ਨਾਟ ਪਹਿਲਾ
ਝਾਕੀ ਪਹਿਲੀ
ਪਿੰਡ ਮੱਦੂਛਾਂਗਾ
ਵੇਲਾ ਲਉਢਾ ਪਹਿਰ
[ਪਿੰਡ ਦੇ ਬਾਹਰ ਸੇਂਜੀ ਦੀ ਪੈਲੀ ਵਿੱਚ ਅਰਜਨ ਪੱਠੇ ਵੱਢ ਰਿਹਾ ਏ, ਚੰਨਣ ਨਾਲੋ ਨਾਲ ਕੱਠੇ ਕਰੀ ਜਾਂਦਾ ਏ ।]
ਅਰਜਨ - ਰੱਬ ਦੀ ਮੇਹਰ ਹੋਵੇ ਤੇ ਰੂਪ ! ਰੂਪ ਵੀ ਕਿਹੜਾ ਚੰਨਣਾ ਹਾਰੀ ਸਾਰੀ ਤੇ ਆਉਂਦਾ, ਰੂਪ ਵੀ ਨਸੀਬਾਂ ਨਾਲ ਤੇ ਵਧ ਕੇ ਨਸੀਬ ਉਹਦੇ ਜੀਹਦੇ ਘਰ ਰੂਪ ਵਾਲੀ ਹੋਵੇ ।
ਚੰਨਣ - ਤੂੰ ਤੇ ਅਰਜਣਾਂ, ਅਜੇ ਚੰਗੀ ਤਰ੍ਹਾਂ ਵੇਖੀ ਨਹੀਂ ਹੋਣੀ, ਉਹਦੇ ਤੇ ਸ਼ਕਲ ਸੀ, ਕਾਹਦੀਆਂ ਗੱਲਾਂ !
ਅਰਜਨ - ਪਈ ਗੱਲ ਵੀ ਕੋਈ ਨਿੱਕੀ ਜੇਹੀ ਨਹੀਂ ਹੋਈ, ਚੋਰਾਂ ਨੂੰ ਪੈਣ ਮੋਰ, ਤੇ ਮੋਰਾਂ ਨੂੰ ਪੈਣ ਕਜਾਈਂ । ਮੈਂ ਤੇ ਆਹ ਭਾਈ ਵਾਲਾ ਦੋਹੜਾ ਅੱਖੀਂ ਵੇਖ ਲਿਆ; ਪਰ ਤੂੰ ਰਵਾਲ ਜਿਨਾਂ ਫਿਕਰ ਨ ਕਰ, ਉਹ ਆਈ ਸੋ ਆਈ।
ਚੰਨਣ - ਤਾਂ ਵੀ ਨੱਥੇ ਨੇ ਕੀ ਦੱਸਿਆ ਆ ਕੇ ? ਸੁਣਿਆ ਆ
ਗਿਆ ਵਿਆਹ ਖਾ ਕੇ।
ਅਰਜਨ - ਤੂੰ ਕੁਝ ਪੁੱਛ ਨਾ, ਕੰਮ ਬਣਿਆ ਸੋ ਬਣਿਆ।
ਚੰਨਣ - ਤਾਂ ਵੀ ?
ਅਰਜਨ - ਫੇਰ ਉਹੋ ਈ ਗੱਲ, ਕਾਹਲਿਆਂ ਨਹੀਂ ਪਈਦਾ ਹੁੰਦਾ। ਆਹ ਹੋ ਲੈਣ ਦਿਹ ਸੂਰਜ ਰਤਾ ਠਾਂਹ ਤੇ ਸੱਦ ਕੇ ਸਾਰੇ ਮੁੰਡੇ ਕਰ ਲੈਂਦੇ ਆਂ ਮੀਟਕ। ਚੰਨਣਾਂ, ਅੱਜ ਨਹੀਂ ਤੇ ਕੱਲ੍ਹ, ਕੱਲ੍ਹ ਨਹੀਂ ਤੇ ਪਰਸੋਂ, ਤੂੰ ਬੰਤੀ ਦੀਆਂ ਈ ਪੱਕੀਆਂ ਖਾਏਂਗਾ ਤੇ ਉਹ ਹੀ ਤੈਨੂੰ ਫੇਰ ਉਹਨਾਂ ਹੀ ਹੱਥਾਂ ਨਾਲ ਏਸੇ ਈ ਮੱਦੂਛਾਂਗੇ ਵਿਚ ਬੈਠੀ ਫੜਾਊਗੀ ।
ਚੰਨਣ - ਅਰਜਣਾਂ ਕਿੱਥੋਂ ? ਬਾ-ਮਾਰੀਆਂ ਗੱਲਾਂ ਨਾ ਕਰ। ਤੈਨੂੰ ਪਤਾ ਨਹੀਂ ਜੰਗਲ ਗਏ ਨ ਬਹੁੜਦੇ ਤੇ ਜੋਗੀ ਕੀਹਦੇ ਮਿੱਤ । ਸੱਚ ਮੁਚ ਈ ਬੰਤੋ ਨੇ ਤੇ ਮੇਰੇ ਨਾਲ ਜੋਗੀ ਵਾਲੀ ਈ ਕੀਤੀ ਆ। ਮੇਰੇ ਤੇ ਅਰਜਣਾਂ ਤੂੰ ਵੱਡੇ ਭਰਾਵਾਂ ਵਰਗਾਂ, ਕਿਤੇ ਚਿੱਤ ਚੇਤੇ ਵਿੱਚ ਵੀ ਨਹੀਂ ਸੀ, ਹੁਣ ਆਹ ਜਿਹੜੀ ਸਾਡੇ ਤੇ ਬਿੱਜ ਪਈ ਆ ਆ ਕੇ ।
ਅਰਜਨ - ਦਬੁਰਜੀ ਦੇ ਤੇ ਅਸਾਂ ਭਾਊ ਲੱਤ ਹੇਠੋਂ ਦੀ ਲੰਘਾ ਛੱਡੇ ਹੋਏ ਆ, ਮਾਹੀ ਕਿਹਦਾ ਪਾਣੀ ਹਾਰ ਆ। ਜਿਹੜੇ ਓਨ ਚੰਮ ਦੇ ਸਿੱਕੇ ਚਲਾਉਣੇ ਸੀ ਚਲਾ ਚੁੱਕਾ ਆ ਪਹਿਲੀਆਂ ਵਿੱਚ ਈ। ਹੁਣ ਤੇ ਐਵੇਂ ਛੱਪਾ ਈ ਜੇ । ਨਾਲੇ ਪਈ ਓਂ ਵੀ ਸਰਕਾਰ ਦੇ ਰਾਜ 'ਚ ਬੁੱਢੀ ਦਾ ਜੋਰ ਆ, ਜੋ ਆਖੇ ਹੁੰਦਾ ਏ । ਭਲਾ ਜੇ ਉਹਦੀ ਮਰਜੀ ਹੋਊ ਤੇ ਕਿਹੜਾ ਆ ਉਹਨੂੰ ਰੋਕਣ ਵਾਲਾ । ਤੂੰ ਹੌਂਸਲਾ ਨਾ ਢਾਹ, ਸਗੋਂ ਤਕੜਾ ਹੋ।
ਚੰਨਣ - ਮੈਂ ਤੇ ਨਹੀਂ ਜੂ ਢਉਂਦਾ, (ਛਾਤੀ ਤੇ ਹੱਥ ਰੱਖਦਾ ਹੋਇਆ) ਪਰ ਆਹ ਜਿਹੜਾ ਏ ਨ ਦਿਲ, ਨਿੱਕਾ ਜਿਹਾ ਦਿਲ, ਇਹਨੂੰ ਨਹੀਂ ਜੂ ਧਜਾ ਬੱਝਦਾ, ਇਹ ਤੇ ਮਿੱਟੀ ਹੁੰਦਾ ਜਾਂਦਾ ਵਾ ਮਿੱਟੀ।
ਅਰਜਨ - (ਪੰਡ ਨੂੰ ਹੱਥ ਪਾਉਂਦਾ ਹੋਇਆ) ਲੈ ਫੜ ਚੁਕਾ ਤੇ ਤੂੰ ਤੂੜੀ ਲੈ ਕੇ ਝਬਦੇ ਮੁੜੀਂ, ਮੈਂ ਚੱਲ ਕੇ ਕਰਦਾ ਆਂ ਮੁੰਡਿਆਂ ਨੂੰ ਕੱਠਿਆਂ, ਘਬਰਾਈ ਦਾ ਨਹੀਂ ਹੁੰਦਾ ਇਹੋ ਜਿਹਾਂ ਵੇਲਿਆਂ 'ਚ, ਸੈਂਕੜੇ ਏਹੋ ਜੇਹੇ ਕੰਮ ਆਏ ਤੇ ਸਉ ਈ ਅਸਾਂ ਕੀਤੇ। (ਜਾਂਦਾ ਏ)
ਚੰਨਣ - (ਤੁਰਿਆ ਜਾਂਦਾ ਆਪਣੇ ਦਿਲ ਨਾਲ) ਕੋਈ ਫੋੜਾ ਨਹੀਂ, ਫਿਹਮਣੀ ਨਹੀਂ; (ਸਰੀਰ ਨੂੰ ਟੋਂਹਦਾ ਹੋਇਆ) ਨਾ ਹੀ ਕਿਸੇ ਨੇ ਮਾਰਿਆ, ਤੇ ਭਲਾ ਮਾਰਨ ਵਾਲਾ ਵੀ ਕਉਣ ਜੰਮਿਆਂ ਮੈਨੂੰ ? ਪਰ ਤਾਂ ਵੀ ਆਹ ਗੁੱਝੀ ਜੇਹੀ ਪੀੜ ਕਾਹਦੀ ਹੁੰਦੀ ਰਹਿੰਦੀ ਆ ? ਪੀੜ ! ਤੇ ਕਿੱਥੇ? ਨਾ ਦਿਸਦੀ ਏ ਨਾ ਹੀ ਇਹਦਾ ਕੁਝ ਥਹੁ ਲਗਦਾ ਏ, (ਛੇਤੀ ਨਾਲ ਆਲੇ ਦਵਾਲੇ ਵੇਖ ਕੇ) ਹੋਈ ਹਾਸੇ ਵਾਲੀ ਗੱਲ, (ਮੁਸਕਰਾ ਕੇ) ਆਪਣੇ ਆਪ ਵੀ ਕਦੀ ਕੋਈ। ਐਵੇਂ ਗੱਲਾਂ ਕਰਦਾ ਵੇਖਿਆ ਜੇ ? ਸਗੋਂ ਕਮਲਾ ਤੇ ਨਹੀਂ ਹੋ ਗਿਆ ਮੈਂ ? (ਹੱਥਾਂ ਵਲ ਵੇਖ ਕੇ) ਕਦੋਂ ? ਆਹ ਵੇਖਾਂ, ਮੇਰੇ ਸੱਜੇ ਹੱਥ ਵਿੱਚ ਤੰਗਲੀ ਤੇ ਖੱਬੇ ਵਿਚ ਤੱਪੜ ਆ, ਮੈਂ ਤੇ ਡੰਗਰਾਂ ਲਈ ਤੂੜੀ ਲੈਣ ਆਇਆ ਹੋਇਆ ਵਾਂ, ਤੇ ਮੇਰੇ ਕੋਲੋਂ ਈ ਗਿਆ ਏ ਆਹ ਹੁਣੇ ਈ ਅਰਜਣ ।
[ਅਰਜਨ ਚੰਨਣ ਦੇ ਲਾਗੇ ਲੁਕ ਕੇ ਸੁਣਦਾ ਏ]
ਅਰਜਨ - (ਆਪਣੇ ਆਪ ਨਾਲ) ਕੀ ਆਖੀਏ ਏਹਨੂੰ, ਪਰ ਬੰਦੇ ਦਾ ਦਿਲ ਆ ਨਾ, ਜਿੱਧਰ ਲੱਗ ਜਾਏ, ਨਹੀਂ ਤੇ ਭਲਾ ਸੋਚੇ ਪਈ ਜਿਹੜੀ ਅੱਗੇ ਜੀਉਂਦੇ ਨੂੰ ਛਡ ਆਈ ਆ, ਓਨ ਮੈਨੂੰ ਕਿੰਨਾਂ ਕੁ ਚਿਰ ਉਡੀਕਣਾ ਹੋਇਆ।
ਚੰਨਣਾਂ ਉਏ ਚੰਨਣਾਂ ! (ਵਾਜਾਂ ਮਾਰਦਾ ਏ) ਏਦਾਂ ਈ ਅੱਗੇ ਸਾਡੇ ਪਿੰਡ ਦਾ ਝੀਰ ਕਰਦਾ ਹੁੰਦਾ ਸੀ । ਕਦੀ ਕਿਤੇ ਖਲੋ ਜਾਣਾ, ਤੇ ਕਦੀ ਕਿਤੇ ਬਹਿ ਜਾਣਾ, ਤੇ ਹੁਣ ਉਹਨੂੰ ਐਸੀ ਸਾਰੀ ਉਮਰ ਦੀ ਬੱਜ ਲੱਗੀ ਜੇ ਕਿ ਉਹਨੂੰ ਹੁਣ ਨਾਲਾ ਬੰਨ੍ਹਣ ਦੀ ਵੀ ਸੋਝੀ ਨਹੀਂ ਜੇ ਰਹਿੰਦੀ । ਖਣੀ ਤੇ ਉਹਦੇ ਸਹੁਰਿਆਂ ਨੇ ਈ ਕਾਲਾ ਇਲਮ ਪੜ੍ਹ ਕੇ ਮੁੱਠ ਚਲਾ ਦਿੱਤੀ ਆ।
[ਚੰਨਣ ਆਵਾਜ਼ ਨਹੀਂ ਸੁਣਦਾ ਤੇ ਸੇਂਜੀ ਦੀ ਪੈਲੀ ਛੱਡ ਕੇ ਪਹੇ ਪਹੇ ਤੁਰ ਪੈਂਦਾ ਏ]
ਚੰਨਣ - (ਗਾਉਂਦਾ ਏ)
ਕਦੀ ਪਾ ਵਤਨਾਂ ਵਲ ਫੇਰਾ
ਕੂੰਜੇ ਬਾਰ ਦੀਏ......
(ਫਿਰ ਖਲੋ ਕੇ ਫਲਾਹ ਦੀਆਂ ਟਾਹਣੀਆਂ ਨਾਲ ਅੱਡੀਆਂ ਚੁੱਕ ਕੇ ਸਿਰ ਲਾਉਂਦਾ ਏ, ਕਦੀ ਪਿੱਛੇ ਨੂੰ ਹੱਥ ਮਾਰ ਕੇ ਆਪਣੇ ਲੱਕ ਨੂੰ ਜੱਫੀ ਪਾ ਕੇ ਹੱਸਦਾ ਏ, ਤੇ ਫਿਰ ਆਪਣੀ ਪਿੱਠ ਤੇ ਮੁੱਕੀ ਮਾਰ ਬੋਲਦਾ ਏ) ਵੇ ਮਰ ਜਾਣਿਆਂ ! ਤੈਥੋਂ ਬੰਤੀ ਨਹੀਂ ਸੰਭਲੀ ਰਹਿੰਦੀ, ਵੇਖ ਖਾਂ, ਮੇਰਾ ਲੀੜਾ ਅੜਾ ਦਿੱਤਾ ਈ, ਤੈਨੂੰ ਕੀਹਦਾ ਡਰ ਆ ਮੇਰੇ ਹੁੰਦਿਆਂ ਸੁੰਦਿਆਂ,
[ਖੂਹ ਦੀਆਂ ਟਿੰਡਾਂ ਚੋਂ ਪਾਣੀ ਪੀਣ ਲਗ ਪੈਂਦਾ ਏ, ਇਸ ਵੇਲੇ ਅਰਜਨ ਵੀ ਦੱਬੇ ਪੈਰੀਂ ਉਸ ਦੇ ਪਿੱਛੇ ਆ ਖਲੋਂਦਾ ਏ]
ਚੰਨਣ - (ਘੁੱਟ ਭਰ ਕੇ, ਤੇ ਬਾਂਹ ਤੇ ਹੱਥ ਫੇਰਦਾ ਹੋਇਆ) ਸ਼ਉਂਕ ਤੇ ਬੜਾ ਚੜ੍ਹਿਆ ਹੋਇਆ ਸੀ, ਪਰ ਛੰਨਾਂ ਨਹੀਂ ਸੀ ਘਰੋਂ ਫੜੀ ਆਈਦਾ ਮੇਰੇ ਲਈ । ਵੇਖ ਖਾਂ, ਮੇਰੀਆਂ ਅਰਕਾਂ ਵੀ ਭਿੱਜ ਗਈਆਂ ਨੇ (ਹੌਲੀ ਜੇਹੀ) ਤੂੰ ਆਪ ਨਾ ਪੀ ਬੰਤੀਏ, ਮੈਂ ਪਿਆਉਂਦਾ ਆਂ (ਫਿਰ ਟਿੰਡ ਚੋਂ ਪਾਣੀ ਦਾ ਬੁੱਕ ਭਰ ਕੇ ਪਿੱਛੇ ਨੂੰ ਖੜਦਾ ਹੋਇਆ) ਬੰਤੀਏ ਮਾਫ ਕਰ, ਜੇ ਪਤਾ ਹੁੰਦਾ ਤੇ ਮੈਂ ਤੇਰੇ ਲਈ ਸੋਨੇ ਚਾਂਦੀ ਦੇ ਗਲਾਸ ਲਿਆਉਂਦਾ, ਘੜਵਾ ਕੇ ।
[ਪਿੱਛੇ ਹੱਥ ਖੜਦਾ ਹੋਇਆ, ਅਰਜਨ ਨੂੰ ਖੜੋਤਿਆਂ ਵੇਖ ਲੈਂਦਾ ਏ]
ਅਰਜਨ - (ਬਾਂਹ ਫੜਕੇ) ਉਏ ਚੰਨਿਆਂ ! ਤੂੰ ਏਦਾਂ ਨਹੀਂ ਬਚਣ ਲੱਗਾ, ਤੇਰੀ ਉਮਰ ਅਜੇ ਏਹਨਾਂ ਕੰਮਾਂ 'ਚ ਪੈਣ ਦੀ ਤੇ ਨਹੀਂ ਸੀ । ਵੇਖ ਤੈਨੂੰ ਦੱਸਾਂ, ਤੇਰੇ ਨਾਲ ਕਿਸੇ ਬੱਝੇ ਨਹੀਂ ਰਹਿਣਾ, ਕਿਸੇ ਖੂਹ ਖਾਤੇ ਵਿੱਚ ਪੈ ਕੇ ਮਰ ਜਾਏਂਗਾ, ਤੇਰਾ ਕੀ ਕੀਤਾ ਜਾਏ ?
ਚੰਨਣ - (ਹੱਸ ਕੇ) ਉਏ ਅਰਜਣਾਂ, ਤੂੰ ਮੈਨੂੰ ਕਮਲਾ ਨਾ ਸਮਝੀਂ, ਮੈਂ ਤੇ ਤੂੜੀ ਲੈਣ ਲਈ ਤੁਰਿਆ ਜਾਂਦਾ ਆਂ ।
ਅਰਜਨ - (ਮੁਸਕਰਾ ਕੇ) ਹੱਛਾ, ਜੇ ਤੂੜੀ ਲੈਣ ਲਈ ਤੁਰਿਆ ਜਾਂਦਾ ਆਂ ਤੇ ਤੁਰ ਪਉ ਮੇਰੇ ਹੁੰਦਿਆਂ ਈ ਮੂਸਲ ਨੂੰ, ਬੱਸ ਤੁਰ ਪਉ ਫੇਰ । ਠੀਕ ਈ ਬੰਦਾ ਬੁਲਬਲਾ ਹੁੰਦਾ ਪਾਣੀ