਗੂਆਂ ਦੀ ਥੁੜ-ਅਕਲੀ ਤੇ ਪ੍ਰਚਾਰਕਾਂ ਦੀ ਕੁਚੱਜਤਾ ਨੂੰ ਹਾਸੇ ਹਾਸੇ ਵਿਚ ਹੀ ਦਸ ਗਿਆ ਹੈ।
ਇਹ ਹਾਸਰਸ (humour ) ਇਕ ਬੜਾ ਕੀਮਤੀ ਹਥਿਆਰ ਹੈ ਅਤੇ ਇਸ ਦੀ ਥੋਹੜੀ ਜਹੀ ਸੁਚੱਜੀ ਵਰਤੋਂ ਨਾਲ ਉਹ ਉਹ ਕੰਮ ਕੀਤੇ ਜਾ ਸਕਦੇ ਹਨ ਜੋ ਸੰਜੀਦਾ ਸਾਹਿਤ ਦੇ
(ਹ)
ਦਫਤਰਾਂ ਦੇ ਦਫਤਰ ਲਿਖਣ ਨਾਲ ਨਹੀਂ ਹੋ ਸਕਦੇ। ਸੰਤਰੇਨ ਸਿੰਘ ਜੀ ਨੇ ਇਸ ਹਥਿਆਰ ਨੂੰ ਬਹੁਤ ਸੋਹਣੀ ਤਰ੍ਹਾਂ ਵਰਤਿਆ ਹੈ। ਆਮ ਤੌਰ ਤੇ ਪੰਜਾਬੀਆਂ ਦੇ ਸੁਭਾ ਵਿਚ ਹਾਸਾ ਖੇਡਾ ਬਹੁਤ ਹੈ ਪਰ ਇਨ੍ਹਾਂ ਦੀ ਸਾਹਿਤ ਅਜੇ ਤੀਕ ਸੰਜੀਦਾ ਤੇ ਪਕੇ ਮੂੰਹ ਵਾਲੀ ਹੀ ਹੈ, ਕਿਤੇ ਕੋਈ ਹਲਕੀ ਜਹੀ ਮੁਸਕਰਾਹਟ ਆ ਗਈ ਹੋਵੇ ਤਾਂ ਪਤਾ ਨਹੀਂ।
ਹੁਣ ਮੈਂ ਇਲਮੀ ਬੋਲੀ ਵਿਚ ਪ੍ਰਗਟ ਕੀਤੇ ਅਪਣੇ ਸੰਜੀਦਾ ਵਿਚਾਰਾਂ ਨੂੰ ਲਮਕਾ ਕੇ ਪਾਠਕਾਂ ਨੂੰ ਬਹੁਤਾ ਰੋਕਣਾ ਨਹੀਂ ਚਾਹੁੰਦਾ। ਹੁਣ ਮੈਂ ਚਾਹੁੰਦਾ ਹਾਂ ਕਿ ਉਹ ਧਰਤੀ ਦੇ ਅਤ ਨੇੜੇ ਵਸਣ ਵਾਲੇ ਪੇਂਡੂੰਆਂ ਦੇ ਜੀਵਨ ਨਾਲ ਜੀਊ ਕੇ ਅਤੇ ਉਨ੍ਹਾਂ ਦੀਆਂ ਸਰਲ ਪੇਂਡੂ ਗੱਲਾਂ ਅਤੇ ਉਂਦੂ ਵੀ ਸਰਲ ਗੀਤਾਂ ਦੇ ਖਿਰਨ-ਜਾਲ ਵਿਚ ਦੋ ਘੜੀਆਂ ਲਈ ਗਵਾਚ ਕੇ ਸ਼ਹਿਰਾਂ ਦੀ ਅਤ ਕੋਝੀ ਤੇ ਬਨਾਉਟੀ ਜਿੰਦਗੀ ਤੋਂ ਛੁਟਕਾਰਾ ਪਾਉਣ।
ਮੋਹਨ ਸਿੰਘ
ਖ਼ਾਲਸਾ ਕਾਲਜ, ਅੰਮ੍ਰਿਤਸਰ
ਨਾਟਕ ਦੇ ਪਾਤਰ
ਮਰਦ
ਚੰਨਣ - ਬੰਤੋ ਨੂੰ ਘਰ ਵਸਾਉਣ ਲਈ ਉਸ ਦਾ ਪਿੱਛਾ ਕਰਨ ਵਾਲਾ ।
ਮਾਹੀ - ਚੰਨਣ ਦਾ ਜੋਟੀਦਾਰ ਤੇ ਉਸ ਦੇ ਘਰੋਂ ਬੰਤੋ ਨੂੰ ਕੱਢ ਕੇ ਲਿਜਾਣ ਵਾਲਾ ।
ਅਰਜਨ - ਚੰਨਣ ਦਾ ਗੂਹੜਾ ਮਿੱਤਰ।
ਨੱਥਾ - ਚੰਨਣ ਦਾ ਦੋਸਤ ਤੇ ਮਾਹੀ ਦੇ ਪਿੰਡੋਂ ਬੰਤੋ ਦੀ ਸੂਹ ਲਿਆਉਣ ਵਾਲਾ ।
ਮਈਆ ਸਿੰਘ - ਚੰਨਣ ਦਾ ਪਿਉ ।
ਗੇਂਦੂ - ਮਈਆ ਸਿੰਘ ਦਾ ਗਵਾਂਢੀ।
ਜੈਲਾ - ਮਈਆ ਸਿੰਘ ਦਾ ਛੋਟਾ ਲੜਕਾ।
ਮੱਖਣ - ਗੇਂਦੂ ਦਾ ਛੋਟਾ ਲੜਕਾ ।
ਗੰਡਾ ਸਿੰਘ - ਨਾਜਰ ਦਾ ਪਿਉ ।
ਨਾਜਰ - ਚੰਨਣ ਦਾ ਜੋਟੀਦਾਰ ।
ਮਹਿੰਗਾ, ਈਸ਼ਰ, ਵੱਸਣ, ਹਰੀਆ -- ਚੰਨਣ ਦੇ ਪਿੰਡ ਦੇ ਜੋਟੀਦਾਰ।
ਮੰਗਲ ਦਾਸ - ਪਿੰਡ ਦੀ ਧਰਮਸਾਲਾ ਦਾ ਭਾਈ ।
ਖੈਰੂ, ਪ੍ਰੀਤੂ, ਨਰੈਣਾ, ਸੰਤਾ -- ਹਰੀ ਪੁਰ ਦੇ ਮੁੰਡੇ ਚੰਨਣ ਦੇ ਜੋਟੀਦਾਰ ।
ਕੇਸਰ, ਸੁਰਜੂ -- ਮਾਹੀ ਦੇ ਜੋਟੀਦਾਰ
ਤੀਵੀਆਂ
ਬੰਤੋ - ਇਕ ਮੁਟਿਆਰ ਜਿਸ ਨੂੰ ਚੰਨਣ ਦੀ ਟੋਲੀ ਕੱਢ ਕੇ ਲਿਆਈ ਸੀ ।
ਜੀਉ - ਮਈਆ ਸਿੰਘ ਦੀ ਛੋਟੀ ਧੀ।
ਰਾਜੋ - ਚੰਨਣ ਦੀ ਮਾਂ ।
ਕਾਕੋ - ਰਾਜੋ ਦੀ ਗਵਾਂਢਣ ।
ਬੁੱਧਾਂ - ਇਕ ਛੋਟੀ ਜੇਹੀ ਵੱਛੀ ।
ਨਾਟ ਪਹਿਲਾ
ਝਾਕੀ ਪਹਿਲੀ
ਪਿੰਡ ਮੱਦੂਛਾਂਗਾ
ਵੇਲਾ ਲਉਢਾ ਪਹਿਰ
[ਪਿੰਡ ਦੇ ਬਾਹਰ ਸੇਂਜੀ ਦੀ ਪੈਲੀ ਵਿੱਚ ਅਰਜਨ ਪੱਠੇ ਵੱਢ ਰਿਹਾ ਏ, ਚੰਨਣ ਨਾਲੋ ਨਾਲ ਕੱਠੇ ਕਰੀ ਜਾਂਦਾ ਏ ।]
ਅਰਜਨ - ਰੱਬ ਦੀ ਮੇਹਰ ਹੋਵੇ ਤੇ ਰੂਪ ! ਰੂਪ ਵੀ ਕਿਹੜਾ ਚੰਨਣਾ ਹਾਰੀ ਸਾਰੀ ਤੇ ਆਉਂਦਾ, ਰੂਪ ਵੀ ਨਸੀਬਾਂ ਨਾਲ ਤੇ ਵਧ ਕੇ ਨਸੀਬ ਉਹਦੇ ਜੀਹਦੇ ਘਰ ਰੂਪ ਵਾਲੀ ਹੋਵੇ ।
ਚੰਨਣ - ਤੂੰ ਤੇ ਅਰਜਣਾਂ, ਅਜੇ ਚੰਗੀ ਤਰ੍ਹਾਂ ਵੇਖੀ ਨਹੀਂ ਹੋਣੀ, ਉਹਦੇ ਤੇ ਸ਼ਕਲ ਸੀ, ਕਾਹਦੀਆਂ ਗੱਲਾਂ !
ਅਰਜਨ - ਪਈ ਗੱਲ ਵੀ ਕੋਈ ਨਿੱਕੀ ਜੇਹੀ ਨਹੀਂ ਹੋਈ, ਚੋਰਾਂ ਨੂੰ ਪੈਣ ਮੋਰ, ਤੇ ਮੋਰਾਂ ਨੂੰ ਪੈਣ ਕਜਾਈਂ । ਮੈਂ ਤੇ ਆਹ ਭਾਈ ਵਾਲਾ ਦੋਹੜਾ ਅੱਖੀਂ ਵੇਖ ਲਿਆ; ਪਰ ਤੂੰ ਰਵਾਲ ਜਿਨਾਂ ਫਿਕਰ ਨ ਕਰ, ਉਹ ਆਈ ਸੋ ਆਈ।
ਚੰਨਣ - ਤਾਂ ਵੀ ਨੱਥੇ ਨੇ ਕੀ ਦੱਸਿਆ ਆ ਕੇ ? ਸੁਣਿਆ ਆ
ਗਿਆ ਵਿਆਹ ਖਾ ਕੇ।
ਅਰਜਨ - ਤੂੰ ਕੁਝ ਪੁੱਛ ਨਾ, ਕੰਮ ਬਣਿਆ ਸੋ ਬਣਿਆ।
ਚੰਨਣ - ਤਾਂ ਵੀ ?
ਅਰਜਨ - ਫੇਰ ਉਹੋ ਈ ਗੱਲ, ਕਾਹਲਿਆਂ ਨਹੀਂ ਪਈਦਾ ਹੁੰਦਾ। ਆਹ ਹੋ ਲੈਣ ਦਿਹ ਸੂਰਜ ਰਤਾ ਠਾਂਹ ਤੇ ਸੱਦ ਕੇ ਸਾਰੇ ਮੁੰਡੇ ਕਰ ਲੈਂਦੇ ਆਂ ਮੀਟਕ। ਚੰਨਣਾਂ, ਅੱਜ ਨਹੀਂ ਤੇ ਕੱਲ੍ਹ, ਕੱਲ੍ਹ ਨਹੀਂ ਤੇ ਪਰਸੋਂ, ਤੂੰ ਬੰਤੀ ਦੀਆਂ ਈ ਪੱਕੀਆਂ ਖਾਏਂਗਾ ਤੇ ਉਹ ਹੀ ਤੈਨੂੰ ਫੇਰ ਉਹਨਾਂ ਹੀ ਹੱਥਾਂ ਨਾਲ ਏਸੇ ਈ ਮੱਦੂਛਾਂਗੇ ਵਿਚ ਬੈਠੀ ਫੜਾਊਗੀ ।
ਚੰਨਣ - ਅਰਜਣਾਂ ਕਿੱਥੋਂ ? ਬਾ-ਮਾਰੀਆਂ ਗੱਲਾਂ ਨਾ ਕਰ। ਤੈਨੂੰ ਪਤਾ ਨਹੀਂ ਜੰਗਲ ਗਏ ਨ ਬਹੁੜਦੇ ਤੇ ਜੋਗੀ ਕੀਹਦੇ ਮਿੱਤ । ਸੱਚ ਮੁਚ ਈ ਬੰਤੋ ਨੇ ਤੇ ਮੇਰੇ ਨਾਲ ਜੋਗੀ ਵਾਲੀ ਈ ਕੀਤੀ ਆ। ਮੇਰੇ ਤੇ ਅਰਜਣਾਂ ਤੂੰ ਵੱਡੇ ਭਰਾਵਾਂ ਵਰਗਾਂ, ਕਿਤੇ ਚਿੱਤ ਚੇਤੇ ਵਿੱਚ ਵੀ ਨਹੀਂ ਸੀ, ਹੁਣ ਆਹ ਜਿਹੜੀ ਸਾਡੇ ਤੇ ਬਿੱਜ ਪਈ ਆ ਆ ਕੇ ।
ਅਰਜਨ - ਦਬੁਰਜੀ ਦੇ ਤੇ ਅਸਾਂ ਭਾਊ ਲੱਤ ਹੇਠੋਂ ਦੀ ਲੰਘਾ ਛੱਡੇ ਹੋਏ ਆ, ਮਾਹੀ ਕਿਹਦਾ ਪਾਣੀ ਹਾਰ ਆ। ਜਿਹੜੇ ਓਨ ਚੰਮ ਦੇ ਸਿੱਕੇ ਚਲਾਉਣੇ ਸੀ ਚਲਾ ਚੁੱਕਾ ਆ ਪਹਿਲੀਆਂ ਵਿੱਚ ਈ। ਹੁਣ ਤੇ ਐਵੇਂ ਛੱਪਾ ਈ ਜੇ । ਨਾਲੇ ਪਈ ਓਂ ਵੀ ਸਰਕਾਰ ਦੇ ਰਾਜ 'ਚ ਬੁੱਢੀ ਦਾ ਜੋਰ ਆ, ਜੋ ਆਖੇ ਹੁੰਦਾ ਏ । ਭਲਾ ਜੇ ਉਹਦੀ ਮਰਜੀ ਹੋਊ ਤੇ ਕਿਹੜਾ ਆ ਉਹਨੂੰ ਰੋਕਣ ਵਾਲਾ । ਤੂੰ ਹੌਂਸਲਾ ਨਾ ਢਾਹ, ਸਗੋਂ ਤਕੜਾ ਹੋ।
ਚੰਨਣ - ਮੈਂ ਤੇ ਨਹੀਂ ਜੂ ਢਉਂਦਾ, (ਛਾਤੀ ਤੇ ਹੱਥ ਰੱਖਦਾ ਹੋਇਆ) ਪਰ ਆਹ ਜਿਹੜਾ ਏ ਨ ਦਿਲ, ਨਿੱਕਾ ਜਿਹਾ ਦਿਲ, ਇਹਨੂੰ ਨਹੀਂ ਜੂ ਧਜਾ ਬੱਝਦਾ, ਇਹ ਤੇ ਮਿੱਟੀ ਹੁੰਦਾ ਜਾਂਦਾ ਵਾ ਮਿੱਟੀ।
ਅਰਜਨ - (ਪੰਡ ਨੂੰ ਹੱਥ ਪਾਉਂਦਾ ਹੋਇਆ) ਲੈ ਫੜ ਚੁਕਾ ਤੇ ਤੂੰ ਤੂੜੀ ਲੈ ਕੇ ਝਬਦੇ ਮੁੜੀਂ, ਮੈਂ ਚੱਲ ਕੇ ਕਰਦਾ ਆਂ ਮੁੰਡਿਆਂ ਨੂੰ ਕੱਠਿਆਂ, ਘਬਰਾਈ ਦਾ ਨਹੀਂ ਹੁੰਦਾ ਇਹੋ ਜਿਹਾਂ ਵੇਲਿਆਂ 'ਚ, ਸੈਂਕੜੇ ਏਹੋ ਜੇਹੇ ਕੰਮ ਆਏ ਤੇ ਸਉ ਈ ਅਸਾਂ ਕੀਤੇ। (ਜਾਂਦਾ ਏ)
ਚੰਨਣ - (ਤੁਰਿਆ ਜਾਂਦਾ ਆਪਣੇ ਦਿਲ ਨਾਲ) ਕੋਈ ਫੋੜਾ ਨਹੀਂ, ਫਿਹਮਣੀ ਨਹੀਂ; (ਸਰੀਰ ਨੂੰ ਟੋਂਹਦਾ ਹੋਇਆ) ਨਾ ਹੀ ਕਿਸੇ ਨੇ ਮਾਰਿਆ, ਤੇ ਭਲਾ ਮਾਰਨ ਵਾਲਾ ਵੀ ਕਉਣ ਜੰਮਿਆਂ ਮੈਨੂੰ ? ਪਰ ਤਾਂ ਵੀ ਆਹ ਗੁੱਝੀ ਜੇਹੀ ਪੀੜ ਕਾਹਦੀ ਹੁੰਦੀ ਰਹਿੰਦੀ ਆ ? ਪੀੜ ! ਤੇ ਕਿੱਥੇ? ਨਾ ਦਿਸਦੀ ਏ ਨਾ ਹੀ ਇਹਦਾ ਕੁਝ ਥਹੁ ਲਗਦਾ ਏ, (ਛੇਤੀ ਨਾਲ ਆਲੇ ਦਵਾਲੇ ਵੇਖ ਕੇ) ਹੋਈ ਹਾਸੇ ਵਾਲੀ ਗੱਲ, (ਮੁਸਕਰਾ ਕੇ) ਆਪਣੇ ਆਪ ਵੀ ਕਦੀ ਕੋਈ। ਐਵੇਂ ਗੱਲਾਂ ਕਰਦਾ ਵੇਖਿਆ ਜੇ ? ਸਗੋਂ ਕਮਲਾ ਤੇ ਨਹੀਂ ਹੋ ਗਿਆ ਮੈਂ ? (ਹੱਥਾਂ ਵਲ ਵੇਖ ਕੇ) ਕਦੋਂ ? ਆਹ ਵੇਖਾਂ, ਮੇਰੇ ਸੱਜੇ ਹੱਥ ਵਿੱਚ ਤੰਗਲੀ ਤੇ ਖੱਬੇ ਵਿਚ ਤੱਪੜ ਆ, ਮੈਂ ਤੇ ਡੰਗਰਾਂ ਲਈ ਤੂੜੀ ਲੈਣ ਆਇਆ ਹੋਇਆ ਵਾਂ, ਤੇ ਮੇਰੇ ਕੋਲੋਂ ਈ ਗਿਆ ਏ ਆਹ ਹੁਣੇ ਈ ਅਰਜਣ ।
[ਅਰਜਨ ਚੰਨਣ ਦੇ ਲਾਗੇ ਲੁਕ ਕੇ ਸੁਣਦਾ ਏ]
ਅਰਜਨ - (ਆਪਣੇ ਆਪ ਨਾਲ) ਕੀ ਆਖੀਏ ਏਹਨੂੰ, ਪਰ ਬੰਦੇ ਦਾ ਦਿਲ ਆ ਨਾ, ਜਿੱਧਰ ਲੱਗ ਜਾਏ, ਨਹੀਂ ਤੇ ਭਲਾ ਸੋਚੇ ਪਈ ਜਿਹੜੀ ਅੱਗੇ ਜੀਉਂਦੇ ਨੂੰ ਛਡ ਆਈ ਆ, ਓਨ ਮੈਨੂੰ ਕਿੰਨਾਂ ਕੁ ਚਿਰ ਉਡੀਕਣਾ ਹੋਇਆ।
ਚੰਨਣਾਂ ਉਏ ਚੰਨਣਾਂ ! (ਵਾਜਾਂ ਮਾਰਦਾ ਏ) ਏਦਾਂ ਈ ਅੱਗੇ ਸਾਡੇ ਪਿੰਡ ਦਾ ਝੀਰ ਕਰਦਾ ਹੁੰਦਾ ਸੀ । ਕਦੀ ਕਿਤੇ ਖਲੋ ਜਾਣਾ, ਤੇ ਕਦੀ ਕਿਤੇ ਬਹਿ ਜਾਣਾ, ਤੇ ਹੁਣ ਉਹਨੂੰ ਐਸੀ ਸਾਰੀ ਉਮਰ ਦੀ ਬੱਜ ਲੱਗੀ ਜੇ ਕਿ ਉਹਨੂੰ ਹੁਣ ਨਾਲਾ ਬੰਨ੍ਹਣ ਦੀ ਵੀ ਸੋਝੀ ਨਹੀਂ ਜੇ ਰਹਿੰਦੀ । ਖਣੀ ਤੇ ਉਹਦੇ ਸਹੁਰਿਆਂ ਨੇ ਈ ਕਾਲਾ ਇਲਮ ਪੜ੍ਹ ਕੇ ਮੁੱਠ ਚਲਾ ਦਿੱਤੀ ਆ।
[ਚੰਨਣ ਆਵਾਜ਼ ਨਹੀਂ ਸੁਣਦਾ ਤੇ ਸੇਂਜੀ ਦੀ ਪੈਲੀ ਛੱਡ ਕੇ ਪਹੇ ਪਹੇ ਤੁਰ ਪੈਂਦਾ ਏ]
ਚੰਨਣ - (ਗਾਉਂਦਾ ਏ)
ਕਦੀ ਪਾ ਵਤਨਾਂ ਵਲ ਫੇਰਾ
ਕੂੰਜੇ ਬਾਰ ਦੀਏ......
(ਫਿਰ ਖਲੋ ਕੇ ਫਲਾਹ ਦੀਆਂ ਟਾਹਣੀਆਂ ਨਾਲ ਅੱਡੀਆਂ ਚੁੱਕ ਕੇ ਸਿਰ ਲਾਉਂਦਾ ਏ, ਕਦੀ ਪਿੱਛੇ ਨੂੰ ਹੱਥ ਮਾਰ ਕੇ ਆਪਣੇ ਲੱਕ ਨੂੰ ਜੱਫੀ ਪਾ ਕੇ ਹੱਸਦਾ ਏ, ਤੇ ਫਿਰ ਆਪਣੀ ਪਿੱਠ ਤੇ ਮੁੱਕੀ ਮਾਰ ਬੋਲਦਾ ਏ) ਵੇ ਮਰ ਜਾਣਿਆਂ ! ਤੈਥੋਂ ਬੰਤੀ ਨਹੀਂ ਸੰਭਲੀ ਰਹਿੰਦੀ, ਵੇਖ ਖਾਂ, ਮੇਰਾ ਲੀੜਾ ਅੜਾ ਦਿੱਤਾ ਈ, ਤੈਨੂੰ ਕੀਹਦਾ ਡਰ ਆ ਮੇਰੇ ਹੁੰਦਿਆਂ ਸੁੰਦਿਆਂ,
[ਖੂਹ ਦੀਆਂ ਟਿੰਡਾਂ ਚੋਂ ਪਾਣੀ ਪੀਣ ਲਗ ਪੈਂਦਾ ਏ, ਇਸ ਵੇਲੇ ਅਰਜਨ ਵੀ ਦੱਬੇ ਪੈਰੀਂ ਉਸ ਦੇ ਪਿੱਛੇ ਆ ਖਲੋਂਦਾ ਏ]
ਚੰਨਣ - (ਘੁੱਟ ਭਰ ਕੇ, ਤੇ ਬਾਂਹ ਤੇ ਹੱਥ ਫੇਰਦਾ ਹੋਇਆ) ਸ਼ਉਂਕ ਤੇ ਬੜਾ ਚੜ੍ਹਿਆ ਹੋਇਆ ਸੀ, ਪਰ ਛੰਨਾਂ ਨਹੀਂ ਸੀ ਘਰੋਂ ਫੜੀ ਆਈਦਾ ਮੇਰੇ ਲਈ । ਵੇਖ ਖਾਂ, ਮੇਰੀਆਂ ਅਰਕਾਂ ਵੀ ਭਿੱਜ ਗਈਆਂ ਨੇ (ਹੌਲੀ ਜੇਹੀ) ਤੂੰ ਆਪ ਨਾ ਪੀ ਬੰਤੀਏ, ਮੈਂ ਪਿਆਉਂਦਾ ਆਂ (ਫਿਰ ਟਿੰਡ ਚੋਂ ਪਾਣੀ ਦਾ ਬੁੱਕ ਭਰ ਕੇ ਪਿੱਛੇ ਨੂੰ ਖੜਦਾ ਹੋਇਆ) ਬੰਤੀਏ ਮਾਫ ਕਰ, ਜੇ ਪਤਾ ਹੁੰਦਾ ਤੇ ਮੈਂ ਤੇਰੇ ਲਈ ਸੋਨੇ ਚਾਂਦੀ ਦੇ ਗਲਾਸ ਲਿਆਉਂਦਾ, ਘੜਵਾ ਕੇ ।
[ਪਿੱਛੇ ਹੱਥ ਖੜਦਾ ਹੋਇਆ, ਅਰਜਨ ਨੂੰ ਖੜੋਤਿਆਂ ਵੇਖ ਲੈਂਦਾ ਏ]
ਅਰਜਨ - (ਬਾਂਹ ਫੜਕੇ) ਉਏ ਚੰਨਿਆਂ ! ਤੂੰ ਏਦਾਂ ਨਹੀਂ ਬਚਣ ਲੱਗਾ, ਤੇਰੀ ਉਮਰ ਅਜੇ ਏਹਨਾਂ ਕੰਮਾਂ 'ਚ ਪੈਣ ਦੀ ਤੇ ਨਹੀਂ ਸੀ । ਵੇਖ ਤੈਨੂੰ ਦੱਸਾਂ, ਤੇਰੇ ਨਾਲ ਕਿਸੇ ਬੱਝੇ ਨਹੀਂ ਰਹਿਣਾ, ਕਿਸੇ ਖੂਹ ਖਾਤੇ ਵਿੱਚ ਪੈ ਕੇ ਮਰ ਜਾਏਂਗਾ, ਤੇਰਾ ਕੀ ਕੀਤਾ ਜਾਏ ?
ਚੰਨਣ - (ਹੱਸ ਕੇ) ਉਏ ਅਰਜਣਾਂ, ਤੂੰ ਮੈਨੂੰ ਕਮਲਾ ਨਾ ਸਮਝੀਂ, ਮੈਂ ਤੇ ਤੂੜੀ ਲੈਣ ਲਈ ਤੁਰਿਆ ਜਾਂਦਾ ਆਂ ।
ਅਰਜਨ - (ਮੁਸਕਰਾ ਕੇ) ਹੱਛਾ, ਜੇ ਤੂੜੀ ਲੈਣ ਲਈ ਤੁਰਿਆ ਜਾਂਦਾ ਆਂ ਤੇ ਤੁਰ ਪਉ ਮੇਰੇ ਹੁੰਦਿਆਂ ਈ ਮੂਸਲ ਨੂੰ, ਬੱਸ ਤੁਰ ਪਉ ਫੇਰ । ਠੀਕ ਈ ਬੰਦਾ ਬੁਲਬਲਾ ਹੁੰਦਾ ਪਾਣੀ
ਦਾ, ਹਵਾ ਰਹੀ ਤੇ ਰਿਹਾ, ਜੇ ਗਈ ਤੇ ਬੱਸ ਗਿਆ।
ਜੇ ਹੋਰ ਘੜੀਕੜੇ ਤਾਈਂ ਮੈਂ ਨਾ ਆਉਂਦਾ ਤੇ ਲੋਕਾਂ ਇਹੋ ਹੀ ਆਖਣਾ ਸੀ ਪਈ ਅਜੇ ਹੁਣ ਸੀ ਚੰਨਣ, ਆਹ ਅਜੇ ਹੁਣ ਸੀ । ਉਏ, ਬੰਦੇ ਨੂੰ ਫੇਰ ਵੀ ਐਨਾਂ ਮੋਹ ਕੀ ਆਖ, (ਜਾਂਦਾ ਹੋਇਆ) ਹੱਛਾ ਚੰਨਣਾਂ, ਰੱਬ ਨਾ ਪਿੱਛਾ ਦੇ ਜਾਏ, ਤੇਰੀ ਰੂਹ ਇਕ ਵੇਰਾਂ ਫੇਰ ਤਰ ਕਰ ਕੇ ਹਟਾਂਗੇ।
ਚੰਣਨ - ਤੇਰਾ ਮੂੰਹ ਸੁਲੱਖਣਾਂ ਹੋਵੇ ।
ਪਰਦਾ
ਝਾਕੀ ਦੂਜੀ
ਵੇਲਾ- ਸੂਰਜ ਛਿਪ ਰਿਹਾ ਏ
ਉਹੀ ਪਿੰਡ । ਕੰਡਿਆਂ ਵਾਲੇ ਛਾਪੇ ਤੇ ਮਲ੍ਹਿਆਂ ਦੀਆਂ ਮੋੜ੍ਹੀਆਂ ਦੀਆਂ ਖਿੱਤੀਆਂ ਦਾ ਇਕ ਛੋਟਾ ਜਿਹਾ ਵਾੜਾ ਵਲਿਆ ਹੋਇਆ ਏ। ਵਿੱਚ ਕਿਤੇ ਕਿਤੇ ਸਰਕੜਾ ਤੇ ਅੱਕ ਵੀ ਉੱਗ ਪਏ ਨੇ । ਮਈਆ ਸਿੰਘ ਇਸੇ ਵਾੜੇ ਵਿਚ ਅੱਡੇ ਤੇ ਕਮਾਦ ਕੁਤਰਦਾ ਏ ।
ਗੇਂਦੂ - ਭਾਈਆ ਮਈਆ ਸਿੰਹਾਂ ! ਜਰਾ ਟੋਕਾ ਤੇ ਦੇਈਂ, ਮੈਂ ਪੱਠੇ ਕੁਤਰਨ ਖੁਣੋਂ ਬੈਠਾ ਹੋਇਆਂ ।
ਮਈਆ ਸਿੰਘ - ਗੇਂਦਿਆ, ਤੂੰ ਤੇ ਅਜੇ ਕਲ੍ਹ ਲੁਹਾਰਾਂ ਦੇ ਲਈ ਫਿਰਦਾ ਸਾਂ ਟੋਕੇ ਨੂੰ ।
ਗੇਂਦੂ - ਮੱਖਣ ਐਡਾ ਗਰਕ ਹੋਣਾਂ ਜੂ, ਓਨ ਗੰਨਾਂ ਵੱਢਣ ਲੱਗੇ ਨੇ ਪਤਾ ਨਹੀਂ ਕਿੱਥੇ ਮਾਰ ਦਿੱਤਾ, ਟੋਕੇ ਦਾ ਸਾਰਾ ਮੂੰਹ ਕੱਢ ਦਿੱਤਾ ਤੇ ਦੰਦੇ ਵੀ ਪਾ ਦਿੱਤੇ ਨੇ ।
ਮਈਆ ਸਿੰਘ - ਕਿਹੜੇ ਖੂਹ ਪਈਏ ਗੇਂਦੂ ਟੱਬਰਾਂ ਦੇ ਹੱਥੋਂ, ਮੈਂ ਤੇ ਪੁੱਜ ਕੇ ਦੁਖੀ ਆਂ। ਅੰਞਾਣਿਆਂ ਨੂੰ ਕੀ ਲੱਥੀ ਚੜ੍ਹੀ ਦੀ, ਇਹ ਤੇ ਹੋਏ ਪਾਤਸ਼ਾਹਾਂ ਦੇ ਪਾਤਸ਼ਾਹ, ਬੇੜੀ ਤੇ ਡੋਬੀ ਆ ਏਹਨਾਂ ਦੀਆਂ ਮਾਵਾਂ ਨੇ ।
ਗੇਂਦੂ - ਪਈ ਜੇ ਅੰਞਾਣੇ ਵੱਸ ਵਿਚ ਨਾ ਰਹਿਣ ਤੇ ਮਾਵਾਂ ਵੀ ਕੀ ਕਰਨ? ਅੱਜ ਕਲ ਤੇ ਸਿਆਣਿਆਂ ਨੂੰ
ਵੀ ਵਗ ਗਈ ਏ। ਜਿੰਨੇ ਦਿਨ ਇਨ੍ਹਾਂ ਬੰਤੀ ਚੁੜੇਲ ਜੇਹੀ ਨੂੰ ਰੱਖਿਆ ਆ, ਸਾਡਾ ਘਰ ਭਾਂ ਭਾਂ ਕਰਦਾ ਰਿਹਾ। ਦੁੱਧ ਆ ਤੇ ਲੈ ਜਾਹ, ਘਿਓ ਆ ਤੇ ਲੈ ਜਾਹ, ਕੋਈ ਚੰਗਾ ਕੱਪੜਾ ਏ ਤੇ ਉਹ ਵੀ ਹੈ ਨਹੀਂ, ਪੈਸਾ ਟਕਾ ਏ ਤੇ ਉਹ ਵੀ ਹੈ ਨਹੀਂ, ਅਰਜਣ ਨੇ ਤੇ ਸਾਡੇ ਘਰ ਦਿਨੇ ਦੀਵਾ ਜਗਾ ਛੱਡਿਆ ਸੀ।
ਮਈਆ ਸਿੰਘ - ਅੰਞਾਣੇ ਹੁੰਦੇ ਨੇ ਗੇਂਦਾ ਸਿਆਂ ਪਨੀਰੀ, ਜਿਦਾਂ ਉਹਨੂੰ ਕੋਈ ਮੁੱਢ ਤੋਂ ਸਾਂਭ ਕੇ ਰੱਖੇ ਓਦਾਂ ਦਾ ਈ ਫਲ ਦੇਂਦੇ ਆ।
ਗੇਂਦੂ - ਮੇਰਾ ਤੇ ਬੁਰਾ ਹਾਲ ਤੇ ਬਾਂਕੇ ਦਿਹਾੜੇ ਈ, ਕਦੀ ਕਦੀ ਸਤ ਕੇ ਏਦਾਂ ਜੀ ਕਰਦਾ ਪਈ ਸਭੋ ਕੁਝ ਵਿੱਚੇ ਈ ਛੱਡ ਕੇ ਕਿਸੇ ਪਾਸੇ ਮੂੰਹ ਸਿਰ ਕਾਲਾ ਕਰਕੇ ਨਿਕਲ ਜਾਵਾਂ।
[ਜੀਉ, ਮਈਆ ਸਿੰਘ ਦੀ ਧੀ, ਚੀਕਾਂ ਮਾਰਦੀ ਆਉਂਦੀ ਏ]
ਜੀਉ - ਚਾਚਾ ਏ ਚਾਚਾ, ਮੈਂ ਮਰੀ, ਊਈ ਉਈ, ਈ...ਈ... ਹਾਏ ਨੀ ਈਸੋ, ਭੱਜੀਂ ਨੀ (ਰੋਂਦੀ ਏ) ਲਿਆਈਂ ਨੀ ਪਾਣੀ ।
ਜੈਲਾ - (ਅੱਡੇ ਤੋਂ ਗੁੱਲੀਆਂ ਚੂਪਦਾ ਹੋਇਆ) ਚਾਚਾ ਉਏ ਚਾਚਾ ! ਔਹ ਵੇਖੀਂ, ਜੀਉ ਨੂੰ ਕੀ ਸੱਪ ਲੜਿਆ ਈ, ਉਹ ਦੇ ਤੇ ਆਨੇ ਵੀ ਬਾਹਰ ਨਿਕਲ ਆਏ ਨੇ। ਕਿਉਂ ਨੀ ਕੀ ਹੋ ਗਿਆ ਈ ?
ਜੀਉ - (ਹਉਂਕੇ ਲੈਂਦੀ ਹੋਈ) ਮੈਂ ਤਾਈ ਦੇ ਘਰ ਨੂੰ ਜਾਂਦੀ ਸਾਂ ਤੇ ਆਪਣੀ ਬੁੱਧਾਂ ਭੱਜ ਕੇ ਉਤੇ ਆ ਚੜ੍ਹੀ, (ਪੈਰ ਨੂੰ ਵੇਖ ਕੇ ਰੋਂਦੀ ਹੋਈ) ਓਥੇ ਵੀ ਲਹੂ ਦਾ ਛੱਪੜ ਲੱਗ ਗਿਆ ਸੀ।
ਮਈਆ ਸਿੰਘ - (ਗੁੱਸੇ ਨਾਲ) ਪਰ੍ਹਾਂ ਵੇਖੀਂ ਉਏ ਗੇਂਦੂ, ਏਸ ਕੁੜੀ ਨੂੰ ਕਿਤੇ ਮੌਤ ਨਹੀਂ ਜੇ ਆਉਂਦੀ। ਮੁੰਡਿਆਂ ਕੁੜੀਆਂ ਨੇ ਐਡਾ ਸੁੱਕਣੇ ਪਾਇਆ ਜੇ ਜਿਹੜਾ ਰਹੇ ਰੱਬ ਦਾ ਨਾਂ । (ਕੁੜੀ ਵਲ ਮੂੰਹ ਕਰ ਕੇ) ਜੇ ਮੁੰਡੇ ਦੀ ਮੱਤ ਮਾਰੀ ਗਈ ਏ ਤੇ ਕੁੜੀਏ ਤੂੰ ਈ ਆਪਣਾ ਆਪ ਸੰਭਾਲ ।(ਗੇਂਦੂ ਵਲ ਮੂੰਹ ਕਰ ਕੇ) ਤੂੜੀ ਲੈਣ ਚੱਲਿਆ ਤੇ ਮੈਂ ਚੰਨਣ ਨੂੰ ਆਖਿਆ ਵੀ, ਪਈ ਵੱਛੀ ਨੂੰ ਬੰਨ੍ਹ ਕੇ ਜਾਈਂ, ਪਰ ਪਤਾ ਨਹੀਂ ਮਹੀਨੇ ਕੁ ਤੋਂ ਮੁੰਡੇ ਦੇ ਡਮਾਕ 'ਚ ਕੀ ਕੀੜਾ ਭਉਣ ਲੱਗ ਪਿਆ। ਉਹਨੂੰ ਤੇ ਆਪਣੇ ਆਪ ਦੀ ਵੀ ਸੋਝੀ ਨਹੀਂ ਰਹੀ । ਗੇਂਦਿਆ ! ਸਗੋਂ ਜੇ ਸਲਾਹ ਦੇਵੇਂ ਤੇ ਪਰ੍ਹਾਂ ਮੁੰਡੇ ਨੂੰ ਖਡਾ ਈ ਨਾ ਲਈਏ, ਅਜੇ ਪੁੱਤਾਂ ਦੀ ਬੜੀ ਲੋੜ ਆ। ਲੈ ਫੜ ਟੋਕਾ।
[ਗੇਂਦੂ ਟੋਕਾ ਲੈ ਕੇ ਜਾਂਦਾ ਏ । ਚੰਨਣ ਤੂੜੀ ਦੀ ਪੰਡ ਚੁੱਕੀ ਵਾੜੇ ਵੜਨ ਲਗਦਾ ਏ ਤੇ ਪੰਡ ਠੇਡਾ ਲੱਗ ਕੇ ਡਿੱਗ ਪੈਂਦੀ ਏ]
ਚੰਨਣ - ਚਾਚਾ, ਉਏ ਚਾਚਾ, ਉਰਾਂ ਭੱਜੀਂ (ਵਾਜਾਂ ਮਾਰਦਾ ਏ)
ਡਿੱਗ ਪਈ ਆ। ਜਰਾ ਹੋਈਂ ਉਰਾਂ (ਆਪਣੇ ਆਪ ਵਿਚ) ਮੈਂ ਕਈ ਵੇਰ ਆਖਿਆ ਪਈ ਏਸ ਕਿੱਲੇ ਨੂੰ ਪੁੱਟ ਸੁੱਟੀਏ, ਆਇਆਂ ਗਿਆਂ ਦੇ ਏਵੇਂ ਦੰਦ ਭੰਨਦਾ, ਪਰ ਚਾਚੇ ਨੂੰ ਪਤਾ ਨਹੀਂ ਕੀ ਨਿੱਘ ਦਿੰਦਾ ਇਹ ।
ਮਈਆ ਸਿੰਘ - (ਤੂੜੀ ਕੱਠੀ ਕਰਵਾਉਂਦਾ ਹੋਇਆ) ਅੱਗੇ ਬਿਆਈਆਂ ਦਾ ਵੇਲਾ ਜੇ, ਬੰਦੇ ਦਾ ਕਿਤੇ ਬੀ ਮਾਰਿਆ ਨਹੀਂ ਜੇ ਲੱਭਦਾ, ਜੇ ਕਿਤੇ ਤੇਰਾ ਹੁਣੇਂ ਧੌਣ ਦਾ ਮਣਕਾ ਟੁੱਟ ਜਾਂਦਾ ਤੇ ? ਥੋੜੀ ਬੰਨ੍ਹਦੋਂ ਖਾਂ ਤੂੰ ਵੀ ਤੇ ਮੇਲੇ ਜਾਣ ਵਾਲਿਆਂ ਵਾਂਗੂੰ ਕੀਤੀ ਆ ਕਿ।
ਚੰਨਣ - ਨਹੀਂ ਓ ਚਾਚਾ, ਮੇਰਾ ਮਤਬਲ ਹੋਰ ਸੀ । ਅਸਾਂ ਸਾਰਿਆਂ ਮੁੰਡਿਆਂ ਨੇ ਸਲਾਹ ਕੀਤੀ ਆ ਕਿ ਚੌਥੇ ਨੂੰ ਆ ਮੱਸਿਆ ਤੇ ਜਾਣਾ ਵੀ ਹੋਇਆ ਜਰੂਰ ਕਰ ਕੇ। ਭਾਵੇਂ ਕੁਛ ਦਾ ਕੁਛ ਨਾ ਹੋ ਜਾਏ। ਮੱਸਿਆ ਵੀ ਚੇਤ ਦੀ ਤੇ ਨਾਲੇ ਹੈ ਵੀ ਸਵਾਰੀ। ਵਾਹੀ ਦੇ ਕੰਮ ਮੜ੍ਹੀਆਂ ਵਿਚ ਵੀ ਖਣੀਂ ਸਾਡੇ ਨਾਲ ਈ ਜਾਣਗੇ। ਕਿਸੇ ਨੇ ਕੁਝ ਸਿਰ ਤੇ ਤੇ ਨਹੀਂ ਧਰ ਖੜਨਾ । ਬਾਰਾਂ ਮੱਸਿਆ ਨੰਗੇ ਪੈਰੀਂ ਨਹਾਉਣੀਆਂ ਸੁੱਖੀਆਂ ਸੀ, ਉਹ ਵੀ ਲੜ ਭਿੜ ਕੇ ਦੋ ਢਾਈ ਹੀ ਨ੍ਹਾਤਾਂ। ਮੈਂ ਆਖਿਆ ਇਕ ਅੱਧੀ ਤੇ ਹੋਰ ਨਹਾ ਆਈਏ, ਜੀਉਂਦਿਆਂ ਦੇ ਮੇਲੇ ਨੇ, ਐਵੇਂ ਸੁੱਖਣਾਂ ਦਾ ਭਾਰ ਸਿਰ ਤੇ ਚੁੱਕੀ ਫਿਰਦੇ ਆਂ।
ਮਈਆ ਸਿੰਘ - (ਹੱਥ ਜੋੜ ਕੇ) ਨਾ ਉਏ ਚੰਨਣਾ ! ਆਹ ਤੇਰੇ ਅੱਗੇ
ਮੇਰੇ ਹੱਥ ਬੱਧੇ ਈ। ਓਂ ਤੇ ਤੂੰ ਅੱਗੇ ਈ ਅਮੋੜ ਏਂ, ਪਰ ਤਾਂ ਵੀ ਮੈਂ ਆਂਹਦਾ ਈ ਉਹ ਨੇ ਤੁਹਾਥੋਂ ਤਕੜੇ ਤੇ ਨਾਲੇ ਹੰਢੇ ਹੋਏ । ਉਏ ਦਬੁਰਜੀ ਦਿਆਂ ਜੱਟਾਂ ਨੇ ਤੇ ਕਈ ਖਾ ਪੀ ਛੱਡੀਆਂ ਏਹੋ ਜੇਹੀਆਂ। ਨਾਲੇ ਸਾਥੋਂ ਮਾਹੀ ਕਿਹੜਾ ਭੁੱਲਾ ਹੋਇਆ। ਉਨ੍ਹਾਂ ਦੇ ਤੇ ਬਾਪ ਦਾਦਿਆਂ ਤੋਂ ਈ ਇਹੋ ਕਿੱਤਾ ਤੁਰਿਆ ਆਇਆ, ਪਈ ਬੁੱਢੀ ਨੂੰ ਹੱਥਾਂ ਤੇ ਚਾੜ੍ਹਨਾ, ਦਸ ਪੈਸੇ ਵੱਟੇ ਤੇ ਆਪਣਾ ਗਾਹਾਂ ਪਛਾਹਾਂ ਖਸਕਾ ਦੇਣਾ। ਨਾਲੇ ਰੰਨਾਂ ਦਾ ਕੀ ਵਸਾਹ ਜਿਨ੍ਹਾਂ ਰਾਜੇ ਭੋਜ ਤੇ ਦਹਿਸਰ ਜੇਹਾਂ ਦੇ ਛੱਕੇ ਛਡਾ ਦਿੱਤੇ । ਤੁਸੀਂ ਕਿਹਦੇ ਪਾਣੀ ਹਾਰ ਓ । ਬੰਦੇ ਬਣ ਕੇ ਕੰਮ ਕਰੋ।
ਚੰਨਣ - ਤੂੰ ਤੇ ਜਦੋਂ ਦੀਆਂ ਆਹ ਮੱਸਿਆ ਜੇਹੀਆਂ ਸੁੱਖ ਤੇ ਬੈਠਾਂ, ਵੱਢੂੰ ਟੁੱਕੂ ਈ ਕਰਦਾ ਰਿਹੋਂ । ਏਸ ਸੜੀ ਜਬਾਨ ਨਾਲ ਇਕ ਵੇਰ ਨਾ ਆਖਿਆ ਪਈ ਜਾਹ ਮੁੰਡਿਆ ਇਕ ਅੱਧੀ ਮੱਸਿਆ ਤੇ ਨਹਾ ਆ, ਸੱਚੇ ਦਿਲ ਨਾਲ । ਲੋਕ ਤੇ ਵਲਿੱਖਾਂ ਤੋਂ ਆਉਂਦੇ ਨੇ । ਸਗੋਂ ਪਾਪ ਈ ਲਹਿੰਦੇ ਨੇ ਕਿ ।
ਮਈਆ ਸਿੰਘ - (ਪੱਠੇ ਰਲਾਉਂਦਾ ਹੋਇਆ) ਉਏ ਅਜੇ ਤੇਰੇ ਪਾਪ ਈ ਨਹੀਂ ਲੱਥੇ ? ਪੈਸਾ ਸੀ ਤੇ ਵੱਖ ਨਹੀਂ ਤੂੰ ਕੋਈ ਛੱਡਿਆ, ਦਾਣੇ ਸੀ ਤੇ ਸਾਰੇ ਹੱਟੀ ਪਾ ਦਿੱਤੇ ਈ। ਨਾ ਜਾਣ ਨਾ ਪਛਾਣ, ਅਖੇ ਔਹ ਬੰਤੋ ਦੇ ਪਿੰਡ ਲਾਗੋਂ ਆਇਆ ਤੇ ਏਹਨੂੰ ਮਿਸ਼ਰੀ ਦਾ ਸ਼ਰਬਤ
ਚਾਹੀਦਾ । ਉਏ ਕਬੀਆ ! ਨਾਲੇ ਸਾਨੂੰ ਜੱਟਾਂ ਨੂੰ ਕੀ, ਇਹ ਤੇ ਨੇ ਵੇਹਲਿਆਂ ਦੀਆਂ ਹੜਿੱਚ-ਵਾਈਆਂ ਸਾਡਿਆਂ ਘਰਾਂ ਚੋਂ ਤੇ ਰੋਜ ਸਉ ਕੁੱਤਾ ਬਿੱਲਾ ਤੇ ਆਇਆ ਗਿਆ ਖਾਂਦਾ ਏ, ਸਾਡੇ ਲਾਗੇ ਪਾਪ ਕਿੱਦਾਂ ਆ ਜਾਊ ?
ਚੰਨਣ - ਹੇਖਾਂ ਕੀ ਕਰਦਾ ?
ਮਈਆ ਸਿੰਘ - ਤੂੰ ਆਖੇ ਲੱਗ ਤੇ ਉਹਨਾਂ ਮੁਸ਼ਟੰਡਿਆਂ ਦੇ ਪਿੱਛੇ ਨਾ ਲੱਗ। ਉਹ ਤੇ ਅਜ ਕਲ ਹੋਏ ਹੋਏ ਆ ਆਪ ਹੁਦਰੇ, ਉਹਨਾਂ ਨੇ ਕਿਤੇ ਸੁਣ ਲਏ ਆ ਗਾਂਧੀ ਦੇ ਲਸ਼ਕਰ, ਤੇ ਘਰ ਦਾ ਨਹੀਂ ਰਿਹਾ ਫਿਕਰ ਫਾਕਾ। ਪਿੱਛਾ ਵੀ ਭਾਰਾ ਏ, ਭੋਂ ਭਾਂਡਾ ਸਭ ਉਨ੍ਹਾਂ ਦੇ, ਜੇ ਦਸ ਦਿਨ ਬੱਝ ਵੀ ਜਾਣਗੇ ਤੇ ਮਰਦੇ ਨਹੀਂ, ਲੈ ਦੇ ਕੇ ਛੁੱਟ ਆਉਣਗੇ, ਪਰ ਤੇਰੀ ਐਤਕੀ ਦੀ ਵਾਰੀ ਤੇ ਕਿਨੇ ਸ਼ਾਹਦੀ ਨਹੀਂ ਭਰਨੀ ਮੂਰਖਾ।
ਚੰਨਣ - ਏਦਾਂ ਤੇ ਏਦਾਂ ਈ ਸਹੀ; ਤਾਂ ਵੀ ਉਹ ਜਾਨਣਗੇ ਕੀ ਫਿਰ ਸਾਨੂੰ ? ਨਾਲੇ ਉਹ ਵੀ ਨਾ ਉਹਦੀਆਂ ਪੱਕੀਆਂ ਖਾਣਗੇ, ਰਾਤ ਬਰਾਤੇ ਤੇ ਫਿਰਨਾਂ ਛੱਡ ਦਿਤਾ, ਹੁਣ ਮੱਸਿਆ ਵੀ ਛਡਾਉਂਦੇ ਜੇ ਸਾਥੋਂ।
(ਡੰਗਰਾਂ ਨੂੰ ਪੱਠੇ ਪਾਉਣ ਲੱਗ ਜਾਂਦਾ ਏ)
ਮਈਆ ਸਿੰਘ - (ਗੁੱਸੇ ਨਾਲ ਬਾਹਰ ਨੂੰ ਜਾਂਦਾ ਹੋਇਆ) ਚੰਗਾ ਮੁਕਾਉਂਦੇ ਆਂ ਰੋਜ ਦੀ ਘੈਂਸ ਘੈਂਸ, ਆ ਲੈਣ ਦੇ ਅੱਜ ਤੇਰੀ.....।
[ਰਾਜੋ ਆਉਂਦੀ ਏ, ਇਕ ਹੱਥ ਵਿਚ ਟੁੱਟੀ ਜੇਹੀ ਪੀਹੜੀ ਤੇ ਦੂਜੇ ਵਿਚ ਵਲ- ਟੋਹੀ ਤੇ ਰੱਸੀ ਏ]
ਰਾਜੋ - ਜੈਲਿਆ ਵੇ, (ਵਾਜਾਂ ਮਾਰਦੀ ਏ) ਹਾ ਲਿਆਈਂ ਪਰ੍ਹਾਂ ਲੱਪ ਵੰਡ ਦੀ, ਢੱਗੀ ਅੱਗੇ ਸੁੱਟਾਂ ਤੇ ਵਿਚੋਂ ਦੋ ਧਾਰਾਂ ਕੱਢਾਂ, ਜੇ ਖਸਮਾਂ ਨੂੰ ਖਾਣੀ ਖਲੋਂਦੀ ਆ ਤੇ, ਝੱਖੜ ਤੇ ਝੁੱਲਿਆ ਈ ਰਹਿੰਦਾ ਏ। ਲੈ ਖਾਂ, ਅਜੇ ਪਾਥੀਆਂ ਵੀ ਪਥਕਣਾਂ ਵਿਚ ਓਦਾਂ ਈ ਲਿਆਉਣ ਵਾਲੀਆਂ ਪਈਆਂ ਹੋਈਆਂ ਨੇ । ਛੇਤੀ ਕਰੀਂ ਵੇ।
ਜੈਲਾ - ਨੀ ਮਾਂ, ਉਹ ਜਿਹੜਾ ਸੀ ਨਾ ਵੰਡ ਬਾਲਟੇ ਵਾਲਾ, ਉਹ ਤੇ ਭਾਊ ਨੇ ਦੁਪਹਿਰੇ ਈ ਕਿਸੇ ਦੀ ਘੋੜੀ ਨੂੰ ਚਟਾ ਦਿੱਤਾ ਸੀ। ਆਂਹਦਾ ਸੀ ਇਹ ਬੰਤੀ ਦਾ ਕੁਛ ਲਗਦਾ ਏ, ਏਨੇ ਈ ਮੇਰਾ ਸਾਰਾ ਕੰਮ ਕਰ ਸੁੱਟਣਾ, ਅੱਜ ਠਾਂਹ ਓਦਾਂ ਈ ਥਾਪੀ ਮਾਰਕੇ ਚੋ ਲਾ ਕਿ ।
ਰਾਜੋ - ਤੇ ਟੁੱਟ ਪੈਣਿਆਂ, ਪਠੋਰਿਆ, ਤੈਥੋਂ ਘੋੜੀ ਦਾ ਲੱਕ ਨਹੀਂ ਸੀ ਤੋੜੀਦਾ । (ਚੰਨਣ ਵੱਲ ਮੂੰਹ ਕਰ ਕੇ) ਏਨ ਨਜੰਮੇ ਨੇ ਤੇ ਸਾਡੇ ਕੱਖ ਚੁਣਾ ਦਿੱਤੇ ਨੇ । (ਜੈਲੇ ਨੂੰ) ਪਰ੍ਹਾਂ ਚਲਿਆ ਜਾਹ ਮੇਰੀਆਂ ਅੱਖਾਂ ਅੱਗੋਂ, ਹੂੰਝਾ ਆਉਣਿਆ, (ਵਾਜ ਮਾਰ ਕੇ) ਵੇ ਚੰਨਣਾ, ਪਰ੍ਹਾਂ ਲਿਆਈਂ ਵੇ ਮੁੱਠ ਸੂੜ੍ਹੇ ਦੀ ਭਾਨੋ ਕੇ ਘਰੋਂ, ਅੱਗੇ ਸੁੱਟਾਂ ਜੇ ਕਿਤੇ ਖਲੋਂਦੀ ਆ ਤੇ।
ਜੈਲਾ - ਤੂੰ ਨਿਆਣਾ ਤੇ ਪਾ, ਮੈਂ ਖੁਲਣੀ ਲੈ ਕੇ ਖਲੋਂਦਾਂ ਅੱਗੇ ਮਾਂ । ਜਦੋਂ ਇਹ ਹਿੱਲੂਗੀ ਵੇਖੀਂ ਖਾਂ ਮੈਂ ਕਿੱਦਾਂ ਇਹਦੀਆਂ ਬਾਚੀਆਂ ਸੇਕਦਾਂ ।
ਰਾਜੋ - (ਚੋਣ ਲਗਦੀ ਏ) ਲੈ ਖਾਂ ਇਹ ਤੇ ਮਰ ਜਾਣੀ ਹੇਠਾਂ ਬਹਿਣ ਈ ਨਹੀਂ ਦੇਂਦੀ, ਆਖਰ ਆਉਣੀ। ਵੇਖਾਂ ਕਿੱਦਾਂ ਛੜਾਂ ਮਾਰਦੀ ਆ, ਅਸੀਂ ਕਿਤੇ ਏਹਨੂੰ ਵੱਢਣ ਤੇ ਨਹੀਂ ਲੱਗੇ। ਲੈ ਖਾਂ ਏਨ ਤੇ ਸਾਰਾ ਦੁਧ ਚੜ੍ਹਾ ਈ ਲਿਆ । ਜੈਲੂ, ਵੇ ਜੈਲਦਾਰਾ! ਕਿਤੇ ਏਹ ਲਿਹਾ ਤੇ ਨਹੀਂ ਆਈ ?
ਜੈਲਾ - (ਗਾਂ ਦੇ ਮਾਰ ਕੇ) ਤੇਰੇ ਰੱਖਣ ਵਾਲੇ ਦੀ ਮੈਂ......
ਰਾਜੋ - [ਧੱਫਾ ਮਾਰ ਕੇ) ਵੇ ਹਰਾਮੀਆ! ਕਿਉਂ ਮਾਰਦਾਂ, ਆਪਣੀ ਮਾਂ ਨੂੰ, ਤੁਸੀਂ ਕਿਤੇ ਸਾਡੇ ਲੇਖਾਂ ਨੂੰ ਰੱਖੋ ਹੋਏ ਸੀ । ਵੇ, ਏਦਾਂ ਵੀ ਕਿਤੇ ਤੋਕੜਾਂ ਦੁਧ ਦੇਂਦੀਆਂ ਨੇ ? (ਹੋਰ ਮਾਰਦਾ ਏ) ਵੇ, ਆਹ ਲੈ ਜਿਹੜਾ ਲੱਪ ਚੋਇਆ ਸੀ, ਉਹ ਵੀ ਡੋਲ੍ਹ ਦਿੱਤਾ ਈ, ਵੇ, ਨਾ ਮਾਰ ਆਪਣੀ ਕੁਲਗਦੀ ਨੂੰ ।
[ਮਈਆ ਸਿੰਘ ਆਉਂਦਾ ਏ]
ਮਈਆ ਸਿੰਘ - ਕਿਉਂ ਏ ਜੈਲੇ ਦੀ ਮਾਂ, ਸੁਣਿਆ ਨੀਂਗਰ ਕੀ ਆਂਹਦਾ ? ਮੱਛੀ ਪੱਥਰ ਚੱਟ ਕੇ ਈ ਮੁੜਦੀ ਆ, ਤੇ ਏਨ ਓਹਨਾਂ ਤੋਂ ਫਾਟਾਂ ਭਨਾ ਕੇ ਈ ਰਹਿਣਾ ਈ। ਮੇਲੇ ਮਸਾਹਦੇ ਵਿਚ ਨਾ ਕਿਸੇ ਦੀ ਦਾਦ ਨਾ
ਫਰਿਆਦ, ਤੇ ਤੂੰ ਵੀ ਨਹੀਂ ਏਹਨੂੰ ਆਖਦੀ ਵੇਖਦੀ ?
ਰਾਜੋ - ਮੱਸਿਆ ਕਾਹਦੀਆਂ ਆਕੇ ਪੈਂਦੀਆਂ ਨੇ ਪੁਥਾੜੇ ਦੀ ਜੜ੍ਹ ਆ । ਜਦੋਂ ਦੀਆਂ ਸਗੋਂ ਮੁੰਡਾ ਭਾਈ ਦੇ ਆਖੇ ਲੱਗ ਕੇ ਮੱਸਿਆ ਜੇਹੀਆਂ ਸੁੱਖ ਬੈਠਾ ਜੇ ਸਗੋਂ ਦਿਨੋ ਦਿਨ ਵਿਗੜਦਾ ਈ ਜਾਂਦਾ । ਭਾਈ ਤੇ ਹੋਇਆ ਵੇਹਲਾ ਓਨ ਕਿਹੜੇ ਮੁੱਦੇ ਪੁੱਟਣੇਂ ਆਂ?
ਮਈਆ ਸਿੰਘ - ਤੇ ਤੂੰ ਦੱਸਦੀ ਨਹੀਂ, ਮੈਂ ਕੀ ਭਉਂਕਦਾਂ ?
ਰਾਜੋ - (ਚੰਨਣ ਵਲ ਮੂੰਹ ਕਰਕੇ) ਵੇ, ਮੈਂ ਤੈਨੂੰ ਕਈ ਵਾਰ ਨਹੀਂ ਵਰਜਿਆ ? (ਮਈਆ ਸਿੰਘ ਵੱਲ ਮੂੰਹ ਕਰ ਕੇ) ਪੁੱਛ ਖਾਂ ਮੂੰਹ ਤੇ ਆ। ਸਰੀਕ ਕੀ ਆਖਣਗੇ? ਨਾਲੇ ਐਧਰ ਇਹਦਾ ਵਿਆਹ ਧਰਿਆ ਹੋਇਆ ਜੇ, ਤੇ ਇਹ ਫਸੀਆਂ ਨੂੰ ਛੱਡ ਕੇ ਉਡਦੀਆਂ ਮਗਰ ਫਿਰਦਾ ਜੇ। ਕੀ ਕਰਾਂ, ਮੈਂ ਤੇ ਆਪ ਤੁਹਾਡੇ ਹੱਥੋਂ ਬਾਲਣ ਹੋ ਗਈ ਆਂ। ਕਲਾ ਕਲੋਤਰ ਵੱਸੇ ਤੇ ਘੜਿਉਂ ਪਾਣੀ ਨੱਸੇ ।
ਮਈਆ ਸਿੰਘ - ਬਾਲਣ ਕਾਹਦੀ, ਤੇਰੀ ਮਾਂ-ਪੁੱਤ ਦੀ ਤੇ ਹੋਈ ਇਕ ਸੁਰ ਤੇ ਮੈਂ ਹੋਇਆ ਝੁਡੂਆਂ ਦਾ ਝੁੱਡੂ ਛੱਡਿਆ ਹੋਇਆ ।
[ਕਾਕੋ ਰਾਜੋ ਦੀ ਗਵਾਂਢਣ ਆਉਂਦੀ ਏ]
ਕਾਕੋ - ਕੁੜੇ, ਜੀਉ ਦੀ ਮਾਂ, ਤੂੰ ਚੰਗੀ ਨਿਕਲੀਉਂ, ਧਾਰ ਕੱਢਣ ਨਾ ਆਈਉਂ, ਤੂੰ ਤੇ ਗਾਂਹ ਕਿਤੇ ਨੰਨਣ ਈ ਜਾ ਵੜੀਉਂ । ਕੁੜੇ ਏਨੇ ਚਿਰਾਂ ਨੂੰ ਤੇ ਵਿਚੋਂ
ਸਉ ਡੰਗਰ ਚੋਂ ਸੁੱਟੀਦਾ।
ਰਾਜੋ - ਅਣੀਏਂ ਕਿੱਥੋਂ, ਏਥੇ ਤੇ ਹੋਰ ਈ ਘੜਮੱਸ ਪਈ ਹੋਈ ਆ। ਟੁੱਟ ਪੈਣਾਂ ਮੁੰਡਾ ਵਿਚ ਮੱਸਿਆ ਦੀ ਬਖਾਂਧ ਪਾ ਕੇ ਬੈਠਾ ਹੋਇਆ। ਭੈਣਾਂ ਅਸੀਂ ਤੇ ਉਦੋਂ ਈ ਆਖ ਰਹੇ ਸਾਂ ਪਈ ਇਹੋ ਜੇਹੀਆਂ ਨਹੀਂ ਵੱਸਦੀਆਂ ਹੁੰਦੀਆਂ, ਜਿਨ੍ਹਾਂ ਨੇ ਥਾਂ ਥਾਂ ਦੇ ਪਾਣੀ ਪੀਤੇ ਹੋਏ ਹੁੰਦੇ ਨੇ, ਕੀ ਕਰਾਂ ?
ਕਾਕੋ - ਨੀ ਰੱਜੀਏ, ਕੀ ਸੁਣਾਉਂਦੀ ਏਂ, ਅਰਜਣ ਵੀ ਵਿਟਰਿਆ ਫਿਰਦਾ। ਦੱਸ ਖਾਂ ਕਿੱਥੋਂ ਦੇਈਏ ਪੈਸੇ ਮੁੰਡਿਆਂ ਨੂੰ ? ਕਣਕ ਤੇ ਮਣ ਨੌਂ ਵੱਟੀਆਂ ਤਲਾਉਂਦੇ ਨੇ ਅਗਲੇ ਪੁਰਾਣੇ ਵੱਟੇ ਤੇ ਗੁੜ ਸ਼ੱਕਰਾਂ ਨੂੰ ਕੁੱਤੇ ਨਹੀਂ ਜੂ ਕਬੂਲਦੇ । ਨਾਲੇ ਮੈਂ ਵੀ ਤੇ ਭੈਣਾਂ ਉਹਦੇ ਉਦੋਂ ਈ ਤੌਰ ਪਛਾਣ ਗਈ ਸਾਂ । ਸਾਡੀਆਂ ਉਮਰਾਂ ਕਿੱਥੇ ਲੰਘੀਆਂ ਨੇ ? ਭਾ, ਜੇਹੜੀ ਚੁੱਕਣਾਂ ਹੁੰਦੀ ਆ ਉਹ ਵੀ ਤੇ ਪੱਥਰ ਪਾੜ ਦਿੰਦੀ ਆ। ਚੱਲ ਹੁਣ ਤੰਦੂਰ ਤਪਿਆ ਹੋਇਆ ਈ।
[ਚਲੀਆਂ ਜਾਂਦੀਆਂ ਨੇ]
(ਬਾਹਰੋਂ ਆਵਾਜ਼ਾਂ) ਚੰਨਣਾ, ਉਏ ਚੰਨਣਾ, ਅਸੀਂ ਤੈਨੂੰ ਕਉਣ ਵੇਲੇ ਦੇ ਉਡੀਕਦੇ ਆਂ।
[ਚੰਨਣ ਚਲਿਆ ਜਾਂਦਾ ਏ]
ਮਈਆ ਸਿੰਘ - (ਆਪਣੇ ਆਪ ਨਾਲ) ਹੱਛਾ ਪਈ ਜਿੱਦਾਂ ਮਰਜ਼ੀ ਏ ਕਰੋ। ਜਦੋਂ ਪਿਉ ਬੁੱਢਾ ਹੋ ਜਾਏ ਤੇ ਮੁੰਡੇ ਬਰਾਬਰ ਦੇ ਹੋ ਕੇ ਏਦਾਂ ਈ ਕਰਦੇ ਹੁੰਦੇ ਨੇ । ਹੁਣ ਮੈਂ ਤੇ ਘਰ ਵਿਚ ਹੋਇਆ ਨਾ ਵਾਧੂ, ਜਦੋਂ ਮੈਂ ਵਿਗੜ ਬੈਠਾ, ਸਾਰਿਆਂ ਨੂੰ ਘੇਰਾਂ ਪੈਣੀਆਂ। ਫੇਰ ਏਹਨਾਂ ਦੀ ਘੜੀ ਨਹੀਂ ਜੇ ਲੰਘਣੀ। ਮੁੰਡੇ ਨੂੰ ਜਿੰਨਾਂ ਚਿਰ ਝਾਂਬੜ ਨਹੀਂ ਚੜ੍ਹਦੀ ਏਨ ਨਹੀਂ ਜੇ ਸੌਰਨਾਂ। ਏਨ ਰੰਨ ਦੇ ਪਿੱਛੇ ਲੱਗ ਕੇ ਘਰ ਖਾਕਸ਼ਾਹ ਕਰ ਦਿੱਤਾ। ਅੰਗਾਂ ਸਾਕਾਂ ਤੋਂ ਵੀ ਗਏ ਪਰ ਜੇ ਕਿਤੇ ਹੁਣ ਓਸ ਬਾਂਦਰੀ ਨੂੰ ਲੈ ਆਂਦਾ ਤੇ ਮੈਂ ਵੇਹ ਖਾ ਕੇ ਮਰ ਜਾਣਾਂ।
ਪਰਦਾ
ਝਾਕੀ ਤੀਜੀ
ਵੇਲਾ ਦਿਨ ਅੰਦਰ ਬਾਹਰ ਦਾ
[ਉਹੀ, ਪਿੰਡ ਬੋੜੇ ਵਾਲੇ ਖੂਹ ਤੇ ਗੰਡਾ ਸਿੰਘ ਖੁਰਲੀ ਤੇ ਬੈਠਾ ਰੱਸਾ ਮੇਲਦਾ ਏ, ਕੁਝ ਗੱਭਰੂ ਹਟਵੇਂ ਬੈਠੇ ਗੱਲਾਂ ਕਰ ਰਹੇ ਹਨ]
ਗੰਡਾ ਸਿੰਘ - (ਵਾਜਾਂ ਮਾਰਦਾ ਏ) ਮੁੰਡਿਆ, ਉਏ ਮੁੰਡਿਆ, ਜਰਾ ਉਰਾਂ ਹੋਈ ਉਏ, ਵਿੱਚੋਂ ਰੱਸੇ ਜਹੇ ਦਾ ਫਾਹ ਵੱਢੀਏ ਤੇ ਪਿੰਣ ਨੂੰ ਚੱਲੀਏ ।
ਨਾਜਰ - (ਟੋਲੀ ਵਿੱਚ ਬੈਠਾ ਹੋਇਆ) ਬਾਪੂ, ਸਾਹ ਤੇ ਲੈ, ਕਿਤੇ ਭਾਜੜ ਤੇ ਨਹੀਂ ਪਈ ਹੋਈ, ਆਪੇ ਰੱਸਾ ਵੀ ਮਿਲ ਜਾਂਦਾ । ਅਸੀਂ ਪਹਿਲਾਂ ਆਪਣਾ ਰੱਸਾ ਤੇ ਮੇਲ ਲਈਏ ।
ਮਹਿੰਗਾ - ਸੁਣਿਆਂ ਪਈ ਐਰਕਾਂ ਮੱਸਿਆ ਦੀਆਂ ਤਿਆਰੀਆਂ ਹੁੰਦੀਆਂ ਨੇ ਬੜੀਆਂ ਗੱਜ ਵੱਜ ਕੇ, ਤੇ ਸਾਰੀਆਂ ਗੱਲਾਂ ਨਾਲੋਂ ਤੜਕੇ ਈ ਨਿਕਲ ਚੱਲੀਏ ਠੰਢੇ ਠੰਢੇ। ਪੌਹ ਫੁੱਟਦੀ ਨੂੰ ਪੰਜਾਂ ਦਸਾਂ ਕੋਹਾਂ ਤੇ ਜਾ ਵਖਾਲੀ ਦੇਈਏ, ਪਰ ਸਾਰੀ ਗੱਲ ਢਿੱਡ ਵਿਚ ਈ ਰੱਖਿਓ।
ਚੰਨਣ - ਪਤਾ ਨਹੀਂ ਕਿਹੜੇ ਚੁਗਲ ਦੇ ਪੁੱਤ ਨੇ ਚਾਚੇ ਦੇ ਕੰਨ
'ਚ ਫੂਕ ਮਾਰ ਦਿੱਤੀ ਆ, ਚਾਚਾ ਤੇ ਕਈਆਂ ਦਿਨਾਂ ਤੋਂ ਮੇਰੇ ਨਾਲ ਮੂੰਹ ਵੱਟੀ ਫਿਰਦਾ।
ਗੰਡਾ ਸਿੰਘ - (ਫਿਰ ਵਾਜਾਂ ਮਾਰਦਾ ਏ) ਉਏ ਨਾਜਰਾ, ਉਏ ਨਾਜੂ, ਉਏ ਤੇਰੀ ਖਲੜੀ 'ਚ ਡਰ ਨਹੀਂ ਰਿਹਾ? ਤੂੰ ਬਾਹਲਾ ਈ ਵਿਗੜਦਾ ਜਾਂਦਾਂ, ਟੁੱਟੇ ਛਿੱਤਰ ਵਾਂਗੂੰ । ਉਏ ਆਉ, ਉਏ ਬਣ ਜਾਉ ਕਿਸੇ ਬੰਦੇ ਦੇ, ਅੱਗੇ ਜਿਹੜੇ ਤੁਸਾਂ ਮਹਿਲ ਪੁਆ ਲਏ ਨੇ ਐਹੋ ਜਿਹਾਂ ਕੰਮਾਂ 'ਚ ਪੈਕੇ ਉਹ ਵੀ ਸਾਰਿਆਂ ਨੂੰ ਦਿਸਦੇ ਨੇ ।
ਮਹਿੰਗਾ - ਉਏ ਹਰੀਆ! ਕਮਲਿਆ, ਲੋਕੀਂ ਵੀ ਕੰਮਾਂ ਤੋਂ ਵੇਹਲੇ ਹੋ ਜਾਂਦੇ ਨੇ, ਆਂਹਦੇ ਆ ਏਸ ਮੱਸਿਆ ਤੇ ਤਿਲ ਮਾਰਿਆ ਭੁੰਜੇ ਨਹੀਂ ਪੈਂਦਾ, ਨਾਲੇ ਸਵਾਦ ਤੇ ਐਰਕਾਂ ਹੀ ਆਉਣਾ ਆਂ। ਕਿਸੇ ਝੂਠ ਤੇ ਨਹੀਂ ਆਖਿਆ ਅਖੇ, 'ਚੱਲ ਚੱਲੀਏ ਚੇਤ ਦੀ ਮੱਸਿਆ ਤੇ ਮੁੰਡਾ ਤੇਰਾ ਮੈਂ ਚੁੱਕ ਲਊਂ।”
ਈਸ਼ਰ - ਪਈ ਐਤਕਾਂ ਸਾਡੀ ਟੋਲੀ ਲੰਬਰ 'ਚ ਰਹੂ। ਢੋਲਕੀ ਵੀ ਨਵੀਂ ਮੜ੍ਹੀ ਹੋਈ ਆ, ਧਾਮਾਂ ਵੀ ਦਾਰੂ ਦੀਆਂ ਪੁੱਠਾਂ ਦੇ ਦੇ ਕੇ ਲਾਇਆ ਹੋਇਆ ਏ । ਢੋਲਕੀ ਜੇਹੜੀ ਗੂੰਜ ਦਿੰਦੀ ਆ ਕਾਹਦੀਆਂ ਗੱਲਾਂ, ਵੱਸਣ ਤੇ ਇਕ ਵੇਰਾਂ ਢੋਲਕੀ ਵਾਲੇ ਤੇ ਕੱਢ ਅੜਾਟ ਦਿੰਦਾ ।
ਗੰਡਾ ਸਿੰਘ - (ਫਿਰ ਵਾਜਾਂ ਮਾਰਦਾ ਏ) ਉਏ ਤੈਨੂੰ ਗੜੀ ਨਿਕਲੇ ਬਾਂਦਰਾ, ਤੂੰ ਕੇਹੜਾ ਹੈਥ ਧਰਨੇ ਬੈਠਾ ਹੋਇਆ ਏਂ ? ਜੇ ਕਿਸੇ ਬੰਦੇ ਦਾ ਏਂ ਤੇ ਆ ਜਾ, ਤੈਨੂੰ ਗੱਲਾਂ ਦਾ ਵੜਾ ਚਸਕਾ ਏ, ਤੇਰੇ ਵਰਗੇ ਦੀ ਭਾਵੇਂ ਕੋਈ ਪਿੱਛੋਂ
ਰੰਨ ਕੱਢ ਕੇ ਤਿੱਤਰ ਹੋਵੇ । ਅੱਗੇ ਤੁਹਾਡੀਆਂ ਗੱਲਾਂ ਨੇ ਹੀ ਤੇ ਸਾਡੇ ਕੱਖ ਚੁਣਾ ਦਿੱਤੇ ਨੇ ।
ਨਾਜਰ - (ਕੋਲ ਜਾ ਕੇ) ਹਾ, ਦੋ ਹੱਥ ਰੱਸਾ ਤੈਥੋਂ ਮੇਲਿਆ ਨਹੀਂ ਜਾਂਦਾ ? ਜੇ ਰੱਬ ਕਰਾਏ ਕੋਈ ਚਾਰ ਦਿਨ ਅੰਦਰ ਬਾਹਰ ਚਲਿਆ ਜਾਏ ਤੇ ਫੇਰ ਪਿੱਛੋਂ ਕੀ ਬਣਨਾ ਹੋਇਆ, ਏਸ ਹਸਾਬ ? (ਹੌਲੀ ਜੇਹੀ) ਨਾਲੇ ਚਾਚਾ ਅਸੀਂ ਇਹ ਸਲਾਹ ਕਰਦੇ ਆਂ ਪਈ ਜੇ ਕਿਤੇ ਕੋਈ ਤਕੜੇ ਘਰ ਦਾ ਗਾਹਕ ਮਿਲ ਜਾਏ, ਤੇ ਕੁਝ ਹਿੱਸੇ ਆਉਂਦਾ ਸਾਨੂੰ ਵੀ ਮਿਲ ਜਾਂਦਾ, ਅੱਜ ਕੱਲ ਪੈਸਾ ਵੀ ਤੇ ਬੰਦਾ ਮਾਰਿਆਂ ਨਹੀਂ ਨਾ ਲੱਭਦਾ। ਪਰ ਜੇ ਸਾਡੀ ਜਿੰਦਗਾਨੀ ਰਹੀ ਤੇ ਅਸਾਂ ਵੀ ਮਾਹੀ ਦੇ ਨਹੀਂ ਵੱਸਣ ਦੇਣੀ, ਓਨ ਸਾਡੇ ਨਾਲ ਐਹੋ ਜੇਹਾ ਧੋਖਾ ਕਰਨਾ ਸੀ।
ਗੰਡਾ ਸਿੰਘ - (ਗੁੱਸੇ ਨਾਲ) ਪੁੱਤ ਹੋਣ ਤੇ ਤੇਰੇ ਵਰਗੇ, ਤੇਰੇ ਖੁਣੋਂ ਸਾਡਾ ਕੀ ਥੁੜਿਆ ਸੀ ? ਤੂੰ ਤੇ ਸਾਡੀ ਹੁਣੇ ਈ ਸੁਣਨੋਂ ਗਿਣਨੋਂ ਗਿਉਂ, ਅਜੇ ਤੇਰੇ ਵਰਗੇ ਦਾ ਵਿਆਹ ਝੁਲਾ ਹੋਇਆ ਹੋਵੇ ਤੇ ਤੂੰ ਤੇ ਸਾਨੂੰ ਨਿਰੇ ਕੁੱਤੇ ਬਿੱਲੇ ਈ ਸਮਝੇਂ । ਵੇਖਾਂਗੇ ਜਿਨ੍ਹਾਂ ਦੇ ਮਗਰ ਮਗਰ ਫਿਰਦਾਂ, ਜਦੋਂ ਤੈਨੂੰ ਤਖਤ ਤੇ ਬਹਾ ਦੇਣਗੇ, ਤੇਰਾ ਤੇ ਰੋਜ ਇਹੋ ਈ ਟਿੰਡ 'ਚ ਕਾਨਾ ਰਹਿੰਦਾ। ਤੂੰ ਵੀ ਚੰਨਣ ਵਾਂਗੂੰ ਸਾਡੇ ਹੱਥਾਂ ਚੋਂ ਨਿਕਲਦਾ ਜਾਂਦਾਂ। ਉਹ ਵੇਖਾਂ ਹੁਣ ਆਪਣੇ ਪਿਉ ਦੀ ਧੌਲੀ ਦਾਹੜੀ 'ਚ ਘੱਟਾ ਪਵਾਉਂਦਾ ਫਿਰਦਾ ਨਾ । ਉਏ ਉਸ ਮਾਹੀ ਨੇ
ਤੁਹਾਨੂੰ ਕੀ ਦੇਣਾ, ਉਹਦੀ ਤੇ ਸਾਰੀ ਉਮਰ ਈ ਲੰਘ ਗਈ ਆ ਠੱਗੀਆਂ ਮਾਰਦੇ ਦੀ, ਉਹ ਤੇ ਮਰਨ ਮਾਰਨੋਂ ਨਹੀਂ ਡਰਨ ਵਾਲਾ।
ਵੱਸਣ - (ਟੋਲੀ ਲਾਗੇ ਆਉਂਦਾ ਹੋਇਆ) ਉਏ ਸੁੱਖ ਦੇ ਵਰ੍ਹਿਉ, ਚੌਥਾ ਜਾਂਦਾ, ਕੱਠਿਆਂ ਹੁੰਦਿਆਂ ਨੂੰ, ਕੋਈ ਚੰਦ ਚੜ੍ਹੂ ਜ਼ਰੂਰ ਈ। ਜਾਂ ਤੇ ਕਿਸੇ ਦਾ ਸਿਰ ਪਾਟੂ ਤੇ ਜਾਂ ਕੋਈ ਚੀਜ਼ ਤਾੜੀ ਹੋਈ ਹੋਣੀ ਏਂ, ਤੁਸੀਂ ਐਵੇਂ ਨਹੀਂ ।
ਹਰੀਆ - ਮੁਰਦਾ ਬੋਲੂ ਤੇ ਖੱਫਣ ਈ ਪਾੜੂ, ਸਾਨੂੰ ਤੂੰ ਕੀ ਸਮਝਿਆ ਕਾਲਿਆ ਕੱਟਿਆ, ਤੈਨੂੰ ਤੇ ਨਿਰਾ ਚੰਮ ਈ ਕੁੱਟਣਾ ਆਉਂਦਾ ਏ, ਨਾਲੇ ਪਈ ਹੁਣ ਚੁੱਕ ਲਉ ਕੰਨ ਸਾਰੇ ਜਣੇ ਸਾਨੂੰ ਇਕ ਮੋਰਚਾ ਵੀ ਫਤ੍ਹੇ ਕਰਨਾ ਪੈਣਾ ਜੇ।
ਮਹਿੰਗਾ - ਪਈ ਹਾਸੇ ਨਾਲ ਤੇ ਰਿਹਾ ਹਾਸਾ, ਮੈਂ ਐਤਕਾਂ ਚੋਰੀਂ ਛੱਪੀਂ ਗੁੜ ਵੇਚ ਕੇ ਛਿੱਲੜ ਜੋੜੇ ਨੇ ਦਸ ਵੀਹ, ਸਾਰੇ ਮੱਸਿਆ ਤੇ ਈ ਲਾ ਆਉਣੇ ਨੇ। ਉਏ ਅਰਜਣਾਂ ! ਐਤਕਾਂ ਤਵਿਆਂ ਦਾ ਵਾਜਾ ਰੱਜ ਕੇ ਸੁਣਨਾਂ ਆਂ, ਭਾਵੇਂ ਹੱਟੀ ਵਾਲੇ ਨੂੰ ਪਾਣੀਂ ਧਾਣੀਂ ਨਾ ਪਿਆਉਣਾ ਪਏ। ਲਉ ਖਾਂ ! ਆਹ ਤੇ ਬੜੇ ਈ ਤਜਬ ਵਾਲੀ ਗੱਲ ਆ, ਓਸ ਕਾਲੇ ਜਹੇ ਤਵੇ ਵਿਚੋਂ ਕਿੱਦਾਂ ਗਉਣ ਨਿਕਲਦੇ ਰਹਿੰਦੇ ਨੇ, ਕਿਉਂ ਉਏ ਈਸਰਾ ! ਪਈ ਉਹਦੇ ਵਿਚੋਂ ਕਦੀ ਗਉਣ ਨਹੀਂ ਮੁੱਕਦੇ ?
ਅਰਜਣ - ਮੈਨੂੰ ਤੇ ਪਈ ਇਕ ਹੋਰ ਫਿਕਰ ਪਿਆ ਹੋਇਆ ਏ,
ਹੱਛਾ ਨਬੇੜ ਲਉ ਪਈ ਤੁਸੀਂ ਪਹਿਲਾਂ ਆਪਣੀਆਂ।
ਈਸਰ - ਪਈ ਗੱਲ ਹੈਗੀ ਜੇ ਇਹ, ਪਈ ਮੈਂ ਤੇ ਝੱਗੇ ਦਾ ਕੱਪੜਾ ਲਿਆਉਣਾ ਜੇ ਕੋਈ ਵਧੀਆ ਜੇਹੀ ਦੋ ਤਿੰਨਾਂ ਘੋੜਿਆਂ ਦੀ ਆਂਡਾ ਬੋਸਕੀ ਦਾ, ਜਿੱਦਾਂ ਦੀ ਮੁਣਸ਼ੀ ਦੀ ਛੋਟੀ ਨੋਂਹ ਪਰਸੋਂ ਪਾ ਕੇ ਬਾਹਰ ਹੋਣ ਗਈ ਸੀ।
ਵੱਸਣ - ਉਏ ਮੈਂ ਐਤਕੀਂ ਰੱਜ ਕੇ ਉਜੜਨਾ ਜੇ। ਮੈਂ ਤੇ ਤਰਨ ਤਾਰਨੋਂ ਇਕ ਤੇ ਲਿਆਉਣੀ ਆਂ ਅਤਰ ਦੀ ਸ਼ੀਸ਼ੀ ਜਿਹੜਾ ਇਕ ਵਾਰੀਂ ਤੇਲ ਮਲਿਆ ਹੋਇਆ ਹੋਵੇ ਤੇ ਪਿੰਡ ਦੇ ਪਰਲੇ ਪਾਰ ਜਾ ਪਤਾ ਲਗੇ ਪਈ ਅੱਜ ਵੱਸਣ ਕੋਲ ਵੀ ਕੋਈ ਚੀਜ ਆ। ਦੂਜਾ ਰੰਗੇਜੀ ਸਾਬਣ ਦੀ ਗਾਚੀ ਕਸਤੂਰੀ ਵਾਲੀ ਜੇਹਦੇ ਵਿਚੋਂ ਇਕ ਵਾਰਾਂ ਐਨ ਚੰਨਣ ਵਰਗੀ ਬਾਸ਼ਨਾਂ ਆਵੇ ।
ਚੰਨਣ - ਪਈ ਮੈਨੂੰ ਤੇ ਪੈਸੇ ਚਾਚੇ ਨਹੀਂ ਜੇ ਦੇਣੇ, ਉਹ ਤੇ ਅੱਗੇ ਈ ਮੈਨੂੰ ਫਾਂਟਾ ਚਾਹੜਨ ਲੱਗਾ ਸੀ। ਹੱਛਾ, ਅੜੀ ਤੇ ਇਕ ਵਾਰਾਂ ਖੋਤੇ ਵਾਲੀ ਕਰੂੰ ਜੇ ਕਿਤੇ ਨੌਂਹ ਖੁਰ ਅੜ ਗਿਆ ਤੇ ।
ਮਹਿੰਗਾ - ਲਉ, ਜਿਹੜੀਆਂ ਚੀਜਾਂ ਲਈ ਮੈਂ ਜਾਣਾ ਸੀ ਉਹ ਤੇ ਤੁਸਾਂ ਭੁਲਾ ਈ ਦਿੱਤੀਆਂ । ਬਲਦਾਂ ਦੇ ਘੁੰਗਰੂ, ਗਾਨੀਆਂ ਤੇ ਹਮੇਲਾਂ, ਵੜੀਆਂ ਸੁਹਣੀਆਂ ਹੁੰਦੀਆਂ ਨੇ, ਮੈਂ ਤੇ ਵੇਖਿਉ ਖਾਂ ਜਦੋਂ ਵਹਿੜਕੇ ਨੂੰ ਪਾ ਕੇ ਇਕ ਵਾਰਾਂ ਸਜਾਇਆ ਤੇ ਮੈਂ ਉਹਨੂੰ ਫੜ ਕੇ ਐਨ ਮੋਰ ਬਣਾ ਦੇਣਾ ਏ । ਪਈ ਥੋਹੜੇ ਜਹੇ ਮਨ ਪਸਿੰਦ ਦੇ ਕਿੱਸੇ ਵੀ ਲਿਆਉਣੇ ਆਂ।
ਨੱਥੂ - (ਛੁਪ ਕੇ ਆਉਂਦਾ ਹੋਇਆ) ਪਈ ਤੁਸਾਂ ਤੇ ਆਪਣਾ ਆਹ ਟਿਕਾਣਾ ਚੰਗਾ ਲੱਭਾ ਜੇ, ਤੁਹਾਡੇ ਭਾਣੇ ਏਥੇ ਕੌਣ ਆਉਣ ਵਾਲਾ, ਐਸ ਵੇਲੇ । ਉਏ ਮੱਸਿਆ ਤੇ ਜਿਹੜੀ ਵੇਖਣੀਂ ਆਂ ਸੋ ਵੇਖਣੀ ਆਂ ਉਹਦਾ ਬਿਲਾ ਵੀ ਕੀਤਾ ਜੇ ? ਘੋਗਲ ਕੰਨੇ ਹੋ ਕੇ ਬੈਠੇ ਹੋਏ ਓ।
ਅਰਜਣ - ਤੇਰੇ ਬਿਨਾਂ ਈ ਲੰਬਰਦਾਰਾ (ਨੱਥੂ ਬੈਠ ਜਾਂਦਾ ਏ) ਲਉ ਪਈ ਹੁਣ ਛੱਡ ਦਿਉ ਬੋਸਕੀਆਂ ਤੇ ਅਤਰ ਵਿਚੇ ਈ। ਹੱਛਾ ਚੰਗਾ ਸੁਣਾ ਪਈ ਨੱਥੂ ਉਹ ਫੇਰ ਕੀ ਆਂਹਦੇ ਸੀ।
ਨੱਥੂ - ਉਹ ਤੇ ਤੈਨੂੰ ਦੱਸਿਆ ਜੂ ਸੀ, ਪਈ ਵਾ ਨਾਲ ਗੱਲਾਂ ਕਰਦੇ ਆ। ਉਹਨਾਂ ਦੇ ਤੇ ਭਾਣੇਂ ਖਣੀਂ ਅਗਲੇ ਵੰਗਾਂ ਪਾਈ ਬੈਠੇ ਨੇ । ਅਜੇ ਡੋਲਾ ਤੁਰਿਆ ਨਹੀਂ ਸੀ ਤੇ ਮੈਂ ਕਿੱਕਰਾਂ ਥੱਲੇ ਮੁੰਡਿਆਂ ਨਾਲ ਬਾਰਾਂ ਟਾਹਣੂੰ ਖੇਡਦਾ ਸਾਂ । ਮਾਹੀ ਵੀ ਕੋਲ ਹੀ ਆ ਬੈਠਾ। ਗੱਲੋਂ ਗੱਲ ਤੁਰ ਪਈ, ਉਹ ਤੇ ਸਮਾਨ ਨੂੰ ਟਾਕੀਆਂ ਲਾਵੇ, ਆਖੇ, ਜੇ ਬੰਤੋ ਵਸਾਈਆ ਤੇ ਮੈਂ, ਤੇ ਸਾਡੇ ਹੱਥ ਚੜ੍ਹੀ ਹੋਈ ਨਾ ਕੋਈ ਹੋਰ ਰੱਖੂਗਾ ਤੇ ਨਾ ਹੀ ਕੋਈ ਵਸਾਉਣ ਵਾਲਾ ਜੱਮੂੰ । ਨਾਲੇ ਪਈ ਓਥੋਂ ਦੇ ਮੁੰਡੇ ਵੀ ਚੰਗੇ ਖਾੜਕੂ ਆ, ਉਹ ਤੇ ਦਿਨੇਂ ਛਹਵੀਆਂ ਤੇ ਗੰਡਾਸੀਆਂ ਮੋਢਿਆਂ ਤੇ ਰੱਖੀ ਫਿਰਦੇ ਹੁੰਦੇ ਆ, ਜੀ ਜੀ ਤੇ ਉਹਨਾਂ ਦਾ ਘਰ ਸ਼ਰਾਬ ਕੱਢਦਾ ।
ਅਰਜਣ - (ਜੋਸ਼ ਨਾਲ) ਉਏ ਚੰਨਣਾਂ ! ਤੈਥੋਂ ਡੁੱਬ ਕੇ ਨਹੀਂ
ਮਰ ਜਾਈਦਾ, ਉਏ ਰਹਿ ਕੇ ਤੇਰੇ ਘਰ ਤੇ ਬਣ ਜਾਏ ਉਹ ਦੀ (ਕਚੀਚੀ ਵੱਟ ਕੇ) ਜੇ ਤੇ ਆਂ ਨਾ ਮਰਦ ਤੇ ਚੰਨਣਾਂ ! ਗੱਲ ਲੈ ਲਏਂਗਾ।
ਈਸਰ - ਜੇ ਹੁਣ ਮੇਰੇ ਹੋਵੇ ਨਾ ਸਾਹਮਣੇਂ ਮਾਹੀ, ਤੇ ਮੈਂ ਪਾਣੀ ਨਾ ਪੀਣ ਦੇਵਾਂ (ਡੌਲੇ ਤੇ ਹੱਥ ਮਾਰ ਕੇ) ਹੋ ਜਾਹ ਤਕੜਾ ਵੱਡਿਆ ਆਸ਼ਕਾ, ਤੇਰੇ ਰਹਿ ਗਏ ਈ ਦਿਨ ਥੋਹੜੇ । ਛਵੀ ਵੀ ਕਈਆਂ ਚਿਰਾਂ ਦੀ ਰੂੜੀ 'ਚ ਦੱਬੀ ਹੋਈ ਆ ਉਹ ਨੂੰ ਵੀ ਵਾ ਲਵਾਉਣੀ ਪੈਣੀ ਆਂ ਹੁਣ ।
ਚੰਨਣ - ਜੇ ਮੈਨੂੰ ਏਥੇ ਈ ਕਿਤੇ ਟੱਕਰ ਪਏ ਤੇ ਮੈਂ ਧਰਮ ਨਾਲ ਬੰਤੋ ਦੀ ਬਾਂਹ ਫੜ ਕੇ ਹਵੇਲੀ ਲੈ ਜਾਵਾਂ ਤੇ ਆਖਾਂ ਤੇਰਾ ਮੇਰਾ ਕਾਹਦਾ ਗੁੱਸਾ । ਸਹੁੰ ਗੁਰੂ ਦੀ ਜ਼ਰੂਰ ਈ ਤੁਰ ਪਏ । ਜਿੱਦਣ ਕੱਢ ਕੇ ਤੁਰੇ, ਆਖੇ ਵੇ ਚੰਨਣਾ ਮੇਰੇ ਲਈ ਅੱਜ ਤੂੰ ਈ ਮਾਂ ਤੇ ਤੂੰ ਈ ਪਿਉ, ਤਰਲੇ ਕਰੇ ਤੇ ਵਾਸਤੇ ਪਾਵੇ । ਭਾਊ ਦੀ ਸਹੁੰ ਉਦੋਂ ਮੈਨੂੰ ਵੜਾ ਈ ਤਰਸ ਆਇਆ।
ਅਰਜਣ - ਉਏ ਤੇ ਉਹਨੂੰ ਤੂੰ ਕੁਝ ਨਾ ਆਖੇਂ ? ਵੇਖੋ ਉਏ ਮੈਨੂੰ ਤੇ ਸੁਣ ਸੁਣ ਕੇ ਕੰਮਣੀਆਂ ਆਉਂਦੀਆਂ ਜੇ, ਯਾਰੋ ਅਸੀਂ ਮਰ ਗਏ ਆਂ, ਸਾਨੂੰ ਕੀ ਲੋਕ ਆਖਣਗੇ, ਉਏ ਮੁੰਡਿਓ ! ਹੁਣ ਜੇ ਨਾ ਵੇਲਾ ਕੱਢੋ ਖਾਂ ਉਹ ਲਾਠੀਆਂ ਜਿਹਨਾਂ ਨੂੰ ਪਿੱਤਲ ਦੇ ਸੰਮ ਤੇ ਕੋਕੇ ਲਵਾ ਲਵਾ ਕੇ ਤੇ ਤੇਲ ਨਾਲ ਤਰ ਕਰਕੇ ਰਖਦੇ ਹੁੰਦੇ ਓ। ਨਾਲੇ ਪਈ ਮਹਿੰਗਿਆ, ਤੇਰੀ ਵੀ ਗਾਮੇਂ ਲਵ੍ਹਾਰ ਵਾਲੀ ਛਹਵੀ ਦਾ ਪਤਾ ਲੱਗ ਜਾਊ ।
ਚੰਨਣ - ਤੇ ਭਰਾਵਾਂ ਨਾਲ ਈ ਆਂ ਨਾ, ਮੈਨੂੰ ਤੇ ਭਾਊ ਐਹੋ ਜੇਹਿਆਂ ਕੰਮਾਂ 'ਚ ਲਾਲੀਆਂ ਚੜ੍ਹ ਜਾਂਦੀਆਂ, ਇਹ ਹਸਾਬ ਆ, ਜੱਟਾਂ ਦੇ ਹੁੰਦੇ ਆ ਢਾਈ ਫੱਟ, ਜਾਂ ਆਰ ਤੇ ਜਾਂ ਪਾਰ, ਮੈਨੂੰ ਤੇ ਓਦਨ ਦੀ ਰੋਟੀ ਖਾਣੀ ਹਰਾਮ ਹੋਈ ਹੋਈ ਆ, (ਬਾਂਹ ਤੇ ਹੱਥ ਫੇਰ ਕੇ) ਵੇਖਾਂ ਮੇਰਾ ਹਾਲ ਕੀ ਹੋਇਆ ਹੋਇਆ ਆ।
ਮਹਿੰਗਾ - ਤੂੰ ਦੂੱਜੀ ਗੱਲ ਨਾ ਕਰ, ਮੇਰੇ ਦਿਲ 'ਚ ਤੇ ਆਹ ਛਵ੍ਹੀ ਵਾਂਗੂੰ ਵੱਜੀ ਆ। ਮੈਨੂੰ ਠੰਢ ਨਹੀਂ ਪੈਂਦੀ ਜਿੰਨਾ ਚਿਰ ਉਹਨਾਂ ਦੇ ਦੰਦ ਨਾ ਭੰਨ ਲਈਏ । ਭਾਊ ਮੈਂ ਵੀ ਕਿਤੇ ਅਸਪਾਤ ਦਾ ਸਫਾਜੰਗ ਵਖਾਇਆ ਤੇ ਵੇਖਿਉ ਖਾਂ ਕਿੱਦਾਂ ਬਿਜਲੀ ਵਾਂਗੂੰ ਲਿਸ਼ਕਾਂ ਮਾਰਦਾ ।
ਚੰਨਣ - ਮੁੱਕ ਤੇ ਗਈ ਆ ਪਰ ਸੱਚ ਵਾਧਾ ਕਿਨ ਕਰਨਾ ਜੇ ?
ਅਰਜਣ - ਤੂੰ ਮੇਰੇ ਸਾਹਮਣੇ ਤੇ ਹੋ ਲੈਣ ਦੇ, ਪਹਿਲਾਂ ਮੈਂ ਲਾਉਣੀ ਆਂ ਲੱਤ ਤੇ ਫੇਰ ਨਾਲ ਈ ਕਲਾ ਜੰਗ ਲਾ ਕੇ ਸਿਰ ਪਰਨੇ ਕਰ ਦੇਣਾ।
ਹਰੀਆ - ਤੇ ਮੇਰੇ ਵਰਗਾ ਨਾਗ-ਵਲ ਕੌਣ ਲਾ ਸਕਦਾ, ਮੈਂ ਤੇ ਭਾਊ ਉਹਦੇ ਲਹੂ ਦਾ ਤਿਹਾਇਆਂ। ਮੇਰੀ ਕਿਤੇ ਤੁਸਾਂ ਅਜੇ ਛਹਵੀ ਨਹੀਂ ਵੇਖੀ, ਉਹ ਤੇ ਗੁੱਛਾ ਮੁੱਛਾ ਕਰ ਕੇ ਡੱਬ 'ਚ ਪਾ ਲਈਦੀ ਏ, ਜਦੋਂ ਜੀ ਕਰੇ ਝੱਟ ਡਾਂਗ ਤੇ ਚੜ੍ਹਾ ਲਈ ਦੀ ਆ, ਮੈਂ ਤੇ ਉਹਦਾ ਨਾਂ ਨਾਗਣੀ ਰੱਖਿਆ ਹੋਇਆ ਜੇ। ਉਹਦਾ ਵਾਰ ਖਾਲੀ ਕਦੀ ਨਹੀਂ ਜਾਂਦਾ।
ਨੱਥੂ - ਤੁਸੀਂ ਸਾਰੇ ਜਣੇ ਪਿੱਛੇ ਰਿਹੋ, ਵੇਖਿਉ ਖਾਂ ਮੈਂ ਕਿੱਦਾਂ
ਪੈਂਤੜੇ ਤੇ ਆ ਕੇ ਵਲੇਟਵੀਆਂ ਛੱਡਦਾਂ ਪੱਸਲੀਆਂ 'ਚ ਉਨ੍ਹਾਂ ਸਾਰਿਆਂ ਲਈ ਤੇ ਮੈਂ ਕੱਲਾ ਈ ਬੜਾ ਆਂ। ਮੇਰੀ ਤੇ ਪਹਿਲਾਂ ਓਦਨ ਈ ਸਲਾਹ ਸੀ ਪਈ ਇਹਦੇ ਨਾਲ ਦੋ ਹੱਥ ਕਰ ਹੀ ਲਵਾਂ, ਫੇਰ ਮੈਂ ਆਖਿਆ ਪਈ ਜਾਂਞੀ ਤੇ ਕੁੜੀ ਵਾਲੇ ਕੀ ਆਖਣਗੇ, ਪਈ ਇਹ ਚੰਗੇ ਸਾਡੇ ਘਰ ਢੁੱਕੇ ਆ ਆ ਕੇ । ਪਈ ਜੇ ਕਿਤੇ ਤੁਸੀਂ ਹੁਣ ਓਸੇ ਬੰਤੀ ਨੂੰ ਵੇਖੋ ਤੇ ਤੁਹਾਥੋਂ ਤੇ ਪਛਾਤੀ ਨਾ ਜਾਏ, ਚੰਨਣਾ ! ਉਹਦਾ ਤੇ ਹੁਣ ਰੰਗ ਚੋ ਚੋ ਪੈਂਦਾ ।
ਨਾਜਰ - ਪਈ ਹੁਣ ਵਿੱਚੋਂ ਨਿਬੇੜੋ ਤੇ ਪੱਕੀ ਸਲਾਹ ਕਰੋ ਤੇ ਜਿੱਦਾਂ ਹੋਏ ਏਥੋਂ ਕਿਸੇ ਤਰ੍ਹਾਂ ਖਿਸਕਣ ਦੀ ਕਰੀਏ। ਇਕ ਵਾਰਾਂ ਤੇ ਆਪਣੀ ਵਾਹ ਪੂਰੀ ਲਾ ਕੇ ਹੀ ਹਟਾਂਗੇ।
[ਵਿੱਚੋਂ ਦੋ ਤਿੰਨ ਉੱਠਣ ਦੀ ਕਰਦੇ ਨੇ ਤੇ ਦੂਜੇ ਉਹਨਾਂ ਨੂੰ ਬਹਾਉਂਦੇ ਨੇ]
ਚੰਨਣ - ਉਏ ਪਲ ਕੁ ਹੋਰ ਖਲੋ ਜਾਉ ਹੁਣੇ ਈ, ਪੱਕੀ ਥਿੱਤੀ ਕਰ ਕੇ ਚਲਦੇ ਆਂ, ਸਾਰੇ ਚਲੇ ਵੀ ਚੱਲੀਏ ਤੇ ਕਿਸੇ ਨੂੰ ਪਤਾ ਵੀ ਨਾ ਲੱਗੇ । ਉਦੋਂ ਈ ਪਤਾ ਲੱਗੇ ਜਦੋਂ ਪਈ ਬੰਤੋ ਬੰਤੋ ਹੁੰਦੀ ਫਿਰੇ ਪਿੰਡ 'ਚ, ਨਾਲੇ ਸਾਰਿਆਂ ਦੇ ਮੂੰਹਾਂ ਤੇ ਭਿਉਂ ਭਿਉਂ ਕੇ ਮਾਰੀਏ। ਨਾਲੇ ਪਿੰਡ ਨੂੰ ਵੀ ਕੁਝ ਕਰ ਕੇ ਵਖਾ ਛੱਡੀਏ । ਨਾਲੇ ਪਈ ਇਕ ਹੋਰ ਗੱਲ ਸੁੱਝ ਪਈ ਜੇ, ਅਸਾਂ ਹਰੀ ਪੁਰਿਉਂ ਵੀ ਦੋ ਤਿੰਨ ਮੁੰਡੇ ਨਾਲ ਖੜਨੇ ਜੇ, ਉਹ ਮੁੰਡੇ ਵੀ ਆਪਣੇ ਸਾਕਾਂ ਵਿਚੋਂ ਈ ਆ, ਉਹ ਤੇ ਭਾਊ ਲਹੂ ਦੇ ਤਿਹਾਏ ਆ
ਉਹਨਾਂ ਨੇ ਮੈਨੂੰ ਕਈ ਵੇਰਾਂ ਆਖਿਆ ਪਈ ਜੇ ਕਿਤੇ ਇਹੋ ਜੇਹਾ ਬਦਲਾ ਲੈਣ ਦਾ ਕੰਮ ਪੈ ਜਾਏ ਤੇ ਸਾਨੂੰ ਝਬਦੇ ਪਤਾ ਦੇਣਾ ਜੇ । ਮਖੌਲ ਨਹੀਂ ਜੇ, ਤੁਸੀਂ ਕਿਤੇ ਉਹਨਾਂ ਦੇ ਵੀ ਹੱਥ ਵੇਖਿਉ। ਉਹਨਾਂ ਨੇ ਤੇ ਦਿਨ ਦੀਵੀਂ ਇਕ ਸਨਿਆਰੇ ਨੂੰ ਵੱਢ ਕੇ ਨਹਿਰ 'ਚ ਸੁੱਟ ਦਿੱਤਾ ਸੀ।
ਹਰੀਆ - ਪਈ ਚੰਗਾ ਹੁਣ ਨਜਿੱਠ ਈ ਲਉ। ਨਾਲੇ ਪਈ ਇੱਕ ਹੋਰ ਗੱਲ ਚੇਤੇ ਆ ਗਈ ਆ, ਮੈਂ ਲਾਗਿਉਂ ਭਿੱਟੇ ਵਿੰਡੋਂ ਆਪਣੇ ਸਹੁਰਿਆਂ ਦਿਉਂ ਝੱਟ ਕਰਦੀ ਘੋੜੀ ਲੈ ਆਊਂਗਾ, ਭਾਊ ਉਹ ਘੋੜੀ ਕਾਹਦੀ ਆ, ਮਿਰਜੇ ਵਾਲੀ ਬੱਕੀ ਆ। ਉਹਦੀ ਕਿਤੇ ਚਾਲ ਵੇਖਿਉ, ਪੈਰ ਕਾਹਨੂੰ ਭੋਂ ਤੇ ਲੱਗਣ ਦਿੰਦੀ ਆ, ਉਹਨੂੰ ਤੇ ਤਕੜੇ ਤਕੜੇ ਆਦਮੀ ਵਿਆਹਾਂ ਸ਼ਾਦੀਆਂ ਤੇ ਖੜਦੇ ਆ, ਮੇਰਾ ਸਾਲਾ ਵੀ ਏਹੋ ਜੇਹੀਆਂ ਚੀਜ਼ਾਂ ਦਾ ਵੜਾ ਸ਼ੌਂਕੀ ਆ। ਬੰਤੋ ਨੂੰ ਸੁੱਟਾਂਗੇ ਨਾ ਉਸ ਘੋੜੀ ਤੇ, ਤੇ ਚੰਨਣ ਲੈ ਕੇ ਤਿੱਤਰ ਹੁੰਦਾ ਹੋਊ।
ਨੱਥੂ - ਪਈ ਇਹ ਠੀਕ ਜੇ, ਚੀਜ ਵੀ ਉਹ ਜਿਹੜੀ ਵੇਲੇ ਸਿਰ ਕੰਮ ਆਵੇ। ਮਾਹੀ ਹੁਰਾਂ ਮੱਸਿਆ ਵਾਲੇ ਦਿਨ ਸ਼ਨਾਨ ਕਰ ਕੇ ਤੇ ਲੌਢੇ ਕੁ ਵੇਲੇ ਅੰਬਰਸਰ ਦੇ ਅੱਡੇ ਨੂੰ ਨਿਕਲਣਾ ਜੇ । ਤੇ ਇਉਂ ਕਰੀਏ ਕਿ ਚੰਨਣ ਤੇ ਅਰਜਣ ਖਲੋ ਜਾਣ ਅੱਡੇ ਤੇ, ਤੇ ਅਸੀਂ ਸਾਰੇ ਜੁੱਟ ਦਾ ਜੁੱਟ ਈ ਲਾਗੇ ਛਾਗੇ ਸੁੱਖੇ ਵਾਲੇ ਪਕੌੜੇ ਖਾਂਦੇ ਪਏ ਫਿਰਾਂਗੇ। ਜਦੋਂ ਫਿਰ ਅਰਜਣਾ ਜਾਣਿਆਂ ਪਈ
ਉਹ ਆ ਗਏ ਆ, ਛੱਪ ਸਾਨੂੰ ਆ ਕੇ ਦੱਸੀਂ। ਅਸੀਂ ਆਉਂਦਿਆਂ ਈ ਛੱਡਣੀਆਂ ਸ਼ੁਰੂ ਕਰ ਦਿਆਂਗੇ ਤੇ ਉੱਤੋਂ ਦਿਆਂਗੇ ਦਾਬਾ ਧਾਸਾ, ਫਿਰ ਜਦੋਂ ਜਾਣਿਆ ਪਈ ਆਪਣਾ ਜੋਰ ਪੈ ਗਿਆ ਝੱਟ ਫੇਰ ਆਪਣਾ ਉਹੀ ਕੰਮ ਤਿਆਰ ।
ਅਰਜਨ - (ਖੜਾਂ ਹੋ ਕੇ ਬੱਕਰਾ ਬਲਾਉਂਦਾ ਏ) ਭੱਬਾ...... ਭੱਬਾ.....ਐਲੀ.......ਐਲੀ..........।
ਪਰਦਾ
ਨਾਟ ਦੂਜਾ
ਝਾਕੀ ਪਹਿਲੀ
ਪਿੰਡ ਹਰੀ ਪੁਰਾ
ਵੇਲਾ - ਲਹੁਡਾ ਪਹਿਰ
ਪਿੰਡ ਦੇ ਬਾਹਰ ਵਾਰ ਇਕ ਕੱਚੀ ਧਰਮਸਾਲਾ ਏ। ਅੰਦਰ ਵਾਰ ਤੱਪੜ ਵਿਛੇ ਪਏ ਨੇ । ਛੋਟੀ ਜੇਹੀ ਖੂਹੀ ਲਾਗੇ ਕਿਆਰੀਆਂ ਵਿੱਚ, ਧਨੀਆਂ, ਮੇਥੇ ਤੇ ਗੰਢੇ ਬੀਜੇ ਹੋਏ ਨੇ । ਚੰਨਣ ਤੇ ਉਸ ਦੇ ਜੋਟੀ ਦਾਰ ਆ ਕੇ ਬੈਠ ਜਾਂਦੇ ਨੇ ।
ਮੰਗਲ ਦਾਸ - (ਅੰਦਰੋਂ ਕਛਹਿਰੇ ਵਿਚ ਨਾਲਾ ਪਾਉਂਦਾ, ਬਾਹਰ ਆਉਂਦਾ ਹੋਇਆ) ਸੁਣਾਓ, ਭੁਝੰਗੀਓ, ਅਜ ਕੈਸੇ ਆਉਣੇ ਹੋਏ ਨੇ ਆਣ ਕਰ ਕੇ।
ਚੰਨਣ - ਬਾਬਾ ਜੀ, ਅਸਾਂ ਆਖਿਆ ਚਲੋ ਐਰਕਾਂ ਦੀ ਮੱਸਿਆ ਈ ਸਹੀ। ਨਾਲੇ ਇਕ ਹੋਰ ਵੀ ਕੰਮ ਸੀ।
ਨਾਲੇ ਮਹਾਰਾਜ ਜੀ ਮੱਥੇ ਵੀ ਟੇਕਦੇ ਆਂ।
ਮੰਗਲ ਦਾਸ - (ਹੱਥ ਜੋੜਦਾ ਹੋਇਆ) ਹਮਾਰੇ ਧੰਨ ਭਾਗ ਹੂਏ ਹੈਂ, ਚੰਨਣ ਸਿੰਘਾ, ਵੁਹ ਪੀਛਲੇ ਅੰਦਰ ਬਾਲਟੇ ਕੇ ਬੀਚ ਮੇਂ ਹੈ ਕਣਕ ਜੋ ਪੀਛਲੀ ਸੰਗਰਾਂਦ ਪਰ ਚੜ੍ਹੀ ਸੀ, ਲੈ ਜਾਹ ਅਰਥਾਤ ਦਾਣੇਦਾਰ ਖੰਡ ਵਟਾ ਕੇ ਲੈ ਆ। ਨਹੀਂ ਤੋ ਸਿੰਘ ਸੰਗਤੋ, ਗੋਕੀ ਲੱਸੀ ਬੀਬੀ ਦੇ ਗਈ ਸੀ ਵੁਹ ਹੀ ਨਿਮਕ ਖੋਰ ਕਰ ਕੇ ਵਰਤ ਲੋ।
ਨਾਜਰ - ਮਹਾਰਾਜ ਜੀ, ਤੁਹਾਡਾ ਕੰਮ ਏ ਸਗੋਂ ਤੁਸੀਂ ਛਕਿਆ ਛਕਾਇਆ ਕਰੋ, ਅਸੀਂ ਕਿਹੜੇ ਫਲ੍ਹੇ ਵਾਹੁੰਦੇ ਆਏ ਆਂ।
ਮਹਿੰਗਾ -(ਚੰਨਣ ਨੂੰ) ਪਈ ਸਾਡਾ ਜਲ ਜੁਲ ਸਾਰਾ ਵਿਚੇ ਈ ਆ ਗਿਆ ਜੇ ਤੇਰਾ ਕੰਮ ਹੋ ਜਾਏ ਤੇ। ਨਾਲੇ ਬਾਬਾ ਜੀ ਤੁਸਾਂ ਤੇ ਵਾਹੀ ਵਾਲਿਆਂ ਜਿੱਨਾ ਮਾਲ ਰੱਖਿਆ ਹੋਇਆ ਆ।
ਮੰਗਲ ਦਾਸ - ਨਹੀਂ ਗੁਰਮੁਖਾ ਹਮ ਨੇ ਯੇਹ ਡੰਗਰ ਕਿਆ ਕਰਨੇ ਹੈਂ, ਯੇਹ ਝੋਟੀ ਤੋ ਨੰਬਰਦਾਰ ਨੇ ਸੁੱਖੀ ਸੀ ਵੁਹ ਰਦਾਸਾ ਸਧਾ ਗਿਆ, ਤੇ ਔਹ ਵੱਛੀ ਨਿਮਾਣੀ ਕੀ ਮਾਤਾ ਚਲਾਣਾ ਕਰ ਗਈ ਤੇ ਬਾਲਕ ਲੋਕ ਐਥੇ ਬੰਨ੍ਹ ਗਏ, ਮੁੰਡੇ ਖੁੰਡੇ ਆਣ ਕਰਕੇ ਪੱਠੇ ਦੱਥੇ ਪਾ ਜਾਂਦੇ ਨੇ ।
ਹਰੀਆ - (ਮੂੰਹ ਹੱਥ ਧੋਂਦਾ ਹੋਇਆ) ਆਹ ਤੇ ਬਾਬੇ ਹੋਰਾਂ ਘਰ 'ਚ ਈ ਗੰਗਾ ਵਸਾਈ ਹੋਈ ਆ ਵੇਖਾਂ ਕਿੱਡੀ ਮਹਿਮਾਂ ਲੱਗੀ ਹੋਈ ਆ।
ਵੱਸਣ - (ਹੌਲੀ ਜੇਹੀ) ਭਾਈ ਨੇ ਤੇ ਵਸਾ ਲਈ ਆ ਨਾ ਗੰਗਾ, ਵੇਖਾਂਗੇ ਜਦੋਂ ਮਾਹੀ ਵੀ ਵਸਾ ਲਊਗਾ ਬੰਤੋ ਨੂੰ ।
ਮੰਗਲ ਦਾਸ - ਭਾਈ ਗੁਰਮੁਖੋ ਯੇਹ ਬੰਤੋ ਵਾਲੀ ਬਾਤ ਕਿਆ ਹੈ ?
ਚੰਨਣ - ਬਾਬਾ ਜੀ ਬੰਤੋ ਵਾਲੀ ਵੀ ਕਿਤੇ ਬਹਿ ਕੇ ਈ ਸੁਣਾਉਣ ਵਾਲੀ ਆ। ਅਜੇ ਢੱਕੀ ਰਿੱਝਣ ਦੇ।
ਅਰਜਣ - ਮਹਾਰਾਜ ਜੀ ਮੈਂ ਵੀ ਕਈ ਵੇਰਾਂ ਪੜ੍ਹ ਪੜ੍ਹ ਕੇ ਹਟ ਗਿਆ, ਸਾਨੂੰ ਤੇ ਸਿਰ ਖੁਰਕਣਾ ਨਹੀਂ ਮਿਲਦਾ। ਪੈਂਤੀ ਸਿੱਖੀ ਸੀ ਭਾਈ ਕੋਲੋਂ, ਜਦੋਂ ਫੇਰ ਚਾਚਾ ਭਾਈ ਨਾਲ ਠਾਂਹ ਤਾਂਹ ਹੋ ਪਿਆ ਤੇ ਮੈਨੂੰ ਵੀ ਪੜ੍ਹਨੋਂ ਉਠਾਲ ਲਿਆ, ਨਾਲੇ ਓਂ ਵੀ ਜਿੱਦਾਂ ਤੁਹਾਨੂੰ ਏਸ ਕੰਮ ਵਾਲਿਆਂ ਨੂੰ ਵਾਦੀ ਹੁੰਦੀ ਆ ਭਾਈ ਗੱਦੋਂ ਖੁਰਕੀ ਤੇ ਲਾਈ ਰੱਖਦਾ ਹੁੰਦਾ ਸੀ । ਬਾਬਾ ਜੀ ਵਿੱਦਿਆ ਵੀ ਇਕ ਤਿੱਜੀ ਅੱਖ ਹੁੰਦੀ ਆ ਕਿ ।
ਮੰਗਲ ਦਾਸ - ਹਮਾਰੇ ਪਾਸ ਪੁਸਤਕ ਮੇਂ ਸਾਫ ਲਿਖਾ ਹੈ ਕਿ ਵਿਦਿਆ ਤੋਂ ਹੀਣ ਪੁਰਸ਼ ਯਥਾ ਇਸਤ੍ਰੀ ਭੀ ਅੰਨ੍ਹੀ ਹੋਤੀ ਹੈ ।
ਹਰੀਆ - ਵੇਖ ਬਾਬਾ ਜੀ, ਤੂੰ ਤੇ ਸਾਨੂੰ ਆਖ ਲਿਆ ਨਾ ਲਾ ਕੇ, ਅੰਨ੍ਹੇ ਕਾਣੇ ਤੇ ਲੂਲੇ, ਹੁਣ ਜੀ ਤੂੰ ਆਪ ਈ ਦੱਸ ਪਈ ਅਸੀਂ ਤੈਨੂੰ ਕੀ ਆਖੀਏ ? ਜੇ ਐਥੇ ਹੁੰਦਾ ਕੋਈ ਹੋਰ ਤੇ ਹੁਣ ਨੂੰ ਬਾਬਾ ਜੀ,.....।
ਮੰਗਲ ਦਾਸ - ਤੇ ਖਾਲਸਿਉ, ਪ੍ਰੇਮੀਓਂ, ਤੁਮ ਮੇਂ ਤਮ੍ਹਾਂ ਬਹੁਤ ਹੈ, ਹਮ ਨੇ ਤੋ ਤੁਹਾਨੂੰ ਕੇਵਲ ਪ੍ਰਮਾਨ ਦੇ ਤੌਰ ਤੇ ਈ ਕਰ ਕੇ ਦੀਆ ਥਾ।
ਈਸ਼ਰ - ਬਾਬਾ ਜੀ, ਪਾਨ ਤੇ ਕਦੀ ਚੂਪਿਆ ਨਹੀਂ ਤੇ ਕਰ ਕੇ ਕੀ ਦਿੱਤਾ ਤੂੰ ਸਾਨੂੰ ਤਵੀਤ ? ਸਾਡਾ ਤੇ ਤੂੰ ਫੱਕਾ ਨਹੀਂ ਛੱਡਿਆ।
ਨਾਜਰ - ਉਏ ਪਰ੍ਹਾਂ ਛਡੋ ਏਸ ਗਰੜ-ਗਿਆਨ ਨੂੰ ਤੁਹਾਡੀ ਵੀ ਨਾਲੇ ਈ ਮੱਤ ਮਾਰੀ ਗਈ ਆ ?
ਮੰਗਲ ਦਾਸ - ਹਰੇ ਰਾਮ, ਹਰੇ ਰਾਮ, ਵਾਹਗੁਰੂ ਵਾਹਗੁਰੂ, ਤੁਮਾਰੀ ਗੁਰਮੁਖੋ ਐਸੀ ਮਲੀਨ ਬੁੱਧੀ ਇਸ ਕਾ ਪ੍ਰਤੀਬਿੰਬ ਆਤਮਾ ਪਰ ਕਿਆ ਪੜਤਾ ਹੋਗਾ ?
ਮਹਿੰਗਾ - ਤੇ ਬਾਬਾ ਜੀ! ਹੋਰ ਸਾਥੋਂ ਕੀ ਲੈਣਾ ਜੇ, ਅੱਗੇ ਕਸਰ ਛੱਡੀ ਜੇ, ਆਹ ਹੁਣ ਫੇਰ ਕੀ ਆਖਿਆ ਜੇ, ਅਖੇ ਤੁਸਾਂ ਬੁੱਢੀ ਨੂੰ ਅੰਬ ਦਿੱਤੇ ਆ, ਜੇ ਤੁਸੀਂ ਬਾਹਲੇ ਈ ਨਰਾਜ ਓ ਤੇ ਅਸੀਂ ਚਲੇ ਜਾਂਦੇ ਆਂ।
[ ਖੈਰੂ, ਪ੍ਰੀਤੂ, ਸੰਤਾ, ਨਰੇਣਾ, ਹਰੀ ਪੁਰ ਦੇ ਮੁੰਡੇ ਵੀ ਆ ਜਾਂਦੇ ਨੇ ਤੇ ਸਾਰੇ ਮੁੰਡੇ ਜੱਫੀਆਂ ਪਾ ਪਾ ਕੇ ਮਿਲਦੇ ਨੇ ]
ਮੰਗਲ ਦਾਸ - (ਮਾਲਾ ਫੇਰਦਾ ਹੋਇਆ) ਮਗਰ ਮੁੰਡਿਓ, ਵੁਹ ਬੰਤੋ ਵਾਲੀ ਬਾਤ ਨਾ ਖੋਲ੍ਹੀ, ਉਸ ਮੇਂ ਕਿਆ ਭੇਦ ਛੁਪਾ ਹੈ?
ਵੱਸਣ - ਲਉ ਪਈ, ਸਾਨੂੰ ਸਗੋਂ ਭੁਲ ਗਈ ਸਾ ਜੇ, ਬਾਬੇ ਹੁਰਾਂ ਦੇ ਦਿਲ ਤੇ ਈ ਰਹੀ ਜੇ ।
ਅਰਜਨ - ਤੇ ਬਾਬਾ ਜੀ ! ਥੋੜੇ ਵਿਚ ਈ ਮੁਕਾ ਦਿੰਦੇ ਆਂ। ਕੁੜੀ ਸੀ ਅਸਾਂ ਕੱਢ ਕੇ ਆਂਦੀ, ਆਹ ਪਰਿਓਂ ਢਾਹੇ
ਤੋਂ, ਤੇ ਉਹਦੇ ਤੇ ਰੂਪ ਸੀ ਛਡ ਦਿਓ ਗੱਲਾਂ । ਤੁਸੀਂ ਇਕ ਵਾਰਾਂ ਵੇਖ ਲੈਂਦੇ ਤੇ ਬਸ ਸਾਰੀ ਉਮਰ ਉਹਦਾ ਈ ਨਾਂ ਜਪਦੇ ਰਹਿੰਦੇ। ਤੇ ਫੇਰ ਗੱਲ ਕਿਥੋਂ ਤੁਰਦੀ ਆ, ਨਾਲ ਸੀ ਸਾਡਾ ਇਕ ਭਿਆਲ ਮਾਹੀ, ਦੁਆਨੀ ਪੱਤੀ ਉਹਦੀ ਸੀ। ਪਹਿਲਾਂ ਤੇ ਅਸੀਂ ਸਲਾਹ ਕੀਤੀ ਪਈ ਇਹਦੇ ਪੈਸੇ ਈ ਪਰ੍ਹਾਂ ਵੱਟ ਲਈਏ, ਪਰ ਜੀ ਚੰਨਣ (ਚੰਨਣ ਵਲ ਇਸ਼ਾਰਾ ਕਰ ਕੇ) ਆਹ ਆਪਣਾ ਚੰਨਣ ਉਹਦੇ ਤੇ ਐਡਾ ਵਿਕਿਆ ਕਿ ਲੱਖੀਂ ਵੀ ਨਾ ਛੱਡਣ ਨੂੰ ਤਿਆਰ। ਇਹ ਵੇਖ ਕੇ ਸਾਨੂੰ ਵੀ ਵੱਜਿਆ, ਪਈ ਇਹਦੇ ਘਰ ਈ ਕਿਉਂ ਨਾ ਬਹਾ ਦੇਈਏ, ਸਾਨੂੰ ਚਾਰ ਛਿਲੜ ਆਏ ਤੇ ਨਾ ਹੀ ਸਹੀ, ਬਹਾ ਵੀ ਦਿੱਤੀ । ਰੱਬ ਦਾ ਭਾਣਾ ਇਕ ਦਿਨ ਮਾਹੀ ਵੀ ਆ ਗਿਆ ਖੌਪੀਏ । ਹੱਛਾ ਆ ਗਿਆ, ਬੈਠਾ ਖਲੋਤਾ ਤੇ ਰਾਤ ਨੂੰ ਚੰਨਣ ਦੇ ਘਰ ਈ ਸੁੱਤਾ। ਮਹਾਰਾਜ ਜੀ, ਖਣੀ ਵਿਚਾਰੀ ਨੂੰ ਕੀ ਲਫਾਫਾ ਮਾਰਿਆ ਤੇ ਕੀ ਗਿੱਦੜ ਸਿੰਙੀ ਸੁੰਘਾਈ ਓਨ ਤੇ ਐਡੀ ਹੱਥਾਂ ਤੇ ਚੜ੍ਹਾਈ ਕਿ ਉਦੋਂ ਈ ਪਤਾ ਲੱਗਾ ਜਦੋਂ ਨਾ ਓਥੇ ਮਾਹੀ ਤੇ ਨਾ ਈ ਸਾਡੀ ਬੰਤੋ। ਭੁੰਗਾ ਵੀ ਦੇ ਰਹੇ ਈ, ਆਪ ਵੀ ਜਾ ਹਟੇ ਆਂ, ਉਹ ਤੇ ਮੋੜਨ ਲਈ ਨੰਨਾਂ ਨਹੀਂ ਧਰਦਾ, ਹੁਣ ਇਉਂ ਆਂ.....।
ਮੰਗਲ ਦਾਸ - (ਮਾਲਾ ਫੇਰਦਾ ਹੋਇਆ) ਹਰੇ ਹਰੇ ਉਸ ਅਕ੍ਰਿਤਘਨ ਪੁਰਸ਼ ਕੀ ਆਤਮਾ ਕੋ ਆਗੇ ਜਾ ਕਰ ਕੇ ਕੈਸੇ ਸ਼ਾਂਤੀ ਪ੍ਰਾਪਤ ਹੋਗੀ ।
ਚੰਨਣ - ਸੰਤ ਜੀ, ਗੱਲਾਂ ਤੇ ਕਈ ਕਰ ਲਈ ਦੀਆਂ ਨੇ, ਜਾਂ ਤੇ ਤੁਸੀਂ ਕਿਰਪਾ ਕਰਕੇ ਰੇਖ 'ਚ ਮੇਖ ਮਾਰੋ ਤੇ ਆਖੋ ਵੇਖੋ, ਨਹੀਂ ਤੇ ਜੋ ਹੋਵੇ ਸੋ ਹੋਵੇ। ਮੱਸਿਆ ਤੇ ਉਹਨਾਂ ਨੇ ਵੀ ਆਉਣਾ ਏ ਜਾਂ ਤੇ ਬਾਬਾ ਜੀ ਲੈ ਮੁੜੇ ਜਾਂ ਆਪ ਵੀ ਗਏ। ਪਰ ਸੁੱਖ ਰਹੀ ਤੇ ਮਹਾਰਾਜ ਜੀ ਏਥੋਂ ਦੀ ਮੱਥਾ ਟਕਾ ਕੇ ਈ ਖੜਾਂਗੇ।
ਨਰੈਣਾ - (ਹੈਰਾਨ ਹੋ ਕੇ) ਉਏ ਚੰਨਣਾ ! ਐਹੋ ਜੇਹੀ ਗੱਲ ਸੀ ਤੇ ਤੂੰ ਸਾਨੂੰ ਪਹਿਲਾਂ ਕਿਉਂ ਨਾ ਖਬਰ ਦਿੱਤੀ, ਤੂੰ ਤੇ ਬੜਾ ਮਾੜਾ ਕੰਮ ਕੀਤਾ ਆ। ਹੁਣ ਫਿਰ ਕਿੱਦਾਂ ਕਰਨੀ ਜੇ, ਅਸੀਂ ਤੇ ਆਹ ਸਾਰੇ ਮੁੰਡੇ ਤੇਰੇ ਸਾਹਮਣੇ ਹਾਜ਼ਰ ਆਂ, ਸਾਨੂੰ ਤੇ ਇਕ ਵਾਰਾਂ ਹੁਕਮ ਦੇਣ ਵਾਲਾ ਚਾਹੀਦਾ, ਫੇਰ ਤੁਸੀਂ ਸਾਡੇ ਹੱਥ ਵੇਖਿਉ।
ਪ੍ਰੀਤੂ - ਕਿਉਂ ਪਈ ਸੰਤਿਆ, ਉਹੋ ਈ ਮਾਹੀ ਆ ਨਾ, ਜਿਨ ਬਲ੍ਹੜ ਵਾਲ ਵਿਆਹ ਕਰਵਾਇਆ ਸੀ, ਕੁੜੀ ਵਾਲਿਆਂ ਨੇ ਦਾਜ ਨਾਲ ਉਹਦਾ ਘਰ ਭਰ ਦਿਤਾ, ਤੇ ਓਨ ਨੰਬਰਵਾਰ ਨੇ ਸਾਰਾ ਗਹਿਣਾ ਗੱਟਾ ਲਾਹ ਕੇ ਵਹੁਟੀ ਵਿਚਾਰੀ ਨੂੰ ਮਾਰ ਕੁੱਟ ਕੇ ਕੱਢ ਦਿੱਤਾ, ਆਖੇ ਅਖੇ ਉਹਨੂੰ ਤੇ ਮਿਰਗੀ ਪੈਂਦੀ ਆ, ਭਾਈਆ ਉਹ ਤੇ ਬੜਾ ਆਪ ਹੁਦਰਾ ਆ ਕਿਸੇ ਦੀ ਸੁਣਦਾ ਗਿਣਦਾ ਨਹੀਂ, ਉਹਨੂੰ ਪਈ ਅਜੇ ਤਾਈਂ ਕੋਈ ਅਸਤਾਦ ਨਹੀਂ ਟਕਰਿਆ।
ਮੰਗਲ ਦਾਸ - ਭਾਈ ਸਿੱਖੋ, ਮੁੰਡਿਆਂ ਵਾਲੀ ਮਤ ਕਰਨੀ, ਉਸ ਗੁਰਮੁਖ ਕੋ ਸ਼ਾਂਤੀ ਕੇ ਸਾਥ ਸਮਝਾਨਾ ਤੇ ਰਾਜੀ ਨਾਮਾ
ਕਰਨੇ ਕੀ ਕੋਸ਼ਟ ਕਰਨ, ਉਸ ਬੀਬੀ ਕੋ ਭੀ ਪੜਦੇ ਨਾਲ ਸਮਝਾਨਾ ਕਿ ਪਤੀਬ੍ਰਤ ਧਰਮ ਕੋ ਮੁਖ ਰੱਖੇ ।
ਅਰਜਣ - ਬਾਬਾ ਜੀ, ਤੁਸੀਂ ਜਾਣ ਦਿਉ ਇਹੋ ਜੇਹੀਆਂ ਗੱਲਾਂ ਨੂੰ । ਉਹ ਤੇ ਡਾਂਗਾ ਨਾਲ ਈ ਸਿੱਧਾ ਹੋਊ। ਵੇਖੋ ਯਾਰੋ ਮੁੰਡੇ ਦੇ ਘਰ ਵਸਦੀ ਰਸਦੀ ਨੂੰ ਉਹਨੂੰ ਸ਼ਰਮ ਨਾ ਆਈ, ਨਾਲੇ ਮਹਾਰਾਜ ਜੀ ਜੱਟਾਂ ਦੇ ਵਿਆਹ ਕਿਤੇ ਸੌਖੇ ਤੇ ਨਹੀਂ ਹੋ ਜਾਂਦੇ। ਹਜ਼ਾਰਾਂ ਰੁਪਈਏ ਤੇ ਕਈ ਕਈ ਸੋਨੇ ਦੇ ਗਹਿਣੇ ਤੇ ਅਗਲੇ ਕੁੜੀ ਵਾਲੇ ਪਹਿਲਾਂ ਈ ਮੰਗ ਘਲਦੇ ਆ, ਫੇਰ ਵੀ ਭਗਤਣੀ ਵੱਸੇ ਕਿ ਨਾ ਹੀ ਵੱਸੇ। ਅਸਾਂ ਆਖਿਆ ਪਈ ਚੱਲੋ ਭਰਾ ਦਾ ਬੂਹਾ ਖੁਲ੍ਹ ਪਏ, ਪਰ ਓਨ ਕੀ ਲੁਹੜਾ ਮਾਰਿਆ ਜੇ ।
ਚੰਨਣ - ਪਈ ਹੁਣ ਤੁਸਾਂ ਸੁਣ ਤੇ ਲਿਆ ਈ ਆ, ਅਸੀਂ ਆਏ ਈ ਏਸੇ ਲਈ ਆਂ ਕਿ ਹਰੀ ਪੁਰੀਆਂ ਨੂੰ ਨਾਲ ਲੈ ਕੇ ਜਾਣਾ ਆ, ਕੀ ਪਤਾ ਹੁੰਦਾ ਅਗਲੇ ਸਿਰੇ ਦਾ ।
ਸੰਤਾ - ਪਈ ਸਾਨੂੰ ਵੀ ਚਿਰ ਹੋਇਆ ਡਾਂਗਾਂ ਵਾਹੀਆਂ ਨੂੰ, ਅਜੇ ਪਰਸੋਂ ਮੈਨੂੰ ਸੁਫਨਾ ਆਇਆ ਕਿ ਮੇਰੇ ਮਗਰ ਇਕ ਵਾਹਰ ਲੱਗੀ ਹੋਈ ਆ, ਅਸੀਂ ਦੋ ਤਿੰਨ ਤੇ ਉਹ ਕਿੰਨੇ ਸਾਰੇ, ਪਰ ਸਾਡੇ ਕੋਲ ਵੀ ਚੰਗੀਆਂ ਨਿੱਗਰ ਡਾਂਗਾਂ ਸਨ, ਅਸਾਂ ਤੇ ਚਾਦਰਾਂ ਦੇ ਮੜਾਸੇ ਬੰਨ੍ਹ ਲਏ ਸਿਰਾਂ ਤੇ, ਤੇ ਫੇਰ ਸਾਨੂੰ ਨਹੀਂ ਪਤਾ ਰਿਹਾ ਕਿ ਕਿੰਨੀਆਂ ਅਸਾਂ ਮਾਰੀਆਂ ਤੇ ਕਿੰਨੀਆਂ ਖਾਧੀਆਂ।
ਈਸ਼ਰ - ਅਸੀਂ ਵੀ ਤੇ ਭਾਊ ਪਿੰਡੋਂ ਈ ਮਤਾ ਪਾਸ ਕਰ ਕੇ ਆਏ ਆਂ, ਜਿੱਦਾਂ ਉਹਨਾਂ ਨਾਲ ਮਕਾਬਲਾ ਕਰਨਾ
ਆਂ । ਰਾਤ ਨੂੰ ਜਦੋਂ ਬਹਵਾਂ ਖਲੋਵਾਂਗੇ, ਸਾਰੀ ਗਲ ਦਾ ਤੁਹਾਨੂੰ ਪਤਾ ਲਗ ਜਾਊ, ਅਜੇ ਕੀ ਕਰਨੀ ਆਂ।
ਮੰਗਲ ਦਾਸ - ਵੋਹ ਬੰਤੋ ਨਾਮੀ ਸਾਖੀ ਬਹੁਤ ਗੁੰਝਲਦਾਰ ਹੋ ਚੁੱਕੀ ਹੈ ਮਗਰ.....।
ਚੰਨਣ - ਪਰ ਤਾਂ ਵੀ ਮਹਾਰਾਜ ਜੀ ਤੁਹਾਡੇ ਅੱਗੇ ਤੇ ਹੋਈ ਨਾ ਨਗੂਣੀ ਗੱਲ । ਉਹ ਜਾਣੇ ਤੁਹਾਡੀ ਚਰਨ-ਧੂੜ ਲੈਣ ਲਈ ਈ ਆ ਜਾਏ, ਕਿਉਂ ਉਏ ਨਰੈਣਿਆ ?
ਮੰਗਲ ਦਾਸ - ਯੇਹ ਭੀ ਕੋਈ ਬੜੀ ਬਾਤ ਨਹੀਂ, ਮਗਰ ਯਾਦ ਰੱਖੋ ਚੌਥੇ ਪਦ ਮੇਂ ਏਕ ਦਮ ਨਹੀਂ ਚਲਾ ਜਾਨਾ ਚਾਹੀਏ। ਸ਼ਾਂਤੀ ਯਾਨੀ ਸਤੋ ਮੇਂ ਸੇ ਗੁਜਰਤਾ ਹੂਆ ਪੁਰਸ਼ ਸੁਤੇ ਹੀ ਆਪਣੇ ਨਸ਼ਾਨੇ ਪਰ ਪਹੁੰਚ ਸਕਤਾ ਹੈ।
ਹਰੀਆ - (ਹੌਲੀ ਨਾਲ) ਚਲੋ ਉਏ ਚੱਲ ਕੇ ਸਵੀਏਂ, ਬਾਬੇ ਨੂੰ ਫੇਰ ਪਿਆ ਜੇ ਦੌਰਾ ਆ ਕੇ। (ਉੱਚੀ ਨਾਲ) ਹੱਛਾ ਮਹਾਰਾਜ ਜੀ ਤੁਸੀਂ ਕਿਤੇ ਸਾਥੋਂ ਅੱਡ ਓ।
ਪ੍ਰੀਤੂ - ਨਹੀਂ ਪਈ ਸੰਤ ਹੁਰੀਂ ਵੀ ਸਾਰੇ ਇਲਮ ਜਾਣਦੇ ਆ। ਅੱਜ ਆਪਣੇ ਚੁੱਲ੍ਹੇ ਚੋਂ ਸਵਾਹ ਦੀ ਚੁਟਕੀ ਦੇ ਦੇਣ, ਪੇਟ ਪਿੱਛੋਂ ਹਰਿਆ ਹੋਊ ਪਹਿਲਾਂ ਜਨਮ ਮਰਨ ਦੇ ਗੇੜ ਚੋਂ ਔਹ ਕੱਢ ਕੇ ਮਾਰੂ ।
ਪਰਦਾ
ਝਾਕੀ ਦੂਜੀ
ਵੇਲਾ ਕੁੱਕੜ ਦੀ ਬਾਂਗ ਦਾ
ਉਹੀ ਪਿੰਡ, ਚੰਨਣ ਦੀ ਟੋਲੀ ਧਰਮਸਾਲਾ ਸੁੱਤੀ ਪਈ ਏ। ਕੁਝ ਮੁੰਡੇ ਜਾਗੋ-ਮੀਟੇ ਨੇ । ਚੰਨਣ ਕਦੀ ਕਦੀ ਬੜਾਉਂਦਾ ਏ ।
ਚੰਨਣ - (ਸੁੱਤਾ ਪਿਆ) ਨਾ ਮਾਰ, ਉਏ ਨਾ ਮਾਰ, ਮੈਨੂੰ ਫੜ ਲਉ, ਏ, ਬੰ....ਤੀ....ਏ।
ਈਸ਼ਰ - (ਮਹਿੰਗੇ ਨੂੰ ਅਰਕ ਮਾਰ ਕੇ) ਆਹ ਸੁਣਦਾਂ ਕੀ ਹੁੰਦਾ ।
ਮਹਿੰਗਾ - (ਮੁਸਕਰਾ ਕੇ) ਉਏ ! ਚੁੱਪ, ਚੁੱਪ !
ਚੰਨਣ - (ਫਿਰ ਬੜਾਉਂਦਾ ਏ) ਤੂੰ ਮੇ...ਰੀ, ਤੇ ਮੈਂ ਤੇ...ਰਾ, ਲੋਕਾਂ ਨੂੰ ਕੀ । ਜਦੋਂ ਤੂੰ ਜਰਾ ਕੁ ਵੀ ਖਰਵਾ ਕੂਏਂ ਤੇ ਮੇਰਾ ਦਿਲ ਨਹੀਂ ਖਲੋਂਦਾ । (ਫਿਰ ਥੋੜਾ ਚਿਰ ਹਟ ਕੇ) ਇਹ ਚੁੰਨੀਂ ਪਰ੍ਹਾਂ ਸੁੱਟ ਖਾਂ, ਸੰਦੂਖ ਕੇਹਦੇ ਲਈ ਭਰੇ ਹੋਏ ਆ। (ਹੱਸ ਕੇ) ਇਕ ਵੇਰਾਂ ਫੇਰ, ਫੇਰ ਭਾਵੇਂ ਨਾ ਈ ਸਹੀ।
ਵੱਸਣ - (ਹੌਲੀ ਜੇਹੀ) ਅਜੇ ਤੇ ਭਾਊ ਚੇਤੇ ਕਰਿਆ ਕਰੂਗਾ, ਪਈ ਓਦਨ ਜੇਹੜੇ ਏਨ ਖੇਖਨ ਕੀਤੇ, (ਹੱਸ ਕੇ) ਹੱਦ ਕਰ ਦਿੱਤੀ, ਆਖੇ.....।
ਚੰਨਣ - (ਫਿਰ ਬੜਾਉਂਦਾ ਏ) ਇਕੋ ਘੁੱਟ, ਇਕੋ ਘੱਟ, ਸਹੁੰ ਈ
ਤੈਨੂੰ, ਫੇਰ ਭਾਵੇਂ ਡੋਲ੍ਹ ਈ ਦੇਈਂ, ਧਰਮ ਨਾਲ ਬਹੁਤਾ ਤੇ ਨਹੀਂ, ਫੜ ਤੇ ਲਾ, ਫੇਰ ਠੰਢਾ ਹੋ ਜਾਣਾ ਈ, ਹਾਏ ਰੱਬਾ, ਊਂ......ਊਂ.... (ਉੱਚੀ ਉੱਚੀ ਰੋਣ ਲੱਗਦਾ ਏ)
ਮਹਿੰਗਾ - (ਛੇਤੀ ਨਾਲ ਚੰਨਣ ਨੂੰ ਅਰਕ ਮਾਰ ਕੇ) ਹੋਸ਼ ਕਰ ਉਏ ਹੋਸ਼ ਕਰ । ਉਏ ਚੰਨੂੰ, ਉਏ ਚੰਨਿਆ।
[ਰੌਲਾ ਸੁਣ ਕੇ ਸਾਰੇ ਅੱਬੜਵਾਏ ਉੱਠ ਖਲੋਂਦੇ ਨੇ]
ਚੰਨਣ - (ਛੇਤੀ ਨਾਲ) ਕਿੱਥੇ ਆ ? ਕਉਣ ਸੀ ?
ਈਸ਼ਰ - (ਹੱਸ ਕੇ) ਉਏ ਰੋ ਕਿਉਂ ਪਿਆ ਸਾਂ ? ਸਗੋਂ ਗੁਰਜਾਂ ਵਾਲੇ ਦਿੱਸੇ ਸੀੳ ?
ਚੰਨਣ - (ਅੱਖਾਂ ਮਲਦਾ ਹੋਇਆ) ਮੈਨੂੰ ਤੇ ਯਾਰ ਐਵੇਂ ਭਖਾਲ ਜਿਹਾ ਆਇਆ ਸੀ, ਦਬਾ ਜਿਹਾ ਪੈ ਗਿਆ ਸੀ । ਐਦਾਂ ਜਾਪਿਆ ਜਿੱਦਾਂ ਮੈਂ ਦੁੱਧ ਦਾ ਗਲਾਸ ਲੈ ਕੇ ਜਾਂਦਾ, ਤੇ ਅਗੋਂ ਬੰਤੀ ਆਂਹਦੀ ਆ, ਮੈਂ ਨਹੀਂ ਪੀਣਾ, ਅਖੇ ਤੂੰ ਵਿੱਚ ਖੰਡ ਬਹੁਤੀ ਖੋਰ ਲਿਆਇਆਂ, ਤੁਸੀਂ ਜਾਗਦੇ ਸੋ ?
[ਇਸ ਵੇਲੇ ਪਿੰਡ ਦੇ ਮੁੰਡੇ ਵੀ ਤਿਆਰ ਹੋ ਕੇ ਆ ਜਾਂਦੇ ਨੇ]
ਮਹਿੰਗਾ - ਛੈਣੇ ਈਸ਼ਰਾ, ਰੱਖ ਲਾ ਡੱਬ ਵਿੱਚ ਤੇ ਢੋਲਕੀ ਫੜਾ ਦੇ ਵੱਸਣ ਨੂੰ ਤੇ ਦੁੱਜੀ ਗੱਲ ਨਾ ਕਰੋ ਹੁਣ । ਤੇ ਕੇਹੜੇ ਰਾਹ ਪੈਣਾ ਜੇ ?
ਪ੍ਰੀਤੂ - ਪਈ ਰਾਤ ਬੁਢੀਆਂ ਵੀ ਤੇ ਆਂਹਦੀਆਂ ਸੀ ਪਈ.... ।
ਚੰਨਣ - ਉਏ ਮਾਰ ਕਾਠ ਬੁਢੀਆਂ ਨੂੰ, ਅੱਗੇ ਏਨ੍ਹਾਂ ਨੇ ਸਾਡੇ ਨਾਲ ਕੋਈ ਘੱਟ ਤੇ ਨਹੀਂ ਗੁਜਾਰੀ, ਆਪੇ ਜਾਣਾ ਹੋਊ ਤੇ ਬਾਬੇ ਵਧਾਵੇ ਨਾਲ ਚੱਲ ਨਿਕਲਣਗੀਆਂ (ਖੈਰੂ ਨੂੰ) ਪਰ ਜੇ ਖੈਰਿਆ, ਤੂੰ ਲਿਆਉਣੀ ਆਂ ਸਾਡੀ ਭਰਜਾਈ ਤੇ ਅਸੀਂ ਰਾਜੀ ਜੂ (ਸਾਰੇ ਹੱਸ ਪੈਂਦੇ ਨੇ) ਆਉ ਤੁਰੋ ਵੀ ਹੁਣ ।
[ਸਾਰੇ ਜਣੇ ਪਿੰਡ ਦੇ ਛੱਪੜ ਨਾਲ ਦੀ ਹੋ ਕੇ ਤੁਰ ਪੈਂਦੇ ਨੇ]
ਵੱਸਣ - ਪਈ ਹਰੀ ਪੁਰੇ ਵਾਲਿਓ, ਅੱਜ ਫਿਰ ਮੁਕਾਬਲੇ ਹੋਣੇ ਜੇ, ਪਹਿਲਾਂ ਦੱਸ ਛੱਡੀਏ ।
ਨਰੈਣਾ - ਤੇ ਕਿਉਂ ਪਈ, ਹਰੀ ਪੁਰੀਆਂ ਨੂੰ ਤੁਸੀਂ ਨਪੜ੍ਹ ਸਮਝਦੇ ਜੇ? ਆਹ ਜਰਾ ਪਿੰਡ ਲੰਘ ਲਈਏ, ਬੋਲੀਆਂ ਵੀ ਤੁਹਾਡੀਆਂ ਵੇਖ ਲੈਂਦੇ ਆਂ, ਤੁਸੀਂ ਕਿੰਨੇ ਕੁ ਪਾਣੀਆਂ ਚ ਓ।
ਖੈਰੂ - ਪਈ ਅਜੇ ਤੇ ਬਾਹਲਾ ਈ ਹਨੇਰ ਆ, ਨਾਲੇ ਮੀਏਂ ਹੁਰੀਂ ਆਂਹਦੇ ਹੁੰਦੇ ਆ ਪਈ ਐਸ ਰਾਹ ਤੇ ਇਕ ਛਲੇਡਾ ਵੀ ਰਹਿੰਦਾ ਹੁੰਦਾ ਆ ।
ਪ੍ਰੀਤੂ - ਲੱਗ ਪਿਆਂ ਲੋਣ ।
ਸੰਤਾ - ਨਹੀਂ ਉਏ, ਆਂਹਦੇ ਹੁੰਦੇ ਆ ਪਈ ਉਹ ਤੇ ਕਦੀ ਕੁੱਤਾ ਤੇ ਕਦੀ ਗਹਿਣਿਆਂ ਵਾਲੀ ਬੁੱਢੀ ਬਣ ਜਾਂਦਾ । ਕਦੀ ਬੱਕਰਾ ਤੇ ਕਦੀ ਨਿਰਾ ਗਹਿਣਾ ਸੋਨੇ ਚਾਂਦੀ ਦਾ। ਆਹ
ਨਿਹਾਲੋ ਨਹੀਂ ਸੀ ਇਕ ਵਾਰ ਪਿੰਡ ਈ ਲੈ ਆਈ । ਪਈ ਓਨ ਜਦੋਂ ਗਹਿਣਾ ਡੱਬੀ 'ਚ ਪਾ ਕੇ ਰੱਖਿਆ ਤੇ ਘੜੀ ਕੁ ਪਿੱਛੋਂ ਛਾਊਂ ਮਾਊਂ ਹੋ ਗਿਆ।
ਹਰੀਆ - (ਕਾਹਲੀ ਕਾਹਲੀ ਤੁਰਦਾ ਹੋਇਆ) ਪਈ ਛਾਇਆਂ ਹੁੰਦੀਆਂ ਤੇ ਨੇ, ਪਰ ਮੈਂ ਕਦੀ ਵੇਖੀਆਂ ਨਹੀਂ। ਤਾਰੂ ਵੀ ਆਂਹਦਾ ਸੀ ਅਖੇ ਇਕ ਵਾਰ ਅਸੀਂ ਮੁੰਡੇ ਖੁੰਡੇ ਰਾਤ ਨੂੰ ਫਿਰਦੇ ਸਾਂ ਤੇ ਕਿਸੇ ਜਨੌਰ ਨੇ ਵਖਾਲੀ ਦਿੱਤੀ । ਅਸੀਂ ਬੜਾ ਡਰਾਇਆ ਡਰੂਇਆ ਪਰ ਉਹ ਤੇ ਹਟੇ ਈ ਨਾ ਸਗੋਂ ਕਦੀ ਤੇ ਬਿੱਲੀ ਈ ਰਹੇ ਤੇ ਕਦੀ ਹਾਥੀ ਬਣ ਕੇ ਰੱਬ ਨੂੰ ਈ ਜਾ ਲੱਗੇ, ਤੇ ਕਦੀ......।
[ਆਵਾਜ਼ ਆਉਂਦੀ ਏ]
ਪਾਨ ਬੰਨ੍ਹਾਂ, ਕੁਰਾਨ ਬੰਨ੍ਹਾਂ ।
ਹਿੰਦੂ ਬੰਨ੍ਹਾਂ, ਮੁਸਲਮਾਨ ਬੰਨ੍ਹਾਂ ।
ਜਲ ਬੰਧੂ ਜਲਾਲ ਬੰਧੂ । ਪਾਰ ਬੰਧੂ।
ਹਰੀਅੰ ਉਰੀਅੰ, ਲਿਰੀਅੰ ਸਹਾਇ।
[ਸਾਰੇ ਹਰਾਨ ਹੋ ਕੇ ਖਲੋ ਜਾਂਦੇ ਨੇ]
ਹਰੀਆ - ਪਈ ਪੈਸੇ ਨੂੰ ਪੈਸਾ ਖਿੱਚਦਾ। ਜਿਉਂ ਜਿਉਂ ਨੇ ਛਈਆਂ ਦੇ ਨਾਂ ਲਈਏ, ਤਿਉਂ ਤਿਉਂ ਏਨ੍ਹਾਂ ਦਾ ਸਗੋਂ ਜੋਰ ਪੈਂਦਾ ਜਾਂਦਾ । ਮੈਂ ਤੇ ਤੁਰਨ ਲੱਗਿਆਂ ਈ ਆਖ ਰਿਹਾ ਸਾਂ ਪਈ ਏਹਨਾਂ ਵਾ ਦੇ ਘੋੜਿਆਂ ਦਾ ਨਾਂ ਨਹੀਂ
ਲਈਦਾ ਹੁੰਦਾ, (ਖਲੋ ਕੇ) ਸੁਣਿਆ ਜੇ ਆਹ ਮੜ੍ਹੀਆਂ ਵਿਚ ਕੀ ਬਣਦਾ ?
ਮਹਿੰਗਾ - ਹੁਣ ਸਗੋਂ ਖਲੋਈਏ ਨਾ ਤੇ ਤੁਰੇ ਈ ਚੱਲੀਏ ।
[ਤੁਰ ਪੈਂਦੇ ਨੇ, ਤੇ ਕੁਝ ਚਿਰ ਚੁੱਪ ਰਹਿੰਦੇ ਨੇ]
ਚੰਨਣ - ਉਏ ਤੁਹਾਡੇ ਮੂੰਹ ਤੇ ਨਹੀਂ ਸੀਤੇ ਗਏ, ਕੁਝ ਫੁੱਟੋ ਵੀ ਮੂੰਹੋਂ ਜੋ ਕੁਝ ਫੁੱਟਦੇ ਹੁੰਦੇ ਓ । ਕਰ ਦੇ ਫਿਰ ਸ਼ੁਰੂ ਨਾਜਰਾ, ਪਰ ਉਹ ਸੁਣਾਈਂ ਜੀਹਦੇ ਤੋਂ ਛਿੰਝ ਤੇ ਲੜਾਈ ਹੋਈ ਸੀ ਤੇ ਜਾਂ ਫੇਰ ਓਦੂੰ ਹਟ ਕੇ ਛੜੇ ਦੀ ਅੱਗ ਵਾਲੀ।
ਨਾਜਰ - (ਹੱਸ ਕੇ) ਚੰਗਾ, ਜੇ ਪਹਿਲਾਂ ਮੈਨੂੰ ਈ ਮੂਹਰੀ ਦੇ ਮੂੰਹ ਸੁੱਟਣਾ ਜੇ ਤੇ ਤੁਹਾਡੀ ਮਰਜੀ, ਜੇ ਉਹ ਉੱਠ ਕੇ ਸਾਨੂੰ ਡਡਿਆ ਕੇ ਆ ਪਿਆ ਤੇ ਫੇਰ ?
ਵੱਸਣ - ਉਏ ਸਗੋਂ ਕਮਲਾ ਹੋ ਗਿਆ? ਉਹ ਹੁਣ ਰਹਿ ਗਿਆ ਕਿਤੇ ਦਾ ਕਿਤੇ ਕਿ । ਚੱਲ ਹੁਣ ਨਖ਼ਰੇ ਨਾ ਕਰ ਰੱਖੀ ਝੀਰੀ ਵਾਲੇ ।
ਨਾਜਰ - ਲਉ ਪਈ ਫਿਰ (ਬੋਲੀ ਪਾਉਂਦਾ ਏ)
ਦੇਵੀ ਮਾਤਾ ਵਰ ਕੀ ਦਾਤੀ,
ਅਤਰ ਛਤਰ ਕੀ ਰਾਣੀ।
ਗਾਉਣ ਵਾਲਿਆਂ ਨੂੰ ਗਉਣ ਬਖਸ਼ਦੀ,
ਪੜ੍ਹਨ ਵਾਲਿਆਂ ਨੂੰ ਬਾਣੀ।
ਭੁੱਖਿਆਂ ਨੂੰ ਤੂੰ ਭੋਜਨ ਦੇਂਦੀ,
ਪਿਆਸਿਆਂ ਨੂੰ ਜਲ ਪਾਣੀ।
ਨੰਗਿਆਂ ਨੂੰ ਤੂੰ ਦੇਵੇਂ ਕੱਪੜਾ,
ਤੁਰਤ ਲਹਾ ਕੇ ਤਾਣੀ ।
ਆਪਣੇ ਸੇਵਕ ਦਾ,
ਬਹੁਤਾ ਕਰਕੇ ਜਾਣੀਂ ।
ਬਾਕੀ ਸਾਰੇ - (ਗਿੱਧਾ ਪਾ ਕੇ)
ਆਪਣੇ ਸੇਵਕ ਦਾ,
ਬਹੁਤਾ ਕਰਕੇ ਜਾਣੀਂ ।
ਪ੍ਰੀਤੂ - ਪਈ ਲੜੀ ਵਾਲੀਆਂ ਬੋਲੀਆਂ ਫੇਰ ਪਾਵਾਂਗੇ, ਪਹਿਲਾਂ ਮੈਂ ਬੱਲੇ ਬੱਲੇ ਵਾਲੀ ਗਜਲ ਤੋਂ ਡਹਿੰਦਾਂ ।
[ਚਾਦਰ ਨੂੰ ਸੱਜੇ ਹੱਥ ਨਾਲ ਉਤਾਂਹ ਚੁੱਕ ਕੇ ਬੋਲਦਾ ਏ]
ਬੱਲੇ ਬੱਲੇ ਪਈ ਲੰਮੀ ਸੀਹਟੀ ਮਾਰ ਮਿੱਤਰਾ । ਬਾਕੀ ਸਾਰੇ-ਬੱਲੇ ਬੱਲੇ ਪਈ ਲੰਮੀ ਸੀਹਟੀ ਮਾਰ ਮਿੱਤਰਾ ।
ਪ੍ਰੀਤੂ - ਘਰ ਭੁੱਲ ਗਈ ਮੋੜ ਤੇ ਆ ਕੇ,
ਪਈ ਲੰਮੀ ਸੀਹਟੀ ਮਾਰ ਮਿੱਤਰਾ ।
ਬਾਕੀ ਸਾਰੇ - (ਉਹੀ ਬੋਲਦੇ ਨੇ)
ਪ੍ਰੀਤੂ - ਬੱਲੇ ਬੱਲੇ ਪਈ ਦੁਧ ਪੀ ਕੇ ਜਾਈਂ ਰੱਖੀਏ।
ਬਾਕੀ ਸਾਰੇ - ਬੱਲੇ ਬੱਲੇ ਪਈ ਦੁਧ ਪੀ ਕੇ ਜਾਈਂ ਰੱਖੀਏ।
ਪ੍ਰੀਤੂ - ਹਾਕਾਂ ਮਾਰਦੇ ਬੱਕਰੀਆਂ ਵਾਲੇ,
ਪਈ ਦੁੱਧ ਪੀ ਕੇ ਜਾਈਂ ਰੱਖੀਏ ।
ਬਾਕੀ ਸਾਰੇ - (ਉਹੀ ਬੋਲਦੇ ਨੇ)
ਚੰਨਣ - (ਬਾਂਹ ਉਤਾਂਹ ਨੂੰ ਕਰਕੇ)
ਬੱਲੇ ਬੱਲੇ ਦੁਪੱਟਾ ਲੈ ਦੇ ਊਈ ਊਈ ਦਾ ।
ਬਾਕੀ ਮੁੰਡੇ-ਬੱਲੇ ਬੱਲੇ ਦੁਪੱਟਾ ਲੈ ਦੇ ਊਈ ਊਈ ਦਾ।
ਚੰਨਣ - ਹਾਏ ਹਾਏ ਦੀ ਸਵਾਂ ਦੇ ਕੁੜਤੀ,
ਦੁਪੱਟਾ ਲੈ ਦੇ ਊਈ ਊਈ ਦਾ।
ਬਾਕੀ ਸਾਰੇ - (ਉਹੀ ਗਾਉਂਦੇ ਨੇ)
ਖੈਰੂ - (ਛੇਤੀ ਨਾਲ ਅਗੇ ਵਧ ਕੇ)
ਬੱਲੇ ਬੱਲੇ ਪਈ ਹੱਸਦੀ ਨੇ ਚੰਦ ਮੰਗ ਲਏ। ਬਾਕੀ ਮੁੰਡੇ-ਬੱਲੇ ਬੱਲੇ ਪਈ ਹੱਸਦੀ ਨੇ ਚੰਦ ਮੰਗ ਲਏ ।
ਖੇਰੂ - ਗੱਲਾਂ ਕਰਦੀ ਨੇ ਮੰਗ ਲਏ ਵਾਲੇ,
ਪਈ ਹੱਸਦੀ ਨੇ ਚੰਦ ਮੰਗ ਲਏ।
ਬਾਕੀ ਟੋਲੀ - (ਉਹੀ ਬੋਲਦੀ ਏਂ)
ਨਾਜਰ - ਸੁਣ ਲਾ ਚੰਨਣਾ, ਤੂੰ ਤੇ ਦੁੱਧ ਦੇਂਦਾ ਅੱਕ ਜਾਂਦਾ ਹੁੰਦਾ ਸਾਂ, ਭਾਊ ਮਛੁਕਾਂ ਵਰਗੀਆਂ ਚੀਜਾਂ ਕੋਈ ਸਉਂ ਚੋਂ ਇਕ ਈ ਰਖ ਸਕਦਾ, ਮਾਂ ਦਾ ਪੁੱਤ।
ਈਸ਼ਰ - ਪਈ ਤੁਹਾਡਾ ਸਾਰਿਆਂ ਦਾ ਗਜਲਾਂ ਚ' ਲੰਬਰ ਆ। ਪਰ ਪਈ ਅਰਜਣਾ ਕਵੀਸ਼ਰਾ, ਇਕ ਭਾ ਸੁਣਾਦੇ ਮਲਵਈਆਂ ਵਾਲਾ, ਬੱਸ ਫੇਰ ਉਹੋ ਜਿਹਾ ਈ ਹੋਵੇ ਤੂੰ ਆਪ ਸਿਆਣਾ ।
ਅਰਜਨ - ਪਰ ਪਈ ਵਿਚੋਂ ਨ ਟੋਕਿਓ, ਭਾਵੇਂ ਕਿਧਰੇ ਦਾ ਕਿਧਰੇ ਨੂੰ ਲੈ ਜਾਵਾਂ । (ਬੋਲਦਾ ਏ)
ਮੇਰੇ ਯਾਰ ਨੂੰ ਮੰਦਾ ਨਾ ਬੋਲੀਂ,
ਮੇਰੇ ਯਾਰ ਨੂੰ,
ਮੇਰੇ ਯਾਰ ਨੂੰ ਮੰਦਾ ਨਾ ਬੋਲੀਂ,
ਮੇਰੀ ਭਾਵੇਂ ਗੁੱਤ ਪੁੱਟ ਲਾ।
ਥਾਣੇਦਾਰ,
ਥਾਣੇਦਾਰ ਪੁਲਸ ਵਿਚ ਫਿਰਦਾ,
ਕੁੱਟਦਾ ਲੋਕਾਂ ਨੂੰ,
ਛਾਵੇਂ ਨਿੰਮ ਦੀ,
ਛਾਵੇਂ ਨਿੰਮ ਦੀ ਜਵਾਹਰ ਸਿੰਘ ਬੈਠਾ,
ਨਾਲੇ ਟੋਲੀ ਮੁੰਡਿਆਂ ਦੀ,
ਥਾਣੇਦਾਰ ਨੇ,
ਥਾਣੇਦਾਰ ਨੇ ਸ਼ਪਾਹੀ ਘੱਲਿਆ,
ਫੜ ਲਉ ਜਵਾਹਰ ਸਿੰਘ ਨੂੰ,
ਗਾਲਾਂ ਕੱਢੀਆਂ,
ਗਾਲਾਂ ਕੱਢੀਆਂ ਜਵਾਹਰ ਸਿੰਘ ਤੈਨੂੰ,
ਗੌਂਸ ਸ਼ਪਾਹੀ ਨੇ,
ਡਾਂਗ ਚੱਕ ਲਈ,
ਡਾਂਗ ਚੱਕ ਲਈ ਪੋਲਰੇ ਵਾਲੀ,
ਪੁੱਛ ਕੇ ਅਰਜਣ ਨੂੰ,
ਪੈਰ ਜੋੜ ਕੇ,
ਪੈਰ ਜੋੜ ਕੇ ਜਵਾਹਰ ਸਿੰਘ ਮਾਰੀ,
ਕਰ ਤਾ ਸਿਰ ਪਰਨੇ,
ਮੂਹਰੇ ਬੋਤੀ,
ਮੂਹਰੇ ਬੋਤੀ ਆ ਅਰਜਣਾ ਤੇਰੀ,
ਗੈਲ ਘੋੜਾ ਥਾਣੇਦਾਰ ਦਾ,
ਥਾਣਾ ਫੋਕੀਆਂ,
ਥਾਣਾ ਫੋਕੀਆਂ ਚਲਾਉਂਦਾ ਆਵੇ,
ਗਿੱਦੜਾਂ ਨੂੰ ਡਰ ਲੱਗਦਾ,
ਜਿਹੜੇ ਸੂਰਮੇਂ
ਜਿਹੜੇ ਸੂਰਮੇਂ ਕਦੇ ਨਹੀਂ ਡਰਦੇ,
ਹਥੇਲੀ ਉੱਤੇ ਜਿੰਦ ਧਰਦੇ,
ਗਾਂਧੀ,
ਗਾਂਧੀ ਕਰਾ ਦੇ ਬੰਦ ਮਾਮਲਾ,
ਜਿੰਦ ਜਾਂਦੀ ।
ਪ੍ਰੀਤੂ - (ਛੇਤੀ ਨਾਲ ਅੱਗੇ ਵਧ ਕੇ) ਆਵੇ ਫੇਰ ਬੋਲੀ ।
[ਬੋਲੀ ਪਾਉਂਦਾ ਏ]
ਮੱਥਾ ਤੇਰਾ ਬਾਲੂਸ਼ਾਹੀ,
ਨੈਣ ਟਹਿਕਦੇ ਤਾਰੇ ।
ਬੁੱਲ ਫੁੱਲੀਆਂ, ਦੰਦ ਕੌਡੀਆਂ,
ਗੱਲ੍ਹਾਂ ਸ਼ੱਕਰਪਾਰੇ ।
ਸੇਹਲੀ ਤੇਰੀ ਨਾਗ ਨਿਆਣਾ,
ਡੰਗ ਸੀਨੇ ਨੂੰ ਮਾਰੇ।
ਬਾਹਾਂ ਤੇਰੀਆਂ ਵੇਲਣੇ ਵੇਲੀਆਂ,
ਉਂਗਲੀਆਂ ਗਜ ਸਾਰੇ ।
ਤੁਰਦੀ ਦਾ ਲੱਕ ਖਾਵੇ ਝੋਲੇ,
ਜਿਉਂ ਖਾਵੇ ਪੀਂਘ ਹੁਲਾਰੇ ।
ਰਹਿੰਦੇ ਖੂੰਹਦੇ ਉਹ ਪੱਟ ਸੁਟਦੇ,
ਮੋਢਿਆਂ ਉਤਲੇ ਵਾਲੇ ।
ਤੇਰੇ ਤੇ ਮੈਂ ਜਾਨ ਵਾਰ ਦਿਆਂ,
ਜੇ ਤੁਰ ਪਏਂ ਤੂੰ ਨਾਲੇ ।
ਦੁਖੀਏ ਆਸ਼ਕ ਨੂੰ,
ਨਾ ਝਿੜਕੀਂ ਮੁਟਿਆਰੇ ।
ਬਾਕੀ ਸਾਰੇ - (ਗਿੱਧਾ ਪਾ ਕੇ)
ਦੁਖੀਏ ਆਸ਼ਕ ਨੂੰ,
ਨਾ ਝਿੜਕੀਂ ਮੁਟਿਆਰੇ ।
ਨਰੈਣਾ - ਪਈ ਜਰਾ ਮਿਲ ਕੇ ਤਾੜੀ ਮਾਰਿਆ ਕਰੋ । (ਖੰਘੂਰਾ ਮਾਰ ਕੇ ਬੋਲਦਾ ਏ)
ਨੱਚਣ ਵਾਲੀ ਦੀ ਅੱਡੀ ਨ ਰਹਿੰਦੀ,
ਚੀਚੀ ਤੇ ਬਰਨਾਵਾਂ ।
ਖੰਡਾਂ ਬਾਝ ਪਾਣੀ ਮਿਠੇ ਨ ਹੁੰਦੇ,
ਬਿਰਛਾਂ ਬਾਝ ਨ ਛਾਵਾਂ।
ਇਸ਼ਕ ਤੰਦੂਰ ਤਪਦਾ,
ਮੈਂ ਹੱਡੀਆਂ ਦਾ ਬਾਲਣ ਪਾਵਾਂ।
ਮਿੱਤਰਾਂ ਦਿਆਂ ਫੁਲਕਿਆਂ ਨੂੰ,
ਮੈਂ ਖੰਡ ਦਾ ਪਰੇਥਣ ਲਾਵਾਂ ।
ਉਤਲੇ ਚਬਾਰੇ ਦਾ,
ਫਿਰ ਲੈ ਦੇ ਰਾਜੀ ਨਾਵਾਂ ।
ਕੁੰਜੀਆਂ ਇਸ਼ਕ ਦੀਆਂ,
ਮੈਂ ਕਿਹੜੇ ਜੰਦਰੇ ਨੂੰ ਲਾਵਾਂ।
ਬਾਕੀ ਸਾਰੇ - (ਗਿੱਧਾ ਪਾ ਕੇ) ਕੁੰਜੀਆਂ ਇਸ਼ਕ ਦੀਆਂ,
ਮੈਂ ਕਿਹੜੇ ਜੰਦਰੇ ਨੂੰ ਲਾਵਾਂ।
ਖੈਰੂ - (ਖਲੋ ਕੇ) ਨਹੀਂ ਪਈ ਏਦਾਂ ਨਹੀਂ, ਜੇਹਦੇ ਕੰਮ ਅਸੀਂ ਤੁਰੇ ਜਾਂਦੇ ਆਂ, ਓਨ ਤੇ ਕੁਝ ਸੁਣਾਇਆ ਈ ਨਹੀਂ, ਲੈ ਪਈ ਚੰਨਣਾਂ ਤੈਨੂੰ ਸਹੁੰ ਜੂ ਓਸੇ ਦੀ ਫੇਰ, ਜੇ ਇਕ ਬੋਲੀ ਨਾ ਪਾਏਂ ਤੇ ।
ਚੰਨਣ - ਲਉ ਪਈ ਜੇ ਮੇਰੀ ਵਾਰੀ ਆ ਤੇ ਮੇਰੀ ਈ ਸਹੀ, ਪਰ ਹੱਸਿਉ ਨਾ, ਜੇ ਕਿਤੇ ਮੈਂ ਥਿੜਕ ਵੀ ਗਿਆ ਤੇ ।
[ਬਾਂਹ ਦਾ ਇਸ਼ਾਰਾ ਕਰ ਕੇ ਤੇ ਖੰਘੂਰਾ ਮਾਰ ਕੇ ਬੋਲੀ ਪਾਉਂਦਾ ਏ]
ਆਰੀ ਆਰੀ ਆਰੀ,
ਲੱਛੀ ਪੁੱਛੇ ਬੰਤੋ ਨੂੰ,
ਤੇਰੀ ਕੈ ਮੁੰਡਿਆਂ ਨਾਲ ਯਾਰੀ ।
ਯਾਰਾਂ ਦਾ ਤੂੰ ਕੀ ਕੁਝ ਪੁੱਛਦੀ,
ਮੇਰੀ ਯਾਰਾਂ ਵਾਲੀ ਗਿਣਤੀ ਭਾਰੀ ।
ਇਕ ਯਾਰ ਕੁਤਰਾ ਕਰੇ,
ਦੂਜਾ ਜਾਏ ਮੱਝੀਆਂ ਨੂੰ ਚਾਰੀ ।
ਤੀਜੇ ਧਾਰ ਕੱਢ ਲਈ,
ਚਉਥੇ ਨੇ ਦਾਲ ਧਰ ਲਈ,
ਰੰਨੋ! ਗਰਮ ਮਸਾਲਿਆਂ ਵਾਲੀ ।
ਪੰਜਵਾਂ ਭਰਦਾ ਪਾਣੀ,
ਛੇਵਾਂ ਤੇ ਪਕਾਵੇ ਰੋਟੀਆਂ,
ਸਤਵਾਂ ਜਾਵੇ ਰਾਹੜੀ।
ਅਠਵਾਂ ਭਰੇ ਮੁੱਠੀਆਂ,
ਨਉਵੇਂ ਦੀ ਆ ਗਈ ਵਾਰੀ।
ਦਸਵੇਂ ਨੇ ਲਿਆਂਦੀ ਕੁੜਤੀ,
ਯਾਹਰਵੇਂ ਨੇ ਆ ਕੇ ਪਾੜੀ ।
ਬਾਹਰਵਾਂ ਜ਼ਿਕਰ ਕਰੇ
ਮੇਰੀ ਸੋਹਣੀਂ ਨਾਰ ਨਾਲ ਯਾਰੀ,
ਔਹ ਤੇਰੀ ਕੀ ਲਗਦੀ,
ਨਰਮ ਕਾਲਜੇ ਵਾਲੀ ।
ਬਾਕੀ ਸਾਰੇ - (ਗਿੱਧਾ ਪਾ ਕੇ ਤੇ ਮੂੰਹ ਨਾਲ ਢੋਲਕੀ ਵਜਾ ਕੇ)
ਔਹ ਤੇਰੀ ਕੀ ਲੱਗਦੀ,
ਨਰਮ ਕਾਲਜੇ ਵਾਲੀ ।
ਹਰੀਆ - ਪਈ ਬੋਲੀ ਕਾਹਦੀ ਪਾਈ ਆ, ਤਾਰੇ ਵਖਾ ਦਿੱਤੇ ਨੇ ਕਿ । ਅਜੇ ਆਂਹਦਾ ਸੀ ਆਉਂਦੀ ਨਹੀਂ । ਭਾਊ ਜਿਹਨੂੰ ਠੋਕਰ ਲੱਗੀ ਹੋਵੇ ਉਹਨੂੰ ਬੋਲੀਆਂ ਕਿਉਂ ਨ ਆਉਣ। ਪਈ ਚੰਨਣਾਂ ਇਕ ਹੋਰ ਨਾਲ ਲਗਦੀ ਚੋਂਦੀ ਚੋਂਦੀ ।
ਪਰਦਾ
ਨਾਟ ਤੀਜਾ
ਝਾਕੀ ਪਹਿਲੀ
ਤਰਨ ਤਾਰਨ ਦੀਵਾਨ ਅਸਥਾਨ
[ਦੀਵਾਨ ਸੱਜਿਆ ਹੋਇਆ ਏ । ਪ੍ਰਚਾਰਕ ਸਟੇਜ ਤੇ ਬੋਲ ਰਿਹਾ ਏ ਤੇ ਸੰਗਤ ਸੁਣ ਰਹੀ ਏ ।]
ਪ੍ਰਚਾਰਕ - ਪਿਆਰੀ ਸਾਧ ਸੰਗਤ (ਜੋਸ਼ ਵਿਚ ਉਤਾਂਹ ਨੂੰ ਬਾਹਵਾਂ ਮਾਰਦਾ ਤੇ ਅੱਡੀਆਂ ਚੁੱਕਦਾ ਹੋਇਆ) ਮਾਈਓ, ਭੈਣੋ ਤੇ ਭਰਾਵੋ ! ਮੈਂ ਕੋਈ ਲਸ਼ਕਰ ਨਹੀਂ ਹਾਂ, ਤੇ ਨਾ ਹੀ ਕੋਈ ਤਕਰੀਰ ਕਰਨੀ ਜਾਨਦਾ ਹਾਂ। ਨਾ ਹੀ ਮੈਂ ਬੋਲਣ ਲਈ ਖੜਾ ਹੋਇਆ ਹਾਂ ਤੇ ਨਾ ਹੀ ਮੈਂ ਆਪ ਨੂੰ ਲਸ਼ਕਰ ਦੇ ਰਿਹਾ ਹਾਂ, ਮੈਂ ਕੋਈ ਐਡਾ ਲੰਮਾ ਵਿਦਵਾਨ ਨਹੀਂ ਹਾਂ। ਚੁਨਾਂਚਿ ਮੈਂ ਨਾ ਹੀ ਕੋਈ ਪ੍ਰਚਾਰ ਅਥਵਾ ਪ੍ਰਚਾਰਕ ਹਾਂ। ਹਾਂ (ਹਿੱਕ ਤੇ ਹੱਥ ਮਾਰ ਕੇ) ਇੱਕ ਗੱਲ ਜ਼ਰੂਰ ਮੰਨਦਾ ਹਾਂ ਕਿ ਮੈਂ ਸਾਰੀ ਸੰਗਤ ਬਜ਼ੁਰਗਾਂ ਅਰਥਾਤ ਬੀਬੀਆਂ ਦਾ ਦਾਸ ਹਾਂ। ਮੇਰੇ ਲਈ ਸਾਹਿਬਾਂ ਦੇ ਕਥਨ ਅਨੁਸਾਰ ਸਾਰੇ ਬਾਲ ਬੱਚੇ ਬੁੱਢੇ, ਮਰਦ ਤੀਵੀਆਂ ਦੋਸਤ ਵੈਰੀ,
ਪ੍ਰੰਤੂ ਸਭ ਪਿਰਥਮੀ ਇਕ ਸਮਾਨ ਏ। ਮੈਂ ਨਾ ਹੀ ਅਜ ਤਕ ਕਦੀ ਮਾਸ ਖਾਧਾ ਤੇ ਨਾ ਹੀ ਕਦੀ ਸਲੇਮਾਂ ਵੇਖਿਆ। ਚੂੰਕਿ ਇਹ ਸਾਰੀਆਂ ਗੱਲਾਂ ਸੱਚੇ ਪਾਤਸ਼ਾਹ, ਚਿੱਟਿਆਂ ਬਾਜਾਂ ਵਾਲੇ, ਲੀਲੇ ਘੋੜੇ ਤੇ ਸਵਾਰ, ਆਦ ਜੁਗਾਦੀ ਦੇ ਪਵਿੱਤ੍ਰ ਖਿਆਲਾਂ ਨਾਲ ਟੱਕਰ ਖਾਂਦੇ ਹਨ, ਇਸ ਵਾਸਤੇ ਸਾਧ ਸੰਗਤ (ਹੱਥ ਜੋੜ ਕੇ) ਮੈਂ ਦੋ ਕਰ ਜੋੜ ਕਰ ਕੇ ਸਭ ਅਮੀਰ, ਗ੍ਰੀਬ, ਹਿੰਦੂ, ਮੁਸਲਮਾਨ, ਹਸਾਈ, ਰੰਗੇਜ, ਮਰਦ ਤੀਵੀਆਂ ਤੇ ਖਾਸ ਕਰ ਕੇ ਆਪਣੇ ਨੌਜਵਾਨਾਂ ਨੂੰ ਜ਼ੋਰਦਾਰ ਅਪੀਲ ਕਰਾਂਗਾ ਕਿ ਵਾਹਿਗੁਰੂ ਦਾ ਵਾਜਾ ਆਵੇ ।
ਸਾਰੀ ਸੰਗਤ - ਵਾਹਿਗੁਰੂ, ਵਾਹਿਗੁਰੂ ।
ਪ੍ਰਚਾਰਕ - ਫਿਰ ਅਪੀਲ ਕਰਾਂਗਾ ਕਿ ਗੁਰੂ ਸਾਹਿਬਾਂ ਦੇ ਕਾਰਨਾਮਿਆਂ ਨੂੰ ਮੰਨਣ ਕਰਦਾ ਹੋਇਆ, ਮੈਂ ਇਕ ਗੱਲ ਕਹਿਣੋਂ ਕਦੀ ਨਹੀਂ ਝਕਿਆ। ਏਥੇ ਕਈ ਸੀ. ਡੀ. ਦੇ ਆਦਮੀ ਭੀ ਜ਼ਰੂਰ ਹੋਣਗੇ । ਮੈਂ ਉਨ੍ਹਾਂ ਪਾਸ ਵੀ ਦਰਖਾਸਤ ਕਰਾਂਗਾ । ਕਿਸ ਵਿੱਚ ? ਆਪਣੀ ਮਾਦਰੀ ਗੁਰਮੁਖੀ ਜ਼ਬਾਨ ਵਿੱਚ ਕਿਉਂਕਿ ਸਾਡਾ ਇਸ ਨਾਲ ਪਿਆਰ ਹੈ, ਕਿ ਉਹ ਮੇਰਾ ਨਾਮ ਵੀ ਉਤਾਰ ਲੈਣ ਬਲਕਿ ਡੈਰੀਆਂ ਛਪਵਾ ਦੇਣ । ਮੈਂ ਸਾਰੀ ਉਮਰ ਕਦੀ ਕਿਸੇ ਤੋਂ ਡਰਿਆ ਨਹੀਂ (ਹਿੱਕ ਤੇ ਹੱਥ ਮਾਰ ਕੇ) ਪੰਥ ਦੀ ਇਕ ਸ਼੍ਰੋਮਣੀ ਜਮਾਤ ਵਲੋਂ ਭੇਜਿਆ ਹੋਇਆ ਸੂਰਮਾ ਹਾਂ। ਮੇਰਾ ਨਾਮ ਘਮੰਡਾ ਸਿੰਘ, ਪਿੰਡ ਉਚੜ ਪੈੜੇ, ਡਾਕਖਾਨਾ ਖਾਸ ਤੇ ਜਿਲਾ (ਹੱਥ ਨਾਲ ਜ਼ਮੀਨ ਵਲ
ਇਸ਼ਾਰਾ ਕਰਦਾ ਹੋਇਆ) ਇਹੋ ਈ ਆ ਇਹੋ । ਉਹ ਮਰਨੋਂ ਮੂਲ ਨਹੀਂ ਡਰਦੇ ਜਿਹਨਾਂ ਨੇ ਦਰਸ਼ਨ ਪਾ ਲਏ ਨੇ । (ਇਹ ਬੋਲਦਾ ਹੋਇਆ ਬੈਠ ਜਾਂਦਾ ਏ ।)
[ਬੈਠਦਿਆਂ ਸਾਰ ਲਾਗੇ ਦੇ ਕਈ ਆਦਮੀ ਥਾਪੀਆਂ ਦੇਂਦੇ ਨੇ, ਵਿਚੋਂ ਇਕ ਦੋ ਬਦੋ ਬਦੀ ਲੱਤਾਂ ਬਾਹਾਂ ਘੁੱਟਣ ਲੱਗ ਪੈਂਦੇ ਨੇ। ਇਕ ਬੀਬੀ ਪੱਖਾ ਮਾਰਨ ਲੱਗ ਪੈਂਦੀ ਏ]
ਸਟੇਜ ਸੈਕਟਰੀ - ਹੁਣ ਦੇਸ ਸੇਵਕ ਬੀਬੀ ਜੀ, ਜੋ ਕਿ ਹੁਣੇ ਈ ਜੇਹਲੋਂ ਰਿਹਾ ਹੋ ਕੇ ਆਏ ਹਨ, ਉਹਨਾਂ ਅੱਗੇ ਦਿਲੀ ਹਮਦਰਦੀ ਜ਼ਾਹਰ ਕਰਦਾ ਹੋਇਆ, ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਉਹ ਆਪ ਨੂੰ ਸਾਰੀ ਸੰਗਤ ਦੇ ਸਾਹਮਣੇ ਨਿਹਾਲ ਕਰਨ ।
[ਬੀਬੀ ਸਟੇਜ ਤੇ ਆ ਜਾਂਦੀ ਏ । ਸਿਰ ਤੇ ਖੱਟੀ ਦਸਤਾਰ ਤੇ ਕਾਲਾ ਦੁਪੱਟਾ ਏ। ਕਮੀਜ਼ ਤੇ ਸਲਵਾਰ ਚਿੱਟੇ ਖੱਦਰ ਦੇ । ਸੱਜੇ ਹੱਥ ਵਿਚ ਸਿਰੀ ਸਾਹਬ ਤੇ ਖੱਬੇ ਨਾਲ ਘੜੀ ਬੱਧੀ ਹੋਈ ਏ ।]
ਬੀਬੀ - (ਫਤੇ ਬੁਲਾ ਕੇ) ਪਿਆਰੀ ਸੰਗਤ, ਵੀਰੋ ਤੇ ਭੈਣੋ !
ਅਰਜਣ - (ਚੰਨਣ ਨੂੰ ਅਰਕ ਮਾਰ ਕੇ) ਲੈ ਕਰ ਗੱਲ, ਪਈ ਆਹ ਜੂ ਸੁਣਨ ਵਾਲੀ ਤੇ । ਪਰ ਇੱਕ ਗੱਲ ਏਹਨੂੰ ਪੱਗ ਨਹੀਂ ਸੀ ਬੰਨ੍ਹਣੀ ਚਾਹੀਦੀ ।
ਬੀਬੀ - ਪਿਆਰੇ ਵੀਰੋ, ਬੀਬੀਓ ਤੇ ਭੈਣੋ, ਮੇਰੇ ਵੀਰ ਨੇ ਕੋਈ ਗੱਲ ਐਸੀ ਨਹੀਂ ਛੱਡੀ ਜਿਹੜੀ ਕਿ ਮੈਂ ਆਪ ਦੇ ਸਾਹਮਣੇ ਪੇਸ਼ ਕਰ ਸਕਾਂ।
ਇਕ ਬਜ਼ੁਰਗ - (ਖੜਾ ਹੋ ਕੇ, ਗਲ ਵਿੱਚ ਪੱਲਾ ਪਾ ਕੇ ਤੇ ਹੱਥ ਜੋੜ ਕੇ) ਓਂ ਤੇ ਮੈਂ ਬੜਬੋਲਾ ਈ ਆਂ, ਪਰ ਸਾਰੀ ਸਾਧ ਸੰਗਤ, ਮੈਨੂੰ ਏਸ ਗੱਲ ਦੀ ਵੜੀ ਸਾਰੀ ਕਰ ਕੇ ਨਮੋਸ਼ੀ ਆਈ ਆ ਪਈ ਇਹ ਬੀਬੀ ਸਾਡੀਆਂ ਨੌਹਾਂ ਧੀਆਂ ਵਰਗੀ ਹੋ ਕੇ ਸਾਨੂੰ ਸਾਰਿਆਂ ਵੱਡਿਆਂ ਛੋਟਿਆਂ ਨੂੰ ਵੀਰ ਵੀਰ ਈ ਆਖੀ ਤੁਰੀ ਜਾਂਦੀ ਆ।
ਸਟੇਜ ਸੈਕਟਰੀ - (ਛੇਤੀ ਨਾਲ ਉੱਠ ਕੇ) ਭਾਈ ਸਾਹਬ, ਹੇ ਭਾਈ ਸਾਹਬ, ਭਜਨ ਕਰੋ, ਇਹ ਸੰਗਤ ਹੈ ਕੋਈ ਕੋੜਮਾਂ ਨਹੀਂ ਕੱਠਾ ਹੋਇਆ ਹੋਇਆ। ਜੇਕਰ ਨਹੀਂ ਸੁਣ ਸਕਦੇ ਤੇ ਬਾਹਰ ਹੋ ਜਾਉ।
[ਨੇੜੇ ਦੇ ਆਦਮੀ ਉਸ ਨੂੰ ਬਹਾ ਦਿੰਦੇ ਨੇ]
ਬੀਬੀ - ਪਿਆਰੇ ਵੀਰੋ (ਬਜ਼ੁਰਗ ਵੱਲ ਮੂੰਹ ਕਰ ਕੇ ਤੇ ਮੁਸਕਰਾ ਕੇ) ਪਿਤਾ ਜੀਓ ! ਮੈਂ ਦੱਸਣਾ ਤੇ ਕੁਝ ਹੋਰ ਸੀ ਪਰ ਬਾਬੇ ਜੀ ਨੂੰ ਕਿਸੇ ਗੱਲ ਦਾ ਟਪਲਾ ਲੱਗ ਗਿਆ।
ਇਸ ਲਈ ਮੈਂ ਇਹਨਾਂ ਦਾ ਸਹਿੰਸਾ ਨਵਿਰਤ ਕਰਨਾ ਵੀ ਆਪਣਾ ਫਰਜ਼ ਸਮਝਦੀ ਹਾਂ । ਅਜ ਕਲ ਦਾ ਜ਼ਮਾਨਾ ਉਹ ਨਹੀਂ ਕਿ ਜਦੋਂ ਇਸਤ੍ਰੀ ਜਾਤੀ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ । ਅਜ ਕਲ ਰੌਸ਼ਨੀ ਦਾ ਜ਼ਮਾਨਾ ਆ ਰਿਹਾ ਏ। ਕਿਸੇ ਵੀ ਮੁਲਕ ਦੀ ਤ੍ਰੱਕੀ ਹੋਣੀ ਮੁਸ਼ਕਲ ਏ ਜਿੰਨਾਂ ਚਿਰ ਕਿ ਉਸ ਮੁਲਕ ਵਿਚ ਇਸਤ੍ਰੀ ਜਾਤੀ ਦੀ ਇਜ਼ਤ ਨਹੀਂ। ਇਸ ਤੋਂ ਮੇਰਾ ਭਾਵ ਸਮਾਨਤਾ ਦਾ ਹੈ, ਤੇ ਸਮਾਨਤਾ ਪ੍ਰਾਪਤ ਕਰਨ ਦਾ ਜ਼ਾਹਿਰੀ ਸਬੂਤ ਭੈਣ ਭਰਾਵਾਂ ਵਾਲੀ ਸਾਂਝੀ ਮਿਲ-ਵਰਤਨ ਤੋਂ ਮਿਲ ਸਕਦਾ ਹੈ। ਸਾਧ ਸੰਗਤ, ਗੁਰੂ ਦੇ ਦਰ ਦੀ ਸਭ ਤੋਂ ਉੱਚੀ ਪਦਵੀ ਹੈ ਤੇ ਜੇਕਰ ਇਸਤ੍ਰੀ ਨੂੰ ਇਸ ਵਿਚ ਵੀ ਸਮਾਨਤਾ ਪ੍ਰਾਪਤ ਨਹੀਂ ਹੋ ਸਕਦੀ ਤਾਂ ਸਾਡੀ ਵਿਚਾਰ ਸਭ ਨਿਸ਼ਫਲ ਹੈ ।
ਹੁਣ ਮੈਂ ਇਕ ਪ੍ਰੇਮ ਵਾਲਾ ਸ਼ਬਦ ਪੜ੍ਹ ਕੇ ਭੋਗ ਪਾਵਾਂਗੀ ਕਿਉਂਕਿ ਪ੍ਰਬੰਧਕਾਂ ਦੀ ਚਿੱਠੀ ਆ ਗਈ ਏ । ਸਾਰੀ ਸੰਗਤ ਬੜੇ ਪ੍ਰੇਮ ਨਾਲ ਸਰਵਨ ਕਰੇ।
[ਜੋੜੇ ਹੋਏ ਹੱਥਾਂ ਦਾ ਉਤਾਂਹ ਨੂੰ ਇਸ਼ਾਰਾ ਕਰ ਕੇ ਬੋਲਦੀ ਏ]
ਸੱਚ ਖੰਡ ਨੂੰ ਪਉੜੀਆਂ ਲਾਈਆਂ,
ਬਾਬੇ ਨਾਨਕ ਨੇ ।
ਬਾਕੀ ਸੰਗਤ - ਸੱਚ ਖੰਡ ਨੂੰ ਪਉੜੀਆਂ ਲਾਈਆਂ,
ਬਾਬੇ ਨਾਨਕ ਨੇ ।
[ਬੀਬੀ ਬੈਠ ਜਾਂਦੀ ਏ]
ਸਟੇਜ ਸੈਕਟਰੀ - (ਖੜਾ ਹੋ ਕੇ) ਆਹ ਹੁਣੇ ਈ ਖਬਰ ਮਿਲੀ ਏ ਕਿ ਦਰਸ਼ਨ ਕਰਨ ਲਈ ਜਾ ਰਹੀ ਇਕ ਨੌਜਵਾਨ ਬੀਬੀ ਦੇ ਕੰਨੋਂ ਕਿਸੇ ਮੇਰੇ ਵੀਰ ਨੇ ਗੈਰ ਕਾਰਵਾਈ ਕਰਦਿਆਂ ਹੋਇਆਂ ਕਾਂਟਾ ਧੂਹ ਲਿਆ ਹੈ। ਖੁਸ਼ੀ ਦੀ ਗੱਲ ਇਹ ਆ ਕਿ ਪ੍ਰਬੰਧਕਾਂ ਦੀ ਮਦਤ ਨਾਲ (ਮੁਸਕਰਾਉਂਦਾ ਹੋਇਆ) ਜ਼ੇਵਰ ਬੀਬੀ ਨੂੰ ਮੁੜ ਵਾਪਸ ਮਿਲ ਗਿਆ ਹੈ। ਹੋਰ ਖੁਸ਼ੀ ਦੀ ਗਲ ਇਹ ਹੈ ਕਿ ਬੀਬੀ ਵੀ ਸਾਡੇ ਪਾਸ ਪਹੁੰਚ ਗਈ ਏ ।
[ਦੀਵਾਨ ਵਿਚੋਂ ਆਵਾਜ਼ਾਂ]
ਕਿਹੜੀ ਹੈ, ਕਿੱਥੇ ਹੈ, ਦਰਸ਼ਨ ਕਰਾਓ। ਸਾਰੀਆਂ ਗੱਲਾਂ ਨਾਲੋਂ ਬੀਬੀ ਨੂੰ ਦੋ ਮਿੰਟ ਲਈ ਤਖਤ ਪੋਸ਼ ਤੇ ਕਿਉਂ ਨਹੀਂ ਖੜਿਆਂ ਕਰ ਦਿੰਦੇ ।
ਸਟੇਜ ਸੈਕਟਰੀ - (ਖੜਾ ਹੋ ਕੇ) ਸੰਗਤਾਂ ਬੀਬੀ ਦੇ ਦਰਸ਼ਨਾਂ ਲਈ ਬੜੀਆਂ ਉਤਾਵਲੀਆਂ ਹੋ ਰਹੀਆਂ ਹਨ ਸੋ ਮੈਂ ਵੀ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਾਂਗਾ ਕਿ ਆਪ ਦੋ ਮਿੰਟ ਲਈ ਸਟੇਜ ਤੇ ਆ ਜਾਣ।
[ਬੀਬੀ ਵਲੋਂ ਕੁਝ ਨਾਂਹ ਨੁੱਕਰ ਹੁੰਦੀ ਏ, ਪਰ ਨਾਲ ਦੇ ਲੋਕ ਬਦੋ ਬਦੀ ਉਠਾ ਦਿੰਦੇ ਨੇ]
ਸਟੇਜ ਸੈਕਟਰੀ - ਬੋਲੇ ਸੋ ਨਿਹਾਲ।
ਸੰਗਤ - ਸਤਿ ਸ੍ਰੀ ਅਕਾਲ !
[ਇਸੇ ਤਰਾਂ ਥਾਉਂ ਥਾਈਂ ਅਨੇਕਾਂ ਜੈਕਾਰੇ ਛਡਦੇ ਹਨ]
ਅਰਜਨ - (ਬੀਬੀ ਵਲ ਨੀਝ ਲਾ ਕੇ ਵੇਖਦਾ ਹੋਇਆ) ਉਏ ਚੰਨਣਾ, ਉਏ ਮਹਿੰਗਿਆ।
ਚੰਨਣ - ਪਈ ਆਹ ਤੇ ਤਜਬ ਈ ਹੋਈ ਆ। (ਨਾਲਦਿਆਂ ਨੂੰ ਕੰਨ ਵਿਚ ਸਮਝਾਉਂਦਾ ਏ)
ਨਾਜਰ - ਵੇਖ ਡਰਦੀ ਤੇ ਨਹੀਓਂ ਸਾਥੋਂ ।
ਵਸਣ - ਓਨ ਕਿਹੜਾ ਸਾਨੂੰ ਪਛਾਤਾ ਆ ਅਜੇ ।
ਹਰੀਆ - ਪਈ ਮੇਰੀ ਤੇ ਮਰਜੀ ਆ ਕਿ ਹੁਣੇਂ ਈ ਰੱਫੜ ਪਾ ਦੇਈਏ ਤੇ ਦਵਾਨੋਂ ਬਾਹਰ ਈ ਨਾ ਹੋਣ ਦੇਈਏ ।
ਚੰਣਨ - ਕਿਉਂ ਸੰਤਿਆ ?
ਸੰਤਾ - ਪੁੱਛ ਲਾ ਪ੍ਰੀਤੂ ਕੋਲੋਂ ।
ਨੱਥੂ - ਤੇ ਤੂੰ ਆਪ ਈ ਦੱਸ ਦੇ।
ਈਸ਼ਰ - ਧਰਮ ਨਾਲ ਕਿੱਡੀ ਮੋਟੀ ਹੋ ਗਈ ਆ, ਮੈਂ ਤੇ ਪਛਾਤੀ ਨਹੀਂ । ਲੀੜਾ ਵੀ ਅਜੇ ਤਾਈਂ ਓਸੇ ਈ ਰੰਗ ਦਾ ਆ ਤੇਰੀ ਮੇਰੀ ਮਰਜੀ ਦਾ।
ਚੰਨਣ - ਉਏ ਦਸਦੇ ਨਹੀਂਗੇ ਫੇਰ, ਉਹ ਤੇ ਬਹਿ ਵੀ ਚੱਲੀ ਜੇ ।
[ਸਟੇਜ ਸੈਕਟਰੀ ਬੀਬੀ ਦੇ ਗਲ ਵਿਚ ਸੇਹਰਾ ਪਾ ਦਿੰਦਾ ਏ ਤੇ ਬੀਬੀ ਜੈਕਾਰਿਆਂ ਦੀ ਗੂੰਜ ਵਿਚ ਬੈਠ ਜਾਂਦੀ ਏ]
ਖੈਰੂ - (ਹੈਰਾਨ ਹੋ ਕੇ ਤੇ ਹੌਲੀ ਜੇਹੀ) ਉਏ ਇਹ ਸਗੋਂ ਕੋਈ ਤੁਹਾਡੀ ਤੇ ਨਹੀਂ ਲੱਗਦੀ ।
ਅਰਜਨ - ਉਏ ਬਾਂਦਰਾ, ਤੈਨੂੰ ਅਜੇ ਪਤਾ ਈ ਨਹੀਂ ਲੱਗਾ, ਉਏ ਏਹਦੇ ਲਈ ਤੇ ਸਾਰੀਆਂ ਤਿਆਰੀਆਂ ਹੁੰਦੀਆਂ ਫਿਰਦੀਆਂ ਕਈਆਂ ਦਿਨਾਂ ਤੋਂ ਇਹੋ ਈ ਬੰਤੋ ਆ ਕਿ।
ਸੰਤਾ - ਏਸੇ ਕਰ ਕੇ ਭਾਈਆ, ਅਸੀਂ ਆਂਹਦੇ ਆਂ, ਪਈ ਹੁਣ ਨਾ ਮਗਰ ਪਉ, ਏਨ ਸਾਨੂੰ ਏਥੇ ਈ ਬੰਨ੍ਹਾ ਦੇਣਾ ਜੇ।
ਚੰਨਣ - ਫੇਰ ਏਦਾਂ ਜੇ, ਇਹਦਾ ਪਿੱਛਾ ਕਰੋ, ਜਿੱਥੇ ਜਾ ਕੇ ਵੜੇ ਬੱਸ ਨੱਪਣ ਦੀ ਕਰੀਏ।
ਪਰਦਾ
ਝਾਕੀ ਦੂਜੀ
ਸੜਕ ਲਾਗੇ ਬੈਠਕ
[ਉਹੀ ਸ਼ਹਿਰ, ਮੋਟਰਾਂ ਦੇ ਅੱਡੇ ਲਾਗੇ ਇਕ ਬੈਠਕ ਵਿੱਚ ਮਾਹੀ ਆਪਣੇ ਸਾਥੀਆਂ ਸਮੇਤ ਬੰਤੋ ਨੂੰ ਵੇਚਣ ਦੀਆਂ ਗੋਂਦਾਂ ਗੁੰਦ ਰਿਹਾ ਏ ।]
ਮਾਹੀ - ਕੁਝ ਲੈ ਲੈਂਦੇ ਡੰਗਰ ਵੱਛਾ ਬਜਾਈ ਦਾ ਮੌਕਾ ਸੀ, ਕੁਝ ਬਣਾ ਲੈਂਦੇ ਲੀੜੇ ਲੱਤੇ। ਓਂ ਤੇ ਜੁੱਤੀਆਂ ਵੀ ਘਸ ਗਈਆਂ, ਤੇ ਬਾਕੀ ਦਿਆਂ ਨਾਲ ਓਨੇ ਜਣੇ ਕਰ ਕਰਾ ਕੇ ਮਾਮਲਾ ਤਾਰ ਦੇਂਦੇ, ਪਰ ਸਾਡੀ ਕਿਸਮਤ !
ਕੇਸਰ - ਪਈ ਬੜੀ ਛਿੱਟ ਵੇਖੀ ਆ ਮੈਂ ਤੇ ਆਹ ਰੰਨ।
ਮਾਹੀ - ਤੇ ਤੂੰ ਅੱਗੇ ਇਹੋ ਜੇਹੀਆਂ ਨੂੰ ਜਾਣਦਾ ਨਹੀਂ ? ਭਾਈ ਤੇ ਏਹਨਾਂ ਦੇ ਦਸ ਬਾਰਾਂ ਵੀਹਾਂ ਚਲਿੱਤਰ ਦੱਸਦਾ ਹੁੰਦਾ। ਰੱਖਣ ਨੂੰ ਤੇ ਸੁਰਜੂ, ਤੇਰੀ ਗੱਲ ਖੁਣੋਂ ਘਰ ਈ ਰੱਖ ਲਈਏ, ਪਰ ਨਵੇਂ ਸੂਰਜ ਸੂਟ ਬਣਾ ਬਣਾ ਕਿੱਥੋਂ ਦੇਈਏ ਏਹਨੂੰ ? ਤੂੰ ਤੇ ਆਪ ਸਿਆਣਾ, ਦੱਸ ਖਾਂ (ਕੇਸਰ ਵੱਲ ਮੂੰਹ ਕਰ ਕੇ) ਕਰਦਾਂ ਹੌਸਲਾ ?
ਸੁਰਜੂ - (ਕੇਸਰ ਨੂੰ) ਮਾਰ ਲਾ ਹੱਥ ਜੇ ਵੱਜਦਾ ਈ ਮਿੱਠਿਆਂ ਚੌਲਾਂ ਨੂੰ ਤੇ । ਖਾਣਾ ਤੇ ਸਾਰਿਆਂ ਨੇ ਆਪੋ ਆਪਣਾ ਨਸੀਬ ਆ। ਖਵਰਿਆ ਤੇਰੇ ਨਾਲ ਸੁਰ ਬਣੇ ਤੇ ਜਾਣ
ਲੱਗੀ ਦਸ ਪੈਸੇ ਵੀ ਵਟਾ ਜਾਏ।
ਕੇਸਰ - ਸੱਚੀ ਗੱਲ ਪੁੱਛੋ ਤੇ ਸਗੋਂ ਜਦੋਂ ਦਾ ਆਹ ਮੈਂ ਤੁਹਾਡੇ ਨਾਲ ਰਲ ਕੇ ਏਹਨਾਂ ਕਿੱਤਿਆਂ ਵਿੱਚ ਪੈ ਗਿਆਂ, ਸਗੋਂ ਅੱਧਾ ਹੋ ਗਿਆਂ । ਘਰ ਦੇ ਨੇ ਤੇ ਵੱਖ ਛੁਹਣ ਨਹੀਂ ਦੇਂਦੇ, ਕੁੱਤੇ ਵਾਂਗ ਦੁਰਕਾਰਦੇ ਨੇ। ਅੱਗੇ ਜੀਹਦੇ ਕੋਲੋਂ ਮਰਜੀ ਸੀ ਗਰਜ ਪੂਰੀ ਕਰ ਲਈਦੀ ਸੀ, ਪਰ ਹੁਣ ਤੇ ਕੋਈ ਲਾਗੇ ਨਹੀਂ ਢੁੱਕਣ ਦਿੰਦਾ ।
ਸੁਰਜੂ - ਤੇ ਤੁਹਾਥੋਂ ਕੀ ਲੁਕਾ ਆ, ਭਰਾ ਨੇ ਤੇ ਉਹ ਵੱਖ ਮੈਥੋਂ ਨੱਕ ਜਿੰਦ ਆਏ ਹੋਏ ਆ। ਭਰਜਾਈਆਂ ਆਂਹਦੀਆਂ ਤੈਨੂੰ ਕਾਹਦਾ ਹਿੱਸਾ ਦੇਈਏ ਕਰ ਤੇ ਖਾਹ।
ਮਾਹੀ - ਠੀਕ ਪਈ ਬਾਪੂ ਦੀ ਗਲ ਖੁਣੋਂ ਸੱਚ ਵਿਚ ਈ ਬਰਕਤਾਂ ਨੇ, ਮੇਰਾ ਤੇ ਸਗੋਂ ਘਰ ਦਾ ਦੂਜੇ ਬੰਨੇ ਬੂਹਾ ਲਗ ਗਿਆ, ਪਰ ਜਿੰਨਾਂ ਚਿਰ ਮੇਰੀ ਜਿੰਦਗਾਨੀ ਆ ਬੰਤੀ ਨੂੰ ਚੰਨਣ ਦੇ ਨਾ ਜਾਣ ਦੇਊਂ । (ਦਰਵਾਜ਼ੇ ਦਾ ਖੜਕਾ ਸੁਣ ਕੇ) ਲਉ ਪਈ ਆ ਗਈ ਜੇ।
[ਬੰਤੋ ਆ ਜਾਂਦੀ ਏ]
ਸੁਰਜੂ - (ਹੱਸ ਕੇ) ਆਖਦੀ ਹੋਣੀ ਆਂ ਪਰ੍ਹਾਂ ਨਹਾ ਵੀ ਜਾਵਾਂ ਮੁੜ ਕੇ ਫੇਰ ਕਿਤੇ ਨਸੀਬਾਂ ਨਾਲ।
ਮਾਹੀ - ਵੇਖ ਲਾ ਸੁਰਜੂ, ਕੁਣਕਾ ਖਾ ਕੇ ਕਿੱਡੀ ਮੋਟੀ ਹੋ ਆਈ ਆ ਤੇਰੀ ਭਾਬੀ। (ਦੁਪੱਟੇ ਤੇ ਖੂਨ ਦੇ ਨਿਸ਼ਾਨ ਵੇਖ ਕੇ) ਤੇ ਆਹ ਕਿੱਥੋਂ ? ਪੁਆ ਆਈ ਜੂ ਕੇਸਰਾ, ਕੇਸਰ ਕਿਸੇ ਤੇਰੇ ਵਰਗੇ ਕੋਲੋਂ ।
ਕੇਸਰ - (ਲਮਕਾ ਕੇ) ਭਾਊ, ਸਾਥੋਂ ਗ੍ਰੀਬਾਂ ਤੋਂ ਕਉਣ ਪਵਾਉਂਦਾ ਕੇਸਰਾਂ ਵਰਗੀਆਂ ਚੀਜਾਂ ?
ਬੰਤੋ - (ਕੰਨ ਤੋਂ ਪੱਲਾ ਲਾਹ ਕੇ) ਲਉ ਪਵਾ ਲਉ, ਜਿੰਨਾ ਜੀ ਕਰਦਾ ਜੇ।
ਸੁਰਜੂ - (ਲੰਮਾ ਸਾਹ ਭਰ ਕੇ) ਹੱਅ-ਹਾ, ਹੈਂ ! ਤਾਂ ਤੇ ਲੈ ਈ ਗਏ।
ਕੇਸਰ - ਵੇਖ ਉਏ ਮਾਹੀ (ਹੋਰ ਹੈਰਾਨ ਹੋ ਕੇ) ਹੋੜੀਓ।
ਮਾਹੀ - ਮੈਂ ਤੇ ਏਹਨੂੰ ਜਾਣ ਲੱਗਿਆਂ ਈ ਵਰਜਿਆ ਸੀ ਪੁੱਛ ਖਾਂ, ਪਈ ਤੂੰ ਕੱਲੀ ਨਾ ਜਾਵੀਂ ।
ਬੰਤੋ - (ਕਾਂਟਾ ਵਖਾਉਂਦੀ ਹੋਈ) ਕਾਂਟਾ ਮੈਂ ਜਾਣ ਦੇਂਦੀ ਸਾਂ ਮੇਰੇ ਮੱਦੂਛਾਂਗੀਆਂ ਦਾ ? ਓੜਕ ਨੂੰ ਮੈਂ ਵੀ ਤੇ ਜੱਟੀ ਸਾਂ ।
ਕੇਸਰ - ਠੀਕ ਪਈ ਰੰਨ ਜੱਟੀ ਤੇ ਹੋਰ ਸਭ ਚੱਟੀ।
ਸੁਰਜੂ - ਤੇ ਮੱਦੂਛਾਂਗੇ ਵਾਲੀਏ ਤੂੰ ਉਹਨੂੰ ਜਾਣ ਕਿਉਂ ਦਿੱਤਾ ਫੇਰ ?
ਬੰਤੋ - ਤੂੰ ਜਾਣ ਆਂਹਦਾਂ, ਮੈਂ ਤੇ ਉਹਦੀ ਮਰੋੜੀ ਤੋਂ ਫੜ ਲਿਆ ਸੀ ਲਗਦੇ ਪੈਰ ਈ । ਤੂੰ ਜਾਵੇਂ ਕਿੱਥੇ ਮਾਂ ਦਿਆ ਦੁੱਧ-ਪੀਣਿਆਂ ।
ਮਾਹੀ - ਅੱਛਾ ਤੇ ਫੇਰ !
ਬੰਤੋ - ਤੇ ਫੇਰ ਕੀ, ਹੋ ਗਈ ਖਿਲਕਤ ਕੱਠੀ ਕਿ। ਆ ਗਈਆਂ ਕਾਲੀਆਂ ਦੀਆਂ ਡਾਰਾਂ ਦੀਆਂ ਡਾਰਾਂ, ਫੇਰ ਛੁਟੇ ਨਹੀਂ ਨਾ ਜਕਾਰੇ ਅਣਿਆ ਸਿੱਧੇ ਜਹੇ ! (ਬੁਲ੍ਹ ਤੇ ਉਂਗਲ ਰੱਖਦੀ ਹੋਈ) ਫੜ ਲਿਆ ਓਹਨਾਂ ਨੂੰ ਤੇ ਨਾਲੇ ਮੈਨੂੰ ਵੀ, ਤੇ ਲੈ ਗਏ ਆਪਣੀ ਬੈਡਕ 'ਚ। ਓਥੇ ਜਾਂਦਿਆਂ ਈ ਚਾਰੇ ਬੰਨਿਉਂ ਪਾਹਰਿਆ ਪਾਹਰਿਆ ਹੋਣ ਲੱਗ ਪਈ। ਫੇਰ
ਜਥੇਦਾਰ ਨੇ ਉਹਨਾਂ ਨੂੰ ਥੋੜਾ ਜਿਹਾ ਝਾੜਿਆ, ਤੇ ਗੁੱਝੀ ਮਾਰ ਮਾਰੀ। (ਕੰਨਾਂ ਨੂੰ ਹੱਥ ਲਾ ਕੇ) ਤੋਬਾ ਮੇਰੀ ਤੋਬਾ, ਪਰ ਮੁੰਡੇ ਵੀ ਵਿੱਚੇ ਵਿੱਚ ਈ ਪੀ ਗਏ। ਸਗੋਂ ਬਾਹਰ ਦੇ ਆਦਮੀ ਥਰ ਥਰ ਕੰਬਣ ।
ਸੁਰਜੂ - ਹੋਣੇ ਨੇ ਕੋਈ ਹਰੀ ਪੁਰੀਆਂ ਵਰਗੇ ।
ਬੰਤੋ - ਖਵਰਿਆ ਕਉਣ ਸੀ ਦਾਦੇ ਮਘਾਉਣੇ । ਕੰਨਾਂ ਤਾਈਂ ਖੂੰਡ ਤੇ ਟਕੂਏ ਫੜੇ ਹੋਏ ਤੇ ਲਾਇਆ ਹੋਇਆ ਮੁੱਛਾਂ ਨੂੰ ਤਾ । ਲੋਕਾਂ ਨੇ ਬਥੇਰਾ ਆਖਿਆ ਵੇਖਿਆ ਤੇ ਫੇਰ ਕਿਤੇ ਮੁੱਦਤਾਂ ਪਿੱਛੋਂ ਭਾਈਆ ਮੁੰਡੇ ਮੰਨਣ ਵਿੱਚ ਆਏ। ਮੈਂ ਤੇ ਅੱਜ (ਕੰਨਾਂ ਨੂੰ ਹੱਥ ਲਾਉਂਦੀ ਹੋਈ) ਕੰਨਾਂ ਨੂੰ ਹੱਥ ਲਾਏ ਆ।
ਕੇਸਰ - ਹੋਇਆ ਸੱਟ ਪੇਟ ਲੱਗ ਈ ਜਾਂਦੀ ਆ,ਆਖਰ ਕੀ ਆ ਗਈ। ਕੀ ਨਗੂਣੀ ਗੱਲੋਂ ਕੰਨਾਂ ਨੂੰ ਹੱਥ ਲਾਉਣੇ ਹੋਏ। ਨਾਲੇ ਕਿਉਂ ਪਈ ਕੇਸਰਾ, ਉਹ ਤੇ ਆਪ ਵੜਾ ਹਕੀਮ ਆ, ਏਹੋ ਜਹੇ ਯਕਮ ਤੇ ਉਹ ਫੂਕ ਮਾਰ ਕੇ ਹਟਾ ਦੇਂਦਾ। ਕਈਆਂ ਸ਼ਹਿਰਾਂ ਵਿਚ ਤੇ ਪਹਿਲਾਂ ਉਹਦੀਆਂ ਡਾਕਡਾਰੀ ਦੀਆਂ ਹੱਟੀਆਂ ਈ ਚਲਦੀਆਂ ਨੇ ।
ਕੇਸਰ - (ਬੰਤੋ ਵਲ ਮੂੰਹ ਕਰ ਕੇ) ਉਹਦੀਆਂ ਕਉਣ ਰੀਸਾਂ ਕਰ ਸਕਦਾ ।
ਮਾਹੀ - ਤੇ ਨਾਲੇ ਉਹਨੂੰ ਗਹਿਣੇ ਗੱਟੇ ਦੀ ਪ੍ਰਵਾਹ ਕੀ ? ਸੁਨਿਆਰੇ ਜੂ ਹੋਏ, ਨਾਲੇ ਬੰਤੋ ਸ਼ਹਿਰੀ ਏ । ਕਿਉਂ ਪਈ ਵੇਖੇ ਸੀ ਨਾ ਘਰੋਂ ਕਿੱਡੇ ਰਾਜੂ ਨੇ । ਓਦਨ ਅਸੀਂ ਬੰਤ ਕੋਰੇ ਚਲੇ ਤੇ ਗਏ, ਓਹਨਾਂ ਨੇ ਜੇਹੜਾ ਸਾਨੂੰ ਸਿਰਾਂ
ਤੇ ਚੁੱਕਿਆ, ਪੈਰਾਂਥੱਲੇ ਹੱਥ ਦੇਣ। ਕੋਈ ਬੱਤੇ ਲਿਆਵੇ, ਤੇ ਕਈ ਉਹਨਾਂ ਨੂੰ ਖੋਹਲਣ ਵਾਲੇ, ਕਈ ਚਾਹਵਾਂ ਤੇ ਫਲੂਟ ਈ ਲਿਆਉਣ ਵਾਲੇ । ਕਈ ਵਰਫਾਂ ਤੇ ਕਈ ਕਾਮੇ ਨਿਰੇ ਬਲੌਰੀ ਗਲਾਸ ਈ ਚੁੱਕੀ ਫਿਰਨ, ਸਾਡੇ ਅੰਨ ਪਾਣੀ ਖਾਣ ਲਈ।
ਸੁਰਜੂ - ਤੂੰ ਬੰਤੀਏ ਜਾਣਾ ਈ ਏ ਨਾ, ਐਡੇ ਖਲਜਗਨ ਵਿੱਚ ਤੇ ਨਾਲੇ.........।
ਬੰਤੋ - (ਲੰਮਾ ਸਾਹ ਭਰ ਕੇ) ਮੈਂ ਤੁਹਾਨੂੰ ਅੱਜ ਤਾਈਂ ਕਿੰਨੀ ਵਾਰੀ ਆਖਿਆ ਪਈ ਮੈਂ ਕਿਸੇ ਤਿੱਜੇ ਥਾਂ ਨਹੀਂ ਜੇ ਬਹਿਣਾ, ਨਹੀਂ ਬਹਿਣਾ, ਤੇ ਨਹੀਂ ਜੇ ਬਹਿਣਾ । ਹੋਰ ਕਿੱਦਾਂ ਦੱਸਾਂ, ਗੂਠੇ ਲਾ ਦੇਵਾਂ ?
ਮਾਹੀ - ਅਸੀਂ ਤੇ ਉਹ ਕਿਤੇ .......।
ਬੰਤੋ - (ਗੁੱਸੇ ਨਾਲ) ਮੈਨੂੰ ਦੋਹਾਂ ਤਿੰਨਾਂ ਨਾਲ ਕੋਈ ਵਾਸਤਾ ਨਹੀਂ । (ਕੰਨ ਨੂੰ ਦਬਾਉਂਦੀ ਹੋਈ) ਬਿਲਕੁਲ ਕਰਕੇ ਤੁਸੀਂ ਮੈਨੂੰ ਦੱਘਲ ਨਾ ਕਰੋ । (ਮਾਹੀ ਨੂੰ) ਕਿਉਂ ਵੇ ਕਰ ਖਾਂ ਏਧਰ ਮੂੰਹ । ਮੈਨੂੰ ਏਸੇ ਲਈ ਪੁੱਟ ਕੇ ਸੁੱਟਿਆ ਈ ? ਕਿਸੇ ਜਬਾਨ ਨਾਲ ਕੂਇਆ ਕਰ, ਊਂਧੀ ਕਿਉਂ ਪਾ ਲਈ ਜੂ ? (ਛਿੱਬੀਆਂ ਦੇਂਦੀ ਹੋਈ) ਵੇ ਮੈਂ ਤੈਨੂੰ ਆਂਹਦੀ ਆਂ ਤੈਨੂੰ ! ਵੇ ਕਿੱਥੇ ਗਈਆਂ ਤੇਰੀਆਂ ਮੋਮੋ ਠਗਣੀਆਂ ਗੱਲਾਂ ? ਸਮਝਾ ਵੇ ਸੁਰਜੂ, ਏਹਨੂੰ ਆਪਣੇ ਕੁਲਗਦੇ ਨੂੰ ਤੇ ਸਾਰੇ ਰਲ ਮਿਲ ਕੇ ਮੇਰੀ ਮਿੱਟੀ ਨ ਬਾਲੋ ।
ਕੈਂਸਰ - (ਬੰਤੋ ਦੇ ਮੋਢੇ ਤੋਂ ਫੜ ਕੇ) ਵੇਖ ਭਾਬੀ, ਹੌਲੀ ਗੱਲ ਕਰੀਦੀ ਹੁੰਦੀ ਆ, ਅਗਲਾ ਵੀ ਸੁਣ ਕੇ ਆਖਦਾ ਆ ਖਣੀ......।
ਬੰਤੋ - ਖਣੀ ਯਰਾਨੇ ਦੀ ਆ, ਆਖਦੇ, ਵੇ ਤੁਹਾਨੂੰ ਕੋਈ ਲੱਗਦੀ ਵੀ ਆ, ਵੱਡੇ ਨੱਕ ਵਾਲਿਓ, ਕਿ ਮੂਲੋਂ ਮੁੱਢੋਂ ਹਰ ਥਾਂ ਚੋਰਾਂ ਵਾਲੇ ਈ ਕੰਮ ਕਰਦੇ ਹੁੰਦੇ ਓ। ਵੇ ਮੈਂ ਕਿਤੇ ਪਿੱਛੋਂ ਏਹੋ ਜੇਹੀ ਤੇ ਨਹੀਂ ਸਾਂ । ਰੱਬ ਤੇ ਤਕੜਿਆਂ ਤਕੜਿਆਂ ਨੂੰ ਪੁੱਟ ਕੇ ਸੁੱਟ ਦਿੰਦਾ। ਮੇਰਾ ਪਿਉ ਤੇ ਸਾਰੇ ਬਾਹਰੇ ਵਿੱਚ ਮਸਾਹੂਰ ਸੀ।
ਮਾਹੀ - ਵੇਖੇ ਨਾ ਕਿੱਦਾਂ ਚਬੜ੍ਹ ਚਬੜ੍ਹ ਕਰੀ ਤੁਰੀ ਜਾਂਦੀ ਆ ਲਤਰੋ ।
ਬੰਤੋ - (ਖੱਬੇ ਹੱਥ ਨਾਲ ਕੰਨ ਨੂੰ ਦਬਾਉਂਦੀ ਹੋਈ ਤੇ ਦੂਜੇ ਨਾਲ ਮਾਹੀ ਨੂੰ ਛਿੱਬੀਆਂ ਦੇਂਦੀ ਹੋਈ) ਵੇ ਮਾਮਿਆਂ ਲਤਰੋ ਦਿਆ, ਐਧਰ ਕਰ ਖਾਂ ਮੂੰਹ । ਤੂੰ ਵੀ ਤੇ ਮੇਰੇ ਨਾਲ ਕੀਤੀ ਆ, ਪਰ ਮੈਂ ਵੀ ਜੇ ਤੁਹਾਨੂੰ ਸਾਰਿਆਂ ਨੂੰ ਨਾਨੀ ਨਾ ਯਾਦ ਕਰਵਾਈ ਤੇ ਮੈਨੂੰ ਵੀ ਪਿਉ ਦੀ ਧੀ ਕਿਨ ਆਖਣਾ ?
ਕੇਸਰ - ਏਵੇਂ ਬੰਤੀਏ ਵੱਢੂੰ ਟੁੱਕੂੰ ਨਹੀਂ ਕਰਦਿਆਂ ਰਹੀਦਾ ਹੁੰਦਾ, ਹੋਇਆ ਬੰਦੇ ਨੂੰ ਤਮ੍ਹਾ ਆਈ ਜਾਂਦੀ ਆ, ਪਰ ਤੇਰੇ ਵਰਗਾ ਗੁੱਸਾ ?
ਬੰਤੋ - ਵੇ ਗੁੱਸੇ ਦਿਆ, ਹੁਣੇ ਮੇਰੇ ਮੂੰਹੋਂ ਨਿਕਲੀ ਸੀ, ਤੂੰ ਈ ਦੱਸ (ਮਾਹੀ ਵੱਲ ਹੱਥ ਕਰ ਕੇ) ਨੀਂਗਰ ਨੂੰ ਕਿਨ ਗੁੜ ਦਿੱਤਾ ਸੀ ਪਈ ਮੈਨੂੰ ਵੱਸਦੀ ਰੱਸਦੀ ਨੂੰ ਮੂਧੇ ਮੂੰਹ ਸੁੱਟੇ, ਉਦੋਂ ਤੇ ਆਂਹਦਾ ਸੀ ਤੇਰੇ ਵਾਸਤੇ ਬੰਤੀਏ, ਮੈਂ ਭੋਂ ਭਾਂਡਾ ਫੂਕ ਬੈਠਾ, ਭੈਣ ਭਰਾ ਛੱਡ ਦਿੱਤੇ, ਲੋਕਾਂ ਦੇ ਮੂੰਹ ਮੱਥੇ ਲੱਗਣੋਂ ਗਿਆ ਤੇ ਤੂੰ ਹੁਣ ਕਿੱਥੇ ਬੈਠੀ ਹੋਈ ਏਂ, ਸਾਡੀ ਹਿੱਕ ਤੇ ਚੜ੍ਹ ਕੇ । ਮੈਂ ਆਖਿਆ ਚੱਲ ਮਨਾਂ, ਕਿਸੇ ਦਾ
ਦਿਲ ਨਾ ਦੁਖੇ । (ਮਾਹੀ ਨੂੰ) ਵੇ ਮੈਂ ਤੇਰੇ ਲਈ ਬੁਰਸ਼ਿਆ, ਭਲਾ ਮਾਣਸ ਛੱਡਿਆ। ਮੇਰੇ ਹਬੱਕੇ ਦੇ ਮਾਰੇ ਨੇ ਓਨ ਮਰਨਾ ਕਬੂਲ ਕੀਤਾ ਤੇ ਹਵਾਲਾਟਾਂ ਕੱਟੀਆਂ। ਜੇ ਮੈਨੂੰ ਪਤਾ ਹੁੰਦਾ ਪਈ ਤੂੰ ਪਹਿਲਾਂ ਚਾੜ੍ਹ ਕੇ ਸਮਾਨੇ ਤੇ ਫੇਰ ਪਿੱਛੋਂ ਕੱਟ ਦੇਣੀ ਆਂ ਤੇ ਮੈਂ ਮਾਰ ਕੇ ਬੁੱਕਲ ਤੁਰ ਪੈਂਦੀ ਤੇ ਤੇਰਾ ਨੱਕ ਕੰਨ ਘਰੜ ਕੇ ਵੱਢ ਦੇਂਦੀ ਉਦੋਂ ਈ। ਪਰ ਔਂਤਰਿਆ ਇਹ ਮੇਰਾ ਈ ਜੇਰਾ ਸੀ ।
ਸੁਰਜੂ - ਜੇਰਾ ਬੰਤਾਂ ਅੱਗੇ ਕੀਤਾ ਈ ਤੇ ਭਲਾ ਹੁਣ ਨਹੀਂ ਕਰਨਾ, ਦੁਖ ਸੁਖ ਨਾਲ ਈ ਏ ਨਾ ਬੰਦੇ ਦੇ ।
ਬੰਤੋ - (ਮਰੋੜਾ ਮਾਰ ਕੇ) ਚੱਲ ਤੂੰ ਵੱਡੇ ਦੁਖ ਸੁਖ ਵਾਲਾ, ਹੌਂਸਲਾ ਕਰੋ ਤੁਸੀਂ, ਜਿਹਨਾਂ ਨੂੰ ਕੋਈ ਢੋਈ ਨਹੀਂ ਕਿ (ਮਾਹੀ ਹੈਰਾਨਗੀ ਵਿਚ ਚੁੱਪ ਰਹਿੰਦਾ ਏ)
ਕੇਸਰ - ਕੋਈ ਨਹੀਂ ਤੈਨੂੰ ਧੱਕਾ ਦੇਂਦਾ (ਸਾਥੀਆਂ ਨੂੰ) ਚਲੋ ਉਏ ਕਲ੍ਹਾ ਨਾ ਵਧਾਉ, ਤੰਦੂਰ ਤੋਂ ਰੋਟੀਆਂ ਖਾ ਆਈਏ । (ਮਾਹੀ ਨੂੰ) ਤੂੰ ਏਥੇ ਰਹੁ, ਤੇਰੇ ਤੇ ਬੰਤਾਂ ਲਈ ਅਸੀਂ ਰੋਟੀ ਲੈ ਕੇ ਝਬਦੇ ਮੁੜੇ ਈ । (ਚਲੇ ਜਾਂਦੇ ਨੇ)
ਬੰਤੋ - ਮੈਨੂੰ ਤੇ ਸਾਰੇ ਠੱਗ ਈ ਟੱਕਰੇ, ਕੋਈ ਪਿਆਰ ਮੁਹੱਬਤ ਵਾਲਾ ਨਾ ਜੁੜਿਆ। ਮੇਰੇ ਈ ਨਸੀਬ ਮਾੜੇ ਆ ਕਿ। ਘਰ ਭਾਵੇਂ ਇੱਕ ਦੇ ਸਾਂ ਸਾਰਾ ਪਿੰਡ ਮੇਰੀਆਂ ਬੁੱਤੀਆਂ ਕਰਦਾ ਸੀ । ਨਖੱਤਿਆਂ ਨੇ ਪਹਿਲਾਂ ਮੇਰੇ ਕੰਨ ਚੋਂ ਵੀ ਨਹੀਂ ਕੱਢ ਛੱਡਿਆ। ਮੈਨੂੰ ਮੱਦੂਛਾਂਗੀਏ ਮਾੜੇ ਸੀ ? ਮੈਨੂੰ ਤੇ ਉਹ ਵੇਲਾ ਯਾਦ ਆਵੇ ਤੇ ਭੁੱਬਾਂ ਨਿਕਲਦੀਆਂ, ਜਦੋਂ ਚੰਨਣ ਆਖੇ ਬੰਤੀਏ, ਮੇਰੇ ਲਈ ਤੇ ਤੂੰ ਕੋਈ ਦੇਵੀ
ਮਾਤਾ ਈ ਆ ਗਈਉਂ । ਜਿੱਦਣ ਦੀ ਆਈ ਏਂ ਘਰ ਵਿਚ ਕੋਈ ਪ੍ਰਵਾਹ ਨਹੀਂ ਰਹੀ। ਦੇਰ ਦੇ ਭਰਵਾਸੇ ਤੇ ਖਸਮ ਗਵਾਇਆ ਹਾਸੇ। ਪਰ ਕਾਹਦਾ ਗਵਾਇਆ, ਅਜੇ ਡੁੱਲ੍ਹਿਆਂ ਬੇਰਾਂ ਦਾ ਕੀ ਵਿਗੜਿਆ ? ਮੈਂ ਤੇ ਆਂਹਦੀ ਆਂ ਜੇ ਉਹ ਹੁਣ ਵੀ ਕਿਤੇ........!
[ਚੰਨਣ ਦੀ ਟੋਲੀ ਦਰਵਾਜ਼ੇ ਨਾਲ ਕੰਨ ਲਾ ਕੇ ਸੁਣ ਰਹੀ ਏ]
ਮਾਹੀ - (ਅੱਖਾਂ ਲਾਲ ਕਰ ਕੇ) ਏ, ਹੁਣ ਕੀ ਆਖਿਆ ਈ ਆਹ ! ਪਈ ਚੰਨਣ ਆਵੇ ਤੇ ਮੈਂ ਉਹਦੇ ਨਾਲ ਚਲੀ ਜਾਵਾਂ ? ਜੇ ਤੂੰ ਫੇਰ ਚਲੀ ਜਾਏਂ ਤਾਂ ਅਸੀਂ ਤੇ ਨਾ ਬੰਦਿਆਂ ਚੋਂ ਬੰਦੇ ਹੋਏ। ਤਾਂ ਤੇ ਫੇਰ ਹੋਈ ਗੱਲ । ਬੰਤੀ ਨੂੰ ਖੜਨ ਵਾਲੇ ਬੰਤੀਏ ਮਰ ਗਏ। ਨਾਲੇ ਤੂੰ ਵੀ ਜਿਹੜਾ ਜ਼ੋਰ ਲਾਉਣਾ ਆ ਲਾ ਵੇਖ । ਜੇ ਤੂੰ ਮੇਰੇ ਕੋਲ ਨਾ ਰਹੀਉਂ ਤੇ ਇਹ ਵੇਖ ਲਾ ਤੂੰ ਫਿਰ ਕਿਸੇ ਜੋਗੀ ਵੀ ਨਾ ਰਹੇਂਗੀ। (ਬੰਤੀ ਵਲ ਘਸੁੰਨ ਉੱਘਰਦਾ ਹੋਇਆ) ਮੈਂ ਤੇ ਤੇਰੀਆਂ ਹੁਣੇ ਈ ਵੱਖੀਆਂ ਅੰਦਰ ਪਾ ਦੇਣੀਆਂ (ਮਾਰਨ ਲੱਗ ਪੈਂਦਾ ਏ) ਤੂੰ ਅਜੇ ਸਾਡੇ ਖਣਵਾਦੇ ਨੂੰ ਨਹੀਂ ਜਾਣਦੀ ।
ਬੰਤੋਂ - (ਰੋਣ ਦੀ ਕਰਦੀ ਏ ਤੇ ਮਾਹੀ ਉਸ ਦੇ ਮੂੰਹ ਅੱਗੇ ਹੱਥ ਦਿੰਦਾ ਏ) ਹਾਏ ਵੇ, ਤੈਨੂੰ ਵੇ ਗੜੀ ਨਿਕਲੇ ਮੈਨੂੰ ਮਾਰਨ ਵਾਲਿਆ (ਫਿਰ ਮਾਰਦਾ ਏ) ਹਾਏ, ਬਹੁੜੀਂ ਵੇ ਮੇਰਿਆ ਚਾਨਣਾ, ਛੁਡਾਈਂ ਏਸ ਦੁਸ਼ਟ ਕੋਲੋਂ ਮੈਂ ਤੇਰੀ ਵੇ... ਏ ... ਏ... ਊਂ...ਊਂ... ਹਾਏ... ਹਾਏ... (ਰੋਂਦੀ ਏ)
[ਚੰਨਣ ਦੀ ਟੋਲੀ ਛੇਤੀ ਨਾਲ ਦਰਵਾਜੇ ਨੂੰ ਧੱਕ ਕੇ ਅੰਦਰ ਵੜ ਜਾਂਦੀ ਏ]
ਚੰਨਣ - (ਡਾਂਗ ਉੱਘਰਦਾ ਹੋਇਆ) ਹੁਣ ਤੂੰ ਜਾਈਂ ਨਾ।
ਅਰਜਣ - (ਮਾਹੀ ਦੇ ਲੱਕ 'ਚ ਡਾਂਗ ਮਾਰਦਾ ਹੋਇਆ) ਕਿਉਂ ਉਏ ਜਬਰੂ, ਹੁਣ ਕਿੱਥੇ? ਉਹ ਬਸ਼ਰਮਾ ਤੂੰ ਕੀ ਸਮਝਿਆ, ਏਹਦਾ ਕੋਈ ਨਹੀਂ ਪਿੱਛਾ ਕਰਨ ਵਾਲਾ, ਤੇਰਾ ਚੰਗਾ ਦਾ ਲੱਗਾ ਨਾ ਏਥੇ । ਓਦਨ ਈ ਤੇਰੀ ਕਿਸਮਤ ਚੰਗੀ ਸੀ ਤੂੰ ਬੱਚੂ ਬਚ ਕੇ ਚਲਿਆ ਗਿਉਂ । ਹੁਣ ਸੱਦ ਖਾਂ ਜਿਹੜਾ ਤੇਰਾ ਵੱਡਾ ਹਮਦਰਦੀ ਆ। ਉਏ ਭਰਾ ਬਣ ਕੇ ਤੂੰ ਏਦਾਂ ਕਰਨਾ ਸੀ ?
ਮਾਹੀ - ਉਏ ਤੁਸੀਂ ਮੈਨੂੰ ਇੱਕ ਨਾ ਸਮਝਿਓ, ਮੇਰੇ ਨਾਲ ਐਸ ਵੇਲੇ ਰੱਬ ਜੇ ।
ਚੰਨਣ - (ਹੁੱਜ ਮਾਰਦਾ ਹੋਇਆ) ਖਲੋ ਜਾਹ ਤੇਰੇ ਐਹੋ ਜੇਹੇ ਰੱਬ ਬਣਾਉਣ ਵਾਲੇ ਦੀ।
ਈਸਰ - ਤੇ ਅਸੀਂ ਤੇਰੇ ਭਾਣੇ ਓਦਨ ਦੇ ਰੱਬ ਤੋਂ ਬਿਨਾ ਈ ਪਏ ਫਿਰਦੇ ਆਂ।
ਮਹਿੰਗਾ - ਇਹ ਕੀ ਆਂਹਦਾ (ਬੁਲਬਲੀ ਮਾਰ ਕੇ, ਸਾਥੀਆਂ ਨੂੰ ਪਰੇ ਕਰਦਾ ਹੋਇਆ) ਉਏ ਚੱਲ ਲਾ ਹੁਣ ਜਿੱਧਰ ਚਲਣਾ ਈ।
ਮਾਹੀ - ਜੇ ਤੂੰ ਆ ਗਿਆਂ ਤੇ ਜਾਂਦਾ ਮੈਂ ਵੀ ਨਹੀਂ।
[ਗੁੱਸੇ ਨਾਲ ਅੱਗੇ ਵਧ ਕੇ ਚੰਨਣ ਦੇ ਡਾਂਗ ਮਾਰਨ ਲਗਦਾ ਏ ਤੇ ਸਾਰੇ ਜਣੇ ਭੁੰਜੇ ਸੁੱਟ ਕੇ ਤੌਣੀ ਲਾਉਂਦੇ ਨੇ]
ਮਾਹੀ - ਬਹੁੜੀ ਉਏ, ਮਾਰ ਘੱਤਿਆ ਉਏ। ਉਏ ਲੋਕੋ ਮੈਨੂੰ ਕੱਲੇ ਨੂੰ ਵੇਖ ਕੇ ਮੇਰੀ ਰੰਨ ਖੋਹਣ ਆ ਪਏ ਜੇ । ਬਹੁੜਿਉ ਉਏ ਜੇ ਕੋਈ ਨੇੜੇ ਤੇੜੇ ਹੋ ਤੇ । (ਇਕ ਜਣਾ ਉਹਦੇ ਮੂੰਹ 'ਚ ਚਾਦਰ ਤੁੰਨਦਾ ਏ)
ਬੰਤੋ - (ਜ਼ੋਰ ਨਾਲ ਹਟਾਉਂਦੀ ਹੋਈ) ਵੇ ਹੁਣ ਜਾਣ ਵੀ ਦਿਉ, ਖੂਨ ਈ ਕਰ ਘੱਤਣਾਂ ਜੇ, ਫੇਰ ਸਾਰੇ ਵੇਲਣੇ 'ਚ ਪੀੜੇ ਜਾਉਗੇ ।
[ਸੁਰਜੂ ਤੇ ਕੇਸਰ ਵੀ ਅੰਦਰ ਆ ਜਾਂਦੇ ਨੇ]
ਸੁਰਜੂ - (ਖੂੰਡਾ ਸਿਰ ਤੋਂ ਦੀ ਲਿਆਉਂਦਾ ਹੋਇਆ) ਓ ਫੜੀ ਉਏ ਕੇਸਰਾ (ਮਾਰਦਾ ਹੋਇਆ) ਕੋਈ ਫਿਕਰ ਨਹੀਂ, ਐਲੀ, ਐਲੀ, ਅੱਜ ਅਸਾਂ ਮਰ ਜਾਣਾਂ ਆ
[ਕੇਸਰ ਵੀ ਡਾਂਗਾਂ ਮਾਰਨ ਲਗ ਜਾਂਦਾ ਏ ਤੇ ਉਹ ਬੰਤੋ ਦੇ ਸਿਰ 'ਚ ਵੀ ਲਗ ਜਾਂਦੀ ਏ ਤੇ ਉਹ ਪਰ੍ਹਾਂ ਹੋ ਕੇ ਡਿੱਗ ਪੈਂਦੀ ਏ]
ਨਾਜਰ - ਚੱਲ ਉਏ ਚੰਨਣਾਂ (ਬੰਤੋ ਵੱਲ ਹੱਥ ਕਰਕੇ) ਏਹ ਨੂੰ ਤੇ ਸੁੱਟ ਖਾਂ ਘੋੜੀ ਤੇ, ਤੇ ਅਸੀਂ ਪਿੱਛੋਂ ਨਜਿੱਠ ਲੈਂਦੇ ਆਂ ਤੂੰ ਤੇ ਪਉ ਖਾਂ ਰਾਹੇ।
ਪਰਦਾ ਡਿਗਦਾ ਏ